|
ਨਛੱਤਰ ਸਿੰਘ ਗਿੱਲ |
ਮੇਰੀ ਨਿੱਜੀ ਜਾਣਕਾਰੀ ਅਨੁਸਾਰ
ਕੈਨੇਡੀਅਨ ਪੰਜਾਬੀ ਸਾਹਿਤਕਾਰ ਨਛੱਤਰ ਸਿੰਘ ਗਿੱਲ ਵੱਲੋਂ 2010 ਵਿੱਚ
ਪ੍ਰਕਾਸਿ਼ਤ ਕੀਤਾ ਗਿਆ ਨਾਵਲ ‘ਕਾਲੀ ਹਨੇਰੀ’ ਸਾਊਥ ਅਫਰੀਕਾ ਦੀ ਆਜ਼ਾਦੀ
ਦੀ ਲੜਾਈ ਬਾਰੇ ਪੰਜਾਬੀ ਵਿੱਚ ਲਿਖਿਆ ਗਿਆ ਪਹਿਲਾ ਨਾਵਲ ਹੈ। ਕਿਸੀ ਹੋਰ
ਸਭਿਆਚਾਰ ਦੇ ਲੋਕਾਂ ਬਾਰੇ ਨਾਵਲ ਲਿਖਣਾ ਉਦੋਂ ਹੋਰ ਵੀ ਮੁਸ਼ਕਿਲ ਹੋ
ਜਾਂਦਾ ਹੈ ਜਦੋਂ ਕਿ ਉਸ ਦੇਸ਼ ਦੇ ਲੋਕ ਨ ਸਿਰਫ ਵੱਖਰੀ ਬੋਲੀ ਹੀ ਬੋਲਦੇ
ਹੋਣ; ਬਲਕਿ ਉਨ੍ਹਾਂ ਦੇ ਰੀਤੀ-ਰਿਵਾਜ, ਖਾਣ-ਪੀਣ, ਬਹਿਣ-ਉੱਠਣ ਵੀ ਬਿਲਕੁਲ
ਵੱਖਰੀ ਤਰ੍ਹਾਂ ਦਾ ਹੀ ਹੋਵੇ। ਸਾਊਥ ਅਫਰੀਕਾ ਦੀ ਆਜ਼ਾਦੀ ਦੀ ਲੜਾਈ ਬਾਰੇ
ਨਾਵਲ ਲਿਖਣਾ ਇਸ ਕਰਕੇ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਕਿਉਂਕਿ ਸਾਊਥ
ਅਫਰੀਕਾ ਵਿੱਚ ਅਨੇਕਾਂ ਸਭਿਆਚਾਰਾਂ ਦੇ ਲੋਕ ਵੱਸਦੇ ਹਨ।
ਸਾਊਥ ਅਫਰੀਕਾ ਦੀ ਆਜ਼ਾਦੀ ਦੀ
ਲੜਾਈ ਵਿੱਚ ਭਾਵੇਂ ਕਿ ਉਸ ਦੇਸ ਵਿੱਚ ਵੱਸਦੇ ਅਨੇਕਾਂ ਸਭਿਆਚਾਰਾਂ ਦੇ
ਲੋਕਾਂ ਨੇ ਹਿੱਸਾ ਲਿਆ; ਪਰ ਅੰਤਰਰਾਸ਼ਟਰੀ ਪੱਧਰ ਉੱਤੇ ਜਿਸ ਵਿਅਕਤੀ ਦਾ
ਨਾਮ ਸਭ ਤੋਂ ਵੱਧ ਚਰਚਾ ਵਿੱਚ ਆਇਆ, ਉਹ ਸੀ: ਨੈਲਸਨ ਮੰਡੈਲਾ। ਸਾਊਥ
ਅਫਰੀਕਾ ਦੀ ਜ਼ਾਲਮ, ਨਸਲਵਾਦੀ, ਲੋਕ-ਵਿਰੋਧੀ, ਸਰਕਾਰ ਨੇ ਨੈਲਸਨ ਮੰਡੈਲਾ
ਨੂੰ 25 ਵਰ੍ਹੇ ਤੋਂ ਵੱਧ, ਮਹਿਜ਼, ਇਸ ਲਈ ਜੇਲ੍ਹ ਦੀ ਹਨ੍ਹੇਰੀ ਕੋਠਰੀ
ਵਿੱਚ ਬੰਦ ਕਰੀ ਰੱਖਿਆ ਕਿਉਂਕਿ ਨੈਲਸਨ ਮੰਡੈਲਾ ਸਾਊਥ ਅਫਰੀਕਾ ਦੇ ਲੋਕਾਂ
ਲਈ ਮਾਨਵੀ ਹੱਕਾਂ ਅਤੇ ਆਜ਼ਾਦੀ ਦੀ ਮੰਗ ਕਰਦਾ ਸੀ। ਸਾਊਥ ਅਫਰੀਕਾ ਦੇ
ਲੋਕਾਂ ਦੀ ਆਜ਼ਾਦੀ ਲਈ ਲੜੇ ਜਾ ਰਹੇ ਇਸ ਯੁੱਧ ਵਿੱਚ ਭਾਵੇਂ ਇੱਕ ਮਨੁੱਖ
ਹੋਣ ਦੇ ਨਾਤੇ ਨੈਲਸਨ ਮੰਡੈਲਾ ਨੇ ਅਨੇਕਾਂ ਗਲਤੀਆਂ ਵੀ ਕਿਉਂ ਨ ਕੀਤੀਆਂ
ਹੋਣ; ਪਰ ਇਸ ਦੇ ਬਾਵਜ਼ੂਦ ਉਸਦੀ ਸੁਹਿਰਦਤਾ ਉੱਤੇ ਕੋਈ ਸ਼ੱਕ ਨਹੀਂ ਕੀਤਾ
ਜਾ ਸਕਦਾ।
ਨੈਲਸਨ ਮੰਡੈਲਾ ਅਤੇ ਉਸਦੇ ਸਾਥੀ
ਅਫਰੀਕਾ ਦੇ ਲੋਕਾਂ ਲਈ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਕਿਸ ਤਰ੍ਹਾਂ ਦੀ
ਜ਼ਾਲਮ, ਨਸਲਪ੍ਰਸਤ ਅਤੇ ਅਨਿਆਂ ਕਰਨ ਵਾਲੀ ਸਾਊਥ ਅਫਰੀਕਾ ਦੀ ਸਰਕਾਰ
ਵਿਰੁੱਧ ਲੜ ਰਹੇ ਸਨ, ਉਸਦਾ ਅੰਦਾਜ਼ਾ ਨਾਵਲ ‘ਕਾਲੀ ਹਨੇਰੀ’ ਵਿਚੋਂ ਲਈਆਂ
ਗਈਆਂ ਹੇਠ ਲਿਖੀਆਂ ਸਤਰਾਂ ਤੋਂ ਲਗਾਇਆ ਜਾ ਸਕਦਾ ਹੈ:
ਪੁਲਿਸ ਨੇ ਮੁਜ਼ਾਹਰਾ ਕਾਰੀਆਂ
ਨੂੰ ਗ੍ਰਿਫਤਾਰ ਕਰਕੇ, ਉਨ੍ਹਾਂ ਦੇ ਨਾਵਾਂ ਦੀ ਸੂਚੀ ਬਣਾਈ ਅਤੇ ਉਨ੍ਹਾਂ
ਨੂੰ ਕਿਹਾ ਕਿ ਉਹ ਅਦਾਲਤ ਵਿੱਚ ਪਹੁੰਚ ਜਾਣ। ਸ਼ਾਰਪੇਵਿਲੇ ਪ੍ਰਾਂਤ ਦੀ ਇਸ
ਵੇਰੈਨਇੰਗ ਅਦਾਲਤ ਦੇ ਅਹਾਤੇ ਵਿੱਚ ਕਾਫੀ ਘਬਰਾਹਟ ਅਤੇ ਅਫੜਾ-ਦਫ਼ੜੀ ਫੈਲੀ
ਹੋਈ ਸੀ। ਹੋਰ ਪੁਲਿਸ ਮੰਗਾ ਵੀ ਲਈ ਗਈ ਸੀ। ਇੱਕ ਹੈਲੀਕਾਪਟਰ, ਅਦਾਲਤ
ਉੱਤੇ ਚੱਕਰ ਕਟ ਰਿਹਾ ਸੀ। ਇਹ ਸ਼ਾਂਤ ਮਈ ਅੰਦੋਲਨ ਇਕ ਖ਼ੂਨੀ ਘਟਨਾ ਦਾ
ਰੂਪ ਧਾਰ ਗਿਆ। ਇਹ ਦੱਖਣੀ ਅਫ਼ਰੀਕਾ ਦੇ ਇਤਿਹਾਸ ਵਿੱਚ ਇੱਕ ਹੋਲਨਾਕ
ਖ਼ੂਨੀ ਕਾਂਡ ਸੀ। ਜਿਉਂ ਹੀ ਸ਼ਾਂਤੀ ਨਾਲ ਮਾਰਚ ਕਰਦੇ, ਮੁਜ਼ਾਹਰਾਕਾਰੀ
ਅਦਾਲਤ ਦੇ ਅਹਾਤੇ ਅੰਦਰ ਦਾਖਿਲ ਹੋਏ ਤਾਂ ਪੁਲਿਸ ਨੇ ਪੁਰ-ਅਮਨ
ਮੁਜ਼ਾਹਰਾਕਾਰੀਆਂ ਉੱਪਰ ਗੋਲੀਆਂ ਦੀ ਵਾਛੜ ਕਰ ਦਿੱਤੀ। ਚੰਦ ਮਿੰਟਾਂ ਵਿੱਚ
ਹੀ ਲੋਥਾਂ ਦਾ ਢੇਰ ਲੱਗ ਗਿਆ। ਇਸ ਖ਼ੂਨੀ ਕਾਂਡ ਵਿੱਚ 61 ਮੁਜ਼ਾਹਰਾਕਾਰੀ
ਮਾਰੇ ਗਏ ਅਤੇ 200 ਦੇ ਕਰੀਬ ਜ਼ਖਮੀ ਹੋ ਗਏ।
ਗੋਲੀ ਕਾਂਡ ਦੀ ਖ਼ਬਰ ਜੰਗਲ ਦੀ
ਅੱਗ ਵਾਂਗ ਸਾਰੇ ਦੇਸ਼ ਵਿੱਚ ਫੈਲ ਗਈ। ਕੇਪ-ਟਾਊਨ ਵਿੱਚ 10,000 ਲੋਕ
ਇਕੱਠੇ ਹੋ ਗਏ। ਪੁਲਿਸ ਨੇ ਇਥੇ ਵੀ ਲਾਠੀ ਚਾਰਜ ਕੀਤਾ ਅਤੇ ਗੋਲੀ ਚਲਾਈ,
ਜਿਸ ਨਾਲ ਦੋ ਹੋਰ ਜਾਨਾਂ ਚਲੀਆਂ ਗਈਆਂ। ਇਸੇ ਤਰ੍ਹਾਂ ੲਵੈਟਨ ਵਿੱਚ
20,000 ਇਕੱਠ ਨੇ ਅਤੇ ਸ਼ਾਰਪਵਿਲੇ ਵਿੱਚ 5,000 ਲੋਕਾਂ ਨੇ ਰੋਸ ਜਲੂਸ
ਕੱਢਿਆ। ਸਾਰਾ ਦੱਖਣੀ ਅਫ਼ਰੀਕਾ ਅੱਗ ਦੀ ਲਪੇਟ ਵਿੱਚ ਆ ਗਿਆ। ਇਸ ਖ਼ੂਨੀ
ਕਾਂਡ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਵੱਖ ਵੱਖ ਦੇਸ਼ਾਂ
ਦੀਆਂ ਸਰਕਾਰਾਂ ਦਾ ਧਿਆਨ, ਦੱਖਣੀ ਅਫ਼ਰੀਕਾ ਵਿੱਚ ਹੋਏ ਕਤਲੇਆਮ ਵੱਲ ਲੱਗ
ਗਿਆ। ਗੋਰੇ ਲੋਕ ਵੀ ਭੈਭੀਤ ਹੋਏ ਹਥਿਆਰ ਖ੍ਰੀਦਣ ਲੱਗ ਪਏ। ਉਨ੍ਹਾਂ
ਰਾਸ਼ਟਰਵਾਦੀਆਂ ਦੀ ਸਰਕਾਰ ਨੂੰ ਕੇਵਲ ਕੋਸਿਆ ਹੀ ਨਹੀਂ; ਬਲਕਿ ਸਰਕਾਰ ‘ਤੇ
ਦਬਾ ਪਾਉਣਾ ਸ਼ੁਰੂ ਕੀਤਾ ਕਿ ਆਮ ਸ਼ਹਿਰੀਆਂ ਤੇ ਜ਼ੁਲਮ ਨਾ ਕੀਤਾ ਜਾਵੇ।
ਉਨ੍ਹਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।
ਭਾਵੇਂ ਕਿ ਸਾਊਥ ਅਫ਼ਰੀਕਾ ਵਿੱਚ
ਬਹੁ-ਗਿਣਤੀ ਕਾਲੇ ਰੰਗ ਦੇ ਲੋਕਾਂ ਦੀ ਸੀ ਅਤੇ ਡਾ:
ਲੇਮਬੇਡੇ ਜਿਹੇ ਨੇਤਾ ਇਸ ਗੱਲ ਉੱਤੇ ਜ਼ੋਰ ਦੇ ਰਹੇ ਸਨ ਕਿ ਸਾਊਥ ਅਫ਼ਰੀਕਾ
ਕੇਵਲ ਕਾਲੇ ਰੰਗ ਦੇ ਲੋਕਾਂ ਲਈ ਹੀ ਹੋਣਾ ਚਾਹੀਦਾ ਹੈ, ਪਰ ਨੈਲਸਨ ਮੰਡੈਲਾ
ਇਸ ਗੱਲ ਉੱਤੇ ਜ਼ੋਰ ਦੇ ਰਿਹਾ ਸੀ ਕਿ ਸਾਊਥ ਅਫ਼ਰੀਕਾ ਉਨ੍ਹਾਂ ਸਾਰਿਆਂ ਦਾ
ਹੀ ਦੇਸ਼ ਹੈ ਜੋ ਸਾਊਥ ਅਫ਼ਰੀਕਾ ਵਿੱਚ ਵਸਦੇ ਹਨ ਅਤੇ ਸਾਊਥ ਅਫ਼ਰੀਕਾ ਦੀ
ਆਜ਼ਾਦੀ ਦੀ ਲੜਾਈ ਵਿੱਚ ਕਾਲੇ ਰੰਗ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜਕੇ
ਲੜ ਰਹੇ ਹਨ। ਪੇਸ਼ ਹੈ ਨੈਲਸਨ ਮੰਡੈਲਾ ਦਾ ਇਸ ਬਹੁ-ਸਭਿਆਚਾਰਕ ਹਕੀਕਤ ਨੂੰ
ਬਿਆਨ ਕਰਨ ਦਾ ਢੰਗ:
“ਮੰਡੈਲਾ, ਕਿਵੇਂ ਯਾਦ ਕੀਤਾ?”
ਡਾ: ਏ:
ਪੀ: ਮਦਾਅ ਨੇ ਪੁੱਛਿਆ।
“ਮੇਰੇ ਮਨ ਵਿੱਚ ਕਈ ਵਿਚਾਰ ਤੇ ਗੱਲਾਂ ਹਨ ਜਿਹੜੀਆਂ, ਮੈਂ ਸਾਂਝੀਆਂ
ਕਰਨੀਆਂ ਚਾਹੁੰਦਾ ਹਾਂ” ਮੰਡੈਲਾ ਨੇ ਆਪਣੇ ਆਉਣ ਦਾ ਉਦੇਸ਼ ਦੱਸਿਆ।
“ਬਹੁਤ ਚੰਗੀ ਗੱਲ ਹੈ,” ਡਾ: ਲੇਬੇਡੇ ਨੇ
ਕਿਹਾ।
“ਡਾ: ਲੇਬੇਡੇ, ਤੁਸੀਂ ਤੇ ਡਾ:
ਮਦਾ, ਅਫ਼ਰੀਕਾ ਨੂੰ ਕੇਵਲ, ਕਾਲੇ ਲੋਕਾਂ ਦਾ ਹੀ ਮੁਲਕ ਹੋਣ ਤੇ ਜ਼ੋਰ ਦੇ
ਰਹੇ ਹੋ। ਕੀ ਭਾਰਤੀ ਅਤੇ ਅਫ਼ਰੀਕਨਰਜ਼ ਜਿਹੜੇ ਇੱਥੋਂ ਦੇ ਪੱਕੇ ਸ਼ਹਿਰੀ
ਬਣ ਗਏ ਹਨ, ਇੱਥੇ ਹੀ ਕੰਮ ਕਰਕੇ ਰੋਟੀ
ਰੋਜ਼ੀ ਕਮਾਉਂਦੇ ਹਨ, ਅਫ਼ਰੀਕਾ ਦੀ
ਬੇਹਤਰੀ ਬਾਰੇ ਕੇਵਲ ਸੋਚਦੇ ਹੀ ਨਹੀਂ ਬਲਕਿ ਅਫ਼ਰੀਕਾ ਨੂੰ ਆਪਣਾ ਦੇਸ਼
ਸਮਝ, ਇਸ ਦੀ ਆਜ਼ਾਦੀ ਲਈ, ਅੰਗਰੇਜ਼ਾਂ ਨਾਲ ਲੜ ਵੀ ਰਹੇ ਹਨ। ਕੀ ਇਨ੍ਹਾਂ
ਦਾ ਅਫ਼ਰੀਕਾ ਤੇ ਕੋਈ ਹੱਕ ਨਹੀਂ ਬਣਦਾ?” ਮੰਡੈਲਾ ਨੇ ਪੁੱਛਿਆ।
“ਹੱਕ ਬਣਦੈ। ਪਰ ਆਪਣੇ ਲੋਕ ਬਹੁਤ
ਪਛੜੇ ਹੋਏ ਹਨ। ਉਹ ਇਨ੍ਹਾਂ ਨਾਲੋਂ ਵੱਧ ਗਰੀਬ ਹਨ। ਇਹ ਲੋਕ, ਆਪਣੇ ਲੋਕਾਂ
ਤੋਂ ਵੱਧ ਕੰਮ ਧੰਧਿਆਂ ਤੇ ਕਮਾਈ ਦੇ ਸਾਧਨਾਂ ਨੂੰ ਮੱਲੀ ਬੈਠੇ ਹਨ। ਇਸ
ਤਰ੍ਹਾਂ ਆਪਣੇ ਲੋਕ ਵੀ ਆਪਣੀ ਰੋਟੀ ਰੋਜ਼ੀ ਕਮਾ ਸਕਣ,” ਡਾ:
ਲਬੇਡੇ ਨੇ ਦਲੀਲ ਦਿੱਤੀ।
“ਸਾਨੂੰ ਆਪਣੇ ਕਾਲੇ ਲੋਕਾਂ ਨੂੰ
ਜਾਗਰਤ ਕਰਨਾ ਚਾਹੀਦਾ ਹੈ ਨਾ ਕਿ ਇਨ੍ਹਾਂ ਨੂੰ ਨਫ਼ਰਤ ਕਰਨ। ਨਫ਼ਰਤ ਨਾਲ
ਸਾਡੇ ਵਿੱਚ ਫਸਾਦ ਹੋਣਗੇ। ਫਸਾਦਾਂ ਦਾ ਲਾਭ ਅੰਗਰੇਜ਼ਾਂ ਨੂੰ ਹੋਵੇਗਾ,”
ਮੰਡੈਲਾ ਨੇ ਆਪਣੀ ਦਲੀਲ ਦਿੱਤੀ।
ਇਸ ਗੱਲ ਵਿੱਚ ਵੀ ਕੋਈ ਸ਼ੱਕ
ਨਹੀਂ ਕਿ ਵੱਖੋ ਵੱਖ ਸਭਿਆਚਾਰਾਂ ਦੇ ਲੋਕ ਇਕੱਠੇ ਹੋ ਕੇ ਸਾਊਥ ਅਫ਼ਰੀਕਾ
ਦੀ ਨਸਲਵਾਦੀ ਸਰਕਾਰ ਵਿਰੁੱਧ ਲੜਨ ਦੀ ਥਾਂ ਅੰਦਰਖਾਤੇ ਉਸ ਸਰਕਾਰ ਕੋਲੋਂ
ਆਪਣੇ ਸਭਿਆਚਾਰ ਦੇ ਲੋਕਾਂ ਲਈ ਵੱਧ ਤੋਂ ਵੱਧ ਸਹੂਲਤਾਂ ਪ੍ਰਾਪਤ ਕਰਨ ਦੀ
ਕੋਸਿ਼ਸ਼ ਕਰਦੇ। ਇਸ ਸਬੰਧ ਵਿੱਚ ਸਭ ਤੋਂ ਵੱਡੀ ਮਿਸਾਲ ਭਾਰਤੀ ਮੂਲ ਦੇ
ਰਾਜਨੀਤੀਵਾਨ ਗਾਂਧੀ ਦੀ ਦਿੱਤੀ ਜਾ ਸਕਦੀ ਹੈ। ਗਾਂਧੀ ਅੰਗਰੇਜ਼ਾਂ ਦੀ
ਚਮਚਾਗਿਰੀ ਕਰਕੇ ਭਾਰਤੀ ਭਾਈਚਾਰੇ ਲਈ ਕੁਝ ਸਹੂਲਤਾਂ ਪ੍ਰਾਪਤ ਕਰਨੀਆਂ
ਚਾਹੁੰਦਾ ਸੀ। ਪੇਸ਼ ਹਨ ਨਾਵਲ ‘ਕਾਲੀ ਹਨੇਰੀ’ ਵਿੱਚੋਂ ਇਸ ਹਕੀਕਤ ਨੂੰ
ਬਿਆਨ ਕਰਦੇ ਕੁਝ ਦਿਲਚਸਪ ਤੱਥ:
1.
“ਗ੍ਰੈਂਡ-ਪਾ ਗਾਂਧੀ ਨੇ ਅੰਗਰੇਜ਼ਾਂ ਦੀ ਮੱਦਦ ਕਿਉਂ ਕੀਤੀ? ਗਾਂਧੀ ਦਾ
ਦੇਸ਼ ਤਾਂ ਆਪ ਅੰਗਰੇਜ਼ਾਂ ਦਾ ਗੁਲਾਮ ਸੀ।”
“ਉਹ ਦੱਖਣੀ ਅਫ਼ਰੀਕਾ ਵਿੱਚ ਭਾਰਤੀ ਭਾਈਚਾਰੇ ਲਈ ਕੁਝ ਰਇਅਤਾਂ ਲੈਣਾ
ਚਾਹੁੰਦਾ ਸੀ।”
“ਇਹ ਕਿਹੜੇ ਭਾਰਤੀ ਸਨ?”
“ਇਹ ਉਹ ਭਾਰਤੀ ਸਨ ਜਿਨ੍ਹਾਂ ਨੂੰ ਅੰਗਰੇਜ਼ 1860 ਵਿੱਚ ਭਾਰਤ ‘ਚੋਂ ਗੰਨੇ
ਦੇ ਖੇਤਾਂ ਵਿੱਚ ਮਜ਼ਦੂਰੀ ਲਈ ਲਿਆਏ ਸੀ ਪਰ ਉਹ ਅਫ਼ਰੀਕਾ ਦੇ ਹੀ ਪੱਕੇ
ਵਸਨੀਕ ਬਣ ਗਏ ਸਨ।”
2.
“ਪਰ ਇਹ ਗੱਲ ਸੱਚੀ ਹੈ ਕਿ ਗਾਂਧੀ ਨੂੰ ਅਫ਼ਰੀਕੀ ਲੋਕਾਂ ਦੇ ਹਿੱਤਾਂ ਤੇ
ਹੱਕਾਂ ਨਾਲ ਕੋਈ ਸਰੋਕਾਰ ਨਹੀਂ ਸੀ।” ਗ੍ਰੈਂਡ-ਪਾ ਵੁੱਡ ਨੇ ਕਿਹਾ।
“ਗ੍ਰੈਂਡ-ਪਾ, ਮੈਂ ਇਤਿਹਾਸ ਪੜ੍ਹਾਉਂਦਾ ਹਾਂ। ਇਸ ਲਈ ਮੇਰੀ ਇਤਿਹਾਸ ਵਿੱਚ
ਖਾਸੀ ਰੁਚੀ ਹੈ। ਮੈਂ ਇੱਕ ਇਤਿਹਾਸ ਦੀ ਕਿਤਾਬ ਵਿੱਚ ਪੜ੍ਹਿਆ ਕਿ ਗਾਂਧੀ
ਅੰਗਰੇਜ਼ਾਂ ਦਾ ਮਿੱਤਰ ਸੀ। ਹਮੇਸ਼ਾ ਅੰਗਰੇਜ਼ਾਂ ਦਾ ਪੱਖ ਪੂਰਦਾ ਸੀ।
ਬੋਅਰਾਂ ਤੇ ਅੰਗਰੇਜ਼ਾਂ ਵਿੱਚ ਜਦੋਂ ਯੁੱਧ ਹੋਇਆ ਤਾਂ ਗਾਂਧੀ ਨੇ
ਅੰਗਰੇਜ਼ਾਂ ਦੀ ਹਰ ਤਰ੍ਹਾਂ ਮੱਦਦ ਕੀਤੀ ਸੀ,” ਵਿੰਨੀ ਦੇ ਡੈਡੀ ਨੇ ਆਖਿਆ।
“ਹਾਂ, ਅਜਿਹਾ ਕੁਝ ਕਈ ਇਤਿਹਾਸਕਾਰ ਲਿਖਦੇ ਹਨ। ਕੁਝ ਸਚਾਈ ਹੈ ਤੇ ਕੁਝ
ਗੱਲਾਂ ਵਧਾ ਚੜ੍ਹਾ ਕੇ ਲਿਖੀਆਂ ਵੀ ਮਿਲਦੀਆਂ ਹਨ,” ਬਾਬਾ ਵੁੱਡ ਨੇ ਕਿਹਾ।
“ਪਰ ਬਾਬਾ ਵੁੱਡ, ਜੇ: ਜੇ:
ਡੋਕ ਜਿਹੜਾ ਉਸ ਸਮੇਂ ਸੈਂਟਰਲ ਬੈਪਟਿਸਟ ਚਰਚ ਦਾ ਪਾਦਰੀ ਸੀ, ਉਸ ਨੇ
ਗਾਂਧੀ ਦੀ ਜੀਵਨੀ ਲਿਖੀ ਹੈ, ਨਿਰਾ ਝੂਠ ਲਿਖ ਮਾਰਿਆ ਕਿ ਗਾਂਧੀ ਨੇ ਦੱਖਣੀ
ਅਫਰੀਕਾ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ। ਪਰ ਕਈ ਇਤਿਹਾਸਕਾਰ ਕਹਿੰਦੇ ਹਨ
ਕਿ ਟਰੇਨ ਵਿੱਚੋਂ ਬਾਹਰ ਕੱਢਣ ਵਾਲੀ ਘਟਨਾ ਮਨ ਘੜਤ ਹੈ। ਕੀ ਸੱਚ ਹੈ?”
ਵਿੰਨੀ ਦੇ ਡੈਡੀ ਨੇ ਪੁੱਛਿਆ।
“ਇਸ ਬਾਰੇ ਅਜੇ ਕੁਝ ਨਹੀਂ ਆਖ ਸਕਦੇ। ਜਦੋਂ ਆਪਾਂ ਆਜ਼ਾਦੀ ਹਾਸਿਲ ਕਰ ਲਈ,
ਆਪਣੀ ਆਜ਼ਾਦੀ ਦਾ ਇਤਿਹਾਸ ਲਿਖਿਆ ਤਾਂ ਉਸ ਸਮੇਂ ਇਤਿਹਾਸਕਾਰ, ਸਚਾਈ
ਸਾਹਮਣੇ ਲੈ ਆਉਣਗੇ,” ਬਾਬਾ ਵੁੱਡ ਨੇ ਉੱਤਰ ਦਿੱਤਾ।
“ਗ੍ਰੈਂਡ-ਪਾ ਗਾਂਧੀ ਨੂੰ ਅੰਗਰੇਜ਼ਾਂ ਦੀ ਮੱਦਦ ਕਰਕੇ ਕੀ ਮਿਲਿਆ?” ਵਿੰਨੀ
ਨੇ ਪੁੱਛਿਆ।
“ਜਦੋਂ ਅੰਗਰੇਜ਼ ਜਿੱਤ ਗਏ ਤਾਂ ਗਾਂਧੀ, ਉਨ੍ਹਾਂ ਤੋਂ ਇਨਾਮ-ਸਨਮਾਨ ਲੈਣ
ਲਈ ਤੇ ਹੋਰ ਮਾਲੀ ਮੱਦਦ ਪ੍ਰਾਪਤ ਕਰਨ ਲਈ ਖੱਤੋ-ਖਤਾਬਤ ਵੀ ਕਰਦਾ ਰਿਹਾ।
ਇਨ੍ਹਾਂ ਚਿੱਠੀਆਂ ਦਾ ਜਿ਼ਕਰ ਅਫਰੀਕਾ ਦੇ ਇਤਿਹਾਸ ਵਿੱਚ ਮਿਲਦਾ ਹੈ। ਇਹ
ਚਿੱਠੀਆਂ ਪੁਰਾਲੇਖ ਸੰਗ੍ਰਹਲਯ ਵਿਚੋਂ ਵੇਖੀਆਂ ਜਾ ਸਕਦੀਆਂ ਹਨ। ਪਰ
ਅੰਗਰੇਜ਼ ਐਨੇ ਮੂਰਖ ਨਹੀਂ ਸਨ ਕਿ ਇਸ ਨੂੰ ਸਹੂਲਤਾਂ ਬਖਸ਼, ਹੱਥੋਂ ਗੁਆ
ਲੈਂਦੇ। ਉਨ੍ਹਾਂ ਨੇ ਇਸ ਤੋਂ ਬੜਾ ਕੰਮ ਲੈਣਾ ਸੀ?”
“ਕੰਮ ਲੈਣਾ ਸੀ ਅੰਗੇਰੇਜ਼ਾਂ ਨੇ?”
3.
“ਗਾਂਧੀ ਅਫ਼ਰੀਕਾ ਵਿੱਚ ਇੱਕ ਲੀਡਰ ਵਜੋਂ ਉੱਭਰ ਚੁੱਕਾ ਸੀ। ਉਸ ਦੇ
ਅਹਿੰਸਾ ਅਤੇ ਸਤਿਆ-ਗ੍ਰਹਿ ਸਿਧਾਂਤ ਦੀ ਸਾਰੇ ਸੰਸਾਰ ਵਿੱਚ ਕਾਫੀ ਚਰਚਾ ਹੋ
ਚੁੱਕੀ ਸੀ। ਅੰਗਰੇਜ਼ ਇੱਕ ਪਾਸੇ ਭਾਰਤ ਵਿੱਚ ਆਉਣ ਵਾਲੇ ਇਨਕਲਾਬ ਨੂੰ
ਰੋਕਣਾ ਚਾਹੁੰਦੇ ਸਨ। ਦੂਜੇ ਪਾਸੇ ਉਹ ਭਾਰਤੀਆਂ ਨੂੰ, ਗਾਂਧੀ ਰਾਹੀਂ
ਸਮਝੌਤਾ ਕਰ, ਨਹਿਰੂ ਹੁਣਾਂ ਦੀ ਝੋਲੀ ਆਜ਼ਾਦੀ ਪਾਉਣੀ ਚਾਹੁੰਦੇ ਸਨ। ਇੱਕ
ਤੀਰ ਨਾਲ, ਅੰਗਰੇਜ਼ਾਂ, ਦੋ ਸਿ਼ਕਾਰ
ਕੀਤੇ। ਸਾਮਰਾਜ ਦੀ ਵੀ ਕੁਝ ਉਮਰ ਲੰਬੀ ਹੋ ਗਈ। ਉਦੋਂ ਉਹ ਸਮਾਂ ਸੀ ਜਦੋਂ
ਸਾਰੇ ਸੰਸਾਰ ਵਿੱਚ ਮੁਕਤੀ ਲਹਿਰਾਂ ਚਲ ਪਈਆਂ ਸਨ।”
“ਗ੍ਰੈਂਡ-ਪਾ, ਤਾਹੀਏਂ ਅੰਗਰੇਜ਼ਾਂ ਗਾਂਧੀ ਨੂੰ ਤੱਤੀ ਵਾ ਨਹੀਂ ਲੱਗਣ
ਦਿੱਤੀ। ਜਦ ਹੋਰ ਆਜ਼ਾਦੀ ਦੇ ਪਰਵਾਨਿਆਂ ਨੂੰ ਗੋਲੀਆਂ ਨਾਲ ਭੁੰਨ ਦਿੰਦੇ
ਸਨ? ਪਰ ਇਹ ਅੰਗਰੇਜ਼ ਭਗਤ ਕਿਉਂ ਬਣਿਆਂ?” ਵਿੰਨੀ ਦੇ ਡੈਡੀ ਨੇ ਪੁੱਛਿਆ।
“ਅੰਗਰੇਜ਼ਾਂ ਨੂੰ ਗਾਂਧੀ ਦੀ ਲੋੜ ਸੀ ਅਤੇ ਗਾਂਧੀ ਨੂੰ ਅੰਗਰੇਜ਼ਾਂ ਦੀ।”
“ਠੀਕ, ਇਹੋ ਗੱਲ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਸਮੇਂ ਪ੍ਰਗਟ ਹੋ ਗਈ”
ਕੋਲੰਬਸ ਨੇ ਕਿਹਾ।
“ਇਹੋ ਨਹੀਂ ਹੋਇਆ, ਹੋਰ ਵੀ ਖਤਰਨਾਕ ਗੱਲ ਹੋਈ, ਬਾਬੇ ਵੁੱਡ ਨੇ ਦੱਸਿਆ।
“ਕਿਹੜੀ?” ਵਿੰਨੀ ਨੇ ਪੁੱਛਿਆ।
“ਅੰਗਰੇਜ਼ ਬਸਤੀਵਾਦੀ ਨੀਤੀ ਅਤੇ ਉਸ ਦੇ ਸਾਮਰਾਜ ਵਿਰੁੱਧ ਵਿੱਢੇ ਘੋਲਾਂ
ਦੀ ਅਗਵਾਈ ਕਰ ਰਹੇ ਆਗੂਆਂ ਨੂੰ, ਇਸ ਦੇ ਅਹਿੰਸਾ ਅਤੇ ਸਤਿਆਗ੍ਰਹਿ ਸਿਧਾਂਤ
ਨੇ ਕਾਫੀ ਪ੍ਰਭਾਵਿਤ ਕੀਤਾ। ਇਹ ਲੀਡਰ ਇਸ ਸਿਧਾਂਤ ਦਾ ਅਸਰ ਕਬੂਲ
ਹਥਿਆਰ-ਬੰਦ ਇਨਕਲਾਬ ਦੀ ਲੀਹੋਂ ਲਹਿ ਗਏ। ਇੰਜ ਉਹ ਵੀ ਸਮਝੌਤਿਆਂ ਵੱਲ ਹੋ
ਤੁਰੇ ....”
4.
ਅਫ਼ਰੀਕਨ ਨੈਸ਼ਨਲ ਕਾਂਗਰਸ ਨੇ ਵੀ ਪਹਿਲੇ ਦਹਾਕੇ ਵਿੱਚ ਮਿਲੀਟੈਂਟ ਰੁਖ ਦੀ
ਨੀਤੀ ਅਪਣਾਈ। ਇਹ ਅਫ਼ਰੀਕਨ ਨੈਸ਼ਨਲ ਕਾਂਗਰਸ ਵਿੱਚ ਰੈਡੀਕਲ ਨੌਜਵਾਨਾਂ ਦੇ
ਕੰਮ ਦੇ ਪ੍ਰਭਾਵ ਕਾਰਨ ਸੀ। ਪਰ ਹੌਲੀ ਹੌਲੀ, ਇਸ ਦੇ ਆਗੂ ਰਹੀਸ ਘਰਾਂ ਦੇ
ਤੇ ਨਰਮ-ਖਿਆਲੀਏ ਹੋਣ ਕਰਕੇ, ਗਾਂਧੀ ਦੇ ਵਿਚਾਰਾਂ ਦੇ ਪ੍ਰਭਾਵ ਥੱਲੇ
ਆਉਂਦੇ ਗਏ ਸੀ। ਅੰਤ ਨੂੰ ਸਮਝੌਤਾਵਾਦੀ ਹੋ ਨਿਬੜੇ ਅਤੇ ਕੁਝ ਰਿਆਇਤਾਂ
ਪ੍ਰਾਪਤ ਕਰਨ ਤਕ ਸੀਮਤ ਹੋ ਕੇ ਰਹਿ ਗਏ। ਉਨ੍ਹਾਂ ਸਾਹਮਣੇ, ਗਾਂਧੀ ਦੀ
ਅਗਵਾਈ ਵਿੱਚ ਭਾਰਤੀਆਂ ਦੀ ਪ੍ਰਾਪਤ ਕੀਤੀ ਆਜ਼ਾਦੀ ਦੀ ਮਿਸਾਲ ਵੀ ਸੀ।
ਜਿਹੜੀ ਉਨ੍ਹਾਂ ਦੇ ਜਿ਼ਹਨ ਵਿੱਚ ਧੱਸ ਚੁੱਕੀ ਸੀ। ਜਿਸ ਨੇ ਉਨ੍ਹਾਂ ਦਾ
ਝੁਕਾ ਗਾਂਧੀਵਾਦੀ ਫਲਸਫੇ ਵੱਲ ਕਰ ਦਿੱਤਾ। ਇਸ ਲਈ ਅਫ਼ਰੀਕਨ ਨੈਸ਼ਨਲ
ਕਾਂਗਰਸ ਦੇ ਬਹੁਤੇ ਆਗੂ ਮੇਲ-ਮਿਲਾਪ ਦੀ ਨੀਤੀ ਵੱਲ ਰੁਚਿਤ ਹੋ ਰਹੇ ਸਨ।
ਸਾਊਥ ਅਫਰੀਕਾ ਦੇ ਲੋਕਾਂ ਵੱਲੋਂ
ਆਜ਼ਾਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਭਾਵੇਂ ਕਿ ਸਾਊਥ
ਅਫ਼ਰੀਕਾ ਵਿੱਚ ਰਹਿ ਰਹੇ ਅਨੇਕਾਂ ਸਭਿਆਚਾਰਾਂ ਦੇ ਲੋਕ ਸ਼ਾਮਿਲ ਸਨ, ਪਰ
ਇਨ੍ਹਾਂ ਵਿੱਚ ਬਹੁ-ਗਿਣਤੀ ਕਾਲੇ ਰੰਗ ਦੇ ਲੋਕਾਂ ਦੀ ਹੀ ਸੀ। ਇਹ ਸਭ ਲੋਕ
ਭਾਵੇਂ ਕਿ ਵੱਖੋ ਵੱਖ ਜੱਥੇਬੰਦੀਆਂ ਵਿੱਚ ਸ਼ਾਮਿਲ ਹੋ ਕੇ ਆਪਣੀ ਆਪਣੀ
ਸਮਰੱਥਾ ਅਨੁਸਾਰ ਅਤੇ ਆਪਣੀ ਆਪਣੀ ਵਿਚਾਰਧਾਰਾ ਅਨੁਸਾਰ ਇਸ ਸੰਘਰਸ਼ ਵਿੱਚ
ਹਿੱਸਾ ਲੈ ਰਹੇ ਸਨ; ਪਰ ਫਿਰ ਵੀ ਕਿਸੀ ਅਜਿਹੇ ਵਿਅਕਤੀ ਦੀ ਜ਼ਰੂਰਤ ਸੀ ਜੋ
ਇਨ੍ਹਾਂ ਸਾਰੀਆਂ ਜੱਥੇਬੰਦੀਆਂ ਵਿੱਚ ਤਾਲਮੇਲ ਪੈਦਾ ਕਰਕੇ ਉਨ੍ਹਾਂ ਨੂੰ
ਇੱਕ ਸਾਂਝੇ ਉਦੇਸ਼ ਲਈ ਤੋਰ ਸਕੇ। ਇਸ ਜਿੰਮੇਵਾਰੀ ਲਈ ਨੈਲਸਨ ਮੰਡੈਲਾ
ਅੱਗੇ ਆਇਆ। ਉਸ ਨੇ ਨਾ ਸਿਰਫ ਆਪਣੀ ਸਿਆਣਪ ਵਰਤਕੇ ਹੀ ਵੱਖੋ ਵੱਖ
ਜੱਥੇਬੰਦੀਆਂ ਨਾਲ ਜੁੜੇ ਹੋਏ ਲੋਕਾਂ ਅਤੇ ਨੇਤਾਵਾਂ ਨੂੰ ਹੀ ਇੱਕ ਸਾਂਝੇ
ਉਦੇਸ਼ ਵਾਲੇ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਆ; ਬਲਕਿ ਉਸਨੇ ਨਿੱਜੀ
ਤੌਰ ਉੱਤੇ ਵੀ 30 ਸਾਲ ਤੋਂ ਵੱਧ ਜੇਲ੍ਹ ਦੀਆਂ ਕਾਲ-ਕੋਠਰੀਆਂ ਵਿੱਚ ਬੰਦ
ਰਹਿਕੇ ਸਾਊਥ ਅਫ਼ਰੀਕਾ ਦੀ ਜ਼ਾਲਮ ਸਰਕਾਰ ਦੇ ਤਸੀਹੇ ਝੱਲ ਕੇ ਇਹ ਦਿਖਾ
ਦਿੱਤਾ ਕਿ ਆਜ਼ਾਦੀ ਪ੍ਰਾਪਤੀ ਦੇ ਚੱਲ ਰਹੇ ਸੰਘਰਸ਼ ਵਿੱਚ ਲੋਕਾਂ ਦੀ
ਅਗਵਾਈ ਕਰਦਿਆਂ ਉਹ ਹਰ ਤਰ੍ਹਾਂ ਦੀਆਂ ਮੁਸੀਬਤਾਂ ਦੇ ਝੱਖੜਾਂ ਦਾ ਮੁਕਾਬਲਾ
ਕਰਨ ਲਈ ਮਾਨਸਿਕ ਤੌਰ ਉੱਤੇ ਤਿਆਰ ਹੈ। ਇਸ ਗੱਲ ਨੂੰ ਸਾਊਥ ਅਫਰੀਕਾ ਦੇ
ਲੋਕਾਂ ਨੇ ਵੀ ਸਮਝ ਲਿਆ ਅਤੇ ਨੈਲਸਨ ਮੰਡੈਲਾ ਨ ਸਿਰਫ ਸਾਊਥ ਅਫਰੀਕਾ ਵਿੱਚ
ਹੀ ਬਲਕਿ ਅੰਤਰ-ਰਾਸ਼ਟਰੀ ਮੰਚ ਉੱਤੇ ਵੀ ਸਾਊਥ ਅਫਰੀਕਾ ਦੇ ਲੋਕਾਂ ਦਾ
ਨੇਤਾ ਬਣ ਕੇ ਉਭਰਿਆ। ਪਰ ਇਸ ਸਮੇਂ ਇਸ ਗੱਲ ਦਾ ਜਿ਼ਕਰ ਕਰਨਾ ਵੀ ਕੁਥਾਂ
ਨਹੀਂ ਹੋਵੇਗਾ ਕਿ ਇੰਨੀ ਜਿ਼ਆਦਾ ਲੋਕ ਪ੍ਰਿਯਤਾ ਮਿਲਣ ਦੀ ਨੈਲਸਨ ਮੰਡੈਲਾ
ਨੂੰ ਪ੍ਰਵਾਰਿਕ ਪੱਧਰ ਉੱਤੇ ਵੀ ਵੱਡੀ ਕੀਮਤ ਅਦਾ ਕਰਨੀ ਪਈ। ਨਾ ਸਿਰਫ ਉਸ
ਦੀ ਪਤਨੀ ਵਿੰਨੀ ਮੰਡੈਲਾ ਅਤੇ ਉਸ ਦੇ ਬੱਚਿਆਂ ਨੂੰ ਹੀ ਭਾਰੀ ਮੁਸੀਬਤਾਂ
ਦਾ ਸਾਹਮਣਾ ਕਰਨਾ ਪਿਆ ਬਲਕਿ ਨੈਲਸਨ ਮੰਡੈਲਾ ਵੱਲੋਂ ਬਿਤਾਈ 30 ਸਾਲਾਂ
ਤੋਂ ਵੱਧ ਦੀ ਜੇਲ੍ਹ ਦੀ ਜ਼ਿੰਦਗੀ ਨੇ ਨੈਲਸਨ ਮੰਡੈਲਾ ਅਤੇ ਉਸ ਦੀ ਪਤਨੀ
ਵਿੰਨੀ ਮੰਡੈਲਾ ਨੂੰ ਮਾਨਸਿਕ ਪੱਧਰ ਉੱਤੇ ਵੀ ਬਹੁਤ ਦੂਰ ਦੂਰ ਕਰ ਦਿੱਤਾ।
ਜਿਸ ਦਾ ਨਤੀਜਾ ਦੋਹਾਂ ਵਿੱਚ ਤਲਾਕ ਹੋ ਕੇ ਸਾਹਮਣੇ ਆਇਆ। ਨੈਲਸਨ ਮੰਡੈਲਾ
ਦੀ ਗ਼ੈਰ ਹਾਜ਼ਰੀ ਵਿੱਚ ਵਿੰਨੀ ਮੰਡੈਲਾ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ
ਜਿਉਣੀ ਪਈ ਅਤੇ ਇਕੱਲਤਾ ਭਰੀ ਜ਼ਿੰਦਗੀ ਦੇ ਦਿਨਾਂ ਵਿੱਚ ਉਸ ਉੱਤੇ ਕਿਸ ਕਿਸ
ਤਰ੍ਹਾਂ ਦੇ ਲੋਕਾਂ ਵੱਲੋਂ ਇਲਜ਼ਾਮ ਲੱਗਦੇ ਰਹੇ, ਇਨ੍ਹਾਂ ਦੋਹਾਂ ਹੀ
ਗੱਲਾਂ ਨੂੰ ਨਛੱਤਰ ਸਿੰਘ ਗਿੱਲ ਨੇ ਆਪਣੇ ਨਾਵਲ ‘ਕਾਲੀ ਹਨੇਰੀ’ ਵਿੱਚ
ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਪੇਸ਼ ਹਨ ਇਸ ਨਾਵਲ ਵਿੱਚੋਂ
ਕੁਝ ਉਦਾਹਰਣਾਂ :
1.
“ਦਰਵਾਜ਼ਾ ਖੋਲ੍ਹੋ, ਦਰਵਾਜ਼ਾ ਖੋਲ੍ਹੋ, ਵਰਨਾ ਤੋੜ ਦਿੱਤਾ ਜਾਵੇਗਾ, ਕੌਣ
ਹੈ ਅੰਦਰ? ਖੋਲ੍ਹੋ ਦਰਵਾਜ਼ਾ।”
ਬਾਹਰ ਕੋਈ ਦਰਵਾਜ਼ਾ ਭੰਨੀ ਜਾ ਰਿਹਾ ਸੀ। ਕੁੱਤੇ ਭੌਂਕੀ ਜਾ ਰਹੇ ਸਨ।
ਵਿੰਨੀ ਡਰੀ ਨਹੀਂ। ਉਸ ਨੇ ਦਰਵਾਜ਼ੇ ਵੱਲ ਜਾਂਦੀ ਨੇ ਪੁੱਛਿਆ, “ਕੌਣ ਐਂ?
ਕਿਉਂ ਦਰਵਾਜ਼ਾ ਭੰਨਦੇ ਹੋ, ਮੈਂ ਆ ਰਹੀ ਹਾਂ, ਖੋਲ੍ਹਣ” ਪਰ ਦਰਵਾਜ਼ਾ
ਤਾਂ, ਉਸ ਦਾ ਹੱਥ ਦਰਵਾਜ਼ੇ ਨਾਲ ਲੱਗਣ ਤੋਂ ਪਹਿਲੋਂ ਹੀ, ਦਰਵਾਜ਼ਾ ਟੁੱਟ
ਕੇ ਉਸ ਦੇ ਪੈਰਾਂ ਵਿੱਚ ਆ ਡਿੱਗਿਆ।
ਪੁਲਿਸ ਦੀ ਧਾੜ ਤੇ ਉਨ੍ਹਾਂ ਨਾਲ ਦੋ ਪੁਲਿਸ-ਕੁੱਤੇ ਅੰਦਰ ਆ ਧਮਕੇ। “ਇਹ
ਕੀ?” ਉਹ ਚੀਕੀ।
“ਚੀਕ ਨਾ। ਸਾਡੇ ਨਾਲ ਤੁਰ। ਤੂੰ ਇਥੇ ਨਹੀਂ ਰਹਿ ਸਕਦੀ।” ਪੁਲਿਸ ਅਫਸਰ ਨੇ
ਰੋਅਬ ਨਾਲ ਹੁਕਮੀ ਲਿਹਜ਼ੇ ਵਿੱਚ ਕਿਹਾ।
“ਕਿਉਂ ਨਹੀਂ ਰਹਿ ਸਕਦੀ? ਇਹ ਮੇਰਾ ਘਰ ਹੈ।” ਵਿੰਨੀ ਸ਼ੇਰਨੀ ਵਾਂਗ ਗਰਜੀ।
“ਤੈਨੂੰ ਪੁਲਿਸ ਸਟੇਸ਼ਨ ਜਾ ਕੇ ਪਤਾ ਲੱਗੂ ਕਿ ਤੇਰਾ ਘਰ ਕਿੱਥੇ ਹੈ।”
ਅਫਸਰ ਨੇ, ਪੁਲਿਸ ਦੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਕਿ ਵਿੰਨੀ ਨੂੰ ਧੂ
ਕੇ, ਪੁਲਿਸ-ਗੱਡੀ ਵਿੱਚ ਸੁੱਟ ਲੈਣ। ਜਦ ਪੁਲਿਸ ਦੇ ਸਿਪਾਹੀ ਵਿੰਨੀ ਨੂੰ
ਬਾਹਾਂ ਤੋਂ ਫੜ੍ਹ ਧੂਣ ਲੱਗੇ ਤਾਂ ਉਸ ਨੇ ਚੁਗਾਠ ਨਾਲ ਪੈਰ ਅੜਾ ਲਏ। ਉਸ
ਨੇ ਪੂਰੇ ਜ਼ੋਰ ਨਾਲ ਚੀਕਦਿਆਂ ਪੁੱਛਿਆ,
“ਮੈਨੂੰ ਕਿਸ ਜ਼ੁਰਮ ਵਿੱਚ ਫੜਿਆ
ਜਾ ਰਿਹਾ ਹੈ? ਕੀ ਤੁਹਾਨੂੰ ਪਤਾ ਮੇਰੀ ਬੱਚੀ ਵੀ ਅੰਦਰ ਸੁੱਤੀ ਪਈ ਹੈ? ਕੀ
ਮੈਨੂੰ ਬੱਚੀ ਚੁਕਣ, ਕੁਝ ਸਮਾਨ ਲੈਣ ਅਤੇ ਘਰ ਦੇ ਦਰਵਾਜ਼ੇ ਬੰਦ ਕਰਨ ਦੀ
ਵੀ ਆਗਿਆ ਨਹੀਂ?”
“ਤੂੰ ਬੱਚੀ ਚੁੱਕ ਲਿਆ। ਬਹੁਤੀ ਬੱਕ ਬੱਕ ਨਾ ਕਰ। ਜ਼ੁਬਾਨ ਬੰਦ ਰੱਖ।
ਪੁਲਿਸ ਸਟੇਸ਼ਨ ਪਤਾ ਲੱਗ ਜਾਏਗਾ।”
ਅਫਸਰ ਨੇ ਵਿੰਨੀ ਨੂੰ ਪਿਛੇ ਧੱਕਾ ਮਾਰ ਕੇ, ਦਰਵਾਜਿ਼ਓਂ ਬਾਹਰ ਕਰਦੇ ਹੋਏ
ਕਿਹਾ।
“ਵਰੰਟ ਵਖਾਓ ਵਰੰਟ।” ਵਿੰਨੀ ਨੇ ਉੱਚੀ ਦੇਣੇ ਕਿਹਾ।
“ਕਾਲੇ ਲੋਕਾਂ ਨੂੰ ਵਰੰਟ ਵਖਾਈਏ, ਅਸੀਂ ਹੀ ਵਰੰਟ ਹਾਂ।” ਅਫ਼ਸਰ ਨੇ
ਤਨਜ਼ੀਆ ਲਿਹਜ਼ੇ ਵਿੱਚ ਆਖਿਆ।
ਧੱਕਾ-ਮੁੱਕੀ, ਧੂ-ਘੜੀਸ ਹੁੰਦਿਆਂ ਤੇ ਰੌਲਾ ਸੁਣ, ਆਂਢ-ਗੁਆਂਢ ਦੇ ਲੋਕ
ਅਤੇ ਪਿੰਡ ਵਾਸੀ ਢੱਕੋ-ਢੱਕੀ ਇਕੱਠੇ ਹੋ ਗਏ। ਉਨ੍ਹਾਂ ਵਿੰਨੀ ਨੂੰ ਆਪਣੇ
ਘੇਰੇ ਵਿੱਚ ਲੈ ਲਿਆ। ਪੁਲਿਸ ਲੋਕਾਂ ਦੇ ਰੋਹ ਤੇ ਇਕੱਠ ਨੂੰ ਭਾਂਪ, ਸੋਚਣ
ਤੇ ਅਗਲਾ ਪੈਂਤੜਾ ਤਹਿ ਕਰਨ ਲਈ ਇੱਕ ਪਾਸੇ ਹਟ ਗਈ।
ਲੋਕ ਨਾਅਰੇ ਮਾਰਨ ਲੱਗੇ ਪਰ ਵਿੰਨੀ ਮੌਕੇ ਦੀ ਨਿਜ਼ਾਕਤ ਨੂੰ ਜਾਣਦੀ ਸੀ।
ਉਸ ਨੂੰ ਇਹ ਪਤਾ ਸੀ ਕਿ ਉਹ ਗੋਰੀ ਚਮੜੀ ਦੀ ਜ਼ਾਬਰ ਸਰਕਾਰ ਨਾਲ ਇੰਜ ਨਹੀਂ
ਸਿੱਝ ਸਕਦੇ। ਉਹ ਘਰ ਅੱਗੇ ਬਣੀ ਥੜ੍ਹੀ ਉਪਰ ਜਾ ਖੜ੍ਹੀ ਹੋਈ। ਅਪਣੇ ਪਿੰਡ
ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਪਿੰਡ ਵਾਸੀਓ ਡੋਲਣਾ ਨਹੀਂ,
ਇਨ੍ਹਾਂ ਦੀਆਂ ਜੇਲ੍ਹਾਂ ਸਾਨੂੰ ਅੰਦਰ ਡੱਕ ਕੇ ਨਹੀਂ ਰੱਖ ਸਕਦੀਆਂ।
ਇਨ੍ਹਾਂ ਦੀਆਂ ਧਮਕੀਆਂ ਸਾਨੂੰ ਡਰਾ ਨਹੀਂ ਸਕਦੀਆਂ ਹਨ, ਨਾ ਥਿੜਕਾ ਸਕਦੀਆਂ
ਹਨ। ਕੀ ਇਹ ਸਾਨੂੰ ਮੂਰਖ ਸਮਝਦੇ ਹਨ ਕਿ ਸਾਨੂੰ ਸਮਝ ਨਹੀਂ? ਅਸੀਂ ਉਜੱਡ
ਹਾਂ ਕਿ ਇਨ੍ਹਾਂ ਦੀਆਂ ਚਾਲਾਂ ਨਹੀਂ ਸਮਝ ਸਕਦੇ। ਕੀ ਇਹ ਗੋਰੀ ਸਰਕਾਰ
ਸਮਝਦੀ ਹੈ ਕਿ ਅਸੀਂ ਜੰਜ਼ੀਰਾਂ ਵਿੱਚ ਹੀ ਨੂੜਣ ਜੋਗੇ ਹਾਂ। ਸਾਡਾ ਕੋਈ
ਹੱਕ ਹੀ ਨਹੀਂ, ਚੱਜ ਨਾਲ ਜੀਣਦਾ।”
2.
ਮੰਡੈਲਾ ਦੇ ਦੋਸਤ ਤੇ ਅਫਰੀਕਨ ਨੈਸ਼ਨਲ ਪਾਰਟੀ ਦਾ ਆਗੂ, ਰਸਤੀ ਬਰਨਸਟੀਨ
ਨੇ ਮੰਡੈਲਾ ਨੂੰ ਜੇਲ੍ਹ ਵਿੱਚ ਇੱਕ ਰੁੱਕਾ ਲਿਖ ਕੇ ਭੇਜਿਆ, “ਵਿੰਨੀ
ਆਪਣੀਆਂ ਹੀ ਮਨ-ਮਰਜ਼ੀਆਂ ਕਰਦੀ ਫਿਰਦੀ ਹੈ। ਉਹ ਕਿਸੇ ਨਾਲ ਵੀ ਸਹਿਯੋਗ
ਨਹੀਂ ਕਰ ਰਹੀ। ਜੇ ਅਸੀਂ ਸਮਝਾਉਣ ਜਾਂ ਮਸ਼ਵਰਾ ਦੇਣ ਦੀ ਕੋਸਿ਼ਸ਼ ਕਰਦੇ
ਹਾਂ ਤਾਂ ਉਹ ਸੁਣਦੀ ਹੀ ਨਹੀਂ। ਵਿੰਨੀ ਦੇ ਵਿਅਕਤਿੱਤਵ ‘ਚ ਗੁੰਡਿਆਂ ਵਾਲੇ
ਉਗਰਵਾਦੀ ਜਰਮ ਪੈਦਾ ਹੋ ਗਏ ਹਨ। ਸ਼ਹਿਰ ਵਿੱਚ ਵਿੰਨੀ ਬਾਰੇ, ਕਈ ਤਰ੍ਹਾਂ
ਦੀਆਂ ਕਹਾਣੀਆਂ ਘੁੰਮ ਰਹੀਆਂ ਹਨ,” ਰੁਸਤੀ ਬਰਨਸਟੀਨ ਨੇ ਮੰਡੈਲਾ ਨੂੰ
ਇਸ਼ਾਰਾ ਕੀਤਾ।
ਪਰ ਮੰਡੈਲਾ ਜੇਲ੍ਹ ਵਿੱਚ ਬੈਠਾ
ਕੀ ਕਰ ਸਕਦਾ ਸੀ। ਵਿੰਨੀ ਨੇ ਇੱਕ ਪੱਤਰਕਾਰ ਸੋਮਾਨਾ ਨਾਲ ਵੀ ਸੰਬੰਧ ਪੈਦਾ
ਕਰ ਲਏ। ਸੋਮਾਨਾ ਦੇ ਅਲਗਜ਼ੈਂਡਰਾ ਦੇ ਮਾਓਵਾਦੀ ਗਰੁੱਪ ਨਾਲ ਵੀ ਸੰਬੰਧ
ਸਨ। ਇਸ ਤਰ੍ਹਾਂ ਵਿੰਨੀ ਵੀ ਇਸ ਗਰੁਪ ਨਾਲ ਜਾ ਮਿਲੀ। ਸੋਮਾਨਾ ਦੀ ਪਤਨੀ
ਨੇ ਇਹ ਰਾਜ ਵੀ ਜੱਗ ਜਾਹਰ ਕਰ ਦਿੱਤਾ ਕਿ ਸੋਮਾਨਾ ਤੇ ਵਿੰਨੀ ਇੱਕੋ ਕਮਰੇ
ਵਿੱਚ ਸੌਂਦੇ ਸਨ। ਜਦੋਂ ਸੋਮਾਨਾ ਫੜਿਆ ਗਿਆ ਤਾਂ ਵਿੰਨੀ, ਉਸ ਦੇ ਕੇਸ ਦੀ
ਪੈਰਵਾਈ ਵੀ ਕਰਦੀ ਰਹੀ। ਵਿੰਨੀ ਨੇ ਸੋਮਾਨਾ ਦਾ ਕੇਸ ਲੜਨ ਲਈ, ਪੈਸੇ ਨਾਲ
ਵੀ ਸਹਾਇਤਾ ਕੀਤੀ।
ਸੋਮਾਨਾ ਦੇ ਜੇਲ੍ਹ ਜਾਣ ਪਿਛੋਂ,
ਵਿੰਨੀ ਦੇ ਸੰਬੰਧਾਂ ਦੀਆਂ ਇੱਕ ਨੌਜਵਾਨ ਵਕੀਲ ਡੇਲੀ ਮਪੋਫ ਨਾਲ ਹੋਣ ਦੀਆਂ
ਅਫਵਾਹਾਂ ਆਉਣ ਲੱਗੀਆਂ। ਪਰ ਵਿੰਨੀ ਦੀਆਂ ਜੜ੍ਹਾਂ ਲੋਕਾਂ ਦੇ ਦਿਲਾਂ ਅੰਦਰ
ਐਨੀਆਂ ਗਹਿਰੀਆਂ ਧੱਸ ਚੁੱਕੀਆਂ ਸਨ ਕਿ ਲੋਕ ਵਿੰਨੀ ਬਾਰੇ ਅਫ਼ਵਾਹਾਂ ਨੂੰ
ਨਜ਼ਰ ਅੰਦਾਜ਼ ਕਰੀ ਜਾ ਰਹੇ ਸਨ। ਵਿੰਨੀ ਲੋਕਾਂ ਦੇ ਦਿਲਾਂ ‘ਤੇ ਐਨੀ ਛਾ
ਗਈ ਸੀ ਕਿ ਲੋਕ, ਵਿੰਨੀ ਦੇ ਇੱਕ ਇਸ਼ਾਰੇ ‘ਤੇ ਹਰ ਕੁਰਬਾਨੀ ਦੇਣ ਲਈ ਤਿਆਰ
ਰਹਿੰਦੇ ਸਨ। ਪਰ ਵਿੰਨੀ ਨੇ ਪਿਛੇ ਮੁੜ ਕੇ ਵੇਖਣ ਦਾ ਯਤਨ ਹੀ ਨਾ ਕੀਤਾ।
ਵਿੰਨੀ ਨੂੰ ਤਾਕਤ ਦੇ ਨਸ਼ੇ ਦਾ ਅਤੇ ਚਾਪਲੂਸੀ ਦੀ ਮਿਠਾਸ ਦਾ ਐਨਾ ਚਸਕਾ
ਪੈ ਗਿਆ ਕਿ ਉਹ ਹਰ ਇੱਕ ‘ਤੇ ਪਸਤੌਲ ਤਾਣ ਼ਲੈਂਦੀ। ਵਿੰਨੀ ਦੀ ਧਮਕੀਆਂ
ਦੇਣ ਦੀ ਆਦਤ ਬਣ ਗਈ ਸੀ। ਸਿਰ ‘ਤੇ ਕੋਈ ਕੁੰਡਾ ਨਾ ਹੋਣ ਕਾਰਨ, ਵਿੰਨੀ
ਬੇਮੁਹਾਰ ਸ਼ੁਤਰ ਬਣ ਤੁਰੀ। ਉਹ ਸ਼ਰਾਬ ਰੱਜ ਕੇ ਪੀਣ ਲੱਗ ਪਈ। ਕਈ ਵਾਰ ਉਹ
ਸ਼ਰਾਬ ਐਨੀ ਪੀ ਲੈਂਦੀ ਕਿ ਉਸ ਨੂੰ ਆਪਣੀ ਸੁੱਧ-ਬੁੱਧ ਨਾ ਰਹਿੰਦੀ।
ਮੰਡੈਲਾ ਨੂੰ ਜੇਲ੍ਹ ਵਿੱਚ
ਬੈਠਿਆਂ; ਵਿੰਨੀ ਦੀਆਂ ਇਹਨਾਂ ਹਰਕਤਾਂ ਦੀ ਖਬਰ ਪਹੁੰਚਦੀ ਰਹਿੰਦੀ।
ਸਰਕਾਰ, ਇਸ ਵਿੱਚ ਹੋਰ ਮਿਰਚ-ਮਸਾਲਾ ਰਲਾ ਕੇ ਖਬਰਾਂ ਛਪਵਾ ਦਿੰਦੀ।
ਨਛੱਤਰ ਸਿੰਘ ਗਿੱਲ ਦੇ ਨਾਵਲ
‘ਕਾਲੀ ਹਨੇਰੀ’ ਵਿੱਚ ਭਾਵੇਂ ਕਿ ਨੈਲਸਨ ਮੰਡੈਲਾ ਅਤੇ ਵਿੰਨੀ ਮੰਡੇਲਾ
ਮੁੱਖ ਪਾਤਰ ਹਨ; ਪਰ ਇਹ ਨਾਵਲ, ਦਰਅਸਲ, ਇਨ੍ਹਾਂ ਦੋ ਮੁੱਖ ਪਾਤਰਾਂ ਅਤੇ
ਕੁਝ ਹੋਰ ਛੋਟੇ ਪਾਤਰਾਂ ਦੁਆਲੇ ਉਸਾਰੀ ਗਈ ਸਾਊਥ ਅਫ਼ਰੀਕਾ ਦੇ ਆਜ਼ਾਦੀ
ਸੰਗਰਾਮ ਦੀ ਇਤਿਹਾਸਕ ਦਸਤਾਵੇਜ਼ ਹੈ। ਭਾਵੇਂ ਕਿ ਨਾਵਲਕਾਰ ਨੇ ਇਸ ਨਾਵਲ
ਵਿਚਲੇ ਪਾਤਰਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਆਸ-ਪਾਸ ਵਾਪਰਦੀਆਂ ਘਟਨਾਵਾਂ
ਨੂੰ ਬਿਆਨ ਕਰਨ ਲਈ ਕਲਪਨਾ ਦੀ ਵੀ ਵਰਤੋਂ ਕੀਤੀ ਹੈ; ਪਰ ਇਸ ਦੇ ਬਾਵਜ਼ੂਦ
ਨਾਵਲਕਾਰ ਸਾਊਥ ਅਫ਼ਰੀਕਾ ਦੇ ਲੋਕਾਂ ਵੱਲੋਂ ਲੜੇ ਗਏ ਆਜ਼ਾਦੀ ਸੰਘਰਸ਼
ਬਾਰੇ ਇੱਕ ਬਹੁਤ ਹੀ ਸਫਲ ਇਤਿਹਾਸਕ ਨਾਵਲ ਲਿਖਣ ਵਿੱਚ ਪੂਰੀ ਤਰ੍ਹਾਂ
ਕਾਮਿਯਾਬ ਹੋਇਆ ਹੈ।
ਨਾਵਲਕਾਰ ਨੇ ਇਸ ਨਾਵਲ ਵਿੱਚ
ਸਾਊਥ ਅਫ਼ਰੀਕਾ ਦੇ ਲੋਕਾਂ ਵੱਲੋਂ ਆਜ਼ਾਦੀ ਪ੍ਰਾਪਤੀ ਲਈ ਕੀਤੇ ਗਏ ਸੰਘਰਸ਼
ਅਤੇ ਇਸ ਦੇ ਰਾਹ ਵਿੱਚ ਆਈਆਂ ਮੁਸੀਬਤਾਂ ਦਾ ਬਿਆਨ ਕਰਨ ਦੇ ਨਾਲ ਨਾਲ ਹੀ
ਆਜ਼ਾਦੀ ਪ੍ਰਾਪਤੀ ਤੋਂ ਬਾਹਦ ਸਾਊਥ ਅਫ਼ਰੀਕਾ ਦੇ ਲੋਕਾਂ ਦੇ ਮਨਾਂ ਵਿੱਚ
ਦੇਸ਼ ਨੂੰ ਮਿਲੀ ਆਜ਼ਾਦੀ ਬਾਰੇ ਉੱਠੇ ਸ਼ੰਕਿਆਂ ਦਾ ਬਿਆਨ ਕਰਕੇ ਇਸ ਨਾਵਲ
ਨੂੰ ਹੋਰ ਵੀ ਵਧੇਰੇ ਸਾਰਥਿਕ ਅਤੇ ਰੋਚਿਕ ਬਣਾ ਦਿੱਤਾ ਹੈ।
ਇਸ ਗੱਲ ਵਿੱਚ ਵੀ ਕੋਈ ਸੰਦੇਹ
ਨਹੀਂ ਕਿ 30 ਸਾਲ ਤੋਂ ਵੀ ਵੱਧ ਸਮਾਂ ਜੇਲ੍ਹ ਦੀਆਂ ਕਾਲ ਕੋਠਰੀਆਂ ਵਿੱਚ
ਬੰਦ ਰਹਿਣ ਕਰਕੇ ਅਤੇ ਸਾਊਥ ਅਫ਼ਰੀਕਾ ਦੇ ਆਮ ਲੋਕਾਂ ਦੀ ਜ਼ਿੰਦਗੀ ਤੋਂ ਦੂਰ
ਰਹਿਣ ਕਰਕੇ ਨੈਲਸਨ ਮੰਡੈਲਾ ਦੀ ਸੋਚ ਵਿੱਚ ਵੀ ਕਾਫੀ ਤਬਦੀਲੀ ਆ ਗਈ
ਹੋਵੇਗੀ। ਸ਼ਾਇਦ ਇਸੇ ਲਈ ਹੀ ਉਸਨੇ ਸਾਊਥ ਅਫ਼ਰੀਕਾ ਦੀ ਜ਼ਾਲਮ ਸਰਕਾਰ ਨੂੰ
ਹਥਿਆਰਬੰਦ ਯੁੱਧ ਰਾਹੀਂ ਖਤਮ ਕਰਨ ਦੀ ਥਾਂ ਮਿਲਵਰਤਣ ਅਤੇ ਸ਼ਾਂਤੀ ਰਾਹੀਂ
ਤਬਦੀਲ ਕਰਨ ਨੂੰ ਹੀ ਤਰਜੀਹ ਦਿੱਤੀ ਹੋਵੇਗੀ। ਆਪਣੀ ਮੁੱਢਲੀ ਰਾਜਸੀ
ਜ਼ਿੰਦਗੀ ਵਿੱਚ ਨੈਲਸਨ ਮੰਡੈਲਾ ਸਾਊਥ ਅਫਰੀਕਾ ਦੀ ਜ਼ਾਲਮ ਸਰਕਾਰ ਦੇ
ਜ਼ੁਲਮ ਨੂੰ ਰੋਕਣ ਲਈ ਹਰਿਆਵਲ ਦਸਤੇ ਬਣਾਕੇ ਸਰਕਾਰ ਨਾਲ ਹਥਿਆਰਬੰਦ ਟੱਕਰ
ਲੈਣ ਵਿੱਚ ਹੀ ਵਿਸ਼ਵਾਸ ਰੱਖਦਾ ਸੀ। ਪਰ ਬਾਹਦ ਵਿੱਚ ਉਹ ਹਥਿਆਰਬੰਦ
ਗੁਰੀਲਾ ਯੁੱਧ ਲੜਨ ਦੀ ਥਾਂ ਗਾਂਧੀਵਾਦੀ ਤਰੀਕੇ ਅਪਣਾ ਕੇ ਅਤੇ ਹਿੰਸਾਵਾਦੀ
ਤੌਰ ਤਰੀਕਿਆਂ ਨੂੰ ਛੱਡਕੇ ਸਮਝੌਤਿਆਂ ਦੀ ਰਾਜਨੀਤੀ ਦਾ ਪੈਰੋਕਾਰ ਬਣ ਗਿਆ।
ਜਿਸ ਕਾਰਨ ਨੈਲਸਨ ਮੰਡੈਲਾ ਅਤੇ ਉਸਦੇ ਸਾਥੀਆਂ ਨੂੰ ਅਧੂਰੀ ਆਜ਼ਾਦੀ ਹੀ
ਮਿਲੀ। ਕਿਉਂਕਿ ਸਾਊਥ ਅਫਰੀਕਾ ਦੀ ਜ਼ਾਲਮ ਸਰਕਾਰ ਦੇ ਮੁੱਖ ਕਿਰਦਾਰ ਸਾਊਥ
ਅਫਰੀਕਾ ਦੀ ਨਵੀਂ ਸਰਕਾਰ ਵਿੱਚ ਪੂਰੀ ਤਰ੍ਹਾਂ ਭਾਈਵਾਲ ਸਨ ਅਤੇ
ਪ੍ਰਸ਼ਾਸ਼ਨ ਦੇ ਮੁੱਖ ਅਹੁਦਿਆਂ ਉੱਤੇ ਬਿਰਾਜਮਾਨ ਸਨ। ਸ਼ਾਇਦ, ਇਸੇ ਕਾਰਨ
ਹੀ ਵਿੰਨੀ ਮੰਡੈਲਾ ਵੀ ਸਾਊਥ ਅਫਰੀਕਾ ਨੂੰ ਮਿਲੀ ਇਸ ਅਧੂਰੀ ਆਜ਼ਾਦੀ ਬਾਰੇ
ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪੇਸ਼ ਕਰਦੀ ਹੈ:
“ਮੰਡੈਲਾ ਲੋਕਾਂ ਨੂੰ ਇੱਕ ਹੋਰ
ਸੰਘਰਸ਼ ਕਰਨਾ ਪਊ।”
ਨੈਲਸਨ ਮੰਡੈਲਾ ਅਤੇ ਉਸਦੇ
ਗਾਂਧੀਵਾਦੀ ਸਾਥੀਆਂ ਵੱਲੋਂ ਸਾਊਥ ਅਫਰੀਕਾ ਦੀ ਜ਼ਾਲਮ ਅਤੇ ਨਸਲਵਾਦੀ
ਸਰਕਾਰ ਨਾਲ ਗੱਲਬਾਤ ਰਾਹੀਂ ਜਾਂ ਸਮਝੌਤਿਆਂ ਰਾਹੀਂ ਨਤੀਜਿਆਂ ਉੱਤੇ ਪਹੁੰਚ
ਕੇ ਜੋ ਆਜ਼ਾਦੀ ਪ੍ਰਾਪਤ ਕੀਤੀ ਗਈ, ਉਸ ਨੂੰ ਦੇਖਕੇ ਲੋਕਾਂ ਵਿੱਚ ਨਿਰਾਸਤਾ
ਫੈਲਣੀ ਲਾਜ਼ਮੀ ਸੀ। ਉਸ ਦੇ ਮੁੱਖ ਕਾਰਨ ਇਹ ਸਮਝੇ ਜਾ ਸਕਦੇ ਹਨ:
1.
ਸ਼ਹਿਰ ਦੀਆਂ ਕੰਧਾਂ ‘ਤੇ ਮੰਡੈਲਾ ਦੀ ਵੱਡੀ ਸਾਰੀ ਫੋਟੋ ਦੇ ਹੇਠ ਲਿਖੇ
ਇਸ਼ਤਿਹਾਰ, “ਅਫਰੀਕਨ ਨੈਸ਼ਨਲ ਕਾਂਗਰਸ ਦੀ ਨਸਲਵਾਦ ਵਿਰੁੱਧ ਇੱਕ ਇਤਿਹਾਸਕ
ਜਿੱਤ ਦਾ ਪਰਤੀਕ ਨੈਲਸਨ ਮੰਡੈਲਾ।” ਪਰ ਮੰਡੈਲਾ, ਜਿਹੜਾ ਤੀਹ ਵਰ੍ਹੇ
ਜੇਲ੍ਹ ਵਿੱਚ ਰਿਹਾ ਸੀ, ਦੱਖਣੀ ਅਫਰੀਕਾ ਵਿੱਚ ਆਏ ਰਾਜਨੀਤਕ ਤੇ ਸਮਾਜਿਕ
ਪ੍ਰੀਵਰਤਨ ਤੋਂ ਪੂਰੀ ਤਰ੍ਹਾਂ ਵਾਕਿਫ ਨਹੀਂ ਸੀ। ਉਹ ਲੋਕਾਂ ਦੀਆਂ
ਮੁਸ਼ਕਿਲਾਂ ਤੋਂ ਵੀ ਅਣਜਾਣ ਸੀ। ਲੋਕ ਕੀ ਚਾਹੁੰਦੇ ਹਨ? ਲੋਕ, ਆਜ਼ਾਦੀ ਦਾ
ਮਤਲਬ ਕੀ ਲੈਂਦੇ ਹਨ? ਮੰਡੈਲਾ ਅਜੇ ਜਾਣ ਨਹੀਂ ਸਕਿਆ ਸੀ। ਤੀਹ ਸਾਲ,
ਲੋਕਾਂ ਤੋਂ ਦੁਰ ਰਹਿਣਾ ਕੋਈ ਥੋੜਾ ਸਮਾਂ ਨਹੀਂ ਸੀ। ਇਨ੍ਹਾਂ ਤੀਹ ਸਾਲਾਂ
ਵਿੱਚ ਨਵੀਂ ਪੀੜ੍ਹੀ ਪੜ੍ਹ-ਲਿਖ ਕੇ ਜਾਗਰੂਕ ਅਤੇ ਚੇਤਨਤਾ ਦਾ ਪਾਸਾਰ ਹੋ
ਚੁੱਕਾ ਸੀ। ਲੋਕਾਂ ਦੀਆਂ ਮੁਸ਼ਕਲਾਂ ਅਤੇ ਔਕੜਾਂ ਬਾਰੇ, ਕੇਵਲ ਉਹੀ ਲੋਕ
ਜਾਣਦੇ ਸਨ ਜਿਹੜੇ ਲੋਕ, ਸੰਘਰਸ਼ ਦੌਰਾਨ ਲੋਕਾਂ ਵਿੱਚ ਵਿਚਰ ਰਹੇ ਸਨ।
ਨਵੀਂ ਪੀੜ੍ਹੀ, ਅਜਿਹੀ ਸੂਝ-ਬੂਝ ਦੀ ਲਖਾਇਕ ਸੀ।
ਇਹ ਉਹੀ ਲੋਕ ਸਨ ਜਿਹੜੇ ਸਿਆਸੀ
ਅਤੇ ਵਿੱਦਿਅਕ ਗਿਲਆਰਿਆਂ ਵਿੱਚ, ਚਰਚਾ ਛੇੜ, ਆਜ਼ਾਦੀ ਅਤੇ ਆਜ਼ਾਦੀ ਦੇ
ਮਨਾਏ ਜਾਣ ਵਾਲੇ ਜਸ਼ਨ ਦੀ ਪੁਣ-ਛਾਣ ਕਰਨ ਵਿੱਚ ਲੱਗੇ ਹੋਏ ਸਨ। ਉਹ ਸਮਝਦੇ
ਸਨ ਕਿ ਉਹ ਤ੍ਰੇੜ ਕੇਵਲ ਸੱਭਿਆਚਾਰਕ ਜਾਂ ਨਸਲਵਾਦ ਤੱਕ ਹੀ ਸੀਮਤ ਨਹੀਂ
ਹੈ। ਇਨ੍ਹਾਂ ਦਰਾੜਾਂ ਦੀਆਂ ਜੜ੍ਹਾਂ ਦੀ ਜੜ੍ਹ ਆਰਥਕ ਪਾੜੇ ਵਿੱਚ ਹੈ। ਜਿਸ
ਨੂੰ ਕਾਲੇ ਭਾਈਚਾਰੇ ਦਾ ਤੇ ਨਿਰਪਖ ਪੜ੍ਹਿਆ ਲਿਖਿਆ ਵਰਗ ਚੰਗੀ ਤਰ੍ਹਾਂ
ਸਮਝਦਾ ਸੀ। ਪਰ ਅਫਰੀਕਨ ਨੈਸ਼ਨਲ ਕਾਂਗਰਸ ਅਤੇ ਮੰਡੈਲਾ ਇਸ ਤ੍ਰੇੜ ਨੂੰ,
ਮੇਲ ਮਿਲਾਪ ਦੀ ਮਿੱਟੀ ਪਾ ਦਿਸਣੋ ਬੰਦ ਕਰਨ ਦੇ ਆਹਰ ਵਿੱਚ ਲੱਗੇ ਹੋਏ
ਸਨ।”
ਯੂਨੀਵਰਸਿਟੀਆਂ ਅਤੇ ਕਾਲਿਜਾਂ
ਵਿੱਚ ਬੈਠੇ ਕਾਲੇ ਬੁੱਧੀਜੀਵੀ ਅਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਆਰਥਕ
ਅਸਲੀਅਤ ਦਾ ਗਿਆਨ ਸੀ। ਉਹ ਤਾਂ ਕਈ ਸਾਲਾਂ ਤੋਂ, ਇਸ ਦਾ ਲੇਖਾ-ਜੋਖਾ ਕਰੀ
ਬੈਠੇ ਸਨ। ਉਹ ਫੋਰੀ ਆਰਥਿਕ ਆਜ਼ਾਦੀ ਅਤੇ ਆਰਥਿਕ ਸਮਾਨਤਾ ਚਾਹੁੰਦੇ ਸਨ।
ਜਿਹੜੀ ਆਰਥਿਕ ਆਜ਼ਾਦੀ ਦੀ ਉਹ ਇੱਛਾ ਰੱਖਦੇ ਸਨ ਅਤੇ ਇੱਕ ਲੰਮਾ ਆਜ਼ਾਦੀ
ਦਾ ਘੋਲ ਲੜੇ ਸਨ, ਉਹ ਸਮਾਜਵਾਦ ਤੋਂ ਬਗੈ਼ਰ ਅਸੰਭਵ ਸੀ।
2.
ਪਰ ਕੁਝ ਹੋਰ ਆਗੂਆਂ ਅਤੇ ਵਿੰਨੀ ਨੂੰ, ਉਸ ਸਮੇਂ ਹੈਰਾਨੀ ਹੋਈ ਜਦੋਂ
ਸਰਕਾਰੀ ਤੌਰ ‘ਤੇ ਸ਼ਾਨੋ-ਸ਼ੌਕਤ ਨਾਲ, ਮਰਹੂਮ ਸਾਬਕਾ ਰਾਸ਼ਟਰਪਤੀ ਬੇਟਸੈ
ਵੇਰਹਵੇਰਡ ਦੀ ਪਤਨੀ ਨੂੰ, ਪਰੀਟੋਰੀਆ ਤੋਂ ਲਿਆਂਦਾ ਗਿਆ। ਇਹ ਉਹੀ ਸਾਬਕਾ
ਰਾਸ਼ਟਰਪਤੀ ਸੀ ਜਿਸ ਨੇ ਕਾਲੇ ਲੋਕਾਂ ਉਪਰ ਅੰਨ੍ਹਾ ਜ਼ੁਲਮ ਕੀਤਾ ਸੀ। ਲੋਕ
ਵੀ ਹੈਰਾਨ ਸਨ। ਮੰਡੈਲਾ ਨੇ ਰਾਬਿਨ ਟਾਪੂ ਦੇ ਜੇਲ੍ਹ ਅਧਿਕਾਰੀਆਂ ਦੇ ਨਾਲ
ਹੀ, ਉਨ੍ਹਾਂ ਪੁਲਿਸ ਅਫਸਰਾਂ ਨੂੰ ਵੀ ਬੁਲਾਇਆ ਹੋਇਆ ਸੀ, ਜਿਨ੍ਹਾਂ ਦੇ
ਤਸ਼ੱਦਦ ਦੀਆਂ ਕਹਾਣੀਆਂ ਲੋਕਾਂ ਨੂੰ ਭੁੱਲੀਆਂ ਨਹੀਂ ਸਨ। ਉਨ੍ਹਾਂ ਲੋਕਾਂ
ਵਿੱਚ ਵਿੰਨੀ ਅਤੇ ਉਸ ਦੀਆਂ ਸਾਥਣਾਂ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ
ਇਨ੍ਹਾਂ ਪੁਲਿਸ ਅਫਸਰਾਂ ਨੇ ਜ਼ਲੀਲ ਕਰਨ ਦੀ ਕੋਈ ਕਸਰ ਨਹੀਂ ਛੱਡੀ ਸੀ।
ਇਨ੍ਹਾਂ ਪੁਲਿਸ ਅਫਸਰਾਂ ਵਿੱਚ, ਸਾਵਨਪੋਲ ਅਤੇ ਗੇਰਟ ਵੀ ਬੈਠੇ ਸਨ,
ਜਿਨ੍ਹਾਂ ਵਿੰਨੀ ਨੂੰ ਕਈ ਦਿਨ ਤੇ ਤਿੰਨ ਰਾਤਾਂ ਅੱਖ ਝੱਪਕਣ ਵੀ ਨਹੀਂ
ਦਿੱਤੀ ਸੀ। ਜਿਹੜੇ ਵਿੰਨੀ ‘ਤੇ ਇਸ ਗੱਲ ਲਈ ਜ਼ੋਰ ਪਾਉਂਦੇ ਰਹੇ ਸਨ ਕਿ ਉਹ
ਮੰਡੈਲਾ ਨੂੰ ਤਲਾਕ ਦੇ ਦੇਵੇ ਤਾਂ ਉਸ ਨੂੰ ਪੁਲਿਸ ਨੌਕਰੀ ਨਾਲ ਸਾਰੇ
ਸੁੱਖ-ਸਹੂਲਤਾਂ ਦੇ ਦਿੱਤੀਆਂ ਜਾਣਗੀਆਂ। ਜਿਨ੍ਹਾਂ ਵਿੰਨੀ ਦੀ ਸਾਥਣ ਰੀਟਾ
ਨੂੰ ਨੰਗੀ ਕਰਕੇ ਤਸੀਹੇ ਦਿੱਤੇ ਸਨ ਕਿ ਉਹ ਵਿੰਨੀ ਦੇ ਬਰਖਿਲਾਫ ਬਿਆਨ ਦੇ
ਦੇਵੇ। ਲੋਕ ਅਤੇ ਨੌਜੁਆਨ, ਸਰਕਾਰ ਦੀ ਇਸ ਨੀਤੀ ਬਾਰੇ ਆਪਸ ਵਿੱਚ
ਕਾਨਾ-ਫੂਸੀ ਕਰ ਰਹੇ ਸਨ।
3.
ਸਾਬਕਾ ਰਾਸ਼ਟਰਪਤੀ ਡੀ। ਕਲੇਰਕ ਦੇ ਉਪ-ਰਾਸ਼ਟਰਪਤੀ ਬਣਨ ਦੀ ਖਬਰ ਜਦੋਂ
ਅਖਬਾਰਾਂ ਦੇ ਪਹਿਲੇ ਪੰਨਿਆਂ ‘ਤੇ ਛਪੀ ਤਾਂ ਮਜ਼ਦੂਰ ਯੂਨੀਅਨਾਂ,
ਵਿਦਿਆਰਥੀ ਯੂਨੀਅਨ, ਮਾਓਵਾਦੀ ਗੁਰੀਲਾ ਗਰੁੱਪ, ਅਫਰੀਕਾ ਕਮਿਊਨਿਸਟ ਪਾਰਟੀ
ਅਤੇ ਮੰਡੈਲਾ ਦੀ ਆਪਣੀ ਬਣਾਈ ਖਾੜਕੂ ਜਥੇਬੰਦੀ ‘ਓਮਖੰਟੋ’ ਵਿੱਚ ਖਲਬਲੀ
ਮੱਚ ਗਈ ਅਤੇ ਵਿਰੋਧ ਦਾ ਧੂੰਆਂ ਉੱਠਣ ਲੱਗਾ। ਉਹ ਸਮਝ ਰਹੇ ਸਨ ਕਿ ਅਫਰੀਕਨ
ਨੈਸ਼ਨਲ ਕਾਂਗਰਸ ਨੇ, ਸਾਡੀ ਸਹਾਇਤਾ ਨਾਲ ਚੋਣਾਂ ਜਿੱਤੀਆਂ ਅਤੇ ਸਾਡੇ
ਸਾਥੀਆਂ ਦੀਆਂ ਕੁਰਬਾਨੀਆਂ ਨਾਲ, ਮੰਡੈਲਾ ਰਾਸ਼ਟਰਪਤੀ ਦੀ ਕੁਰਸੀ ‘ਤੇ
ਬੈਠਾ ਹੈ। ਪਰ ਰਾਜ ਸੱਤਾ ਵਿੱਚ ਉਨ੍ਹਾਂ ਨੂੰ ਭਾਈਵਾਲ ਬਣਾ ਲਿਆ, ਜਿਨ੍ਹਾਂ
ਸਾਡਾ ਖ਼ੂਨ ਪੀਤਾ ਅਤੇ ਸਾਡਾ ਦਰਿਆਵਾਂ ਦੇ ਦਰਿਆ ਲਹੂ ਡੋਲ੍ਹਿਆ ਹੈ।
ਕੈਨੇਡੀਅਨ ਪੰਜਾਬੀ ਨਾਵਲਕਾਰ
ਨਛੱਤਰ ਸਿੰਘ ਗਿੱਲ ਨੇ ਸਾਊਥ ਅਫਰੀਕਾ ਦੇ ਲੋਕਾਂ ਵੱਲੋਂ ਲੜੀ ਗਈ ਆਜ਼ਾਦੀ
ਦੀ ਲੜਾਈ ਨੂੰ ‘ਕਾਲੀ ਹਨੇਰੀ’ ਨਾਮ ਹੇਠ ਇੱਕ ਨਾਵਲ ਦੇ ਰੂਪ ਵਿੱਚ
ਪ੍ਰਕਾਸਿ਼ਤ ਕਰਕੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਨਵਾਂ ਪ੍ਰਯੋਗ
ਕੀਤਾ ਹੈ।
ਚੰਗੇ ਪੰਜਾਬੀ ਨਾਵਲ ਪੜ੍ਹਨ ਦੇ
ਸ਼ੌਕੀਨ ਪੰਜਾਬੀ ਪਾਠਕਾਂ ਨੂੰ ਮੈਂ ‘ਕਾਲੀ ਹਨੇਰੀ’ ਨਾਵਲ ਪੜ੍ਹਣ ਦੀ
ਸਿ਼ਫਾਰਸ਼ ਕਰਦਾ ਹਾਂ। ਇਹ ਇੱਕ ਕਾਮਿਯਾਬ ਨਾਵਲ ਹੈ।
ਮਾਲਟਨ, ਨਵੰਬਰ 13, 2011
Sukhinder
Editor: SANVAD, Box 67089, 2300 Yonge St. Toronto ON M4P 1E0
Canada
Tel. (416) 858-7077 Email: poet_sukhinder@hotmail.com
|