ਮੋਗਾ ਜ਼ਿਲਾ ਦੇ ਕਸਬਾ ਸਮਾਲਸਰ ਦੀ ਜੰਮਪਲ ਜੱਗੀ ਬਰਾੜ ਸਮਾਲਸਰ
(ਕਵਿੱਤਰੀ ਅਤੇ ਕਹਾਣੀਕਾਰ) ਦੀਆਂ ਹੁਣ ਤੱਕ “ਉਹਦੀ ਡਾਇਰੀ ਦੇ ਪੰਨੇ “
(ਕਹਾਣੀ -ਸੰਗ੍ਰਹਿ) ਅਤੇ “ਕਸਤੂਰੀ “ ਅਤੇ “ਵੰਝਲੀ “(ਕਾਵਿ- ਸੰਗ੍ਰਹਿ)
ਤਿੰਨ ਕਿਤਾਬਾਂ ਛਪ ਚੁੱਕੀਆਂ ਹਨ। ਜੱਗੀ ਦਸਦੀ ਹੈ ਕਿ ਉਸ ਨੇ ਲਿਖਣਾ
ਡਾਇਰੀਆਂ ਅਤੇ ਖ਼ਤਾਂ ਤੋਂ ਸ਼ੁਰੂ ਕੀਤਾ ਸੀ। ਡਾਇਰੀਆਂ ਉਹ ਆਪਣੀਆਂ ਸਹੇਲੀਆਂ
ਲਈ ਲਿਖਦੀ ਸੀ ਅਤੇ ਖ਼ਤ ਰੇਡੀਓ “ਦੇਸ਼ ਪੰਜਾਬ“ ਵਿੱਚ ਲਿਖਿਆ ਕਰਦੀ ਸੀ। ਇਸੇ
ਵਿੱਚ ਪ੍ਰੋਗਰਾਮ “ਗੁਲਦਸਤਾ “ ਤਹਿਤ ਕਲਮੀ ਦੋਸਤੀ ਜ਼ਰੀਏ ਉਸ ਨੂੰ ਅਜਿਹੇ
ਲੋਕ ਮਿਲੇ ਜਿਨਾਂ ਨੇ ਉਹਦੀ ਹੌਸਲਾ-ਅਫ਼ਜਾਈ ਕੀਤੀ ਅਤੇ ਇਸ ਤਰਾਂ ਉਸਨੇ
ਲਿਖਣਾ ਸ਼ੁਰੂ ਕਰ ਦਿੱਤਾ। ਸਿਰਜਣਾ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤਹਿਤ ਉਸ
ਦੀਆਂ ਕਹਾਣੀਆਂ ਪੇਸ਼ ਕੀਤੀਆਂ ਗਈਆਂ। ਅਜੀਤ ਅਤੇ ਜੱਗਬਾਣੀ ਅਖ਼ਬਾਰਾਂ ਵਿੱਚ
ਕਹਾਣੀਆਂ ਛਪੀਆਂ ।
ਦਸਵੀਂ ਤੱਕ ਦੀ ਪੜਾਈ ਜੱਗੀ ਨੇ ਪਿੰਡ ਸਮਾਲਸਰ ਤੋਂ, ਬੀ. ਏ. ਗੁਰੂ
ਨਾਨਕ ਕਾਲਜ ਗੁਰੂ ਤੇਗ ਬਹਾਦਰਗੜ (ਰੋਡੇ) ਤੋਂ ਅਤੇ ਐੱਮ ਏ. ਅੰਗਰੇਜ਼ੀ
ਗੁਰੂਸਰ ਸੁਧਾਰ ਕਾਲਜ ਤੋਂ ਕੀਤੀ। ਫਿਰ ਭਬਲ ਐੱਮ. ਏ. (ਰਾਜਨੀਤੀ ਸ਼ਾਸ਼ਤਰ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ । ਜੱਗੀ ਦੀ ਸ਼ਾਦੀ ਅਗਵਾੜ ਪੋਨਾ
ਜਗਰਾਓ ਦੇ ਜਸਵਿੰਦਰ ਸਿੱਧੂ ਜੱਸ ਨਾਲ ਹੋਈ, ਜੋ ਉਸ ਦੀ ਲਿਖਤੀ ਰਮਜ਼ ਨੂੰ
ਖ਼ੂਬ ਸਮਝਦੇ ਸਨ।
ਜੱਗੀ ਬਰਾੜ 1996 ਵਿੱਚ ਕੈਨੇਡਾ ਜਾ ਕੇ ਮਾਂਟਰੀਅਲ ਸ਼ਹਿਰ ਵਿੱਚ ਵੱਸ
ਗਈ । ਸੰਨ 2000 ਵਿੱਚ ਪ੍ਰੀਵਾਰ ਸਮੇਤ ਟੰਰਾਂਟੋ ਮੂਵ ਹੋ ਗਈ । ਜੱਗੀ
ਬਰਾੜ ਦਾ ਵੱਡਾ ਬੇਟਾ 2003 ਵਿੱਚ ਸੜਕ ਹਾਦਸੇ ਵਿੱਚ ਚਲਾ ਗਿਆ । ਜਦੋਂ
ਵਕਤ ਉਸ ਦਾ ਇਮਤਿਹਾਨ ਲੈ ਰਿਹਾ ਸੀ ਤਾਂ ਉਹਦੀ ਕਲਮ ਵੀ ਨਹੀਂ ਬੋਲੀ ।
ਕਾਫ਼ੀ ਅਰਸਾ ਖ਼ਾਮੋਸ਼ ਰਹੀ। 2008 ਦੇ ਕਰੀਬ ਉਹਨੂੰ ਲੱਗਿਆ ਕੋਈ ਆ ਕੇ ਉਹਦੇ
ਸਿਰਾਣੇ ਬਹਿ ਜਾਂਦਾ ਹੈ, ਦੁੱਖ ਦੀਆਂ ਸੁੱਖ ਦੀਆਂ ਗੱਲਾਂ ਕਰਦਾ ਏ ਅਤੇ
ਚਲਾ ਜਾਂਦਾ ਹੈ । ਇਸ ਸਿਲਸਿਲੇ ਦੀ ਪਹਿਲਾਂ-ਪਹਿਲ ਉਸ ਨੂੰ ਖੁਦ ਸਮਝ ਨਹੀਂ
ਲੱਗੀ ਕਿ ਇਹ ਸੁਪਨਾ ਹੈ ਜਾਂ ਹਕੀਕਤ। ਫਿਰ ਜਾ ਕੇ ਉਸ ਨੂੰ ਅਹਿਸਾਸ ਹੋਇਆ
ਕਿ ਇਹ ਤਾਂ ਕਿਰਦਾਰ ਏ ਕਹਾਣੀਆਂ ਵਾਲਾ, ਵਲਵਲੇ ਨੇ ਉਹਦੀਆਂ ਰਚਨਾਵਾਂ ਦੇ।
ਉਸ ਦੇ ਪਤੀ ਨੇ ਹੀ ਉਸ ਨੂੰ ਦੁਬਾਰਾ ਤੋਂ ਲਿਖਣ ਲਈ ਪ੍ਰੇਰਿਤ ਕੀਤਾ।
2014 ਵਿੱਚ ਉਸ ਦਾ ਕਾਵਿ-ਸੰਗ੍ਰਹਿ 'ਕਸਤੂਰੀ' ਆਇਆ ਜੋ ਚਰਚਾ ਦਾ ਵਿਸ਼ਾ
ਬਣਿਆ ਹੋਇਆ ਹੈ। ਇਸ ਵਿੱਚ ਲੇਖਿਕਾ ਨੇ ਦੇਸ਼-ਵਿਦੇਸ਼ ਦੀ ਗੱਲ ਕੀਤੀ ਹੈ ।
ਪਿੱਛੇ ਜਿਹੇ 'ਖਬਰਨਾਮਾ' ਪੇਪਰ ਵਿੱਚ ਧੀਆਂ, ਮੁਰਦਾ-ਖਤ, ਪਾਰੋ, ਅਣਛਪੀ,
ਤੂਫ਼ਾਨ, ਤਨ ਜਾਂ ਮਨ, ਮੇਰਾ ਹੱਥ, ਤੇਈ ਸਾਲ, ਬੱਚਿਆਂ ਵਾਲੀ ਆਦਿ ਵੱਖਰੇ
ਜਿਹੇ ਵਿਸ਼ਿਆਂ ਨੂੰ ਲੈ ਕੇ ਉਸ ਦੀਆਂ ਕਹਾਣੀਆਂ ਛਪੀਆਂ। ਇਸ ਤੋਂ ਇਲਾਵਾ
ਕੁੱਝ ਕਹਾਣੀਆਂ ਪੰਜਾਬੀ ਇੰਨ ਹਾਂਲੈਂਡ, ਯੂਰਪ ਟਾਈਮਜ਼, ਆਦਿ ਵਿੱਚ ਵੀ
ਛਪੀਆਂ ਹਨ । 2016 ਦੇ ਮੁੱਢਲੇ ਮਹੀਨਿਆਂ ਵਿੱਚ ਜੱਗੀ ਦਾ ਦੂਸਰਾ ਕਾਵਿ-
ਸੰਗ੍ਰਹਿ “ਵੰਝਲੀ“ ਆਇਆ।
ਜੱਗੀ ਪਾਸ ਸ਼ਬਦਾਂ ਦੀ ਭਰਮਾਰ ਹੈ। ਲੇਖਿਕਾ ਸੁਰਜੀਤ ਕੌਰ ਦਾ ਕਹਿਣਾ ਹੈ
ਕਿ ਜੱਗੀ ਕਵਿਤਾ ਲਿਖਦੀ ਹੀ ਨਹੀਂ ਕਵਿਤਾ ਨੂੰ ਜਿਉਂਦੀ ਵੀ ਹੈ। ਸੁਰਜੀਤ
ਸਿੰਘ ਭੁੱਲਰ ਲਿਖਦੇ ਹਨ, '' ਜੱਗੀ ਨੇ ਅਣਗਣਿਤ ਵਿਸ਼ਿਆਂ ਤੇ ਆਪਣੇ ਸੂਖਮ
ਭਾਵਾਂ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਹਿਜੇ ਹੀ ਕਾਵਿ ਕਲਾ ਨੂੰ ਨਿਪੁੰਨਤਾ
ਨਾਲ ਅਭਿਵਿਅਕਤ ਕਰਨ ਦੇ ਸਮਰੱਥ ਹੈ।“
ਜੱਗੀ ਬਰਾੜ ਆਪਣੇ ਆਪ ਵਿੱਚ ਮਗਨ ਰਹਿ ਕੇ ਲਿਖਣ ਵਾਲੀ ਕਵਿੱਤਰੀ ਹੈ।
ਖੁੱਲੀ ਕਵਿਤਾ ਲਿਖਦਿਆਂ ਖੁਦ ਕਵਿਤਾ ਹੋ ਜਾਂਦੀ ਹੈ। ਉਸਨੂੰ ਆਮ ਸਮਾਗਮਾਂ,
ਸਾਹਿਤ ਸਭਾਵਾਂ, ਕਵੀ ਦਰਬਾਰਾਂ ਵਿੱਚ ਨਹੀਂ ਦੇਖਿਆ ਜਾਂਦਾ ਅਤੇ ਨਾ ਹੀ
ਉਸਨੂੰ ਕਿਸੇ ਦੇ ਇਕੱਠ ਵਿੱਚ ਮੂਹਰੇ ਹੋ ਹੋ ਕੇ ਫੋਟੋ ਖਿੱਚਵਾਂਦਿਆ ਦੇਖਿਆ
ਹੈ। ਉਹ ਭਾਵੇਂ ਵੀਹ ਵਰਿਆਂ ਤੋਂ ਕੈਨੇਡਾ ਰਹਿੰਦੀ ਹੈ ਪਰ ਆਪਣੇ ਪਿੰਡ
ਸਮਾਲਸਰ ਨਾਲ ਪਿਆਰ ਉਹਦੀਆਂ ਲਿਖਤਾਂ ਵਿੱਚ ਉੱਛਲ ਉੱਛਲ ਪੈਂਦਾ ਹੈ। ਉਸ ਨੇ
ਆਪਣੇ ਨਾਮ ਨਾਲ ਸਮਾਲਸਰ ਅੱਜ ਵੀ ਜੋੜ ਕੇ ਰੱਖਿਆ ਹੈ। ਪਿੰਡ ਦੇ ਬਹੁਤ
ਸਾਰੇ ਨੋਜੁਆਨਾਂ ਨੇ ਵੀ ਪ੍ਰਭਾਵਿਤ ਹੋ ਕੇ ਆਪਣੇ ਨਾਮ ਨਾਲ ਸਮਾਲਸਰ ਲਿਖਣਾ
ਸ਼ੁਰੂ ਕਰ ਦਿੱਤਾ ਹੈ। ਪੁਸਤਕ ਵੰਝਲੀ ਵਿੱਚ ਸਮਾਲਸਰ ਬਾਰੇ 120 ਸਤਰਾਂ ਦੀ
ਕਵਿਤਾ ਇਸ ਗੱਲ ਦੀ ਗਵਾਹੀ ਦੇ ਰਹੀ ਹੈ। ਇਸ ਤੋਂ ਇਲਾਵਾ ਸ਼ੋਸ਼ਲ ਮੀਡੀਆ
ਉੱਤੇ “ਸਮਾਲਸਰ ਮੇਰਾ ਪਿੰਡ“ ਨਾਂ ਤੇ ਫੇਸਬੁੱਕ ਪੇਜ ਹੈ ਜੋ ਜੱਗੀ ਅਪਰੇਟ
ਕਰਦੀ ਹੈ ਅਤੇ ਪਿੰਡ ਦੀਆਂ ਸਾਰੀਆਂ ਗਤੀਵਿਧੀਆਂ, ਮਸ਼ਹੂਰ ਥਾਵਾਂ,
ਸੰਸਥਾਵਾਂ ਬਾਰੇ ਸਾਰੀ ਜਾਣਕਾਰੀ ਲਿਖੀ ਜਾਂਦੀ ਹੈ। 2016 ਦੇ ਸ਼ੁਰੂ ਵਿੱਚ
ਸਮਾਲਸਰ ਸਮਾਜ ਸੇਵਾ ਸੰਮਤੀ ਵੱਲੋਂ ਉਸ ਨੂੰ ਸਨਮਾਨ ਚਿੰਨ ਦੇ ਕੇ ਉਸ ਦੇ
ਇਸ ਉੱਦਮ ਲਈ ਸਨਮਾਨਿਤ ਵੀ ਕੀਤਾ ਗਿਆ।
ਜੱਗੀ ਅਨੁਸਾਰ ਕਵਿਤਾ ਮਨ ਦੇ ਵਲਵਲਿਆਂ ਨੂੰ ਕਾਗਜ਼ ਉੱਤੇ ਇੱਕ ਨਵਾਂ
ਜਨਮ ਦੇਣ ਦੇ ਬਰਾਬਰ ਹੈ। ਇਹ ਕਿਸੇ ਦੇ ਸਿਖਾਇਆਂ ਨਹੀਂ ਆਉਂਦੀ । ਇਹ ਤਾਂ
ਪਤਾ ਹੀ ਨਹੀਂ ਚੱਲਦਾ ਕਦੋਂ ਮਨ ਦੇ ਪਿਛਵਾੜੇ ਤੋਂ ਕੋਈ ਆਪਣੇ ਵਰਗਾ ਆ ਕੇ
ਕਲਮ ਦੀ ਨੋਕ ਤੇ ਬਹਿ ਜਾਂਦਾ ਹੈ। ਬੱਸ ਕੁੱਝ ਪਲ ਹੁੰਦੇ ਹਨ ਜਦੋਂ ਇਹ
ਸੁੱਝਦੀ ਹੈ।
ਜੱਗੀ ਇਨੀਂ ਦਿਨੀਂ ਬਰੈਂਪਟਨ ਸ਼ਹਿਰ ਕੈਨੇਡਾ ਵਿਖੇ ਆਪਣੇ ਪਤੀ ਜਸਵਿੰਦਰ
ਸਿੱਧੂ ਜੱਸ, ਧੀ ਹਸਰਤ ਸਿੱਧੂ ਅਤੇ ਬੇਟੇ ਹਰਜਸ ਸਿੱਧੂ ਨਾਲ ਰਹਿ ਰਹੀ ਹੈ।
ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੀ ਹੈ ਕਿ ਉਸ ਦੇ ਪਤੀ ਨੇ ਉਸ ਦਾ ਹਰ
ਘੜੀ ਸਾਥ ਦਿੱਤਾ ਹੈ ਅਤੇ ਹਰ ਥਾਂ ਉਸ ਦੀ ਹੌਸਲਾ-ਅਫ਼ਜਾਈ ਕੀਤੀ ਹੈ।
ਸ਼ਾਲ੍ਹਾ! ਸਿਰਕੱਢ ਕਲਮ ਦੀ ਮਾਲਕਣ, ਜੱਗੀ ਬਰਾੜ ਸਮਾਲਸਰ ਦੀ ਕਲਮ ਨੂੰ
ਇਵ੍ਹੇ ਹੀ ਆਪਣੇ ਪਿੰਡ ਦੀਆਂ ਗਲੀਆਂ ਨਾਲ ਜੁੜਕੇ ਪੰਜਾਬੀ ਮਾਂ-ਬੋਲੀ ਦੀ
ਸੇਵਾ ਵਿਚ ਲਗਾਤਾਰ ਜੁਟੇ ਰਹਿਣ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਰਹਿਣ
ਦਾ ਮਾਲਕ ਹੋਰ ਵੀ ਬੱਲ ਬਖਸ਼ੇ! ਆਮੀਨ!
ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ- ਜੱਗੀ ਬਰਾੜ ਸਮਾਲਸਰ, ਬਰੈਂਪਟਨ ਸ਼ਹਿਰ (ਕੈਨੇਡਾ)
|