|
ਅਜੀਤ ਕੌਰ |
(ਅਜੀਤ ਕੌਰ ਪੰਜਾਬੀ ਦੀ ਇਕ ਬੇਬਾਕ ਤੇ ਨਿਧੜਕ ਲੇਖ਼ਕਾ ਹੈ।
ਉਹ ਜੀਕੂੰ ਜਿਉਂਦੀ ਹੈ, ਤਿਵੇਂ ਹੀ ਲਿਖ਼ਦੀ ਹੈ।
ਦਿੱਲੀ ਦੀ ਗੁਰਬਤ ਅਤੇ ਭ੍ਰਿਸ਼ਟਾਚਾਰ ਅਤੇ ਆਮ ਤੌਰ 'ਤੇ ਦੇਸ ਦੇ
ਵਧ ਰਹੇ ਸੰਤਾਪ ਤੋਂ ਲੈ ਕੇ ਪੰਜਾਬ ਦੀ ਅੱਸੀਵਆਂ ਦੀ ਸਥਿਤੀ ਚੋਂ ਪੈਦਾ
ਹੋਏ ਦੁਖ਼ਾਂਤ ਤੀਕ ਉਸ ਦੀ ਕਲਮ ਨੇ ਬੜੀ ਸ਼ਿੱਦਤ ਨਾਲ਼ ਲੇਖ਼ ਅਤੇ ਕਹਾਣੀਆਂ
ਲਿਖ਼ੀਆਂ ਹਨ। ਦਿੱਲੀ ਵਿਚ ਹੋਏ ਸਿੱਖ਼
ਕਤਲੇਆਮ ਦਾ ਜ਼ਿਕਰ ਕਰਦਿਆਂ ਉਹ ਰੋ ਪਈ ਸੀ।
ਮੈਂ ਬੜੇ ਹੀ ਘੱਟ ਲੋਕਾਂ ਦੀਆਂ ਅੱਖਾਂ ਵਿਚ ਲੋਕਾਂ ਦੇ ਦਰਦ ਦੀ ਗੱਲ
ਕਰਦਿਆਂ ਖ਼ਾਰਾ ਪਾਣੀ ਵੇਖ਼ਿਆ ਹੈ। 'ਮੌਤ
ਅਲੀ ਬਾਬਾ ਦੀ' ਵਰਗੀ ਕਹਾਣੀ ਅਜੀਤ ਕੌਰ ਹੀ ਲਿਖ਼ ਸਕਦੀ ਹੈ।
ਪੰਜਾਬੀ ਵਿਚ ਦੋ ਲੇਖ਼ਕਾਂ ਦੀ ਵਾਰਤਕ ਬੇਰੋਕ ਤੇ ਪਹਾੜੋਂ ਡਿਗ ਰਹੇ
ਪਾਣੀ ਵਰਗੀ ਚੁਸਤ, ਤੇਜ਼ ਤੇ ਚੰਚਲ ਹੁੰਦੀ ਹੈ
- ਬਲਬੰਤ ਗਾਰਗੀ ਦੀ ਅਤੇ ਅਜੀਤ
ਕੌਰ ਦੀ। ਬਲਵੰਤ ਗਾਰਗੀ ਇਸ ਦੁਨੀਆਂ ਵਿਚ ਨਹੀਂ ਰਹੇ ਪਰ ਉਨ੍ਹਾਂ ਨੇ ਉਂਝ
ਵੀ ਆਪਣੇ ਆਖ਼ਰੀ ਵਰ੍ਹਿਆਂ ਵਿਚ ਬਹੁਤਾ ਕੁਝ ਨਹੀਂ ਸੀ ਲਿਖ਼ਿਆ।
ਅਜੀਤ ਕੌਰ ਵੀ ਕੁਝ ਸਮੇਂ ਤੋਂ ਖ਼ਾਮੋਸ਼ ਹੈ।
ਭਾਪਾ ਪ੍ਰੀਤਮ ਸਿੰਘ ਹੁਰਾਂ ਦੇ ਆਰਸੀ ਮੈਗ਼ਜ਼ੀਨ ਵਿਚ ਉਹ ਅਕਸਰ ਹੀ
ਛਪਿਆ ਕਰਦੀ ਸੀ। ਇੰਝ ਲਗਦਾ ਹੈ ਕਿ ਆਰਸੀ
ਦੇ ਬੰਦ ਹੁੰਦਿਆ ਤੇ ਭਾਪਾ ਪ੍ਰੀਤਮ ਸਿੰਘ ਦੇ ਟੁਰ ਜਾਣ ਪਿੱਛੋਂ ਜਿਵੇਂ
ਅਜੀਤ ਕੌਰ ਵੀ ਏਨੀ ਕਰਮਸ਼ੀਲ ਨਹੀਂ ਰਹੀ ਪਰੰਤੂ ਇਸ ਦਾ ਇਹ ਮਤਲਬ ਨਹੀਂ ਹੈ
ਕਿ ਅਸੀਂ ਉਨ੍ਹਾਂ ਦੇ ਪੰਜਾਬੀ ਸਾਹਿਤ ਨੂੰ ਦਿਤੇ ਭਰਪੂਰ ਯੋਗਦਾਨ ਨੂੰ
ਅਣਡਿੱਠ ਕਰ ਦੇਈਏ। ਗਾਰਗੀ ਜੀ ਮੇਰੇ ਵਧੀਆ
ਦੋਸਤ ਸਨ। ਇਸੇ ਤਰ੍ਹਾ ਅਜੀਤ ਕੌਰ ਵੀ ਹੈ ਭਾਵੇਂ ਕਿ ਹੁਣ ਇਕ ਮੁੱਦਤ ਤੋਂ
ਮੁਲਾਕਾਤ ਨਹੀਂ ਹੋਈ। ਮੈਂ ਵੀ ਬੜੀ ਦੇਰ ਤੋਂ ਇੰਡੀਆ ਨਹੀਂ ਗਿਆ ਤੇ ਅਜੀਤ
ਜੀ ਵੀ ਕਈਆਂ ਸਾਲਾਂ ਤੋਂ ਲੰਡਨ ਨਹੀਂ ਆਏ।
ਨਿਮਨਲਿਖ਼ਤ ਇੰਟਰਵਿਊ ਮੈਂ ਅਜੀਤ ਕੌਰ ਨਾਲ਼ ਅੱਸੀਵਿਆਂ ਵਿਚ ਆਪਣੇ ਘਰ ਲੰਡਨ
ਵਿਚ ਕੀਤੀ ਸੀ। ਅਜੀਤ ਕੌਰ ਬੜੀ ਦੇਰ ਤੋਂ
ਦਿੱਲੀ ਵਿਚ ਇਕੱਲੀ ਆਪਣੀ ਧੀ ਨਾਲ਼ ਰਹਿੰਦੀ ਹੈ।
'ਕੱਲੀ ਔਰਤ ਦੀ ਸਥਿਤੀ ਵਾਰੇ ਅਜੀਤ ਕੌਰ ਵਾਰੇ ਗਾਰਗੀ ਕਹਿੰਦਾ
ਹੈ, "ਅਜੀਤ ਕੌਰ ਇਕ ਖ਼ਾਲੀ ਪਲੌਟ ਵਰਗੀ
ਔਰਤ ਹੈ ਜਿਸ ੳਤੇ ਹਰ ਕੋਈ ਕਬਜ਼ਾ ਕਰਨਾ ਚਾਹੁੰਦਾ ਹੈ।" ਪਰ ਅਜੀਤ ਕੌਰ
ਆਪਣੀ ਜ਼ਾਤੀ ਜ਼ਿੰਦਗ਼ੀ ਦੀਆਂ ਦੁਸ਼ਵਾਰੀਆਂ ਨੂੰ ਇਕੱਲਿਆਂ ਹੀ ਬਿਨਾ ਕਿਸੇ
ਝਰੀਟ ਦੇ ਨਜਿੱਠਦੀ ਰਹੀ ਹੈ। ਉਸ ਦੀ ਇਕ
ਧੀ ਪੈਰਸ ਵਿਚ ਲੱਗੀ ਇਕ ਅੱਗ ਵਾਲੀ ਘਟਨਾ ਦੀ ਲਪੇਟ ਵਿਚ ਆ ਕੇ ਮਰ ਗਈ ਸੀ।
ਆਪਣੇ ਜਿਉਂਦਿਆਂ ਜੀਅ ਮਾਪੇ ਕਿੰਝ ਆਪਣੀ ਔਲਾਦ ਦੇ ਵਿਛੋੜੇ ਨੂੰ ਸਹਿੰਦੇ
ਹਨ, ਇਹ ਗੱਲ ਉਹੀ ਅਭਾਗੇ ਮਾਪੇ ਦੱਸ ਸਕਦੇ ਹਨ ਜਿਨ੍ਹਾਂ ਨਾਲ਼ ਇਹ ਘਟਨਾ
ਵਾਪਰੀ ਹੋਵੇ। ਖ਼ੈਰ ਅਜੀਤ ਕੌਰ ਦੀ ਦੂਜੀ ਬੱਚੀ ਅਰਪਨਾ ਇਕ ਵਧੀਆ ਆਰਟਿਸਟ
ਹੈ ਜਿਸ ਦੀ ਪਹਿਲੀ ਸ਼ਾਦੀ ਧੋਖ਼ਾਦਈ ਸੀ ਪਰ ਹੁਣ ਦੂਜੀ ਸ਼ਾਦੀ ਦੌਰਾਨ ਉਹ ਅਤੀ
ਖ਼ੁਸ਼ ਹੈ। ਅਜੀਤ ਕੌਰ ਦਾ ਦਾਮਾਦ ਪ੍ਰਸਿੱਧ
ਆਰਟਿਸਟ ਜਸਵੰਤ ਦਾ ਪੁੱਤਰ ਹੈ। ਇਸ
ਤਰ੍ਹਾਂ ਇਹ ਘਰ ਅਦੀਬਾਂ, ਕਲਾਕਾਰਾਂ, ਆਰਟਿਸਟਾਂ ਅਤੇ ਲੋਕ ਹਿਤੈਸ਼ੀ ਜੀਆਂ
ਦਾ ਘਰ ਹੈ। ਅਜੀਤ ਕੌਰ ਆਪਣੀਆਂ ਲੰਡਨ
ਫ਼ੇਰੀਆਂ ਦੌਰਾਨ ਹਮੇਸ਼ਾ ਮਿਲ਼ਦੀ ਹੈ। ਦਿੱਲੀ
ਜਾਈਏ ਤਾਂ ਵਧੀਆ ਸੁਆਗਤ ਕਰਦੀ ਹੈ। ਸਾਡੇ
ਘਰ ਲੰਡਨ ਆਉਂਦੀ ਹੈ ਤਾਂ ਆਪਣੇ ਹੀ ਘਰ ਵਾਂਗੂੰ। ਦਿੱਲੀਓਂ ਟੁਰਨ ਤੋਂ
ਪਹਿਲਾਂ ਹਮੇਸ਼ਾ ਮੇਰੀ ਬੀਵੀ ਯਸ਼ ਵਾਸਤੇ ਪੁਛੇਗੀ ਕਿ ਉਹ ਉਹਦੇ ਲਈ ਕਿਹੜੇ
ਗੋਟੇ ਕਿਨਾਰੀਆਂ ਵਾਲ਼ੀਆਂ ਚੁੰਨੀਆਂ, ਦੁਪੱਟੇ, ਲਹਿਰੀਏ ਤੇ ਸੂਟ ਲੈ ਕੇ
ਆਵੇ? ਜਦੋਂ ਲੰਡਨ ਆਉਂਦੀ ਹੈ ਤਾਂ ਸਾਹਿਤਕ ਹਲਕਿਆ ਵਿਚ ਹਲਚਲ ਮਚ ਜਾਂਦੀ
ਹੈ। ਮੈਂ ਉਸ ਨਾਲ਼ ਵਧੀਆ ਪਲ ਗ਼ੁਜ਼ਾਰੇ ਹਨ।
ਕੁਝ ਵਰ੍ਹੇ ਹੋਏ ਜਦੋਂ ਮੈਂ ਇੰਡੀਆ ਗਿਆ ਤਾਂ ਕਿਸੇ ਕਾਰਨ ਵਸ ਉਹਨੂੰ ਨਾ
ਮਿਲ ਸਕਿਆ। ਅਜੀਤ ਕੌਰ ਮੇਰੇ ਨਾਲ਼ ਰੁੱਸ
ਗਈ ਤੇ ਉਸ ਨੇ ਬਹੁਤ ਮਿਹਣੇ ਮਾਰੇ। ਇੱਦਾਂ
ਦੇ ਮਿਹਣੇ ਇਹੋ ਜਿਹੇ ਸੁਹਿਰਦ ਦੋਸਤ ਹੀ ਮਾਰ ਸਕਦੇ ਹਨ।
ਅਜੀਤ ਕੌਰ ਨੇ ਆਪਣੀ ਦੋਸਤੀ ਦਾ ਹੱਥ ਵਧਾ ਕੇ ਮੇਰੀ ਜ਼ਿੰਦਗ਼ੀ ਦੀ
ਅਮੀਰੀ ਨੂੰ ਵਧਾਇਆ ਹੈ। ਲ਼ਓ ਪੇਸ਼ ਹੈ
ਅੱਸੀਵਿਆ ਵਿਚ ਕੀਤੀ ਇਕ ਇੰਟਰਵਿਊ ਦੀਆਂ ਕੁਝ ਝਲਕੀਆਂ। ਮੈਂ ਇੱਦਾਂ ਦੀਆਂ
ਗੱਲਾਂ ਬਾਤਾਂ ਨੂੰ ਸਹਿਤਕ ਦਸਤਾਵੇਜ਼ਾਂ ਦਾ ਰੁਤਬਾ ਦਿੰਦਾ ਹਾਂ।
ਇਹ ਸਾਂਭ ਕੇ ਰੱਖ਼ਣ ਵਾਲੀਆਂ ਕਿਰਤਾਂ ਹਨ।
ਸਾਡੀਆਂ ਯੁਨੀਵਰਸਟੀਆਂ ਇਨ੍ਹਾਂ ਨੂੰ ਰੀਸਰਚ ਦਾ ਮਾਧਿਅਮ ਵੀ ਬਣਾ
ਸਕਦੀਆਂ ਹਨ। ਏਸ ਗ਼ੁਫ਼ਤਗ਼ੂ ਨੂੰ ਉਸ ਸਮੇਂ
ਨੂੰ ਸਾਹਮਣੇ ਰੱਖ ਕੇ ਹੀ ਪੜ੍ਹਿਆ ਜਾਵੇ।
-ਸਾਥੀ ਲੁਧਿਆਣਵੀ -1987)
ਸਾਥੀ: ਇਕ ਕਰੀਏਟਿਵ ਵਿਅਕਤੀ ਦਾ ਆਮ
ਤੌਰ 'ਤੇ ਕਹਿਣਾ ਹੁੰਦਾ ਹੈ ਕਿ ਆਪਣੇ ਕੰਮ ਵਿਚ ਉਨ੍ਹਾਂ ਨੂੰ ਸੰਪੂਰਨ
ਸੰਤੁਸ਼ਟਤਾ ਦਾ ਅਹਿਸਾਸ ਨਹੀਂ ਹੁੰਦਾ।
ਜਾਨੀ ਕਿ ਦੇਅਰ ਇਜ਼ ਨੋ ਸੱਚ ਥਿੰਗ ਐਜ਼ ਐਬਸੋਲਿਊਟ ਸੈਟਿਸਫ਼ੈਕਸ਼ਨ।
ਕੀ ਤੁਸੀਂ ਇਸ ਗੱਲ ਨਾਲ਼ ਸਹਿਮਤ ਹੋ?
ਅਜੀਤ: ਇਹ ਗੱਲ ਦਰੁਸਤ ਹੈ ਜੀ।
ਜੇ ਕੋਈ ਕਲਾਕਾਰ ਜਾਂ ਲੇਖ਼ਕ ਆਪਣੀ ਲਿਖ਼ਤ ਤੋਂ ਸੰਤੁਸ਼ਟ ਹੋ ਜਾਵੇ ਤਾਂ ਉਸ
ਦੇ ਅੱਗੇ ਵਧਣ ਦੇ ਚਾਂਸ ਬਹੁਤ ਘੱਟ ਹੁੰਦੇ ਹਨ।
ਐਬਸੋਲਿਊਟ ਸੈਟਿਸਫ਼ੈਕਸ਼ਨ ਕਦੇ ਹੁੰਦੀ ਹੀ ਨਹੀਂ।
ਸੰਤੁਸ਼ਟਤਾ ਨੂੰ ਸਵੀਕਾਰ ਕਰਨ ਵਾਲ਼ੇ ਲੇਖ਼ਕ ਖ਼ੜੋ ਜਾਂਦੇ ਹਨ। ਤੁਸੀਂ
ਵੀ ਲਿਖ਼ਦੇ ਹੋ। ਤੁਹਾਨੂੰ ਵੀ ਤਾਂ ਪਤਾ ਹੀ
ਹੈ ਕਿ ਇਕ ਇਕ ਲਿਖ਼ਤ ਨੂੰ ਘੜੀ ਘੜੀ ਪੜ੍ਹ ਕੇ ਦਰੁਸਤ ਕਰਨਾ ਪੈਂਦਾ ਹੈ।
ਭਾਵ ਕਿ ਪਹਿਲੇ ਲਿਖ਼ੇ ਉਤੇ ਤੁਹਾਡੀ ਤਸੱਲੀ ਨਹੀਂ ਹੈ।
ਮੈਂ ਜੋ ਲਿਖ਼ਦੀ ਹਾਂ, ਉਸ ਨੂੰ
ਵਾਰ ਵਾਰ ਪੜ੍ਹਦੀ ਹਾਂ। ਜੇਕਰ ਲਿਖ਼ਿਆ
ਹੋਇਆ ਚੰਗਾ ਲੱਗੇ ਤਾਂ ਤਸੱਲੀ ਮਿਲ਼ਦੀ ਹੈ ਤੇ ਛਪਣ ਵਾਸਤੇ ਭੇਜ ਦਿੰਦੀ ਹਾਂ
ਵਰਨਾ ਪਾੜਕੇ ਸੁੱਟ ਦਿੰਦੀ ਹਾਂ। ਕਈ ਵੇਰ
ਆਪਣਾ ਹੀ ਲਿਖ਼ਆ ਹੋਇਆ ਜਦੋਂ ਇਕ ਮੁੱਦਤ ਬਾਅਦ ਪੜ੍ਹਦੀ ਹਾਂ ਤਾਂ ਸੋਚਦੀ
ਹਾਂ ਕਿ ਆਪਾਂ ਤਾਂ ਇਸ ਤੋਂ ਬਹੁਤ ਅੱਗੇ ਲੰਘ ਗਏ ਹਾਂ।
ਅੱਗੇ ਅੱਗੇ ਲਿਖ਼ਣ ਦੀ ਭੂੱਖ ਲਗਦੀ ਰਹਿੰਦੀ ਹੈ ਮੈਨੂੰ।
ਸਾਥੀ: ਅਜੀਤ ਜੀ ਇਹ ਗੱਲ ਤੁਹਾਡੀ ਦਰੁਸਤ ਹੈ ਕਿ ਜਦੋਂ ਆਪਣੀ ਹੀ
ਲਿਖ਼ੀ ਹੋਈ ਚੀਜ਼ ਇਕ ਮੁੱਦਤ ਬਾਅਦ ਪੜ੍ਹੋ ਤਾਂ ਅਹਿਸਾਸ ਹੁੰਦਾ ਹੈ ਕਿ ਅਸੀਂ
ਤਾਂ ਇਸ ਗੱਲ ਤੋਂ ਬਹੁਤ ਅੱਗੇ ਲੰਘ ਗਏ ਹਾਂ।
ਇਤਿਹਾਸ ਦਾ ਕੰਮ ਹੈ ਅੱਗੇ ਹੀ ਅੱਗੇ ਵਧਦੇ ਰਹਿਣਾ। ਜਿਸ ਲੇਖ਼ਕ
ਨੂੰ ਹੋਰ ਹੋਰ ਲਿਖ਼ਣ ਦੀ ਭੁੱਖ਼ ਨਾ ਲੱਗੇ ਉਹਨੂੰ ਸ਼ਇਦ ਕੋਈ ਹੋਰ ਕੰਮ ਕਰ
ਲੈਣਾ ਚਾਹੀਦਾ ਹੈ। ਅਜੀਤ,
ਕਦੇ ਕੁਝ ਲਿਖ਼ ਕੇ ਤੁਹਾਨੂੰ ਇਸ ਵਾਰੇ ਰੀਗਰੈਟ ਵੀ ਹੋਇਆ ਹੈ? ਕੀ ਤੁਸੀਂ
ਕਦੇ ਏਦਾਂ ਵੀ ਸੋਚਿਆ ਹੈ ਕਿ ਮੈਨੂੰ ਇਸ ਗੱਲ ਨੂੰ ਏਦਾਂ ਨਹੀਂ ਸੀ ਕਹਿਣਾ
ਚਾਹੀਦਾ। ਕਈ ਵੇਰ ਅਸੀਂ ਤੱਤੇ ਘਾਅ ਅਜਿਹੀਆਂ ਗੱਲਾਂ ਲਿਖ਼ ਜਾਂਦੇ ਹਾਂ
ਜਿਨ੍ਹਾਂ ਵਾਰੇ ਸਾਨੂੰ ਬਾਅਦ ਵਿਚ ਪਛਤਾਵਾ ਹੋ ਸਕਦਾ ਹੁੰਦਾ ਹੈ।
ਅਜੀਤ: ਨਹੀਂ, ਮੈਨੂੰ ਆਪਣੇ ਲਿਖ਼ੇ ਉਤੇ ਕੋਈ ਰੀਗਰੈਟ ਨਹੀਂ
ਹੈ। ਹਾਂ ਜੇ ਕੋਈ ਮਾੜਾ ਲਿਖ਼ਿਆ ਗਿਆ ਹੋਵੇ ਤਾਂ ਉਹਦਾ ਰੀਗਰੈਟ ਜ਼ਰੂਰ
ਹੁੰਦੈ ਕਿ ਮੈਂ ਸੋਚਾਂ ਕਿ ਐਹ ਗੱਲ ਮੈਨੂੰ ਸ਼ਾਇਸਤਗ਼ੀ ਦੇ ਤੌਰ 'ਤੇ ਨਹੀਂ
ਸੀ ਕਰਨੀ ਚਾਹੀਦੀ ਕਿਉਂਕਿ ਸ਼ਾਇਸਤਗ਼ੀ ਨਾਂ ਦੀ ਚੀਜ਼ ਮੇਰੇ ਨਜ਼ਦੀਕ ਕੁਝ
ਨਹੀਂ। ਜਿਹੜਾ ਮੇਰੇ ਅੰਦਰਲਾ ਹਾਂਹ ਕਰਦੈ ਉਹੋ ਮੇਰੇ ਲਈ ਸ਼ਾਇਸਤਗ਼ੀ ਹੈ
ਸਾਥੀ ਜੀ। ਕਈ ਸ਼ਾਇਰ ਇਹੋ ਰੋਈ ਜਾ ਰਹੇ ਨੇ ਕਿ ਜੀ ਸਮਾਜ ਨੇ ਮੇਰਾ ਆਹ ਕਰ
ਦਿੱਤੈ ਤੇ ਔਹ ਕਰ ਦਿੱਤੈ। ਪਰ ਸਮਾਜ ਹੈ ਕੀ? ਤੁਸੀਂ ਤੇ ਮੈਂ ਹੀ ਸਮਾਜ
ਹਾਂ ਜਾਂ ਕੁਝ ਕੁ ਹੋਰ ਲੋਕ। ਇਹ ਲੋਕ ਵੀ ਗਿਣਤੀ ਦੇ ਹੀ ਨੇ। ਹਰ ਕੋਈ ਇਸ
ਗਿਣਤੀ ਵਿਚ ਸ਼ਾਮਲ ਨਹੀਂ ਹੋ ਸਕਦਾ। ਰਿਸ਼ਤੇਦਾਰ ਵੀ ਸਾਰੇ ਨਹੀਂ। ਦੋਸਤ ਵੀ
ਚੋਣਵੇਂ ਜਿਹੇ ਤੇ ਇਸ ਘੇਰੇ ਵਿਚ ਤੁਸੀਂ ਆਪ ਖ਼ੜੋਤੇ ਹੋ। ਆਪਣਿਆਂ ਦਾ ਇਹ
ਘੇਰਾ ਬੜਾ ਵਿਸ਼ੇਸ਼ ਹੁੰਦਾ ਹੈ। ਫੇਰ ਇਸ ਤੋਂ ਬਾਹਰ ਵੀ ਇਕ ਘੇਰਾ ਹੁੰਦਾ
ਹੈ। ਤੁਹਾਡੇ ਆਂਢ ਗੁਆਂਢ ਵਾਲ਼ੇ ਲੋਕ। ਸਾ ਸਰੀ ਅਕਾਲਾਂ ਵਾਲ਼ੇ ਦੋਸਤ ...।
ਸਾਥੀ: ..ਤੇ ਜਾਹਲੀ ਮੁਸਕਾਨਾਂ ਵਾਲ਼ੇ ਦੋਸਤ?
ਅਜੀਤ:(ਖ਼ੁੱਲ ਕੇ ਹਸਦਿਆਂ) ਉਹ ਬਿਲਕੁਲ ਮੈਟਰ ਨਹੀਂ ਜੇ ਕਰਦੇ।
ਤੁਹਾਡਾ ਨੇੜਲਾ ਘੇਰਾ ਹੀ ਮੈਟਰ ਕਰਦਾ ਹੈ। ਤੁਹਾਡੇ ਵਿਚਾਰਾਂ ਨੂੰ
ਢਾਹੁੰਦਾ ਬਣਾਉਂਦਾ ਹੈ। ਬਸ ਪਿਆਰੇ ਇਹੋ ਸਮਾਜ ਹੈ।
ਸਾਥੀ: ਮੈਂ ਆਪਣੇ ਸੁਆਲ ਵੱਲ ਫਿਰ ਆਉਨਾਂ ਕਿ ਕੀ ਤੁਸੀਂ ਕਦੇ ਏਦਾਂ
ਵੀ ਸੋਚਿਆ ਕਿ ਇਹ ਗੱਲ ਮੈਨੂੰ ਇੰਜ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਉਸ
ਵੇਲੇ ਮੈਂ ਸ਼ਾਇਦ ਭਾਬੁਕ ਹੋ ਕੇ ਇੰਝ ਸੋਚ ਲਿਆ ਸੀ?
ਅਜੀਤ: ਨਹੀਂ ਮੈਂ ਭਾਬੁਕ ਹੋ ਕੇ ਨਾ ਕਿਸੇ ਨਾਲ਼ ਲੜਨੀ ਆ ਤੇ
ਨਾ ਹੀ ਭਾਬੁਕ ਹੋਕੇ ਕਿਸੇ ਦੀ ਦੋਸਤ ਹੀ ਬਣਦੀ ਹਾਂ। ਮੈਂ ਇੰਝ ਭਾਬੁਕ
ਹੋਕੇ ਬਾਅਦ ਵਿਚ ਪਛਤਾਉਣਾ ਨਹੀਂ ਚਾਹੁੰਦੀ। ਮੈਂ ਲਿਖ਼ਦੀ ਵੀ ਭਾਬੁਕ ਹੋ ਕੇ
ਨਹੀਂ ਹਾਂ। ਕਈ ਲੋਕ ਕਹਿੰਦੇ ਨੇ ਕਿ "ਲਹੂ ਦੇ ਚੁਬੱਚੇ ਮੈਂ ਭਾਬੁਕ ਹੋ ਕੇ
ਲਿਖ਼ਿਐ ਤੇ ਇਹ ਤੇਰਾ ਗ਼ਲਤ ਨਜ਼ਰੀਆ।" ਪਰ ਮੈਂ ਉਸਨੂੰ ਜਦੋਂ ਹੁਣ ਪੜ੍ਹਨੀ ਆਂ
ਤਾਂ ਉਸ ਵਿਚ ਉੱਨੀ ਹੀ ਕਸਕ ਹੈ। ਉਸ ਵੇਲੇ ਦੀ ਪੀੜ ਮੇਰੇ ਦਿਲ ਵਿਚ ਅਜੇ
ਵੀ ਹੈ। ਉਸ ਵਿਚ ਮੈਨੂੰ ਇਕ ਵੀ ਲਫ਼ਜ਼ ਵਾਧੂ ਨਹੀਂ ਜੇ ਲਗਦਾ। ਉਸ ਵਿਚ ਮੈਂ
ਇਕ ਥਾਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਲਿਖ਼ਿਆ ਹੋਇਆ ਸੀ।
ਦਰਅਸਲ ਸਾਥੀ ਸਾਹਿਬ ਉਹ ਮਾਰਕ ਔਫ਼ ਐਕਸਕਲਾਮੇਸ਼ਨ ਵਿਚ ਸੀ ਜਿਹੜਾ ਪ੍ਰਿਟਿੰਗ
ਦੀ ਗ਼ਲਤੀ ਨਾਲ਼ ਰਹਿ ਗਿਆ ਸੀ। ਉਸ ਦਾ ਭਾਵ ਇਹ ਸੀ ਕਿ ਮੈਨੂੰ ਨਹੀਂ ਸੀ ਪਤਾ
ਕਿ ਜਰਨੈਲ ਸਿੰਘ ਸ਼ਹੀਦ ਵੀ ਸੀ ਕਿ ਨਹੀਂ ਲੇਕਿਨ ਇਕ ਗੱਲ ਜ਼ਰੂਰ ਸੀ ਕਿ ਉਹ
ਬੰਦਾ ਮੈਦਾਨ ਚੋਂ ਭੱਜਿਆ ਨਹੀਂ ਸੀ। ਲੋਕੀਂ ਬੜੇ ਭੱਜੇ ਉਸ ਵੇਲੇ ਪਰ ਉਹ
ਨਹੀਂ ਸੀ ਭੱਜਿਆ। ਉਸ ਨਾਲ਼ ਚਾਲ਼ੀ ਪੰਜਾਹ ਬੰਦੇ ਹੋਰ ਵੀ ਸਨ। ਉਹ ਵੀ ਨਹੀਂ
ਸਨ ਭੱਜੇ।
ਸਾਥੀ: ਖ਼ੁਸ਼ਵੰਤ ਸਿੰਘ ਨੇ ਇਕ ਵੇਰ ਇਕ ਥਾਂ ਲਿਖ਼ਿਆ ਸੀ ਕਿ ਸੰਤ
ਜਰਨੈਲ ਸਿੰਘ ਭਿੰਡਰਾਵਾਲ਼ਾ ਇਕ ਸਿੱਖ ਵਾਂਗੂੰ ਜੀਵਿਆ ਤੇ ਇਕ ਸਿੱਖ ਵਾਂਗੂੰ
ਹੀ ਮਰਿਆ ਸੀ। ਤੁਹਾਡੇ ਵਿਚਾਰ ਕੀ ਨੇ?
ਅਜੀਤ: ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ। ਉਸ ਵੇਲੇ ਕੁਝ ਪਤਾ
ਨਹੀਂ ਸੀ ਕਿ ਜਰਨੈਲ ਸਿਘ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਸਨ। ਜੇ
ਮੈਂ ਪੌਲਟੀਸ਼ੀਅਨ ਹੁੰਦੀ ਤਾਂ ਜ਼ਰੂਰ ਜਾਣ ਜਾਂਦੀ ਕਿ ਇਹ ਫ਼ੋਰਸਜ਼ ਕਿਹੜੀਆਂ
ਨੇ? ਭਿੰਡਰਾਂਵਾਲ਼ੇ ਦੀ ਨਾ ਭੱਜਣ ਵਾਲ਼ੀ ਗੱਲ ਦੀ ਮੈਂ ਪ੍ਰਸੰਸਕ ਹਾਂ ਪਰ
ਜੇਕਰ ਉਹਦੀਆਂ ਟੇਪਾਂ ਸੁਣੋ ਤਾਂ ਉਸ ਵਿਚੋਂ ਕਿਧਰੇ ਕਿਧਰੇ ਹੰਕਾਰ ਅਤੇ
ਹਿਕਾਰਤ ਦੀ ਬੂਅ ਆਉਂਦੀ ਹੈ। ਹੰਕਾਰ ਅਤੇ ਹਿਕਾਰਤ ਸਿਖ਼ਿਜ਼ਮ ਦੇ ਖ਼ਿਲਾਫ਼ ਹੈ।
ਸਾਥੀ: ਜਾਨੀ ਕਿ ਗੁਰਬਾਣੀ ਦੇ ਵਿਪਰੀਤ ਹੈ।
ਅਜੀਤ: (ਆਪਣੇ ਹੀ ਰੌਂਅ ਵਿਚ) ਸਮਝ ਨਹੀਂ ਆਉਂਦੀ ਕਿ ਅਸੀਂ
ਸਿੱਖ ਧਰਮ ਚੋਂ ਰੂੜ੍ਹੀਵਾਦ ਭਾਵ ਡੌਗਮਾਜ਼ ਐਂਡ ਰਿਚੁਅਲਜ਼ ਤੇ ਰਹੁ ਰੀਤਾਂ
ਕਿਉਂ ਨਹੀਂ ਕੱਢ ਸਕਦੇ? ਮੈਨੂੰ ਬੜਾ ਅਜੀਬ ਲਗਦੈ ਜੇਕਰ ਕਿਧਰੇ ਦਰਬਾਰ
ਸਾਹਿਬ ਦਾ ਪ੍ਰਕਾਸ਼ ਹੋਇਆ ਹੋਇਆ ਹੋਵੇ ਤੇ ਅੱਗੇ ਪਿੱਤਲ ਦੇ ਫ਼ੂਲਦਾਨਾਂ ਵਿਚ
ਕਾਗ਼ਜ਼ ਦੇ ਫ਼ੁੱਲ ਪਏ ਹੋਣ, ਜਰੀਆਂ ਤੇ ਗੋਟੇ ਕਿਨਾਰਿਆਂ ਵਾਲ਼ੇ ਹਾਰ ਚੜ੍ਹਾਏ
ਹੋਏ ਹੋਣ। ਸਾਰੀ ਭਗਤੀ ਲਹਿਰ ਵਿਚ ਰੱਬ ਨਾਲ਼ ਆਸ਼ਕ ਅਤੇ ਮਸ਼ੂਕ ਦਾ ਰਿਸ਼ਤਾ
ਬਣਾਇਆ ਹੋਇਆ ਹੈ। ਜੇਕਰ ਉਹ ਸਾਡਾ ਆਸ਼ਕ ਹੈ ਤਾਂ ਉਸ ਕੋਲ਼ ਅਸੀਂ ਕੇਵਲ ਇਕ
ਗ਼ੁਲਾਬ ਦਾ ਫ਼ੁੱਲ ਹੀ ਲੈ ਕੇ ਕਿਉਂ ਨਹੀਂ ਜਾ ਸਕਦੇ? ਜੇਕਰ ਅਸੀਂ ਝਾਲਰਾਂ
ਅਤੇ ਚਮਕੀਲੀਆਂ ਚੀਜ਼ਾਂ ਨੂੰ ਛੱਡ ਕੇ ਸਿੱਖ਼ਿਜ਼ਮ ਦਾ ਤੱਤ ਕੱਢੀਏ ਉਹ ਤਾਂ
ਹਮਸਾਇਗੀ ਤੇ ਭਰੱਪਣ ਦਾ ਤੱਤ ਹੈ। ਉਹ ਤਾਂ ਕਮਿਉਨਿਜ਼ਮ ਦਾ ਤੱਤ ਹੈ।
ਸਾਥੀ: ਅਸੀਂ ਸਾਰੇ ਜਾਣਦੇ ਹਾਂ ਕਿ ਸਿਖ ਧਰਮ ਇਕ ਰੀਫ਼ੌਰਮਿਸਟ ਧਰਮ
ਹੈ। ਇਹ ਸਾਰੇ ਉਸ ਵੇਲੇ ਦੇ ਧਰਮਾਂ ਦਾ ਨਿਚੋੜ ਹੈ। ਇਹ ਇਕ ਸਾਇੰਟਿਫ਼ਿਕ
ਧਰਮ ਹੈ। ਰੈਸ਼ਨਾਲਿਟੀ ਤੇ ਬੇਸਡ ਹੈ ਇਹ। ਰੀਜ਼ਨ ਇਸ ਦਾ ਧੁਰਾ ਹੈ।
ਰੁਹਾਨੀਅਤ ਵੀ ਹੈ ਪਰ ਇਸ ਦੇ ਨਾਲ਼ ਨਾਲ਼ ਇਸ ਵਿਚ ਮਾਰਕਜ਼ਿਜ਼ਮ ਦੀ ਤਕੜੀ ਛੁਹ
ਹੈ।
ਅਜੀਤ: ਛੁਹ ਨਹੀਂ ਇਸ ਵਿਚ ਅੱਧਿਓਂ ਵੱਧ ਮਾਰਕਸਵਾਦ ਹੈ।
ਜਿਹੜੀ ਗੱਲ ਲੈਨਿਨ ਬਾਅਦ ਵਿਚ ਕਹੀ ਸੀ ਉਹ ਸਾਡੇ ਗੁਰੂਆਂ ਨੇ ਕਈ ਸੌ ਸਾਲ
ਪਹਿਲਾਂ ਕਹਿ ਦਿੱਤੀ ਸੀ। ਗਾਂਧੀ ਜੀ ਨੇ ਵੀ ਜੋ ਕੁਝ ਬਾਅਦ ਵਿਚ ਕਿਹਾ ਉਹ
ਵੀ ਗਰਬਾਣੀ ਵਿਚ ਹੈ। ਗਾਂਧੀ ਨੂੰ ਅਸੀਂ 'ਫਾਦਰ ਔਫ਼ ਦਾ ਨੇਸ਼ਨ' ਕਹਿਨੇ ਆਂ।
ਗਾਂਧੀ ਨੇ ਅਛੂਤਾਂ ਨਾਲ਼ ਵਿਤਕਰਾ ਨਾ ਕਰਨ ਵਾਰੇ ਕਿਹਾ। ਗੁਰੂਆਂ ਨੇ ਲੰਗਰ
ਦੀ ਪ੍ਰਥਾ ਰਾਹੀਂ ਇਹ ਗੱਲ ਕਈ ਸੌ ਸਾਲ ਪਹਿਲਾਂ ਕਰ ਵਿਖ਼ਾਈ ਸੀ। ਜਾਤ ਪਾਤ
ਅਤੇ ਊਚ ਨੀਚ ਨੂੰ ਉਨ੍ਹਾਂ ਨੇ ਸਲੇਟ ਪੂੰਝਣ ਵਾਂਗ ਖ਼ਤਮ ਕਰਨ ਦਾ ਯਤਨ ਕੀਤਾ
ਸੀ। ਬਹੁਤੀ ਛੂਆ ਛਾਤ ਖ਼ਾਣ ਪੀਣ ਵਿਚ ਹੁੰਦੀ ਹੈ। ਇਕ ਲਾਈਨ ਵਿਚ ਨਾਲੋ ਨਾਲ
ਭੈਠ ਕੇ ਖ਼ਾਣ ਪੀਣ ਪਿੱਛੇ ਇਹੋ ਤਾਂ ਭਾਵਨਾ ਸੀ। ਗੁਰੂ ਨਾਨਕ ਦੇਵ ਜੀ ਨੇ
ਕਿਹੈ: ਦੇ ਕੇ ਚੌਂਕਾ ਕੱਢੀ ਘਾਰ, ਉਪਰ ਆਏ ਬੈਠੇ ਘੁਮਿਆਰ।
ਤੇ ਮੱਤ ਭਿੱਟੇ ਵੇ ਮੱਤ ਭਿੱਟੇ ਇਹ ਅੰਨ ਅਸਾਡਾ ਭਿੱਟੇ।
ਇਹ ਬੜੀਆਂ ਪ੍ਰਗਤੀਵਾਦੀ ਗੱਲਾਂ ਸਨ। ਪੰਜ ਹਜ਼ਾਰ ਸਾਲ ਪੁਰਾਣੀਆਂ ਰਹੁ
ਰੀਤਾਂ ਤੇ ਮੰਨੂੰ ਦਾ ਜਾਤਾਂ ਪਾਤਾਂ ਪੈਦਾ ਕਰਕੇ ਕੀਤਾ ਗਿਆ ਖ਼ਰਾਬ ਕੰਮ
ਗੁਰੂਆਂ ਨੇ ਠੀਕ ਕੀਤਾ ਜਾਂ ਕਰਨ ਦਾ ਯਤਨ ਕੀਤਾ। ਸਿੱਖ਼ ਧਰਮ ਇਕ ਇਨਕਲਾਬੀ
ਧਰਮ ਹੈ। ਅਸੀਂ ਸਿੱਖ਼ ਹੁਦੇ ਹੋਏ ਵੀ ਚੰਗੀਆਂ ਗੱਲਾਂ ਵੱਲ ਨਹੀਂ ਜਾਂਦੇ।
ਇਹ ਇਕ ਦੁਖ਼ਾਂਤ ਹੈ।
ਸਾਥੀ: ਇਹਦਾ ਕਈ ਵੇਰ ਸਿੱਟਾ ਇਹ ਵੀ ਨਿਕਲਿਆ ਹੈ ਕਿ ਸਿੱਖ਼ ਧਰਮ
ਚੋਂ ਕਈ ਹੋਰ ਲਹਿਰਾਂ ,ਗੁਰੂਡੰਮ,ਫ਼ਿਰਕੇ ਅਤੇ ਡੇਰੇਵਾਦ ਨਿਕਲ ਆਏ ਹਨ
ਜਿਨ੍ਹਾਂ ਕਰਕੇ ਕਈ ਵੈਰ ਵਿਰੋਧ ਪੈਦਾ ਹੋ ਗਏ ਹਨ।
ਅਜੀਤ: ਇਨ੍ਹਾਂ ਵੈਰ ਵਿਰੋਧਾਂ ਪਿੱਛੇ ਕਈ ਵੇਰ ਸਿਆਸੀ ਤਾਕਤਾਂ
ਵੀ ਕੰਮ ਕਰਦੀਆਂ ਹਨ ਤੇ ਵੱਖ਼ਰੀਆਂ ਲਹਿਰਾਂ ਆਦਿ ਤਾਂ ਹੈਨ ਹੀ। ਮੈਂ ਇਹ
ਗੱਲ ਲਿਖ਼ੀ ਵੀ ਕਿ ਜਿਹੜਾ ਸਿੱਖ਼ ਪੰਜਾਬ ਵਿਚ ਬੱਸਾਂ ਵਿਚੋਂ ਕੱਢ ਕੇ ਕਿਸੇ
ਹਿੰਦੂ ਨੂੰ ਮਾਰਦੈ ਉਹ ਸਿੱਖ਼ੀ ਦਾ ਵਿਰੋਧ ਕਰਦੈ। ਉਹਨੂੰ ਭਾਈ ਘਨੱਈਆ ਦੀ
ਉਹ ਸਾਖ਼ੀ ਯਾਦ ਕਰਨੀ ਚਾਹੀਦੀ ਹੈ ਜਿਸ ਵਿਚ ਉਹ ਸਿੱਖ਼ਾਂ ਨੂੰ ਵੀ ਤੇ ਜ਼ਖ਼ਮੀ
ਹੋਏ ਦੁਸ਼ਮਣਾਂ ਨੂੰ ਵੀ ਆਪਣੀ ਮਸ਼ਕ ਵਿਚੋਂ ਪਾਣੀ ਪਿਲਾਉਂਦਾ ਹੈ ਤੇ ਦਲੀਲ
ਦਿੰਦਾ ਹੈ ਕਿ ਮੈਨੂੰ ਹਰ ਬੰਦੇ ਵਿਚੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ
ਚਿਹਰਾ ਨਜ਼ਰ ਆਉਂਦਾ ਹੈ।
ਸਾਥੀ: ਕਈ ਘਟਨਾਵਾਂ ਅਜੇ ਤੀਕ ਅਸਪਸ਼ਟ ਹਨ ਕਿਉਂਕਿ ਹੁਣ ਹੋਰ ਕਈ
ਧਿਰਾਂ ਇਹਨਾਂ ਕਹਿਰਾਂ ਵਿਚ ਮੁਲੱਵਸ ਹੋ ਗਈਆਂ ਹਨ। ਘੱਟ ਪੁਲੀਸ ਨੇ ਵੀ
ਨਹੀ ਕੀਤੀ ਤੇ ਕੁਝ ਗਰਮ ਖੂਨ ਵਾਲੇ ਲੋਕੀਂ ਵੀ ਨਿਰਦੋਸ਼ ਨਹੀਂ ਸਨ। ਇਹ
ਘਿਨੌਣਾ ਦੌਰ ਪੰਜਾਬ ਦੀ ਹਿਸਟਰੀ ਵਿਚ ਸਦਾ ਲਈ ਇਕ ਧੱਬਾ ਬਣ ਗਿਆ ਹੈ। ਉਸ
ਵੇਲੇ ਦੁਸ਼ਮਣ ਦੀ ਸ਼ਨਾਖ਼ਤ ਆਸਾਨ ਨਹੀਂ ਸੀ।
ਅਜੀਤ: ਮੈਂ ਸਿਰਫ਼ ਇਕ ਵਾਕਿਆ ਦਾ ਜ਼ਿਕਰ ਕੀਤੈ ਜਿਹੜਾ ਸਭ ਤੋਂ
ਪਹਿਲਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਪਾਰਟਿਕੁਲਰ ਕਮਿਉਨਿਟੀ ਨੂੰ
ਮਾਰਿਆ ਗਿਆ। ਲੇਕਿਨ ਉਸ ਤੋਂ ਬਾਅਦ ਅਗਰ ਰੇਸ਼ੋ ਕੱਢੀ ਜਾਵੇ ਤਾਂ ਸਿੱਖਾਂ
ਦੀ ਜ਼ਿਆਦਾ ਹੈ। ਇਸ ਕਰਕੇ ਇਹ ਕਹਿਣਾ ਗ਼ਲਤ ਹੋਵੇਗਾ ਕਿ ਸਿੱਖ਼ ਹਿੰਦੂਆਂ ਨੂੰ
ਮਾਰ ਰਹੇ ਹਨ। ਇਹ ਬਹੁਤ ਵੱਡੀ ਸਾਜ਼ਸ਼ ਹੈ - ਇਕ ਸਿਅਸੀ ਸਾਜ਼ਸ਼। ਇਸ ਅਧੀਨ
ਕੌਣ ਕਿਹਨੂੰ ਮਾਰ ਰਿਹੈ? ਇਹ ਗੱਲ ਅਸਪਸ਼ਟ ਹੈ ਤੇ ਹਨ੍ਹਰੇ ਵਿਚ ਹੈ।
ਪੁਲਿਟੀਕਲ ਫ਼ਾਸ਼ੀ ਤਾਕਤਾਂ ਆਪਣੀ ਗੱਦੀ ਦੀ ਕਾਇਮੀ ਲਈ ਇਹ ਸੱਭ ਕੁਝ ਕਰਵਾ
ਰਹੀਆਂ ਲਗਦੀਆ ਹਨ।
ਸਾਥੀ: ਆਓ ਇਕ ਹੋਰ ਗੱਲ ਵੱਲ ਆਈਏ। ਅੰਮ੍ਰਤਾ ਪ੍ਰੀਤਮ ਸਾਡੀ ਇਕ
ਸਿਰਮੌਰ ਲੇਖ਼ਿਕਾ ਹੈ। ਜਦੋਂ ਅਸੀਂ ਛੋਟੇ ਛੋਟੇ ਸਾਂ ਉਦੋਂ ਦੇ ਹੀ ਅਸੀਂ
ਉਨ੍ਹਾਂ ਦੇ ਪਾਠਕ ਹਾਂ। ਮੈਨੂੰ ਤਾਂ ਇਸ ਗੱਲ ਦਾਂ ਸ਼ਰਫ਼ ਵੀ ਹਾਸਲ ਹੈ ਕਿ
ਉਨ੍ਹਾਂ ਨੇ ਮੇਰੀਆਂ ਲਿਖ਼ਤਾਂ ਦਾ ਨੋਟਿਸ ਲਿਆ ਤੇ ਭਰਪੂਰ ਪਿਆਰ ਵੀ ਦਿੱਤਾ।
ਪਰ ਆਪਾਂ ਜਰਨਾਲਿਸਟਿਕ ਪਰਸਪੈਕਟਿਵ ਤੋਂ ਗੱਲ ਕਰਦੇ ਹਾਂ ਕਿ ਇਹੋ ਜਿਹੀ
ਵੱਡੀ ਲੇਖ਼ਿਕਾ ਨੇ 1947 ਵਿਚ ਤਾਂ 'ਅੱਜ ਆਖਾਂ ਵਾਰਸ ਸ਼ਾਹ ਨੂੰ'' ਵਰਗੀ
ਸ਼ਾਹਕਾਰ ਕਵਿਤਾ ਲਿਖ਼ੀ ਸੀ ਤੇ ਇਸ ਵਿਚ ਦ੍ਰਿਸ਼ਟਾਏ ਦੁਖ਼ਾਂਤ ਨੂੰ ਪੰਜਾਬ ਦੇ
ਬੱਚੇ ਬੱਚੇ ਦੀ ਜ਼ੁਬਾਨ ਉਤੇ ਲੈ ਆਂਦਾ ਸੀ ਪਰ ਹੁਣ ਜੋ ਕੁਝ ਅੰਮ੍ਰਿਤਸਰ
ਵਿਚ ਹੋਇਆ ਤੇ ਫ਼ਿਰ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਹੋਇਆ ਉਸ ਵਾਰੇ ਉਹ
ਚੁੱਪ ਰਹੇ। ਭਲਾ ਇਹ ਕਿਉਂ?
ਅਜੀਤ: ਦਿੱਲੀ ਦੇ ਵਾਕਿਆ ਤੋਂ ਪਹਿਲਾਂ ਵੀ ਬਥੇਰਾ ਕੁਝ ਹੋਇਆ
ਜਿਵੇਂ ਭਵੰਡੀ ਵਿਚ। ਦੁਖ਼ਾਂਤ ਇਹ ਹੈ ਕਿ ਬੰਦੇ ਨੂੰ ਇਕ ਨਵਾਂ ਕਰੂਅਲ
ਤਰੀਕਾ ਲੱਭਿਆ ਕਿ ਕਿਸੇ ਬੰਦੇ ਨੂੰ ਜਿਉਂਦਿਆਂ ਸਾੜ ਦਿਓ। ਇਹ ਭਿਆਨਕ ਢੰਗ
ਸਿਆਸੀ ਖ਼ੇਡ ਹੈ। ਦਿੱਲੀ ਵਿਚ ਜੋ ਕੁਝ ਹੋਇਆ ਇਹ ਸਿਆਸੀ ਖ਼ੇਡ ਸੀ। ਭਵੰਡੀ
ਵਿਚ ਮੁਸਲਮਾਨ ਮੁੰਡਿਆ ਨੂੰ ਇਕੱਠਿਆਂ ਕਰਕੇ ਪੈਰਾ ਮਿਲਟਰੀ ਵਾਲਿਆਂ ਨੇ
ਮਾਰਿਆ ਸੀ। ਮਿਲਾਨਾ ਵਿਚ ਵੀ ਇਹੋ ਕੁਝ ਹੋਇਆ ਸੀ। ਅਸੀਂ ਕਿੱਥੇ ਖੜ੍ਹੇ
ਹਾਂ? ਅਸੀਂ ਇਕ ਵਹਿਸ਼ੀਪਣ ਦੇ ਜੰਗਲ ਵਿਚ ਖ਼ੜ੍ਹੇ ਹਾਂ ਜਿਥੇ ਕੋਈ ਵੀ ਚੀਜ਼
ਮਾਅਨੇ ਨਹੀਂ ਰਖ਼ਦੀ। ਜੇ ਮਾਅਨੇ ਰਖ਼ਦੀ ਹੈ ਤਾਂ ਸਿਰਫ਼ ਤੁਹਾਡੀ ਗੱਦੀ ਦੀ
ਕਾਇਮੀ ਮਾਅਨੇ ਰਖ਼ਦੀ ਹੈ ਵਰਨਾ ਇਸ ਅੱਗ ਵਿਚ ਹਜ਼ਰਤ ਨੋਹ ਦੀ ਕਿਸ਼ਤੀ ਵੀ
ਨਹੀਂ ਬਚ ਸਕਦੀ। ਹੁਣ ਰਹੀ ਗੱਲ ਅੰਮ੍ਰਿਤਾ ਜੀ ਦੀ। ਮੈਂ ਤਾਂ ਸਾਥੀ ਸਾਹਿਬ
ਖ਼ੁਦ ਉਨ੍ਹਾਂ ਦੀ ਫ਼ੈਨ ਹਾਂ। ਅਸੀਂ ਬਚਪਨ ਤੋਂ ਹੀ ਅੰਮ੍ਰਿਤਾ ਅਤੇ ਪਰੋਫ਼ੈਸਰ
ਮੋਹਨ ਸਿੰਘ ਦੇ ਪਾਠਕ ਸਾਂ। ਲਿਖ਼ਣ ਦੀ ਤਾਂ ਗੁੜ੍ਹਤੀ ਹੀ ਅੰਮ੍ਰਿਤਾ ਤੋਂ
ਲਈ ਹੈ। ਕੁਝ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦਾ ਰੁਝਾਨ ਕਿਹੜੀ ਦਿਸ਼ਾ ਵਲ
ਜਾ ਰਿਹਾ ਹੈ?
ਸਾਥੀ: ਇਸ ਦੌਰ ਵਿਚ ਤਾਂ ਉਹ ਜੋਤਸ਼ ਦੀਆਂ ਗੱਲਾਂ ਕਰ ਰਹੇ ਹਨ। ਆਲੇ
ਦੁਅਲ਼ੇ ਸੜ ਰਹੇ ਜੰਗਲ ਵਲ ਉਹ ਤਵੱਜੋਂ ਕਿਉਂ ਨਹੀਂ ਦੇ ਰਹੇ?
ਅਜੀਤ: ਸਾਥੀ ਜੀ ਉਹ ਤਾਂ ਮੇਰੇ ਨਾਲ਼ ਰੁੱਸੇ ਹੋਏ ਨੇ। 1986
ਤੋਂ ਬਾਅਦ ਤਾਂ ਉਹ ਉੱਕਾ ਹੀ ਨਹੀਂ ਬੋਲੇ ਮੇਰੇ ਨਾਲ਼।
ਸਾਥੀ: ਕੀ ਉਨ੍ਹਾਂ ਨੇ ਤੁਹਾਡੇ ਪੰਜਾਬ ਦੀ ਤ੍ਰਾਸਦੀ ਵਾਰੇ ਲਿਖ਼ੇ
ਗਏ ਲੇਖ਼ਾਂ ਦਾ ਬੁਰਾ ਮਨਾਇਆ?
ਅਜੀਤ: ਬੁਰਾ ਤਾਂ ਉਹ ਮੇਰੀਆਂ ਬਹੁਤ ਸਾਰੀਆਂ ਗੱਲਾਂ ਦਾ ਮਨਾਉਂਦੇ ਨੇ।
ਜਦੋਂ ਐਮਰਜੈਂਸੀ ਲੱਗੀ ਹੋਈ ਸੀ ਤਾਂ ਮੈਂ ਐਮਰਜੈਂਸੀ ਦਾ ਵਿਰੋਧ ਕਰਦੀ
ਸਾਂ। ਤਾਂ ਕਹਿੰਦੇ ਸਨ ਕਿ ਤੇਰਾ ਦਿਮਾਗ਼ ਖ਼ਰਾਬ ਹੈ। ਤੂੰ ਪਾਗਲ ਹੈਂ।
ਉਨ੍ਹਾਂ ਨੇ ਜਦੋਂ ਐਮਰਜੈਂਸੀ ਦੇ ਹੱਕ ਵਿਚ ਦੋਸਤਾਂ ਦੇ ਦਸਖ਼ਤ ਕਰਵਾਏ ਤਾਂ
ਤਦ ਵੀ ਮੈਂ ਉਨ੍ਹਾਂ ਨੂੰ ਮਨ੍ਹਾਂ ਕੀਤਾ ਤੇ ਦਸਖ਼ਤ ਨਹੀਂ ਸੀ ਕੀਤੇ। ਮੈਨੂੰ
ਇਸ ਗੱਲ ਦਾ ਦੁੱਖ਼ ਹੈ ਕਿ ਮੇਰੇ ਨਾਲ਼ ਅੰਮ੍ਰਿਤਾ ਜੀ ਨਹੀਂ ਬੋਲਦੇ ਹਾਲਾਂਕਿ
ਸਾਡੇ ਟੱਬਰਾਂ ਦੀ ਸਾਡੇ ਜੰਮਣ ਤੋਂ ਵੀ ਪਹਿਲਾਂ ਦੀ ਸਾਂਝ ਸੀ। ਜੇ ਕੋਈ
ਮੈਂਨੂੰ ਪੁਛੇ ਕਿ ਤੁਹਾਡੇ ਵੱਡੇ ਕਵੀ ਕੌਣ ਨੇ ਤਾਂ ਮੈਂ ਹਮੇਸ਼ਾ ਅੰਮ੍ਰਿਤਾ
ਪ੍ਰੀਤਮ, ਪਰੋਫ਼ੈਸਰ ਮੋਹਨ ਸਿੰਘ ਤੇ ਡਾਕਟਰ ਹਰਭਜਨ ਸਿੰਘ ਦਾ ਨਾਮ ਲੈਂਦੀ
ਹਾਂ।
ਸਾਥੀ: ਪੰਜਾਬ ਦੀ ਸਥਿੱਤੀ ਵਾਰੇ ਬੜੇ ਥੋੜ੍ਹੇ ਲੋਕਾਂ ਨੇ
ਲਿਖ਼ਿਆ-ਐਂਵੇ ਉਂਗਲ਼ਾਂ ਤੇ ਗਿਣਨ ਜੋਗੇ ਹੀ ਨਾਂ ਹਨ । ਮਸਲਨ ਸੇਖ਼ੋਂ,
ਹਰਿਭਜਨ ਸਿੰਘ, ਤੁਸੀਂ ਹੋ, ਗੁਰਸ਼ਰਨ ਸਿੰਘ ਨੇ ਵੀ ਡਟ ਕੇ ਲਿਖ਼ਿਆ। ਅਜਕਲ
ਤਾਂ ਉਹ ਅੰਡਰਗਰਾਊਂਡ ਵੀ ਨੇ। ਕੰਵਲ ਨੇ ਵੀ ਲਿਖ਼ਿਆ ਭਾਂਵੇਂ ਉਹ ਕਈ
ਪੁਆਇੰਟ ਕਲੀਅਰ ਕਰਨ ਤੋਂ ਵੀ ਅਸਮਰਥ ਰਿਹਾ ਹੈ। ਐਪਰ ਕਿਓਂ ਹੋਰ ਲੇਖ਼ਕ ਵੀ
ਕਲਮ ਨਹੀਂ ਚੁੱਕਦੇ?
ਅਜੀਤ: ਮੇਰਾ ਖ਼ਿਆਲ ਹੈ ਕਿ ਇਹਦਾ ਵੱਡਾ ਕਾਰਨ ਡਰ ਹੀ ਹੋ
ਸਕਦੈ। ਸੱਚੀ ਗੱਲ ਆਖ਼ਣ ਲਈ ਬੜਾ ਵੱਡਾ ਜਿਗਰਾ ਚਾਹੀਦਾ। ਦੂਜੀ ਗੱਲ ਇਹ ਵੀ
ਕਿ ਕਹਿਣ ਦਾ ਫ਼ਾਇਦਾ ਵੀ ਕੀ ਹੈ? ਜਦੋਂ ਦਿੱਲੀ ਵਿਚ ਭਾਂਬੜ ਮਚੇ ਤਾਂ ਮੈਂ
ਅਤੇ ਮੇਰੀ ਆਰਟਿਸਟ ਬੇਟੀ ਇਸ ਵਿਚ ਹੀ ਲਿਪਟੇ ਹੋਏ ਸਾਂ। ਦਿੱਲੀ ਵਿਚ
ਲੋਕਾਂ ਨਾਲ਼ ਏਨਾਂ ਅਨਰਥ ਵਾਪਰਿਆ ਕਿ ਸਾਥੀ ਜੀ ਸੱਚ ਜਾਣੋਂ ਕਿ ਬਿਆਨੋਂ
ਬਾਹਰ ਹੈ। ਮੇਰੀ ਬੱਚੀ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਇਸ
ਘਟਨਾ ਤੋਂ ਬਾਅਦ ਆਪਣੇ ਹੱਥਾਂ ਵਿਚ ਬੁਰਸ਼ ਵੀ ਫ਼ੜ ਸਕਾਂਗੀ ਕਿ ਨਹੀਂ?
ਮੈਨੂੰ ਵੀ ਲਗਦਾ ਸੀ ਕਿ ਲਿਖ਼ਣਾ, ਖ਼ੂਬਸੂਰਤ ਲਫ਼ਜ਼, ਪੇਂਟਿੰਗ ਇਹ ਸਭ ਬਕਵਾਸ
ਹੈ-ਅਸਲੀਅਤ ਇਹੋ ਹੈ ਜੋ ਤੁਹਾਡੇ ਸਾਹਮਣੇ ਵਾਪਰ ਰਿਹੈ। ਅਸਲੀਅਤ ਉਹ ਔਰਤ
ਹੈ ਜਿਸ ਨੂੰ ਮੈਂ ਪੰਜ ਦਿਨ ਉਹਦੇ ਪੰਜ ਨਿਆਣਿਆ ਸਮੇਤ ਆਪਣੇ ਘਰ ਰੱਖ਼ਿਆ।
ਮੈਂ ਉਸ ਨੂੰ ਕੁਝ ਵੀ ਪੁੱਛਾਂ ਉਹ ਵੱਟਾ ਹੋਈ ਬੈਠੀ ਸੀ। ਨਿਆਣਿਆਂ ਨੂੰ
ਰੋਟੀ ਦਿਆਂ, ਰਜਾਈ ਦਿਆਂ ਉਸ ਨੂੰ ਕੁਝ ਪਤਾ ਨਹੀਂ ਸੀ। ਫ਼ਿਰ ਮੈਨੂੰ ਉਸ ਦੀ
ਇਕ ਗੁਆਂਢਣ ਮਿਲ਼ੀ। ਉਸ ਨੇ ਦੱਸਿਆਂ ਕਿ ਇਸ ਔਰਤ ਦਾ ਵੱਡਾ ਪੁੱਤਰ
ਜਿਉਂਦਿਆਂ ਸਾੜ ਦਿੱਤਾ ਗਿਆ ਸੀ। ਉਹ ਕਿੰਨੀ ਦੇਰ ਅੱਧ ਸੜਿਆ ਤੜਫ਼ਦਾ ਰਿਹਾ।
ਅੰਤ ਨੂੰ ਮਰ ਗਿਆ। ਇਹ ਔਰਤ ਪਾਗਲਾਂ ਵਾਂਗੂੰ ਮੰਜਿਆਂ ਦੀਆਂ ਬਾਹੀਆਂ,
ਪਾਵਿਆਂ ਅਤੇ ਦਰਵਾਜ਼ਿਆਂ ਨਾਲ਼ ਉਹਦੀ ਲਾਸ਼ ਨੂੰ ਸਾਰੀ ਰਾਤ ਜਲਾਉਂਦੀ ਰਹੀ
ਤਾਂ ਜੁ ਪੁੱਤਰ ਦੀ ਲਾਸ਼ ਕੁੱਤੇ ਬਿੱਲੇ ਗਲ਼ੀਆਂ ਵਿਚ ਨਾ ਘੜੀਸਦੇ ਫ਼ਿਰਨ।
(ਅਜੀਤ ਕੌਰ ਇਥੇ ਰੋ ਪਈ। ਮੇਰਾ ਵੀ ਗੱਚ ਭਰ ਆਇਆ। ਉਹ ਕਿੰਨਾ ਚਿਰ ਕੁਝ ਵੀ
ਨਾ ਬੋਲ ਸਕੀ।)....ਇਸ ਤੋਂ ਬਾਅਦ ਬੰਦਾ ਸੋਚਦਾ ਕਿ ਲਿਖ਼ਣ ਦਾ ਫ਼ਾਇਦਾ ਵੀ
ਕੀ ਹੈ?
ਸਾਥੀ: ਜਿਹੜੇ ਦੇਸੋਂ ਬਾਹਰ ਬੈਠੇ ਕਹਿ ਰਹੇ ਨੇ ਕਿ ਖ਼ਾਲਿਸਤਾਨ
ਬਣਨਾ ਚਾਹੀਦਾ। ਉਨ੍ਹਾ ਵਾਰੇ ਕੀ ਖ਼ਿਆਂਲ ਹੈ?
ਅਜੀਤ: ਇਹ ਓਥੇ ਜਾ ਕੇ ਤਾਂ ਵੇਖ਼ਣ ਕਿ ਕੀ ਹੋ ਰਿਹੈ? ਬਾਹਰ ਮਹਿਫ਼ੂਜ਼
ਥਾਂ 'ਤੇ ਬੈਠ ਕੇ ਗੱਲਾਂ ਕਰਨੀਆਂ ਸੌਖ਼ੀਆਂ ਹਨ। ਹਾਲਤ ਬਹੁਤ ਵਿਗੜ ਗਈ ਹੈ।
ਦਿੱਲੀ ਵਿਚ ਬੇਘਰ ਹੋ ਗਏ ਪਰਵਾਰ ਅਜੇ ਵੀ ਰੁਲ਼ ਰਹੇ ਹਨ।
ਸਾਥੀ: ਐਪਰ ਐਥੋਂ, ਕੈਨੇਡਾ ਅਤੇ ਅਮਰੀਕਾ ਤੋਂ ਅਜਿਹੇ ਅਭਾਗੇ
ਸਿੱਖ਼ਾਂ ਲਈ ਬੜਾ ਫ਼ੰਡ ਇਕੱਠਾ ਹੋਇਆ ਸੀ।
ਅਜੀਤ: ਇਹ ਤਾਂ ਰੱਬ ਹੀ ਜਾਣੇ ਕਿ ਉਹ ਫ਼ੰਡ ਕਿੱਥੇ ਗਏ ਵਰਨਾ
ਵਿਧਵਾ ਔਰਤਾਂ ਤੇ ਯਤੀਮ ਹੋ ਗਏ ਬੱਚਿਆਂ ਦਾ ਬੁਰਾ ਤੇ ਤਰਸਯੋਗ ਹਾਲ ਹੈ।
ਜਿਨ੍ਹਾਂ ਦਾ ਤਾਂ ਕੋਈ ਪੰਜਾਬ 'ਚ ਹੈ ਸੀ ਉਹ ਤਾਂ ਚਲੇ ਗਏ। ਜਿਨ੍ਹਾਂ ਦਾ
ਕੋਈ ਨਹੀਂ ਸੀ-ਉਹ ਕਿੱਥੇ ਜਾਣ? ਇਸ ਲਈ ਮੈਂ ਕਹਿਨੀ ਆਂ ਕਿ ਉੱਥੇ ਜਾ ਕੇ
ਤਾਂ ਵੇਖ਼ਣ? ਉੱਜੜੇ ਪਰਵਾਰ ਲੋਅਰ ਇਨਕੰਮ ਗਰੁੱਪਾਂ ਅਧੀਨ ਤਿਲਕ ਵਿਹਾਰ 'ਚ
ਬੈਠੇ ਨੇ। ਸਰਕਾਰ ਕਹਿੰਦੀ ਏ ਕਿ ਉਨ੍ਹਾਂ ਨੇ ਇਨ੍ਹਾਂ ਸਿੱਖ਼ਾਂ ਨੂੰ ਵਸਾਂ
ਦਿੱਤੈ। ਪਰ ਇਹ ਸਾਥੀ ਜੀ ਹਾਸੋ ਹੀਣੀ ਗੱਲ ਹੈ। ਬਾਹਰ ਬੈਠੇ ਲੋਕ ਪਹਿਲਾਂ
ਅਥਰੂ ਵਹਾਉਣਾ ਸਿੱਖ਼ਣ ਤਦੇ ਪੰਜਾਬ ਦਾ ਦਰਦ ਉਨ੍ਹਾਂ ਦੇ ਸਮਝ ਆਊ। ਲੋਕੀਂ
ਮਰ ਰਹੇ ਐ। ਉਹ ਬੁਰੀ ਹਾਲਤ ਵਿਚ ਹਨ। ਬਾਹਰ ਪੱਛਮੀ ਦੇਸਾਂ ਤੇ
ਅਮਰੀਕਾ/ਕੈਨੇਡਾ ਵਿਚ ਬਹਿ ਕੇ ਉਨ੍ਹਾਂ ਦਾ ਦਰਦ ਨਹੀਂ ਜਾਣਿਆ ਜਾ ਸਕਦਾ।
ਸਾਥੀ:ਪਰ ਬਾਹਰ ਰਹਿੰਦੇ ਲੋਕ ਭਾਵੁਕ ਵੀ ਹੋ ਗਏ ਹਨ।
ਅਜੀਤ: (ਪਹਿਲਾਂ ਵਾਲ਼ੇ ਹੀ ਰੌਂਅ ਵਿਚ) ਕੇਂਦਰ ਦੀਆਂ ਇਕ ਤੋਂ
ਵੱਧ ਗਲਤੀਆਂ ਕਾਰਨ ਹੀ ਅਜਿਹਾ ਹੋ ਰਿਹੈ। ਇਹ ਕਿੱਦਾਂ ਹੋ ਸਕਦਾ ਕਿ ਏਨੇ
ਕਤਲਾਂ ਤੋਂ ਬਾਅਦ ਇਕ ਵੀ ਕਾਤਲ ਨਾ ਫ਼ੜਿਆ ਜਾਵੇ? ਇਕ ਕਮਿਸ਼ਨ ਤੋਂ ਬਾਅਦ
ਦੂਜਾ ਬਿਠਾਇਆ ਜਾਂਦਾ। ਲੋਕਾਂ ਦੀ ਅਖ਼ੀਂ ਘੱਟਾ ਪਾਇਆ ਜਾਂਦਾ। ਸ਼ੁਕਰ ਹੈ ਕਿ
ਹਿੰਦੂ ਅਤੇ ਸਿੱਖ਼ਾਂ ਵਿਚਕਾਰ ਹਮਸਾਇਗੀ ਅਤੇ ਭਰੱਪਣ ਨਹੀਂ ਮੋਇਆ। ਜਦੋਂ
ਦਿੱਲੀ ਵਿਚ ਕਤਲ ਹੋ ਰਹੇ ਸਨ ਤਾਂ ਬੜੇ ਹਿੰਦੂਆਂ ਨੇ ਸਿੱਖ਼ ਪਰਵਾਰਾਂ ਦੀ
ਹਿਫ਼ਾਜ਼ਤ ਕੀਤੀ। ਮੈਂ ਤੇ ਮੇਰੀ ਧੀ ਨੇ ਵੀ ਯਥਾਯੋਗ ਏਸ ਦਰਦ ਨੂੰ ਘਟਾਉਣ
ਵਿਚ ਹਿੱਸਾ ਪਾਇਆ।
ਸਾਥੀ: ਏਸ ਸਾਰੇ ਸੰਤਾਪ ਚੋਂ ਇਕ ਸਿੱਟਾ ਇਹ ਨਿਕਲਿਆ ਅਜੀਤ ਕਿ ਇਕ
ਸਿੱਖ਼ ਗਰੋਹ ਨੇ ਜਾਂ ਇਕ ਹਿੰਦੂ ਗਰੋਹ ਨੇ ਇਕ ਦੂਜੇ ਤੇ ਹਮਲਾ ਨਹੀਂ ਕੀਤਾ।
ਅਜੀਤ: ਇਸ ਦਾ ਭਾਵ ਇਹੋ ਹੈ ਕਿ ਸਿੱਖ਼ ਅਤੇ ਹਿੰਦੂ ਵਿਚ ਕੋਈ
ਫ਼ਰਕ ਨਹੀਂ। ਮਨੁੱਖ਼ ਤੇ ਮਨੁੱਖ਼ ਦੀ ਈਕੂਏਸ਼ਨ ਵਿਚ ਕੋਈ ਫ਼ਰਕ ਨਹੀਂ।
ਸਾਥੀ: ਤੁਸੀਂ ਕਿਉਂਕਿ 'ਖ਼ੂਨ ਦੇ ਚੁਬੱਚੇ' ਵਰਗਾ ਲੇਖ਼ ਲਿਖ਼ਿਆ, ਇਸ
ਲਈ ਕੁਝ ਅਖ਼ਾਉਤੀ ਲੇਖ਼ਕਾਂ ਨੇ ਤਹਾਨੂੰ ਖ਼ਾਲਿਸਤਾਨੀ ਬਣਾ ਦਿੱਤਾ ਬਿਲਕੁਲ
ਉਸੇ ਤਰ੍ਹਾਂ ਜਿਵੇਂ ਸੇਖ਼ੋਂ. ਹਰਿਭਜਨ ਸਿੰਘ ਅਤੇ ਕੁਝ ਕੁ ਹੋਰਨਾ ਨੂੰ।
ਅਜੀਤ: ਮੈਂ ਤਾਂ ਖ਼ਾਲਿਸਤਾਨ ਦੇ ਖ਼ਿਲਾਫ਼ ਹਾਂ। ਮੈਂ ਤਾਂ ਕਹਿਨੀ
ਆਂ ਕਿ ਹਿੰਦੁਸਤਾਨ ਐਡਾ ਵੱਡਾ ਮੁਲਕ ਐ ਜਿਹਦੇ ਵਿਚ ਵੱਖ਼ਰੀਆਂ ਬੋਲੀਆਂ,
ਵਖ਼ਰੇ ਧਰਮ, ਵਖ਼ਰੇ ਪਹਿਰਾਵੇ ਹਨ। ਆਜ਼ਾਦੀ ਪਿੱਛੋਂ ਇਹਨੂੰ ਰੂਸ ਵਾਂਗ ਫ਼ੈਡਰਲ
ਢਾਂਚਾ ਬਣਾ ਦੇਣਾ ਚਾਹੀਦਾ ਸੀ।
ਸਾਥੀ: ਅਤੇ ਅਮਰੀਕਾ ਵਾਂਗ ਜਿਥੇ ਹਰ ਸਟੇਟ ਨੂੰ ਵਖ਼ਰੇ ਅਧਿਕਾਰ ਹਨ
ਤੇ ਕੁਝ ਚੀਜ਼ਾਂ ਨੂੰ ਛੱਡ ਕੇ ਪੂਰੀ ਖ਼ੁਦਮੁਖ਼ਤਿਆਰੀ ਹੈ। ਲੇਕਿਨ ਅਜੀਤ ਰੂਸ
ਵਿਚ ਵੀ ਕਈ ਸੂਬੇ ਵਖ਼ਰਾ ਦੇਸ ਚਾਹੁੰਦੇ ਹਨ ।
ਅਜੀਤ: ਉਹ ਹੋਰ ਖ਼ੁਦਮੁਖ਼ਤਿਆਰੀ ਚਾਹੁੰਦੇ ਹਨ। ਇਸੇ ਤਰ੍ਹਾਂ
ਇੰਡੀਆ 'ਚ ਹੋਣਾ ਚਾਹੀਦਾ ਸੀ। ਫ਼ੌਜ ਅਤੇ ਕਰੰਸੀ ਭਾਵੇਂ ਇੰਡੀਆ ਕੋਲ਼ ਹੀ
ਰਹਿੰਦੇ।
ਸਾਥੀ: ਕੀ ਤਸੀਂ ਅਨੰਦਪੁਰ ਸਾਹਿਬ ਦੇ ਮਤੇ ਨਾਲ਼ ਸਹਿਮਤ ਹੌ?
ਅਜੀਤ: ਉਹਦੀ ਕਦੇ ਮੈਨੂੰ ਸਮਝ ਨਹੀਂ ਆਈ।
ਸਾਥੀ: ਉਸ ਵਿਚਲੇ ਆਰਥਕ ਸੁਆਲ ਸਾਂਝੇ ਜਾਂ ਸਭਨਾਂ ਪੰਜਾਬੀਆਂ ਵਲੋਂ
ਉਠਾਏ ਜਾਣੇ ਚਾਹੀਦੇ ਸਨ ਨਾ ਕਿ ਸਿਰਫ਼ ਸਿੱਖ਼ਾਂ ਵਲੋਂ ਹੀ।
ਅਜੀਤ: ਪੰਜਾਬ ਦੀ ਸਾਂਝੀ ਧਰਤੀ ਚੋਂ ਸਾਂਝਾ ਹੀ ਕਦਮ ਚੁਕਿਆ
ਜਾਣਾ ਚਾਹੀਦਾ ਸੀ। ਨਾਲ਼ੇ ਤਾਂ ਅਸੀਂ ਕਹਿਨੇ ਆ ਕਿ ਜੀ 1947 'ਚ ਜਿਨਾਹ ਨੇ
ਪੁਆੜੇ ਪਾ ਦਿੱਤੇ ਸਨ ਤਦੇ ਉਹ ਪੰਜਾਬ ਉਧਰ ਚਲਾ ਗਿਆ। ਪਰ ਹੁਣ ਤੁਸੀਂ
ਅੱਗੇ ਕੀ ਕਰ ਰਹੇ ਹੌ? ਦਰਅਸਲ 1947 ਵਿਚ ਵਿਧਾਨ ਅੰਗਰੇਜ਼ਾਂ ਦੇ ਆਧਾਰ
ਉੱਤੇ ਹੀ ਰੱਖ਼ਿਆ ਗਿਆ। ਉੱਤੋਂ ਕਸ਼ਮੀਰ ਨੂੰ ਵੱਖ਼ਰਾ ਸਟੇਟਸ ਦੇ ਕੇ ਪੁਆੜੇ
ਦੀ ਜੜ੍ਹ ਖ਼ੜ੍ਹੀ ਕਰ ਦਿੱਤੀ। ਇਹ ਬੜੀ ਲੰਮੀ ਹਿਸਟੌਰਿਕ ਗੱਲ ਹੈ।
ਸਾਥੀ: ਬਾਹਰ ਬੈਠੇ ਲੇਖ਼ਕ ਇਕ ਦੂਜੇ ਉੱਤੇ ਤੁਹਮਤਾਂ ਲਗਾ ਰਹੇ ਹਨ
ਕਿ ਫ਼ਲਾਂ ਖ਼ਾਲਿਸਤਾਨੀ ਹੈ ਤੇ ਫ਼ਲਾਂ ਨਹੀਂ ਹੈ। ਇਸ ਗੱਲ ਵਾਰੇ ਤੁਹਾਡਾ ਕਿਆ
ਖ਼ਿਆਲ ਹੈ?
ਅਜੀਤ: ਹਾਂ ਇਹ ਮੈਂ ਵੀ ਮਹਿਸੂਸ ਕੀਤਾ ਪਰ ਇਹ ਤੁਸੀਂ ਬਾਹਰ
ਬਹਿ ਕੇ ਕਿਵੇਂ ਡੀਸਾਈਡ ਕਰ ਸਕਦੇ ਹੋ ਕਿ ਖ਼ਾਲਿਸਤਾਨ ਕੀ ਹੈ? ਕੀ
ਖ਼ਾਲਿਸਤਾਨ ਬਣਾਕੇ, ਜੋ ਕੁਝ ਹੈ ਇਹ, ਕੀ ਤੁਸੀਂ ਉੱਥੇ ਜਾਕੇ ਰਹਿਣ ਲਈ
ਤਿਆਰ ਹੋ? ਕੀ ਬ੍ਰਿਟਿਸ਼ ਪਾਸਪੋਰਟ ਤਿਆਗਣ ਲਈ ਰਾਜ਼ੀ ਹੋ? ਤੁਹਮਤਾਂ ਲਾਉਣ
ਵਾਲ਼ੇ ਬਾਹਰ ਬੈਠੇ ਲੇਖ਼ਕ ਵੀ ਮਨ ਦੀ ਅਯਾਸ਼ੀ ਹੀ ਕਰ ਰਹੇ ਨੇ।
ਸਾਥੀ: ਐਥੋਂ ਦੇ ਪੇਪਰ ਕਿਹੋ ਜਿਹੇ ਨੇ?
ਅਜੀਤ: ਇਹ ਪੇਪਰ ਹੈ ਹੀ ਨਹੀਂ। ਇਨ੍ਹਾਂ ਵਿਚ ਜਰਨਾਲਿਜ਼ਮ ਹੈ
ਹੀ ਨਹੀਂ। ਨਿਰਪੱਖ ਖ਼ਬਰਾਂ ਨਹੀਂ ਛਾਪਦੇ। ਨਾ ਹੀ ਨਿਰਪੱਖ ਅਨੈਲਿਸਿਜ਼ ਕਰਦੇ
ਨੇ। ਹਾਲਾਂਕਿ ਬਾਹਰ ਰਹਿਕੇ ਇਹ ਨਿਧੜਕ ਗੱਲਾਂ ਕਰ ਸਕਦੇ ਸਨ।
ਸਾਥੀ: ਇਥੋਂ ਦੇ ਲੇਖ਼ਕਾਂ ਨੂੰ ਪੜ੍ਹਦੇ ਹੋਵੋਗੇ। ਕਿਹੋ ਜਿਹੇ
ਲੱਗੇ? ਕੋਈ ਨਵਾਂ ਮੋੜ ਵੀ ਦੇ ਰਹੇ ਨੇ?
ਅਜੀਤ: ਵਤਨ ਦਾ ਹੇਰਵਾ ਵਧੇਰੇ ਹੈ। ਨਵਾਂ ਮੋੜ ਤਾਂ
ਨਹੀਂ ਕੱਟਿਆ ਜਾ ਰਿਹਾ। ਦਰਅਸਲ ਇਥੋਂ ਦੇ ਪੰਜਾਬੀ ਲੇਖ਼ਕ ਇਕ ਤਾਂ ਗਿਣਤੀ
'ਚ ਘੱਟ ਨੇ ਤੇ ਦੂਜਾ ਉਹ ਪਿਛੇ ਨੂੰ ਨਹੀਂ ਭੁੱਲ ਸਕੇ ਹਾਲਾਂਕਿ ਇਥੇ
ਬੈਠਿਆਂ ਉਨ੍ਹਾਂ ਨੂੰ ਵਧੈਰੇ ਵਿਸ਼ਾਲ ਹੋਣਾ ਚਾਹੀਦਾ ਸੀ। ਕਈ ਵਧੀਆ ਚੀਜ਼ਾਂ
ਇਥੇ ਲਿਖ਼ੀਆਂ ਜਾ ਰਹੀਆਂ ਹਨ। ਤੁਸੀਂ ਖ਼ੁਦ ਲਗਾਤਾਰ ਲਿਖ਼ ਰਹੇ ਹੋ।ਪਾਠਕ
ਉਡੀਕ ਕਰਦੇ ਰਹਿੰਦੇ ਨੇ। ਐਂਵੇ ਕੁਝ ਕੁ ਕਹਾਣੀਆਂ ਹੀ ਇਥੋਂ ਦੇ ਲੇਖ਼ਕਾਂ
ਦੀਆਂ ਚੰਗੀਆਂ ਹਨ। ਕੁਝ ਕੁ ਨੇ ਇੱਥੋਂ ਦੀ ਗੱਲ ਕੀਤੀ ਏ। ਪੋਇਟਰੀ ਵੀ ਕੁਝ
ਕੁ ਚੰਗੀ ਏ। ਪਰ ਆਸ ਕੁਝ ਹੋਰ ਹੈ।
drsath41@gmail.com |