ਉਸਨੂੰ ਕਾਦਰ ਦੀ ਕੁਦਰਤ ਕਹਾਂ ਜਾਂ ਰੂਹ ਕੋਈ ਰੂਹਾਨੀ,
ਇੱਕ ਮੀਰਾ ਸੀ ਹੋਈ, ਦੂਜੀ ਉਹ ਹੈ ਪ੍ਰੇਮ ਦੀਵਾਨੀ!
ਜੀ ਹਾਂ, ਇਨਾਂ ਸਤਰਾਂ ਰਾਂਹੀਂ ਮੈਂ ਗੱਲ ਕਰਨ ਜਾ ਰਿਹਾ ਹਾਂ ਓਸ
ਪ੍ਰੇਮ ਦੀਵਾਨੀ ਦੀ, ਜਿਸ ਦੀ ਸਾਹਿਤਕ ਹਲਕਿਆਂ ਵਿਚ ਪਛਾਣ ਹੈ ਕਵਿੱਤਰੀ
ਕਿਰਨ ਪਾਹਵਾ ਦੇ ਨਾਂਓਂ ਤੋਂ। ਪਟਿਆਲਾ ਦੇ ਵਸਨੀਕ ਸ੍ਰੀ ਓਮ ਪ੍ਰਕਾਸ਼ ਜੀ
(ਪਿਤਾ) ਅਤੇ ਸ਼੍ਰੀਮਤੀ ਸ਼ੀਲਾ ਰਾਣੀ (ਮਾਤਾ) ਦੀ ਲਾਡਲੀ ਕਿਰਨ ਨੇ ਦੱਸਿਆ
ਕਿ ਉਸਨੇ ਐਮ. ਐਸ. ਸੀ. ਹਿਮਾਚਲ ਯੂਨੀਵਰਸਿਟੀ ਤੋਂ, ਬੀ. ਐਡ ਰਿੱਮਟ ਕਾਲਜ
ਮੰਡੀ ਗੋਬਿੰਦਗੜ ਤੋਂ, ਐਮ. ਐਡ. ਸਰਕਾਰੀ ਸਟੇਟ ਕਾਲਜ ਪਟਿਆਲਾ ਤੋਂ ਕੀਤੀ
ਅਤੇ ਕੰਪਿਊਟਰ ਦਾ ਸਰਕਾਰੀ ਡਿਪਲੋਮਾ ਵੀ ਕੀਤਾ ਹੋਇਆ ਹੈ, ਉਸਨੇ ।
ਕਿਰਨ ਪਾਹਵਾ ਕਾਲਜ ਦੀ ਮੈਗਜ਼ੀਨ ਵਿੱਚ ਹਰ ਸਾਲ ਆਰਟੀਕਲ ਲਿਖਦੀ ਰਹਿੰਦੀ
ਹੈ। ਉਸ ਦੇ ਤਿੰਨ ਰੀਸਰਚ ਪੇਪਰ ਵੀ ਪਬਲਿਸ਼ ਹੋ ਚੁੱਕੇ ਹਨ, ਉਹ ਵੀ ਵਿਸ਼ਵ
ਪੱਧਰ ਤੇ। ਉਹ ਹਮੇਸ਼ਾ ਖੁਲੀਆਂ ਕਵਿਤਾਵਾਂ ਲਿਖਦੀ ਹੈ। ਜਦੋਂ ਦਾ ਹੋਸ਼
ਸੰਭਾਲਿਆ ਹੈ, ਉਦੋਂ ਤੋਂ ਹੀ ਲਿਖਣ ਦਾ ਸ਼ੌਂਕ ਹੈ ਉਸਨੂੰ। ਕਾਲਜ ਦੌਰਾਨ ਉਸ
ਨੇ ਅਧਿਆਪਕ ਕੰਵਰ ਜਸਮਿੰਦਰ ਪਾਲ ਸਿੰਘ ਦਾ ਨਾਵਲ 'ਚਿੱਟੀਆਂ ਗਿਰਝਾਂ'
ਪੜਿਆ, ਜਿਸ ਨੇ ਉਸਨੂੰ ਪੰਜਾਬੀ ਸੱਭਿਆਚਾਰ ਅਤੇ ਪਿੰਡਾਂ ਦੇ ਮਾਹੌਲ ਤੋਂ
ਜਾਣੂ ਕਰਵਾਇਆ। ਉਸਨੂੰ ਪੇਂਟਿੰਗ ਦਾ ਵੀ ਬਹੁਤ ਸ਼ੌਕ ਹੈ ਅਤੇ ਪੇਂਟਿੰਗ ਦੀ
ਸਿਖਲਾਈ ਲਈ ਹੋਈ ਹੈ ਉਸ ਨੇ।
ਇਕ ਸਵਾਲ ਦਾ ਜੁਵਾਬ ਦਿੰਦਿਆਂ ਪਾਹਵਾ ਨੇ ਕਿਹਾ, 'ਮੈਂਨੂੰ ਇਸ ਮੁਕਾਮ
ਤੇ ਪਹੁੰਚਾਣ ਵਾਲਾ, ਮੇਰੀ ਜ਼ਿੰਦਗੀ ਦਾ ਆਦਰਸ਼ ਰਿਹਾ ਜੋ ਇਨਸਾਨ ਹੈ, ਉਹ ਹੈ
ਮੇਰਾ ਜੀਵਨ-ਸਾਥੀ ਸ੍ਰੀ ਰਵਿੰਦਰ ਕੁਮਾਰ ਅਤੇ ਮੇਰੀ ਸੱਸ ਸ਼੍ਰੀਮਤੀ ਕਾਂਤਾ
ਰਾਣੀ। ਮੈਂ ਬਾਰਵੀਂ ਦੀ ਸਿਖਿਆ ਤੋਂ ਬਾਦ, ਸਾਰੀ ਪੜਾਈ ਵਿਆਹ ਤੋਂ ਬਾਅਦ
ਹੀ ਕੀਤੀ ਹੈ। ਮੇਰੀ ਸੱਸ ਮੇਰੇ ਲਈ ਮੇਰੀ ਮਾਂ ਤੋਂ ਵੀ ਪਹਿਲੇ ਆਉਂਦੀ
ਹੈ।'
ਲਿਖਣ ਦੀ ਗੱਲ ਕਰਦਿਆਂ ਉਹ ਕਹਿੰਦੀ ਹੈ, 'ਮੈਂ ਲਿਖਣਾ ਆਪਣੇ ਇੱਕਲਾਪੇ
ਤੋਂ ਸਿਖਿਆ, ਜਿਸ ਨੇ ਮੇਰੀ ਰੂਹ ਨੂੰ ਰੱਬ ਨਾਲ ਜੋੜਿਆ। ਮੈਨੂੰ ਚੁੱਪ
ਰਹਿਣਾ ਸਿਖਾਇਆ ਤੇ ਚੁੱਪ ਵਿੱਚ ਜੋ ਰੂਹ ਦਾ ਸ਼ੋਰ, ਰੂਹ ਲਈ ਹੁੰਦਾ ਹੈ,
ਰੂਹ ਦੇ ਉਸ ਅਨੰਦ ਨੂੰ ਮਹਿਸੂਸ ਕਰਵਾਇਆ। ਮੇਰੀ ਰੱਬ ਅੱਗੇ ਇੱਕੋ ਇੱਕ
ਬੇਨਤੀ ਹੈ ਕਿ ਮੈਂ ਹਰ ਹਾਲ ਵਿਚ ਉਸ ਰੂਹਾਨੀ ਅਨੰਦ ਨਾਲ ਜੁੜੀ ਰਹਾਂ। ਮੈਂ
ਆਪਣੀ ਲੇਖਣੀ ਨੂੰ ਹੋਰ ਸਾਫ ਸੋਹਣਾ ਕਰਨ ਲਈ ਦੇਬੀ ਮਖਸੂਸਪੁਰੀ ਅਤੇ
ਸੁਰਜੀਤ ਪਾਤਰ ਸਾਹਿਬ ਵਰਗਿਆਂ ਮਹਾਨ ਕਵੀਆਂ ਨੂੰ ਪੜਨਾ ਚਾਹਾਂਗੀ।'
ਉਸ ਨੇ ਅੱਗੇ ਕਿਹਾ, 'ਮੇਰੀਆਂ ਕਵਿਤਾਵਾਂ ਹਰ ਮਹੀਨੇ 'ਸੱਤ ਸਮੁੰਦਰ
ਪਾਰ' ਮੈਗਜ਼ੀਨ ਵਿੱਚ ਛਪਦੀਆਂ ਹਨ। ਮੈਂ ਸ੍ਰੀ ਇੰਦਰਜੀਤ ਸਿੰਘ ਦਾ ਤਹਿ
ਦਿਲੋਂ ਧੰਨਵਾਦ ਕਰਦੀ ਹਾਂ, ਜਿਨਾਂ ਮੈਨੂੰ ਇਸ ਕਾਬਲ ਸਮਝਿਆ। ਮੈਂ ਇੱਕ
ਅਧਿਆਪਕਾਂ ਹਾਂ, ਇੱਕ ਔਰਤ ਹਾਂ, ਤਾਂ ਜਿੰਦਗੀ ਦੀ ਹਰ ਪ੍ਰਸਥਿਤੀ ਨੂੰ
ਮਹਿਸੂਸ ਕਰ ਰਹੀ ਹਾਂ।' ਪਾਹਵਾ ਆਪਣੇ ਜਨਮ ਦਿਨ ਤੇ ਹਰ ਸਾਲ ਬਿਰਧ-ਆਸ਼ਰਮ
ਜਾਂਦੀ ਹੈ ਤੇ ਉਨਾਂ ਮਾਪਿਆਂ ਨੂੰ ਮਿਲਦੀ ਹੈ, ਜਿਨਾਂ ਦੇ ਬੱਚੇ ਆਪਣੀ
ਐਸ਼-ਪ੍ਰਸਤੀ ਲਈ ਉਨਾਂ ਨੂੰ ਬਿਰਧ-ਆਸ਼ਰਮ ਛੱਡ ਦਿੰਦੇ ਹਨ। ਉਨਾਂ ਮਾਪਿਆਂ
ਨਾਲ ਰਹਿਕੇ ਉਸ ਨੂੰ ਇੰਝ ਲੱਗਦਾ ਹੈ ਜਿਵੇਂ ਜੀਵਨ ਦੇ ਸੰਘਰਸ਼ ਦੀ ਪ੍ਰੇਰਨਾ
ਬਹੁਤ ਜੋਰ ਦੇਕੇ ਉਨਾਂ ਮਾਪਿਆਂ ਦੇ ਅੰਦਰੋਂ ਨਿਕਲਦੀ ਹੋਵੇ।
ਕਿਰਨ ਪਾਹਵਾ ਦੇ ਮੁਤਾਬਿਕ ਪਿਆਰ ਸੱਚਾ ਝੂਠਾ ਨਹੀਂ ਹੁੰਦਾ। ਪੂਰਾ
ਅਧੂਰਾ ਨਹੀਂ ਹੁੰਦਾ। ਬੱਸ, ਪਿਆਰ ਤਾਂ ਹਰ ਰੂਪ, ਹਰ ਰੰਗ ਵਿੱਚ
ਪਾਕ-ਪਵਿੱਤਰ ਅਤੇ ਪੂਰੇ ਤੋਂ ਵੱਧ ਪੂਰਾ ਹੁੰਦਾ ਹੈ। ਪਿਆਰ ਦੀ ਗਹਿਰਾਈ ਲਈ
ਸਮੁੰਦਰ ਦੀ ਗਹਿਰਾਈ ਛੋਟੀ ਹੈ।'
ਕਿਰਨ ਨੇ ਕਿਹਾ, 'ਮੀਰਾ ਨਾਲ ਕ੍ਰਿਸ਼ਨ ਜੀ ਦਾ ਇਕ-ਤਰਫਾ ਪਿਆਰ ਸੀ, ਕੋਈ
ਹੱਕ ਜਿਤਾਉਣ ਦੀ ਲਾਲਸਾ ਨਹੀਂ ਸੀ। ਮੀਰਾ ਨੇ ਕ੍ਰਿਸ਼ਨ ਨੂੰ ਦੇਖਿਆ ਨਹੀਂ
ਸੀ, ਇੱਕ ਮੂਰਤੀ ਵਿੱਚ ਉਸਦਾ ਸਵਰੂਪ ਹੀ ਦੇਖਿਆ ਸੀ। ਬੱਸ ਇਹ ਰੂਪ ਉਸਦੇ
ਅੰਦਰ ਵੱਸਿਆ ਹੋਇਆ ਸੀ। ਜਦੋਂ ਉਸਦੇ ਪਿਆਰ ਲਗਾਵ ਬਾਰੇ ਕ੍ਰਿਸ਼ਨ ਨੂੰ ਪਤਾ
ਲੱਗਾ ਤਾਂ ਕ੍ਰਿਸ਼ਨ ਭਗਵਾਨ ਖੁਦ ਚੱਲਕੇ ਉਸਨੂੰ ਦੇਖਣ ਆਏ। ਅੱਗੇ ਮੀਰਾ ਨੇ
ਘੁੰਘਟ ਓੜਿਆ ਹੋਇਆ ਸੀ । ਪਰ ਕ੍ਰਿਸ਼ਨ ਜੀ ਦੀ ਜਿੱਦ ਕਰਨ ਤੇ ਜਦੋਂ ਮੀਰਾ
ਨੇ ਘੁੰਘਟ ਉਤਾਰਿਆ ਤਾਂ ਉਸਦੇ ਮੁੰਹ ਤੇ ਪ੍ਰਭੂ-ਪ੍ਰੇਮ ਦਾ ਜੋ ਨੂਰ ਸੀ
ਉਸਨੂੰ ਦੇਖਕੇ ਕ੍ਰਿਸ਼ਨ ਨੂੰ ਵੀ ਉਸਦੀ ਲੋਰ ਚੜ ਗਈ ਤੇ ਕਿਹਾ, 'ਮੀਰਾ! ਮੰਗ
ਜੋ ਮੰਗਣਾ ਹੈ!' ਤਾਂ ਮੀਰਾ ਜੀ ਨੇ ਕਿਹਾ, 'ਪ੍ਰਭੂ! ਜੋ ਤੁਹਾਨੂੰ ਪਿਆਰ
ਕਰਦੇ ਹਨ, ਤੁਸੀਂ ਉਨਾਂ ਉਪਰ ਕਿਰਪਾ-ਦ੍ਰਿਸ਼ਟੀ ਬਣਾਈ ਰੱਖਣਾ! ਇਸੇ ਵਿੱਚ
ਹੀ ਖੁਸ਼ੀ ਹੈ ਮੇਰੀ। ਮੇਰੇ ਪਿਆਰ ਦੀ ਖਿੱਚ ਤੁਹਾਨੂੰ ਮੇਰੇ ਤੱਕ ਲੈ ਆਈ,
ਇਹੀ ਮੇਰੇ ਪਿਆਰ ਦੀ ਮੰਜਿਲ ਹੈ।'
ਸ਼ਾਲਾ! ਰੂਹਾਨੀਅਤ ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ ਆਪਣੀਆਂ
ਕਲਮੀ ਕਿਰਨਾਂ ਨਾਲ ਰੋਸ਼ਨੀਆਂ ਵੰਡਦੀ ਹਿਰਦਿਆਂ ਨੂੰ ਰੁਸ਼ਨਾਉਂਦੀ ਰਵੇ,
ਦਿਲੀ ਚਾਹਿਤ ਹੈ ਮੇਰੀ! ਆਮੀਨ!
ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਕਿਰਨ ਪਾਹਵਾ, ਮੰਡੀ ਗੋਬਿੰਦਗੜ (ਲੁਧਿਆਣਾ) |