ਚਿਹਰੇ ਉਪਰ ਇਲਾਹੀ ਨੂਰ , ਸਾਦਾ-ਸਾਫ਼ 'ਤੇ ਬੇਦਾਗ ਬਾਣਾ , ਉਚ - ਸੁਚ
ਜਾਪਦੀਆ ਸਖਸ਼ੀਅਤਾਂ ! ਸਚਿਓਂ ਕਿਸੇ ਲੇਖਕ ਦੀ ਕ਼ਲਮ ਜਾਂ ਪਾਠਕ ਦੀ
ਦਿਲਚਸਪੀ ਇਨਸਾਨ ਨੂੰ ਇਸ ਕਦਰ ਵੀ ਪ੍ਰਭਾਵਿਤ ਕਰ ਸਕਦੀ ਹੈਂ ? ਸੁਣ ਕੇ
ਮੰਨ ਨੂੰ ਇਕ ਅਚੰਭਾ ਹੀ ਹੁੰਦਾ ਹੈ ! ਦਾਸ ਅਰਜ਼ ਕਰ ਰਿਹਾ ਹੈ ਓਹਨਾ ਦੋ
ਕਿਤਾਬੀ-ਆਸ਼ਿਕਾਂ ਦੀ ਜੋ ਰਹਿਣ ਵਾਲੇ ਤਾਂ ਅਨੂਪਗੜ੍ਹ, ਰਾਜਸਥਾਨ ਦੇ ਹਨ
ਪ੍ਰੰਤੂ ਸਿੱਖ ਲਿਖਾਰੀ ਭਾਈ ਵੀਰ ਸਿੰਘ ਜੀ ਦੀਆ ਰਚਨਾਵਾਂ ਦਾ ਓਹਨਾ ਉਪਰ
ਇਸ ਕਦਰ ਰੰਗ ਚੜਿਆ ਕਿ ਅੱਜ ਉਨ੍ਹਾ ਨੇ ਭਾਈ ਵੀਰ ਸਿੰਘ ਜੀ ਦੀਆ ਰਚਨਾਵਾਂ
ਨੂੰ ਦੁਨੀਆ ਭਰ ਦੇ ਕੋਨੇ ਕੋਨੇ ਵਿਚ ਬੈਠੇ ਪਾਠਕਾਂ ਤਕ ਪਹੁੰਚਾਉਣ ਦਾ
ਟੀਚਾ ਮਿਥ ਲਿਆ ਹੈ l ਇਸੇ ਉਤਮ ਕਾਰਜ ਹਿਤ ਓਹ ਵੱਖ ਵੱਖ ਜਗਾਹਾਂ ਉਪਰ
ਪਹੁੰਚ ਕਰ ਕੇ ਅਧ-ਮੁੱਲ ਉਪਰ ਭਾਈ ਸਾਹਿਬ ਦੀਆ ਰਚਨਾਵਾਂ ਦੀ ਵਿਕਰੀ ਲਈ
ਪ੍ਰਦਰਸ਼ਨੀ ਲਗਾਓਦੇਂ ਹਨ l ਇਸੇ ਸਿਲਸਿਲੇ ਵਿਚ ਜਦੋ ਓਹ " ਪੰਜਾਬ
ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ " ਵਿਖੇ ਲਗਣ ਵਾਲੇ ਛਿਮਾਹੀ ਕਿਸਾਨ
ਮੇਲਿਆਂ ਵਿਚੋ ਪੰਜਾਵੀ ਵਰੇਗੰਢ ਨੂੰ ਲੈ ਕੇ ਲਗੇ ਸਿਤੰਬਰ , 2012 ਦੇ ਖਾਸ
ਮੇਲੇ ਵਿਚ ਪਹੁੰਚੇ ਤਾਂ ਦਾਸ ਦਾ ਓਹਨਾ ਨਾਲ ਸਬੱਬੀ ਮੇਲ ਹੋਇਆ l
ਉਸੇ ਅਨੁਭਵ ਨੂੰ ਦਾਸ ਆਪ ਸਭ ਜੀ ਨਾਲ ਸਾਂਝਾ ਕਰਨ ਜਾ ਰਿਹਾ ਹੈ -
"ਹਉਮੈਂ ਆਸ- ਪਾਸ ਨਹੀ ; ਕੱਦ ਵਿਚ ਖੂਬ ਲੰਬੇ ; ਮੁਖ ਵਿਚ ਵਾਹਿਗੁਰੂ
ਦਾ ਨਾਮ 'ਤੇ ਭਾਈ ਵੀਰ ਸਿੰਘ ਜੀ ਦੀਆ ਰਚਨਾਵਾਂ ਲਗ-ਭਗ ਸਾਰੀਆਂ ਜੁਬਾਨੀ
ਯਾਦ !! ਇਵੇਂ ਲਗੇ ਜਿਵੇਂ ਓਹਨਾ ਦੇ ਜੀਵਨ ਦੇ ਕਣ-ਕਣ ਵਿਚ ਭਾਈ ਵੀਰ ਸਿੰਘ
ਜੀ ਵਸ ਰਹੇ ਹੋਣ l ਮੰਨੋ ਜੀਵਨ ਜਿਓਣ ਦੀ ਜਾਚ ਅਤੇ ਵਿਓਂਤਬੰਦੀ
ਓਹਨਾ ਨੇ ਭਾਈ ਸਾਹਿਬ ਜੀ ਦੇ ਸਾਹਿਤ ਵਿਚ ਹੀ ਸਮੇਤ ਲਈ ਹੋਵੇ !
ਨਿੱਜੀ ਜੀਵਨ ਬਾਰੇ ਗੱਲ ਕਰੀਏ ਤਾਂ ਸ. ਜੀਤ ਸਿੰਘ ਜੀ ਅਨੂਪਗੜ,
ਰਾਜਸਥਾਨ ਦੇ ਹਨ ਪਹਿਲਾ ਸਿਹਤ ਵਿਭਾਗ ਵਿਚ ਓਹਨਾ ਨੇ ਚਾਕਰੀ ਕੀਤੀ ਪ੍ਰੰਤੂ
ਫਿਰ ਪੁਸ਼ਤੈਨੀ ਧੰਦੇ ਖੇਤੀ ਵੱਲ ਆ ਗਏ l ਓਹਨਾ ਦੇ ਸਾਥੀ ਸ. ਗੁਰਦੇਵ ਸਿੰਘ
ਜੀ ਵੀ ਰਹਿਣ ਵਾਲੇ ਉਸੇ ਇਲਾਕੇ ਦੇ ਹਨ ਅਤੇ ਓਹਨਾ ਪਹਿਲੋਂ ਪੀਡਬਲਿਉਡੀ
ਵਿਭਾਗ, ਰਾਜਸਥਾਨ ਵਿਚ ਬਤੌਰ ਏਕ੍ਸਇਨ ਸੇਵਾ ਮੁਕਤੀ ਲਈ l ਦੋਨਾ ਸਾਥੀਆਂ
ਨੇ ਲਗ- ਭਗ '94 ਵਿਚ ਪਹਿਲੀ ਵਾਰੀ ਸਿੱਖ ਲਿਖਾਰੀ ਭਾਈ ਵੀਰ ਸਿੰਘ ਜੀ ਨੂੰ
ਪੜਿਆ ਅਤੇ ਨਿਰ-ਅੰਤਰ ਹੁਣ ਤਕ ਪੜ੍ਹ ਰਹੇ ਹਨ l ਓਹ ਭਾਈ ਸਾਹਿਬ ਜੀ ਦੇ
ਪਾਠਕ ਵਜੋ ਹੀ ਇਕ ਦੂਜੇ ਨੂੰ ਮਿਲੇ ਅਤੇ ਇੱਕ-ਦੂਜੇ ਦੇ ਚੰਗੇ ਸੰਗੀ-ਸਾਥੀ
ਬਣ ਗਏ l
ਦੋਨਾ ਹੀ ਸਿੰਘਾ ਉਪਰ ਭਾਈ ਸਾਹਿਬ ਜੀ ਦੇ ਸਾਹਿਤ ਦਾ ਇੰਨਾ ਡੂੰਘਾ
ਪ੍ਰਭਾਵ ਪਿਆ ਕਿ ਓਹਨਾ ਸਨ '95 'ਚ ਆਪਣੇ ਆਪਣੇ ਜੱਦੀ ਜਾਂ ਨਿੱਜੀ
ਕਮਾਂ-ਕਾਰਾਂ ਤਰਫੋਂ ਸੇਵਾ-ਮੁਕਤੀ ਲੈਣ ਉਪਰੰਤ "ਭਾਈ ਵੀਰ ਸਿੰਘ ਜੀ" ਦੀਆਂ
ਅਮੁਲ ਰਚਨਾਵਾਂ ਨੂੰ ਵਧ ਤੋ ਵਧ ਪਾਠਕਾਂ ਤਕ ਪਹੁੰਚ ਕਰ ਕੇ ਪ੍ਰਚਾਰਿਤ ਕਰਨ
ਦਾ ਟੀਚਾ ਮਿਥ ਲਿਆ l
ਭਾਈ ਸਾਹਿਬ ਜੀ ਦੇ ਸਾਹਿਤ ਉਪਰ ਓਹਨਾ ਚਾਨਣਾ ਪਾਓਦਿਆਂ ਦਸਿਆ ਕਿ ਭਾਈ
ਸਾਹਿਬ ਜੀ ਦੀਆਂ ਪੁਸਤਕਾਂ ਗੁਰੂ, ਗੁਰ-ਇਤਿਹਾਸ, ਗੁਰੂਆਂ ਦੇ ਜੀਵਨ-ਸਾਰ,
ਸੰਤਾ ਮਹਾਂ-ਪੁਰਖਾਂ ਦੀਆਂ ਗਾਥਾਵਾਂ ਅਤੇ ਗੁਰਬਾਣੀ ਵਿਆਖਿਆ ਆਦਿ ਦੇ
ਇਰ੍ਧ-ਗਿਰ੍ਧ ਹੀ ਘੁੰਮਦੀਆਂ ਹਨ l ਨਿਰੋਲ ਧਰਮ-ਪ੍ਰਚਾਰ ਹਿਤ ਓਹਨਾ ਦੀਆਂ
ਲਿਖਤਾਂ ਸਰਵੋਤਮ, ਸੁਖੈਨ ਅਤੇ ਕਾਰਗਰ ਸਾਧਨ ਹਨ l ਪਾਠਕ ਨੂੰ ਪ੍ਰੇਰਨ ਲਈ
ਓਹ ਪਹਿਲੀ ਵਾਰੀ ਵਿਚ ਪਾਠਕ ਨੂੰ ਭਾਈ ਸਾਹਿਬ ਦੀ ਕੋਈ ਛੋਟੀ ਕਿਤਾਬ ਪੜਨ
ਵਾਸਤੇ ਦਿੰਦੇ ਹਨ; ਫਿਰ ਪਾਠਕ ਨੂੰ ਆਪਣੇ ਆਪ ਹੀ ਇਸ ਕਦਰ ਚੇਟਕ ਲਗਦੀ ਹੈ
ਕਿ ਓਹ ਆਪਣੇ ਆਪ ਵਿਚ ਭਾਈ ਸਾਹਿਬ ਦਾ ਸਾਹਿਤ ਪੜਨ ਵਾਲੀ ਇਕ ਸੰਸਥਾ ਬਣ
ਜਾਂਦਾ ਹੈ 'ਤੇ ਵਧ ਤੋ ਵਧ ਭਾਈ ਸਾਹਿਬ ਜੀ ਦਾ ਰਚਿਤ ਸਾਹਿਤ ਪੜਦਾ ਹੈ l
ਓਹਨਾ ਇਹ ਵੀ ਦੱਸਿਆ ਕਿ ਭਾਈ ਸਾਹਿਬ ਦਾ ਰਚਨਾ ਖੇਤਰ ਬਹੁਤ ਵੱਡਾ ਹੈ
ਪ੍ਰੰਤੂ ਇਸਦੇ ਬਾਵਜੂਦ ਓਹਨਾ ਨੇ ਕਿਸੇ ਦੀ ਆਲੋਚਨਾ ਨਹੀ ਕੀਤੀ l ਓਹਨਾ
ਸਦਾ ਆਪਣੇ ਆਲੋਚਕਾਂ ਨੂੰ ਪੂਰਨ ਗੱਲ ਕਹਿਣ ਦਾ ਮੌਕਾ ਦਿੱਤਾ ਤਾਂ ਕਿ ਵਧ
ਤੋ ਵਧ ਆਪਣੇ ਬਾਰੇ ਜਾਣਿਆ ਜਾ ਸਕੇ ਅਤੇ ਖਾਮੀਆਂ ਨੂੰ ਦੂਰ ਕੀਤਾ ਜਾ ਸਕੇ।
1872 ਤੋਂ 1957 ਤਕ ਦੇ ਜੀਵਨ ਕਾਲ 'ਚ ਭਾਈ ਸਾਹਿਬ ਜੀ ਨੂੰ ਪਦਮ-ਸ਼੍ਰੀ
ਅਤੇ ਭਾਰਤ-ਭੂਸ਼ਣ ਵਰਗੇ ਗੌਰਤਲਬ ਪੁਰਸਕਾਰ ਵੀ ਮਿਲੇ ਪਰ ਓਹਨਾ ਹਲੀਮੀ ਅਤੇ
ਨਿਮਰਤਾ ਨਹੀ ਛਡੀ ! ਮੰਚ ਉਪਰ ਜਾਂਣ ਤੋ ਸਦਾ ਗੁਰੇਜ਼ ਕੀਤਾ ਅਤੇ ਛਿਪੇ
ਰਹਿੰਦੇ l ਭਾਈ ਸਾਹਿਬ ਜੀ ਦੀ ਉਸੇ ਹਲੀਮੀ 'ਤੇ ਨਿਮਰਤਾਂ ਦਾ ਪ੍ਰਭਾਵ
ਦੋਨਾਂ ਸੱਜਣਾ ਉਪਰ ਸਾਰਥਕ ਨਜ਼ਰ ਆਓਂਦਾ ਹੈ l
ਭਾਈ ਸਾਹਿਬ ਜੀ ਦੇ ਪਾਠਕ ਤੋ ਪ੍ਰਚਾਰਕ ਬਣੇ ਦੋਨੋ ਸਿੰਘ ਹੁਣ ਤਕ
ਸੁਹਾਣੇ (ਮੁਹਾਲੀ), ਜਲੰਧਰ, ਪਟਿਆਲਾ, ਚੀਮਾਂ-ਸਾਹਿਬ, ਬੜੂ- ਸਾਹਿਬ ਅਤੇ
ਬੀਕਾਨੇਰ ਆਦਿ ਸ਼ਹਿਰਾਂ ਵਿਚ ਭਾਈ ਸਾਹਿਬ ਜੀ ਦੀਆਂ ਰਚਨਾਵਾਂ ਦੀ ਵਿਕਰੀ ਲਈ
ਅਧ ਮੁੱਲ ਉਪਰ ਸਟਾਲ ਲਗਾ ਚੁੱਕੇ ਹਨ। ਖੇਤੀਬਾੜੀ ਯੂਨੀਵਰਸਿਟੀ ਵਿਚਲੇ
ਕਿਸਾਨ ਮੇਲੇ ਉਪਰ ਭਾਰੀ ਇਕਠ ਅਤੇ ਮੂਲ ਪੇਂਡੂ ਖਰੀਦਦਾਰਾਂ ਦੀ ਉਪਲਬਧੀ
ਨੂੰ ਦੇਖਦਿਆਂ ਓਹਨਾ ਇਥੇ ਅਗਾਂਹ ਤੋ ਵੀ ਆਉਣ ਦਾ ਮੰਨ ਬਣਾਇਆ ਹੈ। ਓਹਨਾ
ਦਸਿਆ ਕਿ ਇਥੇ ਵੀ ਭਾਈ ਸਾਹਿਬ ਦੀਆਂ ਰਚਨਾਵਾਂ ਪ੍ਰਤੀ ਪੇਂਡੂ-ਕਿਰਸਾਨੀ
ਵਿਚ ਭਾਰੀ ਉਤਸ਼ਾਹ ਹੈ l
ਓਹਨਾ ਕੋਲ ਭਾਈ ਸਾਹਿਬ ਦੀਆਂ ਸਭ ਰਚਨਾਵਾਂ "ਭਾਈ ਵੀਰ ਸਿੰਘ ਸਾਹਿਤ
ਸਦਨ, ਦਿੱਲੀ" ਵੱਲੋ ਪ੍ਰਕਾਸ਼ਿਤ ਹੁੰਦੀਆਂ ਹਨ l ਭਾਈ ਸਾਹਿਬ ਤੋ ਇਲਾਵਾ
ਹੋਰ ਸਿਖ ਲਿਖਾਰੀਆਂ ਵਿਚੋਂ ਓਹ ਪ੍ਰੋ. ਪੂਰਨ ਸਿੰਘ , ਡਾ. ਬਲਬੀਰ ਸਿੰਘ,
ਰਘੁਬੀਰ ਸਿੰਘ ਬੀਰ, ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਆਦਿ ਨੂੰ ਵੀ
ਪਾਠਕਾਂ ਨੂੰ ਪੜਨ ਲਈ ਪ੍ਰੇਰਿਤ ਕਰਦੇ ਹਨ ; ਪ੍ਰੰਤੂ ਓਹਨਾ ਦੁਆਰਾ ਲਗਾਈ
ਜਾਂਦੀਆ ਪ੍ਰਦਰਸ਼ਨੀਆ ਵਿਚ ਭਾਈ ਵੀਰ ਸਿੰਘ ਜੀ ਦੀ ਹੀ ਰਚਿਤ ਸਾਮਗਰੀ ਹੁੰਦੀ
ਹੈ ਕਿਓਂਕਿ ਭਾਈ ਸਾਹਿਬ ਦੇ ਸਾਹਿਤ ਪ੍ਰਤੀ ਓਹਨਾ ਦੀ ਦੀਵਾਨਗੀ ਪਹੁੰਚ ਹੀ
ਕੁਝ ਇਸ ਪਧਰ ਤਕ ਚੁੱਕੀ ਹੈ ।
ਓਹਨਾ ਕਿਹਾ ਕਿ ਭਾਈ ਸਾਹਿਬ ਅਤੇ ਓਹਨਾ ਵਰਗੇ ਹੋਰ ਮਹਾਨ ਲੇਖਕਾਂ ਦੀਆਂ
ਰਚਨਾਵਾਂ ਨੂੰ ਸੰਭਾਲਣਾ ਅਤੇ ਨਵੀ ਪੀੜੀ ਤਕ ਪਹੁੰਚਾਉਣਾ ਸਿੱਖ-ਜਗਤ ਨਾਲ
ਜੁੜੇ ਹਰ ਵਿਅਕਤੀ ਦੀ ਨਿੱਜੀ ਜਿੰਮੇਵਾਰੀ ਹੈ। ਓਹਨਾ ਕਿਹਾ ਕਿ ਓਹਨਾ ਦੀ
ਜ਼ਿੰਦਗੀ ਦਾ ਇਹੋ ਮਨੋਰਥ ਹੈ ਕਿ ਭਾਈ ਵੀਰ ਸਿੰਘ ਜੀ ਦਾ ਸਾਹਿਤ ਵਧ ਤੋ ਵਧ
ਪ੍ਰਚਲਿਤ ਹੋਵੇ ਅਤੇ ਦੁਨੀਆ ਭਰ ਵਿਚ ਬੈਠੇ ਵੀਰ-ਭਾਈ ਅਤੇ ਭੈਣਾ ਤਕ
ਪਹੁੰਚੇ। ਇਸੇ ਉਦਮ ਨਾਲ ਹੀ ਵਾਹਿਗੁਰੂ ਦੇ ਨਾਮ ਨਾਲ ਚਲਦੀ ਓਹਨਾ ਦੇ ਜੀਵਨ
ਦੀ ਗੱਡੀ ਖੁਸ਼ਹਾਲ ਅਤੇ ਸੰਤੁਸ਼ਟ ਹੈ l ਪ੍ਰਮਾਤਮਾ ਦੋਨਾ ਸਿੰਘਾ ਨੂੰ ਅਪਾਰ
ਸ਼ਕਤੀ 'ਤੇ ਸਮਰਥਾ ਬਖਸ਼ੇ ਅਤੇ ਓਹ ਆਪਣੇ ਇਸ ਨੇਕ- ਸੁਚੱਜੇ ਕਾਰਜ ਵਿਚ ਸਫਲ
ਹੋਣ l"
ਜਸਪ੍ਰੀਤ ਸਿੰਘ
99886-46091
|