ਤਿਤਲੀ ਦੀ ਮੁਸਕਾਨ (ਬਾਲ ਕਹਾਣੀ ਸੰਗ੍ਰਹਿ), ਟਾਂਗੇ ਵਾਲਾ ਖੈਰ ਮੰਗਦਾ
(ਕਹਾਣੀ ਸੰਗ੍ਰਹਿ), ਲਾ-ਪਰਵਾਹੀ ਜ਼ਿੰਦਾਬਾਦ (ਹਾਸ-ਵਿਅੰਗ) ਆਦਿ ਆਪਣੀਆਂ
ਸਾਹਿਤਕ ਕਿਰਤਾਂ ਨੂੰ ਆਪਣੇ ਬੀਤੇ ਪਲਾਂ ਦੀ ਦਾਸਤਾਨ ਦੱਸਣ ਵਾਲਾ ਅਤੇ
ਉਡਾਰੀਆਂ (ਸਾਖਰਤਾ ਲੇਖ) ਦੇਣ ਉਪਰੰਤ ਹੁਣ ਆਜਾ ਮੇਰਾ ਪਿੰਡ ਦੇਖ ਲੈ
(ਛਪਾਈ ਅਧੀਨ) ਵਾਲਾ ਵਿਦਵਾਨ ਕਲਮਕਾਰ ਪ੍ਰਿੰਸੀਪਲ ਗੁਰਮੀਤ ਸਿੰਘ
ਫਾਜਿਲਕਾ, ਸਾਹਿਤਕ ਖੇਤਰ ਵਿਚ ਇਕ ਨਿਰੰਤਰ ਵਗਦਾ, ਛੂਕਦਾ ਕਲਮੀ-ਦਰਿਆ ਹੈ।
ਉਹ ਵੱਖ ਵੱਖ ਸਕੂਲਾਂ ਵਿਚ ਆਪਣੀ ਸਰਕਾਰੀ ਅਧਿਆਪਨ ਦੀ ਨੌਕਰੀ ਕਰਦਿਆਂ,
ਵਿਦਿਆ ਦਾ ਚਾਨਣ ਵੰਡਣ ਦੀ ਅਹਿਮ ਭੂਮਿਕਾ ਨਿਭਾਉਣ ਉਪਰੰਤ ਆਖਰ ਪ੍ਰਿੰਸੀਪਲ
ਦੇ ਅਹੁੱਦੇ ਤੋ ਸੇਵਾ-ਮੁਕਤ ਹੋਣ ਪਿਛੋ ਅੱਜ ਕਲ ਨਿਰੋਲ ਸਾਹਿਤ ਸਿਰਜਨਾ
ਅਤੇ ਪੁਸਤਕ-ਸਮੀਖਿਆ ਕਾਰਜ ਨੂੰ ਪੂਰੀ ਇਮਾਨਦਾਰੀ ਤੇ ਦਿਆਂਤਦਾਰੀ ਨਾਲ
ਸਮਰਪਣ ਹੈ।
ਹੁਣ ਤਕ ਗੁਰਬਚਨ ਸਿੰਘ ਭੁੱਲਰ, ਕੇ. ਐਲ. ਗਰਗ, ਬਲਬੀਰ ਪਰਵਾਨਾ ਅਤੇ
ਹਮਦਰਦਵੀਰ ਨੌਸ਼ਹਿਰਵੀ ਆਦਿ ਜਿਹੇ ਨਾਮਵਰ ਲੇਖਕਾਂ ਦੀਆਂ ਕਿਤਾਬਾਂ ਪੜ੍ਹ ਕੇ
ਉਸ ਦੇ ਕੀਤੇ ਰੀਵੀਉ ਅਜੀਤ, ਟ੍ਰਿਬਿਉਨ, ਦੇਸ਼ ਸੇਵਕ, ਅਕਾਲੀ ਪੱਤ੍ਰਿਕਾ,
ਅੱਜ ਦੀ ਆਵਾਜ, ਪੰਜਾਬੀ ਜਾਗਰਣ, ਨਵਾਂ ਜਮਾਨਾ ਅਤੇ ਕਈ ਨਾਮਵਰ ਮੈਗਜੀਨਾਂ
ਵਿਚ 400 ਦੇ ਲਗਪਗ ਛਪ ਚੁਕੇ ਹਨ। ਕਰਨੈਲ ਸਿੰਘ ਐਮ. ਏ. ਦੀਆਂ ਸੰਪਾਦਤ
ਕਿਤਾਬਾਂ ਤੇ ਲਿਖਣ ਦਾ ਸੁਭਾਗ ਵੀ ਪ੍ਰਾਪਤ ਹੋ ਚੁੱਕਾ ਹੈ, ਉਸਨੂੰ। ਉਸ ਦਾ
ਕਹਿਣ ਹੈ ਕਿ ਰੀਝ ਨਾਲ ਪੁਸਤਕ-ਸਮੀਖਿਆ ਕਰ ਕੇ ਉਸ ਨੂੰ ਦਿਲੀ ਸਕੂਨ ਤੇ
ਖੁਸ਼ੀ ਮਿਲਦੀ ਹੈ।
ਫਾਜਿਲਕਾ ਸ਼ਹਿਰ ਦੇ ਜੰਮਪਲ, ਤਿੰਨ ਭਰਾ ਤੇ ਦੋ ਭੈਣਾ ਦੇ ਵੀਰ ਨੇ ਆਪਣੇ
ਸਾਹਿਤਕ-ਸਫਰ ਅਤੇ ਪਰਿਵਾਰ ਦੀ ਗੱਲ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ
ਪਿਤਾ ਗਿਆਨੀ ਦਰਸ਼ਨ ਸਿੰਘ ਜੀ ਇਕ ਐਸੀ ਰੱਬੀ-ਮੂਰਤ ਸਨ, ਜਿਨ੍ਹਾਂ ਦਾ
ਜੀਵਨ, ਬਸ ਗੁਰਬਾਣੀ ਹੀ ਸੀ। ਗੁਰਦੁਵਾਰਾ ਸਿੰਘ ਸਭਾ ਫਾਜਿਲਕਾ ਵਿਖੇ
ਰੋਜਾਨਾ ਨਿਸ਼ਕਾਮ ਕੀਰਤਨ ਕਰਨਾ ਉਨ੍ਹਾਂ ਦੀ ਰੂਹ ਦੀ ਖੁਰਾਕ ਸੀ। 1984 ਦੇ
ਦਰਬਾਰ ਸਾਹਿਬ ਹਮਲੇ ਤੋ ਉਹ ਬਹੁਤ ਪੀੜਤ ਸਨ। ਇਵੇ ਹੀ ਉਨ੍ਹਾਂ ਦੇ ਮਾਤਾ,
ਬੀਬੀ ਗੁਰਦੇਵ ਕੌਰ ਜੀ ਦਾ ਜੀਵਨ ਵੀ ਸਬਰ-ਸੰਤੋਖ ਵਾਲਾ ਸਾਦਾ ਹੀ ਸੀ।
ਮਾਤਾ-ਪਿਤਾ ਤੋ ਮਿਲੇ ਧਾਰਮਿਕ ਸੰਸਕਾਰਾਂ ਦੀ ਰੰਗਣ ਗੁਰਮੀਤ ਸਿੰਘ ਨੂੰ
ਚੜ੍ਹਨੀ ਵੀ ਸੁਭਾਵਿਕ ਗੱਲ ਹੀ ਸੀ।
ਗੁਰਮੀਤ ਸਿੰਘ ਜੀ ਨੇ ਐਮ.ਆਰ.ਕਾਲਿਜ ਫਾਜਿਲਕਾ ਤੋ ਬੀ. ਐਸ. ਸੀ
(ਮੈਡੀਕਲ) ਪਹਿਲੇ ਦਰਜੇ ਵਿਚ ਪੰਜਾਬ ਯੂਨੀਵਰਸਿਟੀ ਤੋ ਅਤੇ ਬੀ-ਐਡ, ਡੀ.
ਏ. ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਤੋ ਪਾਸ ਕੀਤੀ : ਜਦ ਕਿ ਨੌਕਰੀ ਕਰਦੇ
ਸਮੇ ਐਮ. ਏ. (ਪੰਜਾਬੀ) ਪ੍ਰਾਈਵੇਟ ਤੌਰ ਤੇ ਪੰਜਾਬ ਯੂਨੀਵਰਸਿਟੀ ਤੋ ਪਾਸ
ਕੀਤੀ। ਕਾਲਜ ਪੜ੍ਹਦੇ ਸਮੇ ਪ੍ਰੀਤ ਲੜੀ, ਨਾਗਮਣੀ, ਜਨ-ਸਾਹਿਤ, ਪੰਜਾਬੀ
ਦੁਨੀਆ ਆਦਿ ਪੰਜਾਬੀ-ਸਾਹਿਤ ਪੜ੍ਹਨ ਦੀ ਐਸੀ ਚੇਟਕ ਲੱਗੀ ਕਿ ਕਾਲਜ ਦੀ
ਪੜ੍ਹਾਈ ਸਮੇ ਹੀ ਉਸ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀ
ਪਹਿਲੀ ਕਹਾਣੀ ਫਰਿਸ਼ਤਾ, ਅਕਾਲੀ ਪੱਤ੍ਰਿਕਾ ਵਿਚ ਛਪੀ।
ਪੰਜਾਬੀ ਟ੍ਰਿਬਿਉਨ ਵਿਚ ਗੁਰਮੀਤ ਦੀ ਸ਼ੁਰਆਤ 5-2-1981 ਵਿਚ ਸਕੂਲਾਂ
ਦੇ ਕਲਾ ਤੇ ਸਭਿਆਚਾਰਕ ਮੁਕਾਬਲੇ ਰਚਨਾ ਨਾਲ ਹੋਈ। ਫਿਰ ਲਗਾਤਾਰ ਸਿਖਿਆ,
ਧਰਮ ਇਤਿਹਾਸ ਤੇ ਸਮਾਜਿਕ ਵਿਸ਼ਿਆਂ ਪ੍ਰਤੀ ਲੇਖਾਂ ਦੇ ਨਾਲ-ਨਾਲ,
ਬਾਲ-ਕਹਾਣੀਆ, ਮਿੰਨੀ ਕਹਾਣੀ ਅਤੇ ਵਿਅੰਗ ਵੀ ਛਪਣੇ ਸ਼ੁਰੂ ਹੋ ਗਏ। ਹੁਣ ਕਈ
ਦਹਾਕੇ ਤੋ ਪੰਜਾਬੀ ਟ੍ਰਿਬਿਊਨ ਵਿਚ ਉਨ੍ਹਾਂ ਦੇ ਟਿਪਣੀਆਂ ਤੇ ਖਤ ਛਪਦੇ ਆ
ਰਹੇ ਹਨ। ਬਰਜਿੰਦਰ ਸਿੰਘ ਹਮਦਰਦ, ਪਹਿਲੇ ਸੰਪਾਦਕ, ਪੰਜਾਬੀ ਟ੍ਰਿਬਿਉਨ ਤੋ
ਸ਼ੁਰੂ ਹੋ ਕੇ ਇਸ ਅਖਬਾਰ ਦੇ ਹੁਣ ਤਕ ਦੇ ਸਾਰੇ ਸੰਪਾਦਕ ਸਾਹਿਬਾਨ ਤੋ ਛਪਣ
ਦਾ ਇਹ ਸਬੱਬ ਉਸਨੂੰ ਹਾਸਲ ਹੋਇਆ।
ਸਾਹਿਤਕ-ਸਫਰ ਵਿਚ ਗੁਰਮੀਤ ਜਿੱਥੇ ਆਪਣੀ ਧਰਮ-ਪਤਨੀ ਰਾਜਪ੍ਰੀਤ ਕੌਰ,
ਬੇਟਾ ਖੁਸ਼ਵਿੰਦਰ ਸਿੰਘ (ਬੀ ਟੈਕ ਕੰਪਿਉਟਰ ਸਾਇੰਸ) ਅਤੇ ਬੇਟੀ ਰਮਿੰਦਰ
ਕੌਰ ਐਮ. ਏ. (ਪੰਜਾਬੀ ਤੇ ਅਰਥ-ਸਾਸ਼ਤਰ ਅਤੇ ਬੀ ਐਡ) ਦਾ ਕਾਫੀ ਸਹਿਯੋਗ
ਮੰਨਦੇ ਹਨ, ਉਥੇ ਹਾਸ-ਵਿਅੰਗ ਲੇਖਕ ਸਰਦਾਰ ਦਲੀਪ ਸਿੰਘ ਭੂਪਾਲ ਤੇ ਕੇ.ਐਲ.
ਗਰਗ ਦੀ ਮਿਲੀ ਪ੍ਰੇਰਨਾ ਲਈ ਉਨ੍ਹਾਂ ਦੇ ਵੀ ਰਿਣੀ ਹਨ।
ਦੂਰਦਰਸ਼ਨ ਜਲੰਧਰ ਅਤੇ ਰੇਡੀਓ ਤੇ ਵੀ ਕਈ ਵਾਰ ਹਾਜਰੀਆਂ ਭਰ ਚੁੱਕਾ
ਪੰਜਾਬੀ ਮਾਂ-ਬੋਲੀ ਦਾ ਪੁਜਾਰੀ ਗੁਰਮੀਤ, ਅਨਗਿਣਤ ਸਾਹਿਤਕ ਇਨਾਮ-ਸਨਮਾਨ
ਹਾਸਲ ਕਰ ਚੁੱਕਾ ਹੈ, ਜਿਨ੍ਹਾ ਵਿਚ ਪੰਜਾਬੀ ਟ੍ਰਿਬਿਊਨ ਪਾਠਕ ਮੰਚ ਨਿਬੰਧ
ਵਿਸ਼ੇ ਤੇ, ਮਿੰਨੀ ਕਹਾਣੀ ਮੁਕਾਬਲੇ ਦਾ ਮਾਲਵਾ ਸਾਹਿਤ ਕੇਦਰ ਕੋਟਕਪੁਰਾ,
ਸਰਬ ਭਾਰਤੀ ਪਹੁਫੁਟੀ ਕਹਾਣੀ ਮੁਕਾਬਲਾ, ਲੋਕ ਸਾਹਿਤ ਸਭਾ ਲਖੇ ਵਾਲੀ, ਕੇਸ
ਸੰਭਾਲ ਪ੍ਰਚਾਰ ਸੰਸਥਾ ਅੰਮ੍ਰਿਤਸਰ ਕਹਾਣੀ ਪੁਰਸਕਾਰ (ਦੂਸਰਾ), ਸਿਖ
ਵੈਲਫੇਅਰ ਸੁਸਾਇਟੀ ਫਾਜਿਲਕਾ, ਸਾਹਿਤ ਸਭਾ ਜਲਾਲਾਬਾਦ ਸਨਮਾਨ 2010,
ਕਹਾਣੀ ਮੰਚ ਫਿਰੋਜਪੁਰ ਕਹਾਣੀ ਸਨਮਾਨ, ਪੰਜਾਬੀ ਸੱਥ ਹੁਸੈਨੀ ਵਾਲਾ ਦਾ
ਸਨਮਾਨ 2010, ਭਾਸ਼ਾ ਵਿਭਾਗ ਵਲੋ ਫਾਜਿਲਕਾ ਵਿਚ ਕਰਾਏ ਕਵੀ-ਦਰਬਾਰ ਵਿਚ
ਵਿਸ਼ੇਸ਼ ਸਨਮਾਨ 2014 ਬਾਬਤ ਪੰਜਾਬੀ ਸਪਤਾਹ ਆਦਿ ਨੂੰ ਉਹ ਅਭੁੱਲ ਸਨਮਾਨ
ਮੰਨਦਾ ਹੈ।
ਅੱਡ-ਅੱਡ ਸਕੂਲਾਂ ਵਿਚ ਗਿਆਨ ਵੰਡਦਿਆਂ, ਪ੍ਰਿੰਸੀਪਲ ਦੇ ਅਹੁੱਦੇ ਤੋ
ਸੇਵਾ-ਮੁਕਤੀ ਉਪਰੰਤ, ਅੱਜ ਕੱਲ ਪਰਿਵਾਰ ਨਾਲ ਫਾਜਿਲਕਾ ਵਿਚ ਸੰਤੁਸ਼ਟੀ ਭਰੇ
ਜੀਵਨ ਦਾ ਅਨੰਦ ਲੈ ਰਹੇ ਗੁਰਮੀਤ ਸਿੰਘ ਜੀ ਦਾ ਕਹਿਣ ਹੈ ਕਿ ਹੁਣ
ਅਖਬਾਰਾਂ, ਕਿਤਾਬਾਂ, ਮੈਗਜੀਨ, ਰੇਡੀਓ, ਦੂਰਦਰਸ਼ਨ ਹੀ ਮੁੱਖ ਰੁਝੇਵੇ ਹਨ,
ਉਸਦੇ। ਖਤ-ਪੱਤਰ, ਤੇ ਫੋਨ ਦੁਆਰਾ ਦੇਸ਼-ਵਿਦੇਸ਼ ਦੇ ਲੇਖਕਾਂ ਨਾਲ ਰਾਬਤਾ
ਬਣਾ ਕੇ ਖੁਸ਼ੀ ਮਿਲਦੀ ਹੈ। ਜਿਨ੍ਹਾਂ ਵਿਚ ਡਾ: ਹਰਚੰਦ ਸਿੰਘ ਸਰਹਿੰਦੀ,
ਰਜਿੰਦਰ ਪਾਲ ਸ਼ਰਮਾ, ਬਿਕਰਮਜੀਤ ਨੂਰ, ਦਵਿੰਦਰ ਦੀਦਾਰ, ਚਮਕ ਸੁਰਜੀਤ
(ਫਿਰੋਜਪੁਰ), ਸਾਹਿਲ ਕੁਮਾਰ ਹੈਪੀ (ਮੁਕਤਸਰ), ਕਰਨੈਲ ਸਿੰਘ ਐਮ. ਏ. ਆਦਿ
ਸੈਕੜਿਆਂ ਦੇ ਨਾਵਾਂ ਵਾਲਾ ਸਾਹਿਤਕ ਚਿਹਰਿਆਂ ਵਾਲਾ ਸਾਹਿਤਕ ਪਰਿਵਾਰ ਹੈ
ਉਸ ਦਾ ।
ਸ਼ਾਲ੍ਹਾ ! ਪ੍ਰਿੰਸੀਪਲ ਗੁਰਮੀਤ ਸਿੰਘ ਫਾਜਿਲਕਾ, ਰੂਪੀ ਇਹ ਛੂਕਦਾ
ਕਲਮੀ-ਦਰਿਆ, ਆਪਣੀਆਂ ਕਲਮੀ-ਲਹਿਰਾਂ ਅਤੇ ਛੱਲਾਂ ਨਾਲ ਸਾਹਿਤਕ-ਪ੍ਰੇਮੀਆਂ
ਦੇ ਹਿਰਦਿਆਂ ਨੂੰ ਠੰਢਕ ਵਰਤਾਉਦਾ ਨਿਰੰਤਰ ਵਗਦਾ ਰਵ੍ਹੇ ! ਆਮੀਨ !
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ: ਪ੍ਰਿੰਸੀਪਲ ਗੁਰਮੀਤ ਸਿੰਘ, ਫਾਜਿਲਕਾ (9814856160)
|