|
ਪਦਮ ਸ੍ਰੀ ਨਾਵਲਕਾਰ
ਗੁਰਦਿਆਲ ਸਿੰਘ |
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਵੱਲੋਂ ਗੋਆ
ਵਿਖੇ 20 ਨਵੰਬਰ ਤੋਂ 30 ਨਵੰਬਰ 2012 ਤੱਕ ਕਰਾਏ 43ਵੇਂ ਅੰਤਰਰਾਸ਼ਟਰੀ
ਫ਼ਿਲਮ ਫ਼ੈਸਟੀਵਲ (ਇਫ਼ੀ) ਦੇ ਸਮਾਪਨ ਸਮਾਰੋਹ ਮੌਕੇ ਫ਼ੈਸਟੀਵਲ ਦੌਰਾਨ
ਪ੍ਰਦਰਸ਼ਤ ਫ਼ਿਲਮਾਂ ਵਿਚੋਂ ਦਿੱਤੇ ਪੁਰਸਕਾਰਾਂ ਵਿਚ ਵੱਕਾਰੀ ਸੁਨਹਿਰੀ ਮੋਰ
(ਗੋਲਡਨ ਪੀਕੌਕ) ਪੁਰਸਕਾਰ ਪਦਮ ਸ੍ਰੀ ਨਾਵਲਕਾਰ ਗੁਰਦਿਆਲ ਸਿੰਘ (ਗਿਆਨਪੀਠ
ਐਵਾਰਡੀ) ਦੇ ਨਾਵਲ ‘ਅੰਨੇ ਘੋੜੇ ਦਾ ਦਾਨ’ ਉਪਰ ਆਧਾਰਤ ਫ਼ਿਲਮ ਨੂੰ
ਦਿੱਤਾ ਗਿਆ ਹੈ। ਜਿਸ ਨੂੰ ਨੌਜਵਾਨ ਨਿਰਦੇਸ਼ਕ ਗੁਰਵਿੰਦਰ ਸਿੰਘ ਵੱਲੋਂ
ਨਿਰਦੇਸ਼ਤ ਕੀਤਾ ਗਿਆ ਹੈ ਅਤੇ ਸਟਰੀਟ ਥੀਏਟਰ ਰੰਗਕਰਮੀ ਸੈਮੂਅਲ ਜੌਨ ਨੇ ਇਸ
ਵਿਚ ਮੁੱਖ ਭੂਮਿਕਾ ਨਿਭਾਈ ਹੈ।
ਪੁਰਸਕਾਰ ਵਿਚ ਭਾਰਤ ਸਰਕਾਰ ਵੱਲੋਂ 20 ਲੱਖ ਰੁਪਏ ਦੀ ਰਾਸ਼ੀ ਸ਼ਾਮਲ ਹੈ।
ਇਸ ਪੁਰਸਕਾਰ ਲਈ ਦੌੜ ਵਿਚ ਸ਼ਾਮਲ 2 ਭਾਰਤੀ ਫ਼ਿਲਮਾਂ ਸਮੇਤ 15 ਵਿਦੇਸ਼ੀ
ਫ਼ਿਲਮਾਂ ਵਿਚੋਂ ‘ਅੰਨੇ ਘੋੜੇ ਦਾ ਦਾਨ’ ਇਕ ਸੀ। ਵਰਨਣਯੋਗ ਹੈ ਕਿ ਤਿੰਨ
ਰਾਸ਼ਟਰੀ ਪੁਰਸਕਾਰਾਂ ‘ਸਰਵੋਤਮ ਪੰਜਾਬੀ ਫ਼ਿਲਮ’, ‘ਸਰਵੋਤਮ ਨਿਰਦੇਸ਼ਕ’ ਅਤੇ
‘ਸਰਵੋਤਮ ਸਿਨੇਮੈਟੋਗ੍ਰਾਫ਼ੀ’ ਨਾਲ ਨਿਵਾਜੀ ਇਸ ਫ਼ਿਲਮ ਨੂੰ ਇਟਲੀ ਸਮੇਤ ਕਈ
ਮੁਲਕਾਂ ਵਿਚ ਹੋਏ ਫ਼ਿਲਮ ਮੇਲਿਆਂ ਦੌਰਾਨ ਅੰਤਰਰਾਸ਼ਟਰੀ ਪੁਰਸਕਾਰ ਵੀ ਮਿਲ
ਚੁੱਕੇ ਹਨ ਪਰ ਆਪਣੇ ਮੁਲਕ ਦੀ ਧਰਤੀ ’ਤੇ ਮਿਲੇ ਗੋਲਡਨ ਪੀਕੌਕ ਪੁਰਸਕਾਰ
ਨਾਲ ਪੰਜਾਬੀ ਮਾਂ ਬੋਲੀ ਦਾ ਕੱਦ ਹੋਰ ਉੱਚਾ ਹੋਇਆ ਹੈ।
|