|
ਡਾ.ਰਣਧੀਰ ਸਿੰਘ ਚੰਦ ਦੇ
ਨਾਲ ਸਾਥੀ ਲੁਧਿਆਣਵੀ (ਲੰਡਨ, 1987) |
(ਡਾ.ਰਣਧੀਰ ਸਿੰਘ ਚੰਦ ਪੰਜਾਬੀ ਦੇ ਬਹੁਤ ਵਧੀਆ
ਗ਼ਜ਼ਲਗੋ ਸਨ। ਸਾਹਿਤ ਵਧੀਆ ਰਸੀਏ ਸਨ ਤੇ ਯਾਰਾਂ ਦੇ ਯਾਰ ਵੀ ਸਨ। ਉਹ
ਜਦੋਂ ਸਤੰਬਰ 1987 ਵਿਚ ਇੰਗਲੈਂਡ ਆਏ ਤਾਂ ਮੈਨੂੰ ਵੀ ਮਿਲਦੇ ਰਹੇ
ਲਗਾਤਾਰ। ਇਹ ਇੰਟਰਵਿਊ ਮੈਂ ਖ਼ਾਸ ਤੌਰ ‘ਤੇ ਅਖ਼ਬਾਰਾਂ ਲਈ ਰੀਕਾਰਡ ਕੀਤੀ
ਸੀ ਤੇ ਉਨ੍ਹਾਂ ਦਿਨਾਂ ਵਿਚ ਇਸ ਦੀ ਛਪਾਈ ਤੋਂ ਬਾਅਦ ਭਰਪੂਰ ਚਰਚਾ ਵੀ ਹੋਈ
ਸੀ। ਇਹ ਗਲ ਬਾਤ ਇਕ ਖਾਸ ਸਾਹਿਤਕ ਦਸਤਾਵੇਜ਼ ਹੈ ਤੇ ਰੀਸਰਚ ਦੇ ਕੰਮਾਂ ਲਈ
ਵਰਤੀ ਜਾ ਸਕਦੀ ਹੈ। ਬੜੇ ਅਫ਼ਸੋਸ ਦੀ ਗੱਲ ਹੈ ਕਿ ਚੰਦ ਜੀ ਕੁਝ ਸਾਲ
ਪਹਿਲਾਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇਕ ਵਧੀਆ ਕਵੀ ਤੇ
ਚਿੰਤਕ ਅਸੀਂ ਗੁਆ ਲਿਆ ਹੈ।)
ਸਾਥੀ; ਚੰਦ ਜੀ, ਇਹ ਦੱਸੋ ਕਿ ਜੋ ਕੁਝ ਤੁਸੀਂ ਹੁਣ ਤਕ ਲਿਖਿਆ, ਕੀ
ਉਸ ਤੋਂ ਸੰਤੁਸ਼ਟ ਹੋ?
ਚੰਦ; ਸਾਥੀ ਜੀ, ਸੰਤੁਸ਼ਟ ਤਾਂ ਨਾਦਾਨ ਲੋਕ ਹੁੰਦੇ ਹਨ। ਜ਼ਿੰਦਗੀ ਵਿਚ
ਤੇਜ਼ ਟੁਰਨ ਵਾਲੇ ਤੇ ਸਹਾਈ ਹੋਣ ਵਾਲੇ ਲੋਕ ਕਦੇ ਸੰਤੁਸ਼ਟ ਨਹੀਂ ਹੁੰਦੇ।
ਇਓਂ ਲਗਦਾ ਹੈ ਕਿ ਜਿਹੜਾ ਮੈਂ ਹੁਣ ਤਾਈਂ ਲਿਖਿਆ ਹੈ, ਉਹ ਇਕ ਮਸ਼ਕ ਹੀ
ਹੈ, ਚੰਗਾ ਤਾ ਹਾਲੀਂ ਮੈਂ ਲਿਖਣਾ ਹੈ।
ਸਾਥੀ: ਬੜੀ ਵਧੀਆ ਐਪਰੋਚ ਹੈ। ਮੈਂ ਤੁਹਾਨੂੰ ਛੇੜਨ ਲਈ ਹੀ ਇਹ ਗੱਲ
ਕਹੀ ਸੀ ਵਰਨਾਂ ਲੇਖ਼ਕ ਲੋਕ ਤਾਂ ਕਦੇ ਸੰਤੁਸ਼ਟ ਹੁੰਦੇ ਹੀ ਨਹੀਂ। ਉਨ੍ਹਾਂ
ਨੂੰ ਤਾਂ ਅੱਗੇ ਹੀ ਅੱਗੇ ਵਧਣ ਦੀ ਲਿੱਲ੍ਹ ਲੱਗੀ ਰਹਿੰਦੀ ਹੈ। ਲਿਖ਼ਣਾ
ਖੜੋਤ ਦਾ ਨਾਮ ਨਹੀਂ ਹੈ।
ਚੰਦ:ਇਹ ਗੱਲ ਨਾ ਹੋਵੇ ਤਾਂ ਕਦੇ ਨਵਾਂ ਸਿਰਜਿਆ ਹੀ ਨਹੀਂ ਜਾ ਸਕਦਾ।
ਸਾਥੀ; ਜਿਹੜਾ ਸੁਨੇਹਾ ਤੁਸੀਂ ਆਪਣੀਆਂ ਲਿਖਤਾਂ ਰਾਹੀਂ ਲੋਕਾਂ ਤਕ
ਪਹੁੰਚਾਉਣਾ ਚਾਹੁੰਦੇ ਸੀ, ਕੀ ਉਸ ਵਿਚ ਕਾਮਯਾਬ ਹੋ ਗਏ ਹੋ?
ਚੰਦ; ਮੇਰਾ ਖਿਆਲ ਹੈ ਕਿ ਨਹੀਂ। ਸਾਡੇ ਪੰਜਾਬੀ ਦੇ ਲਿਖ਼ਾਰੀਆਂ ਨੂੰ
ਤਾਂ ਲੰਮੇ ਸਮੇਂ ਤਕ ਇਹ ਹੀ ਸਮਝ ਨਹੀਂ ਆਉਂਦੀ ਕਿ ਉਹ ਲਿਖਦਾ ਕਿਉਂ ਹੈ?
ਜਦ ਤਕ ਉਸ ਨੂੰ ਪਤਾ ਚਲਦਾ ਹੈ ਤਦ ਤਕ ਇਨਾਮਾਂ ਵਾਲੇ ਉਸ ਦਾ ਬੇੜਾ ਗਰਕ ਕਰ
ਦਿੰਦੇ ਹਨ। ਸੰਬੰਧਤ ਲੇਖਕ ਆਪਣੇ ਆਪ ਨੂੰ ਫੰਨੇ ਖਾਂਹ ਸਮਝਣ ਲਗ ਪੈਂਦਾ
ਹੈ। ਗਿਆਨ ਦੀਆਂ ਇੰਦਰੀਆਂ ਬੰਦ ਕਰਕੇ ਉਹ ਮਸਤ ਹੋ ਜਾਂਦਾ ਹੈ। ਮੈਂ ਇਸ
ਗੱਲ ਵਿਚ ਵਿਸ਼ਵਾਸ ਰੱਖਦਾ ਹਾਂ ਕਿ ਜੋ ਮਨ ਵਿਚ ਆਵੇ ਉਹ ਸਭ ਐਵੇਂ ਹੀ
ਕਾਗਜ਼ ‘ਤੇ ਨਾ ਉਤਾਰ ਛੱਡੋ। ਉਸ ਨੂੰ ਜ਼ਿਹਨ ਵਿਚ ਪੱਕਣ ਦਿਓ। ਲੇਖਕ ਦਾ
ਰੋਲ ਵੱਖਰਾ ਹੁੰਦਾ ਹੈ। ਇਹ ਰੋਲ ਜ਼ਿੰਮੇਵਾਰੀ ਵਾਲਾ ਹੁੰਦਾ ਹੈ।
ਨਾਅਰੇਬਾਜ਼ੀ ਨਹੀਂ ਹੁੰਦੀ। ਕਰਤਾਰ ਸਿੰਘ ਦੁੱਗਲ ਵਾਂਗ ਜੋ ਮਨ ਵਿਚ ਆਇਆ
ਲਿਖ ਮਾਰਿਆ, ਇਹ ਮੇਰਾ ਟੀਚਾ ਨਹੀਂ ਹੈ। ਲੇਖਕ ਦਾ ਫਰਜ਼ ਦੁਨੀਆਂ ਨੂੰ
ਖੂਬਸੂਰਤ ਤੇ ਸਰਬ-ਸਾਂਝੀਵਾਲਤਾ ਵਾਲਾ ਬਣਾਉਣਾ ਹੈ। ਸਾਡੇ ਪੰਜਾਬੀ ਲੇਖਕ
ਕਿੰਨਾ ਚਿਰ ਤਾਂ ਮਹਿਬੂਬ ਦੇ ਰੋਣਿਆਂ-ਧੋਣਿਆਂ ਵਿਚ ਹੀ ਪਏ ਰਹਿੰਦੇ ਹਨ।
ਕਈ ਵੇਰ ਤਾਂ ਉਹਨਾਂ ਦਾ ਕੋਈ ਮਹਿਬੂਬ ਹੁੰਦਾ ਹੀ ਨਹੀਂ। ਉਹ ਅਨੁਭਵ ਤੋਂ
ਕੋਰੇ ਹੁੰਦੇ ਹਨ।
ਸਾਥੀ; (ਹੱਸ ਕੇ) ਵਾਕਈ ਕਈ ਲੋਕ ਫ਼ਰਜ਼ੀ ਮਹਿਬੂਬ ਬਣਾਈ ਫਿ਼ਰਦੇ
ਹਨ। ਹੌਲ਼ੀ ਹੌਲੀ ਇਹ ਫ਼ਰਜ਼ ਕੀਤਾ ਹੋਇਆ ਮਹਿਬੂਬ ਸੱਚ ਹੀ ਲੱਗਣ ਲੱਗ
ਪੈਂਦਾ ਹੈ ਉਨ੍ਹਾਂ ਨੂੰ। ਇਹ ਗੱਲ ਮੈਂ ਸ਼ਿਵ ਕੁਮਾਰ ਬਟਾਲਵੀ ਨੂੰ ਵੀ
ਪੁੱਛੀ ਸੀ। ਉਸ ਨੇ ਕਿਹਾ ਸੀ ਕਿ ਕਈ ਵੇਰ ਲੋਕਾਂ ਦੀ ਪਰਸੈਪਸ਼ਨ ਨੂੰ ਵੀ
ਫ਼ੀਡ ਕਰਨਾ ਪੈਂਦਾ ਹੈ। ਇਹ ਗੱਲ ਮੈਂ ਸ਼ਿਵ ਨੂੰ ਇਸ ਲਈ ਪੁੱਛੀ ਸੀ ਕਿ ਉਸ
ਨੇ ਸਾਡੇ ਬੀ ਬੀ ਸੀ ਟੈਲੀਵੀਯਨ ‘ਤੇ ਕਿਹਾ ਸੀ ਕਿ ਉਸ ਦੇ ਸਰ੍ਹਾਣੇ ਹੇਠ
ਕਈਆਂ ਕੁੜੀਆਂ ਦੇ ਖ਼ਤ ਪਏ ਹੋਏ ਹੁੰਦੇ ਹਨ। ਤੁਸੀਂ ਕਿਹਾ ਹੈ ਕਿ ਇਨਾਮ
ਸਾਡੇ ਲੇਖਕਾਂ ਦਾ ਬੇੜਾ ਗਰਕ ਕਰਨ ਵਿਚ ਸਹਾਈ ਹੁੰਦੇ ਹਨ। ਕੋਈ ਮਿਸਾਲ ਹੈ
ਤੁਹਾਡੇ ਕੋਲ?
ਚੰਦ; ਸੁਰਜੀਤ ਪਾਤਰ ਬੜਾ ਸੁਹਣਾ ਲਿਖਦਾ ਹੁੰਦਾ ਸੀ। ਪਰ ਉਹਨੂੰ
ਝੋਲੀਚੁਕਾਂ ਤੇ ਪ੍ਰਸੰਸਕਾਂ ਨੇ ਹੀ ਮਾਰ ਲਿਆ। ਡੱਕਾ ਨਹੀਂ ਲਿਖਦਾ
ਅੱਜਕੱਲ। ਪਾਸ਼ ਦੀ ਵੀ ਮਿਸਾਲ ਦਿਤੀ ਜਾ ਸਕਦੀ ਹੈ।
ਸਾਥੀ; ਮੈਂ ਜਨਵਰੀ ਵਿਚ ਦੇਸ਼ ਗਿਆ ਸਾਂ। ਪੰਜਾਬੀ ਦੀਆਂ ਅਖ਼ਬਾਰਾਂ
ਦੀ ਇਸ਼ਾਇਤ ਵਧ ਰਹੀ ਹੈ। ਕੀ ਪੰਜਾਬੀ ਪਾਠਕ ਹੁਣ ਵਧੇਰੇ ਸੁਚੇਤ ਹਨ?
ਚੰਦ; ਪਾਠਕ ਕਈ ਕਿਸਮ ਦੇ ਹੋ ਸਕਦੇ ਹਨ। ਕੰਜਰ ਕਿਸਮ ਦੇ ਗਾਣੇ ਤੇ
ਕਹਾਣੀਆਂ ਪੜ੍ਹਨ ਵਾਲੇ ਵੀ ਤੇ ਕੋਈ ਸਿੱਖਣ ਯੋਗ ਸਾਹਿਤ ਪੜ੍ਹਨ ਵਾਲੇ ਵੀ।
ਮੈਂ ‘ਅਜੀਤ’ ਅਖ਼ਬਾਰ ਲਈ ਬਕਾਇਦਾ ਲਿਖਦਾਂ। ਮੇਰਾ ਮੁੱਦਾ ਪਾਠਕ ਨੂੰ
ਪੜ੍ਹਾਉਣਾ ਤੇ ਸੁਚੇਤ ਕਰਾਉਣਾ ਹੈ।
ਸਾਥੀ; ਮੈਨੂੰ ਕਈ ਵਾਰ ਇਉਂ ਲਗਦਾ ਕਿ ਸਾਡੇ ਲੇਖਕ ਪਾਠਕ ਨੂੰ
ਪੜ੍ਹਾਉਣ ਤੇ ਸਿਆਣੇ ਬਣਾਉਣ ਦੇ ਕਾਬਲ ਹੀ ਨਹੀਂ ਹੁੰਦੇ। ਉਹਨਾਂ ਦੀ
ਜਾਣਕਾਰੀ ਬੜੀ ਸੀਮਤ ਤੇ ਉਪਰਲੀ ਸਤਹ ਦੀ ਹੁੰਦੀ ਹੈ। ਐਦਾਂ ਲਗਦਾ ਹੈ
ਜਿਵੇਂ ਕਿ ਉਹ ਐਵੇਂ ਸੁ਼ਗਲ ਲਈ ਹੀ ਲਿਖ਼ਦੇ ਹਨ ਵਰਨਾ ਲਿਖ਼ਣਾ ਤਾਂ ਇਕ
ਸੀਰੀਅਸ ਤੇ ਜ਼ਿੰਮੇਵਾਰੀ ਵਾਲਾ ਕਰਮ ਹੈ।
ਚੰਦ; ਵਾਹ ਕਿਆ ਬਾਤ ਕਹੀ ਹੈ। ਦਰਅਸਲ ਪੰਜਾਬੀ ਦੇ ਲੇਖਕ ਬੜੀ ਛੇਤੀ
ਆਪਣੇ ਆਪ ਨੂੰ ਲੇਖਕ ਸਮਝਣ ਲਗ ਪੈਂਦੇ ਹਨ। ਜਿਸ ਭੱਠ ਵਿਚ ਤਪ ਕੇ ਕੁੰਦਨ
ਬਣਨਾ ਹੁੰਦੈ ਉਹਦੀ ਜ਼ਰੂਰਤ ਹੀ ਮਹਿਸੂਸ ਨਹੀਂ ਕਰਦੇ। ਤੁਸੀਂ ਲੇਖਕਾਂ ਦੀ
ਨੀਵੀਂ ਪੱਧਰ ਦੀ ਗੱਲ ਕਰਦੇ ਹੋ, ਐਕਡੈਮਿਕ ਫੀਲਡ ਵਿਚ ਜਾ ਕੇ ਵੇਖੋ।
ਯੂਨੀਵਰਸਟੀਆਂ ਵਿਚ ਪੜ੍ਹਾਉਣ ਵਾਲੇ ਉਹ ਗੱਲਾਂ ਕਰਦੇ ਹਨ ਜਿਹੜੀਆਂ ਪੱਛਮ
ਵਿਚ ਵੀਹ ਬਾਈ ਸਾਲ ਪੁਰਾਣੀਆਂ ਹੋ ਗਈਆਂ ਹੁੰਦੀਆਂ ਹਨ। ਸਾਡੇ ਲੇਖਕਾਂ ਨੇ
ਵਿਦੇਸ਼ੀ ਲੇਖਕਾਂ ਦਾ ਸਾਹਿਤ ਪੜ੍ਹਿਆ ਹੀ ਨਹੀਂ ਹੁੰਦਾ। ਪੜ੍ਹਨਾ ਉਹ
ਜ਼ਰੂਰੀ ਸਮਝਦੇ ਹੀ ਨਹੀਂ। ਮੈਂ ਵਿਦੇਸ਼ੀ ਸਾਹਿਤ ਪੜ੍ਹਨ ਵਲ ਜਦੋਂ ਦਾ
ਰੁਚਿਤ ਹੋਇਆ ਹਾਂ ਤਾਂ ਸੋਚਣ ਲਗ ਪਿਆਂ ਕਿ ਅਸਾਂ ਪੰਜਾਬੀ ਲੇਖਕਾਂ ਲਈ ਤਾਂ
ਦਿੱਲੀ ਹਾਲੇ ਬੜੀ ਦੂਰ ਹੈ। ਤੁਹਾਡੇ ਆਪਣੇ ਆਰਟੀਕਲਾਂ ਤੋਂ ਸਪਸ਼ਟ ਨਜ਼ਰ
ਆਉਂਦਾ ਹੈ ਕਿ ਤੁਸੀਂ ਕਿੰਨਾ ਜ਼ਿਆਦਾ ਪੜ੍ਹਦੇ ਹੋਵੋਗੇ।
ਸਾਥੀ: ਜੇ ਲਿਖ਼ਣਾਂ ਇਕ ਸਾਧਨਾ ਹੈ ਤਾਂ ਪੜ੍ਹਨ ਨੂੰ ਵੀ ਇਕ ਸਾਧਨਾ
ਵਜੋਂ ਹੀ ਲੈਣਾ ਚਾਹੀਦਾ ਹੈ।
ਚੰਦ: ਸੌ ਫ਼ੀ ਸਦੀ ਸੱਚੀ ਗੱਲ ਆਖ਼ੀ ਹੈ ਤੁਸੀਂ ਸਾਥੀ ਜੀ।
ਸਾਥੀ; ਏਧਰ ਵਸਦੇ ਪੰਜਾਬੀ ਦੇ ਲੇਖਕ ਹਮੇਸ਼ਾ ਇਸੇ ਤਾਕ ਵਿਚ
ਰਹਿੰਦੇ ਹਨ ਕਿ ਕੋਈ ਉਧਰਲਾ ਹੈਵੀਵੇਟ ਆਲੋਚਕ ਉਹਨਾਂ ਦੀ ਪ੍ਰਸੰਸਾ ਕਰੇ
ਤਾਂ ਤਦੇ ਉਹ ਲੇਖਕ ਦੇ ਤੌਰ ‘ਤੇ ਤਸਲੀਮ ਕੀਤੇ ਜਾ ਸਕਦੇ ਹਨ। ਮੈਂ ਅਕਸਰ
ਕਹਿੰਦਾ ਹੁੰਨਾਂ ਕਿ ਭਲਿਓਮਾਣਸੋ ਸਾਨੂੰ ਦਰਪੇਸ਼ ਆਉਂਦੀਆਂ ਸਮੱਸਿਆਵਾਂ
ਉਧਰਲਾ ਆਲੋਚਕ ਕਿਵੇਂ ਸਮਝ ਲਊ? ਬਿਨਾਂ ਸਮਝਿਆਂ ਜੇਕਰ ਉਹ ਤੁਹਾਡੀ ਤਾਰੀਫ
ਕਰਦਾ ਹੈ ਤਾਂ ਉਹ ਕਿਸੇ ਸੁਆਰਥ ਵਾਸਤੇ ਕਰਦਾ ਹੋਊ। ਉਹ ਸੱਚੀ ਆਲੋਚਨਾ ਹੋ
ਹੀ ਨਹੀਂ ਸਕਦੀ। ਸੱਚਾ ਆਲੋਚਕ ਤਾਂ ਤੁਹਾਡਾ ਪਾਠਕ ਹੀ ਹੁੰਦਾ ਹੈ। ਤੇ...
ਚੰਦ; ਸੌਰੀ ਮੈਂ ਤੁਹਾਡੀ ਗੱਲ ਟੋਕ ਰਿਹਾਂ। ਮੁੱਦਾ ਮੈਂ ਤੁਹਾਡਾ ਸਮਝ
ਗਿਆਂ। ਕਈ ਵੇਰ ਸਾਡੇ ਆਲੋਚਕ ਏਨੀ ਗੈਰਜ਼ਿੰਮੇਵਾਰੀ ਨਾਲ ਬਿਆਨ ਦਿੰਦੇ ਹਨ
ਕਿ ਉਹਨਾਂ ਦੀ ਅਕਲ ਉਤੇ ਹਾਸਾ ਆਉਂਦਾ ਹੈ। ਅਤਰ ਸਿੰਘ, ਸੰਤ ਸਿੰਘ ਸੇਖੋਂ
ਅਤੇ ਹਰਭਜਨ ਸਿੰਘ ਦੀਆਂ ਸਟੇਟਮੈਂਟਾਂ ਕਿਸੇ ਲੇਖਕ ਬਾਰੇ ਦਸ ਸਾਲ ਪਹਿਲਾਂ
ਕੁਝ ਹੋਰ ਸਨ, ਜਦ ਦੋ ਸਾਲ ਬਾਅਦ ਉਸ ਲੇਖਕ ਨਾਲ ਝਗੜਾ ਹੋ ਗਿਆ ਤਾਂ ਹੋਰ
ਹੋ ਗਈਆਂ। ਇਹ ਤਿੰਨੋ ਲੇਖਕ ਕਿਸੇ ਨਾ ਕਿਸੇ ਆਹੁਦੇ ਉਤੇ ਸਦਾ ਰਹੇ ਹਨ। ਇਹ
ਇਥੇ ਬਹਿਕੇ ਸਾਥੀ ਲੁਧਿਆਣਵੀ ਨੂੰ ਮਹਾਨ ਲੇਖਕ ਮੰਨਣਗੇ ਤੇ ਕਿਸੇ ਹੋਰ ਥਾਂ
ਜਾ ਕੇ ਜਿਸ ਕੋਲ ਬੈਠੇ ਹੋਣ ਤਾਂ ਉਸ ਨੂੰ ਮਹਾਨ ਲੇਖਕ ਕਹਿ ਦੇਣਗੇ। ਇਹ
ਗੈਰ-ਜ਼ਿੰਮੇਵਾਰੀ, ਸੁਆਰਥ ਤੇ ਮੌਕਾਪ੍ਰਸਤੀ ਤੋਂ ਪੈਦਾ ਹੋਈਆਂ ਇਹਨਾਂ
ਆਲੋਚਕਾਂ ਦੀਆਂ ਸਟੇਟਮੈਂਟਾਂ ਹਨ। ਇਹੋ ਅਤਰ ਸਿੰਘ ਕਦੇ ਹਰਭਜਨ ਸਿੰਘ ਨੂੰ
ਮਹਾਨ ਮੰਨਦਾ ਰਿਹਾ ਹੈ। ਅੱਜਕੱਲ ਉਹਨਾਂ ਵਿਚ ਇੱਟ ਕੁੱਤੇ ਦਾ ਵੈਰ ਹੈ। ਇਹ
ਮੈਨੂੰ ਪਤਾ ਨਹੀਂ ਕਿ ਇਹਨਾਂ ਵਿਚੋਂ ਕਿਹੜਾ ਕੌਣ ਹੈ।
ਸਾਥੀ; ਇਹੋ ਜਿਹੀ ਤਰਸਯੋਗ ਸਥਿਤੀ ਦਾ ਇਲਾਜ ਕੀ ਹੈ?
ਚੰਦ; ਸਾਨੂੰ ਆਲੋਚਕ-ਮੁਕਤ ਹੋਣਾ ਪਵੇਗਾ। ਇਹ ਸਾਡੀ ਤ੍ਰਸਾਦੀ ਹੈ ਕਿ
ਅਸੀਂ ਖੁਦਗਰਜ਼ ਲੋਕ ਹਾਂ ਤੇ ਨਿਰਪੱਖ ਨਹੀਂ ਹੁੰਦੇ ਕਦੇ। ਕਈ ਸਾਲ ਪਹਿਲਾਂ
ਇਕ ਧਾਰਾ ਚੱਲੀ ਸੀ ਆਪਣੇ ਆਲੋਚਕ ਆਪ ਬਣਨ ਦੀ। ਉਹਨਾਂ ਵਿਚ ਜਸਵੀਰ ਸਿੰਘ
ਆਹਲੂਵਾਲੀਆ ਤੇ ਰਵੀ ਸ਼ਾਮਲ ਸਨ। ਉਹਨਾਂ ਵਿਚੋਂ ਕਈ ਚੰਗੇ ਸਿੱਟੇ ਵੀ
ਨਿਕਲੇ। ਸਾਡੇ ਅੱਜਕੱਲ ਦੇ ਆਲੋਚਕਾਂ ਤੇ ਤਾਂ ਰੋਣਾ ਆਉਂਦਾ। ਇਕ ਵੇਰ
ਕੁਲਬੀਰ ਸਿੰਘ ਕਾਂਗ ਨੇ ਇਕ ਮਜ਼ਬੂਨ ਲਿਖਿਆ। ਜਿਸ ਵਿਚ ਉਸ ਨੇ ਮੇਰੇ ਬਾਰੇ
ਕਿਹਾ ਕਿ ਉਹਦੀਆਂ ਗਜ਼ਲਾਂ ਦੇ ਦੋ ਸੰਗ੍ਰਹਿ ਬਹੁਤ ਅੱਛੇ ਹਨ। ਉਹਨਾਂ
ਦੋਹਾਂ ਕਿਤਾਬਾਂ ਦੇ ਨਾਂ ਜਿਹੜੇ ਦੱਸੇ ਉਹਨਾਂ ਵਿਚੋਂ ਇਕ ਕਹਾਣੀ-ਸੰਗ੍ਰਹਿ
ਸੀ ਜਿਸ ਦੀ ਮੈਂ ਸੰਪਾਦਨਾ ਕੀਤੀ ਸੀ ਤੇ ਦੂਜੀ ਕਿਤਾਬ ਮੇਰੀ ਕਵਿਤਾਵਾਂ ਦੀ
ਸੀ। ਉਸ ਵਿਚ ਕੋਈ ਗਜ਼ਲ ਨਹੀਂ ਸੀ। ਇਹ ਹਾਲ ਹੈ ਸਾਡੇ ਆਲੋਚਕਾਂ ਦਾ। ਇਹ
ਡੱਕਾ ਨਹੀਂ ਪੜ੍ਹਦੇ।
ਸਾਥੀ; ਤੁਸੀਂ ਗੱਲਬਾਤ ਦੇ ਸ਼ੁਰੂ ਵਿਚ ਕਿਹਾ ਸੀ ਕਿ ਇਨਾਮ-ਸਨਮਾਨ
ਲੇਖਕ ਦਾ ਬੇੜਾ ਗਰਕ ਕਰ ਦਿੰਦੇ ਹਨ। ਇਹ ਇਨਾਮਾਂ ਦਾ ਚੱਕਰ ਵੀ ਪੰਜਾਬੀ
ਸਾਹਿਤ ਵਿਚ ਬੜੇ ਵਾਦ-ਵਿਵਾਦ ਵਾਲਾ ਰਿਹਾ ਹੈ। ਕੀ ਇਹਦੇ ਵਿਚ ਕੋਈ ਸੁਧਾਰ
ਆਏਗਾ?
ਚੰਦ; ਵੈਸੇ ਤਾਂ ਹੋਰਨਾਂ ਬੋਲੀਆਂ ਵਿਚ ਵੀ ਵਾਦ-ਵਿਵਾਦ ਚਲਦਾ ਹੀ
ਰਹਿੰਦਾ ਹੈ ਪਰ ਸਾਡੇ ਪੰਜਾਬੀ ਵਿਚ ਤਾਂ ਕਈ ਵਾਰ ਪੈਨਲ ਵਿਚ ਬੈਠਾ ਬੰਦਾ
ਆਪਣੇ ਆਪ ਨੂੰ ਹੀ ਇਨਾਮ ਦੇ ਲੈਂਦਾ ਹੈ। ਰੀਕੈਗਨੀਸ਼ਨ ਜ਼ਰੂਰ ਹੋਣੀ
ਚਾਹੀਦੀ ਹੈ ਪਰ ਇਹ ਪਹਿਚਾਣ ਲੇਖਕ ਨੂੰ ਖੜੋਤ ਵਲ ਲੈ ਤੁਰਦੀ ਹੈ। ਪ੍ਰੇਮ
ਪ੍ਰਕਾਸ਼, ਪਾਤਰ ਤੇ ਪਾਸ਼ ਦਾ ਇਹੋ ਹਾਲ ਹੋਇਆ ਹੈ। ਇਨਾਮ ਲੇਖਕ ਵਿਚ
ਨਿਮਰਤਾ ਲਿਆਉਣ ਵਾਲਾ ਹੋਵੇ ਤਾਂ ਚੰਗਾ। ਹੁਣ ਤੁਸੀਂ ਆਹ ਸ਼੍ਰੋਮਣੀ ਸਾਹਿਤ
ਐਵਾਰਡ ਦੀ ਹੀ ਗੱਲ ਲੈ ਲਓ ਜਿਹੜਾ ਤੁਹਾਨੂੰ ਇਥੇ ਦੇ ਲੇਖਕਾਂ ਨੂੰ ਮਿਲਦਾ
ਹੈ। ਤੁਹਾਨੂੰ ਸ਼ਾਇਦ ਸਭ ਤੋਂ ਪਹਿਲਾਂ ਮਿਲਿਆ -ਸ਼ਾਇਦ 1985 ਵਿਚ। ਇਹ
ਚੰਗੀ ਗੱਲ ਹੈ ਕਿਉਂਕਿ ਤੁਸੀਂ ਇਥੇ ਦੇ ਮਹੌਲ ਵਿਚ ਬਹੁਤ ਔਖੇ ਹੋ ਕੇ
ਲਿਖਦੇ ਹੋ, ਪੰਜਾਬੀ ਦੀ ਗੱਲ ਕਰ ਰਹੇ ਹੋ ਪਰ ਇਹ ਜ਼ੁਰੂਰੀ ਨਹੀਂ ਹੋਣਾ
ਚਾਹੀਦਾ ਕਿ ਇਹ ਹਰੇਕ ਸਾਲ ਹੀ ਦਿਤਾ ਜਾਵੇ। ਇਵੇਂ ਤਾਂ ਕਿਸੇ ਦਿਨ ਇਹ
ਇਨਾਮ ਘਸੀਟਾ ਰਾਮ ਨੂੰ ਵੀ ਦੇ ਦੇਣਗੇ। ਹੁਣ ਰਵਿੰਦਰ ਰਵੀ ਤੇ ਅਜਾਇਬ ਕਮਲ
ਵਰਗੇ ਬਕਵਾਸ ਲਿਖਣ ਵਾਲੇ ਲੇਖਕਾਂ ਨੂੰ ਇਹ ਇਨਾਮ ਦੇਈ ਜਾਂਦੇ ਐ। ਉਹਨਾਂ
ਦੀਆਂ ਲਿਖਤਾਂ ਨਾ ਓਸ ਮੁਲਕ ਦਾ ਕੁਝ ਸਵਾਰਦੀਆਂ ਨੇ ਨਾ ਹੀ ਆਪਣੇ ਦੇਸ਼
ਦਾ। ਇਹਨਾਂ ਦੀਆਂ ਲਿਖਤਾਂ ਤੇ ਇਹੋ ਜਿਹੇ ਹੋਰ ਲੇਖਕਾਂ ਦੀਆਂ ਲਿਖਤਾਂ ਤਾਂ
ਲੁਧਿਆਣੇ ਕੱਛੇ-ਬਨੈਣਾਂ ਬਣਾਉਣ ਵਾਲੇ ਲੋਕਾਂ ਦੀਆਂ ਕਿਰਤਾਂ ਵਰਗੀਆਂ ਹਨ।
ਪਰ ਕਈ ਬਹੁਤ ਚੰਗਾ ਲਿਖਣ ਵਾਲੇ ਵੀ ਹਨ।
ਸਾਥੀ; ਤੁਸੀਂ ਬੇਬਾਕ ਤਰੀਕੇ ਨਾਲ ਇੰਟਰਵਿਊ ਦੇ ਰਹੇ ਹੋ।
ਤੁਹਾਡੀਆਂ ਨਜ਼ਰਾਂ ਵਿਚ ਇਥੋਂ ਦੇ ਸਾਹਿਤ ਦੀ ਕੀ ਮਹੱਤਤਾ ਹੈ ਤੇ ਕੀ ਪੱਧਰ
ਹੈ?
ਚੰਦ; ਇਥੋਂ ਦੇ ਸਾਹਿਤ ਦਾ ਆਪਣਾ ਵਿਲੱਖਣ ਮਹੱਤਵ ਹੈ। ਨਾਸਟਾਲਜੀਆ ਤੇ
ਨਸਲਵਾਦ ਦੀ ਗੱਲ ਤੁਸੀਂ ਹੀ ਕਰ ਸਕਦੇ ਹੋ। ਅਸੀਂ ਉਧਰ ਬੈਠੇ ਇਹਨਾਂ ਗੱਲਾਂ
ਦਾ ਮਹੱਤਵ ਨਹੀਂ ਸਮਝ ਸਕਦੇ। ਅਤਰ ਸਿੰਘ ਨੇ ‘ਲੋਅ’ ਵਿਚ ਲਿਖਿਆ ਕਿ ਇਥੇ
ਸਭ ਕੂੜਾ ਲਿਖਿਆ ਜਾ ਰਿਹਾ ਹੈ। ਇਹ ਸਰਾ ਸਰ ਗਲਤ ਹੈ। ਇਥੇ ਬੜਾ ਵਧੀਆ
ਲਿਖਿਆ ਜਾ ਰਿਹਾ ਹੈ। ਨਾਵਲ, ਕਹਾਣੀ, ਕਵਿਤਾ ਤੇ ਲੇਖਾਂ ਦੇ ਖੇਤਰ ਵਿਚ
ਬੜੀ ਪ੍ਰਗਤੀ ਦੇਖੀ ਗਈ ਹੈ। ਨਿਰੰਜਨ ਸਿੰਘ ਨੂਰ ਦੀ ਕਵਿਤਾ ਤੇ ਢੰਡ ਦੀ
ਕਹਾਣੀ ਕਲਾ ਸ਼ਲਾਘਾ ਯੋਗ ਹੈ। ਤੁਹਾਡੇ ਮੈਂ ਬੜੇ ਲੇਖ ਪੜ੍ਹੇ ਹਨ, ਤੁਸੀਂ
ਸਾਹਮਣੇ ਬੈਠੇ ਕਰ ਕੇ ਨਹੀਂ ਕਹਿ ਰਿਹਾ, ਤੁਸੀਂ ਵਾਕਿਆ ਹੀ ਬਹੁਤ ਖੂਬਸੂਰਤ
ਲਿਖਦੇ ਹੋ। ਪ੍ਰੀਤਮ ਸਿੱਧੂ ਨੂੰ ਵੀ ਮੈਂ ਪੜ੍ਹਿਐ। ਅਵਤਾਰ ਜੰਡਿਆਲਵੀ
ਜਦੋਂ ਆਪਣੇ ਅਭਿਮਾਨ ਨੂੰ ਪਾਸੇ ਰੱਖ ਕੇ ਗੱਲ ਕਰਦਾ ਤਾਂ ਵਾਹਵਾ ਸੋਹਣਾ
ਲਿਖ਼ਦਾ।
ਸਾਥੀ; ਆਹ ਜਿਹੜੀ ਅੱਜਕੱਲ ਖੁਲ੍ਹੀ ਕਵਿਤਾ ਬੇਤੋਲ, ਬੇਤਾਲ ਲਿਖੀ
ਜਾ ਰਹੀ ਹੈ, ਇਹਦੇ ਬਾਰੇ ਕੁਝ ਕਹੋ। ਮੈਨੂੰ ਤਾਂ ਇਹ ਐਬਸਟ੍ਰੈਕਟ ਵੀ ਨਹੀਂ
ਲਗਦੀ।
ਚੰਦ; ਇਹੋ ਜਿਹੀਆਂ ਕਵਿਤਾਵਾਂ ਮੈਂ ਦਿਹਾੜੀ ਵਿਚ ਦੋ ਸੌ ਮੈਨੂਫੈਕਚਰ
ਕਰ ਸਕਦਾਂ ਤੇ ਉਹਨਾਂ ਦੀ ਪੱਧਰ ਵੀ ਬਾਕੀਆਂ ਨਾਲੋਂ ਚੰਗੀ ਹੀ ਹੋਵੇਗੀ। ਇਹ
ਬਿਲਕੁਲ ਫਜ਼ੂਲ ਕਿਸਮ ਦੀ ਸ਼ਾਇਰੀ ਹੈ। ਮੈਂ ਪਰਸ਼ੀਅਨ ਸਾਹਿਤ ਪੜ੍ਹਿਆ ਤੇ
ਬਾਹਰਲਾ ਸਾਹਿਤ ਪੜ੍ਹਿਆ ਤੇ ਮਹਿਸੂਸ ਕੀਤਾ ਕਿ ਸ਼ਾਇਰੀ ਵਿਚ ਫੌਰਮ ਦੀ ਬੜੀ
ਮਹੱਤਤਾ ਹੈ।
ਸਾਥੀ; ਤੁਹਾਡੀ ਗਜ਼ਲ ਮੈਨੂੰ ਬਹੁਤ ਪਸੰਦ ਹੈ। ਇਸੇ ਤਰ੍ਹਾਂ
ਜਗਤਾਰ, ਦੀਪਕ ਜੈਤੋਈ ਤੇ ਹੋਰ ਕਈਆਂ ਨੇ ਬੜੀ ਸੁਹਣੀ ਗਜ਼ਲ ਕਹੀ ਹੈ। ਤਖਤ
ਸਿੰਘ ਦਾ ਪ੍ਰਮੁੱਖ ਸਥਾਨ ਹੈ ਪਰ ਕਈ ਲੋਕ ਕਹਿੰਦੇ ਹਨ ਕਿ ਪੰਜਾਬੀ ਵਿਚ
ਗਜ਼ਲ ਦਾ ਕੀ ਕੰਮ? ਇਹ ਤਾਂ ਸਿਰਫ ਫਾਰਸੀ ਵਿਚ ਹੀ ਲਿਖੀ ਜਾਣੀ ਚਾਹੀਦੀ
ਹੈ। ਕੀ ਇਹ ਅਹਿਸਾਸੇ ਕਮਤਰੀ ਵਾਲੀ ਗੱਲ ਨਹੀਂ?
ਚੰਦ; ਮੈਂ ਸਮਝਦਾਂ ਕਿ ਫਾਰਸੀ ਤੇ ਉਰਦੂ ਤੋਂ ਬਾਅਦ ਪੰਜਾਬੀ ਵਿਚ
ਅੱਜਕੱਲ ਬੇਹਤਰੀਨ ਗਜ਼ਲ ਕਹੀ ਜਾ ਰਹੀ ਹੈ। ਕਈ ਨੌਜਵਾਨ ਖੂਬਸੂਰਤ ਗਜ਼ਲਾਂ
ਲਿਖ ਰਹੇ ਹਨ। ਗਜ਼ਲ ਵਿਚ ਬੜੀ ਤੋਂ ਬੜੀ ਗੱਲ ਕਹੀ ਜਾ ਸਕਦੀ ਹੈ ਯਾਨੀ
ਇਨਕਲਾਬ ਬਾਰੇ, ਮੁਆਸ਼ਰੇ ਬਾਰੇ, ਕੁਦਰਤ ਬਾਰੇ, ਲੋਕ-ਚੇਤਨਾ ਬਾਰੇ ਤੇ
ਮਨੋਵਿਗਿਆਨ ਬਾਰੇ। ਮੈਂ ਇਹ ਸਭ ਗੱਲਾਂ ਗਜ਼ਲਾਂ ਵਿਚ ਕਹੀਆਂ ਹਨ। ਪਰ
ਜਿਹੜੇ ਬੰਦੇ ਨੂੰ ਗਜ਼ਲ ਲਿਖਣੀ ਨਹੀਂ ਆਉਂਦੀ ਉਹੋ ਜਿਹੇ ਬੰਦੇ ਇਸ ਫੌਰਮ
ਨੂੰ ਵਰਤ ਕੇ ਇਸ ਦਾ ਬੇੜਾ ਗਰਕ ਕਰ ਦਿੰਦੇ ਹਨ।
ਸਾਥੀ; ਪਿਛਲੇ ਸਾਲ ਮੈਂ ਪ੍ਰਿੰਸੀਪਲ ਤਖਤ ਸਿੰਘ ਨੂੰ ਵੀ ਇਥੇ
ਇੰਟਰਵਿਊ ਕੀਤਾ ਸੀ। ਉਹਨਾਂ ਕਿਹਾ ਚੰਦ ਔਰ ਜਗਤਾਰ ਵਰਗਿਆਂ ਵਿਚ ਨੁਕਸ ਇਹ
ਹੈ ਕਿ ਉਹ ਆਪਣੀਆਂ ਗਜ਼ਲਾਂ ਵਿਚ ਉਰਦੂ ਦੇ ਸ਼ਬਦ ਬਹੁਤ ਵਰਤਦੇ ਹਨ। ਫਿ਼ਰ
ਉਨ੍ਹਾਂ ਨੇ ਕਿਹਾ ਕਿ ਲਓ, ਮੇਰੀਆਂ ਗਜ਼ਲਾਂ ਵਿਚੋਂ ਇਕ ਵੀ ਸ਼ਬਦ ਉਰਦੂ ਦਾ
ਕੱਢ ਕੇ ਦੱਸੋ ਖਾਂ।
ਚੰਦ; ਇਹ ਉਹਨਾਂ ਦੀ ਗੱਲ ਬਿਲਕੁਲ ਗਲਤ ਹੈ। ਉਰਦੂ ਵਿਚੋਂ ਲਫਜ਼ ਲੈਣੇ
ਕੋਈ ਗੁਨਾਹ ਨਹੀਂ ਹੈ। ਪੰਜਾਬੀ ਵਿਚ ਤਾਂ ਬੇਸ਼ੁਮਾਰ ਅਜਿਹੇ ਲਫਜ਼ ਹਨ
ਜਿਹੜੇ ਉਰਦੂ ਵਿਚੋਂ ਲਏ ਗਏ ਹਨ; ਮਸਲਨ, ਦਸਤਾਰ, ਸਲਵਾਰ, ਗੁਫ਼ਤਾਰ,
ਰਫ਼ਤਾਰ, ਮੇਜ਼, ਕੁਰਸੀ ਆਦਿ ਉਰਦੂ ਦੇ ਹੀ ਸ਼ਬਦ ਹਨ। ਖ਼ਾਹਮਖਾਹ ਤੇ ਨਾ
ਸਮਝ ਆਉਣ ਵਾਲੇ ਉਰਦੂ ਦੇ ਸ਼ਬਦ ਵਰਤਣੇ ਗਲਤ ਹੈ। ਉਹ ਮੈਂ ਵਰਤਦਾ ਹੀ ਨਹੀਂ
ਹਾਂ। ਤਖਤ ਸਿੰਘ ਦੀਆਂ ਗਜ਼ਲਾਂ ਵਿਚ ਬਹੁਤ ਸਾਰੇ ਉਰਦੂ ਦੇ ਸ਼ਬਦ ਮਿਲਦੇ
ਹਨ ਪਰ ਤਖਤ ਸਿੰਘ ਨੇ ਗਜ਼ਲ ਨੂੰ ਪੇਂਡੂ ਮਹੌਲ ਨਾਲ ਜੋੜ ਕੇ ਇਸ ਨੂੰ ਅਮੀਰ
ਕੀਤਾ ਹੈ। ਨਾ-ਪਚਣ ਵਾਲੇ ਪਰਾਈ ਜ਼ੁਬਾਨ ਦੇ ਸ਼ਬਦ ਉਂਜ ਹੀ ਨਹੀਂ ਵਰਤਣੇ
ਚਾਹੀਦੇ। ਪਰ ਕਈ ਵੇਰ ਲੇਖਕ ਕਿਸੇ ਹੋਰ ਜ਼ੁਬਾਨ ਵਿਚ ਵਧੇਰੇ ਤਾਕ ਹੋਣ
ਕਾਰਨ ਵੀ ਉਹ ਪਰਾਈ ਜ਼ੁਬਾਨ ਦੇ ਸ਼ਬਦ ਪੰਜਾਬੀ ਵਿਚ ਲੈ ਆਉਂਦਾ ਹੈ।
ਕੁਲਵੰਤ ਸਿੰਘ ਵਿਰਕ ਬੜੀ ਸੁਹਣੀ ਪੇਂਡੂ ਜ਼ੁਬਾਨ ਵਿਚ ਕਹਾਣੀਆਂ ਲਿਖਦਾ ਪਰ
ਉਹ ਕਹਿੰਦਾ ਹੈ ਕਿ ਉਹ ਸੋਚਦਾ ਅੰਗਰੇਜ਼ੀ ਵਿਚ ਹੈ।
ਸਾਥੀ; ਮੁਆਫ ਕਰਨਾ! ਇਹ ਗੱਲ ਮੈਨੂੰ ਦੁਰਸਤ ਨਹੀਂ ਲਗਦੀ। ਆਦਮੀ
ਸੋਚਦਾ ਹਮੇਸ਼ਾ ਆਪਣੀ ਮਾਦਰੀ ਜ਼ੁਬਾਨ ਵਿਚ ਹੀ ਹੈ ਪਰ ਉਹ ਅਚੇਤ ਹੀ ਇਸ
ਨੂੰ ਅੰਗਰੇਜ਼ੀ ਜਾਂ ਕਿਸੇ ਹੋਰ ਜ਼ੁਬਾਨ ਵਿਚ ਟ੍ਰਾਂਸਲੇਟ ਕਰਦਾ ਰਹਿੰਦਾ
ਹੈ। ਮੇਰਾ ਭਾਵ ਹੈ ਕਿ ਜਿਸ ਜ਼ੁਬਾਨ ਵਿਚ ਉਸ ਨੇ ਲਿਖਣਾ ਹੁੰਦਾ ਹੈ। ਇਕ
ਵੇਰ ਬਲਰਾਜ ਸਾਹਨੀ ਆਪਣਾ ਅੰਗਰੇਜ਼ੀ ਵਿਚ ਲਿਖਿ਼ਆ ਲੇਖ਼ ਗੁਰੂਦੇਵ ਟੈਗ਼ੋਰ
ਨੂੰ ਦਿਖਾਉਣ ਲੈ ਗਿਆ। ਟੈਗ਼ੋਰ ਨੇ ਪੜ੍ਹਿਆ ਤੇ ਫਿ਼ਰ ਪੁੱਛਣ ਲੱਗੇ ਕਿ
ਤੁਸੀਂ ਸੋਚਦੇ ਕਿਹੜੀ ਭਾਸਾਂ ਵਿਚ ਹੋ? ਜਦੋਂ ਬਲਰਾਜ ਨੇ ਕਿਹਾ ਕਿ ਆਪਣੀ
ਮਾਂ ਬੋਲੀ ਪੰਜਾਬੀ ਵਿਚ, ਤਾਂ ਟੈਗ਼ੋਰ ਨੇ ਕਿਹਾ ਕਿ ਪੰਜਾਬੀ ਵਿਚ ਲਿਖ਼ੋ
ਤੇ ਫਿਰ ਤੁਸੀਂ ਜਿਹੜੀ ਮਰਜ਼ੀ ਜ਼ਬਾਨ ਵਿਚ ਤਰਜਮਾਂ ਕਰ ਲਵੋ। ਟੈਗੋਰ ਨੇ
ਗੀਤਾਂਜਲੀ ਬੰਗਾਲੀ ਵਿਚ ਲਿਖ਼ਆ ਸੀ ਤੇ ਫਿਰ ਉਹਨੂੰ ਅੰਗਰੇਜ਼ੀ ਵਿਚ
ਉਲਥਾਇਆ ਸੀ।
ਚੰਦ; ਤੁਸੀਂ ਠੀਕ ਲਗਦੇ ਹੋ।
ਸਾਥੀ; ਤੁਸੀਂ 1980 ਦੀ ਕਾਨਫਰੰਸ ਅਟੈਂਡ ਕਰਨ ਆਏ ਸੀ ਪਰ ਕਿਧਰੇ
ਦਿਸੇ ਨਹੀਂ।
ਚੰਦ; ਜਦੋਂ ਕੇਵਲ ਇਕ ਸੁਆਰਥ ਨੂੰ ਪੂਰਾ ਕਰਨ ਵਾਸਤੇ ਕਾਨਫਰੰਸਾਂ
ਕੀਤੀਆਂ ਜਾਣ ਤਾਂ ਮੇਰੇ ਵਰਗੇ ਬੰਦੇ ਕਿਤੇ ਘੱਟ ਹੀ ਨਜ਼ਰ ਆਉਂਦੇ ਐ। ਇਹੋ
ਜਿਹੀ ਇਕ ਕਾਨਫਰੰਸ ਬੈਂਕਾਕ ਵਿਚ ਵੀ ਹੋਈ ਸੀ। ਉਥੇ ਸਾਰਾ ਜ਼ੋਰ ਬੂਟਾ
ਸਿੰਘ ਨੂੰ ਉਭਾਰਨ ਵਿਚ ਲੱਗਾ ਹੋਇਆ ਸੀ। ਹਾਲਾਂਕਿ ਇਕ ਲੇਖਕ ਕਾਨਫਰੰਸ ਵਿਚ
ਇਹੋ ਜਿਹੇ ਬੰਦੇ ਦਾ ਕੀ ਕੰਮ? ਵੈਸੇ ਇਹ ਕਾਨਫਰੰਸ ਇਥੋਂ ਨਾਲੋਂ ਵਧੇਰੇ
ਸਫਲ ਸੀ।
ਸਾਥੀ; ਅੱਜਕੱਲ ਦੀ ਪੰਜਾਬ ਦੀ ਸਥਿਤੀ ਬਾਰੇ ਸਾਡੇ ਇਧਰਲੇ ਕਾਮਰੇਡ
ਜਸਵੰਤ ਸਿੰਘ ਕੰਵਲ ਦੇ ਸਟੈਂਡ ਬਾਰੇ ਬਹੁਤੇ ਖੁਸ਼ ਨਹੀਂ ਹਨ। ਕਿਉਂ?
ਚੰਦ; ਕੰਵਲ ਇਕ ਸੁਹਿਰਦ ਤੇ ਸੱਚਾ ਬੰਦਾ ਹੈ। ਉਹਦੇ ਸਾਹਮਣੇ ਇਕੋ ਇਕ
ਨੁਕਤਾ ਮਨੁੱਖਤਾ ਹੈ। ਉਹ ਕਹਿੰਦਾ ਹੈ ਕਿ ਸਾਰੇ ਸੁਆਰਥ ਛੱਡ ਕੇ ਪੰਜਾਬ ਦੀ
ਬਿਹਤਰੀ ਦੀ ਗੱਲ ਕਰੋ। ਉਹਦੀ ਪਹੁੰਚ ਜਜ਼ਬਾਤੀ ਹੋ ਸਕਦੀ ਹੈ ਪਰ ਤੁਸੀਂ
ਕਿੰਤੂ-ਪ੍ਰੰਤੂ ਨਹੀਂ ਕਰ ਸਕਦੇ। ਕਾਮਰੇਡਾਂ ਨੂੰ ਤਕਲੀਫ ਹੋਣੀ ਬੜੀ
ਕੁਦਰਤੀ ਗੱਲ ਹੈ ਕਿਉਂਕਿ ਕੰਵਲ ਨੇ ‘ਲਹੂ ਦੀ ਲੋਅ’ ਵਿਚ ਕਾਮਰੇਡਾਂ ਤੇ
ਸੁਆਰਥੀ ਲੋਕਾਂ ਦੀ ਬੜੀ ਐਸੀ ਕੀ ਤੈਸੀ ਫੇਰੀ ਹੈ।
ਸਾਥੀ; ਤੁਸੀਂ ਕਾਮਰੇਡਾ ਨੂੰ ਸੁਆਰਥੀ ਕਿਹਾ?
ਚੰਦ; ਮੈਂ ਸੋ ਕਾਲਡ ਕਾਮਰੇਡਾਂ ਦੀ ਗੱਲ ਕੀਤੀ ਹੈ। ਕਾਮਰੇਡ ਸ਼ਬਦ ਤਾਂ
ਬੜਾ ਹੀ ਸੁਹਣਾ ਸ਼ਬਦ ਹੈ ਪਰ ਨਕਲੀ ਕਾਮਰੇਡਾਂ ਨੇ ਇਹਦਾ ਬੇੜਾ ਗਰਕ ਕਰ
ਰੱਖਿਆ ਹੈ।
ਸਾਥੀ; ਯਾਨੀ ਤੁਸੀਂ ਕਹਿ ਰਹੇ ਹੋ ਕਿ ਨਕਲੀ ਜਾਂ ਅਖੌਤੀ ਕਾਮਰੇਡ
ਵਧੇਰੇ ਹਨ?
ਚੰਦ; ਹਾਂ ਮੈਂ ਇਹੀ ਕਹਿ ਰਿਹਾਂ। ਪੰਜਾਬ ਵਿਚ ਕੋਈ ਕੈਡਰ ਹੀ ਨਹੀਂ
ਰਹਿ ਗਿਆ। ਕੰਮ ਕੌਣ ਕਰਦਾ ਹੈ? ਚਾਰ ਚਾਰ ਬਾਡੀਗਾਰਡ ਲੈ ਕੇ ਕਾਮਰੇਡ ਤੁਰੇ
ਫਿਰਦੇ ਹਨ। ‘ਲੋਕ ਲਹਿਰ’ ਜਾਂ ‘ਨਵਾਂ ਜ਼ਮਾਨਾ’ ਕੱਢਣ ਨਾਲ ਤਾਂ
ਕਮਿਊਨਿਜ਼ਮ ਨਹੀਂ ਆ ਜਾਣਾ।
ਸਾਥੀ; ਕੀ ਤੁਸੀਂ ਕਹਿ ਰਹੇ ਹੋ ਕਿ ਕਾਮਰੇਡਾਂ ਨੇ ਲੋਕਾਂ ਦੀ
ਸਾਇਕੀ ਨੂੰ ਸਮਝਿਆ ਹੀ ਨਹੀਂ?
ਚੰਦ; ਸਾਈਕੀ ਦੀ ਗੱਲ ਨਹੀਂ ਹੈ। ਲੋਕਾਂ ਦੇ ਹੋਣ ਦੀ ਗੱਲ ਹੈ। ਇਹ ਸਭ
ਕੁਰਸੀਆਂ ਪਿੱਛੇ ਪਏ ਹੋਏ ਹਨ ਜਾਂ ਰੂਸ ਜਾਣ ਦੀ ਵਾਰੀ ਅਤੇ ਨਿਆਣੇ ਉਥੇ
ਪੜ੍ਹਾਉਣ ਦੀ ਤਾਕ ਵਿਚ ਬੈਠੇ ਹੋਏ ਹਨ। ਅੱਜ ਦੇ ਕਾਮਰੇਡ ਵੀਹ ਸਾਲ ਪਹਿਲਾਂ
ਵਾਲੇ ਕਾਮਰੇਡ ਨਹੀਂ ਹਨ। ਉਦੋਂ ਕੰਮ ਬਹੁਤ ਹੁੰਦਾ ਸੀ। ਅੱਜ ਕੱਲ ਨਹੀਂ।
ਸਾਥੀ; ਅੱਜ ਪੰਜਾਬ ਹਨੇਰੇ ਵਿਚ ਡਿੱਗਿਆ ਹੋਇਆ ਹੈ। ਇਹਨੂੰ ਕੱਢਣ
ਵਾਲੀ ਕੋਈ ਬਦਲ ਵਾਲੀ ਪਾਰਟੀ ਹੈ?
ਚੰਦ; ਜਦੋਂ ਹੜ੍ਹ ਆਇਆ ਹੋਵੇ ਤਾਂ ਮੱਛੀਆਂ ਨਹੀਂ ਫੜੀਆਂ ਜਾ ਸਕਦੀਆਂ
ਹੁੰਦੀਆਂ। ਹਾਲੀਂ ਹੜ੍ਹ ਆਇਆ ਹੋਇਆ ਹੈ ਪਰ ਮੈਂ ਆਸਵੰਦ ਜ਼ਰੂਰ ਹਾਂ। ਇਹ
ਹਨੇਰੇ ਜ਼ਰੂਰ ਦੂਰ ਹੋਣਗੇ। ਕੋਈ ‘ਮਰਦ ਕਾ ਚੇਲਾ’ ਜ਼ਰੂਰ ਪੈਦਾ ਹੋਵੇਗਾ।
ਰਾਤ ਕਿੰਨੀ ਵੀ ਹੋਵੇ ਕਾਲੀ
ਪਰ ਸਾਡੇ ਨੈਣਾਂ ‘ਚ ਸਵੇਰੇ ਨੇ...
ਸਾਥੀ; ਤੁਸੀਂ ਮੈਨੂੰ ਬੜੇ ਆਸ਼ਾਵਾਦੀ ਲਗਦੇ ਹੋ ਪਰ ਕੇਂਦਰ ਜੇ ਹੱਲ
ਕਰਨਾ ਚਾਹੇ ਤਾਂ ਤਦੇ ਹੀ ਇਹਦਾ ਹੱਲ ਹੋਊ ਨਾ। ਪੰਜਾਬੀਆਂ ਦੇ ਸੱਚੇ ਸੁੱਚੇ
ਜਜ਼ਬਾਤ ਤਾਂ ਦਿਨ ਦਿਹਾੜੇ ਕਤਲ ਹੋ ਰਹੇ ਐ।
ਚੰਦ; ਇਕ ਗੱਲ ਉਤੇ ਸਾਰੇ ਪੰਜਾਬੀ ਸਹਿਮਤ ਹਨ ਕਿ ਕੇਂਦਰ ਦੀ ਪੰਜਾਬ ਵਲ
ਨੀਅਤ ਸਾਫ ਨਹੀਂ ਹੈ। ਕੇਂਦਰ ਨੇ ਹੀ ਖਾਲਿਸਤਾਨ ਦਾ ਨਾਅਰਾ ਲਾਇਆ। ਕੇਂਦਰ
ਦੀਆਂ ਕੁਰੱਪਟ ਸਰਕਾਰਾਂ ਬਦਲ ਜਾਣ ਨਾਲ ਹੀ ਪੰਜਾਬ ਵਿਚ ਸ਼ਾਂਤੀ ਹੋਊ।
ਹਿੰਦੂਆਂ ਤੇ ਸਿੱਖਾਂ ਦੇ ਕਤਲਾਂ ਪਿੱਛੇ ਸਾਮਰਾਜੀ ਸਾਜਿ਼ਸ਼ ਹੈ।
ਸਾਥੀ; ਇਥੋਂ ਦੀਆਂ ਪੰਜਾਬੀ ਅਖ਼ਬਾਰਾਂ ਬਾਰੇ ਕੁਝ ਕਹੋ।
ਚੰਦ; ਉਥੋਂ ਦੀਆਂ ਖ਼ਬਰਾਂ ਇਥੇ ਛਪਦੀਆਂ ਹਨ। ਮਸਾਂ ਕੋਈ ਇਕ ਅੱਧ ਗੱਲ
ਇਧਰ ਬਾਰੇ ਹੁੰਦੀ ਹੈ ਇਧਰਲੇ ਪੇਪਰਾਂ ਵਿਚ। ਇਹ ਉਧਰ ਦੀ ਸਥਿਤੀ ਉਤੇ ਹੀ
ਵਧੇਰੇ ਰੌਸ਼ਨੀ ਪਾਉਂਦੇ ਹਨ। ਚਲੋ ਚੰਗੀ ਗੱਲ ਹੈ। ਪੇਪਰ ਛਪਦੇ ਹਨ ਤਾਂ
ਲੋਕਾਂ ਵਿਚ ਪੜ੍ਹਨ ਦੀ ਰੁਚੀ ਵੀ ਜਾਗਦੀ ਹੈ। ਭਵਿੱਖ ਵਿਚ ਇਥੋਂ ਦੀ
ਪਤਰਕਾਰੀ ਵਿਚ ਤਰੱਕੀ ਹੋ ਸਕਦੀ ਹੈ।
ਸਾਥੀ: ਸੁਹਣੀਆਂ ਗੱਲਾਂ ਹੋਈਆਂ ਇਸ ਗਲ ਬਾਤ ਦੌਰਾਨ।
ਚੰਦ: ਧੰਨਵਾਦ। ਤੁਸੀਂ ਕਿੰਨਾ ਕੁਝ ਕਢਵਾ ਲਿਆ ਮੇਰੇ ਕੋਲੋਂ।
(ਲੰਡਨ, 1987)
|