ਮੁੰਡੀ ਖਰੜ (ਮੋਹਾਲੀ) ਵਿਚ ਸ੍ਰ. ਅਮਰ ਸਿੰਘ (ਪਿਤਾ) ਦੇ ਗ੍ਰਹਿ ਵਿਖੇ
ਸ੍ਰੀਮਤੀ ਹਰਬੰਸ ਕੌਰ (ਮਾਤਾ) ਦੀ ਪਾਕਿ-ਕੁੱਖੋਂ 28 ਨਵੰਬਰ 1978 ਨੂੰ
ਜਨਮੇ ਹਰਦੀਪ ਲੌਂਗੀਆ ਨੂੰ ਕਵਿਤਾ ਲਿਖਣ ਦਾ ਸ਼ੌਂਕ ਬਚਪਨ ਤੋਂ ਹੀ ਜਾਗ ਪਿਆ
ਸੀ। ਪਰ ਉਹ ਡਾਇਰੀਆਂ ਕਾਲੀਆਂ ਕਰ ਕਰਕੇ ਅਲਮਾਰੀਆਂ ਵਿਚ
ਛੁਪਾਉਂਦੇ-ਦਬਾਉਂਦੇ ਰਹੇ। ਅਚਾਨਕ ਉਨ੍ਹਾਂ ਦਾ ਕਲਮੀ-ਰਾਜ ਉਦੋਂ
ਖੁੱਲ੍ਹਿਆ, ਜਦੋਂ ਇੱਕ ਦਿਨ ਉਸਤਾਦ ਗ਼ਜ਼ਲਗੋ, ਬਲਵੀਰ ਸਿੰਘ ਸੈਣੀ, ਮੁੱਖ
ਸੰਪਾਦਕ, 'ਸੂਲ ਸੁਰਾਹੀ' ਨੰਗਲ ਦੇ ਹੱਥ
ਉਨ੍ਹਾਂ ਦੀ ਇੱਕ ਡਾਇਰੀ ਆ ਲੱਗੀ। ਉਹ ਦੇਖ ਕੇ ਹੈਰਾਨ ਰਹਿ ਗਏ ਕਿ ਡਾਇਰੀ
ਪਾਏਦਾਰ ਗਜ਼ਲਾਂ, ਗੀਤਾਂ ਅਤੇ ਕਵਿਤਾਵਾਂ ਨਾਲ ਭਰੀ ਪਈ ਸੀ। ਉਸ ਤੋਂ ਬਾਅਦ
ਇਸੇ ਤਰਾਂ ਦੀ ਇਕ ਡਾਇਰੀ ਹੋਰ ਉਨ੍ਹਾਂ ਹੱਥ ਲੱਗ ਗਈ। ਬਸ, ਫਿਰ ਕੀ ਸੀ,
ਕਲਾਵਾਂ ਦੇ ਪਾਰਖੂ ਜੌਹਰੀ ਤੋਂ ਕਿਵੇਂ ਬਚ ਸਕਦਾ ਸੀ, ਇਹ ਕਲਮੀ-ਹੀਰਾ।
ਉਨ੍ਹਾਂ ਨੇ ਉਸ ਨੂੰ ਤਰਾਸਣਾ ਸ਼ੁਰੂ ਕਰ ਦਿੱਤਾ। ਹੀਰੇ ਦੀ ਚਮਕ-ਦਮਕ ਅੱਜ
ਹੋਰ ਤੇ ਕੱਲ ਹੋਰ, ਹੁੰਦੀ-ਹੁੰਦੀ ਖੂਬ ਚਮਕ ਉਠਿਆ ਹੀਰਾ। ਉਨ੍ਹਾਂ ਨੇ
ਜਿੱਥੇ ਇਸ ਹੀਰੇ ਨੂੰ ਤ੍ਰੈ-ਮਾਸਿਕ 'ਸੂਲ ਸੁਰਾਹੀ' ਵਿਚ ਲਗਾਤਾਰ ਛਾਪਣਾ
ਸ਼ੁਰੂ ਕਰ ਦਿੱਤਾ, ਉਥੇ ਨਾਲ-ਦੀ-ਨਾਲ ਹੋਰਨਾ ਅਖਬਾਰਾਂ ਵੱਲ ਨੂੰ ਵੀ ਉਸ ਦੀ
ਚੇਟਕ ਲਗਾਈ। ਇਵੇਂ ਹੀ ਕਈ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਵੀ ਹਰਦੀਪ ਨੇ
ਵਧੀਆ ਹਾਜਰੀਆਂ ਭਰੀਆਂ।
ਇਹ ਕਹਿੰਦਿਆਂ ਫਖਰ ਮਹਿਸੂਸ ਹੁੰਦਾ ਹੈ ਕਿ ਅੱਜ ਦਿਨ ਹਰਦੀਪ ਜੀ ਦਾ
ਸਾਹਿਤ-ਜਗਤ ਵਿਚ ਆਪਣਾ ਇਕ ਅੱਡਰਾ ਮੁਕਾਮ ਹੈ। ਉਸ ਦੀ ਨਿਵੇਕਲੀ ਪਛਾਣ ਹੈ।
ਉਸ ਕੋਲ ਹੁਣ ਦੋ ਕਾਵਿ ਪੁਸਤਕਾਂ ਦਾ ਮੈਟਰ ਛਪਵਾਉਣ ਲਈ ਤਿਆਰ ਹੈ। ਇੱਥੋਂ
ਤੱਕ ਦੇ ਹਾਸਲ ਮੁਕਾਮ ਦਾ ਸਿਹਰਾ ਬਿਨਾਂ ਸ਼ੱਕ ਉਹ ਬਲਵੀਰ ਸਿੰਘ ਸੈਣੀ ਅਤੇ
ਭਗਤ ਰਾਮ ਰੰਗਾੜਾ ਵਰਗੀਆਂ ਨਾਮਵਰ ਸਾਹਿਤਕ-ਸਖਸ਼ੀਅਤਾਂ ਸਿਰ ਬੰਨ੍ਹਦਾ ਹੈ।
ਸਕੂਲੀ ਵਿਦਿਆ, ਖਾਲਸਾ ਹਾਈ ਸਕੂਲ ਖਰੜ ਤੋਂ ਪ੍ਰਾਪਤ ਕਰਨ ਉਪਰੰਤ ਚਾਰ
ਸਾਲ ਦਾ ਬੀ. ਈ. ਐਮ. ਐਸ. ਦਾ ਡਿਪਲੋਮਾ ਕੋਰਸ, ਡਾ. ਬੀ. ਆਰ. ਅੰਬੇਡਕਰ
ਕਾਲਜ ਮੁਹਾਲੀ ਤੋਂ ਕਰਨ ਵਾਲੇ ਹਰਦੀਪ ਨੂੰ ਧਾਰਮਿਕ ਬਿਰਤੀ ਦੇ ਮਾਤਾ ਪਿਤਾ
ਅਤੇ ਨਾਨਕਾ-ਪਰਿਵਾਰ ਪਾਸੋਂ ਬਚਪਨ ਤੋਂ ਹੀ ਧਾਰਮਿਕ ਸੰਸਕਾਰ ਮਿਲਣਾ
ਕੁਦਰਤੀ ਹੀ ਸੀ। ਨਤੀਜਨ ਧਾਰਮਿਕ ਤੇ ਸਮਾਜਿਕ ਰੰਗਣ ਚੜ੍ਹਨ ਸਦਕਾ ਉਹ
ਧਾਰਮਿਕ ਤੇ ਸਮਾਜਿਕ ਸੇਵਾਵਾਂ ਵਿਚ ਰੁੱਝੇ ਰਹਿੰਦੇ ਅਕਸਰ, ਦੀਨ ਅਤੇ
ਦੁਖੀਆਂ ਦੀ ਸਹਾਇਤਾ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ।
ਲੋਂਗੀਆ ਜੀ ਕਵੀ ਮੰਚ ਮੋਹਾਲੀ ਦੇ ਸਹਿ ਸੰਚਾਲਕ/ ਜਨਰਲ ਸਕੱਤਰ ਦੇ ਤੌਰ
ਤੇ ਵੀ ਲਗਾਤਾਰ ਡੇਢ ਕੁ ਸਾਲ ਤੋਂ ਕੰਮ ਕਰਦੇ ਆ ਰਹੇ ਹਨ ਅਤੇ ਨਾਮਵਰ ਕਵੀ
ਭਗਤ ਰਾਮ ਰੰਗਾੜਾ ਸੰਗ ਕਈ ਕਵੀ-ਦਰਬਾਰਾਂ ਅਤੇ ਪੁਸਤਕ ਲੋਕ-ਅਰਪਣ ਸਮਾਗਮਾਂ
ਨੂੰ ਸ਼ਾਨਦਾਰ ਕਾਮਯਾਬੀ ਨਾਲ ਕਰਵਾ ਚੁੱਕੇ ਹਨ।
ਕਿੱਤੇ ਵਜੋਂ ਹਰਦੀਪ ਜੀ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਮੁਹਾਲੀ ਨੇੜਲੇ
ਪਿੰਡ ਬਹਿਲੋਲਪੁਰ ਵਿਖੇ ਆਪਣੇ ਕਲੀਨਿਕ ਵਿਚ ਦੁਖਿਆਰੇ ਤੇ ਲੋੜਵੰਦ ਮਰੀਜਾਂ
ਦੀ ਸੇਵਾ ਕਰਦਿਆਂ ਹਾਜਰੀਆਂ ਭਰਦੇ ਹਨ। ਇਕ ਸਵਾਲ ਦਾ ਜੁਵਾਬ ਦਿੰਦਿਆਂ
ਹਰਦੀਪ ਨੇ ਕਿਹਾ, 'ਹੁਣ ਤੱਕ ਮੈ ਆਪਣੇ ਕਲੀਨਿਕ ਦੇ ਸਹਿਯੋਗ ਨਾਲ ਲਗਵਾਏ
ਖੂਨਦਾਨ ਕੈਂਪਾਂ ਵਿਚ ਦਸ ਕੁ ਵਾਰੀ ਖੂਨਦਾਨ ਕਰ ਚੁੱਕਾ ਹਾਂ। '
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਜੀਵਨ-ਸਾਥਣ ਬੀਬੀ ਸਤਿੰਦਰ ਕੌਰ
ਐਮ. ਏ (ਇਕਨਾਮਿਕਸ) ਵੱਲੋਂ ਵੀ ਉਨ੍ਹਾਂ ਨੂੰ ਅਜਿਹੀਆਂ ਡਾਕਟਰੀ ਅਤੇ
ਸਾਹਿਤਕ ਗਤੀ-ਵਿਧੀਆਂ ਵਿਚ ਪੂਰਨ ਸਹਿਯੋਗ ਮਿਲ ਰਿਹਾ ਹੈ। ਛੇਵੀਂ ਜਮਾਤ
ਵਿੱਚ ਪੜ੍ਹਦਾ, ਇਕਲੋਤਾ ਲਾਡਲਾ ਹਰਮਨਦੀਪ ਆਪਣੀ ਆਯੂ ਤੋਂ ਉਚੇਰੀਆਂ ਮੱਲਾਂ
ਮਾਰ ਕੇ ਮੱਲੋ-ਮੱਲੀ ਮੋਹ ਲੈਂਦਾ ਹੈ, ਸਭ ਨੂੰ।
ਸ਼ਾਲ੍ਹਾ ! ਸਿਹਤ ਅਤੇ ਸਾਹਿਤ^ਸੇਵਾਵਾਂ ਵਿਚ ਜੁਟਿਆ ਡਾ. ਹਰਦੀਪ ਲੌਂਗੀਆ
ਸ਼ੁਹਰਤ ਦੀਆਂ ਹੋਰ ਵੀ ਉਚ-ਬੁਲੰਦੀਆਂ ਨੂੰ ਛੂਹਵੇ, ਦਿਲੀ ਦੁਆ ਹੈ, ਓਸ
ਸੱਚੇ ਪਰਵਰਦਗਾਰ ਦੇ ਦਰ ਤੇ ਮੇਰੀ! ਆਮੀਨ!
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (98764-28641)
|