‘ਮਾਂ’ ਸਨੇਹ ਅਤੇ ਮੋਹ ਦੀਆਂ ਤੰਦਾਂ ਨਾਲ ਗੁੰਨ੍ਹਿਆਂ ਇੱਕ ਸੰਸਾਰ ਹੈ।
ਇਸ ਦੀ ਬੁਣਤੀ ਨੂੰ ਮਾਂ ਬਣ ਕੇ ਹੀ ਸਮਝਿਆ ਜਾ ਸਕਦਾ ਹੈ। ਜਦੋਂ ਪਤਾ ਚੱਲੇ
ਕਿ ਆਪਣੀ ਜਨਮ ਜਨਨੀ ਮਾਂ ਜੀਵਨ-ਮੌਤ ਦੇ ਮੌੜ ‘ਤੇ ਖੜ੍ਹੀ ਹੈ, ਤਾਂ ਇਹ
ਖ਼ਬਰ ਕਿਸੇ ਵੀ ਪ੍ਰਵਾਸੀ ਔਲਾਦ ਨੂੰ ਝੰਜੋੜ ਦੇਣ ਲਈ ਕਾਫ਼ੀ ਹੈ। ਇਹ ਖ਼ਬਰ
ਹੌਲ ਪਾ ਦੇਂਦੀ ਹੈ ਕਿ ਕਿਸ ਘੜ੍ਹੀ ਉਡ ਕੇ ਮਾਂ-ਪਿਓ ਕੋਲ ਅੱਪੜ ਜਾਈਏ।
ਵਿਦੇਸ਼ਾਂ ਵਿੱਚ ਵਸਦੇ ਪੁੱਤ ਅਤੇ ਧੀਆਂ ਭਾਵੇਂ ਤੇਜ਼ ਰਫ਼ਤਾਰ ਦੌੜ ਰਹੀ
ਜਿ਼ੰਦਗੀ ਨਾਲ ‘ਮਸ਼ੀਨ’ ਬਣ ਦੌੜ ਰਹੇ ਹੋਣ, ਪਰ ਜਿ਼ੰਦਗੀ ਦੇ ਬਚਪਨ ਵਾਲੇ
ਹਿੱਸੇ ਦੀਆਂ ਯਾਦਾਂ ਪ੍ਰਵਾਸੀਆਂ ਨੂੰ ਆਪਣੀ ਬੁੱਕਲ ਵਿੱਚ ਲੈ ਅਕਸਰ
‘ਮਮਤਾ’ ਨਾਲ ਪਲੋਸਦੀਆਂ ਹਨ। ਵੈਸੇ ਤਾਂ ਵਿਦੇਸ਼ ਤੋਂ ਦੇਸ਼ ਵਿੱਚ ਆਉਣਾ
ਅੱਜ-ਕੱਲ੍ਹ ਕੋਈ ਵੱਡਾ ਮਸਲਾ ਨਹੀਂ ਹੈ, ਪ੍ਰੰਤੂ ਇਸ 'ਕੋਰੋਨਾ' ਅਤੇ
ਲੌਕਡਾਊਨ ਦੇ ਭਿਆਨਕ ਸਮੇਂ ਵਿੱਚ ਇਹ ਮਜਬੂਰੀ ਨੂੰ ਹਊਆ ਬਣਾ ਕੇ
ਡਰਾਉਂਦਾ ਹੈ।
“ਬੀਬੀ ਜੀ...!” ਆਪਣੀ ਮਾਂ ਨੂੰ ਮੈਂ ਜੱਫੇ ਵਿੱਚ
ਲੈ ਲਿਆ। ਕਾਫ਼ੀ ਮੁਸ਼ੱਕਤਾਂ ਤੋਂ ਬਾਅਦ ਮੈਂ ਭਾਰਤ ਆਣ ਵਿੱਚ ਸਫ਼ਲ ਹੋ
ਸਕੀ। ਆਪਣੀ ਮਾਂ ਨੂੰ ਅਸੀਂ ਚਾਰੇ ਬੱਚੇ ਸ਼ੁਰੂ ਤੋਂ ‘ਬੀਬੀ ਜੀ’ ਹੀ
ਪੁਕਾਰਦੇ ਹਾਂ।
“ਆ ਗਈ ਧੀਏ...!” ਮਾਂ ਨੇ ਮੇਰੀ ਅਵਾਜ਼ ਪਹਿਚਾਣ
ਕੇ ਕਿਹਾ। ਮਾਂ ਨੇ ਆਪਣੇ ਨਿਰਬਲ ਸਰੀਰ ਨਾਲ ਪੂਰਾ ਤਾਣ ਲਾ ਮੈਨੂੰ ਆਪਣੀ
ਛਾਤੀ ਨਾਲ ਲਾ ਲਿਆ। ਮੇਰੇ ਅੰਦਰ ਵੀ ‘ਮਾਂ ਵਾਲੀ ਮਮਤਾ’ ਉਮੜ ਪਈ, ਕਿਉਂਕਿ
ਬਿਮਾਰ ਬੁੱਢੀ ਮਾਂ ਮੈਨੂੰ ਇੱਕ ਓਦਰੇ ਬੱਚੇ ਵਾਂਗ ਹੀ ਜਾਪ ਰਹੀ ਸੀ।
ਮੈਂ ਮਾਂ ਨੂੰ ਚੁੰਮਿਆ। ਮਾਂ ਬੜੀ ਦੇਰ ਤੱਕ ਕਮਜ਼ੋਰ ਹੱਥਾਂ ਨਾਲ
ਮੈਨੂੰ ਪਲੋਸਦੀ ਰਹੀ। ਜਿਸ ਮਾਂ ਨੂੰ ਮੈਂ ਸਾਰੀ ਉਮਰ ਬੁਲੰਦ ਹੌਂਸਲੇ ਵਾਲੀ
ਅਤੇ ਚੜ੍ਹਦੀ ਕਲਾ ਵਿੱਚ ਵੇਖਿਆ ਸੀ, ਉਸ ਨੂੰ ‘ਕੈਂਸਰ ਦੀ ਕੁਲਹਿਣੀ
ਬਿਮਾਰੀ’ ਨਾਲ ਜੂਝਦੇ ਵੇਖ, ਮਨ ਨੂੰ ਬਹੁਤ ਹੌਲ ਪੈ ਰਿਹਾ ਸੀ। ਮੈਂ ਤਿੱਨ
ਸਾਲ ਪਹਿਲਾਂ ਜਦ ਭਾਰਤ ਦੇਸ਼ ਆਈ ਸੀ, ਓਦੋਂ ਮਾਂ ਨਾਲ ਆਪਣੇ ਭਤੀਜੇ
ਗੁਰਦੀਪ ਦੀ ਪਾਰਟੀ ‘ਤੇ ਗਿੱਧਾ ਭੰਗੜਾ ਵੀ ਪਾਇਆ ਸੀ। ਮੇਰੇ ਪ੍ਰਦੇਸੀ ਹੌਣ
ਕਾਰਣ ਪੇਕਾ ਪ੍ਰੀਵਾਰ ਮੈਨੂੰ ਜਿ਼ਆਦ਼ਾ ਕੁਝ ਮਾਂ ਦੀ ਤਬੀਅਤ ਬਾਰੇ ਦੱਸਦਾ
ਵੀ ਨਹੀਂ ਸੀ। ‘ਕਰੋਨਾ’ ਦਾ ਮਾਹੌਲ ਹੋਣ ਕਾਰਨ ਵੀ ਮਾਂ ਆਪਣਾ ਦੁੱਖ ਨਹੀਂ
ਸੀ ਫ਼ਰੋਲਦੀ ਕਿ ਮੈਂ ਆਪਣੇ ਬੱਚਿਆਂ ਨਾਲ ਆਪਣੇ ਘਰ ਹੀ ਢਕੀ ਰਹਿ ਕੇ
ਸੁਰੱਖਿਅਤ ਰਹਾਂ।
“ਸਤਨਾਮ, ਮਾਂ ਕੋਲ ਜਿ਼ਆਦਾ ਸਮਾਂ ਨਹੀਂ ਹੈ,
ਮੈਂ ਆਗਰੇ ਗਈ ਸੀ ਮਾਂ ਨੂੰ ਮਿਲਣ, ਤੂੰ ਵੇਖ, ਕਦੋਂ ਤੱਕ ਆ ਸਕਦੀ ਹੈਂ?”
ਮੇਰੀ ਵੱਡੀ ਭੈਣ ਜੀ ਨੇ ਮੈਨੂੰ ਭਰੇ ਗਲੇ ਦੀ ਉਦਾਸ ਅਵਾਜ਼ ਨਾਲ ਦੱਸ ਮੇਰੇ
‘ਦਰਦ’ ਦਾ ਪ੍ਰਨਾਲਾ ਖੌਲ੍ਹ ਦਿੱਤਾ।
“..............ਮਾਂ...!”
ਮੇਰੇ ਤੋਂ ਵੀ ਕੁਝ ਬੋਲਿਆ ਨਾ ਗਿਆ। ਜਿਵੇਂ ਸਾਰੇ ਸਰੀਰ ਦਾ ਪਾਣੀ ਗਲੇ
ਅਤੇ ਅੱਖਾਂ ਵਿੱਚ ਉਤਰ ਆਇਆ ਹੋਵੇ। ਮੈਨੂੰ ਬੇਚੈਨੀ ਲੱਗ ਗਈ। ਮਨ ਦੇ ਕਿਸੇ
ਕੋਨੇ ਵਿੱਚ ਦੱਬਿਆ, 4 ਅਪ੍ਰੈਲ 2008 ਦੀਆਂ ‘ਅਣਫ਼ਰੋਲੀਆਂ ਯਾਦਾਂ’ ਕਿਸੇ
ਗਰਮ ਲਾਵੇ ਵਾਂਗ ਅੰਦਰੋ ਫੁੱਟ ਕੇ, ਮੇਰੇ ਸਿਰ ਤੋਂ ਪੈਰਾਂ ਤੱਕ ਮੈਨੂੰ
ਝੁਲਸ ਗਈਆਂ। ਕਿਸੇ ਵੀ ਪ੍ਰਵਾਸੀ ਲਈ ਸਭ ਤੋਂ ਵੱਡਾ ਦੁੱਖ ਓਦੋਂ ਹੁੰਦਾ
ਹੈ, ਜਦ ਉਹ ਆਪਣੇ ਮਾਪਿਆਂ ਦੇ ਅੰਤਿਮ ਸਮੇਂ ਆਪਣੀ ਹਾਜ਼ਰੀ ਕਿਸੇ
ਮਜ਼ਬੂਰੀ-ਵੱਸ ਨਾ ਲਾ ਸਕੇ। ਮੇਰੇ ਮਨ ਉਤੇ ਵੀ ਆਪਣੇ ‘ਪਾਪਾ ਜੀ’ ਦੇ
ਅੰਤਿਮ ਸਮੇਂ ਦਰਸ਼ਣ ਨਾ ਕਰ ਪਾਉਣ ਦਾ ਬੋਝ ਮੇਰੇ ਅਖੀਰਲੇ ਸਾਹ ਤੱਕ
ਰਹੇਗਾ। ਭਾਰਤ ਦੇਸ਼ ਛੱਡਣ ਵੇਲੇ ਮੈਂ ਪਾਪਾ ਜੀ ਨੂੰ ਮਿਲੀ ਤਾਂ ਉਨ੍ਹਾਂ
ਨੂੰ ਜਲਦੀ ਮੁੜ ਮਿਲਣ ਦਾ ਕਹਿ ਕੇ ਜਹਾਜ਼ ਚੜ੍ਹ ਆਈ ਸੀ। ਜਦੋਂ ਮੈਂ
ਵਿਦੇਸ਼ ਵਿੱਚ ‘ਪੱਕੇ’ ਹੋਣ ਦੀ ਚੱਕੀ ਪੀਹ ਰਹੀ ਸੀ, ਉਸ ਦਰਮਿਆਨ ਪਾਪਾ ਜੀ
ਆਪਣੇ ਸਾਹਾਂ ਦੇ ਸਫ਼ਰ ਨੂੰ ਪੂਰਾ ਕਰ, ਉਸ ਜਹਾਜ਼ ‘ਤੇ ਜਾ ਚੜ੍ਹੇ, ਜਿਥੋਂ
‘ਮੁੜ ਮਿਲਣ’ ਦੀ ਬਾਤ ਨਹੀਂ ਪਾਈ ਜਾਂਦੀ।
ਪਾਪਾ ਜੀ ਨਾਲ ਹਰ
ਐਤਵਾਰ ਨੂੰ ਗੱਲ ਹੋਣਾਂ ਇੱਕ ਨਿਯਮ ਹੀ ਬਣ ਗਿਆ ਸੀ। 4 ਅਪ੍ਰੈ਼ਲ ਵੀਰਵਾਰ
ਦੀ ਸਵੇਰ ਪਾਪਾ ਜੀ ਕਰੀਬ ਚਾਰ ਵਜੇ ਉਠੇ ਸੀ, ਜੋ ਕਿ ਮਾਂ ਨੇ ਦੱਸਿਆ ਸੀ।
ਪਾਪਾ ਜੀ ਕਮਰੇ ਤੋਂ ਬਾਹਰ ਆਏ। ਸ਼ਾਇਦ ਆਪਣੀ ਮਿਹਨਤ ਦੀ ਕਮਾਈ ਨਾਲ ਉਸਾਰੇ
ਕਾਰੋਬਾਰ ਅਤੇ ਹਵੇਲੀ ਦੇ ਦੂਰ ਤੱਕ ਹੋਏ ਵਿਸਥਾਰ ਨੂੰ ਵੇਖਿਆ ਹੋਣਾਂ,
“ਚਲੋ! ਆਪਣੀ ਔਲਾਦ ਲਈ ਬੜਾ ਕੁਝ ਬਣਾ ਦਿੱਤਾ!” ਫੇ਼ਰ ਮੁੜ ਕਮਰੇ ਵਿੱਚ ਆ
ਗਏ, ਸ਼ਾਇਦ ਆਪਣੀ ਜੀਵਨ-ਸਾਥਣ ਸਵਰਨ ਕੌਰ ਨੂੰ ਦੇਖਿਆ ਹੋਣਾ ਕਿ ‘ਆਹ
‘ਜਿ਼ੰਦਗੀ ਦਾ ਸਫ਼ਰ’ ਤੇਰੇ ਨਾਲ ਸੋਹਣਾ ਨਿਭ ਗਿਆ, ਅੱਜ ਤੋਂ ਬਾਅਦ ਤੇਰਾ
ਸਫ਼ਰ ਬੱਚਿਆਂ ਨਾਲ ਇਕੱਲੇ ਕੱਟਣਾਂ ਹੈ। ਤੁਹਾਡੇ ਸਭਨਾ ਲਈ ਬਥੇਰਾ ਕੁਝ
ਛੱਡ ਚਲਿਆ ਹਾਂ!’ ਜਿਵੇਂ ਦਾ ਪਾਪਾ ਜੀ ਦਾ ਸ਼ਾਂਤ ਸੁਭਾਅ ਸੀ, ਓਵੇਂ ਹੀ
ਸ਼ਾਂਤੀ ਨਾਲ ‘ਸਦੀਵੀ ਨੀਂਦ’ ਸੌਂ ਗਏ ਅਤੇ ਫੇ਼ਰ ਮੁੜ ਨਹੀਂ ਉਠੇ। ਇਹ
ਬ੍ਰਿਤਾਂਤ ਮੈਨੂੰ ਫ਼ੋਨ ‘ਤੇ ਦੱਸਿਆ ਗਿਆ। ਪਰ ਮੇਰੇ ਵਿਦੇਸ਼ ਵਿੱਚ ਰਹਿਣ
ਦੇ ‘ਪੱਕੇ ਕਾਗਜ਼’ ਨਹੀਂ ਸਨ ਬਣੇ। ਮੈਨੂੰ ਅੱਜ ਵੀ ਇਸ ਮਜਬੂਰੀ ਦਾ ਮਲਾਲ
ਹੈ।
ਮਾਂ ਦੇ ਬਿਮਾਰ ਹੋਣ ‘ਤੇ ਮੈਂ ਹੁਣ ਕਿਸੇ ‘ਮਜਬੂਰੀ’ ਦੇ
ਪਹਾੜ ਥੱਲੇ ਨਹੀਂ ਦੱਬਣਾ ਚਾਹੁੰਦੀ ਸੀ, ਇਸ ਲਈ ਮਾਰਚ 2020 ਨੂੰ ਮੈਂ
ਭਾਰਤ ਜਾਣ ਦੀ ਪੂਰੀ ਤਿਆਰੀ ਕਰ ਲਈ। ਮੇਰਾ ਸੂਟ ਕੇਸ ਪੈਕ ਸੀ। ਸਵੇਰੇ
ਸਾਢੇ ਪੰਜ ਵਜੇ ਫ਼ਲਾਈਟ ਵਾਸਤੇ ਘਰੋਂ ਤੁਰਨਾ ਸੀ। ਰਾਤ ਅਚਾਨਕ
‘ਵਾਟਸਐਪ’ ਉਤੇ ਟਣਾ-ਟਣ ਕਈ ਸਾਰੇ ਸੁਨੇਹੇਂ ਆ ਗਏ। ਮੈਂ ਵੀ ਸੌਂ ਨਹੀਂ ਸੀ
ਰਹੀ, ਇਸ ਲਈ ਫ਼ੋਨ ਚੈੱਕ ਕਰ ਲਿਆ।
‘ਕਰੋਨਾ’ ਦੇ ਤੇਜ਼ੀ ਨਾਲ
ਫੈ਼ਲਣ ਕਾਰਨ, ਰਾਤ ਬਾਰ੍ਹਾਂ ਵਜੇ ਤੋਂ ‘ਲੌਕਡਾਉਨ’ ਲੱਗ ਗਿਆ!!!.....ਜੋ
ਜਿੱਥੇ ਹੈ, ਉਥੇ ਹੀ ਰੁਕ ਜਾਏ! ਸੜਕਾਂ ਉਤੇ ਗੱਡੀਆਂ ਅਤੇ ਅਕਾਸ਼ ਵਾਲੇ
ਜਹਾਜ਼!! ਇਸ ਖ਼ਬਰ ਨਾਲ ਹੀ ਚੜ੍ਹਦੀ ਸਵੇਰ ਦੀ ਸਾਰੀ ਦੁਨੀਆਂ ਥੰਮ੍ਹ ਗਈ।
ਨਾਲ-ਨਾਲ ਹੀ ਸਾਰੇ ਸੰਸਾਰ ਦੇ ਲੋਕਾਂ ਦੇ ਸਾਹ ਵੀ ਜਿਵੇਂ ਥੰਮ੍ਹ ਜਿਹੇ
ਗਏ। ਕੀ ਹੈ ਆਹ ‘ਕਰੋਨਾ’? ਲੌਕਡਾਊਨ ਕੀ ਹੁੰਦਾ ਹੈ? ਖ਼ਬਰਾਂ
ਨੇ ਦਿਮਾਗ ਨੂੰ ‘ਬਲੌਕ’ ਕਰ ਦਿੱਤਾ। ਮੈਂ ਘਬਰਾ ਕੇ ਆਪਣੀ ਮਾਂ ਨੂੰ ਫ਼ੋਨ
ਮਿਲਾ ਕੇ ਉਸ ਦੀ ਅਵਾਜ਼ ਸੁਣੀ, ਫ਼ੇਰ ਦੱਸਿਆ ਕਿ ਮੇਰੀ ਫ਼ਲਾਈਟ
ਰੱਦ ਹੋ ਗਈ ਹੈ, ਕੁਝ ਦਿਨ ਤੱਕ ਸਭ ਠੀਕ ਹੋ ਜਾਏਗਾ, ਜਲਦੀ ਆਵਾਂਗੀ। ਮਾਂ
ਨੇ ਕਿਹਾ, ‘ਬੇਟਾ ਕੋਈ ਨੀ ਅਗਲੇ ਮਹੀਨੇ ਆ ਜਾਵੀਂ!’ ਸਾਰੀ ਦੁਨੀਆਂ ਆਪਣੇ
ਘਰਾਂ ਵਿੱਚ ਕੈਦ ਹੋ ਗਈ! ਅਜ਼ੀਬ ਮਾਹੌਲ ਵਿੱਚ ਮੌਤ ਦਾ ਤਾਂਡਵ ਕਰਦੀਆਂ
ਖ਼ਬਰਾਂ!! ਕਿਸ ਨੂੰ ਪਤਾ ਸੀ ਕਿ ਮਨਹੂਸ ‘ਕਰੋਨਾ’ ਸਾਰੀ ਦੁਨੀਆਂ ‘ਤੇ
ਕਹਿਰ ਬਣ ਕੇ ਟੁੱਟੇਗਾ??
.....ਮਾਂ ਮੈਨੂੰ ਦੁਲਾਰਦੀ ਹੋਈ ਸਾਰੇ
ਪ੍ਰੀਵਾਰ ਦਾ ਹਾਲ ਚਾਲ ਪੁੱਛ ਰਹੀ ਸੀ। ਚਾਹ-ਪਾਣੀ ਪੀ ਕੇ ਮੈਂ ਮਾਂ ਦੇ
ਕੋਲ ਮੰਜੇ ‘ਤੇ ਬੈਠ ਗਈ। ਪਰ ਮਾਂ ਜਿ਼ਆਦਾ ਨਹੀਂ ਬੋਲ ਰਹੀ ਸੀ, ਉਸ ਦੀ
ਮਨੋ-ਸਥਿਤੀ ਸਥਿਰ ਨਹੀਂ ਸੀ ਲੱਗਦੀ। ਰੋਜ਼ ਨਾਸ਼ਤੇ ਤੋਂ ਰਾਤ ਦੇ ਖਾਣੇ
ਤੱਕ ਭਾਬੀਆਂ ਵੰਨ-ਸੁੰਵਨੇ ਪਕਵਾਨ ਬਣਾ ਕੇ, ਮੈਨੂੰ ਆਪਣੇ-ਆਪਣੇ ਚਾਅ-ਮਲਾਰ
ਦਾ ਸਬੂਤ ਦੇ ਰਹੀਆਂ ਸਨ। ਦੁਪਹਿਰ ਨੂੰ ਮੈਂ ਮਾਂ ਦੇ ਬੈੱਡ ਨਾਲ
ਵਿਛੇ ਵੱਡੇ ਨੰਵਾਰ ਦੇ ਮੰਜੇ ਉਤੇ ਪੈ ਜਾਣਾ। ਰਾਤ ਵੀ ਮਾਂ ਦੇ ਕਮਰੇ ਵਿੱਚ
ਹੀ ਪੈਣਾ। ਮੈਂ ਹੌਲੀ-ਹੌਲੀ ਕੁਝ ਨਾ ਕੁਝ ਮਾਂ ਨਾਲ ਗੱਲ ਛੇੜ ਲੈਣੀ,
“....ਮਾਂ...ਆਪਣੇ ਬਚਪਨ ਬਾਰੇ ਕੁਝ ਦੱਸੋ?” ਹਾਲਾਂਕਿ ਮੈਂ ਥੋੜਾ ਬਹੁਤ
ਸੁਣਿਆ ਸੀ। ਪਰ ਅੱਜ ਸੁਨਣ ਪਿੱਛੇ ਹੋਰ ਮਕਸਦ ਸੀ।
“ਮੈਂ ਹੋਣੀਂ
ਕੋਈ ਨੌਂ ਕੁ ਸਾਲਾਂ ਦੀ, ਜਦੋਂ ਦੇਸ਼ ਦੀ ਵੰਡ ਹੋਈ ਸੀ। ਆਪਣੇ ਮਾਂ-ਪਿਓ
ਨਾਲ ‘ਪਾਕਿਸਤਾਨ’ ਤੋਂ ਭਾਰਤ ਆਈ ਸੀ!” ਮਾਂ ਨੇ ਆਪਣੀ ਸਾਰੀ ਉਮਰ ਵਿੱਚੋਂ
ਪਾਕਿਸਤਾਨ ਵਾਲੀ ਯਾਦਾਂ ਦੀ ਪਟਾਰੀ ਹੀ ਫ਼ਰੋਲੀ। ਇਸ ਗੱਲ ਨਾਲ ਮੈਨੂੰ
ਥੋੜਾ ਝਟਕਾ ਜਿਹਾ ਲੱਗਿਆ।
“ਮਾਂ, ਤੁਹਾਨੂੰ ਪਾਕਿਸਤਾਨ ਦੀਆਂ
ਕਿਹੜੀਆਂ ਯਾਦਾਂ ਅਜੇ ਵੀ ਯਾਦ ਹਨ?” ਮੈਂ ਵੀ ਮਾਂ ਦੇ ਪਾਕਿਸਤਾਨ ਦੀਆਂ
ਯਾਦਾਂ ਦੀ ਰਾਹੀ ਬਣ ਨਾਲ ਤੁਰ ਪਈ।
“ਸ਼ਾਇਦ ਛੋਟੀ ਉਮਰ ਦੀਆਂ
ਯਾਦਾਂ ਜਿ਼ਹਨ ‘ਚ ਵਸ ਜਾਂਦੀਆਂ ਨੇ! ....ਜਾਂ ਫ਼ੇਰ ਸ਼ਾਇਦ ਪਾਕਿਸਤਾਨ
ਬਣਨ ਕਾਰਨ ਓਹ ਸਾਰਾ ‘ਕਾਂਡ’ ਦਿਮਾਗ ਵਿੱਚ ਛਪ ਗਿਆ ਸੀ ਅਤੇ ਆਪਣੀ
ਜਿ਼ੰਦਗੀ ਦੇ ਸਫ਼ਰ ਵਿੱਚ ਹਜ਼ਾਰਾਂ ਵਾਰ ਸੁਣਾਇਆ ਵੀ ਸੀ ....ਮੇਰੇ
ਨਿੱਕੇ-ਨਿੱਕੇ ਜਿਹੇ ਪੈਰਾਂ ਦੀ ਛਾਪ ‘ਪਾਕਿਸਤਾਨ’ ਦੀ ਮਿੱਟੀ ਵਿੱਚ ਅਜੇ
ਵੀ ਜਰੂਰ ਕਿਤੇ ਹੋਣੀ ਹੈ, ਤਾਂ ਹੀ ਮੇਰੇ ਜਿ਼ਹਨ ਵਿੱਚ ‘ਆਪਣੀ ਜਨਮ ਭੂਮੀ’
ਦੀ ਭਾਵਨਾ ਜਾਗ ਉਠਦੀ ਹੈ!” ਮਾਂ ਦੀ ਇਸ ਗੱਲ ਨੂੰ ਮੈਂ ਵੀ ਸਵੀਕਾਰਦੀ ਹਾਂ
ਕਿਉਂਕਿ ਮੈਂ ਭਾਵੇਂ ਇੰਗਲੈਂਡ ਵਿੱਚ ਵਸਦੀ ਹਾਂ, ਪਰ ਆਪਣੇ ਕਈ
‘ਡਾਕੂਮੈਂਟਸ’ ਵਿੱਚ ਮੈਂ ‘ਬਰਥ-ਪਲੇਸ’ ਦੀ ਥਾਂ ‘ਤੇ ‘ਇੰਡੀਆ’ ਭਰਦੀ ਹਾਂ,
ਉਦੋਂ ਆਪਣੀ ਧਰਤੀ ਤੋਂ ਵਿਛੋੜੇ ਦਾ ਅਹਿਸਾਸ ਜ਼ਰੂਰ ਆ ਜਾਂਦਾ ਹੈ। ਮਾਂ
ਸਹਿਜੇ-ਸਹਿਜੇ ਯਾਦਾਂ ਦੀਆਂ ਗੰਢਾਂ ਨੂੰ ਖੋਲ੍ਹਣ ਲੱਗ ਪਈ....
“ਸਵਰਨੋ, ਨੀ ਕੁੜ੍ਹੇ ਚੱਲ ਅੰਦਰ ਆ, ਤੇਰਾ ਪਿਓ ਆਣ ਆਲਾ ਏ!” ਮੇਰੀ ਮਾਂ
ਦਾ ਨਾਮ ਸਵਰਨ ਕੌਰ ਹੈ। ਮੇਰੀ ਮਾਂ ਨੂੰ ਉਸ ਦੀ ਮਾਂ (ਮੇਰੀ ਨਾਨੀ) ਨੇ
ਅਵਾਜ਼ ਮਾਰੀ। ਆਂਡ-ਗੁਆਂਢ ਮਾਰੇ ਮੁਸਲਮਾਨ, ਹਿੰਦੂ ਅਤੇ ਸਿੱਖ ਪ੍ਰੀਵਾਰ
ਬੜੇ ਭਾਈਚਾਰੇ ਨਾਲ ਰਹਿੰਦੇ ਸਨ। ਚਾਰ ਕੁ ਸਾਲ ਦਾ ਸਵਰਨੋ ਦਾ ਛੋਟਾ ਭਰਾ
ਉਸ ਦੀ ਮਾਂ ਦੀ ਗੋਦ ਵਿੱਚ ਸੀ ਅਤੇ ਸਵਰਨੋ ਨੌਂ ਕੁ ਸਾਲ ਦੀ ਸੀ। ਸਵਰਨੋ
ਬਹੁਤ ਹੀ ਅਰਦਾਸਾਂ ਨਾਲ ਹੋਈ ਸੀ। ਉਸ ਦੀ ਮਾਂ ਦੱਸਦੀ ਸੀ ਕਿ ਜਦੋਂ ਸਵਰਨੋ
‘ਕੁੱਖੇ’ ਪਈ ਤਾਂ ਉਸ ਦੀ ਮਾਂ ਬੇਅੰਤ ਕੌਰ ਦੁੱਧ ਰਿੜਕਣ ਵੇਲੇ ਚਾਟੀ ਵਿੱਚ
ਜੰਮੇਂ ਦਹੀਂ ਵਿੱਚ ‘ਮਧਾਣੀ’ ਪਾ ਸੁਖਮਣੀ ਸਾਹਿਬ ਦਾ ਪਾਠ ਜੁਬਾਨੀ ਕਰਦੀ
ਰਹਿੰਦੀ। ਜੀਵਨ ਆਨੰਦ ਨਾਲ ਗੁਜ਼ਰ ਰਿਹਾ ਸੀ ਕਿ ਅਚਾਨਕ ਪਾਕਿਸਤਾਨ ਛੱਡ ਕੇ
ਭਾਰਤ ਜਾਣ ਦਾ ਰੌਲਾ ਪੈ ਗਿਆ। ਅਬੋਧ ਉਮਰ ਵਿੱਚ ਸਵਰਨ ਕੌਰ ਨੂੰ ਸਮਝ ਨਹੀਂ
ਆਇਆ ਕਿ ਸਾਰੇ ਗੁੱਡੀਆਂ ਪਟੋਲ੍ਹੇ ਅਤੇ ਸਹੇਲੀਆਂ ਨੂੰ ਛੱਡ ਕੇ ਮਾਂ-ਪਿਓ
ਉਸ ਨੂੰ ਕਿੱਧਰ ਲੈ ਜਾ ਰਹੇ ਸਨ। ਜਿਸ ਟਰੱਕ ਵਿੱਚ ਮਾਂ ਚਾਰ ਸਾਲ ਦੇ ਭਰਾ
ਅਤੇ ਸਵਰਨ ਨੂੰ ਬੁੱਕਲ ਵਿੱਚ ਲੈ ਕੇ ਬੈਠੀ ਸੀ, ਓਹ ਟਰੱਕ ਖਚਾ-ਖਚ ਲੋਕਾਂ
ਨਾਲ ਭਰਿਆ ਹੋਇਆ ਸੀ। ਸਵਰਨ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਉਸ ਦੇ ਭਾਪਾ
ਜੀ ਸਰਬੰਸ ਸਿੰਘ ਦੇ ਸਿਰ ਦਾ ਜੂੜਾ ਖੋਲ੍ਹ ਕੇ ਗੁੱਤ ਬਣਾ ਕੇ, ਜਨਾਨਾ ਸੂਟ
ਪੁਆ ਕੇ, ਉਸ ਦੇ ਮੂੰਹ ਨੂੰ ਅਜੀਬ ਤਰੀਕੇ ਨਾਲ ਢਕ ਜਨਾਨੀਆਂ ਮਗਰ ਬਿਠਾਇਆ
ਹੋਇਆ ਸੀ। ਲੋਕ ਘਬਰਾਏ ਹੋਏ ਸੀ। ਔਰਤਾਂ ਅਤੇ ਬੱਚੇ ਰੋ ਰਹੇ ਸਨ। ਸਵਰਨ ਦੀ
ਮਾਂ ਵੀ ਲਗਾਤਾਰ ਰੋ ਰਹੀ ਸੀ। ਸ਼ਾਇਦ ਵਸੇ-ਵਸਾਏ ਘਰ ਦੇ ਉਜੜ ਜਾਣ ਦਾ
ਅਥਾਹ ਦੁੱਖ ਸੀ। ਨਾਲ ਹੀ ਅਨਾਥ ਹੋਣ ਦਾ, ਕਿਉਂਕਿ ਪ੍ਰੀਵਾਰ ਨੂੰ ਬਚਾ ਕੇ
ਪੰਜਾਬ ਭੇਜਣ ਵੇਲੇ ਸਵਰਨ ਦੇ ਦਾਦਾ ਜੀ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ
ਸੀ....
....ਖੂਨ-ਖਰਾਬੇ ਦੇ ਕਈ ਭਿਆਨਕ ਦ੍ਰਿਸ਼ ਅੱਜ ਵੀ ਮੇਰੀ
ਮਾਂ ਦੇ ਮਨ ਵਿੱਚ ਕਿੱਲ ਵਾਂਗ ਗੱਡੇ ਹੋਏ ਸਨ। ਇੱਕ ਚੰਗੇ ਸੁਲਝੇ ਹੋਏ ਪਤੀ
ਅਤੇ ਚਾਰ ਔਲਾਦਾਂ ਦੀਆਂ ਕਿਲਕਾਰੀਆਂ ਦੇ ਨਾਲ-ਨਾਲ ਐਸ਼ੋ-ਅਰਾਮ ਵਾਲੀ
ਜਿ਼ੰਦਗੀ ਨੇ ਇਸ ‘ਕਿੱਲ’ ਨੂੰ ਕੱਢਣ ਦੀ ਪੁਰਜ਼ੋਰ ਕੋਸਿ਼ਸ਼ ਕਰ ਕੱਢ ਤਾਂ
ਦਿੱਤਾ ਸੀ ਪਰ ਉਸ ਥਾਂ ‘ਤੇ ਖੁੱਲ੍ਹਿਆ ਫੱਟ ਅੱਜ ਤੱਕ ਵੀ ਨਹੀਂ ਭਰ ਸਕਿਆ।
“ਬੇਟਾ!! ਬੜਾ ਹੀ ਭਿਆਨਕ ਸਮਾਂ ਸੀ, ਅੱਜ ਵੀ ਲੱਗਦਾ ਹੈ ਕਿ ਅਸੀਂ
ਕਿਉਂ ਵੰਡੇ ਗਏ? ਪਾਕਿਸਤਾਨ ਤੋਂ ਆ ਕੇ ਕਾਫ਼ੀ ਸਮੇਂ ਤੱਕ ‘ਸ਼ਰਨਾਰਥੀ
ਕੈਂਪਾਂ’ ਵਿੱਚ ਰਹੇ। ਨਾਨਾ ਜੀ ਕਹਿੰਦੇ ਸੀ ਕਿ ਜਲਦੀ ਕੋਈ ਘਰ ਸਾਨੂੰ ਮਿਲ
ਜਾਏਗਾ। ਮੈਂ ਬਹੁਤ ਵਾਰ ਪੁੱਛਦੀ ਕਿ ਅਸੀਂ ਆਪਣੇ ਘਰ ਨੂੰ ਛੱਡ ਕੇ ਇੱਥੇ
ਕਿਉਂ ਆ ਗਏ ਹਾਂ? ਮੈਨੂੰ ਤਾਂ ਆਹ ਸਮਝਣ ਵਿੱਚ ਬੜਾ ਚਿਰ ਲੱਗ ਗਿਆ ਕਿ ਮੈਂ
ਕਿਸੇ ਦੂਸਰੇ ‘ਮੁਲਕ’ ਵਿੱਚ ਆ ਗਈ ਹਾਂ। ਮੇਰੇ ਸਵਾਲਾਂ ਦਾ ਜਵਾਬ ਕਿਸੇ
ਕੋਲ ਨਹੀਂ ਸੀ?” ਮਾਂ ਦੇ ਉੱਜੜ ਗਏ ਬਚਪਨ ਦਾ ਦਰਦ ਧੁੰਦਲੀਆਂ ਯਾਦਾਂ ਵਿੱਚ
ਦੀ ਸਾਫ਼ ਦਿਖਾਈ ਦਿੰਦਾ ਸੀ।
ਮੈਂ ਹੌਲੀ ਜਿਹੀ ਮਾਂ ਦੇ ਹੱਥ ‘ਤੇ
ਆਪਣਾ ਹੱਥ ਰੱਖ ਦਿੱਤਾ। ਇਹੀ ਇੱਕ ਤਰੀਕਾ ਸੀ ਮਾਂ ਦੀਆਂ ਤਪਦੀਆਂ ਯਾਦਾਂ
ਨੂੰ ਠੰਡ ਪਾਉਣ ਦਾ! ਮਾਂ ਨੂੰ ਅੱਜ ਵੀ ਯਾਦ ਸੀ ਕਿ ਉਨ੍ਹਾਂ ਦਾ ਘਰ
ਛੋਟੀਆਂ ਇੱਟਾਂ ਦਾ ਸੀ, ਵਿਹੜਾ ਕਾਫ਼ੀ ਵੱਡਾ ਅਤੇ ਕੱਚਾ ਸੀ। ਵਿਹੜੇ ਵਿੱਚ
‘ਟੋਕਾ’ ਲੱਗਿਆ ਹੋਇਆ ਸੀ। ਖੇਤ ਅਤੇ ਪਸ਼ੂ ਵੀ ਰੱਖੇ ਸੀ। ਘਰ ਦੇ ਦਰਵਾਜੇ
ਦੀ ਕੰਧ ਪੀਲੀ ਮਿੱਟੀ ਨਾਲ ਲਿੱਪੀ ਹੋਈ ਸੀ। ਗਲੀ ਸਿੱਧੀ ਜਾ ਕੇ ਖੱਬੇ
ਪਾਸੇ ਮੁੜਦੀ ਸੀ। ਮਾਂ ਦੀਆਂ ਗੱਲਾਂ ਤੋਂ ਸਾਫ਼ ਲੱਗਦਾ ਸੀ ਕਿ ਮਾਂ ਦੀ
ਕਮਜ਼ੋਰ ਹੋਈ ਯਾਦਾਸ਼ਤ ਵਿੱਚ ਆਪਣੀ ਜਨਮ-ਭੂਮੀ ਦੀਆਂ ਯਾਦਾਂ ਮਿਟੀਆਂ ਨਹੀਂ
ਸੀ। ...ਯਾਦਾਂ ਦੇ ਵਲ ਖੋਲ੍ਹਦੇ ਹੋਏ, ਮਾਂ ਨੇ ਆਪਣੇ ਭਾਰਤ ਦੀ ਯਾਦ ਨੂੰ
ਲਿਆ ਜੋੜਿਆ।
...ਇੱਕ ਦਿਨ....
“ਅੰਮ੍ਰਿਤਸਰ ਵਿੱਚ ਘਰ
ਮਿਲ ਰਿਹਾ ਹੈ...ਪਰ ਖੇਤਾਂ ਦੀ ਜ਼ਮੀਨ ਨਹੀਂ ਦੇ ਰਹੇ.. ਚਲੋ ਇੰਨ੍ਹਾਂ
‘ਸ਼ਰਨਾਰਥੀ ਕੈਂਪਾਂ’ ਤੋਂ ਤਾਂ ਚੰਗਾ ਹੈ। ਤੂੰ ਬੱਚਿਆਂ ਨੂੰ ਲੈ ਕੇ ਓਥੇ
ਚੱਲ, ਮੈਂ ਖੇਤਾਂ ਬਾਰੇ ਪੜਤਾਲ ਕਰਦਾ ਹਾਂ, ਕਿਸ ਪਾਸੇ ਮਿਲਣਗੇ?” ਸਵਰਨ
ਦੇ ਭਾਪਾ ਜੀ ਨੇ ਉਸ ਦੀ ਮਾਂ ਬੇਅੰਤ ਕੌਰ ਨੂੰ ਹੌਂਸਲਾ ਦਿੱਤਾ।
ਕੁਝ ਦਿਨਾਂ ਬਾਅਦ ਪ੍ਰੀਵਾਰ ਕੈਪਾਂ ਨੂੰ ਛੱਡ ਅੰਮ੍ਰਿਤਸਰ ਆ ਵਸਿਆ। ਸਮਾਂ
ਗੁਜ਼ਰਦਾ ਗਿਆ, ਕਾਗਜ਼ੀ ਕਾਰਵਾਈਆਂ ਚੱਲਦੀਆਂ ਰਹੀਆਂ। ਮਾਂ ਇੱਕ ਘਟਨਾ ਨੂੰ
ਪਹਿਲਾਂ ਵੀ ਕਈ ਵਾਰ ਸੁਣਾ ਚੁੱਕੀ ਸੀ ਜਿਸ ਦਾ ਜਿ਼ਕਰ ਇੱਥੇ ਵੀ ਕਰਨਾ
ਜ਼ਰੂਰੀ ਸੀ। ....ਵੈਸਾਖੀ ਦਾ ਮੇਲਾ ਆਇਆ, ਸਾਰਾ ਪ੍ਰੀਵਾਰ ਸ੍ਰੀ ਦਰਬਾਰ
ਸਾਹਿਬ ਮੱਥਾ ਟੇਕਣ ਗਿਆ। ਮਾਂ ਨੇ ਗੋਦੀ ਵਿੱਚ ਛੋਟੇ ਭਰਾ (ਮੇਰਾ ਮਾਮਾ)
ਨੂੰ ਚੁੱਕਿਆ ਸੀ ਅਤੇ ਸਵਰਨ ਨੂੰ ਉਂਗਲ ਲਾਇਆ ਹੋਇਆ ਸੀ। ਪਤਾ ਨਹੀਂ ਕਿਵੇਂ
ਭੀੜ ਦੇ ਵੇਗ ਕਾਰਨ ਸਵਰਨ ਦੀ ਉਂਗਲ ਛੁੱਟ ਗਈ। ਬਹੁਤ ਦੇਰ ਤੱਕ ਸਵਰਨ
ਰੋਂਦੀ ਰਹੀ, ਪਰ ਮਾਂ ਨੂੰ ਲੱਭ ਨਾ ਸਕੀ। ਫ਼ੇਰ ਸੋਚਿਆ ਕਿ ਘਰ ਚਲੀ
ਜਾਵਾਂ। ਧੀਰੇ-ਧੀਰੇ ਗੁਰਦੁਆਰੇ ਤੋਂ ਬਾਹਰ ਆ ਗਈ। ਲੋਕ ਲਗਾਤਾਰ ਗੁਰਦੁਆਰੇ
ਦੇ ਅੰਦਰ ਅਤੇ ਬਾਹਰ ਜਾ-ਆ ਰਹੇ ਸੀ। ਪਰ ਕਿਸੇ ਦਾ ਵੀ ਧਿਆਨ ਰੋਂਦੀ ਛੋਟੀ
ਬੱਚੀ ਸਵਰਨ ‘ਤੇ ਨਹੀਂ ਪਿਆ। ਆਪਣੇ ਨਿੱਕੇ-ਨਿੱਕੇ ਜਿਹੇ ਕਦਮਾਂ ਨਾਲ ਸਵਰਨ
ਓਸੇ ਰਾਹ ਵੱਲ ਤੁਰਨ ਲੱਗ ਪਈ, ਜਿਸ ‘ਤੇ ਕੁਝ ਘੰਟੇ ਪਹਿਲਾਂ ਮਾਂ ਦੀ ਉਂਗਲ
ਫੜ ਵੈਸਾਖੀ ਦਾ ਮੇਲਾ ਵੇਖਣ ਸ੍ਰੀ ਦਰਬਾਰ ਸਾਹਿਬ ਆਈ ਸੀ। ਪੂਰਾ ਟੱਬਰ
ਸਵਰਨ ਨੂੰ ਲੱਭ-ਲੱਭ ਪਾਗਲ ਹੋ ਰਿਹਾ ਸੀ। ਸ਼ਾਮ ਵੇਲੇ ਸਵਰਨ ਨੇ ਘਰ ਆ
ਆਪਣੀ ਮਾਂ ਨੂੰ ਜੱਫੇ ਵਿੱਚ ਲੈ ਲਿਆ ਤਾਂ ਸਾਰੇ ਟੱਬਰ ਨੂੰ ਸੁਖ ਦਾ ਸਾਹ
ਆਇਆ। ਕੁਝ ਸਾਲਾਂ ਬਾਅਦ ਅੰਬਾਲੇ ਜਿਲ੍ਹੇ ਦੇ ‘ਬਪਰੋਲ’ ਪਿੰਡ ਵਿੱਚ ਖੇਤੀ
ਦੀ ਜ਼ਮੀਨ ਵੀ ਮਿਲ ਗਈ ਅਤੇ ਸਾਰਾ ਪ੍ਰੀਵਾਰ ਬਪਰੋਲ ਆ ਵਸਿਆ।
...ਮਾਂ ਦੀ ਹੱਡਬੀਤੀ ਸੁਣ ਕੇ ਮੈਨੂੰ ਇੱਕ ਦਮ ਘਬਰਾਹਟ ਜਿਹੀ ਹੋ ਗਈ। ਇੰਜ
ਲੱਗਿਆ ਕਿ ਜੇ ਮਾਂ ਨਿਆਣੀ ਜਿਹੀ ਉਮਰੇ ਇੰਨੀ ਸਮਝਦਾਰ ਨਾ ਹੁੰਦੀ, ਤਾਂ
ਅੱਜ ਜਿ਼ੰਦਗੀ ਦੀ ਕਹਾਣੀ ਕੁਝ ਹੋਰ ਹੁੰਦੀ। ਪ੍ਰੰਤੂ ਜਿਵੇਂ ਸੁਣਿਆ ਹੀ ਹੈ
ਕਿ ਸੰਜੋਗ ਧੁਰ ਤੋਂ ਹੀ ਲਿਖੇ ਹੁੰਦੇ ਹਨ। ਸਾਡੇ ਚਾਰੋਂ ਬੱਚਿਆ ਦੇ ਵੱਡੇ
ਭਾਗ ਹੀ ਸੀ ਕਿ ਇੱਕ ਉਚੇਰੇ ਵਿਚਾਰਾਂ ਵਾਲੀ ਸਮਝਦਾਰ ਮਾਂ ਅਤੇ ਸਾਧੂ
ਸੁਭਾਅ ਵਾਲੇ ਪਿਤਾ ਦੀ ਅਸੀਂ ਸੰਤਾਨ ਬਣੇ ਜਿੰਨ੍ਹਾਂ ਦੀ ਸਰਪ੍ਰਸਤੀ ਹੇਠ
ਜੀਵਨ ਬਹੁਤ ਆਨੰਦ ਨਾਲ ਬੀਤਿਆ। ਮਾਂ-ਪਾਪਾ ਜੀ ਨੇ ਆਪਣੀ ਜੀਵਨ ਯਾਤਰਾ ਨੂੰ
ਸਾਨੂੰ ਬੜੇ ਚਾਅ ਨਾਲ ਸੁਣਾਇਆ ਕਰਨਾ।
ਉਸ ਜ਼ਮਾਨੇ ਦੇ ਹਿਸਾਬ
ਨਾਲ ਮਾਂ ਕਾਫ਼ੀ ਖੁੱਲੇ੍ਹ ਵਿਚਾਰਾਂ ਨਾਲ ਪਾਲੀ ਸੀ। ਮਾਂ ਇੱਕ ਸਿਲਾਈ
ਅਧਿਆਪਕਾ ਰਹੀ ਸੀ ਅਤੇ ਆਪਣੀ ‘ਮੈਡਮ’ ਨਾਲ ਦੂਸਰੇ ਪਿੰਡਾਂ ਵਿੱਚ ਸਿਲਾਈ
ਸਿਖਾਣ ਜਾਂਦੀ ਸੀ। ਜਦੋਂ ਮਾਂ ਦੇ ਵਿਆਹ ਦੀ ਗੱਲ ਸ਼ੁਰੂ ਹੋਈ ਤਾਂ ਉਸ
ਜ਼ਮਾਨੇ ਵਿੱਚ ਵੀ ਮਾਂ ਅਤੇ ਪਾਪਾ ਜੀ ਨੇ ਇੱਕ-ਦੂਜੇ ਨੂੰ ਪਸੰਦ ਕਰ ਕੇ
ਵਿਆਹ ਦੀ ‘ਹਾਂ’ ਕੀਤੀ ਸੀ। ਪਾਪਾ ਜੀ ਯੂ. ਪੀ. ਆ ਗਏ, ਉਥੇ
ਨੌਕਰੀ ਕਰਦੇ ਹੋਏ ਇੰਜਨੀਅਰਿੰਗ ਦਾ ਇਮਤਿਹਾਨ ਪਾਸ ਕਰ, ਆਪਣਾ ਕਾਰੋਬਾਰ
ਸ਼ੁਰੂ ਕਰ ਲਿਆ। ਮਾਂ ਵਿਆਹ ਕੇ ਆਗਰਾ ਸ਼ਹਿਰ ਆ ਗਈ ਅਤੇ ਦੋਹਾਂ ਨੇ ਆਪਣੀ
ਗ੍ਰਹਿਸਥੀ ਦਾ ਆਲ੍ਹਣਾ ਬਨਾਣਾ ਸ਼ੁਰੂ ਕੀਤਾ। ਬੱਚੇ ਹੋਏ, ਕਿਸਮਤ ਵੀ ਸਾਥ
ਤੁਰ ਪਈ। ਪਾਪਾ ਜੀ ਨੇ ਆਪਣੇ ਕਾਰੋਬਾਰ ਦਾ ਬਹੁਤ ਵਿਸਥਾਰ ਕਰ ਲਿਆ। ਚਾਰ
ਫ਼ੈਕਟਰੀਆਂ, ਕਾਰ, ਨੌਕਰ-ਚਾਕਰ, ਵੱਡੀ ਹਵੇਲੀ, ਜਿ਼ੰਦਗੀ ਖੰਭ ਲਾ ਕੇ ਉਡ
ਰਹੀ ਸੀ। ਮੇਰੇ ਪਾਪਾ ਜੀ, ਸਰਦਾਰ ਅਜੀਤ ਸਿੰਘ ਦਾ ਨਾਮ ਬਿਰਾਦਰੀ ਵਿੱਚ
ਆਪਣੀ ਬਹੁਤ ਪੈਂਠ ਰੱਖਦਾ ਸੀ। ਮਾਂ ਅਤੇ ਪਾਪਾ ਜੀ ਅਕਸਰ ਹੀ ਆਪਣੇ ਬਚਪਨ
ਦੀਆਂ ਯਾਦਾਂ ਸਾਨੂੰ ਬੱਚਿਆਂ ਨੂੰ ਸੁਣਾਦੇ ਸੀ, ਜਿਸ ਵਿੱਚ ਪਾਕਿਸਤਾਨ ਦਾ
ਜਿ਼ਕਰ ਜ਼ਰੂਰ ਹੁੰਦਾ। ਕਿਹਾ ਜਾ ਸਕਦਾ ਹੈ ਕਿ ਮੂੰਹ ਵਿੱਚ ਭਾਂਵੇਂ
ਕਿੰਨ੍ਹੇ ਦੰਦ ਹੋਣ, ਪਰ ਜੀਭ ਵਾਰ-ਵਾਰ ਉਥੇ ਹੀ ਜਾਏਗੀ, ਜੋ ਦੰਦ ਟੁੱਟ
ਗਿਆ ਹੋਵੇ। ਆਪਣੀ ਇਸੀ ‘ਥੁੜ’ ਨੂੰ ਪੂਰਾ ਕਰਨ ਲਈ ਮਾਂ, ਪਾਪਾ ਜੀ ਅਤੇ
ਮਾਮਾ ਜੀ 1983 ਦੀ ਵੈਸਾਖੀ ਮਨਾਣ ਬਾਬੇ ਨਾਨਕ ਜੀ ਦੀ ਜਨਮ ਭੂਮੀ
ਪਾਕਿਸਤਾਨ ਗਏ। ਉਨ੍ਹਾਂ ਨੂੰ ਕਹਿੰਦੇ ਸੁਣਿਆਂ ਸੀ ਕਿ ‘ਆਪਣੀ ਉਸ ਧਰਤੀ
‘ਤੇ ਚੱਲੇ ਹਾਂ, ਜਿਸ ਨੂੰ ਬਚਪਨ ਵਿੱਚ ਛੱਡਣ ਵੇਲੇ ਪਤਾ ਹੀ ਨਹੀਂ ਸੀ ਕਿ
ਮੁੜ ਇੱਥੇ ਆਣ ਲਈ ‘ਵੀਜਾ’ ਲੈਣਾ ਪੈਣਾ....!!’
.....ਸਮੇਂ ਨਾਲ
ਚਾਰੋਂ ਬੱਚੇ ਵਿਆਹੇ ਗਏ। ਮੈਂ ਲੰਡਨ ਦੀ ਵਸਨੀਕ ਹੋ ਗਈ।
.....ਮੈਨੂੰ ਇੰਡੀਆ ਆਇਆਂ ਤਿੰਨ ਮਹੀਨੇ ਤੋਂ ਜਿ਼ਆਦਾ ਹੋ ਗਏ ਸੀ। ਮਾਂ ਦੀ
ਘਾਤਕ ਬਿਮਾਰੀ ਨੇ ਸਰੀਰ ਵਿੱਚ ਆਪਣਾ ਪਸਾਰਾ ਕਰਨਾ ਸ਼ੁਰੂ ਕਰ ਦਿੱਤਾ। ਮੈਂ
ਆਪਣਾ ਮੰਜਾ ਮਾਂ ਦੇ ਕਮਰੇ ਵਿੱਚ ਪੱਕਾ ਹੀ ਡਾਹ ਲਿਆ। ਮਾਂ ਕੋਲ ਹਰ ਵੇਲੇ
ਹੋਣ ਕਾਰਣ ਮਾਂ ਮੇਰਾ ਆਸਰਾ ਜਿਹਾ ਮੰਨਣ ਲੱਗ ਪਈ। ਜਿਵੇਂ ਇੱਕ ਮਾਂ ਆਪਣੇ
ਬੱਚੇ ਵਾਸਤੇ ਹਰ ਪਲ ਚੇਤੰਨ ਰਹਿੰਦੀ ਹੈ, ਇੰਜ ਹੀ ਮੈਨੂੰ ਮਾਂ ਆਪਣਾ
‘ਬੱਚਾ’ ਜਿਹਾ ਜਾਪਦੀ ਸੀ। ਮਾਂ ਨੇ ਪਿਸ਼ਾਬ ਜਾਣਾ ਹੁੰਦਾ ਤਾਂ ਹੌਲੀ ਜਿਹੀ
ਮੈਨੂੰ ਅਵਾਜ਼ ਮਾਰਦੀ। ਮੈਂ ਸਹਾਰਾ ਦੇ ਉਠਾਉਣਾ ਫ਼ੇਰ ਦੋਵੇ ਬਾਹਾਂ ਫੜ
ਹੌਲੀ-ਹੌਲੀ ਕਮਰੇ ਵਿੱਚ ਬਣੇ ਵਾਸ਼-ਰੂਮ ਵਿੱਚ ਲੈ ਜਾਣਾ। ਮਾਂ
ਨੂੰ ਤੋਰਦੇ ਹੋਏ ਮੈਨੂੰ ਆਪਣੇ ਬਾਲਪੁਣੇ ਦੇ ਪਹਿਲੇ ਕਦਮਾਂ ਦਾ ਅਹਿਸਾਸ
ਹੁੰਦਾ, ਜਦੋਂ ਇੰਜ ਹੀ ਮੇਰੀਆਂ ਨਿੱਕੀਆਂ-ਨਿੱਕੀਆਂ ਬਾਹਾਂ ਫੜ ਮਾਂ ਨੇ
ਮੈਨੂੰ ਠੁੰਮਕ-ਠੁੰਮਕ ਤੁਰਨਾ ਸਿਖਾਇਆ ਹੋਣਾ। ਖਾਣਾ ਖੁਆ ਕੇ ਜਾਂ ਕੁਝ ਪਿਆ
ਕੇ ਮਾਂ ਦਾ ਮੂੰਹ ਸਾਫ਼ ਕਰਨਾ, ਹੱਥੀਂ ਗਿਲਾਸ ਫੜ ਦੁੱਧ ਪਿਆਣਾ, ਸਿਰ
ਵਾਹੁੰਣਾ, ਸਾਰੇ ਕੰਮ ਹੱਥੀਂ ਕਰਨੇ। ਸੱਚ ਹੀ ਕਹਿੰਦੇ ਹਨ ਕਿ ਬਜ਼ੁਰਗ ਹੋ
ਕੇ ਇਨਸਾਨ ਬੱਚੇ ਵਾਂਗ ਹੋ ਜਾਂਦਾ ਹੈ। ਅੱਜ ਮਾਂ ਵੀ ਮੈਨੂੰ ਬੱਚੇ ਵਾਂਗ
ਹੀ ਜਾਪਦੀ ਹੈ। ਸੇਵਾ ਕਰਦਿਆਂ, ‘ਮਮਤਾ’ ਦਾ ਪੂਰਾ ਹੜ੍ਹ ਵਗਦਾ ਹੈ ਮੇਰੇ
ਅੰਦਰ। ਭਾਬੀਆਂ ਨੇ ਵੀ ਮਾਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਛੱਡੀ।
ਮਾਂ ਵੀ ਰੱਬ ਨੇ ਪਤਾ ਨਹੀਂ ਕਿਸ ਮਿੱਟੀ ਦੀ ਬਣਾਈ ਹੁੰਦੀ ਹੈ, ਭਾਵੇਂ
ਮੈਨੂੰ ਲੱਗ ਰਿਹਾ ਸੀ ਕਿ ਮੈਂ ਮਾਂ ਦਾ ਖਿਆਲ਼ ਰੱਖ ਰਹੀ ਹਾਂ, ਪਰ ਮਾਂ
ਤਾਂ ਮਾਂ ਹੁੰਦੀ ਹੈ, ਇਸ ਦਾ ਅਹਿਸਾਸ ਮੈਨੂੰ ਨਾਲ ਦੇ ਮੰਜੇ ‘ਤੇ ਪਈ ਨੂੰ
ਮਾਂ ਆਪਣੇ ਚੰਦ ਸਵਾਲਾਂ ਰਾਹੀਂ ਕਰਵਾਉਂਦੀ ਰਹਿੰਦੀ ਸੀ। ਮਾਂ ਨੇ ਕੰਬਦੀ
ਅਵਾਜ਼ ਵਿੱਚ ਪੁੱਛਣਾ, “ਧੀਏ, ਰੋਟੀ ਖਾ ਲਈ ਕਿ ਨਹੀਂ?” ਮੈਨੂੰ ਲੱਗਦਾ ਕਿ
ਮਾਂ ਸੌਂ ਗਈ ਹੈ। ਪਰ ਮੈਂ ਦੱਬੇ ਕਦਮਾਂ ਨਾਲ ਮਾਂ ਦੇ ਕਮਰੇ ਵਿੱਚ ਸੌਣ
ਜਾਣਾਂ ਤਾਂ ਮਾਂ ਨੇ ਜ਼ਰੂਰ ਪੁੱਛਣਾ, “ਧੀਏ, ਦੁੱਧ ਪੀ ਲਿਆ?” ਰੌਸ਼ਨੀ
ਤੋਂ ਹੀਣ ਹੋਈਆਂ ਮਾਂ ਦੀਆਂ ਬੁਝੀਆਂ ਅੱਖਾਂ ਨੂੰ ਕਿਵੇਂ ਪਤਾ ਲੱਗਦਾ ਹੈ
ਕਿ ਸ਼ਾਮ ਦੇ ਪੰਜ ਵੱਜ ਗਏ ਹੋਣੇ, ਨੂੰਹਾਂ ਨੂੰ ਆਖਣਾ, “ਸਤਨਾਮ ਨੂੰ ਚਾਹ
ਬਣਾ ਦਿਓ!” ਮੈਂ ਜਦੋਂ ਦੀ ਆਈ ਹਾਂ, ਮਾਂ ਨੂੰ ਨੋਟ ਕਰ ਰਹੀ ਸੀ ਕਿ ਮਾਂ
ਆਪਣੇ ਵਾਸਤੇ ਕੁਝ ਵੀ ਨਹੀਂ ਸੀ ਮੰਗਦੀ, ਖ਼ਾਮੋਸ਼ੀ ਨਾਲ ਲੰਮੀ ਪਈ ਰਹਿੰਦੀ
ਅਤੇ ਮੰਜੇ ‘ਤੇ ਪਈ ਮਾਂ ਨੂੰ ਕਿਤੇ ਜ਼ਰੂਰ ‘ਧੀ’ ਦੇ ਪੇਕੇ ਆਈ ਦਾ ਦਿਲੀ
ਅਹਿਸਾਸ ਸੀ। ਨਾਲ ਹੀ ਆਪਣੇ ਅਸਹਾਏ ਹੋਣ ਦਾ ਵੀ, ਇਸ ਲਈ ਸਮੇਂ-ਸਮੇਂ ਮੇਰੇ
ਖਾਣ-ਪੀਣ ਦਾ ਹੀ ਫਿ਼ਕਰ ਕਰ ਆਪਣੀ ‘ਮਮਤਾ’ ਦਾ ਸਬੂਤ ਦਿੰਦੀ।
ਮਾਂ
ਦੀਆਂ ਆਂਦਰਾਂ ਵਾਕਈ ਬਹੁਤ ਗੁੰਝਲਦਾਰ ਪਹੇਲੀ ਹਨ, ਜਿਸ ਨੂੰ ਸਮਝਿਆ ਹੀ
ਨਹੀਂ ਜਾ ਸਕਦਾ। ਮੇਰਾ ਮਨ ਭਰ ਆਣਾ ਕਿ ਮਾਂ ਦੀ ਸੇਵਾ ਕੋਈ ਕੀ ਕਰ ਸਕਦਾ
ਹੈ? ਮਾਂ ਤਾਂ ਅਖ਼ੀਰ ਗਿਣਵੇਂ ਸਾਹਾਂ ਵਿੱਚ ਵੀ ਆਪਣੇ ਔਲਾਦ ‘ਤੇ ਮਮਤਾ ਦਾ
ਮੀਂਹ ਵਰਸਾ ਰਹੀ ਹੈ। ਮੇਰੇ ਮਨ ਵਿੱਚ ਲੋੜਵੰਦਾਂ ਅਤੇ ਬਜੁਰਗਾਂ ਦੀ ਸੇਵਾ
ਕਰਨ ਦੀ ਖ਼ਾਹਿਸ਼ ਅਕਸਰ ਹੀ ਉਸਲਵੱਟੇ ਲੈਂਦੀ ਰਹਿੰਦੀ ਸੀ। ਮੈਂ ਆਪਣੀ
ਪਹਿਲੀ ਨੌਕਰੀ ਛੱਡ ਕੇ ‘ਕੇਅਰ-ਹੋਮ’ ਵਿੱਚ ਨੌਕਰੀ ਲੱਭ ਲਈ। ਮੇਰੀ ਸਾਰੀ
ਗੱਲ-ਬਾਤ ਸੁਣ ਕੇ ਉਥੇ ਦੀ ਮੈਨੇਜਰ ਵਰਿੰਦਰ ਕੌਰ, ਜੋ ਕਿ ਬਹੁਤ
ਮਿੱਠੇ ਅਤੇ ਨਿੱਘੇ ਸੁਭਾਅ ਦੀ ਮਾਲਕ ਹੈ, ਨੇ ਖੁਸ਼ ਹੋ ਕੇ ਕਿਹਾ, “ਇਸ
ਨੌਕਰੀ ਵਿੱਚ ਸੇਵਾ ਭਾਵਨਾ ਹੋਣਾਂ ਹੀ ਪਹਿਲੀ ਸ਼ਰਤ ਹੈ!”
ਉਨ੍ਹਾਂ
ਮਰੀਜ਼ ਬਜੁਰਗਾਂ ਨੂੰ ਖਾਣਾ ਖੁਆਣਾ, ਦਵਾ-ਦਾਰੂ ਕਰਨਾ, ਨਹਾਉਣਾ, ਸੁਆਉਣਾ
ਅਤੇ ਲੋੜੀਂਦੇ ਸਾਰੇ ਕੰਮ ਕਰਨੇ। ਰੋਜ਼ ਜਾ ਕੇ ਬਜੁਰਗਾਂ ਦਾ ਹਾਲ-ਚਾਲ
ਪੁੱਛਣਾ, ਉਨ੍ਹਾਂ ਨੇ ਵੀ ਕੁਝ ਗੱਲਾਂ ਸਾਂਝੀਆਂ ਕਰਨੀਆਂ। ਰੋਜ਼ ਇਹੀ
ਸਿਲਸਿਲਾ ਹੋਣਾ, ਪਤਾ ਨਹੀਂ ਕਦੋਂ ਉਨ੍ਹਾਂ ਦੀ ‘ਏਕਾਂਕੀ’ ਜਿ਼ੰਦਗੀ ਦੀ
ਜ਼ਮੀਨ ਉਤੇ ਮੋਹ ਦੇ ਨਵੇਂ ਰਿਸ਼ਤੇ ਦਾ ਬੂਟਾ ਉਗ ਆਇਆ। ਉਨ੍ਹਾਂ ਉਪਰ
ਤੇਹ-ਪਿਆਰ ਆਣ ਲੱਗ ਪਿਆ। ਵੱਡੀ ਭੈਣ ਵਾਂਗ ਵਰਿੰਦਰ ਕੌਰ ਨੇ ਮੈਨੂੰ ਬਹੁਤ
ਪਿਆਰ ਦਿੱਤਾ ਅਤੇ ਬਹੁਤ ਕੁਝ ਇਸ ਨੌਕਰੀ ਬਾਰੇ ਸਿਖਾਇਆ। ਮੇਰੀ ਮਾਂ ਦੇ
ਬਿਮਾਰ ਹੌਣ ‘ਤੇ ਵਰਿੰਦਰ ਕੌਰ ਨੇ ਚਿੰਤਾ ਜਤਾਈ ਅਤੇ ਕਿਹਾ, “ਸਤਨਾਮ,
ਸੰਸਾਰ ਦੇ ਕੰਮ ਨਹੀਂ ਮੁੱਕਣੇ, ਤੁਸੀਂ ਮਾਂ ਕੋਲ ਜਾਓ, ਮਾਪੇ ਨਹੀਂ
ਮਿਲਦੇ..!” ‘ਕੇਅਰ-ਹੋਮ’ ਦੇ ਮਰੀਜ਼ ਹਰ ਰੋਜ਼ ਹੀ ਆਪਣੇ ਪ੍ਰੀਵਾਰ ਦੇ
ਜੀਆਂ ਨੂੰ ਯਾਦ ਕਰਦੇ, ਅਤੇ ਜਿਸ ਦਿਨ ਪ੍ਰੀਵਾਰ ਦੇ ਕਿਸੇ ਜੀਅ ਨੇ ਉਨ੍ਹਾਂ
ਨੂੰ ਮਿਲਣ ਆਉਣਾ ਹੁੰਦਾ, ਉਸ ਦਿਨ ਦਰਵਾਜ਼ੇ ‘ਤੇ ਵੱਜਣ ਵਾਲੀ ਘੰਟੀ ‘ਤੇ
ਆਪਣੇ ਕੰਨ ਖੜ੍ਹੇ ਕਰੀ ਰੱਖਦੇ। ਮੇਰੀ ਬਿਮਾਰ ਮਾਂ ਨੂੰ ਵੀ ਮੈਨੂੰ ਮਿਲਣ
ਦੀ ਤਾਂਘ ਹੋਣਾ ਲਾਜ਼ਮੀ ਸੀ।
ਇੱਕ ਸਵੇਰ ਮੈਂ ਮਾਂ ਦਾ ਹੱਥ ਫ਼ੜੀ
ਬੈਠੀ ਸੀ ਤਾਂ ਅਚਨਚੇਤ ਮੇਰੀ ਨਿਗਾਹ ਮਾਂ ਦੇ ਗੁੱਟ ‘ਤੇ ਛਪੀ ਘੜ੍ਹੀ
(ਟੈਟੂ) ਉਪਰ ਪਈ। ਮੈਂ ਇਸ ਘੜ੍ਹੀ ਨੂੰ ਬਚਪਨ ਤੋਂ ਹੀ ਵੇਖਦੀ ਆ ਰਹੀ ਸੀ।
ਇਸ ਘੜ੍ਹੀ ਨੂੰ ਮਾਂ ਨੇ ਪਾਕਿਸਤਾਨ ਵਿੱਚ ਖੁਣਵਾਇਆ ਸੀ।
“ਮਾਂ,
ਤੁਸੀ ਆਹ ਘੜ੍ਹੀ ਕਿਉਂ ਬਣਵਾਈ ਸੀ?” ਮੈਂ ਮਾਂ ਨੂੰ ਫ਼ੇਰ ਜਿ਼ੰਦਗੀ ਦੀਆਂ
ਪਿਛਲੀਆਂ ਪੈੜਾਂ ਪਾਕਿਸਤਾਨ ਵੱਲ ਮੋੜ ਲਿਆ। “ਮੈਨੂੰ ਘੜ੍ਹੀ ਬੰਨ੍ਹਣ ਦਾ ਬੜਾ ਸ਼ੌਕ ਸੀ! ਬਾਪੂ ਜਦੋਂ ਆਪਣੀ
ਘੜ੍ਹੀ ਲਾਹ ਕੇ ‘ਕਾਣਸ’ ‘ਤੇ ਰੱਖਦਾ, ਮੈਂ ਉਸ ਨੂੰ ਚੱਕ ਆਪਣੀ ਪਤਲੀ ਜਿਹੀ
ਬਾਂਹ ‘ਤੇ ਲਟਕਾ ਲੈਂਦੀ! ਨਿਆਣੀ ਹੋਣ ਕਾਰਨ ਕੋਈ ਮੈਨੂੰ ਘੜ੍ਹੀ ਲੈ ਕੇ
ਨਹੀਂ ਸੀ ਦਿੰਦਾ! ਓਸ ਵੇਲੇ ਇੰਜ ਦੀ ਛਪਾਈ ਦਾ ਰਿਵਾਜ਼ ਸੀ! ਸਸਤਾ ਜ਼ਮਾਨਾ
ਸੀ!” ਮਾਂ ਦੀਆਂ ਕਮਜੋ਼ਰ ਅੱਖਾਂ ਵਿੱਚ ਬਚਪਨ ਵਾਲੀ ਸਵਰਨ ਕੌਰ ਦੀ ਛ੍ਹਵੀ
ਉੱਕਰ ਆਈ।
“ਤੁਸੀਂ ਕਿਸੇ ਮੇਲੇ ਵਿੱਚ ਬਣਵਾਈ ਸੀ ਆਹ ਘੜ੍ਹੀ?”
ਮੈਨੂੰ ਇੰਨਾ ਪਤਾ ਸੀ ਕਿ ਪੁਰਾਣੇ ਜ਼ਮਾਨੇ ਵਿੱਚ ਮੇਲਿਆਂ ‘ਤੇ ਔਰਤਾਂ ਦੇ
ਸਿ਼ੰਗਾਰ ਦੀਆਂ ਹੱਟੀਆਂ ਲੱਗਦੀਆਂ ਸੀ। “ਨਹੀਂ, ਸਾਡੇ ਮੁਹੱਲੇ ਇੱਕ
ਹੱਟੀ ਵਾਲਾ ਸੀ, ਉਸ ਨੂੰ ਸਭ ‘ਮਾਮਾ’ ਆਖਦੇ ਸੀ! ਉਹ ਇੱਕ ‘ਸ਼ਾਹੀ ਵਾਲੀ
ਸੂਈ’ ਨਾਲ ਵਿੰਨ੍ਹ-ਵਿੰਨ੍ਹ ਕੇ ਖੁਣਦਾ ਸੀ!” “ਨਾਨੀ ਜੀ ਤੁਹਾਡੇ ਨਾਲ
ਗਏ ਸੀ?” ਵਿੰਨਣ੍ਹ ਵੇਲੇ ਦਰਦ ਦੇ ਅਹਿਸਾਸ ਕਾਰਣ ਮੈਂ ਪੁੱਛ ਲਿਆ।
“ਮੇਰੀ ਮਾਂ ਤਾਂ ਗੁੱਸੇ ਹੁੰਦੀ ਸੀ, ਕਿ ਫ਼ੈਸ਼ਨ ਕਰਨਾ ਚੰਗਾ ਨਹੀਂ
ਹੁੰਦਾ!” “ਇੱਕ ਦਿਨ ਆਪਣੀ ਮਾਂ ਤੋਂ ਚੋਰੀ, ਮੈਂ ਆਪਣੀ ਸਹੇਲੀ ਨੂੰ
ਨਾਲ ਲਿਆ ਅਤੇ ‘ਝੋਲੀ’ ਭਰ ਕੇ ਦਾਣੇ ਲੈ ਗਈ ਮਾਮੇ ਦੀ ਹੱਟੀ! ਦਾਣੇ ਦੇ ਕੇ
ਮੈਂ ਘੜ੍ਹੀ ਬਾਂਹ ‘ਤੇ ਖੁਣਵਾ ਲਿਆਈ!” ਮਾਂ ਖ਼ਾਮੋਸ਼ ਹੋ ਗਈ। ਸ਼ਾਇਦ ਉਸ
ਵੇਲੇ ਵਿੰਨ੍ਹਣ ਦੇ ਦਰਦ ਨੂੰ ਮਾਂ ਨੇ ਅਸਾਨੀ ਨਾਲ ਸ਼ੌਕ ਦੇ ਕਬਜੇ ਕਰ
ਦਿੱਤਾ ਹੋਣਾ?
“ਮੈਂ ਪਾਪਾ ਜੀ ਦੇ ਵੀ ਪੱਟ ‘ਤੇ ‘ਮੋਰ’ ਛਪਿਆ
ਵੇਖਿਆ ਸੀ...!” ਮਾਂ ਨੂੰ ਯਾਦਾਂ ਦੇ ਖੂਹ ਵਿੱਚੋਂ ਕੱਢਣ ਲਈ ਮੈਂ ਕਿਹਾ।
“.......ਹੂੰ.....ਧੀਏ!! ਪਾਕਿਸਤਾਨ ਦੀ ‘ਸ਼ਾਹੀ’ ਇੰਨ੍ਹਾਂ
‘ਚਿੱਤਰਾਂ’ ਰਾਹੀਂ ਸਾਡੇ ਸ਼ਰੀਰ ‘ਤੇ ਉਲੀਕੀ ਹੋਈ ਹੈ। ਸਾਰੀ ਉਮਰ ਜਦੋਂ
ਵੀ ਬਾਂਹ ‘ਤੇ ਨਿਗ੍ਹਾ ਪਈ, ਜਨਮ-ਭੂਮੀ ਯਾਦ ਆ ਗਈ!...ਮੇਰੇ ਬਾਬੇ ਨਾਨਕ
ਦੇਵ ਜੀ ਦੀ ਧਰਤੀ....!” ਮਾਂ ਕਹਿਣਾ ਤਾਂ ਸ਼ਾਇਦ ਬਹੁਤ ਕੁਝ ਚਾਹੁੰਦੀ
ਸੀ, ਪਰ ਹੁਣ ਸਰੀਰ ਪੱਖੋਂ ਨਿਰਬਲ ਹੋ ਗਈ ਸੀ। ਮੈਂ ਮਾਂ ਦੀ ਬਾਂਹ ਆਪਣੇ
ਹੱਥ ‘ਤੇ ਰੱਖ ‘ਪਾਕਿਸਤਾਨ ਦੀ ਘੜ੍ਹੀ’ ਨੂੰ ਬੜੀ ਨੀਝ ਨਾਲ ਵੇਖਦੇ ਹੋਏ
ਮਾਂ ਦੇ ਜਜ਼ਬਾਤਾਂ ਨੂੰ ਪੜ੍ਹਨ ਦੀ ਕੋਸਿ਼ਸ਼ ਕੀਤੀ। ਪਰ ਉਸ ਡੰਘਾਈ ਤੱਕ
ਪਹੁੰਚ ਪਾਉਣਾ ਮੇਰੇ ਵੱਸ ਦੀ ਗੱਲ ਨਹੀਂ ਸੀ। ਬਦੋਬਦੀ ਮੇਰੀਆਂ ਅੱਖਾਂ ਨਮ
ਹੋ ਗਈਆਂ। ਮਾਂ ਦੀ ਘੜ੍ਹੀ ਦਾ ਸਮਾਂ ਅੱਜ ਤੱਕ ਰੁਕਿਆ ਹੋਇਆ ਸੀ, ਤਾਂ ਹੀ
ਉਸ ਦੇ ਮਨ ਦੀ ਕਿਸੇ ਤਹਿ ਵਿੱਚ ਪਾਕਿਸਤਾਨ ਵੀ ਵਸਦਾ ਰਿਹਾ। ਪਾਕਿਸਤਾਨ
ਦੀਆਂ ਯਾਦਾਂ ਇਸ ਘੜ੍ਹੀ ਵਾਂਗ ਮਾਂ ਦੇ ਮਨ ‘ਤੇ ਬਹੁਤ ਡੂੰਘੀਆਂ ਉਲੀਕੀਆਂ
ਹੋਈਆਂ ਜਾਪ ਰਹੀਆਂ ਸਨ।
ਮਈ ਦੇ ਮਹੀਨੇ ਭਾਰਤ ਦੇਸ਼ ਵਿੱਚ ਵੀ
“ਮਦਰਸ ਡੇਅ” ਮਨਾਇਆ ਜਾਂਦਾ ਹੈ। ਹਾਲਾਂਕਿ ਮਾਂ ਦੀ ਮਹੱਤਤਾ ਕਿਸੇ ਇੱਕ
ਦਿਨ ਤਾਂ ਨਹੀਂ ਹੁੰਦੀ? ਪ੍ਰੰਤੂ ਮੈਂ ਇਸ “ਮਦਰਸ ਡੇਅ” ਨੂੰ ਜ਼ਰੂਰ
ਮਨਾਉਣਾ ਚਾਹੁੰਦੀ ਸੀ। ਮਾਂ ਨੂੰ ਮੈਂ ਘੁੱਟ ਕੇ ਜੱਫੇ ਵਿੱਚ ਲੈ ਕੇ ਮੂੰਹ
ਚੁੰਮ ਲਿਆ।
“.....ਹੈਪੀ “ਮਦਰਸ ਡੇਅ” ਮਾਂ!” ਮੈਂ ਮਾਂ ਨੂੰ
ਪਿਆਰ ਵਿੱਚ ਲਿਬਰੇਜ਼ ਹੋ ਕੇ ਕਿਹਾ।
“.....ਹਾਂ ਬੇਟਾ! ਜਿਉਂਦੇ
ਵਸਦੇ ਰਹੋ, ਪ੍ਰਮਾਤਮਾ ਤੁਹਾਨੂੰ ਬੜਾ ਰੰਗ ਲਾਵੇ..... ਬੱਚਿਆਂ ਦਾ ਸੁਖ
ਮਾਣੋ...... ਕਦੇ ਤੱਤੀ ‘ਵਾਅ ਨਾ ਲੱਗੇ, ਲੰਮੀਆਂ ਉਮਰਾਂ ਦੇਵੇ
ਦਾਤਾ.......!” ਮਾਂ ਮੇਰੇ ਸਿਰ ਨੂੰ ਪਲੋਸਦੀ ਦੁਆਵਾਂ ਦੇ ਰਹੀ ਸੀ,
ਜਿਵੇਂ ਉਸ ਦੇ ਅੰਦਰ ਆਪਣੇ ਸਾਹਾਂ ਦੀ ਪੂੰਜੀ ਘੱਟ ਹੋਣ ਦਾ ਅਹਿਸਾਸ ਹੋਵੇ
ਕਿ ਕਿਉਂ ਨਾ ਅੱਜ ਸਾਰੀਆਂ ਅਸੀਸਾਂ ਹੀ ਇਸ ਦੀ ਝੋਲੀ ਵਿੱਚ ਪਾ ਦੇਵਾਂ?
...ਮੁੜ ਇਸ ਪ੍ਰਦੇਸਣ ਧੀ ਨਾਲ ਮੇਲ ਨਹੀਂ ਹੋਣੇ। ਮਾਂ ਦੀ ਦਿਨ-ਬ-ਦਿਨ
ਡਿਗਦੀ ਸਿਹਤ ਮੈਨੂੰ ਸੁਨੇਹਾਂ ਦੇ ਰਹੀ ਸੀ ਕਿ ਮਾਂ ਦੀ ਇਸ ਅਵਾਜ਼ ਦਾ
ਦੁਨੀਆਂ ਤੋਂ ਅਲੋਪ ਹੋਣ ਦਾ ਸਮਾਂ ਨੇੜੇ ਹੈ। ਮੈਂ ਆਪਣੇ ਫ਼ੋਨ ਦੀ
ਰਿਕਾਰਡਿੰਗ ਨੂੰ ‘ਆਨ’ ਕਰਕੇ ਮਾਂ ਦੇ ਨੇੜੇ ਪਹਿਲਾਂ ਹੀ ਰੱਖ ਲਿਆ
ਸੀ। ਮਾਂ ਦੀਆਂ ਦੁਆਵਾਂ, ਮਾਂ ਦੀ ਅਵਾਜ਼, ਮਾਂ ਦੀ ਹੋਂਦ ਨੂੰ ਸਦਾ ਆਪਣੇ
ਕੋਲ ‘ਜੀਵਤ’ ਰੱਖਣ ਲਈ। ਅਗਲੀ ਵਾਰ ਪੇਕੇ ਆਈ ਤਾਂ ਮਾਂ ਨਹੀਂ ਦਿਸਣੀ। ਮੈਂ
ਮਾਂ ਨੂੰ ਬਾਹਾਂ ਵਿੱਚ ਭਰ ਕੇ ਆਪਣੇ ਸੀਨੇ ਨਾਲ ਲਾ ਲਿਆ, ਜਿਵੇਂ ਮਾਂ ਨੂੰ
ਆਪਣੇ ਅੰਦਰ ਸਾਂਭ ਲੈਣਾ ਚਾਹੁੰਦੀ ਸੀ। ਧੀ ਦਾ ਪੇਕਾ ਮਾਂ ਨਾਲ ਹੀ ਹੁੰਦਾ
ਹੈ। ਮਾਂ ਦੀਆਂ ਆਂਦਰਾਂ ਦੀ ਹੀ ਖਿੱਚ ਹੁੰਦੀ ਹੈ ਕਿ ਔਰਤ ਖ਼ੁਦ ਮਾਂ ਬਣ
ਕੇ ਵੀ ਆਪਣੀ ਮਾਂ ਦਾ ਮੋਹ ਛੱਡ ਨਹੀਂ ਪਾਉਂਦੀ।
ਇੰਗਲੈਂਡ ਵਿੱਚ
ਵਸਦੇ ਮੇਰੇ ਬੱਚੇ ਲਗਾਤਾਰ ਫ਼ੋਨ ਕਰਕੇ ਮੇਰੇ ਆਉਣ ਬਾਰੇ ਪੁੱਛਦੇ ਰਹਿੰਦੇ
ਅਤੇ ਮੇਰਾ ਭਾਰਤ ਦਾ ਛੇ ਮਹੀਨੇ ਦਾ ਵੀਜ਼ਾ ਆਪਣੀ ਸਮਾਪਤੀ ਵੱਲ ਵਧ ਰਿਹਾ
ਸੀ। ਅਸਮਾਨ ਵੱਲ ਨਿਗਾਹ ਮਾਰੀ ਤਾਂ ਆਪਣੀ ਉਡਾਰੀ (ਜਹਾਜ਼) ਯਾਦ ਆ ਗਈ ਕਿ
ਚੰਦ ਦਿਨ ਹੋਰ ....ਬੱਸ!! ਮੈਂ ਮਾਂ ਦੀ ਇੱਕ ਪਸੰਦੀਦਾ ‘ਸ਼ਾਲ’ ਉਸ ਕੋਲੋਂ
ਮੰਗ ਕੇ ਲਈ। ਆਪਣੀ ਰਹਿੰਦੀ ਜਿ਼ੰਦਗੀ ਇਸ ‘ਸ਼ਾਲ’ ਰਾਹੀਂ ਮੈਂ ਮਾਂ ਦੀ
ਬੁੱਕਲ ਦਾ ਨਿੱਘ ਮਾਣ ਸਕਾਂਗੀ। ਸ਼ਾਲ ਆਪਣੀ ਅਟੈਚੀ ਵਿੱਚ ਰੱਖ, ਮੈਂ ਆਪਣੀ
ਵਤਨ ਉਡਾਰੀ ਦੀ ਤਿਆਰੀ ਕਰਨ ਲੱਗ ਪਈ......ਮਾਂ ਵੀ ਅੰਦਰੋ-ਅੰਦਰ ਆਪਣੀ
‘ਆਖਰੀ ਉੜਾਨ’ ਦੀ ਤਿਆਰੀ ਕਰੀ ਬੈਠੀ ਸੀ। ਜਿੱਥੇ ਮਾਂ ਦੀ ਮਮਤਾ, ਕੁੱਖ
ਅਤੇ ਦੁੱਧ ਦਾ ਕਰਜ਼ ਲਾਹਿਆ ਨਹੀਂ ਜਾ ਸਕਦਾ, ਉਥੇ ਪਿਉ ਦੇ ਮੋਹ-ਪਿਆਰ ਦਾ
ਵੀ ਦੇਣ ਨਹੀਂ ਦਿੱਤਾ ਜਾ ਸਕਦਾ।
ਬੰਦਾ ਇੱਕ ਵਾਰ ਅੱਖਾਂ ਮੀਟ,
ਜਹਾਨੋਂ ਕੂਚ ਕਰ ਕੇ ਕਿੱਥੇ ਜਾ ਬਿਰਾਜਦਾ ਹੈ? ਕੀ ਮੋਹ ਦੇ ਰਿਸ਼ਤੇ ਸਿਰਫ਼
ਇਸ ਦੁਨੀਆਂ ਤੱਕ ਹੀ ਸੀਮਤ ਨੇ?? ਇਹ ਸੋਚਦੀ ਦੀਆਂ ਮੇਰੀਆਂ ਅੱਖਾਂ ਭਰ
ਆਈਆਂ ਅਤੇ ਕਲਪਨਾ ਵਿੱਚ ਮਾਂ ਅਤੇ ਬਾਪ ਦੀ ਬੁੱਕਲ ਦਾ ਨਿੱਘ ਮਾਣਦੀ ਦਾ
ਮੇਰੇ ਅੰਦਰੋਂ ਆਪ ਮੁਹਾਰਾ ਇੱਕ ਹਾਉਕਾ ਨਿਕਲ ਗਿਆ....!
|