|
ਸੁਰਜੀਤ ਕਲਸੀ |
ਯੂ. ਬੀ. ਸੀ. ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ ਹਰ ਸਾਲ ਬੀ ਸੀ ਦੇ
ਇਕ ਪੰਜਾਬੀ ਲੇਖਕ ਨੂੰ ਦਿੱਤਾ ਜਾਣ ਵਾਲਾ ਹਰਜੀਤ ਕੌਰ
ਸਿੱਧੂ ਮੈਮੋਰੀਅਲ ਇਨਾਮ ਇਸ ਸਾਲ ਸੁਰਜੀਤ ਕਲਸੀ ਨੂੰ ਉਹਨਾਂ ਦੀ
ਸਮੁੱਚੀ ਸਾਹਿਤਕ ਦੇਣ ਲਈ ਦਿੱਤਾ ਜਾਵੇਗਾ। ਇਸ ਇਨਾਮ
ਵਿੱਚ ਲੇਖਕ ਨੂੰ ਇਕ ਸਨਮਾਨ ਚਿੰਨ ਅਤੇ ਇਕ ਹਜ਼ਾਰ ਡਾਲਰ ਦੀ
ਰਾਸ਼ੀ ਦਿੱਤੀ ਜਾਵੇਗੀ। ਸੁਰਜੀਤ ਕਲਸੀ ਨੂੰ ਇਨਾਮ ਦੇਣ ਦਾ ਇਹ
ਫੈਸਲਾ ਲੇਖਕਾਂ ਅਤੇ ਸਾਹਿਤ ਪਾਰਖੂਆਂ ਦੀ ਇਕ ਤਿੰਨ ਮੈਂਬਰੀ
ਕਮੇਟੀ ਨੇ ਕੀਤਾ ਹੈ।
ਪੰਜਾਬੀ ਸਾਹਿਤਕ ਜਗਤ ਵਿੱਚ ਸੁਰਜੀਤ ਕਲਸੀ ਦਾ ਨਾਂ ਇਕ ਜਾਣਿਆ ਪਛਾਣਿਆ
ਨਾਂ ਹੈ। ਸੁਰਜੀਤ ਕਲਸੀ ਪੰਜਾਬੀ ਅਤੇ ਅੰਗਰੇਜ਼ੀ
ਵਿੱਚ ਲਿਖਦੀ ਹੈ। ਚਾਰ ਦਹਾਕਿਆਂ ਤੋਂ ਲੰਮੇ ਸਾਹਿਤਕ ਸਫਰ ਦੌਰਾਨ
ਹੁਣ ਤੱਕ ਉਸ ਦੀਆਂ 19 ਪੁਸਤਕਾਂ ਪ੍ਰਕਾਸਿ਼ਤ ਹੋ ਚੁੱਕੀਆਂ ਹਨ।
ਉਹ ਇਕ ਵਧੀਆ ਕਵੀ, ਕਹਾਣੀਕਾਰ, ਨਾਟਕਕਾਰ, ਨਾਟਕ ਨਿਰਦੇਸ਼ਕ,
ਵਾਰਤਕ ਲੇਖਕ ਅਤੇ ਅਨੁਵਾਦਕ ਹਨ। ਉਨ੍ਹਾਂ ਦੀਆਂ ਕੁਝ
ਚੋਣਵੀਆਂ ਕਿਤਾਬਾਂ ਦੇ ਨਾਂ ਹਨ: “ਪੌਣਾਂ ਨਾਲ ਗੁਫਤਗੂ”, “ਔਰਤ
ਸ਼ਬਦ ਤੇ ਸ਼ਕਤੀ”, “ਰੋਮ ਰੋਮ ਵਿੱਚ ਜਗਦੇ ਦੀਵੇ”, “ਨਾਮ
ਤਿਹਾਰੇ”, “ਮਹਿਲੀ ਵਸਦੀਆਂ ਧੀਆਂ” “ਸਪੀਕਿੰਗ ਟੂ ਦਿ ਵਿੰਡਜ਼”,
“ਫੁੱਟਪ੍ਰਿੰਟਸ ਆਫ ਸਾਈਲੈਂਸ”, “ਸੈਂਡ ਸਕੇਪ” ਅਤੇ
“ਕਲਰਜ਼ ਆਫ ਮਾਈ ਹਰਟ”।
ਲੇਖਕ ਹੋਣ ਦੇ ਨਾਲ ਨਾਲ ਸੁਰਜੀਤ ਇਕ ਸੋਸ਼ਲ ਐਕਟਵਿਸਟ ਵੀ ਹਨ। ਕੈਨੇਡਾ
ਵਿੱਚ ਭਾਰਤੀ ਅਵਾਸੀ ਔਰਤਾਂ ਦੀਆਂ ਦੁੱਖ
ਤਕਲੀਫਾਂ ਨੂੰ ਭਾਈਚਾਰੇ ਸਨਮੁੱਖ ਪੇਸ਼ ਕਰਨ ਅਤੇ ਇਹਨਾਂ ਦੁੱਖ ਤਕਲੀਫਾਂ
ਦਾ ਹੱਲ ਲੱਭਣ ਲਈ ਕੀਤੇ ਗਏ ਸੰਘਰਸਾਂ ਵਿੱਚ
ਸੁਰਜੀਤ ਕਲਸੀ ਦਾ ਮਹੱਤਵਪੂਰਨ ਯੋਗਦਾਨ ਹੈ। ਔਰਤਾਂ ‘ਤੇ ਹੁੰਦੇ
ਤਸ਼ੱਦਦ ਨੂੰ ਰੋਕਣ ਲਈ ਬਣੀਆਂ ਸੰਸਥਾਵਾਂ - ਸਮਾਨਤਾ,
ਐਬਟਸਫੋਰਡ ਦੀਆਂ ਔਰਤਾਂ ਲਈ ਸਹਾਰਾ ਗਰੁੱਪ- ਨੂੰ ਸਥਾਪਤ ਕਰਨ
ਵਿੱਚ ਸੁਰਜੀਤ ਨੇ ਇਕ ਮੋਢੀ ਮੈਂਬਰ ਵਜੋਂ ਅਹਿਮ ਯੋਗਦਾਨ
ਪਾਇਆ ਹੈ।
ਸੁਰਜੀਤ ਕਲਸੀ ਸੰਨ 1974 ਵਿੱਚ ਕੈਨੇਡਾ ਵਿੱਚ ਆਏ। ਉਦੋਂ ਤੋਂ ਹੀ ਉਹ
ਪੰਜਾਬੀ ਲਿਟਰੇਰੀ ਐਸੋਸੀਏਸ਼ਨ (ਪੰਜਾਬੀ ਲੇਖਕ ਮੰਚ)
ਨਾਲ ਜੁੜੇ ਹੋਏ ਹਨ। ਪੰਜਾਬੀ ਲੇਖਕ ਮੰਚ ਦੇ ਮੈਂਬਰ ਹੁੰਦਿਆਂ
ਉਹਨਾਂ ਨੇ ਲੇਖਕ ਮੰਚ ਦੇ ਵੱਖ ਵੱਖ ਕਾਰਜਾਂ ਅਤੇ ਸਮਾਗਮਾਂ ਨੂੰ
ਕਾਮਯਾਬ ਬਣਾਉਣ ਲਈ ਇਕ ਸਰਗਰਮ ਭੂਮਿਕਾ ਨਿਭਾਈ ਹੈ। ਉਹਨਾਂ ਨੇ
ਪੰਜਾਬੀ ਸਾਹਿਤ ਸਭਾ ਐਬਟਸਫੋਰਡ (ਰਜਿਸ) ਦੇ
ਫਾਊਂਡਿੰਗ ਮੈਂਬਰ ਵਜੋਂ ਵੱਡਮੁੱਲਾ ਯੋਗਦਾਨ ਪਾਇਆ ਹੈ।
ਯੂ. ਬੀ. ਸੀ. ਵਲੋਂ ਬੀ ਸੀ ਦੇ ਪੰਜਾਬੀ ਲੇਖਕ ਨੂੰ ਹਰ ਸਾਲ ਦਿੱਤਾ
ਜਾਣ ਵਾਲਾ ਇਹ ਇਨਾਮ ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ
ਦਿੱਤਾ ਜਾਂਦਾ ਹੈ. ਹਰਜੀਤ ਕੌਰ ਸਿੱਧੂ (1937-2007) ਇਕ ਚੰਗੀ
ਪਤਨੀ, ਮਾਂ ਤੇ ਅਧਿਆਪਕਾ ਸੀ ਅਤੇ ਵਿਦਿਆ, ਪੰਜਾਬੀ ਬੋਲੀ
ਅਤੇ ਸੱਭਿਆਚਾਰ ਅਤੇ ਨਾਰੀਆਂ ਦੇ ਹੱਕਾਂ ਦੀ ਸਮਰਥਕ ਸੀ।
ਸੁਰਜੀਤ ਕਲਸੀ ਨੂੰ ਇਹ ਇਨਾਮ ਵੀਰਵਾਰ, 1 ਮਈ 2014 ਨੂੰ ਸਰੀ ਵਿੱਚ
ਹੋਣ ਵਾਲੇ ਇਕ ਸਮਾਗਮ ਵਿੱਚ ਦਿੱਤਾ ਜਾਵੇਗਾ। ਇਹ
ਸਮਾਗਮ ਸੈਂਟਰ ਸਟੇਜ, ਨਿਊ ਸਰੀ ਸਿਟੀ ਹਾਲ, 13450- 104 ਐਵਨਿਊ,
ਸਰੀ ((Centre Stage, New Surrey City
Hall, 13450-104 Ave., Surrey, BC) ) ਵਿਖੇ ਸ਼ਾਮ ਦੇ 7
ਵਜੇ ਅਤੇ ਸਾਢੇ ਨੌਂ ਵਜੇ ਵਿਚਕਾਰ ਹੋਵੇਗਾ। ਇਹ ਸਮਾਗਮ ਯੂ ਬੀ
ਸੀ ਵਲੋਂ ਕਾਮਾਗਾਟਾਮਾਰੂ ਦੀ ਘਟਨਾ ਦੀ ਸੌਂਵੀਂ ਵਰ੍ਹੇਗੰਢ ਦੀ
ਯਾਦ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਲੜੀ ਦਾ ਪਹਿਲਾ
ਸਮਾਗਮ ਹੋਵੇਗਾ। ਇਸ ਵਿੱਚ ਸੁਰਜੀਤ ਕਲਸੀ ਨੂੰ ਇਨਾਮ ਦੇਣ ਤੋਂ ਇਲਾਵਾ
ਕਾਮਾਗਾਟਾ ਮਾਰੂ ਦੀ ਘਟਨਾ ਬਾਰੇ ਡਾਕੂਮੈਂਟਰੀ
ਬਣਾਉਣ ਵਾਲੇ ਫਿਲਮਸਾਜ਼ ਅਲੀ ਕਾਜ਼ੀਮੀ ਹਾਜ਼ਰ ਹੋਣਗੇ ਅਤੇ ਉਹਨਾਂ
ਦੀ ਡਾਕੂਮੈਂਟਰੀ ‘ਕੰਟਿਨਿਊਸ ਜਰਨੀ’ ਵਿਖਾਈ ਜਾਵੇਗੀ।
ਇਸ ਦੇ ਨਾਲ ਨਾਲ ਪੰਜਾਬੀ ਲੇਖ ਮੁਕਾਬਲਿਆਂ ਵਿੱਚ ਪਹਿਲੇ ਨੰਬਰ ‘ਤੇ
ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ।
ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਸਾਰੇ
ਲੋਕਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ
ਹੈ।
ਹੋਰ ਜਾਣਕਾਰੀ ਲਈ
anne.murphy@ubc.ca ‘ਤੇ ਸੰਪਰਕ ਕਰੋ ਜਾਂ ਅੱਗੇ ਦਿੱਤੇ ਵੈੱਬਸਾਈਟ
‘ਤੇ ਜਾਉ:
http://www.asia.ubc.ca/2014/04/07/the-komagata-maru-project/
|