ਸਮਾਜਿਕ ਸਰੋਕਾਰਾਂ ਨਾਲ ਜੁੜੀ ਭੁਪਿੰਦਰ ਨੱਤ ਪੰਜਾਬੀਆਂ ਦੀਆਂ ਕਦਰਾਂ
ਕੀਮਤਾਂ ਤੇ ਪਹਿਰਾ ਦੇਣ ਵਾਲੀਆਂ ਕਵਿਤਾਵਾਂ ਲਿਖਕੇ ਆਪਣੀ ਸੋਚ ਦਾ
ਕਥਾਰਸਿਸ ਕਰਦੀ ਨਜ਼ਰ ਆਉਂਦੀ
ਹੈ। ਉਸ ਦੀਆਂ ਰੋਮਾਂਟਿਕ ਕਵਿਤਾਵਾਂ
ਵੀ ਸਮਾਜਿਕ ਫਰਜਾਂ, ਵਫ਼ਾਦਾਰੀਆਂ ਅਤੇ ਇਨਸਾਨੀਅਤ ਦੇ ਗੁਣਾਂ ਵਿਚ ਲਬਰੇਜ
ਹੁੰਦੀਆਂ ਹਨ। ਉਸਦਾ ਕਵਿਤਾ ਲਿਖਣ ਦਾ ਮਕਸਦ ਹੀ ਉਸਦੀਆਂ ਇਨਾਂ ਸ਼ਤਰਾਂ
ਤੋਂ ਸ਼ਪੱਸ਼ਟ ਹੁੰਦਾ ਹੈ ਜਦੋਂ ਉਹ ਲਿਖਦੀ ਹੈ;
ਚੱਲ ਕਲਮ ਕੁਝ ਐਸਾ ਲਿਖੀਏ, ਦੁਨੀਆਂ ਸਾਨੂੰ ਪਿਆਰ ਕਰੇ। ( ਕਲਮ ਤੇ
ਮੈਂ)
ਭੁਪਿੰਦਰ ਨੱਤ ਦੀਆਂ ਕਵਿਤਾਵਾਂ ਦੇ ਬਹੁਤੇ ਵਿਸ਼ੇ ਜ਼ੁਲਮ ਦੇ ਵਿਰੁਧ
ਆਵਾਜ਼ ਬੁਲੰਦ ਕਰਦੇ ਹਨ। ਜਿਵੇਂ ਮਾਸੂਮਾਂ ਅਤੇ ਧੀਆਂ ਤੇ ਅਤਿਆਚਾਰ,
ਝੂਠਿਆਂ, ਲਾਲਚੀਆਂ, ਕਮੀਨਿਆਂ, ਜਿਸਮਾਂ ਦੇ ਵਿਓਪਾਰੀਆਂ, ਝੂਠੀ ਸ਼ਾਨ
ਵਾਲਿਆਂ, ਅਖੌਤੀ ਗੁਣੀ ਗਿਆਨੀਆਂ ਦੀਆਂ ਕੋਝੀਆਂ ਹਰਕਤਾਂ ਨੂੰ ਕਵਿਤਾਵਾਂ
ਵਿਚ ਲਿਆਕੇ ਉਨਾਂ ਦੇ ਪਾਜ ਉਘੇੜਦੀਆਂ ਹਨ।
ਉਸ ਦੀਆਂ ਕਵਿਤਾਵਾਂ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਸਾਨੂੰ ਆਪਣੀਆਂ
ਕਮੀਆਂ ਦੂਰ ਕਰਨ ਲਈ ਆਪੋ ਆਪਣੇ ਅੰਦਰ ਝਾਤ ਮਾਰਕੇ ਵੇਖਣ ਲਈ ਪ੍ਰੇਰਦੀ ਹੈ।
ਸਾਡੇ ਮਨ ਦਾ ਸ਼ੀਸ਼ਾ ਸਾਨੂੰ ਸਾਰਾ ਕੁਝ ਬਿਆਨ ਕਰ ਦੇਵੇਗਾ। ਇਨਸਾਨੀਅਤ ਦਾ
ਸੁਨਹਿਰਾ ਭਵਿਖ ਬਣਾਉਣ ਲਈ ਸਮੁਚੀ ਮਾਨਵਤਾ ਨੂੰ ਆਪਣੇ ਆਲੇ ਦੁਆਲੇ ਦੇ
ਵਾਤਾਵਰਨ ਨੂੰ ਸਵੱਛ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਫਿਰ ਇਨਸਾਨ
ਆਪਣੇ ਆਪ ਇਨਸਾਨੀਅਤ ਦਾ ਪੱਲਾ ਫੜ ਲਵੇਗਾ। ਉਹ ਆਪਣੀਆਂ ਕਵਿਤਾਵਾਂ ਵਿਚ ਇਹ
ਵੀ ਲਿਖਦੀ ਹੈ ਕਿ ਬੱਚਿਆਂ ਦੇ ਦਿਲ ਕੋਰੇ ਕਾਗਜ਼ ਦੀ ਤਰਾਂ ਹੁੰਦੇ ਹਨ।
ਮਾਤਾ ਪਿਤਾ ਅਤੇ ਸਮਾਜਕ ਤਾਣਾ ਬਾਣਾ ਹੀ ਹੈ, ਜਿਸਨੇ ਉਨਾਂ ਦੇ ਦਿਲਾਂ ਤੇ
ਇਨਸਾਨੀਅਤ ਦੇ ਗੀਤ ਲਿਖਣੇ ਹੁੰਦੇ ਹਨ। ਘਰਾਂ ਅਤੇ ਸਮਾਜ ਵਿਚ ਵਾਤਾਵਰਨ ਹੀ
ਐਸਾ ਪੈਦਾ ਕਰੋ ਕਿ ਬੱਚੇ ਚੰਗੇ ਗੁਣ ਗ੍ਰਹਿਣ ਕਰਕੇ ਦੇਸ਼ ਪੰਜਾਬ ਦਾ ਭਵਿਖ
ਰੌਸ਼ਨਾ ਸਕਣ। ਪਿਆਰ ਦਾ ਜ਼ਿਕਰ ਕਰਦਿਆਂ ਉਹ ਲਿਖਦੀ ਹੈ ਕਿ ਜਿਸਮਾਂ ਦੇ ਪਿਆਰ
ਦੀ ਥਾਂ ਰੂਹਾਨੀ ਪਿਆਰ ਦੀਆਂ ਬਾਤਾਂ ਪਾਵੋ। ਉਸ ਅਨੁਸਾਰ ਸੱਚੇ ਪ੍ਰੇਮੀਆਂ
ਵਿਚ ਕੁਰਬਾਨੀ ਦੀ ਭਾਵਨਾ ਹੁੰਦੀ ਹੈ। ਦਿਲ ਤੇ ਪਹਿਰਾ ਰੱਖੋ, ਦਿਲ ਤਾਂ
ਪਾਗਲ ਹੈ, ਇਸਨੂੰ ਆਪੇ ਤੋਂ ਬਾਹਰ ਨਾ ਹੋਣ ਦੇਵੋ, ਇਸਦੇ ਪਾਗਲਪਣ ਤੋਂ ਬਚਣ
ਦੀ ਕੋਸ਼ਿਸ਼ ਕਰੋ ਅਤੇ ਇਸ ਦੀ ਸ਼ਕਤੀ ਨੂੰ ਉਸਾਰੂ ਪਾਸੇ ਲਗਾਓ। ਪ੍ਰਵਾਸ ਦੀ
ਤਰਾਸਦੀ ਵੀ ਉਸਦੀ ਕਵਿਤਾ ਦਾ ਸ਼ਿੰਗਾਰ ਬਣਦੀ ਹੈ। ਪ੍ਰਵਾਸੀ ਭਾਵੇਂ ਆਪਣੇ
ਮਾਪਿਆਂ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਹਨ ਪ੍ਰੰਤੂ ਉਨਾਂ ਦੇ ਦਿਲ ਅਤੇ ਰੂਹ
ਪੰਜਾਬ ਵਿਚ ਰਹਿੰਦੇ ਮਾਪਿਆਂ ਵਿਚ ਭਟਕਦੀ ਫਿਰਦੀ ਰਹਿੰਦੀ ਹੈ। ਜਿਹੜੀ ਵੀ
ਸਾਹਿਤ ਦੀ ਰਚਨਾ ਉਹ ਲਿਖਦੀ ਹੈ, ਉਸ ਵਿਚੋਂ ਪੰਜਾਬ ਦੀ ਬਿਹਤਰੀ, ਖ਼ੁਸ਼ਹਾਲੀ
ਅਤੇ ਵਿਕਾਸ ਦੀ ਹੂਕ ਦਿਸਦੀ ਹੈ। ਉਸਦੀ ਕਵਿਤਾ ਪਿਆਰ ਦੀ ਗੱਲ ਕਰਦੀ ਹੋਈ
ਪ੍ਰੇਮੀਆਂ ਨੂੰ ਸੱਚੇ ਦਿਲੋਂ ਪਿਆਰ ਕਰਨ ਦੀ ਪ੍ਰੇਰਨਾ ਦਿੰਦੀ ਹੋਈ ਕਹਿੰਦੀ
ਹੈ ਕਿ ਵਾਪਸੀ ਪਿਆਰ ਦੀ ਤਾਂਘ ਨਾ ਰੱਖੋ ਕਿਉਂਕਿ ਦੁਨੀਆਂ ਖ਼ੁਦਦਾਰ ਬਣ ਗਈ
ਹੈ। ਉਹ ਇਹ ਸੁਝਾਅ ਵੀ ਦਿੰਦੀ ਹੈ ਕਿ ਰਿਸ਼ਤੇ ਇਕ ਵਾਰ ਬਣਾਕੇ ਤੋੜਨੇ ਨਹੀਂ
ਚਾਹੀਦੇ, ਇਹ ਸਥਾਈ ਹੋਣੇ ਚਾਹੀਦੇ ਹਨ, ਰਿਸ਼ਤਿਆਂ ਦਾ ਕਰਜ਼ ਮੋੜਿਆ ਨਹੀਂ ਜਾ
ਸਕਦਾ। ਉਹ ਲਿਖਦੀ ਹੈ:
ਛੱਡ ਦਿੱਤਾ ਅੱਧ ਵਿਚਾਲੇ ਜੇ, ਮੋਹ ਹੰਝੂਆਂ ਦੇ ਵਿਚ ਵਹਿ ਜਾਊਗਾ।
ਜੇ ਟੁੱਟ ਗਿਆ ਰਿਸ਼ਤਾ ਰੂਹਾਂ ਦਾ, ਨਾ ਪਿਆਰ ਭਰੋਸਾ ਰਹਿ ਜਾਊਗਾ।
ਜੱਗ ਛੇੜੂ ਨੱਤ ਦਾ ਨਾਂ ਲੈ ਕੇ, ਲੁਕ ਅੰਦਰ ਰੋਣਾ ਪੈ ਜਾਊਗਾ।
ਦੁੱਖ ਮਾਰੂ ਭੁਪਿੰਦਰ ਹਿਜ਼ਰਾਂ ਦਾ, ਗ਼ਮ ਉਮਰਾਂ ਦਾ ਪੱਲੇ ਪੈ ਜਾਊਗਾ।
ਭੁਪਿੰਦਰ ਰਿਸ਼ਤਿਆਂ ਦੀ ਪਵਿਤਰਤਾ ਬਾਰੇ ਲਿਖਦੀ ਹੈ।
ਸਾਫ਼ ਸੁਥਰੇ ਜਿਹੇ ਹੋਵਣ ਰਿਸ਼ਤੇ, ਨਾ ਚਲਣ ਦਿਲਾਂ ਤੇ ਆਰੇ।
ਹੋਵੇ ਕਦਰ ਮੁਹੱਬਤਾਂ ਦੀ, ਸੱਚਾ ਪਿਆਰ ਨਾ ਕੋਈ ਦੁਰਕਾਰੇ।
ਜ਼ਿੰਦਗੀ ਹਰ ਇਨਸਾਨ ਨੂੰ ਵਿਗਸਣ ਦਾ ਮੌਕਾ ਦਿੰਦੀ ਹੈ, ਇਹ ਮੌਕੇ
ਸਾਂਭਣੇ ਸਾਡੀ ਹਿੰਮਤ ਤੇ ਨਿਰਭਰ ਹਨ। ਜੇ ਵਕਤ ਲੰਘ ਜਾਵੇ ਤਾਂ ਮੁੜਕੇ ਹੱਥ
ਨਹੀਂ ਆਉਣਾ, ਵਕਤੋਂ ਖੁੰਝੀ ਡੁੰਮਣੀ ਕਰਦੀ ਆਲ ਮਟੋਲੇ ਵਾਲੀ ਗੱਲ ਹੋ
ਜਾਂਦੀ ਹੈ। ਉਸਦੀ ਕਵਿਤਾ ਗ਼ਰੀਬਾਂ ਵਲੋਂ ਸਚਾਈ ਤੇ ਪਹਿਰਾ ਦੇਣ ਦੀ ਗੱਲ
ਕਰਦੀ ਹੋਈ ਕਹਿੰਦੀ ਹੈ।
ਸਾਡੀ ਦੋਸਤੀ ਸਾਹਾਂ ਉਧਾਰਿਆਂ ਦੇ ਨਾਲ,
ਉਹ ਜਿੱਤਕੇ ਨਿਭਾਉਂਦੇ ਕਿਦਾਂ ਹਾਰਿਆਂ ਦੇ ਨਾਲ।
ਕਿਵੇਂ ਤੱਕਦੇ ਉਹ ਝੁਗੀਆਂ ਗ਼ਰੀਬਾਂ ਦੀਆਂ,
ਪਾਈਆਂ ਯਾਰੀਆਂ ਮਹਿਲ ਚੁਬਾਰਿਆਂ ਦੇ ਨਾਲ।
ਗੱਲਾਂ ਕਰ ਕਰ ਹੰਝੂ ਖ਼ਾਰਿਆਂ ਦੇ ਨਾਲ,
ਭਿੰਦਰ ਲੜ ਨਹੀਂਓਂ ਛੱਡਣਾ ਸਚਾਈ ਵਾਲਾ,
ਨੱਤ ਨਿਭਣੀ ਨਾ ਹੰਕਾਰਿਆਂ ਦੇ ਨਾਲ।
ਭੁਪਿੰਦਰ ਨੱਤ ਕਵਿਤਾਵਾਂ ਦੇ ਨਾਲ ਆਪਣੇ ਵਿਚਾਰ ਵੀ ਲਿਖਦੀ ਹੈ।
ਰੋਜ਼ਾਨਾ ਜ਼ਿੰਦਗੀ ਦੇ ਵਰਤਾਰੇ ਵਿਚ ਇਨਸਾਨ ਨੂੰ ਇੱਕ ਦੂਜੇ ਨਾਲ ਵਿਚਰਦਿਆਂ
ਕਿਹੜੇ ਅਸੂਲਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਉਹ ਉਨਾਂ ਸਿਧਾਂਤਾਂ ਨੂੰ
ਸ਼ਬਦਾਂ ਦਾ ਰੂਪ ਦੇ ਕੇ ਆਪਣੇ ਵਿਚਾਰ ਦਸਦੀ ਹੈ, ਜਿਨਾਂ ਸਦਕਾ ਨਰੋਆ ਸਮਾਜ
ਸਿਰਜਿਆ ਜਾ ਸਕਦਾ ਹੈ। ਭੁਪਿੰਦਰ ਨੱਤ ਦੇ ਅਜਿਹੇ ਕੁਝ ਵਿਚਾਰ ਇਸ ਪ੍ਰਕਾਰ
ਹਨ। ‘ਝੂਠ ਫ਼ਰੇਬ ਨਾਲ ਜਿੱਤੀਆਂ ਜਿੱਤਾਂ ਦਾ ਨਸ਼ਾ ਸਦੀਵੀ ਨਹੀਂ ਹੁੰਦਾ।’
‘ਜ਼ਿੰਦਗੀ ਦੀ ਇੱਕ ਜਿੱਤ ਵਾਸਤੇ ਬੜਾ ਕੁਝ ਹਾਰਨਾ ਪੈਂਦਾ ਹੈ।’ ‘ ਉਮੀਦ
ਵਫ਼ਾ ਕਰਨੀ, ਕਦੇ ਵੀ ਨਾ, ਛੱਡਾਂਗੇ, ਹਾਂ ਛੱਡ ਦੇਵਾਂਗੇ ਉਮੀਦ ਪਿਆਰ
ਵਾਲੀ।’ ‘ਜਿਨਾਂ ਕੋਲ ਸੱਚੇ ਪਿਆਰ ਵਾਲੇ ਦਿਲ ਦੀ ਅਮੀਰੀ ਹੋਏ, ਅਸਲੀ
ਮਾਅਨਿਆਂ ਵਿਚ ਉਹੀ ਲੋਕ ਬਾਦਸ਼ਾਹ ਹੁੰਦੇ ਹਨ।’ ‘ ਤੈਨੂੰ ਤਾਂ ਇਹ ਵੀ ਨਹੀਂ
ਪਤਾ ਕਿ ਜਿੰਨਾ ਅਸੀਂ ਤੈਨੂੰ ਜਾਣ ਲਿਆ ਹੈ, ਓਨਾ ਤਾਂ ਸ਼ਾਇਦ ਤੂੰ ਖੁਦ ਵੀ
ਆਪਣੇ ਆਪ ਨੂੰ ਨਹੀਂ ਜਾਣਦਾ ਹੋਵੇਂਗਾ। ਤੂੰ ਵੀ ਕੋਸ਼ਿਸ਼ ਕਰ ਖੁਦ ਨੂੰ ਤੇ
ਸਾਨੂੰ ਜਾਨਣ ਦੀ ਐਵੇਂ ਜਾਣ ਬੁਝਕੇ ਅਣਜਾਣ ਨਾ ਬਣ, ਜ਼ਿੰਦਗੀ ‘ਚ ਸੁਖ
ਪਾਵੇਂਗਾ।’ ‘ਕਿਸੇ ਦੀ ਚੁੱਪ ਨੂੰ ਉਸਦੀ ਗ਼ਲਤੀ ਜਾਂ ਕਮਜ਼ੋਰੀ ਨਹੀਂ ਸਮਝ
ਲਈਦਾ, ਚੁੱਪ ਪਿਛੇ ਉਹ ਤੂਫ਼ਾਨ ਛੁਪਿਆ ਹੁੰਦਾ ਹੈ ਜੋ ਨਾ ਤਾਂ ਕਿਸੇ ਨੂੰ
ਦਿਖਾਈ ਦਿੰਦਾ ਅਤੇ ਨਾ ਹੀ ਸ਼ੂਕਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਜੇ
ਕੁਝ ਸਿਖਣਾ ਚਾਹੁੰਦੇ ਹੋਈਏ ਤਾਂ ਚੁੱਪ ਦੀ ਭਾਸ਼ਾ ਸਿਖੀਏ, ਜੋ ਜ਼ਿੰਦਗੀ ਵਿਚ
ਹਮੇਸ਼ਾ ਕੰਮ ਆਵੇਗੀ।’ ‘ ਜੇ ਕੋਈ ਵਾਰ ਵਾਰ, ਤੁਹਾਡੀਆਂ ਭਾਵਨਾਵਾਂ ਨੂੰ
ਦੁੱਖ ਦੇਵੇ, ਤਾਂ ਬਦਲੇ ਵਿਚ ਕਦੇ ਵੀ ਉਸਨੂੰ ਚੋਟ ਨਾ ਪਹੁੰਚਾਉਣਾ ਕਿਉਂ
ਜੋ, ਭਾਵਨਾਵਾਂ ਤਾਂ ਉਹਦੀਆਂ ਵੀ ਨਾਜ਼ੁਕ ਹੋਣਗੀਆਂ’। ਪੰਜਾਬ ਵਿਚ ਨੌਜਵਾਨ
ਵਿਹਲੜਾਂ ਦੀ ਫ਼ੌਜ ਵੀ ਉਸਨੂੰ ਤੰਗ ਕਰਦੀ ਹੈ ਜਿਹੜੇ ਮਿਹਨਤ ਮਜ਼ਦੂਰੀ ਕਰਨ
ਤੋਂ ਭੱਜਦੇ ਹਨ, ਉਹ ਉਨਾਂ ਨੂੰ ਹੱਥ ਨਾਲ ਕੰਮ ਕਰਨ ਦੀ ਸਲਾਹ ਦਿੰਦੀ
ਲਿਖਦੀ ਹੈ।
ਮਿਹਨਤ ਕਰਕੇ ਖਾਂਦੇ ਹੋਵਣ, ਨਾ ਘੁੰਮਣ ਲੋਕ ਨਿਕਾਰੇ।
ਰੁੱਖੀ ਮਿੱਸੀ ਵੰਡ ਕੇ ਖਾਈਏ, ਨਾ ਕੋਈ ਹੱਕ ਦੂਜੇ ਦੇ ਮਾਰੇ।
ਭੁਪਿੰਦਰ ਨੱਤ ਦੀਆਂ ਸਾਰੀਆਂ ਹੀ ਕਵਿਤਾਵਾ ਇਨਸਾਨੀਅਤ ਅਤੇ ਮਾਨਵਤਾ ਦੀ
ਮਾਨਸਿਕਤਾ ਨਾਲ ਸੰਬੰਧਤ ਹਨ, ਉਹ ਸਮਾਜ ਨੂੰ ਖ਼ੁਸ਼ਹਾਲ ਵੇਖਣਾ ਲੋੜਦੀ ਹੈ।
ਉਸਨੂੰ ਸਮਾਜਿਕ ਕਦਰਾਂ ਕੀਮਤਾਂ ਵਿਚ ਆ ਰਹੀ ਗਿਰਾਵਟ ਵੀ ਸਤਾਉਂਦੀ ਹੈ ਇਸ
ਕਰਕੇ ਇੱਕ ਕਵਿਤਾ ਵਿਚ ਉਹ ਲਿਖਦੀ ਹੈ।
ਗਿਰਗਿਟ ਵਾਂਗੂੰ ਬਦਲਦੀ ਰੰਗ ਦੁਨੀਆਂ, ਨਿੱਤ ਨਵਾਂ ਹੀ ਰੂਪ ਦਿਖਾਉਂਦੀ
ਏ।
ਝੂਠੇ ਵਾਅਦੇ ਅਤੇ ਝੂਠੀਆਂ ਖਾ ਕਸਮਾਂ, ਵਾਅਦਾ ਇੱਕ ਵੀ ਨਾ ਖ਼ਰਾ
ਪੁਗਾਉਂਦੀ।
ਖ਼ੌਰੇ ਐਨਾ ਫਰੇਬ ਕਿਥੋਂ ਸਿੱਖ ਬੈਠੀ, ਸਦਾ ਸੱਚ ਦਾ ਮਖ਼ੌਲ ਉਡਾਉਂਦੀ ਏ।
ਭੁਪਿੰਦਰ ਨੱਤ ਨੇ ‘ ਦਿਲ ਦੀ ਆਵਾਜ਼ ’ ਨਾਂ ਦਾ ਫੇਸਬੁੱਕ ਤੇ ਇੱਕ ਪੰਨਾ
ਸ਼ੁਰੂ ਕੀਤਾ ਹੈ, ਜਿਸ ਵਿਚ ਆਪਣੇ ਵਿਚਾਰ ਅਤੇ ਕਵਿਤਾਵਾਂ ਪੋਸਟ ਕਰਦੀ
ਰਹਿੰਦੀ ਹੈ, ਜਿਹੜਾ ਬਹੁਤ ਪ੍ਰਵਾਨ ਹੋਇਆ ਹੈ ਕਿਉਂਕਿ ਅੱਜ ਕਲ ਨੌਜਵਾਨ
ਰੋਮਾਂਟਿਕ ਗੱਲਾਂ ਨੂੰ ਜ਼ਿਆਦਾ ਪਸੰਦ ਕਰਦੇ ਹਨ ਪ੍ਰੰਤੂ ਇਸ
ਪੰਨੇ ਨੂੰ ਸੰਜੀਦਾ ਕਿਸਮ ਦੇ ਲੋਕ ਜ਼ਿਆਦਾ ਹੁੰਗਾਰਾ ਦਿੰਦੇ ਹਨ। ਉਹ ਸੱਚੀ
ਸੁੱਚੀ ਵਿਚਾਰਧਾਰਾ ਦੀ ਹਾਮੀ ਭਰਦੀ ਹੋਈ ਲਿਖਦੀ ਹੈ।
ਸੱਚ ਬੋਲਣ ਤੋਂ ਰਹਿ ਨਹੀਓਂ ਹੁੰਦਾ, ਝੂਠ ਜਿਹਾ ਕੁਝ ਕਹਿ ਨਹੀਓਂ
ਹੁੰਦਾ।
ਖੁਦ ਤਾਂ ਜ਼ਰ ਲੈਂਦੇ ਹਾਂ ਪੀੜਾਂ, ਉਹਦਾ ਦਰਦ ਸਹਿ ਨਹੀਓਂ ਹੁੰਦਾ।
ਦਿਨ ਰਾਤ ਮਿਹਨਤ ਦਾ ਖਾਈਏ, ਹੱਥ ਤੇ ਹੱਥ ਧਰਕੇ ਬਹਿ ਨਹੀਓਂ ਹੁੰਦਾ।
Ñਲੋਕ ਤਾਂ ਕਰਦੇ ਰਹਿਣ ਲੜਾਈਆਂ, ਐਵੇਂ ਕਿਸੇ ਨਾਲ ਖਹਿ ਨਹੀਓਂ ਹੁੰਦਾ।
ਇਹ ਸਾਰੀਆਂ ਕਵਿਤਾਵਾਂ ਅਤੇ ਵਿਚਾਰ ਭੁਪਿੰਦਰ ਨੱਤ ਦੀ ਸ਼ਖਸੀਅਤ ਦਾ
ਪ੍ਰਗਟਾਵਾ ਕਰਦੀਆਂ ਹੋਈਆਂ ਇਨਸਾਨੀਅਤ ਦਾ ਪੱਲਾ ਫੜਨ ਦੀ ਤਾਕੀਦ ਕਰਦੀਆਂ
ਹਨ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com |