|
ਸਾਹਿਰ ਲੁਧਿਆਣਵੀ |
ਅੱਜ ਕਿਸੇ ਵੀ ਭਾਸ਼ਾ ਦੇ ਗੀਤਾਂ ਵਿੱਚ ਪਹਿਲਾਂ ਵਾਲੀ ਤਾਜਗੀ ਅਤੇ
ਗੰਭੀਰਤਾ ਨਹੀਂ ਰਹੀ । ਸ਼ਬਦਾਂ ਅਤੇ ਆਵਾਜ ਦੀ ਥਾਂ ਸਾਜਾਂ ਦੇ ਜੰਮਘਟ ਨੇ
ਲੈ ਲਈ ਹੈ । ਇੱਕ ਸਮਾਂ ਅਜਿਹਾ ਸੀ ਜਦ ਮੁੰਬਈ ਨਗਰੀ ਦੀਆਂ ਫਿਲਮਾਂ ਅਤੇ
ਗੀਤ-ਸੰਗੀਤ ਮਰਜ ਦੀ ਦੁਆ ਬਣਿਆਂ ਕਰਦਾ ਸੀ, ਪਰ ਅੱਜ ਦਾ ਧੂਮ ਧੜੱਕਾ ਮਰਜ
ਨੂੰ ਪੱਠੇ ਪਾ ਰਿਹਾ ਏ । ਹਸਰਤ ਜੈ ਪੁਰੀ, ਸ਼ਕੀਲ ਬਦਾਯੂਨੀ, ਇੰਦੀਵਰ,
ਸ਼ੈਲੇਦਰ, ਮਜਰੂਹ ਸੁਲਤਾਨ ਪੁਰੀ ਆਦਿ ਸ਼ਬਦਾਂ ਅਤੇ ਹਾਵਾਂ-ਭਾਵਾਂ ਦੇ
ਜਾਦੂਗਰ ਮੰਨੇ ਜਾਂਦੇ ਹਨ । ਇਹਨਾਂ ਦੇ ਨਾਲ ਹੀ ਇੱਕ ਹੋਰ ਨਾਅ ਦਾ ਜਿਕਰ
ਸੁਰਖੀਆਂ ਬਣਿਆਂ ਕਰਦਾ ਸੀ, ਉਹ ਸ਼ਾਇਰ ਸੀ ਸਾਹਿਰ ਲੁਧਿਆਣਵੀ । ਜਿਸ ਦਾ
ਪੂਰਾ ਅਤੇ ਮੁੱਢਲਾ ਨਾਅ ਅਬਦੁਲ ਸੀ ।
ਇਸ ਦੇ ਜਨਮ ਸਥਾਨ ਬਾਰੇ ਦੋ ਰਾਵਾਂ ਪ੍ਰਚੱਲਤ ਹਨ 8 ਮਾਰਚ 1921 ਨੂੰ
ਅਮੀਨਪੁਰ ਬਾਜਾਰ, ਲਾਇਲਪੁਰ ,ਫੈਸਲਾਬਾਦ ਪੰਜਾਬ (ਪਾਕਿਸਤਾਨ)ਵਿੱਚ ਹੋਇਆ
,ਦੂਸਰੇ ਮੱਤ ਅਨੁਸਾਰ ਲੁਧਿਆਣਾ ਪੰਜਾਬ ਵਿੱਚ ਜਾਗੀਰਦਾਰ ਚੌਧਰੀ ਫਜਲ
ਮੁਹੰਮਦ ਦੀ ਗਿਆਰਵੀਂ ਬੀਵੀ ਸਰਦਾਰ ਬੇਗਮ ਦੀ ਕੁੱਖੋਂ ਹੋਇਆ । ਅੱਬੂ ਦੇ
ਜੁਲਮੋ-ਸਿਤਮ ਅਤੇ 1934 ਵਿੱਚ ਹੋਰ ਨਿਕਾਹ ਕਰਨ ਸਦਕਾ, ਉਹ ਆਪਣੀ ਅੰਮੀ
ਜਾਂਨ ਨਾਲ ਉਹਦੀ ਉਂਗਲੀ ਫੜ ਮਾਮੂੰ ਜਾਨ ਕੋਲ ਨਾਨਕੇ ਪਿੰਡ ਜਾ ਵਸਿਆ ।
ਸਾਹਿਰ ਨੇ ਜੋ ਵੇਖਿਆ ਅਤੇ ਪਿੰਡੇ ਉੱਤੇ ਹੰਢਾਇਆ ਉਸਦੀ ਕਸਕ ਉਸਨੂੰ ਉਮਰ
ਭਰ ਕੁਰੇਦ ਦੀ ਰਹੀ ।
ਸਾਹਿਰ ਦੇ ਇਸ਼ਕ ਦੀ ਦਾਸਤਾਂ ਉਸਦੇ ਕਰੀਬੀ ਦੋਸਤ ਫੈਜ ਉਲ ਹਸਨ ਮੁਤਾਬਕ
ਤਪਦਿਕ ਨਾਲ ਮਰਨ ਵਾਲੀ ਪ੍ਰੇਮ ਚੌਧਰੀ ਤੋਂ ਸ਼ੁਰੂ ਹੁੰਦੀ ਹੈ । ਜਿਸ ਦੀ
ਯਾਦ ਵਿੱਚ ਸਾਹਿਰ ਨੇ ਮਰਘਟਾ ਨਜਮ ਲਿਖੀ । ਫਿਰ 1939 ਵਿੱਚ ਸਾਹਿਰ ਦੀ
ਜ਼ਿੰਦਗੀ ਵਿੱਚ ਈਸਰ ਕੌਰ ਨੇ ਦਸਤਕ ਦਿੱਤੀ । ਇਸ ਸਮੇ ਉਹ ਮਾਲਵਾ ਖਾਲਸਾ
ਹਾਈ ਸਕੂਲ ਦੀ ਪੜਾਈ ਮਗਰੋਂ ਸਰਕਾਰੀ ਕਾਲਜ ਲੁਧਿਆਣਾ ਦਾ ਵਿਦਿਆਰਥੀ ਸੀ ।
ਛੁੱਟੀਆਂ ਤੋਂ ਪਹਿਲਾਂ ਦੋਨੋ ਇਕਾਂਤ ਲੁਕਵੀਂ ਥਾਂ ਬੈਠੇ ਸਨ ਕਿ ਕਾਲਜ ਦੇ
ਮਾਲੀ ਨੇ ਵੇਖ ਕਿ ਸਾਰੀ ਗੱਲ ਪ੍ਰਿੰਸੀਪਲ ਨੂੰ ਦੱਸ ਦਿੱਤੀ । ਈਸਰ ਕੌਰ ਉਚ
ਸਟੇਟਸ ਦੇ ਪਰਿਵਾਰ ਵਿੱਚੋਂ ਸੀ, ਸਾਹਿਰ ਲੋਕਾਂ ਨੂੰ ਬੁਰਾਈਆਂ ਵਿਰੁੱਧ
ਲਾਮਬੰਦ ਕਰਿਆ ਕਰਦਾ ਸੀ, ਸਿੱਟੇ ਵਜੋਂ ਲੜਕੀ ਦੇ ਮਾਪਿਆਂ ਦੀ ਲੁਕਵੀ
ਦਖਲਅੰਦਾਜੀ ਨਾਲ ਦੋਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ । ਜਦ 1943
ਵਿੱਚ ਸਾਹਿਰ ਲਾਹੌਰ ਵਿਖੇ ਕਿਤਾਬ ਤਲਖੀਆਂ ਪ੍ਰਕਾਸ਼ਿਤ ਕਰਵਾਉਂਣ
ਹਿੱਤ ਗਿਆ ਤਾਂ ਪੈੜਾਂ ਨਪਦੀ ਈਸਰ ਕੌਰ ਵੀ ਮਗਰੇ ਜਾ ਪਹੁੰਚੀ । ਦੋਨੋ
ਇਕੱਠੇ ਰਹੇ । ਜਿੱਥੋਂ ਹੁਣ ਉਹ ਵਾਪਸ ਘਰ ਨਹੀਂ ਸੀ ਜਾ ਸਕਦੀ ਅਤੇ ਮੁੰਬਈ
ਪਹੁੰਚ ਕਿਸੇ ਜਾਣੂੰ ਨਾਲ ਸ਼ਾਦੀ ਕਰਵਾ ਲਈ । ਇਹਨਾਂ ਹਾਲਾਤਾਂ ਵਿੱਚ ਇਹਨਾਂ
ਸਤਰਾਂ ਦਾ ਜਨਮ ਹੋਇਆ,
ਯੂੰ ਅਚਾਨਕ ਤੇਰੀ ਆਵਾਜ ਕਹੀਂ ਸੇ ਆਈ ------------,
ਲਮਾ-ਲਮਾ ਤੇਰੀ ਖੁਸ਼ਬੂ ਸੇ ਮੁਅੱਤਰ ਗੁਜਰਾ
ਬਿਛੜ ਗਯਾ ਹਰ ਸਾਥੀ ਦੇ ਕਰ, ਪਲ ਦੋ ਪਲ ਕਾ ਸਾਥ----------,
ਹਮਨੇ ਤੋ ਜਬ ਕਲੀਆਂ ਮਾਂਗੀਂ, ਕਾਂਟੋਂ ਕਾ ਹਾਰ ਮਿਲਾ!
1940 ਵਿੱਚ ਸਾਹਿਰ ਪੜਾਉਂਦਾ ਸੀ ਅਤੇ ਅੰਮ੍ਰਿਤਾ ਪੱਤਰਕਾਰ ਵਜੋਂ ਕੰਮ
ਕਰਦੀ ਸੀ, ਸਾਹਿਰ ਨੂੰ ਕੁੱਝ ਨਾ ਕੁੱਝ ਲਿਖਦੀ ਰਹਿੰਦੀ ਸੀ, ਇੱਕ ਵਾਰ ਝੂਠ
ਬੋਲਣ ਕਰਕੇ ਪਿਤਾ ਤੋਂ ਥੱਪੜ ਵੀ ਖਾਣਾ ਪਿਆ । ਉਮਰ ਭਰ ਕੁਆਰਾ ਰਹਿਣ ਵਾਲਾ
ਸਾਹਿਰ ਲੰਬੀ ਖਤੋ-ਖਿਤਾਬਤ ਮਗਰੋਂ ਦਿੱਲੀ ਦੇ ਹੋਟਲ ਕਲਾਰਿਜ ਵਿੱਚ
ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ, ਸੰਖੇਪ ਜਿਹੀ ਗੱਲਬਾਤ ਦੌਰਾਂਨ ਕੋਈ ਨਹੀਂ
ਜਾਣਦਾ ਕਿ ਮਨ-ਮੁਟਾਵ ਕਿਓਂ ਹੋਇਆ ਅਤੇ ਦਿਲਾਂ ਵਿੱਚ ਦਰਦ ਸਾਂਭ ਸਦਾ ਸਦਾ
ਲਈ ਅਲੱਗ ਹੋ ਗਏ । ਉਧਰ ਗਾਇਕਾ ਸੁਧਾ ਮਲਹੋਤਰਾ ਨਾਲ ਵੀ ਪਿਆਰ ਦੀ ਬਾਜੀ
ਪੁੱਠੀ ਪੈ ਗਈ । ਪਰ ਗੁਰੂ ਦੱਤ ਦੁਆਰਾ ਨਿਰਦੇਸ਼ਤ ਦੇਵਾ ਆਨੰਦ ਦੀ ਫਿਲਮ
ਬਾਜੀ ਤੋਂ ਉਸ ਨੂੰ ਖੂਬ ਪ੍ਰਸਿੱਧੀ ਮਿਲੀ। ਜਿੱਥੇ ਉਸਦੀਆਂ ਕਾਵਿ ਪੁਸਤਕਾਂ
ਤਲਖੀਆਂ, ਆਓ ਕੋਈ ਖਵਾਬ ਬੁਨੇ, ਗਾਤਾ ਜਾਏ ਵਣਜਾਰਾ ਅਤੇ ਪਰਛਾਈਆਂ ਨੇ
ਅਮਿੱਟ ਪ੍ਰਛਾਵੇਂ ਬਣਾਏ, ਉੱਥੇ ਹਮਰਾਜ, ਹਮਦੋਨੋ, ਸ਼ਗੁਨ, ਗਜਲ, ਨੀਲ ਕਮਲ,
ਬਰਸਾਤ ਕੀ ਰਾਤ, ਪਿਆਸਾ, ਚਿੱਤਰਲੇਖਾ, ਸਾਧਨਾ, ਕਭੀ ਕਭੀ ਵਰਗੀਆਂ ਲਾ
ਜਵਾਬ ਫਿਲਮਾਂ ਦੇ ਗੀਤਾਂ ਨੇ ਬਾਦਸ਼ਾਹਤ ਦੇ ਝੰਡੇ ਗੱਡੇ । ਉਸ ਦੇ ਇਹਨਾਂ
ਗੀਤਾਂ ਨੂੰ ਭਲਾ ਕੋਈ ਭੁਲਾ ਸਕਦਾ ਹੈ ;-
* ਯੇਹ ਦੇਸ਼ ਹੈ ਵੀਰ ਜਵਾਨੋ ਕਾ,
* ਜੀਨੇ ਵਾਲੋਂ ਕੇ ਲੀਏ ਲਾਖ ਬਹਾਨੇ ਹੈ,
* ਚੀਨੋਂ ਅਰਬ ਹਮਾਰਾ, ਹਿੰਦੋਸਤਾਂ ਹਮਾਰਾ,
* ਰਾਤ ਜਿਤਨੀ ਭੀ ਸੰਗੀਨ ਹੋਗੀ, ਸੁਬਾਹ ਉਤਨੀ ਹੀ ਹੁਸੀਨ ਹੋਗੀ,
* ਹਮ ਇੰਤਜਾਰ ਕਰੇਂਗੇ ਕਿਆਮਤ ਤੱਕ,
* ਜ਼ਿੰਦਗੀ ਭਰ ਨਹੀਂ ਭੂਲੇਗੀ ਵੋਹ ਬਰਸਾਤ ਕੀ ਰਾਤ,
* ਜੋ ਵਾਅਦਾ ਕੀਆ ਵੋਹ ਨਿਭਾਨਾ ਪੜੇਗਾ,
* ਮਤਲਬ ਨਿਕਲ ਗਿਆ ਤੋ ਪਹਿਚਾਨਤੇ ਨਹੀਂ,
* ਬਾਬੁਲ ਕੀ ਦੁਆਏਂ ਲੇਤੀ ਜਾ ।
ਇਨਕਲਾਬੀ ਵਿਚਾਰਾਂ ਦੇ ਸ਼ਾਇਰ ਸਾਹਿਰ ਨੇ ‘ਅਦਬ ਏ ਲਤੀਫ ਅਤੇ ਅੰਬ ਦੇ
ਲਤੀਵੇ, ਸ਼ਾਹਕਾਰੂ, ਸਵੇਰ ਦੀ ਸੰਪਾਦਨਾ ਵੀ ਕੀਤੀ । ਪ੍ਰੀਤਲੜੀ
ਵਿੱਚ ਵੀ 1948 ਸਮੇ ਕੰਮ ਕੀਤਾ। ਵੰਡ ਸਮੇ ਉਹ ਪਾਕਿਸਤਾਨ ਨਹੀਂ ਗਿਆ,
ਭਾਵੇਂ ਰਿਸ਼ਤੇਦਾਰ ਚਲੇ ਗਏ ਸਨ । ਮਹਾਂਰਾਸ਼ਟਰ ਵਿੱਚ ਸਾਹਿਰ ਕੁੱਝ ਸਮਾਂ
ਕਾਰਜਕਾਰੀ ਮੈਜਿਸਟ੍ਰੇਟ ਵੀ ਰਿਹਾ ਅਤੇ ਉੱਥੇ ਕਈ ਸਥਾਨਾਂ ਦਾ ਨਾਅ ਉਹਨਾਂ
ਦੇ ਨਾਅ ਨਾਲ ਜੋੜ ਕੇ ਵੀ ਰੱਖਿਆ ਗਿਆ ਹੈ । ਗੀਤਕਾਰ ਵਜੋਂ 1958 ਵਿੱਚ
ਫਿਲਮ ਫੇਅਰ ਐਵਾਰਡ ਔਰਤ ਨੇ ਜਨਮ ਦੀਆ ਮਰਦੋਂ ਕੋ (ਸਾਧਨਾ) ਲਈ ਉਸ
ਨੂੰ ਨੌਮੀਨੇਟਿਡ ਕੀਤਾ ਗਿਆ । ਜੋ ਵਾਦਾ ਕੀਆ ਵੋਹ ਨਿਭਾਨਾ ਪੜੇਗਾ (ਤਾਜ
ਮਹਿਲ) ਫਿਲਮ ਵਾਲੇ ਗੀਤ ਲਈ 1964 ਵਿੱਚ ਫਿਲਮ ਫੇਅਰ ਸਨਮਾਨ ਮਿਲਿਆ ।
ਪਦਮਸ਼੍ਰੀ ਐਵਾਰਡ 1971 ਨੂੰ ਉਸਦੇ ਹਿੱਸੇ ਆਇਆ ਅਤੇ 1977 ਵਿੱਚ ਫਿਰ
ਫਿਲਮ ਫੇਅਰ ਐਵਾਰਡ ਕਭੀ ਕਭੀ ਮੇਰੇ ਦਿਲ ਮੇ ਖਿਆਲ ਆਤਾ ਹੈ (ਕਭੀ ਕਭੀ) ਲਈ
ਦਿੱਤਾ ਗਿਆ ।
ਗਰੀਬਾਂ ਅਤੇ ਔਰਤ ਜਾਤੀ ਬਾਰੇ ਬਹੁਤਾ ਜਾਗਰਿਤ ਰਹਿਣ ਵਾਲਾ, ਸਮਾਜਿਕ
ਨਾ ਬਰਾਬਰੀਆਂ ਦੇ ਸੇਕ ਨਾਲ ਵਲੂੰਧਰਿਆਂ ਸਾਹਿਰ ਆਪਣੀਆਂ ਹੀ ਇਹਨਾਂ ਸਤਰਾਂ
ਵਾਂਗ 25 ਅਕਤੂਬਰ 1980 ਨੂੰ ਯਾਦਾਂ ਦਾ ਗੁਲਦਸਤਾ ਛੱਡ ਆਪਣੇ ਦੋਸਤ ਡਾਕਟਰ
ਆਰ ਪੀ ਕਪੂਰ ਦੀਆਂ ਬਾਹਾਂ ਵਿੱਚ ਦਿਲ ਦਾ ਦੌਰਾ ਪੈਣ ਸਦਕਾ 59 ਵਰਿਆਂ ਦੀ
ਉਮਰ ਬਿਤਾ ਕੇ ਮੁੰਬਈ ਵਿੱਚ ਸਦਾ ਸਦਾ ਲਈ ਅਦਿਖ ਦੁਨੀਆਂ ਦਾ ਵਾਸੀ ਬਣ ਗਿਆ
। ਸੌ ਵਾਰ ਉਹਦਾ ਨਾਅ ਲਿਖਣ ਵਾਲੀ ਅੰਮ੍ਰਿਤਾ ਨੇ ਕਿਹਾ ਕੋਈ ਹੋਰ ਸਾਹਿਰ
ਪੈਦਾ ਨਹੀਂ ਹੌ ਸਕਦਾ।
ਉਹਦੀ ਇਹ ਗੱਲ ਸੱਚ ਹੈ, ਸੱਚ ਰਹੇਗੀ ।
ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ,
ਜਿਸਮ ਮਿਟ ਜਾਨੇ ਸੇ, ਇਨਸਾਨ ਨਹੀਂ ਮਿਟ ਜਾਤੇ,
ਧੜਕਨੇ ਰੁਕਨੇ ਸੇ, ਅਰਮਾਂਨ ਨਹੀਂ ਮਿਟ ਜਾਤੇ,
ਹੋਂਠ ਸਿਲ ਜਾਨੇ ਸੇ ,ਐਲਾਨ ਨਹੀਂ ਰੁਕ ਜਾਤੇ ।
ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ ਸੰਪਰਕ;98157-07232
|