|
ਚੰਨ ਕਸੌਲੀ |
ਹਰਿਆਣਾ ਦੇ ਜਿਲ੍ਹਾ ਕੈਥਲ ਵਿਚ ਪੈਂਦੇ ਛੋਟੇ ਜਿਹੇ ਪਿੰਡ ਕਸੌਲੀ ਦੇ
ਜੰਮਪਲ ਚਰਨਜੀਤ ਸਿੰਘ ਸਿੱਧੂ ਦੀ ਸਾਹਿਤਕ ਖੇਤਰ ਵਿਚ ਚੰਨ ਕਸੌਲੀ ਦੇ
ਨਾਂਓਂ ਨਾਲ ਅੱਜ ਦਿਨ ਸ਼ਾਇਦ ਪਛਾਣ ਨਾ ਬਣ ਸਕਦੀ, ਜੇਕਰ ਉਸ ਨੂੰ ਵਿੱਤੀ
ਤੰਗੀ-ਤੁਰਸ਼ੀਆਂ ਦਾ ਸ਼ਿਕਾਰ ਬਣੇ ਨੂੰ ਸਕੂਲ ਦੀ ਫੀਸ ਦੇਣ ਲਈ ਕਿਸੇ ਦੇ
ਖੇਤਾਂ ਵਿਚ ਜਾਕੇ ਮਜਦੂਰੀ ਨਾ ਕਰਨੀ ਪੈਂਦੀ। ਮਾਤਾ ਬਲਬੀਰ ਕੌਰ ਅਤੇ ਪਿਤਾ
ਨਛੱਤਰ ਸਿੰਘ ਦੇ ਰਾਜ ਦੁਲਾਰੇ ਚੰਨ ਨੂੰ ਜਿੰਮੀਦਾਰ ਵਲੋਂ ਮਜਦੂਰੀ ਦੀ
ਮਿਹਨਤ ਨਾ ਮਿਲੀ ਤਾਂ ਚੰਨ ਦੇ ਦੁਖੀ ਮਨ ਵਿਚੋਂ ਪ੍ਰਮਾਤਮਾ ਪ੍ਰਤੀ ਇਕ
ਉਲਾਂਭਾ ਜਿਹਾ ਉਠਿਆ-
'ਭਰੇ ਅੰਨ ਨਾ' ਭੰਡਾਰ, ਭੁੱਖੇ ਰੋਟੀ ਤੋਂ ਕਈ ਯਾਰ :
ਸੁੱਤੇ ਬੋਰੀਆਂ ਵਿਛਾਕੇ, ਵੇਖ ਰੱਬਾ ਕਿਤੋਂ ਆ ਕੇ।
ਕੁੱਲੀਆਂ ਵਿਚ ਗਰੀਬੀ ਰਹਿੰਦੀ ਦੋਜਖ ਭਰਦੀ ਆ,
ਤੇਰਾ ਘਰ ਮੜ੍ਹਿਆ ਵਿਚ ਸੋਨੇ, ਦੁਨੀਆਂ ਭੁੱਖੀ ਮਰਦੀ ਆ।'
ਇਨ੍ਹਾਂ ਸਤਰਾਂ ਨਾਲ ਬਚਪਨ ਵਿਚ ਕਲਮੀ-ਸ਼ੁਰੂਆਤ ਕਰਨ ਵਾਲੇ ਚੰਨ ਨੇ ਫਿਰ
ਪਿੱਛੇ ਮੁੜਕੇ ਨਹੀਂ ਤੱਕਿਆ। ਜਿਸਦੇ ਨਤੀਜਨ ਉਹ 'ਜਨ-ਸਾਹਿਤ', 'ਪੰਜਾਬੀ
ਦੁਨੀਆਂ' 'ਅਜੀਤ', 'ਜੱਗ-ਬਾਣੀ', 'ਦੇਸ਼ ਸੇਵਕ', 'ਅਮਰ ਉਜਾਲਾ', 'ਦੈਨਿਕ
ਭਾਸਕਰ' 'ਪ੍ਰਾਇਮਰੀ ਸਿੱਖਿਆ', 'ਪੰਖੜੀਆਂ', 'ਹੰਸਤੀ ਦੁਨੀਆਂ', 'ਸੱਤ
ਸਮੁੰਦਰੋਂ ਪਾਰ' ਅਤੇ 'ਮਹਿਕ ਪੰਜਾਬ ਦੀ' ਆਦਿ ਵਿਚ ਉਹ ਹੁਣ ਤੱਕ ਨਿਰੰਤਰ
ਛਪਦਾ ਆ ਰਿਹਾ ਹੈ। ਸਾਂਝੀਆਂ ਪ੍ਰਕਾਸ਼ਨਾਵਾਂ ਵਾਲੇ ਪਾਸੇ ਤੁਰਿਆ ਉਹ
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਕਾਵਿ-ਸੰਗ੍ਰਹਿ
'ਕਲਮਾਂ ਦੇ ਸਿਰਨਾਵੇਂ' (ਜਿਸ ਮੌਕੇ ਤੇ ਕਿ ਉਸ ਨੂੰ ਸੰਸਥਾ ਵਲੋਂ
ਸਨਮਾਨ-ਪੱਤਰ ਨਾਲ ਸਨਮਾਨਿਤ ਵੀ ਕੀਤਾ ਗਿਆ) ਅਤੇ ਦਰਸ਼ਨ ਸਿੰਘ ਆਸ਼ਟ ਵਲੋਂ
ਕੱਢੇ 'ਕਲਮਾਂ ਦਾ ਕਾਫਲਾ' ਵਿਚ ਵੀ ਭਰਵੀ ਹਾਜਰੀ ਲੁਆ ਚੁੱਕਾ ਹੈ,
ਉਹ।
ਪੜ੍ਹਾਈ ਵਿਚ ਸਿਰੜੀ ਚੰਨ ਨੇ ਗਿਆਨੀ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ
ਪਟਿਆਲਾ ਤੋਂ ਅਤੇ ਐਮ. ਏ (ਹਿਸਟਰੀ) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ
ਹਾਸਲ ਕੀਤੀ। ਜੇ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਚੰਨ ਨੂੰ ਹਿੰਦੀ, ਪੰਜਾਬੀ,
ਅੰਗ੍ਰੇਜੀ ਤੋਂ ਇਲਾਵਾ ਉਰਦੂ, ਅਰਬੀ ਅਤੇ ਗੁਜਰਾਤੀ ਦਾ ਵੀ ਗਿਆਨ ਹਾਸਲ
ਹੈ।
ਪੜ੍ਹਾਈ ਸਮਾਪਤੀ ਤੋਂ ਬਾਅਦ ਚੰਨ ਪ੍ਰਾਈਵੇਟ ਸਕੂਲ ਵਿਚ ਪੰਜਾਬੀ
ਅਧਿਆਪਕ ਲੱਗ ਗਿਆ। ਜਿਸ ਉਪਰੰਤ ਉਸ ਦਾ ਵਾ-ਵਸਤਾ ਲੇਖਕ ਚਰਨ ਪਪਰਾਲਵੀ,
ਡਾ: ਭਗਵੰਤ ਸਿੰਘ ਅਤੇ ਧਰਮ ਕਮੇਆਣਾ ਜੀ ਨਾਲ ਹੋਣ ਸਦਕਾ ਉਸ ਦੀਆਂ
ਰਚਨਾਵਾਂ ਵਿਚ ਦਿਨ-ਪਰ-ਦਿਨ ਹੋਰ ਵੀ ਲੋਹੜੇ ਦਾ ਨਿਖਾਰ ਆਉਂਦਾ ਗਿਆ।
ਅੱਜ ਕਲ ਵਿਦੇਸ਼ ਰਹਿਣ ਕਰਕੇ ਕਵੀ-ਗੋਸ਼ਟੀਆਂ ਵਿਚ ਸ਼ਿਰਕਤ ਕਰਨ ਦਾ ਚੰਨ
ਦਾ ਸਬੱਬ ਘੱਟ ਹੀ ਬਣਦਾ ਹੈ। ਪਰ, ਭਾਰਤ ਵਿਚ ਰਹਿੰਦੇ ਸਮੇਂ ਭਾਸ਼ਾ ਵਿਭਾਗ
ਪੰਜਾਬ ਅਤੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਸਮਾਗਮਾਂ
ਵਿਚ ਆਉਣ-ਜਾਣ ਦਾ ਸਬੱਬ ਬਣਿਆ ਰਹਿੰਦਾ ਸੀ।
ਵਿਦੇਸ਼ ਵਿਚ ਰਹਿੰਦੇ ਹੋਏ ਚੰਨ ਨੇ ਆਪਣੇ ਲਿਖੇ ਹੋਏ ਪੰਜਾਬੀ
ਸੱਭਿਆਚਾਰਕ ਅਤੇ ਧਾਰਮਿਕ ਗੀਤ ਰਿਕਾਰਡ ਕਰਵਾਏ : ਜਿਨ੍ਹਾਂ 'ਚੋਂ 'ਜੇ ਰਾਜ
ਕਰਨਾ', 'ਨਾਮ ਦੀ ਖੁਮਾਰੀ', 'ਬਾਹਵਾਂ ਗੋਰੀਆਂ ਤੇ ਲਾਲ ਚੂੜੀਆਂ',
'ਲਵਾਰਿਸ਼ ਲਾਸ਼' ਅਤੇ 'ਬਾਬੇ ਨਾਨਕ' ਜੀ ਨੂੰ ਸਮਰਪਿਤ, 'ਦਿੱਲੀ ਤੇ ਲਹੌਰ'
(ਗਾਇਕ ਮਹਿੰਦਰ ਮਾਧੋਪੁਰੀ ਅਤੇ ਬੀਬਾ ਕੰਵਲਜੀਤ) ਆਦਿ ਗੀਤਾਂ ਨੂੰ
ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। 'ਗਿੱਧੇ ਵਿਚ ਮੈਂ
ਨੱਚਦੀ' (ਗਾਇਕਾ ਬੰਧਨਾ ਸਿੰਘ), ਅਤੇ 'ਪਿਆ ਭੁਲੇਖਾ ਐਸਾ ਸੱਜਣਾ'
(ਮਹਿੰਦਰ ਮਾਧੋਪੁਰੀ ਅਤੇ ਬੀਬਾ ਕੰਵਲਜੀਤ) ਆਦਿ ਕੁਝ ਕੁ ਰਿਕਾਰਡ ਹੋ
ਚੁੱਕੇ ਹੋਰ ਗੀਤ ਅਜੇ ਰੀਲੀਜ ਹੋਣੇ ਬਾਕੀ ਹਨ। ਇਨ੍ਹਾਂ ਗੀਤਾਂ ਵਿਚ ਚੰਨ
ਨੂੰ ਕਨੇਡਾ ਤੋਂ ਸੁਖਵਿੰਦਰ ਸਿੰਘ ਜੀ ਸਹਿਯੋਗ ਦੇ ਰਹੇ ਹਨ।
ਸ਼ਾਲ੍ਹਾ! ਧਰਤੀ ਦਾ 'ਚੰਨ', ਚੰਨ ਕਸੌਲੀ, ਅੰਬਰ ਦੇ ਚੰਨ ਵਾਂਗ ਸਾਹਿਤਕ
ਖੇਤਰ ਵਿਚ ਆਪਣੀਆਂ ਕਲਮੀ-ਰੋਸ਼ਨੀਆਂ ਵਿਖੇਰਦਾ ਚਮਕ ਉਠੇ, ਦਿਲੀ ਖੁਆਇਸ਼ ਹੈ
ਮੇਰੀ! ਆਮੀਨ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ: ਚੰਨ ਕਸੌਲੀ (+971 56 804 6143)
|