ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਮੁਲਾਕਾਤ :
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ


 

ਡਾ. ਢਿੱਲੋ, ਪੰਜਾਬੀ ਸਾਹਿਤਕ ਖੇਤਰ ਵਿੱਚ ਤੁਹਾਡੀ ਪਹਿਚਾਣ ਇੱਕ ਸ਼ਾਇਰ ਵਜੋਂ ਬਣੀ ਹੋਈ ਹੈ. 1971 ਵਿੱਚ ਤੁਹਾਡੀ ਕਵਿਤਾ ਦੀ ਪਹਿਲੀ ਪੁਸਤਕ ‘ਮਾਰੂਥਲ’ ਛਪੀ. ਹੁਣ ਤਕ ਤੁਸੀਂ ਸ਼ਾਇਰੀ ਦੀਆਂ ਕਿੰਨ੍ਹੀਆਂ ਕੁ ਪੁਸਤਕਾਂ ਪ੍ਰਕਾਸਿ਼ਤ ਕਰ ਚੁੱਕੇ ਹੋ?
-ਦੇਖੋ ਸੁਖਿੰਦਰ ਜੀ, ਮੈਂ ਕੋਈ ਮਸ਼ੀਨ ਵਾਂਗ ਕਵਿਤਾਵਾਂ ਪੈਦਾ ਨਹੀਂ ਕਰਦਾ। ਬਹੁਤ ਸਹਿਜ ਭਾਅ ਚਲਦਾ ਹਾਂ। ਏਸੇ ਲਈ ਹੁਣ ਤੱਕ ਮੇਰੀਆਂ ‘ਮਾਰੂਥਲ’ ਤੋਂ ਬਿਨਾਂ ਸ਼ਾਇਰੀ ਦੀਆਂ ਤਿੰਨ ਹੋਰ ਕਿਤਾਬਾਂ ਛਪੀਆਂ ਹਨ। ‘ਕਾਲੇ ਕੋਹਾਂ ਦਾ ਸਫ਼ਰ’ - ਜਿਸਨੂੰ - ‘ਹਰਿਆਣਾ ਸਾਹਿਤ ਅਕੈਡਮੀ’ ਤੋਂ ਐਵਾਰਡ ਮਿਲਿਆ ਸੀ। ਉਸਤੋਂ ਬਾਅਦ ਗ਼ਜ਼ਲਾਂ ਦਾ ਇੱਕ ਸੰਗ੍ਰਹਿ ਆਇਆ ‘ਸਰਘੀ ਦਾ ਇਕਰਾਰ’ ਅਤੇ ਹੁਣ ‘ਪਰਵਾਜ਼’ ਨਾਮ ਦੀ ਕਾਵਿ-ਕਿਤਾਬ ਛਪ ਕੇ ਆਈ ਹੈ।

ਕੀ ਤੁਸੀਂ ਆਪਣੀ ਸ਼ਾਇਰੀ ਨੂੰ ਇਲਹਾਮ ਸਮਝਦੇ ਹੋ ਯਾ ਕਿ ਹਲਫ਼ੀਆ ਬਿਆਨ ?
-ਇਲਹਾਮ ਨਹੀਂ ਮੈਂ ਸਮਝਦਾ। ਇਲਹਾਮ ਤਾਂ ਪੁਰਾਣੀਆਂ ਮੱਧਯੁਗੀ ਗੱਲਾਂ ਹਨ। ਕਵਿਤਾ ਤੁਹਾਡੇ ਅਪਣੇ ਅਨੁਭਵ ‘ਚੋਂ ਪੈਦਾ ਹੁੰਦੀ ਹੈ, ਤੁਹਾਡੇ ਅਪਣੇ ਸੰਘਰਸ਼ ਚੋਂ ਪੈਦਾ ਹੁੰਦੀ ਹੈ, ਤੁਹਾਡੇ ਅਪਣੇ ਮਾਨਸਿਕ-ਦਵੰਦ ਵਿੱਚੋਂ ਪੈਦਾ ਹੁੰਦੀ ਹੈ - ਨਾ ਕਿ ਕੋਈ ਤੁਹਾਡੀ ਕਲਮ ਫੜ ਕੇ ਤੁਹਾਨੂੰ ਲਿਖਵਾਂਦਾ ਹੈ। ਮੈਂ ਕਵਿਤਾ ਨੂੰ ਇਲਹਾਮ ਕਹਿਣ ਵਾਲੀਆਂ ਅਜਿਹੀਆਂ ਗੱਲਾਂ ਨਾਲ ਸਹਿਮਤ ਨਹੀਂ।

ਤੁਸੀਂ ਆਪਣੀ ਸ਼ਾਇਰੀ ਵਿੱਚ ਆਖਿਰ ਕੀ ਕਹਿਣਾ ਚਾਹੁੰਦੇ ਹੋ ?
-ਮੇਰੀ ਸ਼ਾਇਰੀ ਦਾ ਮੁੱਖ ਸਰੋਕਾਰ ਤਾਂ ਸਮਾਜ ਨਾਲ ਹੈ, ਸਮਾਜ ਵਿੱਚ ਜੋ ਵੀ ਗਲਤ ਹੋ ਰਿਹਾ ਹੈ, ਜਿਸ ਬਾਰੇ ਆਮ ਤੌਰ ਉੱਤੇ ਸਾਡੇ ਬੁੱਧੀਜੀਵੀ ਖਾਮੋਸ਼ ਰਹਿੰਦੇ ਹਨ। ਉਨ੍ਹਾਂ ਲੋਕਾਂ ਨੂੰ, ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ, ਸਾਹਮਣੇ ਲਿਆਉਣਾ - ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਹਮੇਸ਼ਾ ਦੱਬਿਆ ਅਤੇ ਕੁਚਲਿਆ ਜਾਂਦਾ ਹੈ। ਇਸ ਕਰਕੇ ਮੈਂ ਹਮੇਸ਼ਾ ਵਿਚਾਰ ਪ੍ਰਧਾਨ ਕਵਿਤਾ ਲਿਖਦਾ ਹਾਂ -ਭਾਵੁਕ ਹੋ ਕੇ ਕਵਿਤਾ ਨਹੀਂ ਲਿਖਦਾ। ਸ਼ਾਇਦ, ਇਸੇ ਕਰਕੇ ਮੇਰਾ ਕਵਿਤਾ ਲਿਖਣ ਦਾ ਵਕਫਾ ਕਾਫੀ ਲੰਬਾ ਹੋ ਜਾਂਦਾ ਹੈ। ਮੈਂ ਸਮਝਦਾ ਹਾਂ ਕਿ ਜਦ ਤੱਕ ਕੋਈ ਕਵਿਤਾ ਯਾ ਕੋਈ ਰਚਨਾ ਪਾਠਕ ਨੂੰ ਮਾੜਾ-ਮੋਟਾ ਹਲੂਣਦੀ ਨਹੀਂ ਹੈ - ਉਸ ਰਚਨਾ ਦਾ ਕੋਈ ਮੁੱਲ ਨਹੀਂ ਬਣਦਾ।

ਇੱਕ ਪੰਜਾਬੀ ਸ਼ਾਇਰ ਵਜੋਂ ਕੀ ਤੁਸੀਂ ਕਿਸੇ ਸ਼ਾਇਰ ਦਾ ਵਿਸ਼ੇਸ਼ ਪ੍ਰਭਾਵ ਵੀ ਕਬੂਲਿਆ ਹੈ ?
- ਨਹੀਂ, ਸਿੱਧੇ ਤੌਰ ਉੱਤੇ ਪ੍ਰਭਾਵ ਨਹੀਂ ਕਬੂਲਿਆ, ਵੈਸੇ ਕੋਈ ਵੀ ਸ਼ਾਇਰ ਜਿਹੜਾ ਵੀ ਹੈ - ਉਸਨੇ ਜਿਨ੍ਹਾਂ ਵੀ ਸ਼ਾਇਰਾਂ ਨੂੰ ਪੜ੍ਹਿਆ ਹੁੰਦਾ ਹੈ ਉਸਦਾ ਅਸਰ ਉਸ ਦੀ ਮਾਨਸਿਕਤਾ ਉੱਤੇ ਕਿਤੇ ਨ ਕਿਤੇ ਰਹਿੰਦਾ ਹੈ। ਲੇਕਿਨ, ਆਪਾਂ ਇਹ ਸਿੱਧੇ ਤੌਰ ਉੱਤੇ ਨਹੀਂ ਕਹਿ ਸਕਦੇ। ਫਿਰ ਵੀ, ਮੈਨੂੰ ਜਿਹੜੇ ਕਵੀ ਕੁਝ ਠੀਕ ਲੱਗੇ ਹਨ ਉਨ੍ਹਾਂ ਦਾ ਪ੍ਰਭਾਵ ਤਾਂ ਨਹੀਂ ਮੈਂ ਕਹਿ ਸਕਦਾ - ਜਿਵੇਂ ਡਾ. ਹਰਿਭਜਨ ਸਿੰਘ ਹੈ, ਉਸਨੇ ਬਹੁਤ ਖੂਬਸੂਰਤ ਲਿਖਿਆ ਹੈ, ਜਗਤਾਰ ਹੈ - ਸੁਰਜੀਤ ਪਾਤਰ ਲਿਖ ਰਿਹਾ ਹੈ। ਜੇ ਮੈਂ ਕਹਾਂ ਮੈਨੂੰ ਇੰਜ ਲੱਗ ਰਿਹਾ ਹੈ ਗੁਰੂ ਨਾਨਕ ਦੀ ਰਚਨਾ ਦਾ ਜਾਂ ਜੋ ਗੁਰੂ ਨਾਨਕ ਦੀ ਵਿਚਾਰਧਾਰਾ ਹੈ - ਗੱਲ ਕਹਿਣ ਦਾ ਢੰਗ ਹੈ- ਵਿਅੰਗ ਦਾ ਜੋ ਢੰਗ ਹੈ ਜਾਂ ਸਿੱਧੇ ਤੌਰ ਉੱਤੇ ਗੱਲ ਕਹਿਣ ਦਾ ਢੰਗ ਹੈ - ਉਹ ਕਿਤੇ ਨ ਕਿਤੇ ਮੇਰੀ ਕਵਿਤਾ ਵਿੱਚ ਪ੍ਰਵੇਸ਼ ਕੀਤਾ ਹੋਇਆ ਹੈ।

ਅਜੋਕੇ ਸਮਿਆਂ ਦੀ ਵਧੇਰੇ ਪੰਜਾਬੀ ਸ਼ਾਇਰੀ ਨਿੱਜ ਦੁਆਲੇ ਹੀ ਘੁੰਮ ਰਹੀ ਹੈ। ਕੀ ਇਹ ਲੇਖਕ ਦੇ ਸੁਆਰਥੀ ਹੋ ਜਾਣ ਕਰਕੇ ਅਪਣੇ ਪਾਠਕ / ਸਰੋਤੇ ਨਾਲੋਂ ਰਿਸ਼ਤਾ ਟੁੱਟ ਜਾਣ ਦਾ ਸੂਚਕ ਤਾਂ ਨਹੀਂ ?
- ਨਹੀਂ। ਸਵਾਰਥੀ ਹੋਣਾ ਹੋਰ ਚੀਜ਼ ਹੈ ਅਤੇ ਕਵਿਤਾ ਵਿੱਚ ਨਿੱਜ ਦੀ ਗੱਲ ਕਰਨਾ ਹੋਰ ਗੱਲ ਹੈ। ਨਿੱਜ ਦੀ ਕਵਿਤਾ ਇਸ ਕਰਕੇ ਆ ਗਈ ਕਿ ਵਿਅਕਤੀਗਤ ਤੌਰ ਉੱਤੇ ਕਵੀ ਸਮਾਜਿਕ ਸਰੋਕਾਰਾਂ ਨਾਲੋਂ ਟੁੱਟ ਗਿਆ ਹੈ। ਪ੍ਰਵਾਰ ਵੀ ਟੁੱਟ ਰਹੇ ਹਨ। ਜਿ਼ਆਦਾ ਕਵੀ ਜਿਹੜਾ ਹੈ ਉਹ ਜਿਵੇਂ ਇੱਕ ਮਾਨਸਿਕ ਪੀੜਾ ਚੋਂ ਲੰਘਦਾ ਹੈ। ਮਾਨਸਿਕ ਪੀੜਾ ਚੋਂ ਲੰਘਦਿਆਂ ਉਹ ਇਸ ਗੱਲ ਨੂੰ ਨਹੀਂ ਸੋਚਦਾ ਕਿ ਇਸਦਾ ਕਾਰਨ ਕੀ ਹੈ। ਉਹ ਕਾਰਨ ਤੱਕ ਪਹੁੰਚਣ ਦੀ ਥਾਂ ਕੇਵਲ ਭਾਵੁਕ ਤੌਰ ਤੇ ਆਪਣੀ ਉਸ ਨਿੱਜਤਾ ਦਾ ਪ੍ਰਗਟਾਵਾ ਕਰ ਦਿੰਦਾ ਹੈ ਜਿਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਉਹ ਨਿੱਜ ਦੀ ਗੱਲ ਕਰ ਰਿਹਾ ਹੈ। ਹੁਣ ਤਾਂ ਨਿੱਜ ਦੀ ਗੱਲ ਜੇ ਤਾਂ ਉਹ ਬਾਕੀ ਕਿਸੇ ਸਰੋਤੇ ਨਾਲ ਜਾਂ ਪਾਠਕ ਨਾਲ ਸਾਂਝ ਪਾਉਂਦੀ ਹੈ ਤਾਂ ਪਾਠਕ ਸਰੋਤਾ ਉਸਨੂੰ ਸਵੀਕਾਰ ਕਰੇਗਾ। ਜੇਕਰ ਉਹ ਸਾਂਝ ਨਹੀਂ ਪਾਉਂਦੀ ਜੇਕਰ ਉਹ ਆਪਣੀ ਹੀ ਗੱਲ ਕਰੀ ਜਾਂਦੀ ਹੈ ਤਾਂ ਫਿਰ ਕਰੀ ਜਾਵੇ। ਫਿਰ ਕਿਸੇ ਪਾਠਕ ਜਾਂ ਸਰੋਤੇ ਨੇ ਉਸ ਕਵਿਤਾ ਤੋਂ ਕੀ ਲੈਣਾ ਹੈ? ਮੈਂ ਸਮਝਦਾ ਹਾਂ ਕਿ ਜਦੋਂ ਕੋਈ ਕਵੀ ਨਿੱਜਤਾ ਦੀ ਗੱਲ ਕਰਦਾ ਹੈ ਤਾਂ ਉਸ ਕਵਿਤਾ ਵਿੱਚ ਬੜੀ ਜਟਿਲਤਾ ਵਾਲੀ ਕਿਸਮ ਦੀ ਕਵਿਤਾ ਵੀ ਆ ਜਾਂਦੀ ਹੈ ਅਤੇ ਜਟਿਲਤਾ ਵਾਲੀ ਕਵਿਤਾ ਨੂੰ ਤੁਹਾਨੂੰ ਬੌਧਿਕ ਪੱਧਰ ਉੱਤੇ ਸਮਝਣਾ ਪੈਂਦਾ ਹੈ। ਮੁਆਫ ਕਰਨਾ, ਪਾਠਕ ਵੀ ਅਜੇ ਏਨਾ ਬੌਧਿਕ ਪੱਧਰ ਉੱਤੇ ਨਹੀਂ ਪਹੁੰਚਿਆ ਕਿ ਉਹ ਇਸ ਪ੍ਰਕਾਰ ਦੀ ਕਵਿਤਾ ਨੂੰ ਸਮਝ ਸਕੇ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਉਹ ਕਵਿਤਾ ਪਾਠਕ ਨਾਲੋਂ ਟੁੱਟਦੀ ਜਾਂਦੀ ਹੈ। ਹਾਂ ਜੇਕਰ ਕੋਈ ਲੋਕ ਕਵੀ ਹੈ। ਜੇਕਰ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖ ਕੇ ਲਿਖ ਰਿਹਾ ਹੈ, ਕਵਿਤਾ ਵਿੱਚ ਜੇ ਜਜ਼ਬਾਤਾਂ ਦੀ ਗੱਲ ਕਰ ਰਿਹਾ ਹੈ ਜਾਂ ਭਾਵਨਾਵਾਂ ਦੀ ਗੱਲ ਕਰ ਰਿਹਾ ਹੈ ਜਾਂ ਉਨ੍ਹਾਂ ਦੀਆਂ ਸਮੱਸਿਆਵਾਂ ਦੀ ਗੱਲ ਕਰ ਰਿਹਾ ਹੈ ਤਾਂ ਉਸ ਨੂੰ ਲੋਕ ਜ਼ਰੂਰ ਸਵੀਕਾਰ ਕਰਨਗੇ; ਪਰ ਅਫਸੋਸ ਦੀ ਗੱਲ ਹੈ ਕਿ ਅਜਿਹੀ ਕੋਈ ਗੱਲ ਹੋ ਨਹੀਂ ਰਹੀ।

ਪਿਛਲੇ 70 ਕੁ ਸਾਲ ਵਿੱਚ ਪੰਜਾਬੀ ਸਾਹਿਤ ਨੂੰ ਤਿੰਨ ਵੱਡੀਆਂ ਘਟਨਾਵਾਂ ਨੇ ਪ੍ਰਭਾਵਤ ਕੀਤਾ ਹੈ; 1947 ਵਿੱਚ ਹੋਈ ਹਿੰਦੁਸਤਾਨ- ਪਾਕਿਸਤਾਨ ਦੀ ਵੰਡ, ਨਕਸਲਵਾਦੀ ਲਹਿਰ ਦਾ ਉਭਾਰ ਅਤੇ ਖਾਲਿਸਤਾਨੀ ਦਹਿਸ਼ਤਗਰਦੀ ਦੀ ਲਹਿਰ। ਇਨ੍ਹਾਂ ਤਿੰਨ ਇਤਿਹਾਸਕ ਘਟਨਾਵਾਂ ਦੇ ਫਲਸਰੂਪ ਪੈਦਾ ਹੋਈ ਪੰਜਾਬੀ ਸ਼ਾਇਰੀ ਬਾਰੇ ਤੁਸੀਂ ਕਿਵੇਂ ਸੋਚਦੇ ਹੋ ?
- ਦੇਖੋ, ਇੱਕ ਹੁੰਦਾ ਹੈ ਜਦੋਂ ਆਦਮੀ ਦਾ ਅਨੁਭਵ ਉਸਦੇ ਨਾਲ ਜੁੜ ਜਾਂਦਾ ਹੈ - ਆਤਮਸਾਤ ਕਰਦਾ ਹੈ ਕੁਝ ਗੱਲਾਂ ਨੂੰ ਅਤੇ ਸਮੇਂ ਬਾਹਦ ਜਦੋਂ ਅਨੁਭਵ ਪੱਕ ਜਾਂਦਾ ਹੈ ਤਾਂ ਉਹ ਅਨੁਭਵ ਨੂੰ ਪੇਸ਼ ਕਰਦਾ ਹੈ। ਇੱਕ ਹੁੰਦਾ ਹੈ ਕਿ ਕੋਈ ਘਟਨਾ ਵਾਪਰਦੀ ਹੈ ਤਾਂ ਤੁਸੀਂ ਉਸਦਾ ਤੱਟ-ਫੱਟ ਜੁਆਬ ਦੇਣਾ ਸ਼ੁਰੂ ਕਰ ਦਿੰਦੇ ਹੋ। 1947 ਦੀ ਘਟਨਾ, ਇਹ ਕੋਈ ਘਟਨਾ ਨਹੀਂ ਹੈ। ਬਹੁਤ ਵੱਡਾ ਦੁਖਾਂਤ ਹੈ। ਦੁਨੀਆਂ ਵਿੱਚ ਇਸਦੀ ਕੋਈ ਮਿਸਾਲ ਨਹੀਂ ਮਿਲਦੀ। ਜਿਸ ਵਕਤ ਲੱਖਾਂ ਲੋਕਾਂ ਨੂੰ ਘਰੋਂ ਬੇਘਰ ਹੋਣਾ ਪਿਆ। ਉਹ ਜਿਹੜੀਆਂ ਭਾਵਨਾਵਾਂ ਹਨ, ਉਸ ਸਮੇਂ ਦਾ ਜਿਹੜਾ ਦੁੱਖ ਹੈ - ਉਸ ਦੁੱਖ ਵਿੱਚੋਂ ਜਿਹੜੀ ਵੈਣਿਕ ਕਵਿਤਾ ਹੈ ਉਹ ਪੈਦਾ ਹੋਈ ਹੈ। ਵੈਣਿਕ ਕਵਿਤਾ ਹੈ ਜਿਵੇਂ ਅਸੀਂ ਕਹਿ ਦਿੰਦੇ ਹਾਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਹੈ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’। ਉਹ ਇਸ ਤਰ੍ਹਾਂ ਦੇ ਵੈਣ ਪਾਉਂਦੀ ਹੈ। ਦੁੱਖ ਦੇ ਸਮੇਂ ਵੈਣ ਹੀ ਪਾਏ ਜਾਂਦੇ ਹਨ। ਖੁਸ਼ੀ ਦੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ, ਢੋਲ ਨਹੀਂ ਵਜਾਏ ਜਾਂਦੇ, ਛੈਣੇ ਨਹੀਂ ਖੜਕਾਏ ਜਾਂਦੇ, ਦੁੱਖ ਹੀ ਸਾਂਝਾ ਕੀਤਾ ਜਾਂਦਾ ਹੈ। ਹਾਂ, 47 'ਚ ਜਿਹੜੀਆਂ ਕਹਾਣੀਆਂ ਲਿਖੀਆਂ ਗਈਆਂ ਹਨ ਉਹ ਬਹੁਤ ਖੂਬਸੂਰਤ ਹਨ। ਸੰਤੋਖ ਸਿੰਘ ਧੀਰ ਦੀ ਕਹਾਣੀ ਹੈ, ਯਾ ‘ਲੱਧੇ ਵਾਲਾ ਵੜੈਚ’ ਵਰਗੀ ਕਹਾਣੀ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਗਈਆਂ ਹਨ। ਇੱਥੋਂ ਤੱਕ ਕਿ ਲੋਕਾਂ ਨੇ ਪੀ. ਐਚ.ਡੀ. ਕੀਤੀ ਹੈ ‘47 ਵਿੱਚ ਰਚੇ ਗਏ ਸਾਹਿਤ ਉੱਤੇ। ਉਹ ਸਾਡਾ ਇੱਕ ਇਤਿਹਾਸਕ ਦਸਤਾਵੇਜ਼ ਹੈ। ਲੋਕਾਂ ਦੀਆਂ ਭਾਵਨਾਵਾਂ ਨੂੰ ਪੇਸ਼ ਕਰਨਾ-ਲੋਕਾਂ ਦੇ ਦੁੱਖ ਨੂੰ ਪੇਸ਼ ਕਰਨਾ। ਜੋ ਕੁਝ ਵਾਪਰਿਆ ਹੈ ਲੋਕਾਂ ਨਾਲ ਉਸਨੂੰ ਪੇਸ਼ ਕਰਨਾ। ਇਹ ਬਹੁਤ ਵੱਡੀ ਗੱਲ ਸੀ। ਉਸ ਸਮੇਂ ਦੇ ਸਾਹਿਤਕਾਰਾਂ ਨੇ ਇਹ ਕੰਮ ਕੀਤਾ। ਇਹ ਵਿਸ਼ਾ ਅੱਜ ਵੀ ਜਿੰਦਾ ਹੈ। ਅੱਜ ਵੀ, ਚਾਹੇ ਪਾਕਿਸਤਾਨ ਵਿੱਚ ਬੈਠਾ ਹੈ ਕੋਈ ਕਵੀ ਜਾਂ ਕਹਾਣੀਕਾਰ, ਚਾਹੇ ਹਿੰਦੁਸਤਾਨ ਵਿੱਚ ਬੈਠਾ ਹੈ ਜਾਂ ਦੇਸ/ਪ੍ਰਦੇਸ ਦੇ ਕਿਸੇ ਵੀ ਹਿੱਸੇ ਵਿੱਚ ਬੈਠਾ ਹੈ, ਉਸਨੂੰ ਇਹ ਗੱਲਾਂ ਝੰਜੋੜਦੀਆਂ ਹਨ। ਉਸਨੂੰ ਵਾਰ ਵਾਰ ਸੰਨ 47 ਯਾਦ ਆਉਂਦਾ ਹੈ। ਇਸ ਕਰਕੇ ਜਿਹੜੀ ਦੂਜੀ ਗੱਲ ਤੁਸੀਂ ਕਹੀ ਹੈ ਨੈਕਸਲਾਈਟ ਮੂਵਮੈਂਟ  ਬਾਰੇ - ਇਸ ਮੂਵਮੈਂਟ  ਵਿੱਚ ਸਾਹਿਤ ਬਹੁਤ ਵਧੀਆ ਪੈਦਾ ਹੋਇਆ। ਚਾਹੇ ਉਹ ਅਮਰਜੀਤ ਚੰਦਨ ਹੈ, ਚਾਹੇ ਉਹ ਪਾਸ਼ ਸੀ, ਚਾਹੇ ਸੰਤ ਸੰਧੂ ਸੀ - ਹਲਵਾਰਵੀ ਵੀ ਉਸੇ ਨਾਲ ਜੁੜਿਆ ਹੋਇਆ ਸੀ। ਇਨ੍ਹਾਂ ਲੋਕਾਂ ਨੇ ਜਿਹੜੀ ਸ਼ਾਇਰੀ ਲਿਖੀ ਹੈ ਬੜੀ ਹੋਰ ਕਿਸਮ ਦੀ - ਤਿੱਖੀ ਸ਼ਾਇਰੀ ਲਿਖੀ ਹੈ - ਯਾਨੀ ਕਿ ਇਨਕਲਾਬ ਦੀ ਗੱਲ ਕਰਨੀ। ਇਨਕਲਾਬ, ਚਾਹੇ, ਦੇਖੋ, ਇਹ ਕੁਝ ਵੀ ਸੀ -ਉਸ ਤੋਂ ਪਹਿਲਾਂ ਇੱਕ ਹੋਰ ਵੀ ਮੂਵਮੈਂਟ  ਚੱਲੀ ਸੀ। ਜਿਸਨੂੰ ਪ੍ਰਗਤੀਸ਼ੀਲ ਧਾਰਾ ਕਹਿੰਦੇ ਹਾਂ ਜਾਂ ਪ੍ਰਗਤੀਵਾਦੀ ਧਾਰਾ ਹੈ। ਉਸਦੇ ਨਾਲ ਨਾਲ ਪ੍ਰਯੋਗਸ਼ੀਲ ਕਾਵਿ ਧਾਰਾ ਵੀ ਚੱਲੀ ਹੈ। ਇਹ ਧਾਰਾਵਾਂ ਵੀ ਚੱਲੀਆਂ ਹਨ। ਲੇਕਿਨ ਜਿਹੜੀ ਪ੍ਰਗਤੀਸ਼ੀਲ ਕਾਵਿ ਧਾਰਾ ਸੀ ਉਹ ਤਾਂ ਕੁਝ ਚਿੰਨ੍ਹਾਂ ਤੱਕ ਸੀਮਤ ਹੋ ਗਈ। ਜਿਵੇਂ ਲਾਲ ਹਨ੍ਹੇਰੀ ਆ ਗਈ ਹੈ, ਲਾਲ ਤਾਰਾ ਚੜ੍ਹ ਗਿਆ ਹੈ - ਦੇਖੋ ਹਜੂਮ ਆ ਰਿਹਾ ਹੈ। ਜਿਵੇਂ ਪ੍ਰੋ. ਮੋਹਨ ਸਿੰਘ ਨੇ ਕਹਿ ਦਿੱਤਾ ‘ਕੱਠੇ ਕਰ ਲਓ ਸੰਦ ਓ ਯਾਰ’ - ਉਹ ਬਸ ਇੱਕ ਬਿਆਨਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਈ। ਲੇਕਿਨ ਨੈਕਸਲਾਈਟ ਮੂਵਮੈਂਟ  ਵਿੱਚ ਜਿਹੜੀ ਕਵਿਤਾ ਪੈਦਾ ਹੋਈ ਹੈ ਉਹ ਸਿੱਧੇ ਤੌਰ ਉੱਤੇ ਉਨ੍ਹਾਂ ਲੋਕਾਂ ਨੇ ਪੈਦਾ ਕੀਤੀ ਜਿਹੜੇ ਮੂਵਮੈਂਟ  ਵਿੱਚ ਸ਼ਾਮਿਲ ਵੀ ਸਨ। ਇਹ ਸਭ ਤੋਂ ਵੱਡੀ ਗੱਲ ਹੈ। ਜਿਹੜੇ ਪ੍ਰਗਤੀਸ਼ੀਲ ਕਵੀ ਸਨ ਉਹ ਤਾਂ ਸਿਰਫ ਕਵਿਤਾ ਲਿਖਦੇ ਸਨ। ਮੈਂ ਸਮਝਦਾ ਹਾਂ ਕਿ ਹਰਭਜਨ ਸਿੰਘ ਹੁੰਦਲ ਵਰਗਾ ਕੋਈ ਬੰਦਾ ਹੈ ਜਿਸਨੇ ਸੰਘਰਸ਼ ਵੀ ਕੀਤਾ ਹੈ। ਲੇਕਿਨ ਇਹ ਜਿਹੜੇ ਸਾਡੇ ਨੈਕਸਲਾਈਟ  ਕਵੀ ਸਨ ਇਹ ਖ਼ੁਦ ਮੂਵਮੈਂਟ  ਵਿੱਚ ਕੰਮ ਕਰ ਰਹੇ ਸਨ। ਇਨ੍ਹਾਂ ਨੇ ਆਪਣੇ ਅਨੁਭਵ ਚਾਹੇ ਜੇਹਲ ਵਿੱਚ ਜਾਕੇ ਲਿਖੇ ਚਾਹੇ ਜੇਹਲ ਤੋਂ ਬਾਹਰ ਆ ਕੇ ਲਿਖੇ ਅਤੇ ਇਨਕਲਾਬ ਦੀਆਂ ਗੱਲਾਂ ਕੀਤੀਆਂ ਅਤੇ ਜਿਹੜਾ ਵਰਗ ਤੁਹਾਨੂੰ ਸੋਸ਼ਤ ਕਰ ਰਿਹਾ ਹੈ ਤੁਹਾਡਾ ਸੋਸ਼ਨ ਕਰ ਰਿਹਾ ਹੈ ਜਿਹੜੀ ਰਾਜਨੀਤੀ ਤੁਹਾਨੂੰ ਸੋਸਿ਼ਤ ਕਰ ਰਹੀ ਹੈ ਉਸ ਰਾਜਨੀਤੀ ਦੇ ਖਿਲਾਫ਼, ਉਸ ਸਿਸਟਮ  ਦੇ ਖਿਲਾਫ ਇਹ ਲੋਕ ਲੜੇ - ਤੀਜੇ, ਜਿਹੜੇ ਤੁਸੀਂ ਕਹਿੰਦੇ ਹੋ ਕਿ ਖਾਲਿਸਤਾਨੀ - ਪਹਿਲੀ ਗੱਲ ਤਾਂ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਖਾਲਿਸਤਾਨੀ ਮੂਵਮੈਂਟ  ਕੋਈ ਮੂਵਮੈਂਟ  ਸੀ। ਖਾਲਿਸਤਾਨੀਆਂ ਦਾ ਬੁੱਧੀਜੀਵੀਆਂ ਨਾਲ ਕੋਈ ਲੈਣ ਦੇਣ ਨਹੀਂ ਸੀ। ਖਾਲਿਸਤਾਨ ਦਾ ਸਬੰਧ ਤਾਂ ਕੁਝ ਗਿਣੇ ਚੁਣੇ ਲੋਕਾਂ ਨਾਲ ਸੀ ਜਿਹੜੇ ਇੱਕ ਹਲਵਾ ਮਾਂਡਾ ਤਿਆਰ ਕਰਨਾ ਚਾਹੁੰਦੇ ਸੀ। ਉਹ ਲੋਕ ਜਿਹੜੇ ਖਾਲਿਸਤਾਨ ਦੇ ਨਾਮ ਉੱਤੇ ਬਦੇਸ਼ਾਂ ਵਿੱਚ ਜਾ ਕੇ ਰਾਜਸੀ ਸ਼ਰਨ ਲੈਣੀ ਚਾਹੁੰਦੇ ਸਨ। ਇਹ ਉਨ੍ਹਾਂ ਲੋਕਾਂ ਦਾ ਇੱਕ ਸਿਸਟਮ  ਸੀ। ਮੈਂ ਜਿਵੇਂ ਕੁਝ ਹੋਰ ਅੱਗੇ ਜਾ ਕੇ ਕਹਿ ਦਿਆਂ ਕਿ ਖਾਲਿਸਤਾਨ ਕੋਈ ਖਾਲਸਿਆਂ ਦਾ ਨਹੀਂ - ਮੁਆਫ ਕਰਨਾ। ਇਹ ਖਾਲਿਸਤਾਨ ਜਿਹੜਾ ਸੀ ਕੇਵਲ ਇੱਕ ਗਰੁੱਪ ਵੱਲੋਂ ਪੇਸ਼ ਕੀਤਾ ਗਿਆ ਸੀ। ਜੇ ਮੈਂ ਕਹਿ ਦਿਆਂ ਕਿ ਇਹ ਪੰਜਾਬ ਦੀ ਜਿਹੜੇ ਜੱਟ ਅਧਾਰਤ ਨੀਤੀ ਰਾਜਨੀਤੀ ਹੈ - ਇਹ ਉਸ ਵਿੱਚੋਂ ਪੈਦਾ ਹੋਇਆ ਖਾਲਿਸਤਾਨ ਦਾ ਇੱਕ ਹਊਆ ਸੀ। ਜਿਹੜਾ ਪੈਦਾ ਕਰਕੇ ਲੋਕਾਂ ਨੂੰ ਡਰਾਇਆ ਗਿਆ। ਸੋ, ਇਸ ਵਿੱਚੋਂ ਬਹੁਤਾ ਚੰਗਾ ਸਾਹਿਤ ਪੈਦਾ ਨਹੀਂ ਹੋਇਆ। ਹਾਂ, ਠੀਕ ਹੈ ਵਾਰਾਂ ਪੈਦਾ ਹੋਈਆਂ। ਸੰਤ ਭਿੰਡਰਾਂਵਾਲੇ ਦੀ ਵਾਰ ਪੈਦਾ ਹੋ ਗਈ, ਅਮਰੀਕ ਸਿੰਘ ਦੀ ਵਾਰ ਪੈਦਾ ਹੋ ਗਈ ਜਾਂ ਸੁੱਖਾ-ਜਿੰਦਾ ਦੀ ਫਿਲਮ ਬਣ ਗਈ। ਸੋ ਇਸਨੂੰ ਅਸੀਂ ਮਹਿਮਾ-ਮੰਡਪ ਕਹਿੰਦੇ ਹਾਂ ਕਿ ਕੁਝ ਹੀਰੋ ਅਸੀਂ ਬਣਾ ਲਏ। ਖਾਲਸਿਆਂ ਨੇ ਭਿੰਡਰਾਂਵਾਲੇ ਨੂੰ ਆਪਣਾ ਹੀਰੋ  ਬਣਾ ਲਿਆ ਅਤੇ ਹੀਰੋ  ਬਣਾ ਕੇ ਉਸਨੂੰ ਚੁੱਕਣਾ ਸ਼ੂਰੂ ਕਰ ਦਿੱਤਾ। ਇਹੋ ਜਿਹੀਆਂ ਮਿੱਥਾਂ ਵੀ ਬਣ ਗਈਆਂ ਕਿ ਸੰਤ ਭਿੰਡਰਾਂਵਾਲੇ ਫਲਾਨੀ ਜਗ੍ਹਾ ਕਿਸੇ ਨੂੰ ਕਿਤੇ ਮਿਲੇ ਹਨ। ਉਹ ਆ ਰਹੇ ਹਨ ਆਦਿ ਆਦਿ ...ਸੋ, ਮੁਆਫ ਕਰਨਾ, ਅਸੀਂ ਅਜੇ ਵੀ ਨਹੀਂ ਸਮਝ ਸਕੇ ਕਿ ਡੈਮੋਕਰੈਟਿਕ ਸਿਸਟਮ  ਵਿੱਚ ਅਸੀਂ ਖਾਲਿਸਤਾਨ ਕਿਵੇਂ ਬਣਾ ਸਕਦੇ ਹਾਂ - ਕੀ ਕਰ ਸਕਦੇ ਹਾਂ। ਇਹ ਬਹੁਤ ਮੁਸ਼ਕਿਲ ਗੱਲ ਹੈ। ਠੀਕ ਹੈ, ਕੁਝ ਲੋਕਾਂ ਦਾ ਇਸ ਨਾਲ ਰਾਬਤਾ ਜੁੜਿਆ ਹੋਇਆ ਹੈ ਸਿਸਟਮ  ਜੁੜਿਆ ਹੋਇਆ ਹੈ। ਕਿਉਂਕਿ ਇਹ ਬੁੱਧੀਜੀਵੀਆਂ ਦੀ ਲਹਿਰ ਨਹੀਂ ਸੀ। ਕੋਈ ਸੋਸ਼ਲ  ਲਹਿਰ ਵੀ ਨਹੀਂ ਸੀ। ਇਸੇ ਕਰਕੇ ਹੀ ਇਹ ਆਮ ਲੋਕਾਂ ਨਾਲ ਨਹੀਂ ਜੁੜੀ ਅਤੇ ਬੁੱਧੀਜੀਵੀਆਂ ਨੇ ਇਸ ਲਹਿਰ ਬਾਰੇ ਜੇਹੜਾ ਕੁਝ ਲਿਖਿਆ ਵੀ ਹੋਵੇਗਾ ਤਾਂ ਜਿਹੜੀ ਮਾਨਵੀ ਏਕਤਾ ਹੈ - ਉਦਾਹਰਣ ਵਜੋਂ ਜਿੱਦਾਂ ਗੁਰਸ਼ਰਨ ਸਿੰਘ ਹੈ - ਉਸ ਸਮੇਂ ਪੰਜਾਬ ਦਾ ਜਿਹੜਾ ਸਭਿਆਚਾਰ ਟੁੱਟ ਰਿਹਾ ਹੈ, ਪੰਜਾਬ ਦੀ ਜਿਹੜੀ ਏਕਤਾ ਟੁੱਟ ਰਹੀ ਹੈ - ਉਸ ਨੂੰ ਟੁੱਟਣ ਤੋਂ ਬਚਾਣ ਲਈ ਗੁਰਸ਼ਰਨ ਸਿੰਘ ਵਰਗੇ ਸਾਹਮਣੇ ਆਏ। ਉਨ੍ਹਾਂ ਨੇ ਪੰਜਾਬ ਵਿੱਚ ਜਾ ਕੇ ਨਾਟਕ ਵੀ ਕੀਤੇ। ਉਨ੍ਹਾਂ ਨੇ ਇਹ ਜਿਹੜਾ ਫਾਸ਼ੀਵਾਦੀ ਸਿਸਟਮ ਸੀ ਜਾਂ ਲੋਕਾਂ ਨੂੰ ਲੁੱਟਣ ਵਾਲਾ ਸਿਸਟਮ ਸੀ ਜਾਂ ਲੋਕਾਂ ਦੀ ਛਾਤੀ ਉੱਤੇ ਏਕੇ-47  ਰੱਖਕੇ ਜਪੁਜੀ ਸਾਹਿਬ ਦਾ ਪਾਠ ਕਰਵਾਉਣ ਵਾਲਾ ਸਿਸਟਮ ਸੀ - ਇਸ ਦੇ ਖਿਲਾਫ ਉਹ ਬੰਦਾ ਲੜਿਆ ਵੀ ਹੈ। ਜਿਹੜੇ ਕਵੀ ਨੇ ਲਿਖਿਆ ਵੀ ਹੈ - ਉਨ੍ਹਾਂ ਨੇ ਇਸ ਸਿਸਟਮ ਦੇ ਖਿਲਾਫ ਜਾ ਕੇ ਲੋਕਾਂ ਦੀ ਏਕਤਾ ਦੀ ਗੱਲ ਕੀਤੀ ਹੈ। ਇਸ ਤਰ੍ਹਾਂ ਇਨ੍ਹਾਂ ਲਹਿਰਾਂ ਵਿੱਚ ਇੱਕ ਮੂਲ ਫਰਕ ਹੈ...

ਤੁਸੀਂ ਪੰਜਾਬੀ ਸ਼ਾਇਰੀ ਦੇ ਪੰਜ ਵੱਡੇ ਹਸਤਾਖਰ ਕਿੰਨ੍ਹਾਂ ਸ਼ਾਇਰਾਂ ਨੂੰ ਮੰਨਦੇ ਹੋ ਅਤੇ ਕਿਉਂ ਮੰਨਦੇ ਹੋ?
-ਦੇਖੋ ਜੀ, ਇੱਕ ਸ਼ਾਇਰ ਤਾਂ ਕਿਸੇ ਹੋਰ ਸ਼ਾਇਰ ਨੂੰ ਮੰਨਦਾ ਹੀ ਨਹੀਂ ਹੁੰਦਾ। ਉਹ ਸੋਚਦਾ ਹੁੰਦਾ ਹੈ ਕਿ ਮੈਂ ਹੀ ਵੱਡਾ ਹਾਂ। ਲੇਕਿਨ ਫਿਰ ਵੀ ਜਿਨ੍ਹਾਂ ਸ਼ਾਇਰਾਂ ਨੂੰ ਆਲੋਚਕਾਂ ਨੇ ਕਾਇਮ ਕਰ ਦਿੱਤਾ... ਮੈਂ ਵਿਸ਼ੇਸ਼ ਗੱਲ ਕਰ ਰਿਹਾ ਹਾਂ - ਜਿਸ ਸ਼ਾਇਰ ਨੂੰ ਆਲੋਚਕ ਮਿਲ ਗਿਆ, ਵੱਡਾ ਸਾਹਿਤਕਾਰ ਮਿਲ ਗਿਆ, ਉਹ ਵੱਡਾ ਸ਼ਾਇਰ ਬਣ ਗਿਆ। ਹਾਲਾਂ ਕਿ ਚੀਜ਼ਾਂ ਉਨ੍ਹਾਂ ਕੋਲ ਵੀ ਦੋ ਚਾਰ ਹੀ ਹੁੰਦੀਆਂ ਹਨ। ਜਿ਼ਆਦਾ ਚੀਜ਼ਾਂ ਨਹੀਂ ਹੁੰਦੀਆਂ। ਕਿਸੀ ਦਾ ਨਾਮ ਨਾ ਲਵਾਂ ਤਾਂ ਚੰਗਾ ਹੈ। ਨਾਮ ਲੈਣ ਨਾਲ ਲੋਕ ਨਰਾਜ਼ ਹੋ ਜਾਂਦੇ ਹਨ...ਫਿਰ ਵੀ ਪੰਜ ਨਾਵਾਂ ਵਿੱਚ... ਮੇਰੇ ਲਈ ਡਾ. ਹਰਿਭਜਨ ਸਿੰਘ, ਜਗਤਾਰ, ਹਰਭਜਨ ਹੁੰਦਲ, ਪਾਕਿਸਤਾਨੀ ਸ਼ਾਇਰ ਬਾਬਾ ਨਜਮੀ ਹੈ। ਪੰਜਵਾਂ ਸ਼ਾਇਰ ਕੋਈ ਵੀ ਹੋ ਸਕਦਾ ਹੈ। ਕਿਉਂਕਿ ਫੇਰ ਉਹ ਸਾਰੇ ਇੱਕੋ ਜਿਹੇ ਹਨ।... ਜਿਵੇਂ ਸੁਰਜੀਤ ਪਾਤਰ ਵੀ। ਇੱਕ ਸ਼ਾਇਰ ਜਿਸਨੇ ਕੁਝ ਨਵੀਂ ਗੱਲ ਵੀ ਕੀਤੀ ਉਹ ਸਿ਼ਵ ਕੁਮਾਰ ਬਟਾਲਵੀ ਹੈ। ਯਾਨੀ ਕਿ ਸਿ਼ਵ ਕੁਮਾਰ ਬਟਾਲਵੀ ਇੱਕ ਐਸਾ ਕਵੀ ਹੋਇਆ ਹੈ ਜਿਸ ਨੇ ਪੰਜਾਬੀ ਰਹਿਤਲ / ਪੰਜਾਬੀ ਸਭਿਆਚਾਰ / ਪੰਜਾਬੀ ਜੀਵਨ-ਜਾਚ / ਪੰਜਾਬੀ ਜੀਵਨ ਢੰਗ ਹੈ, ਫਸਲਾਂ ਹਨ। ਹੋਰ ਸਭ ਕੁਝ ਹੈ। ਉਸ ਸਭ ਕੁਝ ਨੂੰ ਜੇਕਰ ਕਿਸੀ ਨੇ ਪੰਜਾਬੀ ਸ਼ਾਇਰੀ ਵਿੱਚ ਜ਼ਿੰਦਾ ਕੀਤਾ ਹੈ ਤਾਂ ਉਹ ਸਿ਼ਵ ਕੁਮਾਰ ਬਟਾਲਵੀ ਹੈ। ਵਿਸ਼ੇਸ਼ ਤੌਰ ਉੱਤੇ ‘ਲੂਣਾ’ ਹੈ ਜਿਹੜੀ ਉਹ ਇੱਕ ਸ਼ਾਹਕਾਰ ਹੈ। ‘ਲੂਣਾ’ ਵਿੱਚ ਜਿਹੜੀ ਉਸਨੇ ਔਰਤ ਦੀ ਤਰਫਦਾਰੀ ਕੀਤੀ ਹੈ ਉਸ ਤਰ੍ਹਾਂ ਦੀ ਤਰਫਦਾਰੀ ਕਿਸੀ ਸ਼ਾਇਰ ਨੇ ਲੰਬਾ ਕਿੱਸਾ ਲਿਖ ਕੇ ਜਾਂ ਲੰਮੀ ਕਵਿਤਾ ਲਿਖਕੇ ਨਹੀਂ ਕੀਤੀ। ਜਿਸ ਤਰ੍ਹਾਂ ਦੀ ਕਿ ਸਿ਼ਵ ਕੁਮਾਰ ਬਟਾਲਵੀ ਨੇ ਕੀਤੀ - ਯਾ ਉਸਦੀ ਜਿਹੜੀ ਫਿਲਾਸਾਫੀਕਲ  ਲੰਬੀ ਕਵਿਤਾ ‘ਮੈਂ ਤੇ ਮੈਂ’ ਹੈ।

ਅੱਜ ਤੋਂ 30-35 ਸਾਲ ਪਹਿਲਾਂ ਦੇ ਸਾਹਿਤਕ-ਸਭਿਆਚਾਰਕ ਮਾਹੌਲ ਅਤੇ ਅਜੋਕੇ ਸਮਿਆਂ ਦੇ ਸਾਹਿਤਕ-ਸਭਿਆਚਾਰਕ ਮਾਹੌਲ ਵਿੱਚ ਕੀ ਤੁਸੀਂ ਕੋਈ ਵਿਸ਼ੇਸ਼ ਅੰਤਰ ਦੇਖਦੇ ਹੋ?
-ਬਿਲਕੁਲ ਅੰਤਰ ਹੈ ਜੀ। ਪਹਿਲਾਂ ਕੀ ਸੀ? ਸਾਹਿਤ ਸਭਾਵਾਂ ਕੰਮ ਕਰਦੀਆਂ ਸਨ। ਸਾਹਿਤ ਸਭਾਵਾਂ ਵਿੱਚ ਸਾਹਿਤਕਾਰ ਇਕੱਠੇ ਹੁੰਦੇ ਸਨ। ਉਨ੍ਹਾਂ ਦਾ ਇੱਕ ਸਿਸਟਮ ਸੀ। ਪੰਜਾਬੀ ਅਕੈਡਮੀ ਲੁਧਿਆਣਾ ਇੱਕ ਬਹੁਤ ਹੀ ਅੱਛਾ ਰੋਲ ਅਦਾ ਕਰਦੀ ਸੀ। ਸਾਹਿਤ ਸਭਾਵਾਂ ਉਨ੍ਹਾਂ ਨਾਲ ਸਬੰਧਤ ਸਨ। ਵੱਡੇ ਵੱਡੇ ਕੱਦ ਵਾਲੇ ਸਾਹਿਤਕਾਰ ਉਸ ਨਾਲ ਜੁੜੇ ਹੁੰਦੇ ਸਨ - ਗੁਰਬਖਸ਼ ਸਿੰਘ ਵਰਗੇ। ਲੇਕਿਨ, ਵਰਤਮਾਨ ਵਿੱਚ ਆ ਕੇ ਉਹ ਸਭਿਆਚਾਰ ਖਤਮ ਹੋ ਗਿਆ ਹੈ। ਵਰਤਮਾਨ ਵਿੱਚ ਹੁਣ ਤੁਹਾਨੂੰ ਕੋਈ ਇਹੋ ਜਿਹੀ ਸਭਾ ਨਹੀਂ ਮਿਲੇਗੀ ਜਿਸ ਵਿੱਚ ਤੁਸੀਂ ਸਾਹਿਤਕਾਰਾਂ, ਕਵੀਆਂ, ਨੂੰ ਇਕੱਠੇ ਕਰੋ ਅਤੇ ਉਨ੍ਹਾਂ ਦੀਆਂ ਰਚਨਾਵਾਂ ਸੁਨਣ ਤੋਂ ਬਾਹਦ ਤੁਸੀਂ ਉਨ੍ਹਾਂ ਦੀ ਸਿਰਫ ਵਾਹਵਾ ਹੀ ਨ ਕਰੋ, ਉਨ੍ਹਾਂ ਨੂੰ ਸੇਧ ਵੀ ਦਿਓ। ਉਨ੍ਹਾਂ ਦੀ ਆਲੋਚਨਾ ਕਰੋ। ਸਕੂਲਿੰਗ - ਆਪਾਂ ਕਹਿ ਲਈਏ ਸਕੂਲਿੰਗ  ਨਾਮ ਦੀ ਹੁਣ ਪੰਜਾਬੀ ਵਿੱਚ ਕੋਈ ਚੀਜ਼ ਨਹੀਂ। ਵਿਅਕਤੀਗਤ ਪੱਧਰ ਉੱਤੇ ਹੁਣ ਹਰ ਕੋਈ ਹੀ ਆਪਣੀ ਸਭਾ ਬਣਾ ਕੇ ਬੈਠਾ ਹੈ। ਇਸ ਕਰਕੇ ਜਾਂ ਤਾਂ ਇਨ੍ਹਾਂ ਦੀ ਹਉਮੈ ਟਕਰਾ ਜਾਂਦੀ ਹੈ - ਹਉਮੈ ‘ਚੋਂ ਫਿਰ ਵੱਖਰੀ - ਜਿਵੇਂ ‘ਕੇਂਦਰੀ ਪੰਜਾਬੀ ਲੇਖਕ’ ਸਭਾ ਵਧੀਆ ਕੰਮ ਕਰ ਰਹੀ ਸੀ - ਉਸ ਦੇ ਮੁਕਾਬਲੇ ਵਿੱਚ ‘ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ’ ਬਣ ਗਈ। ਇਸ ਪ੍ਰਕਾਰ ਬਹੁਤ ਫਰਕ ਆ ਗਿਆ। ਇੱਥੋਂ ਤੱਕ ਕਿ ਸਭਿਆਚਾਰ - ਜਿਵੇਂ ਕਿ ਜੇਕਰ ਅਸੀਂ ਕਹਿ ਦੇਈਏ ਕਿ ਮੈਗਜ਼ੀਨ  ਸ਼ਬਦ ਸਭਿਆਚਾਰ ਦਾ ਹਿੱਸਾ ਹੈ ਤਾਂ ਪਹਿਲਾਂ 68-70 ਵਿੱਚ ਜਣਾ ਖਣਾ ਹੀ ਮੈਗਜ਼ੀਨ  ਕੱਢਣ ਲੱਗ ਪਿਆ ਸੀ। ਚਾਰ ਬੰਦੇ ਉੱਠ ਕੇ ਮੈਗਜ਼ੀਨ  ਕੱਢ ਦਿੰਦੇ ਸਨ। ਅੱਛੀ ਗੱਲ ਸੀ। ਲੇਕਿਨ, ਹੁਣ ਉਹ ਗੱਲ ਨਹੀਂ ਰਹੀ। ਹੁਣ ਤਾਂ ਸਿਰਫ ਸਥਾਪਿਤ ਲੋਕ ਹੀ ਮੈਗਜ਼ੀਨ  ਚਲਾ ਸਕਦੇ ਹਨ ਜਾਂ ਜਿਨ੍ਹਾਂ ਲੋਕਾਂ ਨੂੰ ਬਾਹਰਲੇ ਦੇਸ਼ਾਂ ਤੋਂ ਪੈਸਾ ਆ ਰਿਹਾ ਹੈ। ਮੈਂ ਮੈਗਜ਼ੀਨਾਂ  ਦੇ ਨਾਮ ਨਹੀਂ ਲੈਣੇ। ਉਹ ਮੈਗਜ਼ੀਨ  ਚਲਾ ਰਹੇ ਹਨ। ਨਹੀਂ ਤਾਂ ਬਹੁਤ ਫਰਕ ਆ ਗਿਆ ਹੈ। ਪੁਰਾਣੇ ਸਾਹਿਤ ਸਭਿਂਆਚਾਰ ਵਿੱਚ ਅਤੇ ਅੱਜ ਦੇ ਸਾਹਿਤਕ ਸਭਿਆਚਾਰ ਵਿੱਚ ਇੱਕ ਹੋਰ ਗੱਲ ਇਸੇ ਨਾਲ ਹੀ ਜੁੜੀ ਹੋਈ ਹੈ। ਉਹ ਹੈ ਕਿਤਾਬਾਂ ਦੀ ਪ੍ਰਕਾਸ਼ਨਾ। ਪਹਿਲਾਂ 1,100 ਕਿਤਾਬ ਛਪਦੀ ਹੁੰਦੀ ਸੀ। ਅੱਜ ਕੱਲ੍ਹ 500 ਕਿਤਾਬ ਛਪਦੀ ਹੈ। ਕੀਮਤਾਂ ਅਸਮਾਨ ਨੂੰ ਚੜ੍ਹੀਆਂ ਹੋਈਆਂ। ਪਾਠਕ ਹੁਣ ਕਿਤਾਬ ਖ੍ਰੀਦਦਾ ਨਹੀਂ। ਕੀਮਤਾਂ ਮਹਿੰਗੀਆਂ ਹੋ ਗਈਆਂ। ਲੇਖਕ ਨੂੰ ਪੈਸੇ ਦੇ ਕੇ ਕਿਤਾਬ ਛਪਾਣੀ ਪੈਂਦੀ ਹੈ। ਸੋ ਇਹ ਵੀ ਇੱਕ ਫਰਕ ਹੈ। ਕਿਤਾਬਾਂ ਤਾਂ ਵਧੀਆ ਛਪ ਰਹੀਆਂ ਹਨ - ਇਸ ਵਿੱਚ ਤਾਂ ਕੋਈ ਸ਼ੱਕ ਨਹੀਂ। ਲੇਕਿਨ, ਪੈਸੇ ਦੇ ਸਿਰ ਉੱਤੇ ਕਿਤਾਬਾਂ ਜਿ਼ਆਦਾ ਛਪ ਰਹੀਆਂ ਹਨ। ਸਾਹਿਤਕ ਪੱਧਰ ਉੱਤੇ ਜਾ ਕੇ ਏਨੀਆਂ ਕਿਤਾਬਾਂ ਨਹੀਂ ਛਪ ਰਹੀਆਂ। ਇਹ ਫਰਕ ਹੈ।

ਕਈ ਵਾਰੀ ਇੰਝ ਮਹਿਸੂਸ ਹੋਣ ਲੱਗਦਾ ਹੈ ਕਿ ਸਾਡੇ ਪੰਜਾਬੀ ਆਲੋਚਕ ਆਪਣੇ ਸਵਾਰਥੀਪਨ ਕਾਰਨ ਪੰਜਾਬੀ ਸਾਹਿਤ ਨੂੰ ਗਲਤ ਦਿਸ਼ਾ ਵੱਲ ਮੋੜਾ ਦੇ ਰਹੇ ਹਨ? ਕੀ ਤੁਸੀਂ ਵੀ ਕਦੀ ਇੰਝ ਮਹਿਸੂਸ ਕੀਤਾ ਹੈ? ਤੁਹਾਡੀ ਨਿਗਾਹ ਵਿੱਚ ਕਿਹੜੇ ਪੰਜਾਬੀ ਆਲੋਚਕ ਜ਼ਿੰਮੇਵਾਰੀ ਨਾਲ ਆਲੋਚਕ ਵਜੋਂ ਆਪਣਾ ਕਰਤਵ ਨਿਭਾਹ ਰਹੇ ਹਨ ?
-ਦੇਖੋ, ਨਿਭਾਹ ਰਹੇ ਹਨ ਅਤੇ ਨਿਭਾਹ ਰਹੇ ਸਨ ? ਪਹਿਲਾਂ ਤਾਂ ਮੈਂ ਇਹ ਸਪੱਸ਼ਟ ਕਰ ਦਿਆਂ। ਪੰਜਾਬੀ ਆਲੋਚਨਾ ਦਾ ਖੇਤਰ ਹੁਣ ਮੈਨੂੰ ਖਾਲੀ ਜਾਪਦਾ ਹੈ। ਪਹਿਲਾਂ ਜਿਵੇਂ ਸੰਤ ਸਿੰਘ ਸੇਖੋਂ ਸੀ, ਕਿਸ਼ਨ ਸਿੰਘ ਸੀ। ਭਾਵੇਂ ਕਿ ਉਨ੍ਹਾਂ ਦੀ ਆਪਸ ਵਿੱਚ ਬਣਦੀ ਬਿਲਕੁਲ ਨਹੀਂ ਸੀ। ਪੰਜਾਬੀ ਆਲੋਚਨਾ ਨੂੰ ਜੇਕਰ ਕਿਸੇ ਨੇ ਕੋਈ ਨਵੀਂ ਸੇਧ ਦਿੱਤੀ ਤਾਂ ਉਹ ਦਿੱਲੀ ਸਕੂਲ ਸੀ। ਦਿੱਲੀ ਸਕੂਲ ਵਿੱਚ ਡਾ. ਹਰਿਭਜਨ ਸਿੰਘ ਅਤੇ ਉਸ ਤੋਂ ਬਾਹਦ ਡਾ. ਨੂਰ। ਡਾ. ਨੂਰ ਨੇ ਬਿਨ੍ਹਾਂ ਕਿਸੇ ਫਾਇਦੇ ਦੇ ਕਹਿ ਲਓ, ਬਿਨ੍ਹਾਂ ਕਿਸੀ ਸਵਾਰਥ ਦੇ ਕਹਿ ਲਓ, ਹਰ ਸਾਹਿਤਕਾਰ ਨੂੰ ਉੱਚਾ ਉਠਾਇਆ ਹੈ। ਬਾਕੀਆਂ ਨੇ ਇਹ ਕੰਮ ਨਹੀਂ ਕੀਤਾ ਹੈ। ਔਰ ਇਸ ਤੋਂ ਬਿਨ੍ਹਾਂ ਤੁਸੀਂ ਦੇਖੋ, ਡਾ ਅਤਰ ਸਿੰਘ ਸੀ, ਲੇਕਿਨ ਹੋਇਆ ਕੀ ਹੈ ਕਿ ਇਹ ਅਕਡੈਮਿਕ ਕਿਸਮ ਦੀ ਆਲੋਚਨਾ ਹੈ। ਅੱਜ ਵੀ ਜਿਹੜੀ ਆਲੋਚਨਾ ਹੋ ਰਹੀ ਹੈ ਉਹ ਅਕਡੈਮਿਕ  ਕਿਸਮ ਦੀ ਆਲੋਚਨਾ ਹੈ। ਲਿਟਰੇਰੀ  ਕਿਸਮ ਦੀ ਆਲੋਚਨਾ ਹੈ। ਜਿਹੜੀ ਜਨਰਲ ਕਿਸਮ ਦੀ ਆਲੋਚਨਾ ਹੈ, ਉਹ ਰੀਵੀਊ  ਤੱਕ ਹੀ ਸੀਮਿਤ ਹੋ ਗਈ ਹੈ। ਰੀਵੀਊ  ਵੀ ਅਸੀਂ ਮੱਥਾ ਦੇਖਕੇ ਹੀ ਟਿੱਕਾ ਲਗਾਂਦੇ ਹਾਂ। ਨਹੀਂ ਤਾਂ ਅਸੀਂ ਉੱਥੇ ਵੀ ਗੜਬੜ ਕਰਦੇ ਹਾਂ। ਸੋ ਇਮਾਨਦਾਰੀ ਆਲੋਚਕ ਕੋਲ ਹੋਣੀ ਬਹੁਤ ਜ਼ਰੂਰੀ ਹੈ। ਮੈਂ ਸਮਝਦਾ ਹਾਂ ਕਿ ਜੇਕਰ ਅੱਜ ਤੁਸੀਂ ਨਜ਼ਰ ਮਾਰੋ ਤਾਂ ਕਿੰਨੇ ਕੁ ਆਲੋਚਕ ਹਨ। ਕਿਹੜੀ ਯੂਨੀਵਰਸਿਟੀ ‘ਚ ਕਿਹੜਾ ਆਲੋਚਕ ਹੈ? ਪੰਜਾਬ ਯੂਨੀਵਰਸਿਟੀ ਵਿੱਚ ਡਾ. ਸੁਖਦੇਵ ਸਿੰਘ ਸਿਰਸਾ ਹੈ, ਉਹ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ। ਉਸ ਕੋਲ ਇੱਕ ਫਰੇਮਵਰਕ  ਹੈ। ਉਸ ਫਰੇਮ  ਵਿੱਚ ਜਿਹੜਾ ਲੇਖਕ ਫਿੱਟ ਹੋ ਗਿਆ ਉਹ ਇੱਕ ਬਹੁਤ ਵੱਡਾ ਲੇਖਕ ਹੈ। ਨਹੀਂ, ਤਾਂ ਉਹ ਲੇਖਕ ਹੀ ਨਹੀਂ। ਡਾ. ਹਰਿਭਜਨ ਸਿੰਘ ਭਾਟੀਆ ਹੈ। ਭਾਟੀਆ ਦੀ ਆਲੋਚਨਾ ਵੀ ਜਿ਼ਆਦਾ ਅਕਡੈਮਿਕ  ਕਿਸਮ ਦੀ ਆਲੋਚਨਾ ਹੀ ਹੈ। ਮੈਂ ਸਮਝਦਾ ਹਾਂ ਕਿ ਪੰਜਾਬੀ ਵਿੱਚ ਇਸ ਵੇਲੇ ਕੋਈ ਵਧੀਆ ਪੱਧਰ ਦੀ ਆਲੋਚਨਾ ਨਹੀਂ ਹੋ ਰਹੀ।

ਹਰਿਆਣਾ ਵਿੱਚ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀ ਕੀ ਸਥਿਤੀ ਹੈ?
-ਪੰਜਾਬੀ ਬੋਲੀ ਜਾਂ ਕਹਿ ਲਈਏ ਪੰਜਾਬੀ ਭਾਸ਼ਾ। ਪੰਜਾਬੀ ਬੋਲੀ ਹਰਿਆਣੇ ਦੀ ਅਤੇ ਪੰਜਾਬੀਆਂ ਦੀ 40% ਦੀ ਬੋਲੀ ਹੈ। ਇਹ ਸੰਨ ‘47 ਤੋਂ ਬਾਅਦ ਆ ਕੇ ਇੱਥੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਦਾ ਫਰਕ ਸਾਡੇ ਸਾਹਮਣੇ ਆਉਂਦਾ ਹੈ। ਜਿੰਨੇ ਲੋਕ ਪਾਕਿਸਤਾਨ ਤੋਂ ਆ ਕੇ ਇੱਥੇ ਬੈਠੇ, ਸ਼ਹਿਰਾਂ ‘ਚ ਬੈਠੇ - ਪਿੰਡਾਂ ਵਾਲੇ ਲੋਕ ਤਾਂ ਫੇਰ ਵੀ ਮਾੜਾ / ਮੋਟਾ ਅਜੇ ਪੰਜਾਬੀ ਨਾਲ ਜੁੜੇ ਹੋਏ ਹਨ। ਜਿਹੜੇ ਸ਼ਹਿਰ ਵਿੱਚ ਬੈਠੇ ਹਨ। ਜਿਹੜੇ ਬਿਜ਼ਨਸਮੈਨ  ਬਣ ਗਏ ਹਨ। ਕਾਰਖਾਨੇਦਾਰ ਬਣ ਗਏ ਹਨ - ਪੰਜਾਬੀ ਨੂੰ ਉਨ੍ਹਾਂ ਨੇ ਤਿਲਾਂਜਲੀ ਦੇ ਦਿੱਤੀ ਹੈ - ਉਨ੍ਹਾਂ ਦੀ ਤੀਜੀ ਪੀੜ੍ਹੀ ਪੰਜਾਬੀ ਨਾਲੋਂ ਬਿਲਕੁਲ ਬਿਲਕੁਲ ਟੁੱਟ ਚੁੱਕੀ ਹੈ। ਪੰਜਾਬੀ ਭਾਸ਼ਾ ਦਾ ਲੋਕਾਂ ਦੀ ਪੱਧਰ ਉੱਤੇ ਤਾਂ ਇਹ ਹਾਲ ਹੈ। ਪੰਜਾਬੀ ਸਭਾਵਾਂ ਬਣਦੀਆਂ ਹਨ। ਕੋਈ ਕਾਂਗਰਸ ਔਰੀਐਂਟਿਡ  ਹੈ, ਕੋਈ ਭਾਜਪਾ ਔਰੀਐਂਟਿਡ  ਹੈ, ਕੋਈ ਇਨੈਲੋ ਔਰੀਐਂਟਿਡ  ਹੈ। ਉਨ੍ਹਾਂ ਦਾ ਰਾਜਨੀਤਕ ਮਨੋਰਥ ਹੈ ਨ ਕਿ ਉਨ੍ਹਾਂ ਦਾ ਪੰਜਾਬੀ ਭਾਸ਼ਾ, ਜਾਂ ਪੰਜਾਬੀ ਸਭਿਆਚਾਰ ਨਾਲ ਹੀ ਕੋਈ ਲੈਣ-ਦੇਣ ਹੁੰਦਾ ਹੈ ਕਿਉਂਕਿ ਉਨ੍ਹਾਂ ਦੇ ਬੈਨਰ  ਵੀ ਹਿੰਦੀ ਵਿੱਚ ਹੀ ਹੁੰਦੇ ਹਨ। ਉਨ੍ਹਾਂ ਦੇ ਭਾਸ਼ਨ ਵੀ ਹਿੰਦੀ ਵਿੱਚ ਹੁੰਦੇ ਹਨ। ਇਸ ਲਈ ਮੈਂ ਨਹੀਂ ਸਮਝਦਾ ਕਿ ਉਨ੍ਹਾਂ ਦਾ ਪੰਜਾਬੀ ਨਾਲ ਕੋਈ ਲੈਣ ਦੇਣ ਹੈ। ਜਿੱਥੋਂ ਤੱਕ ਅਕਡੈਮਿਕ  ਦੀ ਗੱਲ ਹੈ ਉਹ ਸਕੂਲਾਂ ਵਿੱਚ ਵੀ ਪੜ੍ਹਾਈ ਜਾ ਰਹੀ ਹੈ- ਕਾਲਿਜਾਂ ਵਿੱਚ ਵੀ ਪੜ੍ਹਾਈ ਜਾ ਰਹੀ ਹੈ। ਕਾਲਿਜ ਵਿੱਚ ਪੜ੍ਹਣ ਵਾਲੇ ਜਿ਼ਆਦਾ ਬੱਚੇ ਪਿੰਡਾਂ ਦੇ ਹੀ ਹਨ। ਸੋ ਇਹ ਜਿਹੜੀ ਸ਼ਹਿਰੀ ਮਿਡਲ ਕਲਾਸ  ਹੈ, ਉਹ ਪੰਜਾਬੀ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ। ਇਹ ਬੜੀ ਸਪੱਸ਼ਟ ਗੱਲ ਹੈ, ਜਿੱਥੋਂ ਤੱਕ ਸਰਕਾਰੀ ਗੱਲ ਹੈ - ਹੁੱਡਾ ਦੇ ਸਮੇਂ ਵਿੱਚ ਹਰਿਆਣਾ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ। ਚੌਟਾਲਾ ਦੇ ਸਮੇਂ ਵਿੱਚ ਇਹ ਹੋ ਗਿਆ ਸੀ। ਲੇਕਿਨ ਉਸਨੂੰ ਅਜੇ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਪਹਿਲੀ ਵਾਰ ਬੰਸੀ ਲਾਲ ਨੇ ਪੰਜਾਬੀ ਖਤਮ ਕੀਤੀ ਸੀ- ਬੰਸੀ ਲਾਲ ਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਸੀ - ਅਰੇ ਭਾਈ ਪੰਜਾਬੀ ਪੜ੍ਹਣੀ ਹੈ ਤੋ ਪੰਜਾਬ ਚਲੇ ਜਾਓ - ਅਰੇ ਭਾਈ ਜਾਟਣੀ ਕੇ ਘਾਗਰੇ ਸੇ ਪੈਦਾ ਹੋ ਕਰ ਆਏ ਹੋ ਤੋ ਆਓ। ਲੇਕਿਨ ਉਸੇ ਬੰਸੀ ਲਾਲ ਨੇ ਬਾਹਦ ਵਿੱਚ 500 ਪੰਜਾਬੀ ਅਧਿਆਪਕ ਰੱਖੇ। ਜਦੋਂ ਦੀ ਭਾਜਪਾ ਸਰਕਾਰ ਆਈ ਹੈ ਉਸ ਨੇ ਅਜੇ ਤੱਕ ‘ਹਰਿਆਣਾ ਪੰਜਾਬੀ ਸਾਹਿਤ ਅਕੈਡਮੀ’ ਦਾ ਡਾਇਰੈਕਟਰ  ਨਹੀਂ ਲਗਾਇਆ। ਪਰ ਪਤਾ ਨਹੀਂ ਇਹ ਕੀ ਸੋਚਦੀ ਹੈ। ਔਰ ਕੰਮ ਠੱਪ ਪਿਆ ਹੈ। ਪੰਜਾਬੀ ਦੀ ਐਕਟਿਵਿਟੀ  ਬਿਲਕੁਲ ਠੱਪ ਪਈ ਹੈ। ਹਾਂ, ਐਮ. ਏ. ਪੰਜਾਬੀ ਜ਼ਰੂਰ ਖੁੱਲ੍ਹ ਗਈ ਹੈ। ਹਰਿਆਣੇ ਵਿੱਚ। ਗਵਰਨਮੈਂਟ ਕਾਲਿਜ ਅੰਬਾਲਾ ਵਿੱਚ ਹੈ, ਖਾਲਸਾ ਕਾਲਿਜ ਯਮਨਾ ਨਗਰ ਵਿੱਚ ਹੈ, ਗੁਰੂ ਨਾਨਕ ਗਰਲਜ਼ ਕਾਲਿਜ ਯਮਨਾ ਨਗਰ ਵਿੱਚ ਹੈ, ਗਵਰਨਮੈਂਟ ਕਾਲਿਜ ਸਰਸਾ ਵਿੱਚ ਹੈ, ਕਰਨਾਲ ਵਿੱਚ ਐਮ. ਏ. ਪੰਜਾਬੀ ਹੈ। ਯੂਨੀਵਰਸਿਟੀ ਵਿੱਚ ਐਮ. ਏ. ਪੰਜਾਬੀ ਹੈ। ਹਰਿਆਣੇ ਵਿੱਚ ਅਸੀਂ ਨੀਂਹਾਂ ਠੀਕ ਕਰਨ ਦੀ ਕੋਸਿ਼ਸ਼ ਨਹੀਂ ਕਰ ਰਹੇ। ਅਸੀਂ ਉਪਰ ਉਪਰ ਹੀ ਪਲਸਤਰ ਕਰਕੇ ਇੱਕ ਨਵੀਂ ਤਸਵੀਰ ਦੇਣ ਦੀ ਕੋਸਿ਼ਸ਼ ਕਰ ਰਹੇ ਹਾਂ। ਜਦ ਤੱਕ ਥੱਲਿਓਂ ਕੰਮ ਨਹੀਂ ਹੋਵੇਗਾ ਤੱਦ ਤੱਕ ਗੱਲ ਨਹੀਂ ਬਣੇਗੀ।

ਪਰਾ-ਆਧੁਨਿਕ ਤਕਨਾਲੋਜੀ, ਜਿਸ ਵਿੱਚ ‘ਫੇਸਬੁੱਕ’ ਆਦਿ ਵੀ ਸ਼ਾਮਿਲ ਹੈ, ਬਹੁਤ ਸਾਰੇ ਲੋਕਾਂ ਦਾ ਵਿਚਾਰ ਹੈ ਕਿ ਇਹ ਬਹੁਤ ਹੀ ਘਟੀਆ ਪੱਧਰ ਦੀ ਸ਼ਾਇਰੀ ਨੂੰ ਪੇਸ਼ ਕਰ ਰਹੀ ਹੈ? ਕੀ ਤੁਸੀਂ ਵੀ ਇੱਦਾਂ ਹੀ ਸੋਚਦੇ ਹੋ?
-ਦੇਖੋ, ਜਿਹੜੀ ਫੇਸਬੁੱਕ ਉੱਤੇ ਗੱਲ ਆਉਂਦੀ ਹੈ ਨ ਕਵਿਤਾ ਦੀ, ਮੈਂ ਸਮਝਦਾ ਹਾਂ ਇਹ ਸਵੈ-ਪ੍ਰਸੰਸਾ ਲਈ ਜਿ਼ਆਦਾ ਹੈ। ਕਿਸੀ ਮੈਗਜ਼ੀਨ  ਵਿੱਚ ਛਪਣ ਲਈ ਭੇਜੋਗੇ ਉਹ ਛਾਪੇ ਜਾਂ ਨ ਛਾਪੇ। ਫੇਸਬੁੱਕ ਉੱਤੇ ਤੁਸੀਂ ਆਪ ਪਾਉਂਦੇ ਹੋ, ਛਪ ਗਈ ਸਮਝੋ। ਇੱਕ ਹੋਰ ਵੀ ਗੱਲ ਹੈ ਜੇਕਰ ਤਾਂ ਇਹ ਕਿਸੀ ਬੀਬੀ ਦੀ ਕਵਿਤਾ ਹੈ ਤਾਂ ਪਤਾ ਨਹੀਂ ਕਿੰਨੇ ਲਾਈਕ ਉਸ ਉੱਤੇ ਆ ਜਾਣਗੇ। ਜੇਕਰ ਕਿਸੀ ਮੇਰੇ ਵਰਗੇ ਦੀ ਕਵਿਤਾ ਹੈ ਤਾਂ 10 ਲਾਈਕ ਵੀ ਨਹੀਂ ਆਉਂਦੇ। ਕਈ ਲੋਕ ਤਾਂ ਬਿਨ੍ਹਾਂ ਪੜ੍ਹੇ ਹੀ ਲਾਈਕ ਲਾਈਕ ਕਰੀ ਜਾਂਦੇ ਹਨ।

ਪੰਜਾਬੀ ਸਾਹਿਤਕ ਸਭਿਆਚਾਰ, ਪੰਜਾਬੀ ਆਲੋਚਨਾ, ਪੰਜਾਬੀ ਇਨਾਮ ਸਨਮਾਨ, ਪੰਜਾਬੀ ਸਾਹਿਤ ਸਭਾਵਾਂ, ਪੰਜਾਬੀ ਮੀਡੀਆ - ਹਰ ਪਾਸੇ ਹੀ ਧੜੇਬੰਦੀਆਂ, ਗਰੁੱਪਇਜ਼ਮ  ਦਾ ਬੋਲਬਾਲਾ ਹੈ, ਜਿਸ ਨੂੰ ਸਾਹਿਤਕ ਭ੍ਰਿਸ਼ਟਾਚਾਰ ਵੀ ਕਹਿ ਸਕਦੇ ਹਾਂ। ਜਿਸ ਕਾਰਨ ਸਿੱਕੇਬੰਦ ਪੰਜਾਬੀ ਸਾਹਿਤ ਆਮ ਪਾਠਕ ਤੱਕ ਨਹੀਂ ਪਹੁੰਚ ਰਿਹਾ। ਜਿਸ ਕਾਰਨ ਪਾਠਕ ਤੱਕ ਪੰਜਾਬੀ ਸਾਹਿਤ ਬਾਰੇ ਸਹੀ ਜਾਣਕਾਰੀ ਨਹੀਂ ਪਹੁੰਚ ਰਹੀ। ਤੁਸੀਂ ਇਸ ਸਮੱਸਿਆ ਬਾਰੇ ਕੀ ਕਹਿਣਾ ਚਾਹੋਗੇ?
-ਦੇਖੋ, ਤੁਸੀਂ ਇਸ ਸਵਾਲ ਵਿੱਚ ਪੰਜ ਚੀਜ਼ਾਂ ਲਈਆਂ ਹਨ। ਪੰਜਾਬੀ ਸਭਿਆਚਾਰ ਬਾਰੇ ਭਾਵੇਂ ਇਸ ਮੁਲਾਕਾਤ ਵਿੱਚ ਅਸੀਂ ਪਹਿਲਾਂ ਵੀ ਕੁਝ ਗੱਲ ਕਰ ਚੁੱਕੇ ਹਾਂ। ਪਰ ਜਿਸਨੂੰ ਅਸੀਂ ਰਾਜਨੀਤਕ ਭਾਸ਼ਾ ਵਿੱਚ ਕਹਿੰਦੇ ਹਾਂ ਭਾਈ-ਭਤੀਜਾਵਾਦ। ਉਹ ਭਾਈ-ਭਤੀਜਾਵਾਦ ਸਾਹਿਤ ਵਿੱਚ ਵੀ ਆ ਚੁੱਕਾ ਹੈ। ਉਸਨੂੰ ਤੁਸੀਂ ਆਪਣੇ ਗਰੁੱਪ  ਦਾ ਬੰਦਾ ਕਹਿ ਲਓ, ਖਾਸ ਬੰਦਾ ਕਹਿ ਲਓ। ਅਪਣਾ ਬੰਦਾ ਕਹਿ ਲਓ। ਆਪਣਾ ਲਾਈਕ ਮਾਈਂਡਡ  ਕਹਿ ਲਓ। ਉਹ ਸਿਲਸਲਾ ਸਾਡੇ ਚੱਲ ਰਿਹਾ ਹੈ। ਇੱਕ ਗਰੁੱਪ ਬਣ ਜਾਂਦਾ ਹੈ। ਕਮਾਲ ਦੀ ਗੱਲ ਹੈ। ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ। ਗਰੁੱਪ ਦੇ ਹੈੱਡ  ਵੀ ਉਹ ਹੋਣਗੇ ਜੋ ਸਾਹਿਤਕਾਰ ਨਹੀਂ ਹਨ। ਇਹ ਵੀ ਇੱਕ ਸਮੱਸਿਆ ਹੈ। ਇਸ ਸਮੱਸਿਆ ਕਰਕੇ ਹੀ ਹੋਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਯਾਨੀ ਕਿ ਸਹੀ ਬੰਦਾ ਕੌਣ ਹੈ? ਸਹੀ ਤੌਰ ਉੱਤੇ ਸਾਹਿਤਕਾਰ ਕੌਣ ਹੈ? ਜਿਸ ਨੂੰ ਸਵੀਕਾਰਤਾ ਮਿਲਣੀ ਚਾਹੀਦੀ ਹੈ। ਇਹ ਅਸੀਂ ਭੁੱਲ ਜਾਂਦੇ ਹਾਂ। ਕੇਵਲ ਤੇ ਕੇਵਲ ਇੱਕ ਰਿਸ਼ਤਾ ਦੇਖਦੇ ਹਾਂ। ਇਹ ਰਿਸ਼ਤਾ ਕਈ ਵਾਰੀ ਪਾਰਟੀਆਂ ਤੱਕ ਵੀ ਸੀਮਤ ਹੁੰਦਾ ਹੈ। ਸੇਵਾ ਤੱਕ ਵੀ ਸੀਮਤ ਹੁੰਦਾ ਹੈ, ਮੁੱਠੀ-ਚਾਪੀ ਤੱਕ ਵੀ ਸੀਮਤ ਹੁੰਦਾ ਹੈ। ਚਮਚਾਗੀਰੀ ਤੱਕ ਵੀ ਸੀਮਤ ਹੁੰਦਾ ਹੈ। ਇਹ ਸਾਰੀਆਂ ਗੱਲਾਂ ਉਸ ਵਿੱਚ ਸ਼ਾਮਿਲ ਹਨ। ਔਰ ਇਸ ਕਰਕੇ ਮੈਂ ਸਮਝਦਾ ਹਾਂ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ - ਜਿਹੜਾ ਪੰਜਾਬੀ ਮੀਡੀਆ  ਹੈ। ਜੇਕਰ ਤੁਸੀਂ ਇਲੈਕਟ੍ਰੋਨਿਕ ਮੀਡੀਆ  ਲਵੋ - ਮੀਡੀਆ  ਵਿੱਚ ਸਿਵਾਏ ‘ਜਲੰਧਰ ਦੂਰ ਦਰਸ਼ਨ’ ਦੇ ਬਾਕੀ ਤਾਂ ਬਸ ਫਿਲਮਾਂ ਦੀਆਂ ਗੱਲਾਂ ਕਰਦੇ ਹਨ, ਫਿਲਮੀ ਗੀਤਾਂ ਦੀਆਂ ਗੱਲਾਂ ਕਰਦੇ ਹਨ- ਬੌਧਿਕ ਤੌਰ ਦੀ ਕੋਈ ਗੱਲ ਨਹੀਂ ਕਰ ਰਹੇ। ਜਦੋਂ ਕਿ ਸਿਰਫ ਔਰ ਸਿਰਫ ‘ਜਲੰਧਰ ਦੂਰ ਦਰਸ਼ਨ’ ਇਸ ਪ੍ਰਕਾਰ ਦੀਆਂ - ਸਭਿਆਚਾਰ ਨਾਲ ਜੁੜੀਆਂ ਹੋਈਆਂ, ਬੌਧਿਕ ਕਿਸਮ ਦੀਆਂ ਗੱਲਾਂ, ਉਨ੍ਹਾਂ ਬਾਰੇ ਬਹਿਸਾਂ ਹੁੰਦੀਆਂ ਹਨ। ਉਹ ਗੱਲਾਂ ਲੋਕਾਂ ਤੱਕ ਪਹੁੰਚਦੀਆਂ ਹਨ। ਬਾਕੀ ਚੈਨਲ  ਤਾਂ ਮਿਕਸਡ  ਭਾਸ਼ਾ, ਆਪਾਂ ਕਹਿ ਲਈਏ ਪੰਜਲਿਸ਼, ਪੰਜਾਬੀ ਇੰਗਲਿਸ਼  ਵਰਗੀ ਭਾਸ਼ਾ। ਭਾਸ਼ਾ ਵਿਗਾੜੀ ਵੀ ਜਾ ਰਹੀ ਹੈ। ਭਾਸ਼ਾ ਪੰਜਾਬੀ ਅਖਬਾਰਾਂ ਵੀ ਵਿਗਾੜ ਰਹੀਆਂ ਹਨ, ਪੰਜਾਬੀ ਚੈਨਲ  ਵੀ ਵਿਗਾੜ ਰਹੇ ਹਨ, ਭਾਸ਼ਾ ਵਿੱਚ ਵਿਗਾੜ ਆ ਰਿਹਾ ਹੈ। ਸ਼ਬਦਾਵਲੀ ਸਾਡੀ ਬਿਲਕੁਲ ਬਦਲ ਰਹੀ ਹੈ। ਇਸ ਕਰਕੇ ਜਿਹੜੀਆਂ ਸਾਹਿਤ ਸਭਾਵਾਂ ਹਨ, ਉਹ ਵੀ ਜੇਕਰ ਕੋਈ ਫੰਕਸ਼ਨ ਕਰਦੀਆਂ ਹਨ, ਸਲਾਨਾ ਸਮਾਰੋਹ ਕਰਦੀਆਂ ਹਨ, ਆਪਣੇ ਉਨ੍ਹਾਂ ਲੋਕਾਂ ਨੂੰ ਹੀ ਬੁਲਾਂਦੀਆਂ ਹਨ - ਉਨ੍ਹਾਂ ਲੋਕਾਂ ਤੋਂ ਹੀ ਪਰਚੇ ਲਿਖਵਾਂਦੀਆਂ ਹਨ, ਜੋ ਉਨ੍ਹਾਂ ਨੂੰ ਸੂਟ  ਕਰਦੇ ਹਨ। ਦੂਜਿਆਂ ਨੂੰ ਬਾਹਰ ਕੱਢ ਦਿਓ - ਉਨ੍ਹਾਂ ਦੀ ਕੋਈ ਲੋੜ ਨਹੀਂ - ਭ੍ਰਿਸ਼ਟਾਚਾਰ - ਜਦੋਂ ਤੁਸੀਂ ਇਨਾਮਾਂ ਦੀ ਗੱਲ ਕੀਤੀ ਹੈ - ਭਾਸ਼ਾ ਵਿਭਾਗ ਪੰਜਾਬ ਦੇ ਇਨਾਮ - ਉਨ੍ਹਾਂ ਬਾਰੇ ਰਾਜਨੀਤਕ ਤੌਰ ਉੱਤੇ ਫੈਸਲਾ ਲਿਆ ਜਾਂਦਾ ਹੈ। ਜੋ ਪੰਜਾਬ ਸਰਕਾਰ ਵਿੱਚ ਪਾਰਟੀ ਤਾਕਤ ਵਿੱਚ ਬੈਠੀ ਹੈ ਉਸ ਪਾਰਟੀ ਦੇ ਫੈਸਲੇ ਅਨੁਸਾਰ ਹੀ ਇਨਾਮ ਦਿੱਤੇ ਜਾਂਦੇ ਹਨ। ਉਸ ਢਾਡੀ ਨੂੰ ਇਨਾਮ ਦੇ ਦਿਓ, ਉਸ ਕੀਰਤਨੀਏ ਨੂੰ ਇਨਾਮ ਦੇ ਦਿਓ, ਉਸ ਕਵੀ ਨੂੰ ਇਨਾਮ ਦੇ ਦਿਓ....ਇਹ ਵੱਖਰੀ ਗੱਲ ਹੈ ਕਿ ਕਦੀ ਕਦੀ ਕੁਝ ਸਾਹਿਤਕਾਰ ਅੜ ਵੀ ਜਾਂਦੇ ਹਨ। ਇੱਕ ਵਾਰੀ ਸੰਤੋਖ ਸਿੰਘ ਧੀਰ ਹੋਰਾਂ ਮੈਨੂੰ ਦੱਸਿਆ ਸੀ ਕਿ ਮੈਨੂੰ ਇਸ ਗੱਲੋਂ ਅੜਨਾ ਪਿਆ ਕਿ ਇਸ ਵਾਰ ਫਲਾਨੀ ਕਵਿਤਰੀ ਨੂੰ ਇਨਾਮ ਮਿਲੇਗਾ ਹੀ ਮਿਲੇਗਾ। ਤਾਂ ਜਾ ਕੇ ਉਸਦਾ ਨਾਮ ਇਨਾਮ ਲੈਣ ਵਾਲੇ ਲੇਖਕਾਂ ਵਿੱਚ ਸ਼ਾਮਿਲ ਹੋਇਆ। ਸੋ, ਇਨਾਮਾਂ ਵਿੱਚ ਵੀ ਗੁੱਟਬੰਦੀ ਹੈ ... ਪਹਿਲਾਂ ਹੀ ਲੋਕ ਕਹਿ ਦਿੰਦੇ ਹਨ ਕਿ ਇਸ ਵਾਰੀ ਇਸ ਲੇਖਕ ਨੂੰ ਇਨਾਮ ਮਿਲੇਗਾ, ਇਸ ਵਾਰੀ ਇਸ ਲੇਖਕ ਨੂੰ ਇਨਾਮ ਮਿਲੇਗਾ। ਸੋ ਮੈਂ ਸਮਝਦਾ ਹਾਂ ਕਿ ਅੰਤਲੇ ਗੇੜ ਵਿੱਚ ਜਾ ਕੇ ਹੇਰਾ ਫੇਰੀ ਦੀ ਸੰਭਾਵਨਾ ਰਹਿੰਦੀ ਹੈ। ਹੁੰਦੀ ਹੈ ਜਾਂ ਨਹੀਂ? ਮੈਂ ਇਹ ਨਹੀਂ ਕਹਿ ਸਕਦਾ। ਉੱਥੇ ਫਿਰ ਬੰਦਾ ਦੇਖਦਾ ਹੈ ਕਿ ਆਪਣਾ ਕੌਣ ਹੈ? ਜਾਂ ਕਈ ਵਾਰੀ ਪਹਿਲਾਂ ਹੀ ਗਿਟ ਮਿਟ ਹੋਈ ਹੁੰਦੀ ਹੈ ਕਿ ਇਸ ਵਾਰੀ ਤੈਨੂੰ ਇਨਾਮ ਦਿਆਂਗੇ। ਇਸ ਲਈ ਇਸ ਵਿੱਚ ਭ੍ਰਿਸ਼ਟਾਚਾਰ ਤਾਂ ਹੈ। ਲੈਣ-ਦੇਣ ਤਾਂ ਹੈ। ‘ਹਰਿਆਣਾ ਪੰਜਾਬੀ ਸਾਹਿਤ ਅਕੈਡਮੀ’ ਦੇ ਇਨਾਮ - ਕਿੰਨ੍ਹੇ ਕੁ ਲੇਖਕ ਹਨ ਹਰਿਆਣਾ ਵਿੱਚ? ਬਹੁਤ ਥੋੜੇ ਹਨ। ਲੇਕਿਨ ਇੱਥੇ ਵੀ ਸਿਸਟਮ - ਮੈਂ ਕਿਸੀ ਦਾ ਨਾਮ ਨਹੀਂ ਲੈਣਾ ਚਾਹੁੰਦਾ - ਸਿਸਟਮ  ਇਹੀ ਚਲਦਾ ਰਿਹਾ ਹੈ। ਲੋਕੀਂ ਇਹੀ ਕਹਿੰਦੇ ਹਨ। ਬਈ ਨਗਦ ਦਿਓ ਅਤੇ ਇਨਾਮ ਲੈ ਲਓ - ਚੈੱਕ ਤਾਂ ਤੁਹਾਨੂੰ ਮਿਲਣਾ ਹੀ ਹੈ - ਘੱਟ ਤੋਂ ਘੱਟ ਮੇਰੇ ਨਾਲ ਤਾਂ ਅਜਿਹਾ ਨਹੀਂ ਹੋਇਆ। ਨ ਮੈਨੂੰ ਕਿਸੀ ਨੇ ਕਿਹਾ ਕਿ ਏਦਾਂ ਦੀ ਗੱਲ ਕਰੀਏ। ਪੱਕੇ ਤੌਰ ਉੱਤੇ ਤਾਂ ਮੈਂ ਨਹੀਂ ਕਹਿ ਸਕਦਾ ਕਿ ਇੰਜ ਹੁੰਦਾ ਹੈ। ਜਿਨ੍ਹਾਂ ਲੋਕਾਂ ਨਾਲ ਵਾਪਰੀ ਹੈ - ਉਹੀ ਲੋਕ ਇਸ ਬਾਰੇ ਦੱਸ ਸਕਦੇ ਹਨ।

ਡਾ. ਢਿੱਲੋਂ, ਮੁਲਾਕਾਤ ਦੇ ਅੰਤ ਉੱਤੇ ਤੁਸੀਂ ਕੋਈ ਹੋਰ ਗੱਲ ਕਹਿਣੀ ਚਾਹੋ ਤਾਂ ਜ਼ਰੂਰ ਕਹੋ ?
-ਦੇਖੋ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸਾਡੇ ਆਲੋਚਕਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬੀ ਸਾਹਿਤ ਕੇਵਲ ਪੰਜਾਬ ਤੱਕ ਸੀਮਤ ਨਹੀਂ। ਪੰਜਾਬ ਤੋਂ ਬਾਹਰ ਹਰਿਆਣਾ ਹੈ, ਬੰਬਈ ਹੈ, ਕਲਕੱਤਾ ਹੈ। ਹੋਰ ਕਈ ਸ਼ਹਿਰਾਂ ਵਿੱਚ ਵੀ ਸਾਹਿਤਕਾਰ ਬੈਠੇ ਹਨ। ਪੰਜਾਬ ਦੇ ਆਲੋਚਕਾਂ ਦੀ ਦ੍ਰਿਸ਼ਟੀ ਕੇਵਲ ਤੇ ਕੇਵਲ ਪੰਜਾਬ ਦੇ ਸਾਹਿਤਕਾਰਾਂ ਤੱਕ ਹੀ ਸੀਮਤ ਰਹਿੰਦੀ ਹੈ ਜਾਂ ਤਾਂ ਉਨ੍ਹਾਂ ਕੋਲ ਪੰਜਾਬ ਤੋਂ ਬਾਹਰ ਦੀਆਂ ਕਿਤਾਬਾਂ ਪਹੁੰਚਦੀਆਂ ਨਹੀਂ ਜਾਂ ਉਹ ਦੇਖਦੇ ਨਹੀਂ। ਉਹ ਉਹੀ ਸਮਝਦੇ ਹਨ ਜੋ ਕਿਤਾਬ ਉਨ੍ਹਾਂ ਤੱਕ ਪਹੁੰਚ ਗਈ ਉਸ ਨੂੰ ਹੀ ਵਿਚਾਰਅਧੀਨ ਲਿਆਉਣਾ ਹੈ- ਹੋਰ ਕਿਸੀ ਕਿਤਾਬ ਨੂੰ ਨਹੀਂ। ਦੂਸਰੀ ਗੱਲ, ਪੰਜਾਬ ਤੋਂ ਬਾਹਰ ਜਾਂ ਦੇਸ ਤੋਂ ਬਾਹਰ ਵੀ ਸਾਹਿਤ ਰਚਿਆ ਜਾ ਰਿਹਾ ਹੈ। ਇਸ ਸਮੇਂ ਸਭ ਤੋਂ ਵੱਧ ਸਾਹਿਤ ਕੈਨੇਡਾ ਵਿੱਚ ਰਚਿਆ ਜਾ ਰਿਹਾ ਹੈ। ਕਿਉਂਕਿ ਕੈਨੇਡਾ ਵਿੱਚ ਨਵੀਂ ਪੀੜ੍ਹੀ ਗਈ ਹੈ, ਪੜ੍ਹੀ ਲਿਖੀ ਪੀੜ੍ਹੀ ਗਈ ਹੈ। ਸਾਹਿਤ ਲਿਖਦੇ ਹੋਏ ਲੋਕ ਗਏ ਹਨ। ਇੰਗਲੈਂਡ ਵਿੱਚ ਹੁਣ ਉੱਥੇ ਤੀਜੀ ਪੀੜ੍ਹੀ ਆ ਗਈ। ਪਹਿਲੀ ਪੀੜ੍ਹੀ ਲਿਖ ਰਹੀ ਸੀ - ਦੂਜੀ ਪੀੜ੍ਹੀ ਨੇ ਕੁਝ ਹੱਦ ਤੱਕ ਸਿਲਸਿਲਾ ਜਾਰੀ ਰੱਖਿਆ- ਤੀਜੀ ਪੀੜ੍ਹੀ ਪੰਜਾਬੀ ਸਾਹਿਤ ਨਾਲੋਂ ਬਿਲਕੁਲ ਟੁੱਟ ਰਹੀ ਹੈ - ਕੈਨੇਡਾ ਵਿੱਚ ਇਸ ਵੇਲੇ ਸਾਹਿਤਕਾਰ ਹਨ - ਤੁਸੀਂ ਉੱਥੇ ਅਖਬਾਰਾਂ ਵੀ ਕੱਢ ਰਹੇ ਹੋ - ਤੁਹਾਡਾ ‘ਸੰਵਾਦ’ ਮੈਗਜ਼ੀਨ ਹੈ - ਸਭ ਤੋਂ ਵਧੀਆ ਮੈਗਜ਼ੀਨ ਹੈ - ਮੈਂ ਸਮਝਦਾ ਹਾਂ ਕਿ ਪਾਕਿਸਤਾਨ ਵਿੱਚ ਵੀ ਵਧੀਆ ਪੰਜਾਬੀ ਸਾਹਿਤ ਲਿਖਿਆ ਜਾ ਰਿਹਾ ਹੈ- ਬਹੁਤ ਸਾਹਿਤ ਲਿਖਿਆ ਜਾ ਰਿਹਾ ਹੈ। ਪਾਕਿਸਤਾਨ ਵਿੱਚ ਪੰਜਾਬੀ ਜ਼ੁਬਾਨ ਵਾਸਤੇ ਸੰਘਰਸ਼ ਚੱਲ ਰਿਹਾ ਹੈ - ਪਿੱਛੇ ਜਿਹੇ ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਗੁੰਗਿਆਂ ਨੂੰ ਸਾਡੀ ਜ਼ੁਬਾਨ ਦਿਓ- ਗੁੰਗਿਆਂ ਨੂੰ ਜ਼ੁਬਾਨ ਦੇਣ ਵਾਲੀ ਗੱਲ ਕੋਈ ਛੋਟੀ ਗੱਲ ਨਹੀਂ ਹੈ। ਕੀ ਸਾਡੇ ਪੰਜਾਬ ਦੇ ਆਲੋਚਕ - ਜਿਹੜੇ ਆਲੋਚਕ ਅਕਡੈਮਿਕ  ਹਨ - ਮੁਆਫ ਕਰਨਾ। ਜਿਹੜੇ ਯੂਨੀਵਰਸਿਟੀਆਂ ਵਿੱਚ ਕੁਰਸੀਆਂ ਉੱਤੇ ਬੈਠੇ ਹਨ। ਜਿਹੜੇ ਆਪਣੇ ਆਪ ਨੂੰ ਆਲੋਚਕ ਸਮਝ ਰਹੇ ਹਨ। ਕੀ ਉਨ੍ਹਾਂ ਦਾ ਇਹ ਫਰਜ਼ ਨਹੀਂ ਬਣਦਾ ਕਿ ਪੰਜਾਬ ਤੋਂ ਬਾਹਰ ਵਾਲੇ ਲੋਕਾਂ ਨੂੰ ਵੀ ਵਿਚਾਰਅਧੀਨ ਲਿਆਂਦਾ ਜਾਵੇ? ਪਾਕਿਸਤਾਨ ਵਿੱਚ ਜੇਕਰ ਕੋਈ ਵਧੀਆ ਲਿਖ ਰਿਹਾ ਹੈ, ਜੇਕਰ ਕੈਨੇਡਾ ਵਿੱਚ ਕੋਈ ਵਧੀਆ ਲਿਖ ਰਿਹਾ ਹੈ, ਜੇਕਰ ਇੰਗਲੈਂਡ ਵਿੱਚ ਕੋਈ ਵਧੀਆ ਲਿਖ ਰਿਹਾ ਹੈ ਤਾਂ ਉਨ੍ਹਾਂ ਦਾ ਵੀ ਜਿ਼ਕਰੇ ਖ਼ੈਰ ਕੀਤਾ ਜਾਵੇ ਨ ਕਿ ਗਿਣੇ ਚੁਣੇ ਬੰਦਿਆਂ ਤੱਕ ਹੀ ਗੱਲ ਸੀਮਤ ਰੱਖੀ ਜਾਵੇ। ਇਸ ਲਈ ਮੈਂ ਸਮਝਦਾ ਹਾਂ ਕਿ ਪੰਜਾਬੀਆਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ... ਤੁਸੀਂ ਦੇਖੋ ਕਿ ਸਿੱਖ ਜਿ਼ਆਦਾ ਹਨ ਜੋ ਪੰਜਾਬੀ ਤੋਂ ਭੱਜ ਰਹੇ ਹਨ - ਮੈਂ ਇਹ ਗੱਲ ਬੜੇ ਤਰੀਕੇ ਨਾਲ ਕਹਿ ਸਕਦਾ ਹਾਂ ਕਿ ਭਾਈ ਤੁਸੀਂ ਮੱਥਾ ਟੇਕਦੇ ਹੋ ਗ੍ਰੰਥ ਸਾਹਿਬ ਨੂੰ। ਗ੍ਰੰਥ ਸਾਹਿਬ ਸ਼ਾਇਰੀ ਵਿੱਚ ਹੈ। ਗ੍ਰੰਥ ਸਾਹਿਬ ਗੁਰਮੁਖੀ ਵਿੱਚ ਹੈ। ਜੇ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਪੜਾਓਗੇ ਤਾਂ ਤੁਹਾਡੇ ਬੱਚੇ ਤੁਹਾਡੇ ਧਰਮ ਤੋਂ ਵੀ ਟੁੱਟ ਜਾਣਗੇ, ਸਭਿਆਚਾਰ ਨਾਲੋਂ ਵੀ ਟੁੱਟ ਜਾਣਗੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਰਹਿਣ, ਤੁਹਾਡੇ ਸਭਿਆਚਾਰ ਨੂੰ ਸਮਝਣ, ਤਾਂ ਤੁਹਾਨੂੰ ਉਨ੍ਹਾਂ ਨੂੰ ਆਪਣੀ ਜ਼ੁਬਾਨ ਪੰਜਾਬੀ ਪੜਾਉਣੀ, ਸਿਖਾਉਣੀ, ਸਮਝਾਉਣੀ ਪਵੇਗੀ। ਨਹੀਂ ਤਾਂ ਫਿਰ ਤੁਹਾਡਾ ਵੀ ਕੋਈ ਭਵਿੱਖ ਨਹੀਂ ਹੈ। ਜਿਹੜੀ ਗੱਲ ਯੁਨੈਸਕੋ ਨੇ ਕਹੀ। ਜਿਸਨੂੰ ਕਿ ਅਸੀਂ ਚਾਹੇ ਗਲਤ ਢੰਗ ਨਾਲ ਇੰਟਰਪਰੈੱਟ  ਕੀਤਾ ਕਿ ਆਉਣ ਵਾਲੇ 50 ਸਾਲ ਵਿੱਚ ਪੰਜਾਬੀ ਜ਼ੁਬਾਨ ਖਤਮ ਹੋ ਜਾਵੇਗੀ, ਤਾਂ ਉਸ ਗੱਲ ਨੁੰ ਜੇਕਰ 50 ਸਾਲ ਨਹੀਂ ਤਾਂ 100 ਸਾਲ ਲੱਗ ਸਕਦੇ ਹਨ। ਸਾਨੂੰ ਆਪਣੀ ਜ਼ੁਬਾਨ, ਸਾਹਿਤ ਅਤੇ ਸਭਿਆਚਾਰ ਪ੍ਰਤੀ ਸਾਵਧਾਨ ਹੋਣ ਦੀ ਲੋੜ ਹੈ।

-Sukhinder
Editor: SANVAD
Box 67089, 2300 Yonge St.
Toronto ON M4P1E0
Canada
Tel. (416) 858-7077
poet_sukhinder@hotmail.com

01/10/15

 
 

ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2015, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)