|
ਮੀਨੂੰ ਸੁਖਮਨ |
ਬਹ-ਪੱਖੀ ਕਲਾਵਾਂ ਦਾ ਸੁਮੇਲ, ਪੰਜਾਬੀ ਤੇ ਹਿੰਦੀ ਸਾਹਿਤ-ਜਗਤ ਦਾ
ਜਾਣਿਆ-ਪਛਾਣਿਆ ਤੇ ਅਣਗਿਣਤ ਸਟੇਜਾਂ ਉਪਰ ਸਨਮਾਨਿਆ-ਸਤਿਕਾਰਿਆ ਹਸਤਾਖਰ,
ਹੈੱਡਮਿਸਟ੍ਰੈਸੱ 'ਮੀਨੂੰ ਸੁਖਮਨ' ਇਕ ਐਸਾ ਖੁਸ਼-ਕਿਸਮਤ ਨਾਂਓਂ ਹੈ ਜਿਸ
ਨੂੰ ਖੂਬਸੂਰਤੀ ਦੇ ਨਾਲ-ਨਾਲ ਤਿੰਨ ਵਿਸ਼ਿਆਂ ਵਿਚ ਐਮ. ਏ. ਕਰਨ ਦਾ ਮਾਣ
ਹਾਸਲ ਹੈ।
ਆਪਣੀ ਰੋਸ਼ਨ ਕਲਮ ਨਾਲ ਸੁਖਮਨ ਜੀ ਜੋ ਅੱਖਰ ਕੋਰੇ ਕਾਗਜ਼ ਦੀ ਹਿੱਕੜੀ
ਉੱਤੇ ਕੱਢ ਕੇ ਮੋਤੀਆਂ ਵਾਂਗ ਸ਼ਿੰਗਾਰਦੇ ਹਨ, ਉਹ ਰੋਸ਼ਨੀਆਂ ਵੰਡਦੇ ਅਤੇ
ਸੁੰਦਰ ਸਮਾਜ ਦੀ ਸਿਰਜਣਾ ਦੀ ਆਸ-ਉਮੀਦ ਲੈ ਕੇ ਜਗਮਗਾ ਰਹੇ ਹੁੰਦੇ ਹਨ।
ਦਰਿਆਵਾਂ ਦੇ ਕਲਕਲ ਵਗਦੇ ਪਾਣੀਆਂ ਦੀ ਲਹਿਰ ਵਰਗੀਆਂ ਉਸ ਦੀਆਂ ਕਵਿਤਾਵਾਂ
ਵਿੱਚ, ਜਿੱਥੇ ਉਸ ਦੇ ਨਿੱਜ ਹੰਢਾਏ ਦਾ ਅਨੁਭਵ, ਨਿੱਘ, ਪ੍ਰੇਮ-ਪਿਆਰ,
ਸਾਦਗੀ ਤੇ ਵਿਛੋੜੇ ਦਾ ਦਰਦ ਵੇਖਣ ਨੂੰ ਮਿਲਦਾ ਹੈ, ਉਥੇ ਜੱਗ-ਬੀਤੀਆਂ
ਵਿੱਚ ਔਰਤਾਂ ਦੇ ਦੁੱਖੜੇ, ਬਜੁਰਗਾਂ ਦੀ ਅਣਦੇਖੀ, ਭਰੂਣ-ਹੱਤਿਆ,
ਦਾਜ-ਦਹੇਜ, ਨਸ਼ਿਆਂ ਦੀ ਲਾਹਨਤ, ਪਰਿਵਾਰਕ ਰਿਸ਼ਤਿਆਂ ਦੀ ਟੁੱਟ-ਭੱਜ ਆਦਿ
ਅਨੇਕਾਂ ਮਾਨਵੀਂ ਵਿਸ਼ੇ ਪੜ੍ਹਨ ਨੂੰ ਮਿਲਦੇ ਹਨ। ਇਨਸਾਨੀਅਤ ਦੀ ਗੱਲ ਕਰਦੀ
ਉਸਦੀ ਕਲਮ ਆਸ਼ਾਵਾਦੀ ਵੀ ਬਣੀ ਰਹਿੰਦੀ ਹੈ ਅਤੇ ਨਾਲ ਹੀ ਗਰੀਬਾਂ ਮਜ਼ਲੂਮਾਂ
ਅਤੇ ਆਮ ਲੋਕਾਈ ਸੰਗ ਖੜੀ ਉਹ ਮਾਨਵਵਾਦੀ ਸੁਰ ਵੀ ਅਪਣਾਉਂਦੀ ਹੈ।
ਸੁਖਮਨ ਨੂੰ ਜਿੱਥੇ ਕਹਾਣੀ, ਲੇਖ, ਕਵਿਤਾ, ਰੁਬਾਈ ਅਤੇ 'ਹਾਈਕੂ, ਆਦਿ
ਵੰਨਗੀਆਂ ਦੇ ਨਾਲ-ਨਾਲ ਪੁਸਤਕਾਂ ਦੇ ਰਿਵਿਊ ਲਿਖਣ ਵਿੱਚ ਖਾਸ ਮੁਹਾਰਤ
ਹਾਸਲ ਹੈ, ਉਥੇ ਉਸ ਨੇ 'ਗਿੱਲ ਮੋਰਾਂ ਵਾਲੀ' ਦੀਆਂ ਪੰਜਾਬੀ ਦੀਆਂ ਦੋ
ਪੁਸਤਕਾਂ ਦਾ ਹਿੰਦੀ ਵਿਚ ਅਤੇ ਰਾਜਸਥਾਨ ਦੇ ਸੁਪ੍ਰਸਿੱਧ ਕਹਾਣੀਕਾਰ ਡਾ.
ਵਿਸ਼ਨੂੰ ਪੰਕਜ ਦੀਆਂ 17 ਕਹਾਣੀਆਂ ਦਾ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ
ਕੀਤਾ ਹੈ। ਜਿਕਰ ਯੋਗ ਹੈ ਕਿ ਡਾ. ਵਿਸ਼ਨੂੰ ਪੰਕਜ ਜੀ ਇੰਡੀਆ ਪੱਧਰ ਦੀਆਂ
ਰਾਜਨੀਤਿਕ, ਸਾਹਿਤਕ, ਸਮਾਜਿਕ ਅਤੇ ਫਿਲਮੀ ਦੁਨੀਆਂ ਦੀਆਂ ਕੁਝ ਇੱਕ
ਚੋਣਵੀਆਂ ਸ਼ਖਸੀਅਤਾਂ, ਜਿਨ੍ਹਾਂ ਵਿਚ ਸਵ: ਸ੍ਰੀਮਤੀ ਇੰਦਰਾ ਗਾਂਧੀ ਅਤੇ
ਹੇਮਾ ਮਾਲਿਨੀ ਆਦਿ ਹਨ, ਦਾ ਸੰਸਮਰਣ ਲਿਖ ਚੁਕੇ ਹਨ, ਵਿਚ ਪੰਜਾਬ ਤੋਂ
ਹਰਮਨ ਪਿਆਰੀ ਸ਼ਖਸੀਅਤ ਮੀਨੂੰ ਸੁਖਮਨ ਜੀ ਵੀ ਇੱਕ ਹਨ।
ਪ੍ਰੈਸੱ-ਮੀਡੀਆ ਵਲ ਨਜਰ ਮਾਰੀਏ ਤਾਂ ਹਿੰਦੀ ਤੇ ਪੰਜਾਬੀ ਦਾ ਸ਼ਾਇਦ ਹੀ
ਕੋਈ ਐਸਾ ਪੇਪਰ ਜਾਂ ਮੈਗਜੀਨ ਬਚਿਆ ਹੋਵੇਗਾ, ਜਿਸ ਦਾ ਸੁਖਮਨ ਜੀ ਦੀਆਂ
ਰਚਨਾਵਾਂ ਸ਼ਿੰਗਾਰ ਨਾ ਬਣੀਆਂ ਹੋਣ। ਉਹ ਜਿੱਥੇ 'ਰਸਤਾ ਮੁੱਕਦਾ ਨਹੀਂ'
(ਪੰਜਾਬੀ) ਕਾਵਿ- ਸੰਗ੍ਰਹਿ ਅਤੇ 'ਸੁਖਮਨ ਕੀ ਤਰਹ' ਹਿੰਦੀ ਕਾਵਿ-ਸੰਗ੍ਰਹਿ
ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਚੁੱਕੇ ਹਨ, ਉਥੇ ਉਸਦੇ ਹਿੰਦੀ
ਕਾਵਿ-ਸੰਗ੍ਰਹਿ ਨੂੰ ਕਲਾ ਦੇ ਪਾਰਖੂ ਬਲਵਿੰਦਰ ਸਿੰਘ ਮਠਾੜੂ ਜੀ ਨੇ 'ਅਸੀਂ
ਆਵਾਂਗੇ ਦੋਬਾਰਾ' ਨਾਂਉ ਦੇ ਟਾਈਟਲ ਹੇਠ ਪੰਜਾਬੀ ਵਿੱਚ ਅਨੁਵਾਦ ਕਰਕੇ
ਪੰਜਾਬੀ ਪਾਠਕਾਂ ਤੱਕ ਵੀ ਪਹੁੰਚਾਇਆ ਹੈ। ਸਾਂਝੀਆਂ ਪ੍ਰਕਾਸ਼ਵਾਨਾਂ ਵਿਚ
'ਮੂੰਹੋਂ ਬੋਲਦੀਆਂ ਕਲਮਾਂ (151 ਕਲਮਾਂ), 'ਕਲਮਾਂ ਦੀ ਪ੍ਰਵਾਜ਼' (252),
'ਕਲਮਾਂ ਦੇ ਸਿਰਨਾਵੇਂ' (287 ਕਲਮਾਂ), 'ਖੇਤਾਂ ਦੇ ਵਾਰਿਸ', 'ਮੇਰੇ
ਗੀਤਾਂ ਦੀ ਆਵਾਜ਼' ਅਤੇ 'ਅਪਨਾ ਅਪਨਾ ਆਕਾਸ਼' ਆਦਿ ਦਰਜਨ ਦੇ ਕਰੀਬ
ਪ੍ਰਕਾਸ਼ਨਾਵਾਂ ਵਿੱਚ ਉਹ ਆਪਣੀ ਕਲਮ ਦੀ ਭਰਵੀ ਹਾਜ਼ਰੀ ਲਗਵਾ ਚੁੱਕੇ ਹਨ।
ਹੁਣ, ਨਿਕਟ ਭਵਿੱਖ ਵਿੱਚ ਇੱਕ ਹਿੰਦੀ ਕਾਵਿ-ਸੰਗ੍ਰਹਿ ਅਤੇ ਪੰਜਾਬੀ
ਕਹਾਣੀਆਂ ਦੀ ਪੁਸਤਕ ਪਾਠਕਾਂ ਦੇ ਹੱਥਾਂ ਤੱਕ ਪਹੁੰਚਦੀ ਕਰਨ ਦਾ ਮਨ 'ਚ
ਵਲਵਲਾ ਸਮੋਈ ਬੈਠੇ ਹਨ, ਉਹ।
ਰਾਜਧਾਨੀ ਸ਼ਹਿਰ ਚੰਡੀਗੜ੍ਹ ਦੀ ਜੰਮਪਲ ਮੀਨੂੰ ਦੀ, ਮਾਨ-ਸਨਮਾਨ ਝੋਲੀ
ਪੁਆਉਣ ਦੇ ਸਿਲਸਿਲੇ ਦੀ ਸ਼ੁਰੂਆਤ ਵਿਦਿਆਰਥੀ-ਜੀਵਨ ਦੌਰਾਨ ਹੀ ਸੱਭਿਆਚਾਰਕ
ਅਤੇ ਖੇਡ੍ਹ-ਖੇਤਰ ਵਿਚ ਮੱਲਾਂ ਮਾਰਦਿਆਂ ਹੋ ਗਈ ਸੀ। ਉਪਰੰਤ ਸਾਹਿਤਕ-ਖੇਤਰ
ਵਿਚ ਚੱਲਦੇ-ਚੱਲਦੇ 'ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਵਲੋਂ
ਮਿਲੇ ਤਿੰਨ ਸਨਮਾਨ-ਪੱਤਰਾਂ ਦੇ ਨਾਲ-ਨਾਲ 'ਹਿੰਦੀ ਅਕਾਦਮੀ ਦਿੱਲੀ' ਵਲੋਂ
ਭਾਸ਼ਾ ਰਤਨ' ਐਵਾਰਡ, 'ਹਿੰਦੀ ਸਾਹਿਤ ਗੰਗਾ ਸੰਸਥਾ, ਜਲਗਾਂਵ ਵਲੋ. 'ਗੰਗਾ
ਗਾਊ ਮੁੱਖੀ ਗੌਰਵ' ਪੁਰਸਕਾਰ, 'ਸ਼ਿਕਸਾ ਤੇ ਧਰਮ ਸੰਸਕ੍ਰਿਤੀ, ਨਿਰਵਾਣਾ'
ਵਲੋਂ 'ਸਾਹਿਤ ਸੌਰਵ' ਪੁਰਸਕਾਰ ਅਤੇ 'ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ,
ਦਿੱਲੀ' ਵਲੋਂ 'ਸਰਸਵਤੀ ਭਾਸ਼ਾ ਭੂਸ਼ਨ' ਪੁਰਸਕਾਰ ਅਤੇ ਅਜਾਦੀ-ਦਿਵਸ ਮੌਕੇ
ਰੂਪ ਨਗਰ ਵਿਖੇ ਮੰਤਰੀ ਦੁਆਰਾ 'ਸਮਾਜ-ਸੇਵਿਕਾ' ਆਦਿ ਦੇ ਮਿਲੇ ਮਾਨ-ਸਨਮਾਨ
ਨੂੰ ਸੁਖਮਨ ਜੀ ਅਭੁੱਲ ਯਾਦਗਾਰੀ ਸਨਮਾਨਾਂ ਦੀ ਲੜੀ ਵਿਚ ਗਿਣਦੇ ਹਨ।
ਬੇ-ਮੌਕੇ ਸਦੀਵੀ ਵਿਛੋੜਾ ਦੇ ਗਈ ਲਾਡਲੀ ਬੇਟੀ ਅਰਪਿਤਾ ਦੀ ਯਾਦ ਵਿਚ
ਪਿਛਲੇ ਤਿੰਨ ਸਾਲਾਂ ਤੋਂ ਹਰ ਸਾਲ, ਮਾਰਚ ਮਹੀਨੇ ਬਲੱਡ ਡੁਨੇਸ਼ਨ ਕੈਂਪ
ਲਗਾ ਕੇ ਆਪਣੇ ਜਿਗਰ ਦੇ ਟੋਟੇ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੀ
ਸਾਹਿਤ, ਸੱਭਿਆਚਾਰ ਅਤੇ ਸਮਾਜ ਦੀ ਪੁਜਾਰਨ ਮੀਨੂੰ ਸੁਖਮਨ ਦੀਆਂ ਢੇਰ
ਸਾਰੀਆਂ ਮਾਣ-ਮੱਤੀਆਂ ਪ੍ਰਾਪਤੀਆਂ ਨੂੰ ਕੋਟਿ-ਕੋਟਿ ਸਲਾਮ! ਰੱਬ ਕਰੇ
ਮਹਿਕਾਂ, ਖੁਸ਼ਬੂਆਂ ਅਤੇ ਰੋਸ਼ਨੀਆਂ ਵੰਡਦਾ, ਕਲ-ਕਲ ਕਰਦਾ ਇਹ ਕਲਮੀ-ਝਰਨਾ
ਇਸੇ ਤਰਾ ਅਤੁੱਟ ਵਗਦਾ ਰਵ੍ਹੇ! ਅਮੀਨ !
ਸੰਪਰਕ: ਮੀਨੂੰ ਸੁਖਮਨ,
simransimi.sharma01@gmail.com
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (98764-28641)
|