|
ਵਾਰਿਸ ਸ਼ਾਹ |
ਦੁਨੀਆਂ ਦੇ ਨਕਸ਼ੇ ਉੱਤੇ ਇੱਕ ਦੇਸ਼ ਹੁੰਦਾ ਸੀ ਜਿਸ ਦਾ ਇਤਿਹਾਸ ਬਹੁਤ
ਪੁਰਾਣਾ ਹੈ। ਪੁਰਾਤਨ ਗ੍ਰੰਥਾਂ ਵਿਚ ਉਸ ਨੂੰ ਪੈਂਟੋਪਟਾਮੀਆ, ਸਪਤਸਿੰਧੂ,
ਵਾਹਿਕਾ, ਪੰਚਨਦ, ਪੰਚਾਲ ਆਦਿਕ ਕਿਹਾ ਜਾਂਦਾ ਸੀ। ਅਰਬੀ ਦੇ ਕੁਝ ਗ੍ਰੰਥਾਂ
ਵਿਚ ਇਸ ਦਾ ਨਾਮ ਆਇਸ਼ਾ-ਜ਼ੁਲਕਾ ਵੀ ਲਿਖਿਆ ਮਿਲਦਾ ਹੈ ਤੇ ਕੁਝ ਕੁ
ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਅਰਬੀ ਵਰਣਨਮਾਲਾ ਦਾ ਪਹਿਲਾ ਅੱਖਰ
ਆਇਸ਼ਾ ਅਤੇ ਆਖਰੀ ਅੱਖਰ ਜ਼ੁਲਕਾ ਇਸੇ ਦੇਸ਼ ਦੀ ਦੇਣ ਹੈ।
bਇਹ ਦਰਿਆਈ ਦੇਸ਼ ਸੀ। ਇਸਦਾ ਨਾਂ
ਸਮੇਂ ਸਮੇਂ ਸਿਰ ਵਹਿੰਦੇ ਇਸਦੇ ਦਰਿਆਵਾਂ ਉੱਤੇ ਅਧਾਰਿਤ ਹੁੰਦਾ ਸੀ।
ਸਮੇਂ ਨਾਲ ਇਸਦੇ ਦਰਿਆ ਹੋਰਾਂ ਦੇਸ਼ਾਂ ਦੀਆਂ ਹੱਦਾਂ ਖਾਣ ਲੱਗੀਆਂ
ਤੇ ਇਸਦਾ ਖੇਤਰਫਲ ਵੀ ਉਸੇ ਅਨੁਸਾਰ ਘੱਟਣ ਲੱਗਿਆ।
ਸੱਤ ਦਰਿਆਵਾਂ ਵੇਲੇ ਇਹਨੂੰ ਸਪਤਸਿੰਧੂ ਪੁਕਾਰਿਆ ਜਾਂਦਾ ਸੀ। ਜਦ
ਕੇਵਲ ਪੰਜ ਦਰਿਆ ਰਹਿ ਗਏ ਤਾਂ ਇਸਨੂੰ ਪੰਚਨਦ, ਪੰਚਾਲ ਅਤੇ ਪੰਜ ਆਬਾਂ ਦੀ
ਧਰਤੀ ਹੋਣ ਕਰਕੇ ਪੰਜਾਬ ਕਿਹਾ ਜਾਣ ਲੱਗਾ।
ਪਾਕਿਸਤਾਨ ਬਣੇ ’ਤੇ ਇਸਦੇ ਭਾਵੇਂ ਪੰਜੇ ਦਰਿਆ ਵੀ ਵੰਡੇ ਗਏ ਤੇ ਪੰਜਾਬ ਵੀ
ਦੋ ਹਿੱਸਿਆਂ ਵਿਚ ਵੰਡਿਆ ਗਿਆ ਪਰ ਫਿਰ ਵੀ
ਅੱਜ ਤੱਕ ਇਸ ਦਾ ਨਾਮ ਨਹੀਂ ਬਦਲਿਆ ਤੇ ਇਸ ਨੂੰ ਪੂਰਬੀ ਪੰਜਾਬ ਅਤੇ ਪੱਛਮੀ
ਪੰਜਾਬ ਵਜੋਂ ਜਾਣਿਆ ਜਾਂਦਾ ਹੈ। ਕਦੇ
ਵਿਸ਼ਾਲ ਦੇਸ਼ ਕਹਾਉਣ ਵਾਲਾ ਮਰਾ ਵਤਨ ਅੱਜ ਇਕ ਮਹਿਜ਼ ਛੋਟਾ ਜਿਹਾ ਸੂਬਾ
ਪੰਜਾਬ ਬਣ ਗਿਆ ਹੈ। ਜਿਥੇ ਸਾਡੇ ਪੰਜਾਬ
ਦੀ ਧਰਤੀ ਉੱਤੇ ਰਿਗਵੇਦ ਅਤੇ ਰਮਾਇਣ ਵਰਗੇ ਗ੍ਰੰਥ ਰਚੇ ਗਏ, ਉੱਥੇ ਸਾਡੇ
ਪੰਜਾਬ ਦੀ ਜ਼ੁਬਾਨ ਪੰਜਾਬੀ ਨੂੰ ਇਹ ਵਰ ਹਾਸਿਲ ਹੈ ਕਿ ਦੁਨੀਆਂ ਦੀ ਸਭ ਤੋਂ
ਛੋਟੀ ਕਹਾਣੀ ‘ਇਕ ਸੀ ਰਾਜਾ, ਇਕ ਸੀ ਰਾਣੀ, ਦੋਨੋਂ ਮਰ ਗਏ ਖਤਮ ਕਹਾਣੀ’
(ਕੇਵਲ ਗਿਆਰਾਂ ਸ਼ਬਦਾਂ ਦੀ ਜਿਸ ਵਿਚ ਜਨਮ ਤੋਂ ਮਰਨ ਤੱਕ ਦਾ ਸਾਰ ਹੈ।)
ਅਤੇ ਸਭ ਤੋਂ ਛੋਟੀ ਕਵਿਤਾ ‘ਤੂੰ ਤੂੰ, ਤੂੰ ਮੈਂ, ਮੈਂ ਮੈਂ’ (ਕੇਵਲ ਛੇ
ਸ਼ਬਦਾਂ ਦੀ ਜਿਸ ਵਿਚ ਔਰਤ ਮਰਦ ਸਬੰਧਾਂ ਦਾ ਨਿਚੋੜ ਹੈ।) ਇਸੇ ਭਾਸ਼ਾ ਵਿਚ
ਹੀ ਲਿਖੀਆਂ ਗਈਆਂ। ਇਸਦਾ ਸਿਹਰਾ ਪੰਜਾਬੀ
ਦੇ ਲੇਖਕਾਂ ਸਿਰ ਜਾਂਦਾ ਹੈ। ਇਸ ਲੇਖ
ਰਾਹੀਂ ਪੰਜਾਬੀ ਦੇ ਚੰਦ ਲੇਖਕਾਂ ਦੇ ਨਮੂਨੇ ਤੇ ਉਹਨਾਂ ਦੀਆਂ ਭਦਰਕਾਰੀਆਂ
ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖ
ਦੀਆਂ ਸੀਮਾਵਾਂ ਦਾ ਧਿਆਨ ਰੱਖਦਿਆਂ ਬਹੁਤ ਸਾਰੇ ਲੇਖਕਾਂ ਨੂੰ ਫਿਲਹਾਲ ਛੱਡ
ਦਿੱਤਾ ਗਿਆ ਹੈ। ਅਗਰ ਕਿਸੇ ਲੇਖਕ ਨੂੰ ਲੇਖ ਵਿਚੋਂ ਆਪਣਾ ਚਿਹਰਾ ਨਾ ਮਿਲੇ
ਤਾਂ ਉਹ ਘਬਰਾ ਕੇ ਹੌਂਸਲਾ ਨਾ ਛੱਡੇ ਲੇਖ ਦੀਆਂ ਅੱਗੇ ਆਉਣ ਵਾਲੀਆਂ
ਲੜ੍ਹੀਆਂ ਵਿਚ ਉਨ੍ਹਾਂ ਨੂੰ ਯੋਗ ਮਾਨ-ਸਨਮਾਨ ਜ਼ਰੂਰ ਬਖਸ਼ਿਆ ਜਾਵੇਗਾ।
ਪੰਜਾਬੀ ਇਕੋ ਇਕ ਐਸੀ ਜ਼ੁਬਾਨ ਹੈ ਜਿਸ ਵਿਚ ਪਾਠਕਾਂ ਨਾਲੋਂ ਬਹੁਤੀ
ਗਿਣਤੀ ਲੇਖਕਾਂ ਦੀ ਹੈ। ਪੰਜਾਬੀ ਦੇ ਹਰ ਛੋਟੇ ਵੱਡੇ ਲੇਖਕ ਨੂੰ ਭਰਮ ਹੈ
ਕਿ ਉਸ ਨੂੰ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈ।ਜੋ ਕੁਝ ਉਹ ਲਿਖ ਰਿਹਾ ਹੈ,
ਹੋਰ ਕੋਈ ਲੇਖਕ ਲਿਖ ਹੀ ਨਹੀਂ ਸਕਦਾ ਤੇ ਉਸਦੇ ਲਿਖੇ ਹੋਏ ਸਾਹਿਤ ਤੋਂ
ਅੱਗੇ ਕੁਝ ਵੀ ਨਹੀਂ ਹੈ।ਹਕੀਕਤ ਤਾਂ ਇਹ ਹੈ ਕਿ ਪੰਜਾਬੀ ਦਾ ਕੋਈ ਵੀ ਲੇਖਕ
ਉਨਾ ਨਹੀਂ ਪੜ੍ਹ ਰਿਹਾ, ਜਿੰਨਾ ਉਸਨੂੰ ਪੜ੍ਹਣ ਦੀ ਲੋੜ੍ਹ ਹੈ ਤੇ ਜਿੰਨੀ
ਉਸਦੀ ਸਮਰਥਾ ਹੈ। ਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਪੰਜਾਬੀ ਦੇ ਦੋ
ਲੰਗੋਟੀਏ ਯਾਰ ਲੇਖਕ, ਜੋ ਹਰ ਸ਼ਾਮ ਨੂੰ ਹਮਪਿਆਲਾ ਹੁੰਦੇ ਹਨ। ਉਨ੍ਹਾਂ ਨੇ
ਵੀ ਇਕ ਦੂਜੇ ਨੂੰ ਨਹੀਂ ਪੜ੍ਹਿਆ ਹੁੰਦਾ। ਹੋਰ ਤਾਂ ਹੋਰ ਪੰਜਾਬੀ ਲੇਖਕਾਂ
ਦੇ ਆਪਣੇ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਘਰ ਦਾ
ਸਦੱਸ ਕੀ ਲਿਖ ਰਿਹਾ ਹੈ।
ਪੰਜਾਬੀ ਦੀ ਸਭ ਤੋਂ ਵੱਧ ਪੜ੍ਹੀ, ਲਿਖੀ, ਸੁਣੀ ਤੇ ਗਾਈ ਜਾਣ ਵਾਲੀ
ਪ੍ਰਸਿੱਧ ਪ੍ਰੇਮ ਕਥਾ ਹੈ, ਹੀਰ। ਹੀਰ ਦਾ
ਕਿੱਸਾ ਲਿਖਣ ਵਿਚ ਦੋ ਨਾਮ ਜ਼ਿਆਦਾ ਮਕਬੂਲ ਹਨ, ਇਕ ਵਾਰਿਸ ਸ਼ਾਹ ਤੇ ਦੂਜਾ
ਦਮੋਦਰ। ਪੰਜਾਬੀ ਦੇ ਲੇਖਕਾਂ ਨੂੰ ਐਨੀ
ਬਿਪਤਾ ਪੈ ਗਈ ਕਿ ਢਾਈ ਸੌ ਤੋਂ ਵੱਧ ਲੇਖਕਾਂ ਨੇ ਹੀਰ ਲਿਖ ਮਾਰੀ।
ਵਾਰਿਸ ਸ਼ਾਹ ਜਾਂ ਦਮੋਦਰ ਨਾਲ ਉਹਨਾਂ ਦੀ ਤਸੱਲੀ ਨਹੀਂ ਹੋਈ। ਅਜੇ
ਵੀ ਇਹ ਪ੍ਰਚਲਣ ਜਾਰੀ ਹੈ।
ਦਮੋਦਰ, ਵਾਰਿਸ ਤੋਂ ਬਹੁਤ ਪਹਿਲਾਂ ਹੋਇਆ ਹੈ। ਵਾਰਿਸ ਆਪਣੀ ਰਚਨਾ ਵਿਚ
ਹੀਰ ਦੇ ਕਿੱਸੇ ਉੱਤੇ ਆਪਣੀ ਮੌਲਿਕਤਾ ਦਾ ਦਾਅਵਾ ਨਹੀਂ ਕਰਦਾ, ਉਹ ਇਹ
ਸਪਸ਼ਟ ਕਰ ਦਿੰਦਾ ਹੈ ਕਿ ਉਹਦੇ ਸਮੇਂ ਹੀਰ ਦੀ ਗਾਥਾ ਲੋਕਾਂ ਦੀ ਜੁਬਾਨ
ਉੱਤੇ ਆਮ ਰਹਿੰਦੀ ਸੀ:-
ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ।
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭਾ ਸੋਹਣੀ ਨਾਲ ਸੁਣਾਈਏ ਜੀ।
ਰਮਜ਼ਾਂ ਮਾਅਨਿਆਂ ਵਿਚ ਖੁਸ਼ਬੂ ਹੋਵੇ, ਇਸ਼ਕ ਮੁਸ਼ਕ ਨੂੰ ਖੋਲ੍ਹ ਵਖਾਈਏ ਜੀ।
ਨਾਲ ਅਜਬ ਬਹਾਰ ਦੇ ਸ਼ੇਅਰ ਕਹਿਕੇ, ਰਾਂਝੇ ਹੀਰ ਦਾ ਮੇਲ ਮਲਾਈਏ ਜੀ।
ਵਾਰਿਸ ਸ਼ਾਹ ਰਲ ਨਾਲ ਪਿਆਰਿਆਂ ਦੇ, ਨਵੀਂ ਇਸ਼ਕ ਦੀ ਬਾਤ ਹਿਲਾਈਏ ਜੀ। (4)
ਤੇ
ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਈ।
ਫਿਕਰਾ ਜੋੜ ਕੇ ਖੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਈ।
ਵਾਰਿਸ ਸ਼ਾਹ ਫਰਮਾਇਆ ਪਿਆਰਿਆਂ ਦਾ, ਅਸਾਂ ਮੰਨਿਆਂ ਮੂਲ ਨ ਮੋੜਿਆ ਈ। (5)
ਜਾਂ
ਵਾਰਿਸ ਸ਼ਾਹ ਨ ਇਸ ਤੋਂ ਨਫਾ ਦਿਸਦਾ, ਕਿੱਸਾ ਜੋੜਦਾ ਗੱਲਾਂ ਸੁਣਾਈਆਂ
ਦੇ।
ਲੇਕਿਨ ਦੂਜੇ ਪਾਸੇ ਦਮੋਦਰ ਆਪਣੇ ਕਿੱਸੇ ਵਿਚ ਆਰੰਭ ਤੋਂ ਅੰਤ ਤੱਕ ਇਹ
ਢੰਡੋਰਾ ਪਿੱਟਦਾ ਹੈ ਕਿ ਇਹ ਉਸ ਦੀ ਆਪਣੀ ਰਚਨਾ ਹੈ ਤੇ ਉਹ ਸਾਰੀ ਕਥਾ ਦਾ
ਚਸ਼ਮਦੀਦ ਗਵਾਹ ਹੈ। ਦਮੋਦਰ ਪਿੰਡ ਵਲਾਰ੍ਹਾਂ, ਤਹਿਸੀਲ ਚਨਿਓਟ ਦਾ ਗੁਲਾਟੀ
ਜਾਤ ਦਾ ਅਰੋੜਾ ਹਿੰਦੂ ਖੱਤਰੀ ਸੀ ਤੇ ਉਸ ਅਨੁਸਾਰ ਉਸ ਨੇ ਚੂਚਕਾਣੇ (ਝੰਗ
ਉਦੋਂ ਹੋਂਦ ਵਿਚ ਨਹੀਂ ਸੀ ਆਇਆ ਤੇ ਝੰਗ ਦੀ ਨੀਂਹ ਚੂਚਕ ਦੇ ਭਤੀਜੇ ਨੇ
ਮੱਲ ਖਾਨ ਨੇ ਚੂਚਕ ਦੀ ਮੌਤ (1462 ਈ.) ਤੋਂ ਬਾਅਦ 1464 ਈ. ਵਿਚ ਰੱਖੀ
ਸੀ ਤੇ 1466 ਈ. ਵਿਚ ਲਾਹੌਰ ਦਰਬਾਰ ਤੋਂ ਪਟਾ ਵੀ ਲਿਖਵਾਇਆ ਸੀ।) ਹੀਰ ਦੇ
ਪਿੰਡ ਹੱਟੀ ਕੀਤੀ ਸੀ:-
ਅਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨ ਕੋਈ
ਸ਼ਉਂਕ ਸ਼ਉਂਕ ਉਠੀ ਹੈ ਮੈਂਡੀ, ਤਾਂ ਦਿਲ ਉਮਕ ਹੋਈ।
ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁਝ ਨਜ਼ਰ ਪਇਓਈ। 7॥
ਆਖ ਦਮੋਦਰ ਅੱਗੇ ਕਿੱਸਾ, ਜੋਈ ਸੁਣੇ ਸਭ ਕੋਈ।
ਤੇ
ਆਖ ਦਮੋਦਰ ਸੋ ਡਿੱਠਾ ਅੱਖੀਂ, ਜੋ ਕੰਨੀ ਸੁਣਦੇ ਆਹੇ।447।
ਜਾਂ
ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੋ ਵੇਖੇ ਸੋਈ ਸਲਾਹੇ।446।
ਇਥੇ ਦਮੋਦਰ ਕੂਫਰ ਤੋਲ ਰਿਹਾ ਹੈ, ਕਿਉਂਕਿ ਹੀਰ ਦੀ ਗਾਥਾ ਤਾਂ ਉਸ
ਸਮੇਂ ਬਹੁਤ ਪ੍ਰਚਲਤ ਸੀ ਤੇ ਦਮੋਦਰ ਤੋਂ ਪਹਿਲਾਂ ਅਤੇ ਬਾਅਦ ਬਹੁਤ ਸਾਰੇ
ਕਲਮਕਾਰਾਂ ਨੇ ਉਸ ਦੇ ਹਵਾਲੇ ਆਪਣੀਆਂ ਰਚਨਾਵਾਂ ਵਿਚ ਦਿੱਤੇ ਹਨ। ਮਾਦਵਾਨਲ
ਕਾਮ ਕੰਦਲਾ, ਗੋਪੀ ਜਨ ਕੇ ਬਿਲਾਸ ਅਤੇ ਅਕਬਰ ਦਾ ਦਰਬਾਰੀ ਕਵੀ ਗੰਗ ਭੱਟ
‘ਝਗੜਾ ਹੀਰ ਰਾਂਝੇ ਕਾਜੀ ਜੀ ਕਾ’ ਕਬਿਤਾਂ ਆਦਿਕ ਪਹਿਲਾਂ ਹੀ ਲਿਖ ਚੁੱਕੇ
ਸਨ। ਗਵੰਤਰੀ, ਢਾਡੀ, ਭੰਡ, ਨਚਾਰ,
ਦਰਬਾਰੀ ਕਵੀ ਆਦਿ ਆਮ ਹੀਰ ਦਾ ਕਿੱਸਾ ਗਾਇਆ ਕਰਦੇ ਸਨ।ਭਾਈ ਗੁਰਦਾਸ
(1551ਈ.-1628 ਈ.) ਜੀ ਵੀ ਦਮੋਦਰ ਅਤੇ ਹੀਰ-ਰਾਂਝੇ ਦਾ ਜ਼ਿਕਰ ਕਰਦੇ ਹਨ:-
ਤੁਲਸਾ ਭਹੁਰਾ ਭਗਤ ਹੈ ਦਮੋਦਰ ਆਕਲ ਬਲਿਹਾਰਾ। (ਵਾਰ 11ਵੀਂ, ਪਉੜੀ
21ਵੀਂ, ਸਤਰ 6ਵੀਂ)
ਅਤੇ
ਰਾਂਝਾ ਹੀਰ ਵਖਾਣੀਐ, ਉਹ ਪਿਰਮ ਪਿਰਾਤੀ।
ਪੀਰ ਮੁਰੀਦਾਂ ਪਿਰਹੜੀ, ਗਾਵਨ ਪਰਬਾਤੀ। ਵਾਰ 17ਵੀਂ
ਦਮੋਦਰ ਤੋਂ ਪਹਿਲਾਂ ਬਾਕੀ ਕੋਲਾਬੀ ਵੱਲੋਂ ‘ਮਨਸਵੀ ਹੀਰ ਰਾਂਝਾ’
ਫਾਰਸੀ ਵਿਚ ਲਿਖੇ ਹੋਣ ਦੇ ਪ੍ਰਮਾਣ ਵੀ ਮਿਲਦੇ ਹਨ।
ਦਮੋਦਰ ਦਾ ਸਮਕਾਲੀ ਬਜ਼ੁਰਗ ਸ਼ਾਹ ਹੁਸੈਨ ਆਪਣੇ ਕਲਾਮ ਵਿਚ ਅਨੇਕਾਂ
ਵਾਰ ਹੀਰ ਦੇ ਵੇਰਵੇ ਦਿੰਦਾ ਹੈ:-
1 ਰਾਂਝਾ ਜੋਗੀ ਮੈਂ ਜੁਗਿਆਨੀ, ਕਮਲੀ ਕਰ ਕਰ ਛੱਡੀਆਂ॥
2 ਜੇ ਤੂੰ ਤਖਤ ਹਜ਼ਾਰੇ ਦਾ ਸਾਈਂ, ਅਸੀਂ ਸਿਆਲਾਂ ਦੀਆਂ ਕੁੜੀਆਂ।
3 ਹੀਰ ਨੂੰ ਇਸ਼ਕ ਚਿਰਿਕਾ ਆਹਾ, ਜਾ ਆਹੀ ਦੁੱਧ ਵਾਤੀ।
ਸੌ ਵਰ੍ਹਿਆਂ ਦੀ ਜ਼ਹਿਮਤ ਜਾਵੇ, ਜੇ ਰਾਂਝਣ ਪਾਵੇ ਝਾਤੀ।
ਦਮੋਦਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ (ਬਾਈ ਅਕਤੂਬਰ ਸੋਹਲਾਂ ਸੌ
ਛਿਹਾਟ-ਸੱਤ ਅਕਤੂਬਰ ਸਤਾਰਾਂ ਸੌ ਅੱਠ) ਵੀ
ਸੰਕੇਤ ਦਿੰਦੇ ਹਨ:-
ਯਾਰੜੇ ਦਾ ਮੈਨੂੰ ਸੱਥਰ ਚੰਗਾ, ਭੱਠ ਖੇੜ੍ਹਿਆਂ ਦਾ ਰਹਿਣਾ।
ਦਮੋਦਰ ਨੇ ਕਿੱਸਾ ਅਕਬਰ ਦੀ ਹਕੂਮਤ ਸਮੇਂ ਆਰੰਭ ਕਰਕੇ ਜਹਾਂਗੀਰ ਦੇ
ਰਾਜਗੱਦੀ ’ਤੇ ਕਾਬਜ (24 ਅਕਤੂਬਰ 1605 ਈ.) ਹੋਣ ਉਪਰੰਤ ਮੁਕਾਇਆ। ਇਸ
ਰਚਨਾ ਦਾ ਕਾਲ 1600 ਈ. ਤੋਂ 1615 ਈ. ਮੰਨਿਆ ਜਾਂਦਾ ਹੈ।
ਉਸ ਸਮੇਂ ਪੰਜਾਬ ਵਿਚ ਸਿਆਲ, ਚੰਦੜ, ਖੇੜੇ ਅਤੇ ਰਾਂਝੇ ਪ੍ਰਮੁੱਖ
ਜਾਤਾਂ ਸਨ, ਜਿਨ੍ਹਾਂ ਨੇ ਝੰਗ, ਰੰਗਪੁਰ
ਅਤੇ ਤਖਤਹਜ਼ਾਰੇ ਆਦਿਕ ਪਿੰਡ ਵਸਾਏ। ਦਮੋਦਰ ਦੇ ਸਮੇਂ ਵਿਚ ਨਾ ਤਾਂ
ਇੰਟਰਨੈਟ ਸੀ ਤੇ ਨਾ ਹੀ ਟੈਲੀਵਿਜ਼ਨ ਕਿ ਇਹ ਸਮਝ ਲਈਏ ਕਿ ਏਕਤਾ ਕਪੂਰ ਨੇ
ਸੀਰੀਅਲ ਬਣਾ ਕੇ ਹੀਰ ਨੂੰ ਰਾਤੋ-ਰਾਤ ਘਰ ਘਰ ਪਹੁੰਚਾ ਦਿੱਤਾ ਹੋਵੇਗਾ।
ਜ਼ਾਹਿਰ ਹੈ ਕਿ ਹੀਰ ਦੀ ਪ੍ਰੇਮ ਕਥਾ ਨੂੰ ਪ੍ਰਚਲਤ ਹੋਣ ਵਿਚ ਬਹੁਤ ਸਾਰਾ
ਸਮਾਂ ਲੱਗਿਆ ਹੋਵੇਗਾ। ਹੀਰ ਦੇ ਕਿੱਸੇ ਨੂੰ ਵਧੇਰੇ ਕਿੱਸਾਕਾਰਾਂ ਵੱਲੋਂ
ਰਚੇ ਜਾਣ ਪਿੱਛੇ ਕਿੱਸਾਕਾਰਾਂ ਦਾ ਆਪਣੇ ਆਪ ਦੀ ਆਰਥਿਕ ਸਥਿਤੀ ਨੂੰ ਤਕੜਾ
ਕਰਨ ਦਾ ਰੁਝਾਨ ਛੁਪਿਆ ਹੋਇਆ ਸੀ।
ਹਾਫਿਜ਼ ਬਰਖੁਰਦਾਰ ਨੇ ਜ਼ਾਫਰ ਖਾਂ ਦੇ ਲਈ 1090 ਹਿ: ਵਿਚ ‘ਯੂਸਫ
ਜ਼ੁਲੈਖਾਂ’ ਦਾ ਕਿੱਸਾ ਲਿਖਿਆ ਤੇ ਇਸਦੇ ਬਦਲੇ ਵਿਚ ਪਦਾਰਥਕ ਇਵਜ਼ਾਨੇ
ਪ੍ਰਾਪਤ ਕੀਤੇ। ਹੀਰ ਦੇ ਇਕ ਤੋਂ ਵਧੀਕ
ਕਿੱਸੇ ਲਿਖਣ ਪਿੱਛੇ ਉਸ ਸਮੇਂ ਦੇ ਕਵੀਆਂ ਦੀ ਇਹੀ ਲਾਲਸਾ ਸੀ ਕਿ ਉਹ ਰਾਜ
ਜਾਂ ਦਰਬਾਰੀ ਕਵੀ ਬਣ ਸਕਣ। ਇਹੀ ਵਜ੍ਹਾ ਹੈ ਕਿ ਹੀਰ ਦੇ ਰਚਨਾਕਰਾਂ ਨੇ
ਆਪਣੇ ਸਮੇਂ ਦੇ ਹਾਕਮਾਂ ਦੀ ਆਪੋ ਆਪਣੇ ਕਿੱਸੇ ਵਿਚ ਸਿਫਤ ਸਲਾਹ ਕੀਤੀ ਹੈ।
ਜਿਵੇਂ ਦਮੋਦਰ ਨੇ ਥਾਂ ਥਾਂ ਅਕਬਰ ਦਾ ਜ਼ਿਕਰ ਕੀਤਾ ਤੇ ਇਹ ਸਿੱਧ ਕਰਨ ਦੀ
ਕੋਸ਼ਿਸ਼ ਕੀਤੀ ਹੈ ਕਿ ਹੀਰ ਅਕਬਰ ਦੇ ਰਾਜਕਾਲ ਵਿਚ ਪੈਦਾ ਹੋਈ:-
ਅਕਬਰ ਨਾਲ ਕਰੇਂਦਾ ਦਾਵੇ, ਭੁਈਂ ਨਈਂ ਦਾ ਸਾਈਂ।9।
ਹਿਕੇ ਦਿਵੀਹਾਂ ਅਕਬਰ ਗਾਜ਼ੀ, ਕੱਛਾ ਆਪ ਕਛੀਹਾਂ।13।
ਅਕਬਰ ਸ਼ਾਹ ਦਾ ਰਾਜ ਡਢੇਰਾ ਜੈ ਤੈਨੂੰ ਕਜ਼ਾ ਦਿੱਤੀ ਆਈ।
ਆਖ ਦਮੋਦਰ ਸੁਣ ਮੀਆਂ ਕਾਜ਼ੀ, ਮੈਂ ਭੀ ਰਾਠਾਂ ਜਾਈ।920।
ਸੁਣ ਹੀਰੇ ਤੂੰ ਨੋਂਹ ਹੈਂ ਕੈਂਦੀ, ਅਰ ਧੀ ਕੈਂਦੀ ਆਹੀ?
ਅਕਬਰ ਨਾਲ ਜੁੜੇਂਦੇ ਪਲੂ, ਭੁਈ ਨਈਂ ਦੇ ਸਾਈਂ।931।
ਪਾਤਸ਼ਾਹੀ ਜੋ ਅਕਬਰ ਸੰਦੀ, ਦਿਨ ਦਿਨ ਚੜੇ ਸਵਾਏ।
ਆਖ ਦਮੋਦਰ ਕਢੋ ਦੇ ਅਸੀਸਾਂ, ਸ਼ਹਿਰੋਂ ਬਾਹਰ ਆਏ।964।
ਦਮੋਦਰ ਹੀਰ ਦੀ ਮਾਂ ਦਾ ਨਾਮ ਚੌਧਰਾਣੀ ਕੁੰਦੀ ਲਿਖਦਾ ਹੈ ਤੇ ਵਾਰਿਸ
ਮਲਕੀ:-
ਵਾਹ ਸਿਕਦਾਰੀ ਚੂਚਕ ਸੰਦੀ, ਭਲੀ ਗੁਜਾਰਨ ਲੰਘਾਈ।
ਆਖ ਦਮੋਦਰ ਵਾਰ ਬੁੱਢੇ ਦੀ, ਮਹਿਰੀ ਕੁੰਦੀ ਵਿਆਈ।4।(ਹੀਰ ਦਮੋਦਰ)
ਸੁਣ ਮਲਕੀਏ ਅੰਮੜੀਏ ਮੇਰੀਏ ਨੀ, ਜਿੱਚਰ ਜਾਨ, ਰੰਝੇਟੇ ਤੋਂ ਨਾਂਹ ਟਲਸਾਂ।
ਭਾਵੇਂ ਵੱਢ ਕੇ ਡੱਕਰੇ ਕਰਨ ਮੇਰੇ, ਵੰਝ ਕਰਬਲਾ ਹੋ ਸ਼ਹੀਦ ਮਰਸਾਂ।
ਵਾਰਿਸ ਸ਼ਾਹ ਜੇ ਜੀਂਵਦੀ ਮਰਾਂਗੀ ਮੈਂ, ਲੇਲੀ ਮਜਨੂੰ ਦੇ ਨਾਲ ਮੈਂ ਜਾ
ਰਲਸਾਂ।(ਹੀਰ, ਵਾਰਿਸ)
ਦਮੋਦਰ ਹੀਰ ਦੀ ਨਣਦ ਸੈਹਤੀ ਦਾ ਇਸ਼ਕ ਰਾਮੂ ਬਾਹਮਣ ਨਾਲ ਕਰਵਾਉਂਦਾ ਹੈ
ਤੇ ਵਾਰਿਸ ਸ਼ਾਹ ਮੁਰਾਦ ਬਲੋਚ ਨਾਲ।
ਜਿਹੜਾ ਸਾਹਿਬ ਯਾਰ ਅਸਾਡਾ, ਉਹ ਦਿਸੀਂਦਾ ਨਾਹੀਂ।
ਅੱਖੀਂ ਦਾ ਸੁੱਖ ਬ੍ਹਾਮਣ ਰਾਮੂ, ਜੈਂ ਮੁੱਲ ਖਰੀਦੀ ਆਹੀ।
ਜੇ ਅਜ ਨ ਆਇਆ ਨਜ਼ਰ ਅਸਾਨੂੰ, ਤਾਂ ਜੀਵਣ ਜੋਗੀ ਨਾਹੀਂ।
ਸੁਣ ਹੀਰੇ ਕੇ ਤੈਨੂੰ ਆਖਾਂ, ਬਣੀ ਜੁ ਬਾਬ ਅਸਾਂਹੀ।631॥ (ਸਹਿਤੀ ਹੀਰ ਦਾ
ਵਾਰਤਾਲਾਪ) ਹੀਰ ਦਮੋਦਰ
ਮਿਲੇ ਸ਼ਾਹ ਮੁਰਾਦ ਤਾਂ ਮੋਈ ਜੀਵਾਂ, ਮੈਂ ਤਾਂ ਜਾਣਾਂਗੀ ਅਜ ਅਰਾਮ
ਕੀਤਾ।-ਹੀਰ ਵਾਰਿਸ ਸ਼ਾਹ
ਦਮੋਦਰ ਹੀਰ ਦੀਆਂ 360 ਸਹੇਲੀਆਂ ਲਿਖਦਾ ਹੈ।
ਤ੍ਰੈ ਸੈ ਸਠ ਸਹੇਲੀ ਜੋੜੀ, ਜੇਹੜੀ ਜੇਹੜੀ ਭਾਈ।43।
ਕਹੇ ਦਮੋਦਰ ਵਾਹ ਸਲੇਟੀ, ਧੰਨ ਚੂਚਕ ਦੀ ਜਾਈ।46।
ਤੇ ਵਾਰਿਸ ਕੇਵਲ ਸੱਠ।
ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦਾ ਜੀ।
ਵਾਰਿਸ ਸ਼ਾਹ ਮੀਆਂ ਜੱਟੀ ਲਹਿਰ ਲੁੱਟੀ, ਫਿਰੇ ਭਰੀ ਹੰਕਾਰ ਦੇ ਮਾਣ ਦੀ ਜੀ।
ਦਮੋਦਰ ਕਿੱਸੇ ਦਾ ਅੰਤ ਸੁਖਾਂਤ ਵਿਚ ਕਰਦਾ ਹੈ ਤੇ ਵਾਰਿਸ ਦੁਖਾਂਤ
ਵਿਚ। ਦਮੋਦਰ ਘੋੜਿਆਂ ਦੀਆਂ ਕਿਸਮਾਂ ਦੇ
ਵਰਣਨ ਨੂੰ ਵਿਸਥਾਰ ਦਿੰਦਾ ਤੇ ਵਾਰਿਸ ਮੱਝਾਂ ਦੀਆਂ ਨਸਲਾਂ ਦੱਸ ਕੇ
ਵਿਦਵਤਾ ਝਾੜਦਾ ਹੈ। ਦਮੋਦਰ ਨੇ ਜਿਥੇ ਹੀਰ
ਦਾ ਹੁਸਨ ਬਿਆਨ ਕਰਨ ਵਿਚ ਸੰਕੋਚ ਵਰਤਿਆ ਹੈ, ਉਥੇ ਵਾਰਿਸ ਨੇ ਹੀਰ ਨੂੰ
ਪੂਰਾ ਸਵਾਦ ਲੈ ਕੇ ਲਿਖਿਆ ਹੈ। ਵਾਰਿਸ ਨੇ
ਹੀਰ ਦੇ ਅੰਗ ਅੰਗ ਦੀ ਇਉਂ ਤਾਰੀਫ ਕੀਤੀ ਹੈ ਕਿ ਪੜ੍ਹ ਕੇ ਜਾਪਦਾ ਹੈ ਕਿ
ਫਰਾਂਸਿਸੀ ਚਿੱਤਰਕਾਰਾਂ ਵਾਂਗ ਵਾਰਿਸ ਨੇ ਹੀਰ ਨੂੰ ਵਸਤਰਹੀਣ ਕਰਕੇ ਆਪਣੇ
ਮੂਹਰੇ ਮਾਡਲ ਬਣਾ ਬੈਠਾ ਕੇ ਕਿਹਾ ਹੋਵੇ, “ਹੀਰੇ, ਲਿਆ ਤੇਰੇ ’ਤੇ ਕਿੱਸਾ
ਲਿਖੀਏ।” ਵਾਰਿਸ ਵੱਲੋਂ ਹੀਰ ਦੇ ਫਿਗਰ ਦੀ ਤਸਵੀਰਕਸ਼ੀ ਦੇਖੋ:-
ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸੈਊ ਬਲਖ ਦੇ ਚੁਣੇ ਅੰਬਾਰ ਵਿਚੋਂ।
ਧੁੰਨੀ ਬਹਿਸ਼ਤ ਦੇ ਹੌਜ਼ ਦਾ ਮੁਸਕ ਕੁਪਾ, ਪੇਡੂ ਮਖਮਲੀ ਖਾਸ ਸਰਕਾਰ ਵਿਚੋਂ।
ਕਾਫੂਰ ਸ਼ਹਿਨਾ ਸੁਰੀਨ ਬਾਂਕੇ, ਹੁਸਨ ਸਾਕ ਸਤੂਨ ਮੀਨਾਰ ਵਿਚੋਂ।
ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੂਝੀ ਰਹੇ ਨਾ ਹੀਰ ਹਜ਼ਾਰ ਵਿਚੋਂ।
ਛਾਤੀ, ਧੁੰਨੀ , ਸ਼ੁਰੀਨ ਗਿਣਾਉਣ ਬਾਅਦ ਹੋਰ ਕੁਝ ਬਚਦਾ ਹੀ
ਨਹੀਂ। ਪਰ ਵੇਗ ਵਿਚ ਆਏ ਸੂਫੀਵਾਦੀ ਵਾਰਿਸ ਨੇ ਹੀਰ ਦਾ ਸਿਰ ਤੋਂ ਪੈਰਾਂ
ਤੱਕ ਕੋਈ ਅੰਗ ਨਹੀਂ ਛੱਡਿਆ।
ਹੀਰ ਐਨੀ ਦਲੇਰ ਹੁੰਦੀ ਹੈ ਕਿ ਲੁੰਡਣ ਨੂੰ ਬਚਾਉਣ ਲਈ ਨੂਰੇ ਸੰਬਲ ਅਤੇ
ਆਪਣੇ ਤਾਏ ਕੈਦੋਂ, ਜਿਸਨੂੰ ਵਾਰਿਸ ਚਾਚਾ ਕੈਦੋਂ ਦੱਸਦਾ ਹੈ ਨਾਲ ਲੜ੍ਹਣ
ਤੋਂ ਗੁਰੇਜ਼ ਨਹੀਂ ਕਰਦੀ। ਪਰ ਕਾਜ਼ੀ ਉਸਦਾ ਧੱਕੇ ਨਾਲ ਨਿਕਾਹ ਪੜ੍ਹ ਦਿੰਦਾ
ਹੈ? ਉਹ ਸਬਲਾ ਤੋਂ ਅਬਲਾ ਬਣ ਕੇ ਡੋਲੀ ਵਿਚ ਪੈ ਜਾਂਦੀ ਹੈ!
ਵਾਰਿਸ ਹੀਰ ਦੇ ਕਾਜ ਸਮੇਂ ਡੂਮ, ਮਰਾਸੀ ਅਤੇ ਕਾਜੀ ਰੱਖਦਾ ਹੈ। ਉਹਦੇ
ਉਲਟ ਹੀਰ ਦੇ ਨਿਕਾਹ ਲਈ ਦਮੋਦਰ ਨਾਲ ਪੰਡਤ ਵੀ ਭੇਜਦਾ ਹੈ ਤੇ ਨਿਕਾਹ ਵੇਲੇ
ਹਿੰਦੂ ਰੀਤ-ਰਿਵਾਜ਼ ਕਰਵਾਉਂਦਾ ਹੈ। ਇਸਦਾ
ਸਾਫ ਤੇ ਇਕ ਮਾਤਰ ਕਾਰਨ ਦਮੋਦਰ ਦਾ ਹਿੰਦੂ ਤੇ ਵਾਰਿਸ ਦਾ ਮੁਸਲਮਾਨ ਹੋਣਾ
ਹੈ। ਕ੍ਰਿਸ਼ਨ ਬੰਸਰੀ ਵਜਾਉਂਦਾ ਹੁੰਦਾ ਸੀ
ਤੇ ਗਉਆਂ ਚਰਾਉਂਦਾ ਸੀ। ਇਹੀ ਆਈਡੀਆ ਚੋਰੀ
ਕਰਕੇ ਦਮੋਦਰ ਨੇ ਰਾਂਝੇ ’ਤੇ ਫਿੱਟ ਕਰ ਦਿੱਤਾ।
ਦਮੋਦਰ ਰਾਂਝੇ ਦੇ ਹੱਥ ਵੰਝਲੀ ਫੜ੍ਹਾ ਕੇ ਉਸਨੂੰ ਮੱਝਾਂ ਚਾਰਨ ਲਾ
ਦਿੰਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ
ਹੈ ਕਿ ਹੀਰ ਦੇ ਕਿੱਸੇ ਦਾ ਮੂਲ ਸਰੋਤ ਆਇਆ ਕਿੱਥੋਂ?
ਤੀਜੀ ਸਦੀ ਵਿਚ ਗ੍ਰੀਕ ਮਿਥਿਹਾਸ ਵਿਚ ਇਕ ਪ੍ਰੇਮ ਕਹਾਣੀ
‘ਅਲੋਰਾ-ਅਜ਼ੋਨਾ’ ਦੀ ਲਿਖੀ ਗਈ ਤੇ ਵਪਾਰੀਆਂ ਅਤੇ ਧਰਮ ਪ੍ਰਚਾਰਕਾਂ
ਰਾਹੀਂ ਉਹ ਦੁਨੀਆਂ ਵਿਚ ਫੈਲ ਕੇ ਮਕਬੂਲ ਹੋ ਗਈ।
ਸ਼ੈਕਸਪੀਅਰ ਉਸਨੂੰ ਵਰੋਨਾ ਚੁੱਕ ਕੇ ਲੈ ਗਿਆ ਤੇ ਉਸਨੇ ‘ਰੋਮੀਉ
ਜੁਲੀਅਟ’ ਬਣਾ ਲਈ। ਪੁਰਤਗਾਲ ਦੇ ਕਥਾਕਾਰ ਉਸਨੂੰ ਗੋਆ ਲੈ ਗਏ ਤੇ
‘ਡੋਨਾ ਪੋਲਾ’ ਬਣਾ ਦਿੱਤਾ। ਚੀਨੀ ਨੇ
‘ਲੀਆਂਗ ਜ਼ਹੂ’ ਨਾਮ ਦੇ ਦਿੱਤਾ। ਦਮੋਦਰ ਹੋਰਾਂ ਨੇ ‘ਹੀਰ
ਰਾਂਝਾ’ ਬਣਾ ਕੇ ਪੇਸ਼ ਕੀਤਾ। ਕਹਾਣੀ ਉਹੀ ਹੈ ਤੇ ਸਭ ਕੁਝ ਘਟਦਾ ਉਸੇ
ਤਰ੍ਹਾਂ ਹੈ, ਫਰਕ ਸਿਰਫ ਐਨਾ ਹੈ ਕਿ ਹਰ ਕਲਮਕਾਰ ਨੇ ਆਪਣੇ ਜੀਵਨ ਕਾਲ,
ਰਹੁ-ਰੀਤਾਂ, ਸਭਿਆਚਾਰਕ, ਧਾਰਮਿਕ ਅਤੇ ਸਥਾਨਕ ਥਾਵਾਂ ਦੇ ਵੇਰਵੇ ਦੇ ਕੇ
ਆਪੋ ਆਪਣੀ ਕਹਾਣੀ ਨੂੰ ਯਥਾਰਥਕ ਬਣਾਉਣ ਵਿਚ ਕਸਰ ਨਹੀਂ ਛੱਡੀ। ਹਾਲਾਂਕਿ
ਇਹ ਇਕ ਕਾਲਪਨਿਕ ਕਹਾਣੀ ਹੈ ਜਿਸਨੂੰ ਸਾਹਿਤਕ ਚੋਰਾਂ ਨੇ ਚੋਰੀ ਕਰਕੇ ਆਪੋ
ਆਪਣੇ ਥੈਲੇ ਵਿਚ ਪਾ ਕੇ ਵੇਚਿਆ।
ਝੁਸਟ ਡੋਰ ਇਕ ਪਲ ਲਈ ਜੇ ਇਹ ਵੀ ਮੰਨ ਲਈਏ ਕਿ ਬਹੁਤੀਆਂ ਪ੍ਰੇਮ
ਕਹਾਣੀਆਂ ਇਸੇ ਤਰ੍ਹਾਂ ਘਟਦੀਆਂ ਹਨ ਤੇ ਹੀਰ ਸੱਚੀਂ ਪੈਦਾ ਹੋਈ ਤਾਂ ਇਕ
ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਲੇਖਕ ਕਦੋਂ ਲਿਖਦਾ ਹੈ? ਲੇਖਕ ਉਦੋਂ
ਲਿਖਦਾ ਹੁੰਦਾ ਹੈ, ਜਦੋਂ ਉਸਨੂੰ ਸਮਾਜ ਵਿਚ ਕੁਝ ਗਲਤ ਘਟ ਰਿਹਾ ਦਿਖਾਈ
ਦਿੰਦਾ ਹੈ। ਹੁਣ ਹੀਰ ਦੇ ਕਿੱਸੇ ਦਾ ਵੀ
ਅਰਥ ਤਾਂ ਇਹੀ ਲਿਆ ਜਾਣਾ ਚਾਹੀਦਾ ਸੀ ਕਿ ਇਹ ਜੋ ਸਮਾਜ ਵਿਚ ਗਲਤ ਹੋਇਆ
ਹੈ।ਅੱਗੋਂ ਹੋਣਾ ਨਹੀਂ ਚਾਹੀਦਾ।
ਹੀਰ ਇਕ ਬਦਦਿਮਾਗ, ਬਦਮਿਜ਼ਾਜ, ਜ਼ਿੱਦੀ ਤੇ ਵਿਗੜੀ ਹੋਈ ਅਮੀਰ ਮੁਟਿਆਰ
ਸੀ। ਉਸਨੇ ਨਾ ਕੇਵਲ ਆਪਣੇ ਪਿਉ ਦੀ ਇੱਜ਼ਤ ਰੋਲੀ, ਬਲਕਿ ਕੁਆਰੇ ਹੁੰਦਿਆਂ
ਨਜਾਇਜ਼ ਰਿਸ਼ਤਾ ਹੰਢਾਇਆ। ਵਿਆਹ ਉਪਰੰਤ ਸ਼ੁਹਰ ਨਾਲ ਬੇਵਫਾਈ ਕੀਤੀ ਤੇ ਨਾ ਹੀ
ਚੱਜ ਨਾਲ ਪ੍ਰੇਮੀ ਦੀ ਹੋ ਸਕੀ। ਉਹ ਨਾ ਸੁੱਤੀ, ਨਾ ਉਹਨੇ ਕੱਤਿਆ। ਹੀਰ
ਆਪਣੇ ਸਾਰੇ ਫਰਜ਼ ਪੂਰੇ ਕਰਨ ਤੋਂ ਅਸਮਰਥ ਰਹਿੰਦੀ ਹੈ।
ਉਸ ਵਿਚ ਸਿਵਾਏ ਹੁਸਨ ਤੋਂ ਹੋਰ ਕੋਈ ਗੁਣ ਨਹੀਂ ਹੈ।
ਉਧਰੋਂ ਧੀਦੋਂ ਆਲਸੀ ਤੇ ਅਤਿਦਰਜ਼ੇ ਦਾ ਨਿਕੰਮਾ,
ਜੋ ਜ਼ਿੰਦਗੀ ਵਿਚ ਕੋਈ ਕੰਮ ਨਾ ਕਰ ਸਕਿਆ।
ਭਰਜਾਈਆਂ ਨਾਲ ਛੇੜਖਾਨੀਆਂ ਕਰਦਾ ਰਹਿੰਦਾ ਹੁੰਦਾ ਸੀ। ਭਰਾਵਾਂ ਨੇ ਛਿੱਤਰ
ਪਰੇਡ ਕਰਕੇ ਘਰੋਂ ਕੱਢ ਦਿੱਤਾ। ਉਹ
ਵੇਹਲੜ੍ਹ ਬੰਸਰੀ ਗੁਵਾ ਕੇ ਉਹਨੂੰ ਲੱਭਦਾ ਰਹਿੰਦਾ ਹੁੰਦਾ ਸੀ।
ਇਹੀ ਝੱਲ ਉਸ ਨੇ ਇਸ਼ਕ ਵਿਚ ਖਿਲਾਰਿਆ। ਹੀਰ ਗੁਵਾ ਕੇ ਮੁੜਕੇ
ਲੱਭਦਾ ਫਿਰੇ। ਪੁਰਾਣੇ ਸਮਿਆਂ ਵਿਚ ਡਾਕੂ
ਲੁਟੇਰੇ ਡੋਲੇ ਲੁੱਟ ਲਿਆ ਕਰਦੇ ਹੁੰਦੇ ਸੀ ਤੇ ਕੁੜੀ ਦੇ ਪੇਕੇ ਖਾਸ ਕਰ
ਭਰਾ ਬਰਾਤ ਦੀ ਫੌਜ ਵਿਚ ਵਾਧਾ ਕਰਨ ਲਈ ਰਾਖੇ ਬਣ ਕੇ ਡੋਲੀ ਨਾਲ ਜਾਇਆ
ਕਰਦੇ ਸੀ, ਜੋ ਰਸਮ ਅੱਜ ਵੀ ਕਾਇਮ ਹੈ। ਰਾਂਝਾ ਵੀ ਹੀਰ ਦੇ ਭਾਈਆਂ ਵਿਚ
ਸ਼ਾਮਿਲ ਹੋ ਕੇ ਡੋਲੇ ਦੀ ਰਖਵਾਲੀ ਕਰਨ ਲਈ ਨਾਲ ਗਿਆ ਸੀ। ਰਾਂਝੇ ਦਾ ਹੀਰ
ਨਾਲ ਇਸ਼ਕ ਦੇਖੋ ਕਿ ਹੀਰ ਨੂੰ ਦਾਜ ਵਿਚ ਮਿਲੀਆਂ ਮੱਝਾਂ ਉਹਦੇ ਸਾਹੁਰੇ ਘਰ
ਹਿੱਕ ਕੇ ਖੁਦ ਆਪ ਛੱਡ ਕੇ ਆਉਂਦਾ ਹੈ ਤੇ ਮਗਰੋਂ ਹੀਰ ਨੂੰ ਮਿਲਣ ਲਈ ਆਪਣੇ
ਕੰਪਿਊਟਰਾਇਜ਼ਡ ਦਿਮਾਗ ਨਾਲ ਐਸੇ ਬਹਾਨੇ ਲੱਭਦਾ ਕਿ ਨਾ ਸਿਰਫ ਹੀਰ
ਦੀ ਵਿਹਾਉਤਾ ਜ਼ਿੰਦਗੀ ਤਬਾਹ ਕਰਦਾ ਹੈ ਸਗੋਂ ਉਹਦੀ ਨਣਦ ਨੂੰ ਵੀ ਬਦਚਲਣ
ਬਣਾ ਦਿੰਦਾ ਹੈ। ਇਸ ਸਾਰੇ ਕਿੱਸੇ ਵਿਚ
ਕੈਦੋਂ ਨੂੰ ਵਿਲਨ ਬਣਾ ਦਿੱਤਾ ਜਾਂਦਾ ਹੈ। ਭਤੀਜੀ ਕੋਈ ਗਲਤ ਕੰਮ
ਕਰ ਰਹੀ ਹੋਵੇ ਤਾਂ ਕਿਹੜਾ ਤਾਈਆ ਜਾਂ ਚਾਚਾ ਉਸਨੂੰ ਵਰਜਣਾ ਨਹੀਂ ਚਾਹੇਗਾ?
ਘਰਦਿਆਂ ਦੇ ਦੂਰਕਾਰੇ ਹੋਏ ਰਾਂਝੇ ਨੂੰ ਚੂਚਕ ਨੇ ਸ਼ਰਨ ਅਤੇ ਨੌਕਰੀ ਦਿੱਤੀ।
ਉਹ ਉਸਦੀ ਇੱਜ਼ਤ ਨਾਲ ਹੀ ਖੇਡਿਆ। ਸਾਡੇ ਪੰਜਾਬੀ ਲੇਖਕਾਂ ਦੀ ਤਿੱਖੀ ਸੋਚ
ਦੇਖੋ, ਬਜਾਏ ਇਹ ਕਹਿਣ ਦੇ ਕਿ ਕੋਈ ਹੀਰ ਨਾ ਪੈਦਾ ਹੋਵੇ! ਕੋਈ ਮੁੰਡਾ
ਰਾਂਝੇ ਵਰਗੇ ਨਾ ਬਣੇ!! ਪੰਜਾਬੀ ਗੱਭਰੂ ਮਿਹਨਤਕਸ਼ ਹੋਣ ਤੇ ਮੁਟਿਆਰਾਂ
ਇਖਲਾਕੀ ਹੋਣ। ਉਹ ਰੋਲ ਮਾਡਲ ਵਜੋਂ ਹੀਰ-ਰਾਂਝੇ ਨੂੰ ਪੇਸ਼ ਕਰਕੇ
ਪੂਰਾ ਟਿੱਲ ਲਾ ਰਹੇ ਹਨ ਤੇ ਪੰਜਾਬ ਦੀ ਹਰ ਲੜਕੀ ਨੂੰ ਹੀਰ ਬਣਿਆ ਦੇਖਣਾ
ਚਾਹੁੰਦੇ ਹਨ। ਹਰ ਪੰਜਾਬੀ ਗੱਭਰੂ ਨੂੰ
ਰਾਂਝਾ। ਸਾਡੇ ਪੰਜਾਬੀ ਲੇਖਕ ਹੀਰ ਵਰਗੀ
ਕੁੜੀ ਨਾਲ ਵਿਆਹ ਕਰਵਾਉਣ ਦੀ ਆਪਣੀਆਂ ਰਚਨਾਵਾਂ ਵਿਚ ਪ੍ਰੇਰਨਾ ਦਿੰਦੇ ਹਨ,
ਜੋ ਕਿ ਇਕ ਬਦਚਲਨ ਜਨਾਨੀ ਸੀ। ਕੌਣ ਕਹਿੰਦਾ ਹੈ ਕਿ ਅਸੀਂ ਔਰਤ ਨੂੰ ਬਰਾਬਰ
ਦਾ ਦਰਜਾ ਨਹੀਂ ਦਿੰਦੇ? ਸਾਡੇ ਸਾਹਿਤਕਾਰ ਤਾਂ ਚਰਿਤ੍ਰਹੀਣ ਇਸਤਰੀਆਂ ਨਾਲ
ਘਰ ਵਸਾਉਣ ਲਈ ਉਤਸ਼ਾਹਿਤ ਕਰ ਰਹੇ ਹਨ। ਹੀਰ ਦਾ ਮਕਬਰਾ ਬਣਾ ਕੇ ਉਥੋਂ
ਨਵਵਿਹੁਤਾ ਜੋੜੇ ਆਪਣੇ ਸਾਥ ਨਿਭਣ ਦੀਆਂ ਸੁੱਖਾਂ ਸੁਖਣ ਜਾਂਦੇ ਹਨ।
ਜਿਵੇਂ ਮਾਈ ਹੀਰ ਤਾਂ ਸੱਤ ਜਨਮਾਂ ਦੇ ਸਾਥ ਨਿਭਾਅ ਗਈ ਹੁੰਦੀ ਹੈ।
ਕੁਝ ਸਾਹਿਤਕਾਰ ਤੇ ਵਿਦਵਾਨ ਹੀਰ-ਰਾਂਝੇ ਦੇ ਇਸ਼ਕ ਨੂੰ ਹਕੀਕੀ ਵੀ ਗਰਦਾਨਦੇ
ਹਨ, ਜਦੋਂ ਕਿ ਉਹ ਖਾਲਸ ਇਸ਼ਕ ਮਿਜ਼ਾਜੀ ਸੀ ਤੇ ਨਿਰੋਲ ਜਿਣਸੀ ਖਿੱਚ ਤੋਂ
ਉਤਪਨ ਹੋਇਆ ਰਿਸ਼ਤਾ ਸੀ। ਹਕੀਕੀ ਇਸ਼ਕ ਲਈ
ਵਿਪਰੀਤ ਲਿੰਗ ਦੀ ਚੋਣ ਕਿਉਂ ਕੀਤੀ ਗਈ? ਹਕੀਕੀ ਇਸ਼ਕ ਤਾਂ ਸਮਲਿੰਗ ਨਾਲ ਵੀ
ਨਿਭਾਇਆ ਜਾ ਸਕਦਾ ਹੈ! ਉਸ ਲਈ ਸ਼ਰੀਰਕ ਰੂਪ ਵਿਚ ਇਕੱਠੇ ਹੋਣ ਦੀ ਕੀ ਲੋੜ੍ਹ
ਹੈ?
ਅੰਗਰੇਜ਼ੀ ਦਾ ਇਕ ਵਿਸ਼ਵਪ੍ਰਸਿੱਧ ਸਾਹਿਤਕਾਰ ਹੋਇਆ ਹੈ ਡੀ. ਐਚ.
ਲੌਰੈਂਸ। ਲੌਰੈਂਸ ਨੇ ਇਕ ਗਰਮਾ ਗਰਮ ਨਾਵਲ ਲਿਖਿਆ ‘ਲੇਡੀ
ਚੈਟਰਲੀ’ਸ ਲਵਰ’ ਭਾਵ ਲੇਡੀ ਚੈਟਰਲੀ ਦਾ ਪ੍ਰੇਮੀ।
ਜਿਦਣ ਨਾਵਲ ਛੱਪਿਆ, ਉਦਣ ਹੀ ਇੰਗਲੈਂਡ ਦੇ ਲੇਖਕ ਲਾਰੌਸ ਵਿਰੁੱਧ
ਲਾਮਬਧ ਹੋ ਗਏ। ਜਿਵੇਂ ਕਿ ਉਸ ਨੇ ਨਾਵਲ ਲਿਖ ਕੇ ਕੋਈ ਗੁਨਾਹ ਕਰ ਦਿੱਤਾ
ਹੁੰਦਾ ਹੈ। ਅਸ਼ਲੀਲਤਾ ਦਾ ਦੋਸ਼ ਲਾ ਕੇ ਅਦਾਲਤ ਵਿਚ ਲੈ ਗਏ। ਨਾਵਲ ਦਾ
ਸੰਖੇਪ ਸਾਰ ਇਸ ਤਰ੍ਹਾਂ ਹੈ ਕਿ ਲੇਡੀ ਚੈਟਰਲੀ ਇਕ ਅਮੀਰ ਔਰਤ ਹੁੰਦੀ ਹੈ
ਤੇ ਉਸਦਾ ਅਪਾਹਜ ਪਤੀ ਸਰ ਕਲਿਫਫੋਰਡ ਚੈਟਰਲੀ ਉਸਦੀਆਂ ਸ਼ਰੀਰਕ
ਲੋੜ੍ਹਾਂ ਨਹੀਂ ਪੂਰੀਆਂ ਕਰ ਸਕਦਾ ਹੁੰਦਾ ਤੇ ਲੇਡੀ ਚੈਟਰਲੀ ਆਪਣੇ ਨੌਕਰ
ਮਿਲਰਸ ਨਾਲ ਸੰਬਧ ਬਣਾ ਲੈਂਦੀ ਹੈ। ਇਕ
ਵਿਵਰਜਿਤ ਰਿਸ਼ਤਾ ਅਤੇ ਉਸਤੋਂ ਗਰਭਵਤੀ ਹੋ ਜਾਂਦੀ ਹੈ। ਸਮਾਜ ਸੇਵਕ
ਜਥੇਬੰਦੀਆਂ ਨੇ ਲੌਰੈਂਸ ਵਿਰੁਧ ਝੰਡੇ ਚੁੱਕ ਲਏ ਕਿ ਇਹ ਨਾਵਲ ਅਪਾਹਜਾਂ
ਵਿਚ ਹੀਣ ਭਾਵਨਾ ਪੈਦਾ ਕਰਦਾ ਹੈ। ਲੌਰੈਂਸ
ਨੇ ਐਸੀਆਂ ਦਲੀਲਾਂ ਦਿੱਤੀਆਂ ਕਿ ਸਭ ਦੇ ਮੂੰਹ ਬੰਦ ਹੋ ਗਏ। ਲੌਰੈਂਸ ਬਰੀ
ਹੋ ਗਿਆ। ਨਾਵਲ ਉੱਤੇ ਫਿਲਮ ਬਣੀ ਤੇ ਨੌ
ਨੌ ਮਿੰਟ ਦੇ ਕਾਮੁਕ ਦ੍ਰਿਸ਼ ਟੈਲੀਵਿਜ਼ਨ ਵਾਲਿਆਂ ਨੇ ਬਿਨਾਂ ਕੈਂਚੀ ਮਾਰਿਆਂ
ਦਿਖਾਏ। ਇੰਗਲੈਂਡ ਅਤੇ ਅਮਰੀਕਾ ਵਿਚ ਇਸ ਨਾਵਲ ਉੱਤੇ ਪਾਬੰਧੀ ਲੱਗ ਜਾਂਦੀ
ਹੈ। ਨਾਵਲ ਦੀ ਵਿਕਰੀ ਵੱਧ ਗਈ ਤੇ ਲੱਖਾਂ ਦੀ ਗਿਣਤੀ ਵਿਚ ਨਕਲੀ ਉਤਪਾਦਨ
ਹੋ ਕੇ ਨਾਵਲ ਬਲੈਕ ਵਿਚ ਵਿਕਿਆ।
ਸਾਡੇ ਪੰਜਾਬੀ ਲੇਖਕ ਬਲਵੰਤ ਗਾਰਗੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੇ
ਲੱਭ ਕੇ ਨਾਵਲ ਇਕੋ ਬੈਠਕ ਵਿਚ ਪੜ੍ਹਿਆ।
ਨਾਵਲ ਪੜ੍ਹਕੇ ਗਾਰਗੀ ਨੂੰ ਫੂਰਨਾ ਫੂਰਿਆ ਬਈ ਇਹ ਚੀਜ਼ ਤਾਂ ਇੰਗਲੈਂਡ ਦੇ
ਅੰਗਰੇਜ਼ਾਂ ਨੂੰ ਹਜ਼ਮ ਨਹੀਂ ਹੋਈ, ਪੰਜਾਬੀ ਪਾਠਕਾਂ ਦੇ ਗਲੇ ਵਿਚੋਂ ਕਿਥੋਂ
ਉਤਰਨੀ ਹੈ। ਗਾਰਗੀ ਨੇ ਨਾਵਲ ਚੋਰੀ ਕਰਨ ਦਾ ਮਨ ਬਣਾ ਕੇ ਕੁਝ ਸੋਚਿਆ। ਫਿਰ
ਉਸਦੇ ਮਨ ਵਿਚ ਖਿਆਲ ਆਇਆ ਕਿ ਕਮਲਿਆ ਸੋਚੀ ਕੀ ਜਾਂਦਾ ਹੈਂ? ਇਹ ਕੰਮ ਤਾਂ
ਲੌਰੈਂਸ ਬਥੇਰਾ ਕਰ ਚੁੱਕਿਆ ਹੈ। ਖਾਣਾ ਬਣਿਆ ਪਿਆ ਹੈ ਮਾਇਕਰੋਵੇਵ
ਵਿਚ ਰੱਖ, ਗਰਮ ਕਰਕੇ ਪੰਜਾਬੀ ਪਾਠਕਾਂ ਨੂੰ ਪਰੋਸ।
ਗਾਰਗੀ ਨੇ ਨਾਵਲ ਮੇਜ਼ ’ਤੇ ਮੂਧਾ ਪਾ ਕੇ ਉਸਦਾ ਅਪਰੇਸ਼ਨ ਕਰਨਾ
ਸ਼ੁਰੂ ਕਰ ਦਿੱਤਾ ਤੇ ‘ਲੋਹਾ ਕੁੱਟ’ ਨਾਟਕ ਲਿਖ ਕੇ ਤਿਆਰ ਕਰ ਦਿੱਤਾ।
ਲੌਰੈਂਸ ਅੰਗਰੇਜ਼ੀ ਦਾ ਸ਼ਬਦ
VAGUELY
ਬਹੁਤ ਵਰਤਦਾ ਹੁੰਦਾ ਸੀ। ਇਹ ਉਸਦਾ ਪਾਲਤੂ ਸ਼ਬਦ ਸੀ। ਉਸ ਦੀ ਰੀਸ
ਕਰਨ ਲਈ ਪੰਜਾਬੀ ਵਿਚ ਗਾਰਗੀ ਵੇਗ ਸ਼ਬਦ ਇਸਤੇਮਾਲ ਕਰਨ ਲੱਗ ਪਿਆ।
ਲੇਡੀ ਚੈਟਰਲੀ ਦਾ ਘਟਨਾ ਕਾਲ ਸੰਸਾਰ ਜੰਗ ਹੁੰਦਾ ਹੈ ਤੇ ਗਾਰਗੀ ਵੀ ਨਾਟਕ
ਦਾ ਕਾਰਜ ਕਾਲ ਸੰਸਾਰ ਜੰਗ ਵੇਲੇ ਦਾ ਬਣਾ ਦਿੰਦਾ ਹੈ। ਲੇਡੀ ਚੈਟਰਲੀ ਦੇ
ਵਿਆਹ ਤੋਂ ਬਾਅਦ ਉਸਦੇ ਪਤੀ ਦੇ ਇਕ ਨਾਟਕਕਾਰ ਦੋਸਤ ਨਾਲ ਸ਼ਰੀਰਕ ਸੰਬੰਧ
ਬਣਦੇ ਹਨ। ਗਾਰਗੀ ਨੇ ਉਹ ਹਿੱਸਾ ਚੁੱਕ ਕੇ ਆਪਣੇ ਅਤੇ ਰਾਜੀ ਉੱਤੇ ਫਿੱਟ
ਕਰਕੇ ਹੂ-ਬਾ-ਹੂ ਆਪਣੀ ਸਵੈ-ਜੀਵਨੀ ਵਿਚ ਗੱਡ ਦਿੱਤਾ।
ਲੇਡੀ ਚੈਟਰਲੀ ਦਾ ਪ੍ਰੇਮੀ ਲੁਹਾਰਾ ਕੰਮ ਕਰ ਚੁੱਕਿਆ ਹੁੰਦਾ ਹੈ
ਤੇ ਗਾਰਗੀ ਨੂੰ ਇਥੋਂ ਹੀ ਲੋਹਾ ਕੁੱਟ ਲੱਭ ਜਾਂਦਾ ਹੈ। ਹੋਰ ਤਾਂ ਹੋਰ
ਲੌਰੈਂਸ ਆਪਣੀ ਨਾਇਕਾ ਕੌਨੀ ਦੀ ਮਰਦਾਂ ਬਾਰੇ ਸੋਚ ਨੂੰ ਰੂਪਮਾਨ ਕਰਨ ਲਈ
ਜੋ ਵਾਕ ਪਹਿਲੇ ਕਾਂਡ ਦੇ ਸਫਾ ਨੰਬਰ 9 ’ਤੇ ਲਿਖਦਾ ਹੈ, ਇੰਨ-ਬਿੰਨ ਉਹੀ
ਡਾਇਲਾਗ ਗਾਰਗੀ ਦੀ ਨਾਇਕਾ ਸੰਤੀ ਦੇ ਪਹਿਲੇ ਐਕਟ ਦੇ ਪਹਿਲੇ ਸੀਨ ਵਿਚ
ਹੁੰਦੇ ਹਨ। ਗਾਰਗੀ ਇਸ ਉੱਤੇ ਆਪਣੀ ਮੌਲਿਕਤਾ ਦੀ ਮੋਹਰ ਲਾਉਣ ਲਈ ਪਾਠਕਾਂ
ਨੂੰ ਝੂਠ ਬੋਲ ਕੇ ਦੱਸਦਾ ਹੈ ਕਿ ਇਹ ਸੀਨ ਉਸਨੇ ਮੁਰਾਦਾਬਾਦ ਸਟੇਸ਼ਨ ’ਤੇ
ਬੈਠ ਕੇ ਲਿਖਿਆ। ਨਾਲ ਉਹ ਇਹ ਨਹੀਂ ਦੱਸਦਾ ਕਿ ਉਹਦੇ ਖੀਸੇ ਵਿਚ ਲੇਡੀ
ਚੈਟਰਲੀ’ਸ ਲਵਰ ਵੀ ਸੀ ਜਿਸ ਤੋਂ ਨਕਲ ਮਾਰ ਕੇ ਲਿਖਿਆ।
ਲੇਡੀ ਚੈਟਰਲੀ ਦੇ ਕਿਰਦਾਰ ਦੀਆਂ ਦੋਨਾਂ ਪਰਤਾਂ ਨੂੰ ਗਾਰਗੀ ਸੰਤੀ
ਅਤੇ ਬੈਣੋ ਦੋ ਔਰਤਾਂ ਦੇ ਚਰਿਤ੍ਰ ਵਰਣਨ ਰਾਹੀਂ ਉਘਾੜਦਾ ਹੈ।
ਲੌਰੈਂਸ ਦਾ ਮਾਇਕਲਸ ਗਾਰਗੀ ਦਾ ਗੱਜਣ, ਮੈਲਰਸ ਗਾਰਗੀ ਦਾ ਸਰਵਣ,
ਕਲਿਫਫੋਰਡ ਚੈਟਰਲੀ ਗਾਰਗੀ ਦਾ ਕਾਕੂ ਲੁਹਾਰ ਅਤੇ ਬਰਥਾ ਗਾਰਗੀ ਦੀ ਬਣਸੋ
ਹੈ।
ਅਲਬੱਤਾ, ਲੋਹਾ ਕੁੱਟ ਨਾਟਕ ਦੇ ਮੰਚਨ ਹੋਏ ਪੰਜਾਬੀ ਲੇਖਕ ਕੁਸਕੇ ਨਾ।
ਗਾਰਗੀ ਨੂੰ ਫਿਕਰ ਹੋਣ ਲੱਗਾ ਕਿ ਕਿਧਰੇ ਪੰਜਾਬੀਆਂ ਨੇ ਇਹ ਹਜ਼ਮ ਤਾਂ ਨਹੀਂ
ਕਰ ਲਿਆ। ਗਾਰਗੀ ਨੂੰ ਇਲਮ ਨਹੀਂ ਸੀ ਕਿ ਪੰਜਾਬੀ ਸਮਾਜ ਜੇ ਹਜ਼ਮ ਕਰਨ ’ਤੇ
ਆਵੇ ਤਾਂ ਸੋਭਾ ਸਿੰਘ ਦੀ ਬਣਾਈ ਹੋਈ ‘ਸੋਹਣੀ ਮਹਿਵਾਲ’ ਵਰਗੀ ਅਸ਼ਲੀਲ
ਪੇਂਟਿੰਗ ਨੂੰ ਵੀ ਸਵਿਕਾਰ ਲੈਂਦਾ ਹੈ। ਸੋਭਾ ਸਿੰਘ ਨੇ ਸਿੱਖ ਗੁਰੂਆਂ ਦੇ
ਪੋਰਟਰੇਟ ਬਣਾਏ। ਉਹ ਪ੍ਰਸਿੱਧ ਨਾ ਹੋਇਆ। ਉਹਨੇ ਗੁਰੂ ਨਾਨਕ ਦੀ
ਪੇਂਟਿੰਗ ਬਣਾਈ। ਪੇਂਟਿੰਗ ਬਣਾਉਣ ਤੋਂ
ਪਹਿਲਾਂ ਸੋਭਾ ਸਿੰਘ ਨੇ ਅਧਿਐਨ ਕੀਤਾ।
ਜੋਤਿਸ਼ ਵਿਦਿਆ ਦੀਆਂ ਕਿਤਾਬਾਂ ਪੜ੍ਹੀਆਂ। ਲਾਲ ਕਿਤਾਬ… ਭਿਰਗੂ ਦਾ ਗ੍ਰੰਥ…
ਤੇ ਹੋਰ ਬੜਾ ਕੁਝ; ਤਾਂ ਜੋ ਗੁਰੂ ਨਾਨਕ ਦੇ ਹੱਥਾਂ ਦੀਆਂ ਲਕੀਰਾਂ ਸਹੀ
ਵਾਹੀਆਂ ਜਾ ਸਕਣ। ਫਿਰ ਉਹ ਗੁਰੂ ਨਾਨਕ ਦੀ
ਤਸਵੀਰ ਬਣਾਉਂਦਾ ਹੈ ਤੇ ਗੁਰੂ ਨਾਨਕ ਦੇ ਹੱਥ ਦੀ ਕਰਮ ਚੱਕਰ ਰੇਖਾ ਨੂੰ
ਜਾਣ-ਬੁੱਝ ਕੇ ਗੂੜੀ ਕਰ ਦਿੰਦਾ ਹੈ ਜਿਸਦੇ
ਕੁਝ ਅਰਥ ਨਿਕਲਦੇ ਹਨ। ਲੇਕਿਨ ਸੋਭਾ ਸਿੰਘ ਨੂੰ ਸ਼ੁਹਰਤ ਨਹੀਂ ਮਿਲਦੀ। ਉਹ
ਆਪਣੀਆਂ ਪੇਂਟਿੰਗਾਂ ਆਪਣੇ ਪੈਸੇ ਖਰਚ ਕੇ ਛਪਵਾਉਂਦਾ ਤੇ ਵੇਚਦਾ ਹੈ।
ਸੋਭਾ ਸਿੰਘ ਦੇ ਮਨ ਵਿਚ ਉਭਾਲ ਉੱਠਦਾ ਹੈ ਤੇ ਉਹ ਦੋ ਮਾਸਟਰ ਪੀਸ
ਬਣਾਉਂਦਾ ਹੈ, ‘ਸੋਹਣੀ ਮਹਿਵਾਲ’ ਤੇ ‘ਸੋਹਣੀ ਇੰਨ ਹੈਵਨ’ ਸੋਹਣੀ ਮਹਿਵਾਲ
ਦੀ ਤਸਵੀਰ ਬਣਾਉਣ ਬਾਅਦ ਪੰਜਾਬੀ ਜਗਤ ਵਿਚ ਤਰਥੱਲੀ ਮੱਚ ਜਾਂਦੀ ਹੈ।
ਸੋਭਾ ਸਿੰਘ ਥੀਮ ਬਹੁਤ ਵਧੀਆ ਫੜ੍ਹਦਾ ਹੈ। ਸੋਹਣੀ ਮਹਿਵਾਲ ਨੂੰ
ਮਿਲਣ ਝਨਾਅ ਕੱਚੇ ਘੜ੍ਹੇ ਉੱਤੇ ਤਰਕੇ ਆਉਂਦੀ ਹੈ।
ਸੋਭਾ ਸਿੰਘ ਨੇ ਦਰਸਾਇਆ ਹੈ ਕਿ ਸੋਹਣੀ ਝਨਾਅ ਵਿਚ ਗੋਤੇ ਖਾਹ ਰਹੀ
ਹੈ। ਮਹਿਵਾਲ ਉਹਨੂੰ ਕੱਢ ਕੇ ਲਿਆਉਂਦਾ ਹੈ ਤੇ ਉਸਦੇ ਘੜ੍ਹੇ ਦੀ ਕੰਨੀ
ਭੂਰੀ ਹੋਈ ਹੈ। ਇੱਥੇ ਸੋਭਾ ਸਿੰਘ ਤੋਂ ਇਕ
ਗਲਤੀ ਹੁੰਦੀ ਹੈ। ਮਹਿਵਾਲ ਦੀਆਂ ਬਾਹਾਂ ਵਿਚ ਜਕੜੀ ਹੋਈ ਸੋਹਣੀ ਦੇ ਸਤਨਾਂ
ਵਿਚ ਅਕੜਾ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਕ ਇਸਤਰੀ ਦੇ
ਸਤਨਾਂ ਵਿਚ ਅਕੜਾ ਕਦੋਂ ਆਉਂਦਾ ਹੈ? ਇਹ ਅਕੜਾ ਸਿਰਫ ਦੋ ਕਾਰਨਾਂ ਕਰਕੇ
ਆਉਂਦਾ ਹੈ। ਇਕ ਤਾਂ ਜਦੋਂ ਔਰਤ ਬੱਚੇ ਨੂੰ ਦੁੱਧ ਚੁੰਘਾ ਰਹੀ ਹੋਵੇ ਤੇ
ਦੂਜਾ ਜਦੋਂ ਉਹ ਕਾਮ ਸਿਖਰ ’ਤੇ ਪਹੁੰਚ ਚੁੱਕੀ ਹੋਵੇ। ਤੀਜਾ ਕੋਈ ਕਾਰਨ
ਨਹੀਂ ਹੈ ਕਿ ਔਰਤ ਦੀਆਂ ਛਾਤੀਆਂ ਠੋਸ ਹੋ ਜਾਵਣ।
ਸਾਡਾ ਸੋਭਾ ਸਿੰਘ ਸੋਹਣੀ ਦੇ ਨਿਪਲ ਤਣੇ ਹੋਏ ਦਿਖਾਉਂਦਾ
ਹੈ ਤੇ ਉਹ ਵੀ ਝਨਾਅ ਦੇ ਠੰਡੇ ਪਾਣੀ ਵਿਚੋਂ ਨਿਕਲੀ ਹੋਈ ਦੇ।
ਕੀ ਇਹ ਸੰਭਵ ਹੈ? ਪਰ ਪੰਜਾਬੀ ਸਮਾਜ ਨੇ ਉਹ ਕਬੂਲਿਆ ਹੈ ਤੇ ਸੋਭਾ
ਸਿੰਘ ਸਾਡਾ ਮਹਾਨ ਆਟਰਟਿਸਟ ਹੈ।
ਖੈਰ, ਗਾਰਗੀ ਤੜਫਿਆ ਬੜਾ। ਉਹ ਲੇਖਕਾਂ ਨੂੰ ਆਪ ਨਾਟਕ ਉੱਤੇ ਕੀਤੇ ਜਾਣ
ਵਾਲੇ ਇਤਰਾਜ਼ ਦੱਸਣ ਲੱਗਾ। ਉਸਨੇ ਗੁਰਬਖਸ਼ ਸਿੰਘ ਪ੍ਰੀਤਲੜ੍ਹੀ ਤੋਂ ਉਚੇਚਾ
ਇਤਰਾਜ਼ ਕਰਵਾਏ। ਗਾਰਗੀ ਲੌਰੈਂਸ ਵਾਲੀਆਂ
ਹੀ ਘੜੀਆਂ ਹੋਈਆਂ ਦਲੀਲਾਂ ਦੇ ਕੇ ਵਿਦਵਤਾ ਝਾੜਣ ਲੱਗ ਪਿਆ ਤੇ ਇੰਝ ਅਸੀਂ
ਪੰਜਾਬੀ ਦਾ ਇਕ ਵੱਡਾ ਨਾਟਕਕਾਰ ਪੈਦਾ ਕਰ ਲਿਆ। ਗਾਰਗੀ ਆਪਣੇ ਨਾਲ ਇਹ ਭਰਮ
ਲੈ ਕੇ ਸ਼ਾਂਤੀ ਨਾਲ ਮਰ ਗਿਆ ਕਿ ਉਸਦੀ ਚੋਰੀ ਫੜ੍ਹ ਨਹੀਂ ਹੋਈ। ਪਰ ਉਹ
ਆਪਣੀਆਂ ਸਵੈ-ਜੀਵਨੀਆਂ ‘ਨੰਗੀ ਧੁੱਪ’ ਅਤੇ ‘ਕਾਸ਼ਨੀ ਵੇਹੜਾ’ਵਿਚ ਆਪਣੀ
ਚੋਰੀ ਦੇ ਸਬੂਤ ਛੱਡ ਗਿਆ।
ਰਾਮ ਸਰੂਪ ਅਣਖੀ ਦਾ ਨਾਵਲ ‘ਕੋਠੇ ਖੜਕ ਸਿੰਘ’ ਛਪਿਆ ਤਾਂ ਪੰਜਾਬੀ
ਸਾਹਿਤ ਵਿਚ ਇਕ ਹਨੇਰੀ ਜਿਹੀ ਆ ਗਈ। ਅਣਖੀ ਸਾਹਿਤ ਜਗਤ ਵਿਚ ਸਥਾਪਿਤ ਹੋ
ਗਿਆ। ਮਾਲਵੇ ਦੇ ਸਾਹਿਤ ਵਿਚ ਪਹਿਲੀ ਵਾਰ ਕਿਸੇ ਨੇ ‘ਰੋਪ ਐਂਡ ਨੌਟਸ’
ਤਕਨੀਕ ਵਰਤੀ ਸੀ। ਪਾਠਕ ਕਹਾਣੀ ਦੇ ਰੱਸਾ ਦਾ ਇਕ ਸਿਰਾ ਫੜ੍ਹਦਾ ਹੈ
ਤਾਂ ਰਹੱਸ ਦੀ ਗੰਢ ਆ ਜਾਂਦੀ ਹੈ। ਪਾਠਕ ਪੜ੍ਹਦਿਆਂ ਇਕ ਗੰਢ ਖੋਲ੍ਹਦਾ ਤਾਂ
ਅੱਗੇ ਦੂਜੀ ਆ ਜਾਂਦੀ। ਜੋਸ਼ ਵਿਚ ਆ ਕੇ ਅਣਖੀ ਨਿੱਕੀਆਂ ਕਹਾਣੀਆਂ ਲਿਖਣ
ਲੱਗ ਪਿਆ। ਉਸ ਦੀ ਚਰਚਾ ਹੋਣ ਲੱਗੀ। ਉਸਨੇ
ਪੰਜਾਬੀ ਕਹਾਣੀ ਵਿਚ ਇਕ ਨਵਾਂ ਟਰੈਂਡ ਸ਼ੁਰੂ ਕਰ ਦਿੱਤਾ। ਬੱਸ ਵਿਚ
ਬੈਠੋ। ਲੁਧਿਆਣੇ ਤੋਂ ਥਰੀਕੇ ਜਾਂ
ਦਾਖੇ-ਮੁਲਾਪੁਰ ਤੋਂ ਚੌਂਕੀਮਾਨ। ਕਹਾਣੀ ਪੜ੍ਹਨੀ ਸ਼ੁਰੂ ਕਰੋ, ਅੱਗਲੇ ਅੱਡੇ
ਤੱਕ ਕਹਾਣੀ ਖਤਮ। ਫਿਰ ਅਣਖੀ ਦੇ ਨਾਵਲ ‘ਪਰਤਾਪੀ’ ਨੇ ਉਸਨੂੰ ਹੋਰ
ਪ੍ਰਸਿੱਧ ਕਰ ਦਿੱਤਾ। ‘ਪਰਤਾਪੀ’ ਉੱਤੇ
ਫਿਲਮ ਵੀ ਬਣੀ। ਅਣਖੀ ਫਿਲਮ ਦੇਖ ਕੇ ਖਿਝਿਆ ਬੜਾ, ਮੈਂ ਫਿਲਮ ਦੀ ਪ੍ਰਸੰਸਾ
ਕੀਤੀ ਤਾਂ ਬੋਲਿਆ, “ਹਾਂ, ਸਾਲਿਆਂ ਨੇ ਪਾਣੀ ਪਾ’ਤਾ। ਸਤਿਆਨਾਸ ਮਾਰ’ਤਾ
ਪਰਤਾਪੀ ਦਾ।” ਲੇਕਿਨ ਅਣਖੀ ਲਿਖ ਲਿਖ ਧੂੜਾਂ ਪੱਟਣ ਲੱਗ ਪਿਆ। ਪਾਠਕ ਉਸ
ਦੀ ਨਵੀਂ ਰਚਨਾ ਉਡੀਕਦੇ। ਕੁਝ ਸਾਲ ਬਾਅਦ ਪੰਜਾਬੀ ਕਹਾਣੀ ਨੂੰ ਉਸਨੇ ਇਕ
ਹੋਰ ਦੇਣ ਦਿੱਤੀ। ਤ੍ਰੈਮਾਸਿਕ ਸਾਹਿਤਕ ਮੈਗਜ਼ੀਨ ‘ਕਹਾਣੀ ਪੰਜਾਬ’ ਕੱਢਕੇ।
‘ਕਹਾਣੀ ਪੰਜਾਬ’ ਦਿਨਾਂ ਵਿਚ ਪੈਰ ਲਾ ਗਿਆ।
ਪਰ ਇਹਦੇ ਰੁਝੇਵੇਂ ਨਾਲ ਅਣਖੀ ਦੇ ਲਿਖਣ ’ਤੇ ਅਸਰ ਪੈ ਗਿਆ।
ਉਸਨੂੰ ਖੁਸ਼ੀ ਸੀ ਕਿ ਚੱਲ ਬਥੇਰਾ ਲਿਖ ਲਿਆ ਹੈ। ਸੁਰਖੀਆਂ ਵਿਚ ਹੀ
ਰਹਿਣਾ ਹੈ। ਹੁਣ ਉਹੀ ਗੱਲ ‘ਕਹਾਣੀ
ਪੰਜਾਬ’ ਰਾਹੀਂ ਬਣੀ ਜਾ ਰਹੀ ਹੈ। ਜਿਨ੍ਹਾਂ ਚਿਰ ਕੋਈ ਕਹਾਣੀਕਾਰ ‘ਕਹਾਣੀ
ਪੰਜਾਬ’ ਵਿਚ ਨਾ ਛਪਦਾ ਤਾਂ ਉਸਨੂੰ ਸਥਾਪਿਤ ਕਹਾਣੀਕਾਰ ਨਹੀਂ ਸੀ ਮੰਨਿਆ
ਜਾਂਦਾ। ਅਣਖੀ ਨੇ ਲੱਭ ਲੱਭ ਨਵੇਂ ਤੇ ਅਣਗੌਲੇ ਕਹਾਣੀਕਾਰ ਛਾਪੇ, ਜੋ ਇਕੋ
ਹੀ ਕਹਾਣੀ ਨਾਲ ਚਰਚਾ ਫੜ੍ਹ ਜਾਂਦੇ। ਅਣਖੀ
ਨੇ ਜਿਥੇ ਮਨਮੋਹਨ ਬਾਵਾ, ਪ੍ਰਗਟ ਸਿੱਧੂ ਵਰਗੇ ਬਜ਼ੁਰਗ ਕਹਾਣੀਕਾਰਾਂ ਨੂੰ
ਚਰਚਿਤ ਕਰਵਾਇਆ, ਉਥੇ ਮੇਰੇ, ਜਤਿੰਦਰ ਹੰਸ ਅਤੇ ਜਸਵੀਰ ਰਾਣੇ ਵਰਗੇ 23-24
ਸਾਲਾਂ ਦੇ ਨੌਜਵਾਨ ਕਹਾਣੀਕਾਰਾਂ ਦੇ ਘਰੀਂ ਜਾ ਕਹਾਣੀਆਂ ਲਿਖਵਾਈਆਂ ਤੇ
ਕਿਹਾ ਆਉ ਦੱਸੀਏ ਪੰਜਾਬੀ ਕਹਾਣੀ ਕਿਥੇ ਖੜ੍ਹੀ ਹੈ। ਮੈਥੋਂ ਧੱਕੇ ਨਾਲ
ਕਹਾਣੀ ਉਦੋਂ ਲਿਖਵਾਈ ਜਦੋਂ ਮੇਰੀ ਮਾਨਸਿਕਤਾ ਖੰਡਤ ਸੀ।
ਅਣਖੀ ਮੇਰੇ ਨਾਲ ਫੋਨ ’ਤੇ ਲੜਿਆ, “ਤੇਰੀ ਕਹਾਣੀ ਕਦੇ ਕਹਾਣੀ
ਪੰਜਾਬ ਨੂੰ ਕਿਉਂ ਨਹੀਂ ਆਈ?”
“ਅਣਖੀ ਜੀ, ਮੈਂ ਥੋੜ੍ਹਾ ਜਿਹਾ ਗਰਮ ਲਿਖਦਾਂ। ਮੇਰੀ ਕਹਾਣੀ ਐਡੇ ਵੱਡੇ
ਮੈਗਜ਼ੀਨ ਵਿਚ ਕਿਵੇਂ ਛਪ ਸਕਦੀ ਹੈ?”
“ਸਿਰਜਣਾ, ਅਕਸ, ਕਥਾ ਸਾਗਰ ਤੇ ਜੱਗਬਾਣੀ ਵਿਚ ਕਿਵੇਂ ਛਪਦੀਆਂ? ਤੂੰ ਅੱਜ
ਹੀ ਨਵੀਂ ਕਹਾਣੀ ਲਿਖ? ਸੈਕਸ ਦੇ ਵਰਣਨ ਦੀ ਤੈਨੂੰ ਖੁੱਲ੍ਹ ਹੈ। ਪਰ ਰੱਖੀ
ਸਹਿੰਦੀ ਸਹਿੰਦੀ ਜਿਹੀ ਪਤੰਦਰਾ। ਲਾਇਬਰੇਰੀਆਂ ਤੇ ਯੂਨੀਵਰਿਸਟੀਆਂ ਨੂੰ
ਆਪਣਾ ਪਰਚਾ ਜਾਦੈ। ਸਾਲ ਵਿਚ ਇਕ ਵਾਰੀ ਮਨਮੋਹਨ ਬਾਵੇ ਤੇ ਵੀਨਾ ਵਰਮਾ ਨੂੰ
ਛਾਪਦਾਂ। ਤੀਜਾ ਨਾਮ ਤੇਰਾ ਹੋਉ। ਤੇਰੀ
ਕਹਾਣੀ ਕਲਾ ਦਾ ਮੈਂ ਲੋਹਾ ਮਨਵਾ ਦਿਉਂ। ਤੈਨੂੰ ਖੜ੍ਹਾ ਕਰਨੈ ਆਪਾਂ।”
ਅਣਖੀ ਦੀ ਹੱਲਾਸ਼ੇਰੀ ਵਿਚ ਆ ਕੇ ਮੈਂ ਉਸੇ ਰਾਤ ਕਹਾਣੀ ਲਿਖੀ। ਕਹਾਣੀ
ਪੰਜਾਬ ਵਿਚ ਜਦੋਂ ਛਪੀ ਤਾਂ ਮੈਨੂੰ 52 ਚਿੱਠੀਆਂ ਆਈਆਂ। ਵੱਡੇ ਵੱਡੇ
ਕਹਾਣੀਕਾਰਾਂ, ਡਾਕਟਰਾਂ ਆਲੋਚਕਾਂ ਦੀਆਂ ਤੇ ਪਾਠਕਾਂ ਦੀਆਂ। ਯੂਨੀਵਰਸਿਟੀ
ਕਾਲਜ਼ਾਂ ਦੇ ਮੁੰਡੇ ਕੁੜੀਆਂ ਦੀਆਂ। ਨਾਭੇ ਜੇਲ੍ਹ ਦੇ ਕੈਦੀਆਂ ਦੀਆਂ।
ਇਕ ਕੁੜੀ ਨੇ ਤਾਂ ਵੇਗ ਵਿਚ ਆ ਕੇ ਮੇਰੀ ਕਹਾਣੀ ਨਾਲੋਂ ਵੀ ਲੁੱਚੀ
ਪਿਆਰ ਭਰੀ 18 ਸਫਿਆਂ ਦੀ ਮੈਨੂੰ ਚਿੱਠੀ ਲਿਖੀ।
ਮੇਰੀ ਕਹਾਣੀ ਵਿਚਲੀਆਂ ਉਹ ਗੱਲਾਂ ਉਭਾਰੀਆਂ ਜੋ ਖੁਦ ਮੈਨੂੰ ਵੀ
ਨਹੀਂ ਸੀ ਪਤਾ ਤੇ ਨਾ ਹੀ ਕੋਈ ਮਾਈ ਦਾ ਲਾਲ ਆਲੋਚਕ ਉਹ ਨੁਕਤੇ ਫੜ੍ਹ ਸਕਦਾ
ਹੈ। ਮੈਂ ਹੈਰਾਨ ਰਹਿ ਗਿਆ।
ਸਾਡੇ ਨਵੇਂ ਪੋਚ ਦੇ ਨੌਜਵਾਨ ਕਹਾਣੀਕਾਰਾਂ ਵਿਚੋਂ ਜਦੋਂ ਜਸਵੀਰ ਰਾਣੇ
ਦੀ ਕਹਾਣੀ ਛਪੀ ਤਾਂ ਕਈ ਵੱਡੇ ਵੱਡੇ ਮਹਾਂਰਥੀ ਮੂਧੇਮੂੰਹ ਡਿੱਗ ਪਏ।
ਜਸਵੀਰ ਦੀ ਕਹਾਣੀ ਪੜ੍ਹ ਕੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ
ਕਹਾਣੀ ਲਿਖਣੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹਦੇ ਬਰਾਬਰ ਦੀ ਕਹਾਣੀ
ਲਿਖਣਾ ਕਿਸੇ ਦੇ ਬਸ ਦਾ ਰੋਗ ਨਹੀਂ। ਕਈ ਕਹਾਣੀਕਾਰਾਂ ਮਖੌਲ ਵਿਚ ਅਣਖੀ
ਨੂੰ ਇਹ ਵੀ ਕਹਿ ਜਾਂਦੇ, “ਅਣਖੀ ਤੈਨੂੰ ਹਟਾਉਣ ਪੈਣੈ। ਨਵੇਂ ਨਵੇਂ ਤੀਰ
ਛੱਡੀ ਜਾਨੈ। ਪਾੜ੍ਹਨੈ ਸਾਨੂੰ।”
ਕੁਝ ਵਰ੍ਹੇ ਬੀਤਣ ਬਾਅਦ ਅਣਖੀ ਦੇ ਦਿਮਾਗ ਵਿਚ ਆਇਆ ਕਿ ਯਾਰ ਲੋਕਾਂ ਦੀ
ਚਰਚਾ ਕਰਵਾਈ ਜਾਂਦੇ ਹਾਂ। ਹੁਣ ਤਾਂ ਸਮਾਂ ਬਹੁਤ ਹੋ ਗਿਆ। ‘ਕੋਠੇ ਖੜਕ
ਸਿੰਘ’ ਵਾਲਾ ਨਸ਼ਾ ਜਿਹਾ ਲਹਿੰਦਾ ਜਾਂਦੈ। ਕੁਝ ਨਵਾਂ ਕਰੀਏ।
ਪਰ ਹੋਵੇ ‘ਕੋਠੇ ਖੜਕ ਸਿੰਘ’ ਵਾਲੀ ਗੱਲ। ਹੁਣ ਤਾਂ ਆਪਣਾ ਕਰਾਂਤੀ
ਪਾਲ ਵੀ ਸਥਾਪਿਤ ਹੋ ਗਿਆ ਹੈ। ‘ਕਹਾਣੀ ਪੰਜਾਬ’ ਦਾ ਪਲੇਟ ਫਾਰਮ ਵੀ ਹੈ ਤੇ
ਪੰਜ ਸੱਤ ਚੋਟੀ ਦੇ ਆਲੋਚਕ ਵੀ ਗੋਡੇ ਫੜ੍ਹਦੇ ਨੇ। ਅਣਖੀ ਨੇ ‘ਕੋਠੇ ਖੜਕ
ਸਿੰਘ’ ਨੂੰ ਮੌਡਰਨ ਟਰੀਟਮੈਂਟ ਦੇ ਕੇ ਦੁਬਾਰਾ ਲਿਖ ਦਿੱਤਾ ਤੇ ਇੰਝ ਨਵਾਂ
ਨਾਵਲ ਪਾਠਕਾਂ ਦੇ ਹੱਥ ਵਿਚ ਸੀ। ਇਕ ਵਾਰ
ਮੈਂ ਇੰਟਰਵਿਊ ਕਰਦਿਆਂ ਪੁੱਛ ਬੈਠਾ, “ਅਣਖੀ ਸਾਹਿਬ ਇਹ ‘ਕੋਠੇ ਖੜਕ ਸਿੰਘ’
ਨੂੰ ਨਵੇਂ ਲਿਫਾਫੇ ਵਿਚ ਪਾਉਣ ਦੀ ਕੀ ਲੋੜ੍ਹ ਪੈ ਗਈ ਸੀ?”
ਅਣਖੀ ਨੇ ਜੁਆਬ ਦਿੱਤਾ, “ਯਾਰ ਉਦੋਂ ਦੋ ਕੁ ਗੱਲਾਂ ਰਹਿਗੀਆਂ ਸੀ
ਲਿਖਣ ਵਾਲੀਆਂ। ਨਾਲੇ ਪਾਠਕਾਂ ਨੂੰ ਨਵਾਂ
ਨਾਵਲ ਵੀ ਤਾਂ ਦੇਣਾ ਸੀ। ਨਿੱਤ ਨਵਾਂ ਸੌਦਾ ਕਿਥੋਂ ਕੱਢੀ ਜਾਈਏ? ਪਰ ਤੂੰ
ਇਹ ਇੰਟਰਵਿਉ ਵਿਚ ਲਿਖਣਾ ਨ੍ਹੀਂ।”
ਅਣਖੀ ਦੇ ਪਾਤਰ ਗੇਲੋ, ਗਿੰਦਰ, ਦੁੱਲਾ, ਹਰਨਾਮੀ, ਅਰਜਨ, ਚਰਨਦਾਸ,
ਨੰਦ ਕੁਰ, ਮੀਤੋ, ਜੀਤੋ, ਮੱਲਣ, ਸਰਦਾਰੋ, ਸੱਜਣ, ਪੁਸ਼ਪਿੰਦਰ, ਮੁਕੰਦ,
ਮੈਂਗਲ, ਜਲ ਕੁਰ, ਗ੍ਹੀਰਾ, ਚੰਦ ਲੁੱਧੜ ਆਦਿ ਤੁਹਾਨੂੰ ਆਮ ਜਨਜੀਵਨ ਵਿਚ
ਤੁਰੇ ਫਿਰਦੇ ਰੋਜ਼ ਲੱਭਦੇ ਹਨ, ਪਰ ਕੋਠੇ ਖੜਕ ਸਿੰਘ, ਪਰਤਾਪੀ, ਹਮੀਰਗੜ੍ਹ
ਅਤੇ ਦੁੱਲੇ ਦੀ ਢਾਬ ਪੜ੍ਹਦਿਆਂ ਰਚਨਾਵਾਂ ਦਾ ਨਿਖੇੜਾ ਕਰਨ ਲਈ ਪਾਠਕ ਨੂੰ
ਦਿਮਾਗ ਦੀਆਂ ਨਸ਼ਾਂ ਉੱਤੇ ਜ਼ੋਰ ਪਾਉਣਾ ਪੈਂਦਾ ਹੈ।
ਅਣਖੀ ਦੂਜੀ ਵਾਰ ਇੰਗਲੈਂਡ ਆਇਆ ਤਾਂ ਮੇਰੇ ਘਰੇ ਰਾਤ ਨੂੰ ਬੈਠਿਆਂ
ਉਹਨੇ ਆਪਣੇ ਬੈਗ ਵਿਚੋਂ ਆਪਣੇ ਕਹਾਣੀ ਸੰਗ੍ਰਹਿ ਦੀ ਪੰਜ ਸੌ ਤੋਂ ਵੱਧ
ਸਫਿਆਂ ਦੀ ਸੈਂਚੀ ‘ਚਿੱਟੀ ਕਬੂਤਰੀ’ ਮੈਨੂੰ ਭੇਂਟ ਕਰਦਿਆਂ ਕਿਹਾ, “ਇਹ
ਤੈਨੂੰ ਮੇਰੇ ਵੱਲੋਂ ਤੋਹਫੈ। ਮੇਰੇ ਕੋਲ ਇਕ ਹੀ ਕਾਪੀ ਸੀ। ਇੰਡੀਆਂ ਤੋਂ
ਆਉਣ ਲੱਗਿਆ ਮੈਂ ਇਹ ਸੋਚ ਕੇ ਲਿਆਇਆ ਸੀ ਕਿ ਇਹ ਮੈਂ ਉਹਨੂੰ ਦੇਉਂਗਾ,
ਜਿਹੜਾ ਮੈਨੂੰ ਵਧੀਆ ਪਾਠਕ ਲੱਗਿਆ।”
ਸਵੇਰ ਹੋਈ ਤਾਂ ਮੈਂ ਚਾਹ ਲੈ ਕੇ ਅਣਖੀ ਕੋਲ ਗਿਆ ਤਾਂ ਉਹ ‘ਚਿੱਟੀ
ਕਬੂਤਰੀ’ ਚੁੱਕੀ ਨਿਹਾਰੀ ਜਾ ਰਿਹਾ ਸੀ।
“ਇਹ ਮੇਰੀਆਂ ਸਾਰੀਆਂ ਚੋਣਵੀਆਂ ਕਹਾਣੀਆਂ ਦੀ ਕਿਤਾਬ ਹੈ। ਭਾਪਾ ਪ੍ਰੀਤਮ
ਸਿੰਘ ਤੇ ਮੈਂ ਇਸ ’ਤੇ ਬੜੀ ਮਿਹਨਤ ਕੀਤੀ ਹੈ। ਪੜ੍ਹੀਂ ਜ਼ਰੂਰ।”
“ਮੈਂ ਰਾਤ ਹੀ ਪੜ੍ਹ ਲਈ ਸੀ।”
“ਹੈਂਅ ਐਡੀ ਛੇਤੀ ਕਿਵੇਂ?”
“ਮੇਰੀ ਸਪੀਡ ਬਹੁਤ ਹੈ। ਮੈਂ ਤਿੰਨ ਸੌ ਸਫੇ ਦੀ ਕਿਤਾਬ ਇਕ ਘੰਟੇ ਵਿਚ
ਪੜ੍ਹ ਲੈਂਦਾ ਹਾਂ ਤੇ ਫਿਰ ਉਸ ਕਿਤਾਬ ਬਾਰੇ ਮੈਥੋਂ ਜੋ ਮਰਜੀ ਪੁੱਛ ਲਉ।”
ਅਣਖੀ ਹੈਰਤਅੰਗੇਜ਼ ਹੋ ਗਿਆ, “ਫੇਰ ਤਾਂ ਤੈਨੂੰ ਗਿਨਿਸ ਬੁੱਕ ਵਿਚ ਨਾਮ
ਲਿਖਵਾਉਣਾ ਚਾਹੀਦੈ।”
“ਲਿਖਵਾਵਾਂਗੇ। ਮੌਜੂਦਾ ਰਿਕਾਰਡ 316 ਸਫੇ ਇਕ ਘੰਟਾ 23 ਮਿੰਟ ਵਿਚ ਪੜ੍ਹਨ
ਦਾ ਹੈ। ਮੈਂ ਸਟੈਮਨਾ ਬਣਾ ਰਿਹਾ ਹਾਂ ਤੇ ਉਦਣ ਰਿਕਾਰਡ ਬਣਾ ਕੇ ਦਰਜ਼
ਕਰੂੰ, ਜਦੋਂ ਮੈਨੂੰ ਯਕੀਨ ਹੋ ਗਿਆ ਕਿ ਮੇਰਾ ਰਿਕਾਰਡ ਮੇਰੇ ਜਿਉਂਦੇ ਜੀਅ
ਕਿਸੇ ਤੋਂ ਟੁੱਟੇ ਨਾ।”
“ਪੂਰੇ ਛੇ ਮਹੀਨੇ ਲਾ ਕੇ ਮੈਂ ਖੁਦ ਇਸਦੇ ਪਰੂਫ ਪੜ੍ਹੇ ਨੇ। ਇਸ ਵਿਚ ਇਕ
ਵੀ ਗਲਤੀ ਨਹੀਂ।”
“ਅਣਖੀ ਜੀ, ਇਹਦੇ ਤਤਕਰਾ ਪੰਨੇ ’ਤੇ ਇਕ ਕਹਾਣੀ ਦਾ ਨਾਮ ਜੋ ਲਿਖਿਆ ਹੈ।
ਅੰਦਰ ਅਸਲ ਪੰਨੇ ਉਤੇ ਸਿਰਲੇਖ ਕੁਝ ਹੋਰ ਹੈ ਤੇ ਕਹਾਣੀ ਕੋਈ ਹੋਰ ਹੈ।
ਬਾਕੀ ਗਲਤੀਆਂ ਵੀ ਮੈਂ ਅੰਡਰਲਾਇਨ ਕਰ ਦਿੱਤੀਆਂ ਦੇਖ ਲਉ।”
“ਅੱਛਾ? ਇਹ ਕਿਵੇਂ ਹੋ ਗਿਆ।” ਅਣਖੀ ਦੇ ਮੂੰਹ ਵਿਚੋਂ ਚਾਹ ਦੀ ਘੁੱਟ ਬਾਹਰ
ਆਉਂਦੀ ਆਉਂਦੀ ਮਸਾਂ ਬਚੀ। ਅਣਖੀ ‘ਚਿੱਟੀ ਕਬੂਤਰੀ’ ਚੁੱਕੀ ਕਿੰਨਾ ਚਿਰ
ਗਲਤੀਆਂ ਦਾ ਮਾਤਮ ਮਨਾਉਂਦਾ ਰਿਹਾ।
ਮੈਂ ਬਰਨਾਲੇ ਗਿਆ ਤੇ ਸੋਚਿਆ ਕਿਉਂ ਨਾ ਅਣਖੀ ਨੂੰ ਮਿਲ ਚੱਲੀਏ? ਕੱਚਾ
ਕਾਲਜ ਰੋਡ ’ਤੇ ਮੈਂ ਅਣਖੀ ਦੇ ਘਰ ਗਿਆ।
ਅਣਖੀ ਕੁਰਸੀ ’ਤੇ ਬੈਠਾ ਚਾਰ ਪੰਜ ਸਫਿਆਂ ਦਾ ਲੇਖ ਪੜ੍ਹੀ ਜਾਵੇ ਜੋ ਉਸ
ਨੂੰ ਮੇਰੇ ਤੋਂ ਪਹਿਲਾਂ ਸਾਡੇ ਇੰਗਲੈਂਡ ਦਾ ਹੀ ਇਕ ਪ੍ਰਸਿਧ ਲੇਖਕ ‘ਕਹਾਣੀ
ਪੰਜਾਬ’ ਵਿਚ ਛਪਣ ਲਈ ਦੇ ਕੇ ਗਿਆ ਸੀ।
ਮੈਂ ਪੁੱਛ ਲਿਆ, “ਕੀ ਪੜ੍ਹਦੇ ਸੀ?” ਅਣਖੀ ਨੇ ਮੈਨੂੰ ਉਸ ਲੇਖਕ ਦਾ ਨਾਮ
ਦੱਸ ਕੇ ਕਿਹਾ ਕਿ ਉਹਦਾ ਲੇਖ ਹੈ ਸ਼ੈਕਸਪੀਅਰ ਉੱਤੇ ਲਿਖਿਆ ਹੋਇਆ ਹੈ। ਬੜਾ
ਵਧੀਆ। ਅਗਲੇ ਅੰਕ ਵਿਚ ਲਾਵਾਂਗੇ।
ਮੈਂ ਸੋਚਿਆ ਜਿਹੜਾ ਬੰਦਾ ਪੰਜਾਬੀ ਦੇ ਲੇਖਕਾਂ ਨੂੰ ਨਹੀਂ ਪੜ੍ਹਦਾ।
ਆਖਦਾ ਹੈ ਦੂਜਿਆਂ ਨੂੰ ਪੜ੍ਹਣ ਨਾਲ ਮੌਲਿਕਤਾ ਨਹੀਂ ਰਹਿੰਦੀ। ਕੱਸੀ ਨਾ
ਟੱਪਣ ਵਾਲੇ ਨੇ ਐਡੀ ਵੱਡੀ ਛਾਲ ਮਾਰੀ ਕਿ ਨਹਿਰਾਂ ਟੱਪਣ ਲੱਗ ਪਿਆ?
ਮੈਂ ਅਣਖੀ ਨੂੰ ਉਂਗਲ ਲਾਈ ਕਿ ਇਹਨੇ ਜ਼ਰੂਰ ਕਿਸੇ ਤੋਂ ਗੱਲਾਂ ਸੁਣ ਸੁਣਾ
ਕੇ ਲੇਖ ਲਿਖਿਆ ਹੋਣਾ ਹੈ। ਇਹਨੇ ਸ਼ੈਕਸਪੀਅਰ ਕਿਥੋਂ ਪੜ੍ਹ ਲਿਆ? ਇਹ ਤਾਂ
ਨਵੀਂ ਅੰਗਰੇਜ਼ੀ ਤੋਂ ਵੀ ਪੈਦਲ ਹੈ ਤੇ ਸ਼ੈਕਸਪੀਅਰ ਪੁਰਾਣੀ ਅੰਗਰੇਜ਼ੀ ਵਿਚ
ਲਿਖਦਾ ਸੀ, ਜਿਸ ਵਿਚ ਲਤੀਨੀ ਦੇ ਸ਼ਬਦਾਂ ਦੀ ਭਰਮਾਰ ਹੁੰਦੀ ਸੀ।
ਅਣਖੀ ਦੇ ਇਹ ਗੱਲ ਖਾਨੇ ਵੜ੍ਹ ਗਈ। ਉਹਨੇ ਮੈਨੂੰ ਲੇਖ ਪੜ੍ਹਾਇਆ।
ਮੈਂ ਤਿੰਨ ਚਾਰ ਗੱਲਾਂ ਵਿਚੋਂ ਫੜ੍ਹ ਲਈਆਂ। ਇਕ ਤਾਂ ਉਹ ਲੇਖਕ
ਸ਼ੈਕਸਪੀਅਰ ਨੂੰ ਕੋਲੇ ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਪੁੱਤ ਦੱਸੀ
ਜਾਂਦਾ ਸੀ। ਦੂਜਾ ਉਹਨੇ ‘ਸੰਨਜ਼ ਐਂਡ ਲਵਰ’ ਨਾਵਲ ਤੇ ਚਾਰਲਸ
ਡਿਕਨਜ਼ ਦਾ ਨਾਵਲ ‘ਓਲੀਵਰ ਟਵਿਸਟ’ ਸ਼ੈਕਸਪੀਅਰ ਦੇ ਖਾਤੇ ਵਿਚ ਪਾਇਆ
ਪਿਆ ਸੀ। ਮੈਂ ਅਣਖੀ ਨੂੰ ਦੱਸ ਦਿੱਤਾ ਕਿ ਸ਼ੈਕਸਪੀਅਰ ਆਜੜੀ ਦਾ ਪੁੱਤ ਸੀ
ਤੇ ਨਾਟਕਕਾਰ ਸੀ। ‘ਸੰਨਜ਼ ਐਂਡ ਲਵਰਜ਼’ ਡੀ.
ਐਚ. ਲੌਰੰਸ ਦਾ ਨਾਵਲ ਉਸਦੀ ਆਪਣੀ ਜ਼ਿੰਦਗੀ ਉੱਤੇ ਅਧਾਰਤ ਸੀ ਤੇ ਉਹ ਕੋਲੇ
ਦੀਆਂ ਖਾਨਾਂ ਵਿਚ ਕੰਮ ਕਰਨ ਵਾਲੇ ਦਾ ਮੁੰਡਾ ਸੀ, ਜੋ ਨੌਟਿੰਘਮ ਵਿਖੇ
ਰਹਿੰਦਾ ਸੀ।
ਅਣਖੀ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਸ਼ੈਕਸਪੀਅਰ ਨੂੰ ਪੜ੍ਹਿਆ ਹੈ ਤਾਂ
ਮੈਂ ਕਿਹਾ, “ਹਾਂ ਜੀ, ਘੋਲ ਕੇ ਪੀਤਾ ਹੋਇਆ ਹੈ। ਕਿਉਂਕਿ ਸ਼ੈਕਸਪੀਅਰ ਮੇਰੇ
ਇੰਗਲੀਸ਼ ਲਿਟਰੇਚਰ ਦੇ ਏ ਲੈਵਲ ਦੇ ਸਲੇਬਸ ਵਿਚ ਲੱਗਿਆ ਹੋਇਆ ਸੀ।
ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਰੂਪਾਂਤਰਣ ਕਰਕੇ ਅਸੀਂ ਡਰਾਮੇ
ਖੇਡਦੇ ਹੁੰਦੇ ਸੀ।”
ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੀਆਂ ਰਚਨਾਵਾਂ ਵਿਚ ਇਕ ਬਹੁਤ
ਵੱਡਾ ਤਕਨੀਕੀ ਨੁਕਸ ਹੈ, ਤੁਸੀਂ ਉਸ ਬਾਰੇ ਉਸਨੂੰ ਪੁਛਿਉ।
ਮੈਂ ਅਣਖੀ ਨੂੰ ਨੁਕਸ ਦੱਸ ਦਿੱਤਾ ਤਾਂ ਅਣਖੀ ਨੂੰ ਚਾਅ ਚੜ੍ਹ
ਗਿਆ,“ਹੁਣ ਆਪਾਂ ਇਹਨਾਂ ਡਾਕਟਰਾਂ ਜਿਹਾ ਨੂੰ ਕਹਿ ਸਕਦੇ ਹਾਂ ਬਈ ਐਡੇ
ਵੱਡੇ ਲਿਖਾਰੀ ਵੀ ਗਲਤੀਆਂ ਕਰਦੇ ਹੁੰਦੇ ਸੀ। ਇਹ ਲੇਖ ਛਪਵਾ ਕੇ ਤਾਂ ਸਾਲੇ
ਨੇ ਮਰਵਾ ਦੇਣਾ ਸੀ। ਲਿਆ ਉਹਨੂੰ ਫੋਨ
ਕਰੀਏ।”
ਫੇਰ ਮੈਂ ਅਣਖੀ ਨੂੰ ਦੱਸਿਆ ਕਿ ਸ਼ੈਕਸਪੀਅਰ ਦੇ ਰੋਮੀਉ ਜੁਲੀਅਟ ਅਤੇ
ਹੀਰ ਵਾਰਿਸ ਸ਼ਾਹ ਵਿਚ 35 ਸਮਾਨਤਾਵਾਂ ਹਨ, ਤੁਸੀਂ ਉਹਨਾਂ ਬਾਰੇ ਉਸਨੂੰ
ਪੁਛਿਉ? ਅਣਖੀ ਦੇ ਪੁੱਛੇ ਉੱਤੇ ਮੈਂ ਉਹ ਸਮਾਨਤਾਵਾਂ ਗਿਣਾ ਦਿੱਤੀਆਂ
ਜਿਨ੍ਹਾਂ ਵਿਚੋਂ ਪਾਠਕਾਂ ਦੀ ਦਿਲਚਸਪੀ ਲਈ ਇਕ ਦੱਸ ਰਿਹਾ ਹਾਂ ਕਿਉਂਕਿ
ਸਾਰੀਆਂ ਵੱਖਰੇ ਲੇਖ ਦੀ ਮੰਗ ਕਰਦੀਆਂ ਹਨ।
ਹੀਰ ਦੇ ਪੇਕੇ ਸਿਆਲਾਂ ਅਤੇ ਰਾਝੇ ਦੇ ਪਰਿਵਾਰ ਤਖਤਹਜ਼ਾਰੇ ਵਾਲਿਆਂ ਵਿਚ
ਆਪੋ ਆਪਣੇ ਦਰਜ਼ੇ ਨੂੰ ਲੈ ਕੇ ਹਾਉਮੇ ਸੀ। ਹੀਰ ਦੀ ਪਹਿਲੀ ਮੁਲਾਕਾਤ ਰਾਂਝੇ
ਨਾਲ ਬੇੜੀ ਤੇ ਫਿਰ ਬਾਰਾਂਦਰੀ ਵਿਚ ਹੁੰਦੀ ਹੈ ਜੋ ਉਸਦੀ ਵਿਹਲਾ ਸਮਾਂ
ਬਤੀਤ ਕਰਨ ਦੀ ਜਗ੍ਹਾ ਸੀ। ਪਹਿਲੀ ਮਿਲਣੀ ਵਿਚ ਹੀਰ ਰਾਂਝੇ ਦੇ ਛਮਕਾਂ
ਮਾਰਦੀ ਹੈ। ਝਗੜੇ ਉਪਰੰਤ ਉਹਨਾਂ ਵਿਚ
ਪਿਆਰ ਉਤਪਨ ਹੁੰਦਾ ਹੈ। ਇਵੇਂ ਹੀ ਜੁਲੀਅਟ
ਅਤੇ ਰੋਮੀਉ ਦੋ ਮੌਨਟੀਗੀਉ ਅਤੇ ਕੈਪਲਟ ਘਰਾਨਿਆਂ ਨਾਲ ਸਬੰਧ ਰੱਖਦੇ ਸਨ
ਜਿਨ੍ਹਾਂ ਵਿਚ ਵੀ ਉਹੀ ਖਾਨਾਜੰਗੀ ਸੀ।
ਜੁਲੀਅਟ ਦੇ ਵਿਹਲਾ ਵਕਤ ਗੁਜ਼ਾਰਨ ਦਾ ਸਥਾਨ ਬਾਲਕੋਨੀ ਹੁੰਦਾ ਹੈ ਜਿਥੇ
ਉਸਦੀ ਰੋਮੀਉ ਨਾਲ ਪ੍ਰਥਮ ਮਿਲਣੀ ਹੁੰਦੀ ਹੈ। ਦੋਨਾਂ ਦਾ ਤਕਰਾਰ ਹੁੰਦਾ ਹੈ
ਜੋ ਬਾਅਦ ਵਿਚ ਮੁਹੱਬਤ ਵਿਚ ਤਬਦੀਲ ਹੋ ਜਾਂਦਾ ਹੈ।
ਬਾਲਕੋਨੀ ਵਾਲੇ ਸੀਨ ਵਿਚਲਾ ਇਕ ਜੂਲੀਅਟ ਦਾ ਡਾਇਲੌਗ ਬਹੁਤ ਮਸ਼ਹੂਰ
ਹੋਇਆ ਸੀ, ਜੋ ਐਕਟ ਦੋ ਦੇ ਸੀਨ ਦੋ ਵਿਚ ਆਉਂਦਾ ਹੈ,
“O
Romeo, Romeo! Wherefore art thou Romeo?”
ਭਾਵ ਰੋਮੀਉ ਤੂੰ ਕਿਥੇ ਹੈਂ?
ਅਣਖੀ ਨੇ ਉਸ ਲੇਖਕ ਨੂੰ ਫੋਨ ਲਾ ਕੇ ਸਵਾਲ ਕੀਤੇ।
ਉਸਨੂੰ ਇਕ ਦਾ ਵੀ ਜੁਆਬ ਨਾ ਆਇਆ। ਪਹਿਲਾਂ ਕਹੇ ਮੈਂ ਅੰਗਰੇਜ਼ੀ
ਵਿਚ ਪੜ੍ਹਿਆ ਹੈ। ਫਿਰ ਮੁੱਕਰ ਗਿਆ ਕਿ ਮੈਂ ਅਨੁਵਾਦ ਪੜ੍ਹਿਆ ਹੈ।
ਉਸ ਨੂੰ ਸ਼ੈਕਸਪੀਅਰ ਦੀ ਰਚਨਾ ਦਾ ਤਾਂ ਯਾਦ ਸੀ, ਪਰ ਅਨੁਵਾਦਕ ਦਾ
ਨਾਮ ਭੁੱਲ ਚੁੱਕਾ ਸੀ!
ਮੈਂ ਗੱਲਾਂਬਾਤਾਂ ਕਰਕੇ ਅਣਖੀ ਕੋਲੋਂ ਆ ਗਿਆ। ਹਫਤੇ ਬਾਅਦ ਅਣਖੀ ਦਾ
ਫੋਨ ਆਇਆ, “ਉਹ ਬਈ ਉਹਦੀ ਥੋਡੇ ਇੰਗਲੈਂਡੀਏ ਦੀ ਚੋਰੀ ਫੜ੍ਹ’ਲੀ ਆਪਾਂ।
ਹਿੰਦੀ ਦੇ ਰਸਾਲੇ ’ਚੋਂ ਚੋਰੀ ਕਰਕੇ ਲਿਖ ਲਿਆਇਆ ਸੀ। ਕਲਕੱਤੇ ਦੇ ਲੇਖਕ
ਨੇ ਚਾਰ ਅੰਗਰੇਜ਼ੀ ਦੇ ਲੇਖਕਾਂ ਬਾਰੇ ਲਿਖਿਆ ਸੀ। ਇਹ ਉਹਦੇ ’ਚੋਂ
ਸ਼ੈਕਸਪੀਅਰ ਨੂੰ ਬਾਹੋਂ ਫੜ੍ਹ ਕੇ ਖਿੱਚ ਲਿਆਇਆ ਸੀ।… ਲੀਰਾਂ ’ਕੱਠੀਆਂ
ਕਰਕੇ ਲੇਖ ਬਣਾਇਆ। ਤੋਪੇ ਟੰਕੇ ਵੀ ਨ੍ਹੀ ਚੱਜ ਨਾਲ ਲਾ ਹੋਏ।”
ਲੇਖ ਨਾ ਛਪ ਸਕਿਆ ਤੇ ਉਹ ਮਹਾਨ ਲੇਖਕ ਜਦੋਂ ਕਦੇ ਮੌਕਾ ਮਿਲਦਾ ਹੈ
ਮੇਰੇ ਬਾਰੇ ਰੱਜ ਕੇ ਭੜਾਸ ਕੱਢਦਾ ਹੈ। ਮੇਰਾ ਜ਼ਿਕਰ ਕਰਨ ’ਤੇ ਇੰਗਲੈਂਡ ਦਾ
ਜਿਹੜਾ ਲੇਖਕ ਜ਼ਿਆਦਾ ਲੋਹਾ ਲਾਖਾ ਹੋਵੇ ਸਮਝ ਲੈਣਾ ਇਹ ਉਹੀ ਲੇਖਕ ਹੈ।
‘ਜੇ ਮੁੰਡਿਆ ਵੇ ਮੇਰੀ ਤੋਰ ਤੂੰ ਦੇਖਣੀ ਗੜ੍ਹਵਾ ਲੈ ਦੇ ਚਾਂਦੀ ਦਾ,
ਵੇ ਲੱਕ ਹਿੱਲੇ ਮਜ਼ਾਜਣ ਜਾਂਦੀ ਦਾ।’ ਗੀਤ ਦਾ ਰਚਿਆਰਾ ਇੰਦਰਜੀਤ ਹਸਨਪੁਰੀ
ਇੰਗਲੈਂਡ ਆਇਆ। ਗੜ੍ਹਵਾ ਚਾਂਦੀ ਦਾ ਗੀਤ ਉਹਦਾ ਸਿਰਨਾਵਾਂ ਬਣ ਗਿਆ ਸੀ।
ਅਸੀਂ ਇਕ ਮੁਸ਼ਾਇਰੇ ਵਿਚ ਮਿਲੇ। ਮੈਂ ਗੀਤਕਾਰ ਸੁਖਜੀਤ ਥਾਂਦੀ ਨੂੰ ਕਿਹਾ,
“ਇਹ ਆਪਣਾ ਸੀਨੀਅਰ ਹੈ। ਚੱਲ ਰੇਸਟੋਰੈਂਟ ’ਚ ਲੈ ਕੇ ਚੱਲਦੇ ਹਾਂ। ਮੈਂ
ਆਪਣੇ ਕਾਲਮ ‘ਲਫਜ਼ਾਂ ਦੇ ਦਰਵੇਸ਼’ (ਪੰਜਾਬ ਟਾਇਮਜ਼, ਯੂ. ਕੇ. ਵਿਚ ਛਪਿਆ
ਲੜ੍ਹੀਵਾਰ ਕਾਲਮ) ਵਿਚ ਇਹਦਾ ਸ਼ਬਦ ਚਿੱਤਰ ਲਿਖੂੰਗਾ। ਨਾਲੇ ਪਤਾ ਕਰੀਏ
ਇਹਨੇ ਕਿਹੜੇ ਕਿਹੜੇ ਪੈਂਤਰ ਖੇਡੇ ਨੇ।”
ਮੈਂ ਔਫ ਲਾਇਸੈਂਸ ਤੋਂ ਲਿੱਟਰ ਦੀ ਤਿੱਤਰ ਮਾਰਕਾ ਫੇਮਸ
ਗਰੌਸ ਬੋਤਲ ਖਰੀਦੀ ਤੇ ਸਾਡੀਆਂ ਰੈਸਟੋਰੈਂਟ ਵਿਚ ਬੈਠਿਆਂ
ਗੱਲਾਂਬਾਤਾਂ ਹੋਈਆਂ। ਉਨ੍ਹੀਂ ਦਿਨੀਂ
ਜੱਗਬਾਣੀ ਵਿਚ ਹਸਨਪੁਰੀ ਲੇਖਕਾਂ ਦੇ ਕਾਵਿਕ ਰੇਖਾ ਚਿੱਤਰ ਲਿਖਦਾ ਹੁੰਦਾ
ਸੀ ‘ਮੋਤੀ ਪੰਜ ਦਰਿਆਵਾਂ ਦੇ’ ਜੋ ਹਰ
ਐਤਵਾਰ ਲਗਾਤਾਰ ਛਪਦੇ ਹੁੰਦੇ ਸਨ। ਜਦੋਂ
ਤੀਜੇ ਕੁ ਪੈੱਗ ਨਾਲ ਹਸਨਪੁਰੀ ਲੋਰ ਜਿਹੀ ਵਿਚ ਆਇਆ ਤਾਂ ਮੈਂ ਉਹਨਾਂ ਰੇਖਾ
ਚਿੱਤਰਾਂ ਦੀ ਤਾਰੀਫ ਕਰਨ ਦੀ ਗੁਸਤਾਖੀ ਕਰ ਬੈਠਾ।
ਹਸਨਪੁਰੀ ਦੱਸਣ ਲੱਗਿਆ, “ਉਹ ਇੰਡੀਆ ਵਿਚ ਬਹੁਤ ਮਕਬੂਲ ਹੋਏ ਨੇ।
ਤੁਹਾਡੇ ਇਥੋਂ ਦੇ ਤਿੰਨ ਲੇਖਕਾਂ ’ਤੇ ਵੀ ਲਿਖੇ ਨੇ। ਸੌ ਸੌ ਪੌਂਡ ਲਿਐ
ਤਿੰਨਾਂ ਤੋਂ। ਤੁਸੀਂ ਵੀ ਕੱਢੋ ਤੁਹਾਡੇ ’ਤੇ ਵੀ ਲਿਖ ਦਿੰਦਾ ਹਾਂ।”
“ਮੈਨੂੰ ਜੀ ਐਨੀ ਆਫਤ ਨਹੀਂ ਆਈ ਹੋਈ।
ਮੈਂ ਨਾ ਤਾਂ ਕਦੇ ਕਿਤਾਬ ਦਾ ਮੁੱਖਬੰਦ ਲਿਖਵਾਇਐ, ਨਾ ਪਰਚੇ। ਮੈਂ ਤਾਂ ਆਪ
ਦੂਜੇ ਲੇਖਕਾਂ ਬਾਰੇ ਲਿਖਦਾ ਹਾਂ। 167 ਲੇਖਿਕਾਂ ਬਾਰੇ ਲਿਖ ਚੁੱਕਿਆ ਹਾਂ।
ਦੂਜੇ ਬਾਰੇ ਲਿਖਦਾ ਲਿਖਦਾ ਮੱਲਕ ਦੇਣੇ ਚੁਸਤੀ ਨਾਲ ਮੈਂ ਆਪਣੀ ਗੱਲ ਵੀ ਕਰ
ਜਾਨਾਂ। ਅਗਲੇ ਦਾ ਪੱਜ ਮੇਰਾ ਰੱਜ।… ਨਾਲੇ ਜਿਦਣ ਮੈਨੂੰ ਆਪਣੇ ਬਾਰੇ
ਲਿਖਵਾਉਣ ਦਾ ਦੌਰਾ ਪਿਆ ਇਹ ਨਿੱਕਾ ਜਿਹਾ ਕੰਮ ਤਾਂ ਮੈਂ ਆਪ ਹੀ ਆਪਣੇ ’ਤੇ
ਸਵੈਰੇਖਾ ਚਿੱਤਰ ਲਿਖ ਕੇ ਕਰ ਲੈਣਾ ਹੈ। ਮੈਨੂੰ ਮੇਰੇ ਨਾਲੋਂ ਵੱਧ ਕੌਣ
ਜਾਣ ਸਕਦਾ ਹੈ? ਦੂਜਾ ਪਤਾ ਨਹੀਂ ਤੁਹਾਡੇ ਬਾਰੇ ਕੀ ਲਿਖੂਗਾ। ਏਦੂੰ ਚੰਗਾਂ
ਨਹੀਂ ਕਿ ਆਪੇ ਆਪਣਾ ਸਿਰ ਪਲੋਸ ਕੇ ਆਪੇ ਬੁੱਢ ਸੁਹਾਗਣ ਕਹਿ ਲਵੋ।”
ਮੇਰਾ ਜੁਆਬ ਸੁਣ ਕੇ ਹਸਨਪੁਰੀ ਠੰਢਾਸੀਲਾ ਜਿਹਾ ਹੋ ਗਿਆ।
ਜਦੋਂ ਅਸੀਂ ਬੋਤਲ ਦਾ ਥੱਲਾ ਵੇਹਲਾ ਕਰ ਦਿੱਤਾ ਤਾਂ ਹਸਨਪੁਰੀ ਦੇ
ਫੇਰ ਵੱਟ ਉੱਠਿਆ, “ਮੇਰੀ ਮੰਨ ਮੈਂ ਉਹਨਾਂ ਰੇਖਾ ਚਿੱਤਰਾਂ ਦੀ ਕਿਤਾਬ ਛਾਪ
ਦੇਣੀ ਐ। ਨਾਲੇ ਮੇਰੇ ਰੇਖਾ ਚਿੱਤਰ ਕਾਵਿਕ ਨੇ। ਕਿਸੇ ਨੇ ਲਿਖੇ ਨੇ ਅੱਜ
ਤੱਕ ਪੰਜਾਬੀ ਵਿਚ ਇਹੋ ਜਿਹੇ? ਐਨਿਆਂ ਵਿਚੋਂ ਕਿਸੇ ਦੀ ਕੋਈ ਗੱਲ ਨਹੀਂ
ਰਲਦੀ।ਦੱਸ ਪੈਹੇ ਘੱਟ ਕਰਲੂੰ?”
ਮੈਂ ਫੇਰ ਹਸਨਪੁਰੀ ਨੂੰ ਉਸਦੇ ਕਾਵਿਕ ਰੇਖਾ ਚਿੱਤਰਾਂ ਵਿਚੋਂ ਤਿੰਨ
ਲੇਖਕਾਂ ਦੇ ਨਾਮ ਗਿਣਾ ਕੇ ਜੁਆਬ ਦਿੱਤਾ, “ਉਹਨਾਂ ’ਚੋਂ ਤਿੰਨਾਂ ਲੇਖਕਾਂ
ਬਾਰੇ ਤੁਸੀਂ ‘ਬੀਬਾ’ ਸ਼ਬਦ ਵਰਤਿਆ ਹੈ ਤੇ ਤਿੰਨਾਂ ਦੀ ਪੱਗ ਬਾਰੇ ਵੀ ਇਕੋ
ਜਿਹਾ ਵਰਣਨ ਕੀਤਾ ਹੈ ਤੇ ਤਿੰਨਾਂ ਦੀਆਂ ਪੱਗਾਂ ਦੇ ਸਟਾਇਲ ਵੱਖਰੇ ਹਨ।”
“ਅੱਛਾ ਮੈਨੂੰ ਨ੍ਹੀ ਪਤਾ? ਇਹ ਕਿਵੇਂ ਹੋ ਗਿਐ?” ਹਸਨਪੁਰੀ ਨੇ ਹੈਰਾਨੀ
ਪ੍ਰਗਟ ਕੀਤੀ।
ਗਾਇਕ ਬਲਵਿੰਦਰ ਸਫਰੀ ਨੇ ਚੂੜ੍ਹੀਆਂ ਫਿਲਮ ਵਿਚ ਹਸਨਪੁਰੀ ਦਾ ਇਕ ਗੀਤ ਉਸ
ਤੋਂ ਪੁੱਛੇ ਬਿਨਾ ਰਿਕਾਰਡ ਕਰਵਾ ਦਿੱਤਾ। ਉਸ ਗੀਤ ਦਾ ਜ਼ਿਕਰ ਆਇਆ ਤਾਂ
ਹਸਨਪੁਰੀ ਤਪ ਗਿਆ, “ਮੈਂ ਸਫਰੀ ’ਤੇ ਕੇਸ ਕਰ ਦੇਣੈ।”
ਮੈਂ ਉਹਨੂੰ ਸਮਝਾਇਆ, “ਤੁਸੀਂ ਇਉਂ ਨਾ ਕਰੋ। ਸਫਰੀ ਆਪਣਾ ਮਿੱਤਰ ਹੀ ਹੈ।
ਸਾਡਾ ਖਾਣ ਪੀਣ ’ਕੱਠਾ ਹੈ। ਤੁਹਾਨੂੰ ਤੁਹਾਡਾ ਮਿਹਨਤਾਨਾ ਦਿਵਾ ਦਿੰਦੇ
ਹਾਂ।”
ਅਸੀਂ ਹਸਨਪੁਰੀ ਦੀ ਰੇਡੀਉ ’ਤੇ ਇੰਟਰਵਿਉ ਕੀਤੀ ’ਤੇ ਉਹੀ ਗੀਤ ਵਜਾਇਆ ਤਾਂ
ਗੀਤ ਸੁਣ ਕੇ ਹਸਨਪੁਰੀ ਦਾ ਪਾਰਾ ਉਤਰ ਗਿਆ। ਉਸਨੂੰ ਸਫਰੀ ਨਾਲ ਕੋਈ ਗਿਲਾ
ਨਹੀਂ ਸੀ ਰਿਹਾ।
ਗੀਤਕਾਰ ਭੱਟੀਭੜ੍ਹੀ ਵਾਲੇ ਦਾ ਇਕ ਗੀਤ ਦੁਰਗੇ ਰੰਗੀਲੇ ਨੇ ਗਾਇਆ ਸੀ,
‘ਗਾਗਰ ਪਿਆਰ ਵਾਲੀ ਨੱਕੋ ਨੱਕ ਭਰੀ, ਕਿਸੇ ਠੀਕਰਾ ਬਣਾ ਕੇ ਦੇਣੀ ਧਰ
ਸੱਜਣਾ। ਕਾਲਜ ਦੇ ਮੁੰਡਿਆਂ ਤੋਂ ਰੱਖੀ ਤੂੰ ਲੁਕਾ ਕੇ ਮੈਨੂੰ ਲੱਗੇ
ਬਦਨਾਮੀ ਕੋਲੋ ਡਰ ਸੱਜਣਾ।’ ਗੀਤ ਚੱਲ ਗਿਆ ਤੇ ਭੱਟੀ ਦੀ ਸੰਗੀਤ ਮਾਰਕੀਟ
ਵਿਚ ਗੀਤਾਂ ਵਾਲੀ ਗਾਗਰ ਵੀ ਭਰਨ ਲੱਗੀ। ਭੱਟੀ ਮਕਬੂਲੀਅਤ ਦੇ ਨਸ਼ੇ ਵਿਚ ਆ
ਗਿਆ ਤੇ ਉਸ ਨੇ ਮਨ ਵਿਚ ਭਰਮ ਪਾਲ ਲਿਆ ਕਿ ਹੁਣ ਉਹ ਜੋ ਵੀ ਲਿਖੂਗਾ, ਉਹ
ਸ਼ਾਹਕਾਰ ਹੀ ਹੋਵੇਗਾ।ਸਰੋਤੇ ਉਸਨੂੰ ਮੂਲ-ਮੰਤਰ ਵਾਂਗ ਜਪੀ ਜਾਣਗੇ।ਉਸਨੇ
ਗੀਤ ਲਿਖ ਮਾਰਿਆ, ‘ਫੋਟੋ ਖਿਚਣੀ ਗਵਾਂਡਣੇ ਤੇਰੀ ਨੀ ਕੰਧ ਉੱਤੇ ਰੱਖ
ਕੈਮਰਾ।’
ਇਕ ਸਾਹਿਤਕ ਸਮਾਗਮ ਵਿਚ ਅਜੌਕੀ ਗੀਤਕਾਰੀ ਦਾ ਜ਼ਿਕਰ ਹੋਇਆ ਤਾਂ
ਸਤਿਕਾਰਯੋਗ ਬਾਈ ਦੇਵ ਥਰੀਕਿਆਂ ਵਾਲੇ ਨੇ ਫੜ੍ਹ ਕੇ ਮਾੜੇ ਗੀਤਾਂ ਦੀ ਤੈਅ
ਲਾ ਦਿੱਤੀ। ਭੱਟੀ ਦੇ ਉਪਰੋਕਤ ਗੀਤ ਉੱਤੇ ਟਿਪਣੀ ਕਰਦੇ ਹੋਏ ਉਹ ਕਹਿਣ
ਲੱਗੇ, “ਸਾਡੇ ਪਿੰਡਾਂ ਵਿਚ ਜਦੋਂ ਦੋ ਭਰਾਵਾਂ ਦੀ ਵੰਡ ਹੁੰਦੀ ਹੈ ਤਾਂ ਘਰ
ਵਿਚ ਵਿਚਾਲੇ ਕੰਧ ਕੱਢ ਦਿੱਤੀ ਜਾਂਦੀ ਹੈ। ਗੁਆਂਢੀ ਘਰ ਚਾਚੇ ਤਾਏ ਦਾ
ਹੁੰਦਾ ਹੈ। ਤੁਸੀਂ ਕੰਧ ’ਤੇ ਕੈਮਰਾ ਰੱਖ ਕੇ ਭੈਣਾਂ ਦੀਆਂ ਫੋਟੋਆਂ ਖਿੱਚਣ
ਲੱਗ ਪਏ ਹੋ। ਨਾਲੇ ਸਾਡੀ ਪ੍ਰੰਪਰਾ ਤੇ ਸਭਿਆਚਾਰ ਤਾਂ ਇਹ ਹੈ ਕਿ ਪਿੰਡ ਦੀ
ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈ। ਇਹ ਕਿਧਰ ਨੂੰ ਲੈ ਕੇ ਜਾ ਰਹੇ ਹੋ
ਤੁਸੀਂ ਗੀਤਕਾਰੀ ਨੂੰ?”
ਮੈਂ ਤੇ ਨਿੰਦਰ ਘੁੰਗਆਣਵੀ ਚੰਡੀਗੜ੍ਹ ਗਏ। ਨਿੰਦਰ ਕਹਿਣ ਲੱਗਾ
ਟ੍ਰਿਬਿਉਨ ਦੇ ਦਫਤਰ ਚੱਲਦੇ ਹਾਂ ਮੈਂ ਲੇਖ ਦੇ ਕੇ ਆਉਣਾ ਹੈ।
ਮੈਂ ਕਿਹਾ, “ਚੱਲ, ਟ੍ਰਿਬਿਉਨ ਦਾ ਸਹਾਇਕ ਸੰਪਾਦਕ ਦਲਵੀਰ ਸਿੰਘ
ਮੇਰਾ ਮਿੱਤਰ ਹੈ। ਉਹਨੂੰ ਵੀ ਬਹਾਨੇ ਨਾਲ ਮਿਲ ਹੋ ਜਾਊਗਾ।
ਉਹਨਾਂ ਨੇ ਪਿਛਲੇ ਹਫਤੇ ਐਤਵਾਰ ਦੀ ਐਡੀਸ਼ਨ ਵਿਚ ਮੇਰਾ ਲੇਖ ‘ਪਿਆਰ
ਪਿਆਰ ਪਿਆਰ’ ਬਹੁਤ ਵਧੀਆ ਕਰਕੇ ਛਾਪਿਆ ਸੀ, ਉਸਦਾ ਧੰਨਵਾਦ ਵੀ ਕਰ
ਦੇਵਾਂਗੇ।”
ਟ੍ਰਿਬਿਊਨ ਦੇ ਦਫਤਰ ਦੀਆਂ ਪੌੜ੍ਹੀਆਂ ਚੜ੍ਹਦਿਆਂ ਹੋਇਆਂ ਮੈਂ ਨਿੰਦਰ
ਨੂੰ ਕਿਹਾ, “ਯਾਰ ਇਥੇ ਤਾਂ ਆਪਣਾ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਵੀ ਕੰਮ
ਕਰਦੈ। ਆਪਾਂ ਉਹਨੂੰ ਜ਼ਰੂਰ ਮਿਲ ਕੇ ਜਾਣਾ ਹੈ। ਮੇਰੇ ਇਲਾਕੇ ਦਾ ਹੈ। ਉਹ
ਸਿਧਵਾਂ ਬੇਟ ਕੋਲ ਮਦਾਰੇ ਦਾ।”
ਨਿੰਦਰ ਕਹਿੰਦਾ, “ਠੀਕ ਹੈ ਜੇ ਹੋਇਆ ਤਾਂ ਮਿਲ ਲਵਾਂਗੇ।”
ਅਸੀਂ ਸਿੱਧਾ ਸੰਪਾਦਕ ਦੇ ਦਫਤਰ ਵਿਚ ਦਲਬੀਰ ਸਿੰਘ ਕੋਲ ਜਾ ਬੈਠੇ।
ਸਿੰਗਾਰਾ ਸਿੰਘ ਭੁੱਲਰ ਮੁੱਖ ਸੰਪਾਦਕ ਸੀ। ਉਹਨਾਂ ਦਿਨਾਂ ਵਿਚ ਮੈਂ ਇਕ
ਪੁਲਿਸ ਕੇਸ ਵਿਚ ਕਸੁਤਾ ਫਸਿਆ ਸੀ। ਮੈਨੂੰ ਕਿਸੇ ਨੇ ਕਿਹਾ ਸੀ
ਭੁੱਲਰ ਤੇਰੀ ਮਦਦ ਕਰ ਸਕਦਾ ਹੈ। ਭੁੱਲਰ ਨੂੰ ਮੈਂ ਪਹਿਲੀ ਵਾਰ
ਮਿਲਿਆ ਸੀ। ਗੱਲਾਂਬਾਤਾਂ ਕਰਦੇ ਤੇ ਚਾਹ ਪਾਣੀ ਪੀ ਰਹੇ ਸੀ ਕਿ ਐਨੇ ਨੂੰ
ਮੇਰੇ ਪਿਛਿਉਂ ਕਿਸੇ ਨੇ ਆ ਕੇ ਮਾਰਕ ਕਰਨ ਲਈ ਇਕ ਸਫਾ ਮੇਜ਼ ’ਤੇ ਰੱਖ
ਦਿੱਤਾ। ਮੈਂ ਪਿਛੇ ਦੇਖਿਆ ਤਾਂ ਇਹ ਸਫਾਰੀ ਸੂਟ ਪਾਈ, ਹਰੀ ਪੱਗ ਬੰਨ੍ਹੀ
ਖੜ੍ਹਾ ਬਾਈ ਸ਼ਮਸ਼ੇਰ ਸੰਧੂ ਸੀ।
ਨਿੰਦਰ ਨੂੰ ਤਾਂ ਉਹ ਜਾਣਦਾ ਸੀ। ਪਰ ਮੈਨੂੰ ਉਸ ਨੇ ਨਹੀਂ ਸੀ ਦੇਖਿਆ।
ਦਲਬੀਰ ਸਿੰਘ ਨੇ ਸੰਧੂ ਨੂੰ ਮੇਰੇ ਵੱਲ ਇਸ਼ਾਰਾ ਕਰ ਕੇ ਕਿਹਾ, “ਪਤੈ ਇਹ
ਮੁੰਡਾ ਕੌਣ ਐ?... ਇੰਗਲੈਂਡ ਦਾ ਚਰਚਿਤ ਕਹਾਣੀਕਾਰ ਬਲਰਾਜ ਸਿੱਧੂ।”
“ਉਹ ਅੱਅਛਾ ਅੱਛਾ।” ਸੰਧੂ ਨੇ ਮੇਰੇ ਵੱਲ ਦੇਖਿਆ।
ਮੈਂ ਅਦਬ ਨਾਲ ਖੜ੍ਹਾ ਹੋ ਕੇ ਮਿਲਾਉਣ ਲਈ ਹੱਥ ਕੱਢਿਆ ਤਾਂ ਸੰਧੂ ਨੇ ਮੇਰਾ
ਹੱਥ ਫੜ੍ਹ ਕੇ ਮੈਨੂੰ ਕਲਾਵੇ ਵਿਚ ਲੈ ਲਿਆ, “ਮੇਰਾ ਦਫਤਰ ਹੇਠਲੀ ਮੰਜ਼ਿਲ
’ਤੇ ਹੈ। ਜਾਂਦਾ ਹੋਇਆ ਮਿਲ ਕੇ ਜਾਈਂ।”
“ਜੀ ਜ਼ਰੂਰ, ਮੈਂ ਆਪ ਤੁਹਾਨੂੰ ਮਿਲਣਾ ਚਾਹੁੰਦਾ ਸੀ ਹਜ਼ੂਰ।”
ਸੰਧੂ ਚਲਾ ਗਿਆ ਤੇ ਮੈਂ ਬੈਠ ਗਿਆ।
ਮੱਠੀਆਂ ਖਾਹ ਕੇ ਅਸੀਂ ਦਲਬੀਰ ਸਿੰਘ ਤੋਂ ਵਿਦਾਅ ਲੈ ਕੇ ਸੰਧੂ ਦੇ ਦਫਤਰ
ਵਿਚ ਜਾ ਬੈਠੇ। ਸਾਹਿਤ, ਸੰਗੀਤ ਅਤੇ
ਨਿੱਜੀ ਜ਼ਿੰਦਗੀ ਬਾਰੇ ਸਾਡੀਆਂ ਗੱਲਾਂ ਹੁੰਦੀਆਂ ਰਹੀਆਂ।
ਮੈਂ ਸੰਧੂ ਨੂੰ ਦੱਸਿਆ ਕਿ ਮੈਂ ਜਗਰਾਮਾਂ ਦਾ ਹਾਂ ਤੇ ਮੇਰੇ
ਦਾਦਕੇ ਤੇ ਨਾਨਕਿਆਂ ਦੇ ਐਨ ਵੱਖੀ ਉੱਤੇ ਉਹਦਾ ਪਿੰਡ ਮਦਾਰਾ ਹੈ। ਇਹ ਸੁਣ
ਕੇ ਉਸਦੀਆਂ ਗੱਲਾਂ ਵਿਚ ਹੋਰ ਵੀ ਅਪਨਾਪਨ ਛਲਕ ਪਿਆ। ਮੈਂ ਸੰਧੂ ਦੀਆਂ ਕਈ
ਕਹਾਣੀਆਂ ਬਾਰੇ ਉਸ ਕੋਲ ਜ਼ਿਕਰ ਕੀਤਾ। ਉਸਦੀ ਇਕ ਕਹਾਣੀ ‘ਗੱਛਾ ਨਚਾਰ’
ਮੈਨੂੰ ਬਹੁਤ ਪਸੰਦ ਸੀ। ਉਹਦੀਆਂ ਕਹਾਣੀਆਂ
ਵਿਚੋਂ ਸਾਡੇ ਪਿੰਡ ਬੋਲਦੇ ਹਨ। ਉਹਨਾਂ ਦਿਨਾਂ ਵਿਚ ਸੰਧੂ ਦਾ ਗੀਤ ‘ਤੂੰ
ਨ੍ਹੀਂ ਬੋਲਦੀ ਰਕਾਨੇ ਤੂੰ ਨ੍ਹੀਂ ਬੋਲਦੀ। ਤੇਰੇ ’ਚੋਂ ਤੇਰਾ ਯਾਰ
ਬੋਲਦਾ।’ ਬਹੁਤ ਹਿੱਟ ਹੋਇਆ ਸੀ। ਇਕ ਹੋਰ ਗੀਤ ਸੰਧੂ ਦਾ ਉਦੋਂ ਕਾਫੀ ਚੱਲ
ਰਿਹਾ ਸੀ, ‘ਜੱਟ ਦੀ ਪਸੰਦ ਜੱਟ ਨੇ ਵਿਆਹਣੀ ਐ।’ ਇਸ ਗੀਤ ਵਿਚ ਇਕ ਸੱਤਰ
ਆਉਂਦੀ ਸੀ, ‘ਬਾਹਮਣਾਂ ਦੀ ਨਹੀਂ ਜੱਟ ਦੀ ਇਹ ਯਾਰੀ ਹੈ।’ ਇਸਦਾ ਪਡੰਤਾਂ
ਦੇ ਮੁੰਡਿਆਂ ਨੇ ਕਾਫੀ ਇਤਰਾਜ਼ ਕੀਤਾ ਸੀ।
ਮੈਂ ਸੰਧੂ ਨੂੰ ਸੁਆਲ ਕੀਤਾ, “ਬਾਹਮਣਾਂ ਦੀ ਤਸ਼ਬੀਹ ਦੇਣ ਦੀ ਬਜਾਏ ਕੋਈ
ਹੋਰ ਨਹੀਂ ਸੀ ਦਿੱਤੀ ਜਾ ਸਕਦੀ?”
“ਆਪਣੇ ਪਿੰਡਾਂ ਦੀ ਬੋਲੀ ਹੈ ਹੀ ਇਹੋ ਜਿਹੀ ਐ, ਮੈਂ ਕੀ ਕਰਾਂ?”
ਇਸ ਇਤਰਾਜ਼ ਦਾ ਸੰਧੂ ਨੂੰ ਇਕ ਇਹ ਫਾਇਦਾ ਹੋ ਗਿਆ ਕਿ ਲੋਕਾਂ ਦਾ ਧਿਆਨ
ਕੇਵਲ ‘ਬਾਹਮਣਾਂ’ ਸ਼ਬਦ ਉੱਤੇ ਕੇਦ੍ਰਿਤ ਹੋ ਕੇ ਰਹਿ ਗਿਆ ਤੇ ਕਿਸੇ ਨੇ ਗੌਰ
ਨਹੀਂ ਕੀਤੀ ਕਿ ਇਸ ਗੀਤ ਵਿਚ ਇਕ ਕਾਫੀਆ ਦੋਸ਼ ਵੀ ਹੈ, ਜੋ ਸ਼ਾਇਦ ਸੰਧੂ ਨੂੰ
ਵੀ ਨਹੀਂ ਪਤਾ ਹੋਵੇਗਾ। ਜੋ ਹੁਣ ਤੱਕ ਢੱਕਿਆ ਹੀ ਰਹਿ ਗਿਆ ਹੈ।
ਸੰਧੂ ਨੇ ‘ਤੂੰ ਨ੍ਹੀਂ ਬੋਲਦੀ ਰਕਾਨੇ ਦਾ’ ਜੁਆਬ ਲਿਖਿਆ ਸੀ ਜੋ
ਉਸ ਨੇ ਅਜੇ ਰਿਕਾਰਡ ਕਰਨਾ ਸੀ। ਸੰਧੂ ਸਾਨੂੰ ਉਹ ਸੁਣਾਉਣ ਲੱਗ ਪਿਆ।ਹੋਰ
ਵੀ ਉਸਨੇ ਕਈ ਗੀਤ ਸੁਣਾਏ। ਅਸੀਂ ਅੱਧੇ ਪੌਣੇ ਘੰਟੇ ਬਾਅਦ ਸੰਧੂ ਨੂੰ
ਅਲਵਿਦਾ ਆਖ ਕੇ ਆ
|