ਜਿਲ੍ਹਾ ਫਿਰੋਜਪੁਰ ਦੇ ਸ਼ਹਿਰ ਜੀਰਾ ਦੀ ਜੰਮਪਲ, ਘਰਦਿਆਂ ਦੀ ਅੰਜੂ
ਬਾਲਾ ਅਤੇ ਸਾਹਿਤਕ ਹਲਕਿਆਂ ਦੀ ਅੰਜੂ 'ਵ' ਰੱਤੀ ਨੇ ਆਪਣੀ ਪਲੇਠੀ ਬਾਲ
ਸਾਹਿਤ ਪੁਸਤਕ 'ਬਾਲ ਸੁਨੇਹੇ' ਸਾਹਿਤ-ਜਗਤ ਦੀ ਝੋਲੀ ਪਾਉਣ ਤੋਂ ਬਾਅਦ ਹੁਣ
ਦੂਜੀ ਪੁਸਤਕ 'ਸਿਖਰ ਕੀ ਔਰ' ਪ੍ਰਕਾਸ਼ਨਾ ਹਿੱਤ ਭੇਜ ਦਿੱਤੀ ਹੈ। ਉਹ
'ਕਿਰਨਾਂ ਦਾ ਕਬੀਲਾ', 'ਕਿਰਨ ਕਿਰਨ ਰੋਸ਼ਨੀ' ਅਤੇ 'ਕਲਮਾਂ ਦਾ ਸਫਰ'
(ਸਾਂਝੇ ਕਾਵਿ-ਸੰਗ੍ਰਹਿ) ਅਤੇ 'ਕਿਰਦੀ ਜਵਾਨੀ' (ਸਾਂਝਾ ਮਿੰਨੀ
ਕਹਾਣੀ-ਸੰਗ੍ਰਹਿ) ਵਿਚ ਵੀ ਭਰਵੀ ਹਾਜਰੀ ਲਗਵਾ ਚੁੱਕੀ ਹੈ। ਇਸ ਤੋਂ ਇਲਾਵਾ
ਦੀਪ ਜੀਰਵੀ ਦੀਆਂ ਲਿਖੀਆਂ ਹਿੰਦੀ ਕਵਿਤਾਵਾਂ ਦੀ ਪੁਸਤਕ 'ਧਨਕ' ਦਾ
ਸੰਪਾਦਨ ਵੀ ਕੀਤਾ ਹੈ, ਉਸਨੇ।
ਅੰਜੂ ਨੇ ਦੱਸਿਆ ਕਿ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਾਰਨ ਜਿੱਥੇ 10+2
ਵਿੱਚ ਉਸ ਦਾ ਨਾਮ ਮੈਰਿਟ ਲਿਸਟ ਵਿਚ ਆਇਆ, ਉਥੇ ਉਸਨੂੰ ਸਕੂਲ ਪੜ੍ਹਦੇ
ਸਮੇਂ ਹੀ ਗੀਤ ਗਾਉਣ, ਗਿੱਧਾ ਪਾਉਣ, ਕਵਿਤਾ ਗਾਇਨ ਅਤੇ ਪੋਸਟਰ ਮੇਕਿੰਗ
ਮੁਕਾਬਲੇ ਆਦਿ ਗਤੀ-ਵਿਧੀਆਂ ਵਿੱਚ ਭਾਗ ਲੈਂਣ ਦਾ ਵੀ ਖੂਬ ਸ਼ੌਕ ਜਾਗ ਪਿਆ
ਸੀ।
ਅੰਮ੍ਰਿਤਾ ਪ੍ਰੀਤਮ ਨੂੰ ਆਪਣੀ ਕਲਮ ਦਾ
ਪ੍ਰੇਰਣਾ ਸਰੋਤ ਮੰਨਣ ਵਾਲੀ ਅੰਜੂ ਨੇ ਕਿਹਾ, 'ਅੰਮ੍ਰਿਤਾ ਪ੍ਰੀਤਮ ਵਰਗੀ
ਕਵਿੱਤਰੀ ਨੂੰ ਪੜ੍ਹ ਕੇ ਉਦੋਂ ਕੁਝ ਸਮਝ ਨਹੀਂ ਆਉਂਦੀ ਸੀ ਕਿ ਅੱਖਰਾਂ ਦੀ
ਡੂੰਘਾਈ ਕੀ ਹੁੰਦੀ ਐ। ਪਰ, ਫਿਰ ਅਚਾਨਕ ਮਨ ਵਿੱਚ ਕੁਝ ਸਤਰਾਂ ਸਤਰੰਗੀ
ਪੀਂਘ ਵਾਂਗ ਉੱਭਰਨ ਲੱਗੀਆਂ ਤੇ ਕਲਮ ਚੱਲ ਉੱਠੀ। ਵੱਡੇ ਭਰਾ ਤੇ ਨਾਮਵਰ
ਸ਼ਾਇਰ ਦੀਪ ਜੀਰਵੀ ਜੀ ਨੂੰ ਦਿਖਾਇਆ ਕਿ ਮੈਂ ਆਹ ਕਵਿਤਾ ਲਿਖੀ ਹੈ। ਉਹਨਾਂ
ਨੇ ਬੜੀ ਸ਼ਾਬਾਸ਼ ਦਿੱਤੀ। ਬਸ ਉਸ ਦਿਨ ਤੋਂ ਲਿਖਣ ਦਾ ਸਿਲਸਿਲਾ ਸ਼ੁਰੂ ਹੋ
ਗਿਆ।'
ਆਪਣੇ ਜੀਵਨ-ਸਾਥੀ ਦੇ ਸਹਿਯੋਗ ਦੀ ਗੱਲ ਕਰਦਿਆਂ ਅੰਜੂ ਨੇ ਕਿਹਾ, 'ਮੈਂ
ਬੀ.ਏ., ਈ.ਟੀ.ਟੀ ਹੀ ਸੀ। ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਘੁੱਕਰਵਾਲ ਵਿਖੇ
ਵਿਆਹੇ ਜਾਣ ਉਪਰੰਤ ਮੇਰੇ ਜੀਵਨ-ਸਾਥੀ ਨੇ ਮੈਨੂੰ ਐਮ. ਏ. ਹਿੰਦੀ, ਐਮ. ਏ.
ਇੰਗਲਿਸ਼ ਅਤੇ ਬੀ.-ਐਡ ਕਰਵਾਈ। ਇਵੇਂ ਹੀ ਮੇਰੇ ਲਿਖਣ ਦੇ ਸ਼ੌਕ ਨੂੰ ਵੀ
ਵਧਾਇਆ ਅਤੇ ਮੈਨੂੰ ਹੌਸਲਾ ਦਿੱਤਾ। ਮੈਂ ਆਪਣੇ ਪਤੀ ਦੇ ਪਿਆਰ 'ਚ ਇੰਨਾ
ਰੰਗੀ ਗਈ ਕਿ ਪਤੀ ਦੇ ਨਾਮ ਸ੍ਰੀ ਵਰਿੰਦਰ ਕੁਮਾਰ ਰੱਤੀ ਵਿਚੋਂ ਵ ਰੱਤੀ
ਆਪਣੇ ਨਾਮ ਅੰਜੂ ਨਾਲ ਜੋੜਕੇ ਆਪਣਾ ਸਾਹਿਤਕ ਨਾਂਓਂ ਅੰਜੂ 'ਵ' ਰੱਤੀ, ਭਾਵ
ਅੰਜੂ 'ਵਰਿੰਦਰ ਰੱਤੀ ਰੱਖਣ 'ਚ ਮੈਨੂੰ ਗੌਰਵ ਮਹਿਸੂਸ ਹੋਇਆ।'
ਅਖਬਾਰਾਂ ਤੇ ਮੈਗਜੀਨਾ ਵਿਚ ਛਪਣ ਦਾ ਉਸਦਾ ਪੱਖ ਵੇਖੀਏ ਤਾਂ ਹੁਣ ਤੱਕ
ਅੰਜੂ 'ਪ੍ਰੀਤ ਲੜੀ' 'ਸੂਲ ਸੁਰਾਹੀ', 'ਰਾਹ ਦਸੇਰਾ', 'ਪ੍ਰਤੀਮਾਨ',
'ਵਿਗਿਆਨ ਜੋਤ' 'ਦ ਯੂਰਪ ਟਾਈਮਜ', 'ਪੰਜਾਬੀ ਇੰਨ ਹਾਲੈਂਡ', 'ਕੌਮੀ
ਵਿਰਸਾ', 'ਨਿੱਕੀਆਂ ਕਰੂੰਬਲਾਂ', 'ਪਾਠਕ ਮੰਚ ਬੁਲੇਟਨ', 'ਬਾਲਪ੍ਰੀਤ'
ਅਤੇ 'ਪੰਜਾਬ ਨਿਊਜ ਚੈਨਲ', ਆਦਿ ਮੈਗਜੀਨਾਂ ਤੇ ਅਖਬਾਰਾਂ ਵਿੱਚ ਉਸ ਦੀਆਂ
ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਆਲ ਇੰਡੀਆਂ ਰੇਡੀਓ
ਜਲੰਧਰ ਕੇਂਦਰ ਤੋਂ 'ਉਡਾਰੀਆਂ' ਪ੍ਰੋਗਰਾਮ (ਸਾਲ 2012) ਅਤੇ 'ਮੇਰੀ ਕਲਮ
ਤੋਂ' ਪ੍ਰੋਗਰਾਮ (2016) ਅਤੇ 'ਰਾਬਤਾ ਰੇਡੀਓ' ਤੇ (2014) ਇੰਟਰਵਿਊ ਹੋ
ਚੁੱਕੀ ਹੈ।
ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੁਆਸਪੁਰ ਹੀਰਾਂ ਦੇ ਸੀਨੀ. ਸੰਕੈ.
ਸਕੂਲ ਵਿਚ ਹਿੰਦੀ ਅਧਿਆਪਕਾ ਵਜੋਂ ਪੜ੍ਹਾਉਂਦਿਆਂ ਵਿਦਿਆਰਥੀਆਂ ਵਿਚ
ਸਾਹਿਤਕ, ਸੱਭਿਆਚਾਰਕ ਤੇ ਧਾਰਮਿਕ ਰੁੱਚੀਆਂ ਪੈਦਾ ਕਰਨ ਲਈ ਰਹੀ ਅੰਜੂ ਨੇ
ਕਿਹਾ, 'ਮੈਂ ਨਿਸ਼ਚਾ ਕੀਤਾ ਸੀ ਕਿ ਮੇਰੀ ਪੁਸਤਕ 'ਬਾਲ ਸੁਨੇਹੇ' ਦੀ ਖਰੀਦ
ਤੋਂ ਜੋ ਪੈਸੇ ਮਿਲਣਗੇ ਉਹ ਸਾਰੇ-ਦੇ-ਸਾਰੇ ਪੈਸੇ ਮੈਂ ਲੋੜਵੰਦ ਬੱਚਿਆਂ
ਅਤੇ 'ਬਿਰਧ ਆਸ਼ਰਮ' ਨੂੰ ਦਾਨ ਕਰ ਦਿਆਂਗੀ।'
ਆਪਣੀਆਂ ਸਮਕਾਲੀ ਕਲਮਾਂ ਦੇ ਨਾਂਓਂ ਸੰਦੇਸ਼ ਕਰਦਿਆਂ ਰੱਤੀ ਨੇ ਕਿਹਾ,
'ਅਜੋਕਾ ਸੱਭਿਆਚਾਰ ਹੁਣ ਪਹਿਲਾਂ ਵਾਂਗ ਮਿੱਠਾ ਤੇ ਸੱਭਿਅਕ ਨਹੀਂ ਰਿਹਾ :
ਕਿਉਂਕਿ ਕੁਝ ਕਲਮਾਂ ਪੈਸੇ ਦੇ ਲਾਲਚ ਵਿੱਚ ਅਸ਼ਲੀਲਤਾ ਪਰੋਸ ਰਹੀਆਂ ਹਨ :
ਜਿਨ੍ਹਾਂ ਦਾ ਸਾਡੇ ਆਉਣ ਵਾਲੀ ਨਸਲ ਤੇ ਬੜਾ ਬੁਰਾ ਪ੍ਰਭਾਵ ਪੈ ਰਿਹਾ ਹੈ।
ਮੈਂ ਆਪਣੇ ਲੇਖਕ ਭੈਣਾਂ ਤੇ ਭਰਾਵਾ ਨੂੰ ਇਹੋ ਕਹਿਣਾ ਚਾਹੁੰਦੀ ਹਾਂ ਕਿ
ਸਾਨੂੰ ਚਾਹੀਦਾ ਹੈ ਕਿ ਆਪਣੀਆਂ ਕਲਮਾਂ ਰਾਹੀਂ ਪੰਜਾਬੀ ਸਭਿਆਚਾਰ ਦਾ
ਮੂੰਹ-ਮੁੰਹਾਦਰਾ ਸੰਵਾਰੀਏ ਅਤੇ ਇਸ ਦੀ ਸ਼ਾਨ ਵਿੱਚ ਵਾਧਾ ਕਰੀਏ, ਤਾਂ ਕਿ
ਆਉਣ ਵਾਲੀਆਂ ਨਸਲਾਂ ਦੀ ਮੌਲਿਕਤਾ ਤੇ ਨੈਤਿਕਤਾ ਤਬਾਹ ਨਾ ਹੋ ਸਕੇ।'
ਰੱਬ ਕਰੇ! ਅੰਜੂ ਵ ਰੱਤੀ ਦੀ ਸੋਚ ਵਾਲੀਆਂ ਕਲਮਾਂ ਘਰ-ਘਰ ਪੈਦਾ ਹੋਣ,
ਤਾਂ ਜੋ ਸਾਹਿਤ ਤੇ ਸੱਭਿਆਚਾਰ ਦਾ ਦਿਨੋ-ਦਿਨ ਵਿਗੜ ਰਿਹਾ ਮੂੰਹ-ਮੁੰਹਾਦਰਾ
ਸੰਵਾਰਿਆ ਜਾ ਸਕੇ! ਆਮੀਨ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਅੰਜੂ ਵ ਰੱਤੀ, 119, ਗਲੀ ਨੰ 1/ਏ, ਸ਼ਾਲੀਮਾਰ ਨਗਰ,
ਹੁਸ਼ਿਆਰਪੁਰ। (9463503044)
|