|
ਡਾ. ਅਮਰਜੀਤ ਸਿੰਘ ਕਾਂਗ |
ਡਾ. ਅਮਰਜੀਤ ਸਿੰਘ ਕਾਂਗ ਹੋਰਾਂ ਨਾਲ ਮੇਰੀ ਇਹ ਗੱਲਬਾਤ ਜਨਵਰੀ
2008 ਵਿਚ ਉਹਨਾਂ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਸਥਿੱਤ ਰਿਹਾਇਸ਼ ਤੇ ਹੋਈ
ਸੀ। ਇਸ ਗੱਲਬਾਤ ਦੌਰਾਨ ਹਰਿਆਣੇ ਵਿਚ ਪੰਜਾਬੀ ਜ਼ੁਬਾਨ ਦੇ ਵਿਕਾਸ, ਖੋਜ
ਕਾਰਜ, ਸਾਹਿਤਿਕ ਸਰਗਰਮੀਆਂ ਅਤੇ ਉਹਨਾਂ ਦੇ ਨਿੱਜੀ ਤਜ਼ਰਬਿਆਂ ਬਾਰੇ
ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਉਹਨਾਂ ਖੁੱਲੇ ਦਿਲ ਨਾਲ ਆਪਣੇ ਨਿੱਜੀ
ਜ਼ਿੰਦਗੀ ਦੇ ਫ਼ਲਸਫ਼ੇ ਨੂੰ ਪਾਠਕਾਂ ਤੱਕ ਪਹੁਚਾਉਣ ਵਾਸਤੇ ਮੇਰੇ ਸਾਹਮਣੇ
ਰੱਖਿਆ।
ਅਫ਼ਸੋਸ...! ਹਰਿਆਣਾ ਪ੍ਰਾਂਤ ਵਿਚ ਪੰਜਾਬੀ ਮਾਂ ਬੋਲੀ ਦਾ ਇਹ ਲਾਡਲਾ
ਪੁੱਤਰ ਸਾਡੇ ਤੋਂ 11 ਜਨਵਰੀ 2011 ਦੀ ਸਵੇਰ ਨੂੰ ਸਦਾ ਲਈ ਵਿਛੜ ਗਿਆ।
ਸਵ. ਡਾ.ਅਮਰਜੀਤ ਸਿੰਘ ਕਾਂਗ ਨੂੰ ਸ਼ਰਧਾਂਜਲੀ ਵੱਜੋਂ ਇਹ ਇੰਟਰਵਿਊ ਆਪ ਸਭ
ਪਾਠਕਾਂ ਸਾਹਮਣੇ ਰੱਖ ਰਿਹਾ ਹਾਂ।... ਡਾ. ਨਿਸ਼ਾਨ ਸਿੰਘ ਰਾਠੌਰ
ਹਰਿਆਣੇ ਵਿਚ ਜੇਕਰ ਪੰਜਾਬੀ ਜ਼ੁਬਾਨ ਦੇ ਵਿਕਾਸ ਦੀ ਗੱਲ ਚੱਲਦੀ ਹੈ ਤਾਂ
ਇੱਕ ਨਾਮ ਸਹਿਜੇ ਹੀ ਸਾਹਮਣੇ ਆਣ ਖਲੋਂਦਾ ਹੈ ਅਤੇ ਉਹ ਨਾਮ ਹੈ ਡਾ.
ਅਮਰਜੀਤ ਸਿੰਘ ਕਾਂਗ ਦਾ। ਪਹਿਲੀ ਨਜ਼ਰੇ ਉਹ ਇੱਕ ਗੰਭੀਰ ਪਰਵ੍ਰਿਤੀ ਦਾ
ਇਨਸਾਨ ਜਾਪਦਾ ਹੈ ਪਰ ਜਦੋਂ ਉਸ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਮਿਲਦਾ ਹੈ
ਤਾਂ ਪਤਾ ਲੱਗਦਾ ਹੈ ਕਿ ਉਹ ਪੰਜਾਬੀ ਜ਼ੁਬਾਨ ਨੂੰ ਅੰਤਾਂ ਦਾ ਪਿਆਰ ਕਰਨ
ਵਾਲਾ, ਸਿੱਧਾ-ਸਾਦਾ, ਸਾਊ, ਫ਼ੱਕਰ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਇਨਸਾਨ
ਹੈ।
ਪੰਜਾਬੀ ਸਾਹਿਤਿਕ ਖੇਤਰਾਂ ਵਿਚ ਡਾ. ਕਾਂਗ ਨੂੰ ਇਕ ਚੰਗੇ ਆਲੋਚਕ
ਵੱਜੋਂ ਜਾਣਿਆਂ ਜਾਂਦਾ ਹੈ। ਆਲੋਚਨਾ ਖੇਤਰ ਦੇ ਨਾਲ- ਨਾਲ ਉਹ ਇੱਕ ਕਵੀ ਵੀ
ਹੈ ਜੋ ਆਪਣੀਆਂ ਕਵਿਤਾਵਾਂ ਨੂੰ ਉੱਚੀ ਸੁਰ ਵਿਚ ਗਾਉਣ ਦਾ ਹੁਨਰ ਰੱਖਦਾ
ਹੈ। ਅਸਲ ਵਿਚ ਡਾ. ਕਾਂਗ ਇੱਕ ਬਹੁਪੱਖੀ ਸ਼ਖਸ਼ੀਅਤ ਦਾ ਮਾਲਕ ਇਨਸਾਨ ਹੈ।
ਉਹਨਾਂ ਦੇ ਨਿੱਜੀ ਜੀਵਨ, ਪਰਿਵਾਰਿਕ, ਸਾਹਿਤਿਕ ਅਤੇ ਵਿੱਦਿਅਕ ਖੇਤਰ ਬਾਰੇ
ਉਹਨਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਬੰਦਾ ਹਰਿਆਣੇ ਵਿਚ
ਪੰਜਾਬੀ ਜ਼ੁਬਾਨ ਦਾ ਰਹਿਬਰ ਜਾਪਿਆ, ਪੇਸ਼ ਹਨ ਡਾ. ਅਮਰਜੀਤ ਸਿੰਘ ਕਾਂਗ
ਨਾਲ ਕੀਤੀ ਗਈ ਗੱਲਬਾਤ ਦੇ ਮੁੱਖ ਅੰਸ਼:
ਡਾ. ਨਿਸ਼ਾਨ: ਡਾ. ਸਾਹਿਬ ਸਭ ਤੋਂ ਪਹਿਲਾਂ ਆਪਣੇ ਜਨਮ ਅਤੇ
ਬਚਪਣ ਬਾਰੇ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰੋ।
ਡਾ. ਕਾਂਗ: ਮੇਰਾ ਜਨਮ ਸੰਨ 1952 ਨੂੰ ਗਿਆਨੀ ਗੁਰਚਰਨ ਸਿੰਘ ਜੀ
ਦੇ ਗ੍ਰਹਿ ਵਿਖੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਨਗਰੀ ਅੰਮ੍ਰਿਤਸਰ ਵਿਖੇ
ਹੋਇਆ। ਮੇਰੇ ਪਿਤਾ ਜੀ ਧਰਮ ਚਿੰਤਨ ਦੇ ਮਹਾਨ ਗਿਆਤਾ ਸਨ। ਉਹ ਆਪਣੇ ਜੀਵਨ
ਕਾਲ ਵਿਚ ਭਾਈ ਵੀਰ ਸਿੰਘ ਜੀ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੰਗਤ
ਵਿਚ ਰਹੇ ਸਨ।
ਡਾ. ਨਿਸ਼ਾਨ: ਕਾਂਗ ਸਾਹਿਬ, ਤੁਹਾਡਾ ਵਿੱਦਿਅਕ ਸਫ਼ਰ ਕਿਸ
ਤਰ੍ਹਾਂ ਦਾ ਰਿਹਾ?
ਡਾ. ਕਾਂਗ: ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ (1972-74)
ਵਿਚ ਐੱਮ. ਏ. (ਪੰਜਾਬੀ) ਪਹਿਲੇ ਬੈਚ ਦਾ ਵਿਦਿਆਰਥੀ ਰਿਹਾ ਹਾਂ। ਐੱਮ. ਏ.
ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਇਸੇ ਯੂਨੀਵਰਸਿਟੀ ਵਿਚ ਪੰਜਾਬੀ ਦੇ
ਪਹਿਲੇ ਖੋਜ ਵਿਦਿਆਰਥੀ ਬਣਨ ਦਾ ਮਾਣ ਹਾਸਿਲ ਕੀਤਾ। ਪੀ ਐਚ.ਡੀ. ‘ਪੰਜਾਬੀ
ਕਿੱਸਾ ਕਾਵਿ ਵਿਚ ਨਵੇਂ ਮਨੁੱਖ ਦਾ ਸੰਕਲਪ’ ਵਿਸ਼ੇ ਉੱਪਰ ਕੀਤੀ।
ਡਾ. ਨਿਸ਼ਾਨ: ...ਫਿਰ ਹਰਿਆਣੇ ਵਿਚ ਆਉਣ ਦਾ ਸਬੱਬ ਕਿਵੇਂ
ਬਣਿਆ?
ਡਾ. ਕਾਂਗ: (ਹੱਸਦੇ ਹੋਏ)... ਦੇਖੋ ਨਿਸ਼ਾਨ ਜੀ, ਮੇਰੇ ਲਈ
ਹਰਿਆਣਾ ਅਤੇ ਪੰਜਾਬ ਵੱਖਰੇ ਸੂਬੇ ਨਹੀਂ ਹਨ। ਭਾਰਤ ਰਾਸ਼ਟਰ ਮੇਰਾ ਦੇਸ਼
ਹੈ। ਮੇਰੀ ਮਾਂ ਬੋਲੀ ਪੰਜਾਬੀ ਹੈ ਅਤੇ ਮੇਰੀ ਦਾਈ ਹਿੰਦੀ ਹੈ। ਜਿੱਥੋਂ
ਤੱਕ ਹਰਿਆਣੇ ਵਿਚ ਆਉਣ ਦਾ ਸਵਾਲ ਹੈ ਤਾਂ ਮੈਂ 16 ਜੁਲਾਈ 1979 ਨੂੰ
ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਬਤੌਰ ਪੰਜਾਬੀ ਅਧਿਆਪਕ ਆਇਆ ਸਾਂ।
ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸੇ ਦਿਨ ਹੀ ਇਸ ਯੂਨੀਵਰਸਿਟੀ
(ਕੁਰੂਕਸ਼ੇਤਰ ਯੂਨੀਵਰਸਿਟੀ) ਦੇ ਪੰਜਾਬੀ ਵਿਭਾਗ ਦੀ ਸਥਾਪਨਾ ਮੈਂ ਆਪਣੇ
ਹੱਥੀਂ ਕੀਤੀ ਸੀ।
ਡਾ. ਨਿਸ਼ਾਨ: ਹੁਣ ਤੱਕ ਤੁਸੀਂ ਕਿੰਨੀਆਂ ਪੁਸਤਕਾਂ ਦੀ ਰਚਨਾ
ਕਰ ਚੁਕੇ ਹੋ। ਕੁੱਝ ਕੂ ਦੇ ਨਾਮ ਜ਼ਰੂਰ ਦੱਸਣਾ?
ਡਾ. ਕਾਂਗ: ਮੇਰੀਆਂ ਹੁਣ ਤੱਕ 24 ਪੁਸਤਕਾਂ ਪ੍ਰਕਾਸਿ਼ਤ ਹੋ
ਚੁਕੀਆਂ ਹਨ। ਜਿਆਦਾਤਰ ਪੁਸਤਕਾਂ ਆਲੋਚਨਾ ਦੀਆਂ ਹਨ। ਇੱਕ ਕਿਤਾਬ ਮੈਂ
‘ਹਰਿਆਣੇ ਦਾ ਪੰਜਾਬੀ ਸਹਿਤ’ ਸੰਪਾਦਤ ਕੀਤੀ ਸੀ। ਮੇਰੀ ਸਭ ਤੋਂ ਪਹਿਲੀ
ਪੁਸਤਕ ‘ਮੱਧਕਾਲੀ ਪੰਜਾਬੀ ਸਹਿਤ’ ਸੀ ਜੋ ਨਾਨਕ ਸਿੰਘ ਪੁਸਤਕਮਾਲਾ ਨੇ
1977 ਈ. ਵਿਚ ਪ੍ਰਕਾਸਿ਼ਤ ਕੀਤੀ ਸੀ। ਇਸ ਤੋਂ ਇਲਾਵਾ ਕਿੱਸਾ ਸੰਸਾਰ
(1980), ਵਾਰਿਸ ਕਾਵਿ ਪ੍ਰਵਚਨ (1982), ਹੀਰ ਵਾਰਿਸ, ਮੱਧਕਾਲੀ ਪੰਜਾਬੀ
ਸਹਿਤ ਵਿਵੇਕ, ਕਿੱਸਾ ਪਰਿਪੇਖ (1985) ਤੋਂ ਇਲਾਵਾ ਅਨੇਕਾਂ ਪੁਸਤਕਾਂ
ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ।
ਡਾ. ਨਿਸ਼ਾਨ: ਪੰਜਾਬੀ ਸਾਹਿਤ ਦੇ ਖੇਤਰ ਵਿਚ ਕੰਮ ਕਰਦਿਆਂ
ਤੁਹਾਨੂੰ ਕੋਈ ਅਵਾਰਡ ਜਾਂ ਸਨਮਾਨ ਵੀ ਮਿਲਿਆ ਹੈ?
ਡਾ. ਕਾਂਗ: ਸਭ ਤੋਂ ਵੱਡਾ ਅਵਾਰਡ ਤਾਂ ਪਾਠਕਾਂ ਦਾ ਪਿਆਰ ਅਤੇ
ਪੰਜਾਬੀ ਜ਼ੁਬਾਨ ਦੀ ਸੇਵਾ ਕਰਕੇ ਜਿਹੜਾ ਸਕੂਨ ਮਿਲਦਾ ਹੈ, ਉਹ ਹੈ। ਬਾਕੀ
ਪੰਜਾਬੀ ਸਾਹਿਤ ਦੇ ਖੇਤਰ ਵਿਚ ਹਰਿਆਣੇ ਦਾ ਸਭ ਤੋਂ ਵੱਡਾ ਅਵਾਰਡ ‘ਭਾਈ
ਸੰਤੋਖ ਸਿੰਘ ਅਵਾਰਡ’ 2005 ਵਿਚ ਹਰਿਆਣਾ ਸਰਕਾਰ ਅਤੇ ਹਰਿਆਣਾ ਪੰਜਾਬੀ
ਸਾਹਿਤ ਅਕੈਡਮੀ ਨੇ ਮੈਨੂੰ ਦੇ ਕੇ ਸਨਮਾਨਤ ਕੀਤਾ ਹੈ। ਇਸ ਤੋਂ ਇਲਾਵਾ
ਬਾਬਾ ਫ਼ਰੀਦ ਅਵਾਰਡ 1987, ਕਿੱਸਾ ਪਰਿਪੇਖ ਪੁਸਤਕ ਤੇ ਸਰਵੋਤਮ ਆਲੋਚਕ
ਅਵਾਰਡ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵੱਲੋਂ 1989 ਈ. ਨੂੰ ਬੈਸਟ
ਆਲੋਚਕ ਅਵਾਰਡ ਤੋਂ ਇਲਾਵਾ ਹਰਿਆਣਾ, ਪੰਜਾਬ ਅਤੇ ਦਿੱਲੀ ਦੀਆਂ ਕਈ
ਸੰਸਥਾਵਾਂ ਨੇ ਮਾਣ-ਸਨਮਾਨ ਦਿੱਤੇ ਹਨ।
ਡਾ. ਨਿਸ਼ਾਨ: ਤੁਹਾਡੀ ਨਿਗਰਾਨੀ ਹੇਠ ਹੁਣ ਤੱਕ ਕਿੰਨੇ ਕੂ
ਵਿਦਿਆਰਥੀ ਐੱਮ.ਫਿ਼ਲ., ਪੀਐੱਚ. ਡੀ. ਕਰ ਚੁਕੇ ਹਨ?
ਡਾ. ਕਾਂਗ: ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ
ਵਿਚ ਪੜ੍ਹਾਉਂਦਿਆਂ ਪਿਛਲੇ 30 ਸਾਲਾਂ ਵਿਚ ਮੇਰੀ ਨਿਗਰਾਨੀ ਹੇਠ ਤਕਰੀਬਨ
40 ਵਿਦਿਆਰਥੀ ਪੀਐੱਚ.ਡੀ. ਅਤੇ 150 ਦੇ ਕਰੀਬ ਐਮ. ਫਿ਼ਲ ਕਰ ਚੁਕੇ ਹਨ।
ਮੇਰੇ ਪੜ੍ਹਾਏ ਵਿਦਿਆਰਥੀ ਅੱਜ ਪ੍ਰਿੰਸੀਪਲ ਅਤੇ ਪ੍ਰੋਫ਼ੈਸਰ ਲੱਗੇ ਹੋਏ
ਹਨ। ਪ੍ਰਿੰਸੀਪਲ ਰਮੇਸ਼ ਕੁਮਾਰ, ਡਾ. ਰਤਨ ਸਿੰਘ ਢਿੱਲੋਂ, ਪ੍ਰਿੰਸੀਪਲ
ਹਰਜੀਤ ਸਿੰਘ, ਡਾ. ਗੁਰਦਿਆਲ ਸਿੰਘ, ਡਾ. ਰਜਿੰਦਰ ਸਿੰਘ ਭੱਟੀ ਅਤੇ ਡਾ.
ਗੁਰਦੇਵ ਸਿੰਘ ਮੇਰੇ ਸ਼ਗਿਰਦ ਹਨ।
ਡਾ. ਨਿਸ਼ਾਨ: ਐੱਮ. ਏ., ਐੱਮ. ਫਿ਼ਲ. ਕੁਰੂਕਸ਼ੇਤਰ
ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਸ਼ੁਰੂ ਕਰਵਾਉਣ ਪਿੱਛੇ ਤੁਹਾਡਾ ਕੀ
ਉਦੇਸ਼ ਸੀ?
ਡਾ. ਕਾਂਗ: ਇਸ ਪਿੱਛੇ ਮੇਰਾ ਕੋਈ ਨਿੱਜੀ ਉਦੇਸ਼ ਨਹੀਂ ਸੀ। ਮੈਂ
ਚਾਹੁੰਦਾ ਹਾਂ ਕਿ ਕੁਰੂਕਸ਼ੇਤਰ ਜ਼ਿਲ੍ਹੇ ਦੇ ਨਾਲ-ਨਾਲ ਹਰਿਆਣੇ ਦੇ ਦੂਜੇ
ਜ਼ਿਲ੍ਹਿਆਂ, ਪੰਜਾਬ, ਦਿੱਲੀ ਅਤੇ ਹੋਰ ਸੂਬਿਆਂ ਦੇ ਵਿਦਿਆਰਥੀ ਕੁਰੂਕਸ਼ੇਤਰ
ਯੂਨੀਵਰਸਿਟੀ ਵਿਖੇ ਪੰਜਾਬੀ ਵਿਸ਼ੇ ਦੀ ਪੜ੍ਹਾਈ ਕਰਨ ਤਾਂ ਕਿ ਪੰਜਾਬੀ
ਜ਼ੁਬਾਨ ਦਾ ਪ੍ਰਚਾਰ ਹੋਵੇ। ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਮੈਂ ਐੱਮ. ਏ.
ਅਤੇ ਐੱਮ. ਫਿ਼ਲ ਪੱਤਰ ਵਿਹਾਰ ਰਾਹੀਂ ਆਰੰਭ ਕਰਵਾਈ ਸੀ।
ਡਾ. ਨਿਸ਼ਾਨ: ਵਿੱਦਿਅਕ ਖੇਤਰ ਵਿਚ ਵਿਚਰਦਿਆਂ ਤੁਸੀਂ ਕਿਹੜੇ-
ਕਿਹੜੇ ਅਹੁਦਿਆਂ ਤੇ ਕੰਮ ਕੀਤਾ ਹੈ?
ਡਾ. ਕਾਂਗ: ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦਾ
ਮੈਂ 13 ਸਾਲ ਲਗਾਤਾਰ ਮੁਖੀ ਰਿਹਾ ਹਾਂ। ਪੰਜਾਬੀ ਸਾਹਿਤ ਦੇ ਖੇਤਰ ਵਿਚ 35
ਸਾਲ ਦੀ ਉੱਮਰ ਵਿਚ ਪਹਿਲੇ ਪੰਜਾਬੀ ਪ੍ਰੋਫ਼ੈਸਰ ਬਨਣ ਦਾ ਮਾਣ ਹਾਸਿਲ
ਕੀਤਾ। ਕੁਰੂਕਸ਼ੇਤਰ ਯੂਨੀਵਰਸਿਟੀ ਦਾ ਡੀਨ ਆਰਟਸ ਆਫ਼ ਲੈਂਗੂਏਜ਼ ਰਿਹਾ,
ਪ੍ਰਸਿੱਧ ਸ਼ਾਇਰ ਕਰਤਾਰ ਸਿੰਘ ਬਲੱਗਣ ਦੇ ਪਰਚੇ ‘ਕਵਿਤਾ’ ਦਾ ਸਹਾਇਕ
ਸੰਪਾਦਕ ਰਿਹਾ। 1993-98 ਲਈ ਭਾਰਤ ਸਰਕਾਰ ਨੇ ਮੈਨੂੰ ਸਰਵ ਉੱਚ ਸੰਸਥਾ
‘ਜਨਰਲ ਕਾਊਂਸਲ’ ਵਿਚ ਸ਼ਾਮਲ ਕੀਤਾ। 1996 ਤੋਂ 2003 ਤੱਕ ‘ਭਾਸ਼ਾ
ਮਾਹਿਰ’ ਨਿਯੁਕਤ ਕੀਤਾ। ਇਸ ਤੋਂ ਇਲਾਵਾ ਇਸ ਵੇਲੇ ਮੈਂ ਹਰਿਆਣਾ ਪੰਜਾਬੀ
ਸਾਹਿਤ ਸਭਾ ਦਾ ਮੁੱਖ ਸਰਪਰਸਤ ਹਾਂ।
ਡਾ. ਨਿਸ਼ਾਨ: ਹਰਿਆਣੇ ਵਿਚ ਪੰਜਾਬੀ ਜ਼ੁਬਾਨ ਦੇ ਵਿਕਾਸ ਲਈ
ਤੁਸੀਂ ਕਿਹੜੀਆਂ ਯੋਜਨਾਵਾਂ ਤੇ ਕੰਮ ਕਰ ਰਹੇ ਹੋ?
ਡਾ. ਕਾਂਗ: ਸਾਡੀ ਟੀਮ ਵੱਲੋਂ ਹਰਿਆਣੇ ਦੇ ਵੱਖ-ਵੱਖ ਜ਼ਿਲ੍ਹਿਆਂ
ਵਿਚ ਸੈਮੀਨਾਰ, ਕਵੀ ਦਰਬਾਰ, ਵਿਚਾਰ ਗੋਸ਼ਟੀਆਂ ਅਤੇ ਚਰਚਾਵਾਂ ਕਰਵਾਈਆਂ
ਜਾ ਰਹੀਆਂ ਹਨ। ਨਵੇਂ ਸ਼ਾਇਰ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਉਣ, ਇਸ ਲਈ
ਹਰਿਆਣਾ ਪੰਜਾਬੀ ਸਾਹਿਤ ਸਭਾ ਵਲੋਂ ਹਰ ਮਹੀਨੇ ਕਿਸੇ ਨਾ ਕਿਸੇ ਸਾਹਿਤਿਕ
ਪ੍ਰੇਮੀ ਦੇ ਘਰ ‘ਦੀਵਾ ਬਲੇ ਸਾਰੀ ਰਾਤ’ ਕਵੀ ਦਰਬਾਰ ਕਰਵਾਇਆ ਜਾਂਦਾ ਹੈ।
ਡਾ. ਨਿਸ਼ਾਨ: ਸਾਹਿਤਿਕ ਖੇਤਰ ਵਿਚ ਤੁਹਾਡਾ ਪ੍ਰੇਰਣਾ ਸ੍ਰੋਤ
ਕੌਣ ਹੈ?
ਡਾ. ਕਾਂਗ: ਪੰਜਾਬੀ ਸਾਹਿਤ ਦੇ ਖੇਤਰ ਵਿਚ ਮੈਂ ਆਪਣੇ ਵੱਡੇ ਵੀਰ
ਅਤੇ ਸਾਹਿਤ ਚਿੰਤਨ ਦੇ ਵੱਡੇ ਸਾਹਿਤਕਾਰ ਡਾ. ਕੁਲਬੀਰ ਸਿੰਘ ਕਾਂਗ ਨੂੰ
ਆਪਣਾ ਪ੍ਰੇਰਣਾ ਸ੍ਰੋਤ ਮੰਨਦਾ ਹਾਂ। ਕੁੱਝ ਸਮਾਂ ਪਹਿਲਾਂ ਉਹ ਇਸ ਫ਼ਾਨੀ
ਸੰਸਾਰ ਤੋਂ ਰੁਖ਼ਸਤ ਹੋ ਗਏ ਹਨ। ਪ੍ਰਭੂ ਉਹਨਾਂ ਦੀ ਆਤਮਾ ਨੂੰ ਆਪਣੇ
ਚਰਨਾਂ ਵਿਚ ਨਿਵਾਸ ਬਖਸ਼ੇ।
ਡਾ. ਨਿਸ਼ਾਨ: ਤੁਸੀਂ ਆਲੋਚਕ ਵੀ ਹੋ ਅਤੇ ਸ਼ਾਇਰ ਵੀ,
ਤੁਹਾਨੂੰ ਆਪਣਾ ਕਿਹੜਾ ਰੂਪ ਜਿਆਦਾ ਚੰਗਾ ਲੱਗਦਾ ਹੈ?
ਡਾ. ਕਾਂਗ: ਆਲੋਚਕ ਦੀ ਭੂਮਿਕਾ ਦੋਹਰੀ ਹੁੰਦੀ ਹੈ। ਜਿਹੜੀਆਂ
ਗੱਲਾਂ ਦਾ ਖ਼ੁਦ ਸ਼ਾਇਰ ਨੂੰ ਗਿਆਨ ਨਹੀਂ ਹੁੰਦਾ ਆਲੋਚਕ ਉਹ ਗੱਲਾਂ ਲੱਭ ਕੇ
ਲਿਆਉਂਦਾ ਹੈ। ਬਾਕੀ ਰਹੀ ਗੱਲ ਚੰਗੇ ਲੱਗਣ ਦੀ ਤਾਂ ਮੈਂ ਪਹਿਲਾਂ ਆਲੋਚਕ
ਹਾਂ ਤੇ ਬਾਅਦ ਵਿਚ ਸ਼ਾਇਰ।
ਡਾ. ਨਿਸ਼ਾਨ: ਹਰਿਆਣਾ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦੂਜੀ
ਰਾਜ ਭਾਸ਼ਾ ਦਾ ਦਰਜ਼ਾ ਦੇ ਦਿੱਤਾ ਹੈ। ਇਸ ਬਾਰੇ ਕੀ ਵਿਚਾਰ ਨੇ
ਤੁਹਾਡੇ...?
ਡਾ. ਕਾਂਗ: ਇਹ ਦੇਰ ਨਾਲ ਲਿਆ ਗਿਆ ਸਹੀ ਫ਼ੈਸਲਾ ਹੈ। ਹਰਿਆਣਾ
ਸਰਕਾਰ ਪੰਜਾਬੀਆਂ ਲਈ ਰਾਜ ਵਿਚ ਚੰਗਾ ਕੰਮ ਕਰ ਰਹੀ ਹੈ। ਮੈਂ ਮੁੱਖਮੰਤਰੀ
ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਪੰਜਾਬੀ ਜ਼ੁਬਾਨ ਨੂੰ ਉਸ ਦਾ ਬਣਦਾ
ਮਾਣ- ਸਨਮਾਣ ਦਿੱਤਾ ਹੈ।
ਡਾ. ਨਿਸ਼ਾਨ: ਆਖ਼ਰੀ ਸਵਾਲ..., ਕੋਈ ਰੀਝ ਜਿਹੜੀ ਅਜੇ ਅਧੂਰੀ
ਹੋਵੇ?
ਡਾ. ਕਾਂਗ: (ਹੱਸਦੇ ਹੋਏ)..., ਆਪਣੇ ਆਖ਼ਰੀ ਦਮ ਤੱਕ ਪੰਜਾਬੀ
ਮਾਂ ਬੋਲੀ ਦਾ ਲਾਡਲਾ ਪੁੱਤਰ ਬਣ ਕੇ ਇਸ ਦੀ ਸੇਵਾ ਕਰਦਾ ਰਹਾਂ, ਬਸ ਇਹੀ
ਅਰਦਾਸ ਹੈ ਪਰਮਾਤਮਾ ਅੱਗੇ।
ਮੇਰੇ ਆਖ਼ਰੀ ਸਵਾਲ ਵਾਂਗ ਡਾ. ਅਮਰਜੀਤ ਸਿੰਘ ਕਾਂਗ ਸੱਚਮੁਚ ਹੀ ਆਪਣੇ
ਆਖ਼ਰੀ ਸਾਹਾਂ ਤੱਕ ਪੰਜਾਬੀ ਜ਼ੁਬਾਨ ਦਾ ਲਾਡਲਾ ਪੁੱਤਰ ਬਣ ਕੇ ਇਸ ਦੀ ਸੇਵਾ
ਕਰਦਾ ਰਿਹਾ। ਡਾ. ਕਾਂਗ ਨੇ ਹਰਿਆਣੇ ਵਿਚ ਪੰਜਾਬੀ ਜ਼ੁਬਾਨ ਨੂੰ ਦੂਜੀ ਰਾਜ
ਭਾਸ਼ਾ ਦਾ ਦਰਜ਼ਾ ਦਵਾਉਣ, ਸਾਹਿਤਿਕ ਖੇਤਰਾਂ ਵਿਚ ਨਵੀਂ ਚੇਤਨਾ ਪੈਦਾ
ਕਰਨ, ਨਵੇਂ ਸ਼ਾਇਰਾਂ ਨੂੰ ਉਤਸ਼ਾਹਤ ਕਰਨ ਅਤੇ ਖੋਜ ਕਾਰਜ ਨੂੰ ਨਵੀਂ
ਦਿਸ਼ਾ ਵੱਲ ਲੈ ਕੇ ਜਾਣ ਲਈ ਆਪਣੀ ਭੂਮਿਕਾ ਬਾਖੂਬੀ ਨਿਭਾਈ। ਡਾ.ਅਮਰਜੀਤ
ਸਿੰਘ ਕਾਂਗ ਦਾ ਨਾਮ ਹਰਿਆਣੇ ਦੇ ਪੰਜਾਬੀ ਸਾਹਿਤਿਕ ਹਲਕਿਆਂ ਵਿਚ ਹਮੇਸ਼ਾ
ਗੂੰਜ਼ਦਾ ਰਹੇਗਾ।
ਕੋਠੀ ਨੰ. 1054/1, ਵਾਰਡ ਨੰ. 15/ਏ,
ਭਗਵਾਨ ਨਗਰ ਕਾਲੌਨੀ, ਪਿੱਪਲੀ,
ਜਿ਼ਲ੍ਹਾ ਕੁਰੂਕਸ਼ੇਤਰ।
ਮੋਬਾਈਲ ਨੰ: 075892- 33437
|