ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ. ਸੁਖਵਿੰਦਰ ਕੌਰ, ਜਲੰਧਰ

 

 ਪਰਵਾਸੀ ਪੰਜਾਬੀ ਨਾਵਲ ਦਾ ਇੱਕ ਅਹਿਮ ਸਰੋਕਾਰ ਔਰਤ ਦੀ ਹੋਂਦ ਸਥਿਤੀ ਤੇ ਪੇਸ਼ਕਾਰੀ ਦੇ ਵਿਭਿੰਨ ਪਹਿਲੂਆਂ ਨੂੰ ਚਿਤਰਤ ਹਿਤ ਰੁਚਿਤ ਹੈ। ‘ਡਾਇਸਪੋਰਕ ਸਥਿਤੀਆਂ ਨੇ ਪੰਜਾਬੀ ਔਰਤ ਦੀ ਰਹਿਣ ਅਵਧੀ (Duration of stay) ਅਨੁਸਾਰ ਉਸ ਦੇ ਰੋਲ ਅਤੇ ਰੂਪ ਦੋਹਾਂ ਵਿਚ ਲਗਾਤਾਰ ਪਰਿਵਰਤਨ ਕੀਤਾ ਹੈ।’ ਪਰਵਾਸੀ ਪੰਜਾਬੀ ਨਾਵਲ ਵਿਚ ਉਮਰ ਦੇ ਕਿਸੇ ਵੀ ਪੜਾਅ ਤੇ ਇਧਰੋਂ ਪੰਜਾਬ ਤੋਂ ਗਈ ਔਰਤ ਨੂੰ ਪਹਿਲੀ ਪੀੜ੍ਹੀ ਦੇ ਸੰਦਰਭ ਵਿਚ ਅਤੇ ਪਰਵਾਸੀ ਪੰਜਾਬੀਆਂ ਦੀ ਪੱਛਮ ਵਿਚ ਜੰਮੀ-ਪਲੀ ਤੇ ਪ੍ਰਵਾਨ ਚੜ੍ਹੀ ਔਲਾਦ ਨੂੰ ਦੂਜੀ ਪੀੜ੍ਹੀ ਦੇ ਪ੍ਰਸੰਗ ਵਿਚ ਅਤੇ ਅੱਗੋਂ ਦੂਜੀ ਪੀੜ੍ਹੀ ਦੀ ਔਲਾਦ ਨੂੰ ਤੀਜੀ ਪੀੜ੍ਹੀ ਦੇ ਸੰਦਰਭ ਵਿਚ ਚਿਤਰਿਆ ਗਿਆ ਹੈ। ਪਰਵਾਸੀ ਪੰਜਾਬੀ ਨਾਵਲ ਪੱਛਮੀ ਸਮਾਜ ਦੀ ਮੂਲ ਨਾਗਰਿਕ ਔਰਤ ਨੂੰ ਪੱਛਮੀ ਔਰਤ ਦੇ ਸੰਦਰਭ ਵਿਚ ਪੇਸ਼ ਕਰਦਾ ਹੈ। ਪਰਵਾਸੀ ਪੰਜਾਬੀ ਨਾਵਲ ਵਿਚ ਦਰਸ਼ਨ ਧੀਰ ‘ਸੰਘਰਸ਼’, ‘ਪੈੜਾਂ ਦੇ ਆਰ ਪਾਰ’, ‘ਹਾਸ਼ੀਏ’, ‘ਵਹਿਣ, ਸਵਰਨ ਚੰਦਨ ‘ਕੱਚੇ ਘਰ’, ‘ਕਦਰਾਂ ਕੀਮਤਾਂ’, ‘ਨਵੇਂ ਰਿਸ਼ਤੇ’, ‘ਕੰਜਕਾਂ’, ਹਰਜੀਤ ਅਟਵਾਲ ‘ਰੇਤ’, ‘ਵਨ ਵੇਅ’, ‘ਸਵਾਰੀ’, ‘ਬ੍ਰਿਟਿਸ਼ ਬੌਰਨ ਦੇਸੀ’, ਅਮਰਜੀਤ ਸਿੰਘ ‘ਵਹਿੰਦੇ ਪਾਣੀ’, ਨਕਸ਼ਦੀਪ ਪੰਜਕੋਹਾ ‘ਗਿਰਵੀ ਹੋਏ ਮਨ’, ਜਰਨੈਲ ਸਿੰਘ ਸੇਖਾ ਦਾ ‘ਭਗੌੜਾ’ ਆਦਿ ਨਾਵਲ ਔਰਤ ਦੀ ਹੋਂਦ ਸਥਿਤੀ ਅਤੇ ਪੇਸ਼ਕਾਰੀ ਪਿੱਛੇ ਕਾਰਜਸ਼ੀਲ ਰਾਜਨੀਤੀ ਨੂੰ ਆਪਣੇ ਬਿਰਤਾਂਤ ਦਾ ਹਿੱਸਾ ਬਣਾਉਂਦੇ ਹਨ।

ਪਰਵਾਸੀ ਪੰਜਾਬੀ ਨਾਵਲ ਵਿਚ ਜਦੋਂ ਪਰਵਾਸੀ ਪੰਜਾਬੀ ਮਰਦ ਪਰਵਾਸ ਕਰਦਾ ਹੈ ਤਾਂ ਉਸ ਦੀਆਂ ਸਮੱਸਿਆਵਾਂ ਦਾ ਘੇਰਾ ਭੂ-ਹੇਰਵਾ, ਨਸਲੀ ਵਿਤਕਰਾ ਅਤੇ ਸਭਿਆਚਾਰਕ ਪਾੜਾ ਰਿਹਾ ਹੈ ਪਰ ਜਦੋਂ ਉਹ ਆਪਣੇ ਪਰਿਵਾਰਾਂ ਨੂੰ ਬੁਲਾਉਂਦਾ ਹੈ ਤਾਂ ਉਸ ਦੇ ਪਰਿਵਾਰ ਵਿਚ ਮਾਂ, ਧੀ, ਭੈਣ, ਪਤਨੀ, ‘ਔਰਤ’ ਰੂਪ ਵਿਚ ਪਰਵਾਸ ਕਰਦੀ ਹੈ। ਪਰਵਾਸੀ ਪੰਜਾਬੀ ਔਰਤ ਦੇ ਪਰਵਾਸ ਕਰਨ ਦੇ ਨਾਲ ਪਰਵਾਸੀ ਪੰਜਾਬੀ ਮਰਦ ਦੀਆਂ ਸਮੱਸਿਆਵਾਂ ਉਹ ਨਹੀਂ ਰਹਿੰਦੀਆਂ ਜੋ ਉਸ ਨੂੰ ਇਕੱਲੇ ਨੂੰ ਦਰਪੇਸ਼ ਸਨ। ਪਰਵਾਸੀ ਪੰਜਾਬੀ ਮਰਦ ਦੇ ਪਰਿਵਾਰਾਂ ਦਾ ਪੱਛਮੀ ਮੁਲਕਾਂ ਵਿਚ ਪਹੁੰਚਣਾ ਉਸ ਦੀ ਆਰਥਿਕਤਾ ਲਈ ਇੱਕ ਮੁੱਖ ਮਸਲਾ ਬਣ ਖੜ੍ਹੀ ਹੋ ਜਾਂਦੀ ਹੈ। ਜਿਸ ਦੇ ਸਮਾਧਾਨ ਲਈ ਪਰਵਾਸੀ ਪੰਜਾਬੀ ਮਰਦ ਆਪਣੀ ਔਰਤ ਨੂੰ ਘਰ ਤੋਂ ਬਾਹਰ ਫੈਕਟਰੀ ਵਿਚ ਕੰਮ ਕਰਨ ਵਾਸਤੇ ਭੇਜਣ ਲਈ ਮਜ਼ਬੂਰ ਹੁੰਦਾ ਹੈ। ਇਸ ਪ੍ਰਕਾਰ ਔਰਤ ਆਪਣੇ ਪਤੀ ਦੀ ਆਰਥਿਕ ਭਾਈਵਾਲੀ ਵਜੋ ਕੰਮ ਕਰਨ ਲਈ ਘਰੋਂ ਬਾਹਰ ਨਿਕਲਦੀ ਹੈ। ਘਰੋਂ ਬਾਹਰ ਕੰਮ ਕਰਨ ਦੌਰਾਨ ਉਸ ਦੀ ਚੇਤਨਾ ਦੇ ਅਨੇਕਾਂ ਪਾਸਾਰ ਖੁਲ੍ਹਦੇ ਹਨ। ਉਹ ਆਰਥਿਕ ਪੱਖੋਂ ਸਵੈ-ਨਿਰਭਰ, ਮਰਦ ਦੇ ਬਰਾਬਰ ਹੋਣ ਲਈ ਆਪਣੀ ਸਵੈ ਹੋਂਦ ਪ੍ਰਤੀ ਜਾਗਰੂਕ ਹੁੰਦੀ ਹੈ। ਉਸ ਦਾ ਜਾਗਰੂਕ ਹੋਣਾ ਹੀ ਪਰਵਾਸੀ ਪੰਜਾਬੀ ਨਾਵਲ ਵਿਚ ਪਰਿਵਾਰਕ ਸਮੱਸਿਆਵਾਂ ਦਾ ਕਾਰਣ ਬਣਦਾ ਹੈ। ਪਤੀ-ਪਤਨੀ ਸੰਬੰਧਾਂ ਵਿਚ ਤਣਾਓ/ਟਕਰਾਓ, ਸੰਘਰਸ਼ ਤੇ ਸੰਤਾਪ ਦਾ ਰੂਪ ਧਾਰਨ ਕਰ ਲੈਂਦਾ ਹੈ। ਨਤੀਜੇ ਵਜੋਂ ਪਰਵਾਸੀ ਪੰਜਾਬੀ ਔਰਤ ਪੱਛਮੀ ਸਮਾਜਿਕ ਸਿਸਟਮ ਪ੍ਰਤੀ ਸੁਚੇਤ ਹੁੰਦੀ ਹੋਈ ਪ੍ਰੰਪਰਕ ਕਦਰਾਂ-ਕੀਮਤਾਂ ਨੂੰ ਨਕਾਰਦੀ ਹੋਈ ਮਰਦ ਦੇ ਦਾਬੇ ਤੋਂ ਬਾਹਰ ਆਉਂਣ ਦੀ ਕੋਸ਼ਿਸ਼ ਵਿਚ ਨਜ਼ਰ ਆਉਂਦੀ ਹੈ। ਪਰਵਾਸੀ ਪੰਜਾਬੀ ਨਾਵਲਕਾਰ ਪਹਿਲੀ ਪੀੜ੍ਹੀ ਦਾ ਪ੍ਰਤੀਨਿਧੀ ਹੋਣ ਕਰਕੇ ਪਰਵਾਸੀ ਪੰਜਾਬੀ ਔਰਤ ਨੂੰ ਪੰਜਾਬੀ ਕਦਰਾਂ-ਕੀਮਤਾਂ ਵਿਚ ਹੀ ਬੱਝਿਆ ਵੇਖਣਾ ਚਾਹੁੰਦਾ ਹੈ। ਅਜਿਹੀ ਸੋਚ ਦੀ ਪ੍ਰਵਿਰਤੀ ਅਧੀਨ ਉਹ ਪੰਜਾਬੀ ਪਾਠਕ ਵਰਗ ਨੂੰ ਇਧਰਲਾ (ਪੰਜਾਬ) ਪੰਜਾਬੀ ਵਰਗ ਮੰਨਦਾ ਹੋਇਆ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਪਰਵਾਸੀ ਪੰਜਾਬੀ ਔਰਤ ਪੰਜਾਬੀ ਕਦਰਾਂ-ਕੀਮਤਾਂ ਅਨੁਸਾਰੀ ਹੀ ਪੇਸ਼ ਹੋਵੇ। ਇਸ ਪ੍ਰਕਾਰ ਪਰਵਾਸੀ ਪੰਜਾਬੀ ਨਾਵਲ ਵਿਚ ਨਾਵਲਕਾਰ ਦੀ ਦ੍ਰਿਸ਼ਟੀ ਤੋਂ ਉਹੀ ਔਰਤ ਸਤਿਕਾਰਤ ਰੂਪ ਵਿਚ ਪੇਸ਼ ਹੋਈ ਹੈ ਜਿਹੜੀ ਪੰਜਾਬੀ ਕਦਰਾਂ ਕੀਮਤਾਂ ਦੇ ਖਾਸੇ ਬੱਝੀ ਹੋਈ ਹੈ। ਅਜਿਹੀ ਪੇਸ਼ਕਾਰੀ ਅਧੀਨ ਪਰਵਾਸੀ ਪੰਜਾਬੀ ਔਰਤ ਦਾ ਇਹ ਬਿੰਬ ਸਵੈ ਹੋਂਦ ਤੋਂ ਉਪਰ ਉੱਠ ਕੇ ਆਪਣੇ ਪਰਿਵਾਰ ਅਤੇ ਬੱਚਿਆਂ ਪ੍ਰਤੀ ਸਮਰਪਣ ਵਾਲਾ ਹੈ। ਮਿਸਾਲ ਦੇ ਤੌਰ ਤੇ ਦਰਸ਼ਨ ਧੀਰ ਦੇ ਨਾਵਲ ‘ਪੈੜਾਂ ਦੇ ਆਰ ਪਾਰ’ ਵਿਚ ਸ਼ਰਨ ਕੌਰ, ਸਵਰਨ ਚੰਦਨ ਦੇ ਨਾਵਲ ‘ਕੰਜਕਾਂ’ ਵਿਚ ਭੁਪਿੰਦਰ ਕੌਰ, ਹਰਜੀਤ ਅਟਵਾਲ ਦੇ ਨਾਵਲ ‘ਵਨ ਵੇਅ’ ਵਿਚ ਪ੍ਰਕਾਸ਼ ਕੌਰ ਦੇ ਵਿਵਹਾਰ ਦੀ ਪੇਸ਼ਕਾਰੀ ਨੂੰ ਵਿਚਾਰਿਆ ਜਾ ਸਕਦਾ ਹੈ। ‘ਪੈੜ੍ਹਾਂ ਦੇ ਆਰ ਪਾਰ’ ਦੀ ਸ਼ਰਨ ਕੌਰ ਆਪਣੀ ਧੀ ਨਵਜੋਤ ਨੂੰ ਪੰਜਾਬੀ ਸੰਸਕਾਰਾਂ ਦੀ ਲੀਹੇ ਪਾਉਣਾ ਚਾਹੁੰਦੀ ਹੈ। ਨਵਜੋਤ ਦੁਆਰਾ ਪੱਛਮੀ ਕਦਰਾਂ-ਕੀਮਤਾਂ ਨੂੰ ਆਤਮਸਾਤ ਕਰਦਿਆਂ ਹੋਇਆਂ ਵਿਆਹ ਸੰਸਥਾ ਤੋਂ ਇਨਕਾਰੀ ਹੋਣਾ ਇਸ ਪੀੜ੍ਹੀ ਲਈ ਡੂੰਘੀ ਮਾਨਸਿਕ ਪੀੜਾ ਦਾ ਸਬੱਬ ਬਣਦਾ ਹੈ। ਪਰਵਾਸੀ ਪੰਜਾਬੀ ਨਾਵਲ ਪਹਿਲੀ ਪੀੜ੍ਹੀ ਦੀ ਔਰਤ ਦੁਆਰਾ ਆਪਣੀ ਧੀ ਨੂੰ ਪੰਜਾਬੀ ਕਦਰਾਂ-ਕੀਮਤਾਂ, ਪੰਜਾਬੀ ਸੰਸਕਾਰਾਂ, ਅਤੇ ਪੰਜਾਬੀਅਤ ਨਾਲ ਜੋੜਨ ਦੀ ਮਨਸ਼ਾ ਅਧੀਨ ਲਗਾਤਾਰ ਯਤਨਸ਼ੀਲ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਸਵਰਨ ਚੰਦਨ ਦੇ ਨਾਵਲ ‘ਕੰਜਕਾਂ’ ਦੀ ਭੁਪਿੰਦਰ ਵੀ ਆਪਣੀ ਧੀ ਅਣੂ ਦੇ ਪੱਛਮੀ ਸਮਾਜਿਕ ਵਰਤਾਰੇ ਵਿਚ ਗਲਤ ਆਦਤਾਂ ਦੀ ਸ਼ਿਕਾਰ ਹੋ ਜਾਣ ਤੇ ਡਾਹਡੀ ਦੁਖੀ ਹੁੰਦੀ ਹੈ। ਆਪਣੀ ਧੀ ਦੁਆਰਾ ਅਜਿਹੀ ਹਰਕਤ ਦੀ ਵਜ੍ਹਾ ਨੂੰ ਉਹ ਆਪਣੇ ਪੰਜਾਬੀ ਭਾਈਚਾਰੇ ਵਿਚ ਨਮੋਸ਼ੀ ਦਾ ਕਾਰਣ ਮੰਨਦੀ ਹੈ। ‘ਏਸ ਕੁੜੀ ਨੇ ਸਾਨੂੰ ਕਾਸੇ ਜੋਗਾ ਨਹੀਂ ਛੱਡਣਾ। ਇਹਨੇ ਸਾਡੀ ਸਾਰੀ ਇੱਜਤ ਮਿੱਟੀ ਚ ਰੋਲਣੀ ਐਂ।’  ਡਾ. ਗੁਰਮੁਖ ਸਿੰਘ ਪਹਿਲੀ ਪੀੜ੍ਹੀ ਦੀ ਔਰਤ ਦੀ ਮਨੋਅਵਸਥਾ ਦੀ ਥਾਹ ਪਾਉਂਦੇ ਹੋਏ ਲਿਖਦੇ ਹਨ : ਵਿਗੜੀ ਔਲਾਦ ਦਾ ਫਿਕਰ ਅਤੇ ਮਿਲਣ ਵਾਲੀਆਂ ਸੰਭਾਵੀ ਸਮਾਜਿਕ ਲਾਹਣਤਾਂ ਇਸ ਔਰਤ ਦੀ ਬਚਦੀ ਔਧ ਨੂੰ ਸਕੂਨ ਰਹਿਤ ਬਣਾ ਦਿੰਦੀਆਂ ਹਨ। ਉਹ ਇਸ ਤਣਾਅ ਨੂੰ ਪੰਜਾਬੀ ਬੰਦੇ ਨਾਲੋਂ ਜ਼ਿਆਦਾ ਹੰਢਾਉਂਦੀ ਹੈ। ਮਮਤਾ ਦਾ ਅਹਿਸਾਸ ਅਤੇ ਸਮਾਜਕ ਜਿੰਮੇਵਾਰੀਆਂ ਨੂੰ ਪੂਰਾ ਨਾ ਕਰ ਸਕਣ ਦਾ ਅਫਸੋਸ ਉਸ ਨੂੰ ਤਰਸਯੋਗ ਹਾਲਤ ਵਿਚ ਲੈ ਜਾਂਦਾ ਹੈ। ਇਸ ਸੰਬੰਧੀ ਅੱਗੋਂ ਵਿਸ਼ਵਾਸਵਰਨ ਦੇ ਲੇਖ Family in U S Diaspora ਵਿਚ Aparna Raypol ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ: . . . However, cause high levels of stress, especially for women, upon whom the burden of maintain family and religious tradition often falls.

ਪਰਵਾਸੀ ਪੰਜਾਬੀ ਨਾਵਲ ਵਿਚ ਪਹਿਲੀ ਪੀੜ੍ਹੀ ਦੀ ਉਪਰੋਕਤ ਪੇਸ਼ਕਾਰੀ ਤੋਂ ਪਰਵਾਸੀ ਪੰਜਾਬੀ ਨਾਵਲਕਾਰ ਦੀ ਇਸ ਪਿੱਛੇ ਕਾਰਜਸ਼ੀਲ ਰਾਜਨੀਤੀ ਸਪੱਸ਼ਟ ਹੈ ਕਿ ਉਹ ਪਹਿਲੀ ਪੀੜ੍ਹੀ ਦੀ ਔਰਤ ਨੂੰ ਪੰਜਾਬੀ ਕਦਰਾਂ-ਕੀਮਤਾਂ ਦੀ ਆੜ ਹੇਠ ਪੂਰਬੀ ਪੰਜਾਬੀ ਕਦਰਾਂ-ਕੀਮਤਾਂ ਵਿਚ ਘਿਰਿਆ ਹੀ ਪੇਸ਼ ਕਰਦਾ ਹੈ। ‘ਪੈੜਾਂ ਦੇ ਆਰ ਪਾਰ’ ਦੇ ਪ੍ਰਸੰਗ ਵਿਚ ਦੂਜੀ ਪੀੜ੍ਹੀ ਦੀਆਂ ਕੁੜੀਆਂ ਵਲੋਂ ਪੱਛਮੀ ਸਭਿਆਚਾਰ ਵਿਚ ਪੜ੍ਹ-ਲਿਖ ਕੇ ਚੰਗਾ ਮੁਕਾਮ ਹਾਸਿਲ ਕਰ ਲੈਣ ਉਪਰੰਤ ਆਪਣੀ ਸੋਚ ਨੂੰ ਵਿਕਸਤ ਕਰਦਿਆਂ ਹੋਇਆਂ, ਵਿਆਹ ਸੰਸਥਾ ਤੋਂ ਇਨਕਾਰੀ ਹੋਣ ਨੂੰ ਪਹਿਲੀ ਪੀੜ੍ਹੀ ਦੀ ਪਰਵਾਸੀ ਪੰਜਾਬੀ ਔਰਤ ਬਦਲੇ ਹੋਏ ਸਮਾਜਿਕ ਪਰਿਵੇਸ਼ ਦੇ ਲਿਹਾਜ ਤੋਂ ਵੇਖਦੀ ਪਰਖਦੀ/ਸਮਝਦੀ ਨਹੀਂ। ਉਸ ਲਈ ਪੰਜਾਬੀ ਸਭਿਆਚਾਰਕ ਕਦਰਾਂ-ਕੀਮਤਾਂ ਦੇ ਅਨੁਸਾਰੀ ਹੋ ਕੇ ਜਿਉਂਣਾ ਹੀ ਸਹੀ ਤੇ ਉਚਿਤ ਰਸਤਾ ਹੈ। ਪਰਵਾਸੀ ਪੰਜਾਬੀ ਨਾਵਲ ਵਿਚ ਪਹਿਲੀ ਪੀੜ੍ਹੀ ਪਰਵਾਸੀ ਪੰਜਾਬੀ ਔਰਤ ਦੀ ਮਨੋਅਵਸਥਾ ਦੀ ਪੇਸ਼ਕਾਰੀ ਪਰਵਾਸੀ ਪੰਜਾਬੀ ਮਰਦ ਦੇ ਮੁਕਾਬਲੇ ਵਧੇਰੇ ਰੂਪ ਵਿਚ ਹੋਈ ਹੈ। ਕਾਰਣ ਪਰਵਾਸੀ ਪੰਜਾਬੀ ਨਾਵਲਕਾਰ ਖੁਦ ਇੱਕ ਮਰਦ ਹੋਣ ਕਰਕੇ ਪਹਿਲੀ ਪੀੜ੍ਹੀ ਦੀ ਪਰਵਾਸੀ ਪੰਜਾਬੀ ਔਰਤ ਵਿਚ ਅਜਿਹੀ ਮਾਨਸਿਕਤਾ ਦੀ ਸਿਰਜਣਾ ਕਰਦਾ ਹੈ ਜੋ ਮਰਦ ਪ੍ਰਧਾਨ ਵਿਵਸਥਾ ਦੇ ਹੱਕ ਵਿਚ ਭੁਗਤੇ।

ਪਰਵਾਸੀ ਪੰਜਾਬੀ ਨਾਵਲ ਵਿਚ ਅਜਿਹੀ ਸਥਿਤੀ ਕਿਤੇ ਵੀ ਪੇਸ਼ ਨਹੀਂ ਹੋਈ ਕਿ ਪਰਵਾਸੀ ਪੰਜਾਬੀ ਮਰਦ ਦੇ ਬਾਹਰੀ ਸੰਬੰਧਾਂ ਕਾਰਣ ਘਰ ਪਰਿਵਾਰ ਵਿਚ ਤਣਾਓ ਪਰਿਵਾਰ ਦੇ ਟੁੱਟਣ ਜਾਂ ਤਲਾਕ ਦਾ ਕਾਰਣ ਬਣਿਆ ਹੋਵੇ। ਮਿਸਾਲ ਦੇ ਤੌਰ ਤੇ ਹਰਜੀਤ ਅਟਵਾਲ ਦੇ ਨਾਵਲ ‘ਵਨ ਵੇਅ’ ਵਿਚ ਪਰਵਾਸੀ ਪੰਜਾਬੀ ਮਰਦ ਸੁਰਜਨ ਗੋਰੀ ਔਰਤ ਆਮਾਡਾ ਨਾਲ ਸੰਬੰਧ ਰੱਖਦਾ ਹੈ। ਉਸ ਦੀ ਪਤਨੀ ਪ੍ਰਕਾਸ਼ ਕੌਰ ਸਭ ਕੁਝ ਜਾਣਦਿਆਂ ਹੋਇਆਂ ਵੀ ਆਪਣੇ ਪਤੀ ਦੀ ਅਧੀਨਗੀ ਵਿਚ ਵਿਚਰਦੀ ਹੋਈ ਆਪਣੇ ਪਤੀਵਰਤਾ ਧਰਮ ਪ੍ਰਤੀ ਸੁਹਿਰਦ ਬਣੀ ਹੋਈ ਆਪਣੀਆਂ ਪੰਜ ਧੀਆਂ ਦੇ ਬੇਹਤਰ ਜੀਵਨ ਅਤੇ ਸੁਖੀ ਵਿਆਹੁਤਾ ਜ਼ਿੰਦਗੀ ਲਈ ਪਰਮਾਤਮਾ ਅੱਗੇ ਅਰਜੋਈਆਂ ਕਰਦੀ ਨਜ਼ਰੀ ਪੈਂਦੀ ਹੈ। ਸ਼ਿਵਚਰਨ ਗਿੱਲ ਦੇ ਨਾਵਲ ‘ਮੋਹਜਾਲ’ ਦੀ ਮਨਜੀਤ ਅਤੇ ਹਰਜੀਤ ਅਟਵਾਲ ਦੇ ਨਾਵਲ ‘ਰੇਤ’ ਦੀ ਕਿਰਨ, ਇਹ ਦੋਵੇਂ ਪਹਿਲੀ ਪੀੜ੍ਹੀ ਦੀਆਂ ਨੌਜਵਾਨ ਔਰਤ ਪਾਤਰਾਂ ਆਪਣੇ ਪਤੀ ਦੇ ਬਾਹਰੀ ਸੰਬੰਧਾਂ ਕਾਰਣ ਉਸ ਤੋਂ ਕਿਨਾਰਾ ਕਰਨ ਬਾਰੇ ਤਾਂ ਸੋਚਦੀਆਂ ਹਨ ਪਰ ਪਰਵਾਸੀ ਪੰਜਾਬੀ ਨਾਵਲ ਵਿਚ ਬਾਵਜ਼ੂਦ ਆਪਣੇ ਪਤੀਆਂ ਦੀ ਬੇਵਿਸ਼ਵਾਸ਼ੀ ਦੇ ਉਹ ਅਜਿਹਾ ਕਦਮ ਚੁੱਕਦੀਆਂ ਨਹੀਂ ਸਗੋਂ ਆਪਣੇ ਪਰਿਵਾਰ ਦੀ ਹੋਂਦ ਬਰਕਰਾਰ ਰੱਖਣ ਵਿਚ ਹੀ ਨਜ਼ਰੀ ਪੈਂਦੀਆਂ ਹਨ। ਸਵਰਨ ਚੰਦਨ ਦੇ ਨਾਵਲ ‘ਕੱਚੇ ਘਰ’ ਦੀ ਮਨਜੀਤ ਦੇ ਪ੍ਰਸੰਗ ਵਿਚ ਜੇ ਕਿਸੇ ਕਾਰਣ ਵਸ ਪਰਵਾਸੀ ਪੰਜਾਬੀ ਔਰਤ ਦੀ ਨੌਜਵਾਨ ਪਹਿਲੀ ਪੀੜ੍ਹੀ ਪਤੀ ਤੋਂ ਕਿਨਾਰਾ ਕਰਦੀ ਵੀ ਹੈ ਤਾਂ ਉਹ ਉਨੀ ਦੇਰ ਪਹਿਲੇ ਮਰਦ (ਪਤੀ) ਦਾ ਸਾਥ ਨਹੀਂ ਛੱਡਦੀ ਜਦੋਂ ਤਕ ਕੋਈ ਦੂਜਾ ਮਰਦ ਉਸ ਦਾ ਹਮਦਮ ਹੋਣ ਦਾ ਦਮ ਨਹੀਂ ਭਰ ਦਿੰਦਾ। ਇਸ ਪ੍ਰਕਾਰ ਪਰਵਾਸੀ ਪੰਜਾਬੀ ਨਾਵਲਕਾਰ ਪਹਿਲੀ ਪੀੜ੍ਹੀ ਦੀ ਪਰਵਾਸੀ ਪੰਜਾਬੀ ਔਰਤ ਦੇ ਜੀਵਨ ਪ੍ਰਸੰਗ ਨੂੰ ਇਸ ਤਰੀਕੇ ਨਾਲ ਚਿਤਰਦਾ ਹੈ ਕਿ ਉਹ ਇੱਕ ਮਰਦ ਦੀ ਅਧੀਨਗੀ ਤੋਂ ਛੁਟਕਾਰਾ ਪਾ ਕੇ ਦੂਜੇ ਮਰਦ ਦੀ ਅਧੀਨਗੀ ਵਿਚ ਚਲੀ ਜਾਂਦੀ ਹੈ। ਪਰਵਾਸੀ ਪੰਜਾਬੀ ਨਾਵਲਕਾਰ ਪਹਿਲੀ ਪੀੜ੍ਹੀ ਦੀ ਪਰਵਾਸੀ ਪੰਜਾਬੀ ਔਰਤ ਨੂੰ ਮਰਦ ਪ੍ਰਧਾਨ ਵਿਵਸਥਾ ਤੋਂ ਬਾਹਰ ਪੂਰਨ ਰੂਪ ਵਿਚ ਸੁਤੰਤਰ ਤੇ ਆਜਾਦ ਕਿਤੇ ਵੀ ਲਈ ਚਿਤਰਦਾ ਜਾਂ ਹੋਣ ਦਿੰਦਾ। ਕਾਰਣ ਸਪੱਸ਼ਟ ਹੈ ਕਿ ਉਹ ਮਰਦ ਪ੍ਰਧਾਨ ਵਿਵਸਥਾ ਦਾ ਹਾਮੀ ਹੋਣ ਕਰਕੇ ਔਰਤ ਦੀ ਹੋਂਦ ਅਤੇ ਹੋਣੀ ਉਪਰ ਆਪਣੀ ਪ੍ਰਭੂਤਾ ਕਾਇਮ ਰੱਖਣਾ ਚਾਹੁੰਦਾ ਹੈ। ਪਰਵਾਸੀ ਪੰਜਾਬੀ ਨਾਵਲ ਵਿਚ ਪਹਿਲੀ ਪੀੜ੍ਹੀ ਦੀ ਪਰਵਾਸੀ ਪੰਜਾਬੀ ਔਰਤ ਜਿਹੜੀ ਮਰਦ ਦੇ ਦਾਬੇ ਤੋਂ ਬਾਹਰ ਆਉਂਣ ਦੀ ਕੋਸ਼ਿਸ਼ ਵਿਚ ਪੰਜਾਬੀ ਕਦਰਾਂ-ਕੀਮਤਾਂ ਤੋਂ ਪੱਲਾ ਛੁਡਾਉਂਦੀ ਹੈ ਜਾਂ ਪੱਛਮੀ ਸਮਾਜਿਕ ਵਰਤਾਰੇ ਤੋਂ ਪ੍ਰਭਾਵਿਤ ਹੁੰਦੀ ਹੋਈ ਆਪਣੇ ਆਪ ਨੂੰ ਥੋੜਾ ਬਹੁਤ ਬਦਲਣ ਦੀ ਕੋਸ਼ਿਸ਼ ਕਰਦੀ ਹੈ ਉਸ ਨੂੰ ਪਰਵਾਸੀ ਪੰਜਾਬੀ ਨਾਵਲਕਾਰ ਚਰਿਤਰਹੀਣ ਔਰਤ ਦੇ ਪ੍ਰਸੰਗ ਅਧੀਨ ਚਿਤਰਦਾ ਹੈ। ਅਜਿਹੀ ਪੇਸ਼ਕਾਰੀ ਸਮੇਂ ਪਰਵਾਸੀ ਪੰਜਾਬੀ ਨਾਵਲਕਾਰ ਦੀ ਦ੍ਰਿਸ਼ਟੀ ਉਸ ਨੂੰ ਪੰਜਾਬੀ ਕਦਰਾਂ ਕੀਮਤਾਂ ਤੋਂ ਮੁਨਕਰ ਹੋਣ ਕਰਕੇ ਦੋਸ਼ੀ ਠਹਿਰਾਉਂਦੀ ਹੈ। ਜਦੋਂ ਕਿ ਪਰਵਾਸੀ ਪੰਜਾਬੀ ਔਰਤ ਪੱਛਮੀ ਸਿਸਟਮ ਅਧੀਨ ਜਾਗਰੂਕ ਹੁੰਦੀ ਹੋਈ ਆਪਣੇ ਆਪ ਨੂੰ ਪ੍ਰਰੰਪਰਕ ਲੀਹਾਂ ਤੋਂ ਪਾਸੇ ਹਟ ਕੇ ਇੱਕ ਵੱਖਰੀ ਆਜਾਦ ਹਸਤੀ ਦੇ ਰੂਪ ਵਿਚ ਵੇਖਣਾ ਚਾਹੁੰਦੀ ਹੈ। ਜਿਵੇਂ ਸਵਰਨ ਚੰਦਨ ਦੇ ਨਾਵਲ ‘ਕੱਚੇ ਘਰ’ ਵਿਚ ਮਨਜੀਤ ਕ੍ਰਿਸਮਸ ਵਾਲੇ ਦਿਨ ਫੈਕਟਰੀ ਵਿਚ ਦੋਸਤ ਸਹਿਕਰਮਣਾ ਦੇ ਜੋਰ ਪਾਉਂਣ ਤੇ ਸ਼ਰਾਬ ਪੀ ਲੈਂਦੀ ਹੈ ਤਾਂ ਉਸ ਦੇ ਪਤੀ ਬਲਦੇਵ ਦੀ ਮਾਨਸਿਕਤਾ ਇਹ ਬਰਦਾਸ਼ਤ ਨਾ ਕਰਦੀ ਹੋਈ ਉਸ ਨੂੰ ਨਿਰੰਤਰ ਸ਼ਕ ਅਤੇ ਚਰਿਤਰਹੀਣਤਾ ਦੇ ਕਟਹਿਰੇ ਵਿਚ ਖੜ੍ਹਾ ਕਰ ਦਿੰਦੀ ਹੈ। ਅਜਿਹੀ ਪੇਸ਼ਕਾਰੀ ਸਮੇਂ ਪਰਵਾਸੀ ਪੰਜਾਬੀ ਨਾਵਲ ਪਰਵਾਸੀ ਪੰਜਾਬੀ ਔਰਤ ਨੂੰ ਘਰ ਪਰਿਵਾਰ ਦੀ ਇੱਜਤ ਦੇ ਪ੍ਰਸੰਗ ਅਧੀਨ ਚਿਤਵਦਾ ਹੋਇਆ ਉਸ ਦੇ ਅਜਿਹੇ ਵਿਵਹਾਰ ਨੂੰ ਅਣਉਚਿਤ ਕਰਾਰ ਦਿੰਦਾ ਹੈ। ਮਨਜੀਤ ਦੀ ਇੱਕ ਗਲਤੀ ਨੂੰ ਉਸ ਦੇ ਘਰ ਪਰਿਵਾਰ ਦੇ ਬਿਖਰਨ ਦਾ ਸਬੱਬ ਬਣਾਉਂਦਾ ਹੈ ਤੇ ਆਪਣੀ ਪ੍ਰਰੰਪਰਕ ਮਾਨਸਿਕ ਸੋਚ ਦੀ ਰਾਜਨੀਤੀ ਅਧੀਨ ਦੋਸ਼ੀ ਵੀ ਔਰਤ ਨੂੰ ਹੀ ਸਿੱਧ ਕਰਦਾ ਹੈ।

ਵਿਕਸਤ ਸਮਾਜਾਂ ਵਿਚ ਯੂਥ ਕਲਚਰ ਦੀ ਸਪੇਸ ਇਸ ਪ੍ਰਸੰਗ ਵਿਚ ਹੀ ਸਮਝੀ ਜਾ ਸਕਦੀ ਹੈ। ਘਰ ਟੁੱਟਣ ਦੇ ਤਰਕ ਲਿਖਤ ਮੁਤਾਬਕ ਭਾਵੇਂ ਪੂੰਜੀਵਾਦੀ ਖਪਤ ਸਿਸਟਮ ਕਹਿਕੇ ਭੰਡ ਲਿਆ ਜਾਵੇ ਪਰ ਇੱਕ ਗੱਲ ਜਰੂਰ ਹੈ ਕਿ ਇੱਕ ਘਰੋਂ ਬੇਘਰੀ ਦੇ ਸੰਕਟ ਦਾ ਕਾਰਨ ਵਿਅਕਤੀ ਵਿਚ ਆਜ਼ਾਦੀ, ਬਰਾਬਰੀ ਦੀ ਡਿਜ਼ਾਇਰ ਹੈ। ਪੱਛਮੀ ਸਮਾਜ ਸਭਿਆਚਾਰ ਵਿਚ ਜਿਹੜੀਆਂ ਪਰਵਾਸੀ ਪੰਜਾਬੀ ਔਰਤਾਂ ਘਰ ਪਰਿਵਾਰ ਪ੍ਰਤੀ ਬੇਪਰਵਾਹ ਹੁੰਦੀਆਂ ਹੋਈਆਂ ਆਪਣੇ ਪਤੀ ਦੇ ਦਾਬੇ ਤੋਂ ਮੁਕਤ ਹੋਣ ਦੀ ਕੋਸ਼ਿਸ਼ ਅਧੀਨ ਬਾਹਰੀ ਸੰਬੰਧ ਬਣਾਉਂਦੀਆਂ ਪਰਵਾਸੀ ਪੰਜਾਬੀ ਨਾਵਲ ਵਿਚ ਪੇਸ਼ ਹੋਈਆਂ ਹਨ। ਜਿਵੇਂ ਸਵਰਨ ਚੰਦਨ ਦੇ ਨਾਵਲ ‘ਕੰਜਕਾਂ’ ਦੀ ਜੀਤੋ, ਸਨੇਹ ਵਰਮਾ, ਪ੍ਰੀਤਮ ਸਿਧੂ ਦਾ ‘ਸੱਜਣਾ ਬਾਝ ਹਨ੍ਹੇਰਾਂ’ ਦੀ ਮਨਮੋਹਣ ਕੌਰ ਆਦਿ। ਇਹਨਾ ਔਰਤਾਂ ਦੀ ਪੇਸ਼ਕਾਰੀ ਪਰਵਾਸੀ ਪੰਜਾਬੀ ਨਾਵਲ ਪਰੰਪਰਾਗਤ ਮਰਿਯਾਦਾ ਦੇ ਦਾਇਰਿਆਂ ਤੋਂ ਬਾਹਰ ਰਹਿਣ ਵਾਲੀਆਂ ਔਰਤਾਂ ਦੇ ਰੂਪ ਵਿਚ ਕਰਦਾ ਹੈ। ਅਜਿਹੀ ਪੇਸ਼ਕਾਰੀ ਸਮੇਂ ਪਰਵਾਸੀ ਪੰਜਾਬੀ ਨਾਵਲਕਾਰ ਇਹਨਾਂ ਔਰਤਾਂ ਨਾਲ ਹੋਏ ਕਿਸੇ ਵੀ ਪ੍ਰਕਾਰ ਦੇ ਸ਼ੋਸ਼ਣ ਅਤੇ ਵਿਤਕਰੇ ਕਾਰਣ ਹਮਦਰਦੀ ਭਰੀ ਸੁਰ ਨਹੀਂ ਮਿਲਾਉਂਦਾ ਸਗੋਂ ਪਰਵਾਸੀ ਪੰਜਾਬੀ ਔਰਤ ਦੀ ਦੇਹੀ ਖੁਲ੍ਹਾਂ ਮਾਨਣ ਦੀ ਪ੍ਰਵਿਰਤੀ ਪਿੱਛੇ ਕਾਰਜਸ਼ੀਲ ਪੂੰਜੀਵਾਦੀ ਵਿਵਸਥਾ ਨੂੰ ਹੀ ਦੋਸ਼ੀ ਠਹਿਰਾਉਂਦਾ ਹੈ। ਜਦ ਕਿ ਪਰਵਾਸੀ ਪੰਜਾਬੀ ਔਰਤ ਦੀ ਅਜਿਹੀ ਅਵਸਥਾ ਲਈ ਕਿਸੇ ਹੱਦ ਤਕ ਸਾਮੰਤਵਾਦੀ ਵਿਵਸਥਾ ਦਾ ਨਰੜ ਸੰਤਾਪ ਵੀ ਜ਼ਿੰਮੇਵਾਰ ਹੈ। ਪਰਵਾਸੀ ਪੰਜਾਬੀ ਔਰਤ ਦਾ ਪੂੰਜੀਵਾਦੀ ਵਿਵਸਥਾ ਦੀ ਖੁੱਲ ਤੋਂ ਪ੍ਰੇਰਿਤ ਹੋ ਕੇ ਜਗੀਰੂ ਵਿਵਸਥਾ ਦੇ ਨਰੜ ਸੰਤਾਪ ਤੋਂ ਮੁਕਤੀ ਪਾਉਂਣ ਦੀ ਕੋਸ਼ਿਸ਼ ਉਸ ਦੇ ਆਪਣੇ ਅਸਤਿਤਵ ਲਈ ਡੂੰਘੀ ਮਾਨਸਿਕ ਪੀੜਾ ਦਾ ਸਬੱਬ ਬਣਦੀ ਹੈ। ਇਸ ਪ੍ਰਕਾਰ ਘਰ ਪਰਿਵਾਰ ਤੋਂ ਬੇਮੁਖ ਅਤੇ ਪੰਜਾਬੀ ਕਦਰਾਂ-ਕੀਮਤਾਂ ਤੋਂ ਪੱਲਾ ਛੁਡਾਉਂਦੀ ਔਰਤ ਨੂੰ ਪਰਵਾਸੀ ਪੰਜਾਬੀ ਨਾਵਲਕਾਰ ਵਿਵਰਜਨਾ ਦੇ ਦਾਇਰੇ ਵਿਚ ਸ਼ਾਮਿਲ ਕਰਦਾ ਹੋਇਆ ਸਤਿਕਾਰਤ ਦਰਜਾ ਦੇਣ ਤੋਂ ਇਨਕਾਰੀ ਹੈ। ਪਰਵਾਸੀ ਪੰਜਾਬੀ ਨਾਵਲਕਾਰ ਜਿੱਥੇ ਪਹਿਲੀ ਪੀੜ੍ਹੀ ਦੀ ਪਰਵਾਸੀ ਪੰਜਾਬੀ ਔਰਤ ਨੂੰ ਪੂਰਬੀ ਸੰਸਕਾਰਾਂ ਪ੍ਰਤੀ ਲਬਰੇਜ਼ ਚਿਤਰਣ ਪ੍ਰਤੀ ਰੁਚਿਤ ਹੈ ਉੱਥੇ ਪੱਛਮ ਵਿਚ ਜੰਮੀ-ਪਲੀ ਤੇ ਪ੍ਰਵਾਨ ਚੜ੍ਹੀ ਪਰਵਾਸੀ ਪੰਜਾਬੀਆਂ ਦੀ ਦੂਜੀ ਪੀੜ੍ਹੀ ਨੂੰ ਪੂਰਬੀ ਕਦਰਾਂ-ਕੀਮਤਾਂ ਵਿਚ ਬੱਝਣ ਤੋਂ ਮੂਲੋਂ ਹੀ ਇਨਕਾਰੀ ਚਿਤਰਦਾ ਹੈ। ਦੂਜੀ ਪੀੜ੍ਹੀ ਦੀਆਂ ਕੁੜੀਆਂ ਆਪਣੇ ਮਾਪਿਆਂ ਦੇ ਪੂਰਬੀ ਸਮਾਜ ਸਭਿਆਚਾਰ ਤੋਂ ਨਾਵਾਕਿਫ ਹੋਣ ਕਰਕੇ ਆਪਣੇ ਆਪ ਨੂੰ ਪੱਛਮੀ ਸਮਾਜ ਦੇ ਵਸਨੀਕ ਮੰਨਦੀਆਂ ਹੋਈਆਂ ਪੱਛਮੀ ਸਮਾਜ ਦੇ ਕੀਮਤ ਪ੍ਰਬੰਧਾਂ ਅਨੁਸਾਰ ਹੀ ਵਿਚਰਦੀਆਂ ਹਨ। ਬੇਸ਼ਕ ਪੱਛਮੀ ਸਮਾਜ ਵਲੋਂ ਦੂਜੀ ਪੀੜ੍ਹੀ ਨੂੰ ਮੂਲ ਨਾਗਰਿਕ ਮੰਨਣ ਤੋਂ ਅਸਵੀਕਾਰਿਆ ਜਾ ਰਿਹਾ ਹੈ ਤੇ ਨਸਲੀ ਵਿਤਕਰਾ ਕੀਤਾ ਜਾ ਰਿਹਾ ਹੈ ਪਰ ਇਸ ਸਭ ਦੇ ਬਾਵਜ਼ੂਦ ਇਹ ਪੀੜ੍ਹੀ ਆਪਣੇ ਬਣਦੇ ਹੱਕਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਹੈ ਤੇ ਮੂਲ ਸਮਾਜ ਵਲੋਂ ਕੀਤੇ ਜਾ ਰਹੇ ਹਰ ਪ੍ਰਕਾਰ ਦੇ ਵਿਤਕਰੇ ਦਾ ਵਿਰੋਧ ਕਰਦੀ ਹੈ।

ਪਰਵਾਸੀ ਪੰਜਾਬੀ ਨਾਵਲ ਪਰਵਾਸੀ ਪੰਜਾਬੀਆਂ ਦੀ ਦੂਜੀ ਪੀੜ੍ਹੀ ਵਿਚ ਕੁੜੀਆਂ ਨੂੰ ਮੁੰਡਿਆਂ ਨਾਲੋਂ ਵੱਧ ਸਪੇਸ ਦਿੰਦਾ ਹੈ। ਦੂਜੀ ਪੀੜ੍ਹੀ ਦੀਆਂ ਕੁੜੀਆਂ ਦੇ ਘਰੋਂ ਬਾਹਰ ਸਕੂਲ ਜਾਣ ਸਮੇਂ, ਯੂਨੀਵਰਸਿਟੀ ਪੜ੍ਹਨ ਲਈ ਭੇਜਣ ਸਮੇਂ ਪਰਵਾਸੀ ਪੰਜਾਬੀ ਮਾਪਿਆਂ ਵਲੋਂ ਕਾਫੀ ਸੋਚ ਵਿਚਾਰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਖਾਣ-ਪੀਣ, ਰਹਿਣ-ਸਹਿਣ, ਅਤੇ ਪਹਿਰਾਵੇ ਆਦਿ ਸੰਬੰਧੀ ਵੀ ਦੂਜੀ ਪੀੜ੍ਹੀ ਦੀਆਂ ਕੁੜੀਆਂ ਉਪਰ ਪਰਵਾਸੀ ਪੰਜਾਬੀ ਮਾਪਿਆਂ ਵਲੋਂ ਅਨੇਕਾਂ ਬੰਦਿਸ਼ਾ ਲਗਾਈਆਂ ਜਾਂਦੀਆਂ ਹਨ। ਜਦੋਂ ਕਿ ਇਸ ਦੇ ਮੁਕਾਬਲੇ ਪਰਵਾਸੀ ਪੰਜਾਬੀ ਨਾਵਲ ਵਿਚ ਮੁੰਡਿਆਂ ਪ੍ਰਤੀ ਇਸ ਤਰਾਂ ਦਾ ਕੋਈ ਇਤਰਾਜ ਕਰਨ ਵਾਲਾ ਬਿਰਤਾਂਤ ਨਹੀਂ ਮਿਲਦਾ। ਪਰਵਾਸੀ ਪੰਜਾਬੀ ਮਾਪੇ ਕੁੜੀਆਂ ਨੂੰ ਆਪਣੇ ਘਰ ਦੀ ਇੱਜਤ ਤਸੱਵਰ ਕਰਦੇ ਹੋਏ ਉਹਨਾਂ ਉਪਰ ਆਪਣੇ ਕੀਮਤ ਪ੍ਰਬੰਧ ਲਾਗੂ ਕਰਨਾ ਚਾਹੁੰਦੇ ਹਨ। ਜਦੋਂ ਕਿ ਪੱਛਮ ਦੀ ਆਜ਼ਾਦ ਫਿਜਾ ਵਿਚ ਪਲੀਆਂ ਦੂਜੀ ਪੀੜੀ ਦੀਆਂ ਕੁੜੀਆਂ ਆਪਣੇ ਮਾਪਿਆਂ ਦੇ ਬੰਧਨਾ ਵਿਚ ਬੱਝਣ ਤੋਂ ਇਨਕਾਰੀ ਹਨ। ਉਹਨਾਂ ਨੂੰ ਆਪਣੇ ਮਾਪਿਆਂ ਵਲੋਂ ਕੀਤੀ ਗਈ ਕਿਸੇ ਵੀ ਕਿਸਮ ਦੀ ਰੋਕ ਟੋਕ ਫਜ਼ੂਲ ਤੇ ਬੇਅਰਥ ਜਾਪਦੀ ਹੈ। ਪੱਛਮੀ ਜੀਵਨ ਜਾਚ ਅਨੁਸਾਰੀ ਚੱਲਦੀਆਂ ਇਹਨਾਂ ਕੁੜੀਆਂ ਨੂੰ ਜੀਣਾ ਹੀ ਇਸ ਤਰ੍ਹਾਂ ਆਉਂਦਾ ਹੈ ਕਿ ਇਹ ਕਿਸੇ ਪ੍ਰਕਾਰ ਦੇ ਬੰਧਨ ਵਿਚ ਬੱਝੀਆਂ ਨਹੀਂ ਰਹਿ ਸਕਦੀਆਂ। ਇਸ ਪ੍ਰਕਾਰ ਪਰਵਾਸੀ ਪੰਜਾਬੀ ਮਾਪਿਆਂ ਅਤੇ ਦੂਜੀ ਪੀੜ੍ਹੀ ਦੀਆਂ ਕੁੜੀਆਂ ਵਿਚਕਾਰ ਇੱਕ ਵਿਥ ਵਧਦੀ ਚਲੀ ਜਾਂਦੀ ਹੈ ਜੋ ਪੀੜ੍ਹੀ-ਪਾੜੇ ਦਾ ਰੂਪ ਧਾਰਨ ਕਰਦੀ ਹੈ। ਆਪਣੇ ਸਭਿਆਚਾਰਕ ਅਵਚੇਤਨ ਵਿਚ ਪੰਜਾਬੀ ਪਰਿਵਾਰਕ ਸੰਸਥਾ ਦੇ ਅਤਿ ਸ਼ਕਤੀਸ਼ਾਲੀ, ਹੰਢਣਸਾਰ ਤੇ ਸੁਰੱਖਿਅਤ ਮਾਈਂਡਸੈੱਟ ਨਾਲ ਪ੍ਰਣਾਏ ਪੰਜਾਬੀ ਲਈ ਵਿਰਾਸਤ ਨੂੰ ਸਾਂਭਣ ਵਾਲੀ ਅਗਲੀ ਪੀੜ੍ਹੀ ਅਤਿ ਦਾ ਮਹੱਤਵ ਰੱਖਦੀ ਹੈ ਪਰ ਨਿਰੰਕੁਸ਼ ਖੁੱਲ੍ਹਾਂ ਵਾਲੇ ਅਮਰੀਕਨ ਸਮਾਜ ਦੀ ਹਾਜ਼ਰੀ ਨੇ ਪੰਜਾਬੀ ਪਰਿਵਾਰ ਦੀਆਂ ਬੰਧੇਜ਼ੀ ਬਣਤਰਾਂ ਨੂੰ ਜਿਵੇਂ ਵਰਗਲਾਇਆ ਹੈ, ਉਸ ਨੇ ਪੰਜਾਬੀ ਬੰਦੇ ਦੀਆਂ ਚਿੰਤਾਵਾਂ ਵਿਚ ਘੋਰ ਵਾਧਾ ਕੀਤਾ ਹੈ। ਪਰਿਵਾਰਕ ਕਦਰਾਂ-ਕੀਮਤਾਂ ਦਾ ਇਹ ਪ੍ਰਵੇਸ਼ ਜਿਹੜਾ ਪੰਜਾਬੀ ਬੰਦੇ ਨੂੰ ਢਾਰਸ, ਸਾਹਸ, ਸਕੂਨ, ਤੇ ਪੋਜੀਸ਼ਨ ਦਿੰਦਾ ਸੀ, ਪਰਵਾਸੀ ਵਰਤਾਰੇ ਨੇ ਉਸ ਨੂੰ ਸੈਆਂ ਚੁਣੌਤੀਆਂ ਦਿੱਤੀਆਂ ਹਨ।

 ਬਹੁਗਿਣਤੀ ਪਰਵਾਸੀ ਪੰਜਾਬੀ ਨਾਵਲ ਦੂਜੀ ਪੀੜ੍ਹੀ ਦੀ ਕੁੜੀਆਂ ਨੂੰ ਪੱਛਮੀ ਕਦਰਾਂ-ਕੀਮਤਾਂ ਦੀ ਅਨੁਸਾਰੀ ਅਤੇ ਪੂਰਬੀ ਕਦਰਾਂ-ਕੀਮਤਾਂ ਦੇ ਵਿਰੋਧ ਵਿਚ ਚਿਤਰਦਾ ਹੋਇਆ, ਉਸ ਨੂੰ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਬਾਗ਼ੀ ਧਿਰ ਦੇ ਰੂਪ ਵਿਚ ਪੇਸ਼ ਕਰਦਾ ਹੈ। ਇਹ ਪੀੜ੍ਹੀ ਪੱਛਮੀ ਵਰਤਾਰੇ ਨੂੰ ਆਤਮਸਾਤ ਕਰਦੀ ਹੋਈ ਅੰਤਰਜਾਤੀ, ਅੰਤਰਨਸਲੀ ਵਿਆਹ ਜਾਂ ਬਿਨ ਵਿਆਹ ਤੋਂ ਬੱਚੇ ਪੈਦਾ ਕਰਨ ਦੀ ਪ੍ਰਵਿਰਤੀ ਦੀ ਧਾਰਨੀ ਬਣੀ ਹੋਈ ਪਰਵਾਸੀ ਪੰਜਾਬੀ ਨਾਵਲ ਵਿੱਚ ਪੇਸ਼ ਹੋਈ ਹੈ। ਪੱਛਮੀ ਕਦਰਾਂ-ਕੀਮਤਾਂ ਵਿਚ ਗ੍ਰਸਤ ਹੋਣ ਦੇ ਬਾਵਜੂਦ ਦੂਜੀ ਪੀੜ੍ਹੀ ਦੀਆਂ ਕੁੜੀਆਂ ਦੇ ਅਚੇਤ ਵਿਚ ਪੂਰਬੀ ਸੰਸਕਾਰ ਅਤੇ ਮਾਪਿਆਂ ਦਾ ਡਰ ਕਾਰਜਸ਼ੀਲ ਰਹਿੰਦਾ ਹੈ। ਦਰਸ਼ਨ ਧੀਰ ਦੇ ਨਾਵਲ ‘ਪੈੜਾਂ ਦੇ ਆਰ ਪਾਰ’ ਦੀ ਨਵਜੋਤ, ‘ਹਾਸ਼ੀਏ’ ਦੀ ਹਰਮੀਤ ਅਤੇ ‘ਵਹਿਣ’ ਦੀ ਅਮਰਜੀਤ ਦੇ ਪ੍ਰਸੰਗ ਵਿਚ ਨਾਵਲਕਾਰ ਦੀ ਦ੍ਰਿਸ਼ਟੀ ਸਪੱਸ਼ਟ ਹੈ ਕਿ ਉਹ ਪਹਿਲੀ ਪੀੜ੍ਹੀ ਨਾਲ ਸੰਬੰਧਿਤ ਹੋਣ ਕਾਰਨ ਪੂਰਬੀ ਕਦਰਾਂ-ਕੀਮਤਾਂ ਦੀ ਪ੍ਰਤੀਨਿਧਤਾ ਕਰਦਾ ਦੂਜੀ ਪੀੜ੍ਹੀ ਨੂੰ ਨਾਂਹ-ਮੁਖੀ ਨਜ਼ਰੀਏ ਤੋਂ ਚਿਤਰਦਾ ਹੈ। ਪਰਵਾਸੀ ਪੰਜਾਬੀ ਨਾਵਲਕਾਰ ਦੀ ਦ੍ਰਿਸ਼ਟੀ ਵਿਸ਼ੇਸ਼ ਨੇ ਪੱਛਮ ਵਿਚ ਜੰਮੀ ਪਲੀ ਤੇ ਪ੍ਰਵਾਨ ਚੜ੍ਹੀ ਦੂਜੀ ਪੀੜ੍ਹੀ ਨੂੰ ਪੂਰਬੀ ਕਦਰਾਂ-ਕੀਮਤਾਂ ਅਤੇ ਰਿਸ਼ਤਿਆਂ ਦੇ ਮੋਹਜਾਲ ਤੋਂ ਕਦੇ ਮੁਕਤ ਰੂਪ ਵਿਚ ਨਹੀਂ ਕਲਪਿਆ। ਅਜਿਹਾ ਕਰਨ ਪਿੱਛੇ ਉਸ ਦੀ ਪ੍ਰਪੰਰਕ ਰਿਸ਼ਤਾ ਨਾਤਾ ਪ੍ਰਣਾਲੀ ਦੀ ਸਾਰਥਕਤਾ ਨੂੰ ਵਧੇਰੇ ਮਜ਼ਬੂਤ ਅਤੇ ਸੁਦ੍ਰਿੜ ਕਰਨ ਦੀ ਆਸਥਾ ਵਿਚ ਲੁਕਿਆ ਹੋਇਆ ਹੈ। ਦਰਸ਼ਨ ਧੀਰ ਦੇ ਨਾਵਲ ‘ਪੈੜਾਂ ਦੇ ਆਰ ਪਾਰ’ ਦੀ ਨਵਜੋਤ ਪੜ੍ਹੀ-ਲਿਖੀ ਔਰਤ ਹੋਣ ਦੇ ਨਾਤੇ ਆਪਣੀ ਕਾਬਲੀਅਤ ਦੇ ਆਧਾਰ ਤੇ ਪੱਛਮੀ ਸਮਾਜ ਵਿਚ ਇੱਕ ਚੰਗੇ ਰੁਤਬੇ ਤੇ ਨੌਕਰੀ ਪ੍ਰਾਪਤ ਕਰਦੀ ਹੈ। ਦੂਜੀ ਪੀੜ੍ਹੀ ਦਾ ਪੱਛਮੀ ਸਮਾਜ ਵਿਚ ਇੱਕ ਚੰਗੀ ਸਪੇਸ ਬਣਾ ਲੈਣ ਨੂੰ ਪਰਵਾਸੀ ਪੰਜਾਬੀ ਨਾਵਲ ਕੋਈ ਥਾ ਲਈਂ ਦਿੰਦਾ ਨਾ ਹੀ ਨਵਜੋਤ ਦੁਆਰਾ ਪੱਛਮੀ ਸਮਾਜ ਨਾਲ ਰਚਾਏ ਸੰਵਾਦਾਂ ਨੂੰ ਕੋਈ ਮੁੱਲਵਾਨ ਅੰਤਰਦ੍ਰਿਸ਼ਟੀ ਪ੍ਰਦਾਨ ਕਰਦਾ ਹੈ ਸਗੋਂ ਪਰਵਾਸੀ ਪੰਜਾਬੀ ਨਾਵਲ ਨਵਜੋਤ ਦੇ ਮਾਪਿਆਂ ਬਾਹਰੀ ਹੋ ਕੇ ਲਏ ਗਏ ਫੈਸਲੇ ਨੂੰ ਕੇਂਦਰ ਬਿੰਦੂ ਬਣਾਉਂਦਾ ਹੈ। ਨਤੀਜੇ ਵਜੋਂ ਨਵਜੋਤ ਨੂੰ ਵਿਆਹ ਸੰਸਥਾ ਤੋਂ ਇਨਕਾਰੀ ਹੋਣ ਵਜੋਂ ਅਤੇ ਪਾਰਟਨਰਸ਼ਿਪ ਦੇ ਆਧਾਰ ਤੇ ਫੈਸਲਾ ਲੈਣ ਦੀ ਕੀਮਤ ਘਰ ਪਰਿਵਾਰ ਅਤੇ ਭਾਈਚਾਰੇ ਤੋਂ ਬਾਗੀ ਹੋਣ ਵਜੋ ਚੁਕਾਉਂਣੀ ਪੈਂਦੀ ਹੈ। ਨਵਜੋਤ ਵਲੋਂ ਪੱਛਮੀ ਜੀਵਨ ਜਾਚ ਅਨੁਸਾਰੀ ਚੁਣਿਆ ਹੋਇਆ ਰਸਤਾ ਕਿਸੇ ਵੀ ਤਰ੍ਹਾਂ ਉਸ ਦੀ ਜ਼ਿੰਦਗੀ ਦੀ ਰਫ਼ਤਾਰ ਵਿਚ ਬਾਧਕ ਨਹੀਂ ਬਣਦਾ। ਉਸ ਦੀ ਰੁਕਾਵਟ ਤਾਂ ਪੂਰਬੀ ਸਮਾਜ ਸਿਸਟਮ ਦੀਆਂ ਕਦਰਾਂ-ਕੀਮਤਾਂ ਵਿਚ ਢਲਿਆ ਪਰਵਾਸੀ ਪੰਜਾਬੀ ਭਾਈਚਾਰਾ ਅਤੇ ਉਸ ਦਾ ਪਰਿਵਾਰ ਹੈ। ਵਿਸ਼ੇਸ਼ ਰੂਪ ਵਿਚ ਨਵਜੋਤ ਦੀ ਹੋਣੀ ਨੂੰ ਅਜਿਹਾ ਰੂਪ ਦੇਣ ਵਾਲੀ ਸੋਚ ਦਾ ਰਚੈਤਾ ਪਰਵਾਸੀ ਪੰਜਾਬੀ ਨਾਵਲਕਾਰ ਖੁਦ ਪੂਰਬੀ ਕਦਰਾਂ-ਕੀਮਤਾਂ ਦੀ ਹਾਮੀ ਭਰਦਾ ਹੈ। ਉਹ ਅਖੀਰ ਵਿਚ ਉਸ ਨੂੰ ਦੁਚਿੱਤੀ ਦੀ ਸ਼ਿਕਾਰ ਬਣਾਉਂਦਾ ਹੋਇਆ ਉਸ ਨੂੰ ਅਜਿਹਾ ਸੋਚਣ ਲਈ ਮਜ਼ਬੂਰ ਕਰ ਦਿੰਦਾ ਹੈ ਕਿ ਉਸ ਨੇ ਜੋ ਪੱਛਮੀ ਰਸਤਾ ਚੁਣਿਆ ਹੈ ਕਿਸੇ ਵੀ ਤਰ੍ਹਾਂ ਉਸ ਦੀ ਜੀਵਨ ਜਾਚ ਦੇ ਅਨੁਸਾਰੀ ਨਹੀਂ ਹੈ। ਇਸੇ ਤਰ੍ਹਾਂ ‘ਹਾਸ਼ੀਏ’ ਦੀ ਹਰਮੀਤ ਦੀ ਹੋਣੀ ਵੀ ਨਵਜੋਤ ਵਾਂਗ ਮਿਲਦੀ ਜੁਲਦੀ ਹੀ ਹੈ। ਹਰਮੀਤ ਨੂੰ ਆਪਣੇ ਅੰਤਰਨਸਲੀ ਵਿਆਹ ਬਾਹਰੇ ਲਏ ਹੋਏ ਫੈਸਲੇ ਉਪਰ ਉਸ ਸਮੇਂ ਹੋਰ ਵੀ ਜਿਆਦਾ ਪਛਤਾਵਾ ਹੁੰਦਾ ਹੈ ਜਦੋਂ ਉਸ ਦੀ ਧੀ ਅਨੀਤਾ ਨੂੰ ਦੋ ਸਭਿਆਚਾਰਾਂ ਦੀ ਮਿਕਸ ਪੈਦਾਇਸ਼ ਵਜੋਂ ‘ਤਰੜੀ’ ਸ਼ਬਦ ਸੁਣਨ ਨੂੰ ਮਿਲਦਾ ਹੈ। ਧੀ ਨਾਲ ਕੀਤੇ ਜਾ ਰਹੇ ਉਪਰੋਕਤ ਵਤੀਰੇ ਤੋਂ ਹਰਮੀਤ ਪੂਰਬੀ ਕਦਰਾਂ-ਕੀਮਤਾਂ ਨੂੰ ਨਕਾਰਨ ਵਜੋਂ ਕੀਤੀ ਗਈ ਗਲਤੀ ਤੇ ਪਛਤਾਵਾ ਕਰਦੀ ਹੈ। ਸਮਾਜ ਮੇਰੇ ਐਕਸ਼ਨ ਦੀ ਸਜ਼ਾ ਮੇਰੀ ਬੇਗੁਨਾਹ ਧੀ ਨੂੰ ਕਿਉਂ ਦੇ ਰਿਹਾ ਹੈ ਮੈ ਆਪਣੇ ਕਰਮਾਂ ਦੀ ਆਪ ਜ਼ਿੰਮੇਵਾਰ ਹਾਂ। ਉਸ ਦੀ ਸਜ਼ਾ ਮੈਨੂੰ ਮਿਲਣੀ ਚਾਹੀਦੀ ਹੈ। ਉਹਦੀ ਸਜ਼ਾ ਮੇਰੀ ਨਿਰਦੋਸ਼ ਧੀ ਨੂੰ ਕਿਉਂ ਦਿੱਤੀ ਜਾ ਰਹੀ ਹੈ।

ਉਪਰੋਕਤ ਪੇਸ਼ਕਾਰੀ ਵਿਚ ਪਰਵਾਸੀ ਪੰਜਾਬੀ ਨਾਵਲ ਦੂਜੀ ਪੀੜ੍ਹੀ ਨੂੰ ਅੰਤਾਂ ਦੇ ਪਛਤਾਵੇ ਦੀ ਸ਼ਿਕਾਰ ਚਿਤਰਦਾ ਹੋਇਆ ਤੀਜੀ ਪੀੜ੍ਹੀ ਨੂੰ ਛੋਟੀ ਬੱਚੀ ਦੇ ਰੂਪ ਵਿਚ ਜੜ੍ਹਾਂ ਦੀ ਭਾਲ ਅਧੀਨ ਯਤਨਸ਼ੀਲ ਪੇਸ਼ ਕਰਦਾ ਹੈ ਜਿਸ ਨੂੰ ਮੂਲ ਸਮਾਜ ਵਲੋਂ ਮੂਲ ਨਾਗਰਿਕ ਮੰਨਣ ਤੋਂ ਅਸਵੀਕਾਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸਵਰਨ ਚੰਦਨ ਦੇ ਨਾਵਲ ‘ਕੰਜਕਾਂ’ ਦੀ ਅਣੂ ਜੋ ਘਰ ਦੇ ਕੰਮ ਨੂੰ ਆਜ਼ਾਦੀ ਖੁਸਣ ਦੇ ਪ੍ਰਸੰਗ ਵਿਚ ਵੇਖਦੀ ਹੈ। ਉਹ ਘਰ ਦੇ ਕੰਮ ਨੂੰ ‘ਆਈ ਐਮ ਨੌਟ ਫੱਕਿਨ ਮੈਂਟ ਫਾਰ ਦਿਸ ਵਰਕ … ਬਲੱਡੀ ਇਡੀਅਨ ਟ੍ਰੈਡੀਸ਼ਨਲ ਵਾਈਫਜ਼ ਜੌਬਜ਼’ ਕਹਿੰਦੀ ਹੋਈ ਘਰੋਂ ਭੱਜਣ ਨੂੰ ਆਜ਼ਾਦ ਹੋਣ ਦਾ ਭਰਮ ਪਾਲਦੀ ਹੈ, ਉਸ ਦੀ ਪੇਸ਼ਕਾਰੀ ਪਰਵਾਸੀ ਪੰਜਾਬੀ ਨਾਵਲ ਅੰਤਾਂ ਦੀ ਲਾਚਾਰ ਤੇ ਬੇਬਸ ਰੂਪ ਵਿਚ ਕਰਦਾ ਹੈ ਕਿਉਂਕਿ ਉਹ ਘਰੋਂ ਭੱਜੀ ਅਤੇ ਪਰਿਵਾਰਕ ਕਦਰਾਂ-ਕੀਮਤਾਂ ਤੋਂ ਮੁਕਤ ਹੋਈ ਤਾਂ ਆਪਣੀ ਅਜਿਹੀ ਹਾਲਤ ਲਈ ਉਹ ਆਪ ਜ਼ਿੰਮੇਵਾਰ ਹੈ। ਅਖੀਰ ਵਿਚ ਅਣੂ ਦੀ ਹਾਲਤ ਇਸ ਕਦਰ ਪੇਸ਼ ਕੀਤੀ ਜਾਂਦੀ ਹੈ ਕਿ ਸਭ ਪ੍ਰਕਾਰ ਦੀਆਂ ਖੁਲ੍ਹਾਂ ਮਾਨਣ ਤੋਂ ਬਾਅਦ ਵੀ ਉਸ ਨੂੰ ਮਨ ਦਾ ਚੈਨ ਨਸੀਬ ਨਹੀਂ ਹੁੰਦਾ। ਉਹ ਨਾ ਤਾਂ ਆਪਣੇ ਪਰਿਵਾਰ ਵਿਚ ਬੈਠ ਕੇ ਸਕੂਨ ਪਾਉਂਦੀ ਹੈ ਅਤੇ ਨਾ ਹੀ ਇਕੱਲੀ ਰਹਿੰਦੀ ਹੋਈ। ਅਜਿਹੀ ਪੇਸ਼ਕਾਰੀ ਅਧੀਨ ਪਰਵਾਸੀ ਪੰਜਾਬੀ ਨਾਵਲਕਾਰ ਦਾ ਇਹ ਸਿੱਧ ਕਰਨਾ ਹੈ ਕਿ ਪੂਰਬੀ ਕਦਰਾਂ- ਕੀਮਤਾਂ ਨਕਾਰ ਕੇ ਪੱਛਮੀ ਕਦਰਾਂ-ਕੀਮਤਾਂ ਵਿਚ ਜੇਕਰ ਦੂਜੀ ਪੀੜ੍ਹੀ ਵਿਚਰਦੀ ਹੈ ਜਾਂ ਉਹਨਾਂ ਖੁਲ੍ਹਾਂ ਨੂੰ ਅਪਣਾਉਂਦੀ ਹੈ ਤਾਂ ਉਸ ਦੇ ਮਾੜੇ ਨਤੀਜੇ ਅਣੂ ਵਰਗੀਆਂ ਨੂੰ ਭੁਗਤਣੇ ਪੈਂਦੇ ਹਨ।

ਪਰਵਾਸੀ ਪੰਜਾਬੀ ਨਾਵਲ ਕਿਤੇ ਵੀ ਮੁੰਡਿਆਂ ਨੂੰ ਮਾਪਿਆਂ ਬਾਹਰੀ ਜਾਂ ਅੰਤਰਜਾਤੀ, ਅੰਤਰਨਸਲੀ ਵਿਆਹ ਨਾਲ ਸੰਬੰਧਤ ਮਸਲੇ ਅਧੀਨ ਬਹੁਤੀ ਸਪੇਸ ਨਹੀਂ ਦਿੰਦਾ ਨਾ ਹੀ ਉਹਨਾਂ ਨੂੰ ਦੂਜੀ ਪੀੜ੍ਹੀ ਦੀਆਂ ਕੁੜ੍ਹੀਆਂ ਵਾਂਗ ਮਾਨਸਿਕ ਪ੍ਰੇਸ਼ਾਨੀ ਦੇ ਸ਼ਿਕਾਰ ਚਿਤਰਦਾ ਹੈ। ਜਦੋਂ ਕਿ ਦੂਜੀ ਪੀੜ੍ਹੀ ਦੀਆਂ ਕੁੜੀਆਂ ਦੁਆਰਾ ਅੰਤਰਨਸਲੀ, ਅੰਤਰਜਾਤੀ ਵਿਆਹ ਸੰਬੰਧਾਂ ਨੂੰ ਪਹਿਲੀ ਪੀੜ੍ਹੀ ਦੇ ਪਰਵਾਸੀ ਪੰਜਾਬੀ ਮਾਪੇ ਖਾਸ ਕਰਕੇ ਪਿਤਾ ਧਿਰ ਬਰਦਾਸ਼ਤ ਨਾ ਕਰਦੀ ਹੋਈ ਮਰਨ ਮਰਾਉਂਣ ਤਕ ਪੁਜ ਜਾਂਦੀ ਹੈ। ਇਸ ਪ੍ਰਸੰਗ ਅਧੀਨ ਹਰਜੀਤ ਅਟਵਾਲ ਦੇ ਨਾਵਲ ‘ਬ੍ਰਿਟਿਸ਼ ਬੌਰਨ ਦੇਸੀ’ ਵਿਚ ਸਾਧੂ ਸਿੰਘ, ਸੁਦਾਗਰ ਸਿੰਘ, ਪਾਲਾ ਸਿਘ ਦਾ ਵਿਵਹਾਰ ਵਿਚਾਰਨਯੋਗ ਹੈ। ਸਮਕਾਲ ਵਿਚ ਰਚੇ ਗਏ ਨਾਵਲ ਦਰਸ਼ਨ ਧੀਰ ਦੇ ‘ਵਹਿਣ’ ਵਿਚ ਪਰਵਾਸੀ ਪੰਜਾਬੀ ਮਾਪਿਆਂ ਦੀ ਮਰਦ ਪ੍ਰਧਾਨ ਵਿਵਸਥਾ ਦੀ ਪਿਤਾ ਧਿਰ ਨੇ ਆਪਣੀਆਂ ਧੀਆਂ ਦੇ ਅੰਤਰਜਾਤੀ, ਅੰਤਰਨਸਲੀ ਵਿਆਹਾਂ ਨੂੰ ਪ੍ਰਵਾਨਗੀ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਕਾਰ ਪਰਵਾਸੀ ਪੰਜਾਬੀ ਨਾਵਲਕਾਰ ਪੂਰੀ ਤਰ੍ਹਾਂ ਬਿਲਕੁਲ ਵੀ ਨਹੀਂ ਪਰ ਥੋੜਾ ਬਹੁਤ ਜ਼ਰੂਰ ਆਪਣੀ ਸੋਚ ਵਿਚ ਤਬਦੀਲੀ ਲਿਆਉਂਦੇ ਹੋਏ ਪਰੰਪਰਾਗਤ ਲੀਹਾਂ ਤੋਂ ਪਾਸੇ ਹਟਾਉਂਣ ਦੀ ਕੋਸ਼ਿਸ਼ ਵਿਚ ਹੈ। ‘ਪਰਵਾਸੀ ਪੰਜਾਬੀ ਨਾਵਲ ਪੱਛਮ ਦੀ ਸੈਕਸ ਖੁੱਲ ਅਤੇ ਪਾਰਟਨਰਸ਼ਿਪ ਦੇ ਵਿਰੋਧ ਵਿਚ ਲਗਾਤਾਰ ਤਰਕ ਦਿੰਦਾ ਇਨ੍ਹਾਂ ਦੀ ਨਿਰਾਰਥਕਤਾ ਨੂੰ ਸਿੱਧ ਕਰਦਾ ਹੈ। ਅਜਿਹਾ ਕਰਦਿਆਂ ਉਹ ਪੂਰਬ ਦੇ ਵਿਆਹ ਪ੍ਰਬੰਧ ਬਿਨ੍ਹਾਂ ਕਿਸੇ ਹੋਰ ਮਰਦ ਨਾਲ ਸੰਬੰਧ ਨਾ ਬਣਾਉਂਣ ਦੀ ਧਾਰਨਾ ਨੂੰ ਵੀ ਲੁਕਵੇਂ ਰੂਪ ਵਿਚ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਪੱਛਮੀ ਜੀਵਨ ਜਾਚ ਦੇ ਉਪਰੋਕਤ ਪਹਿਲੂਆਂ ਦੀ ਪੇਸ਼ਕਾਰੀ ਤਾਂ ਕਰਦਾ ਹੈ ਪਰ ਕਰਦਾ ਕੁਝ ਇਸ ਤਰ੍ਹਾਂ ਹੈ ਕਿ ਇਸ ਜੀਵਨ ਜਾਚ ਨੂੰ ਜਿਉਂਣ ਵਾਲੇ ਸਾਰੇ ਪਾਤਰ ਅੰਤ ਤੇ ਦੁਖੀ ਹੁੰਦੇ ਹਨ ਤੇ ਪਛਤਾਉਂਦੇ ਹਨ। ਇਸ ਨਾਵਲ ਨੂੰ ਕਿਧਰੇ ਵੀ ਇੱਕ ਜੋੜਾ ਅਜਿਹਾ ਨਹੀਂ ਮਿਲਦਾ ਜਿਹੜਾ ਰਹਿੰਦਾ ਵੀ ਪਾਰਟਨਰਸ਼ਿਪ ਵਿਚ ਹੋਵੇ ਤੇ ਹੋਵੇ ਵੀ ਖੁਸ਼। ਕਿਉਂਕਿ ਪੱਛਮੀ ਔਰਤ ਪੱਛਮੀ ਜੀਵਨ ਜਾਚ ਦਾ ਆਧਾਰ ਹੈ ਇਸ ਕਰਕੇ ਪਰਵਾਸੀ ਪੰਜਾਬੀ ਨਾਵਲ ਪੱਛਮੀ ਔਰਤਾਂ ਨੂੰ ਵੀ ਨਾਂਹਮੁਖੀ ਤੇ ਇੱਕਪੱਖੀ ਹਵਾਲਿਆਂ ਨਾਲ ਚਿਤਰਦਾ ਹੈ।’

ਪਰਵਾਸੀ ਪੰਜਾਬੀ ਨਾਵਲ ਪੱਛਮੀ ਔਰਤ ਨੂੰ ਇੱਕ ਤੋਂ ਵਧੇਰੇ ਮਰਦਾਂ ਨਾਲ ਸੰਬੰਧ ਰੱਖਣ ਦੀ ਚਾਹਤ ਅਧੀਨ ਲਗਾਤਾਰ ਮੂਲੋਂ ਹੀ ਨਿੰਦਣ ਦੀ ਕਰੁਚੀ ਦਾ ਸ਼ਿਕਾਰ ਹੈ। ਪੱਛਮੀ ਔਰਤ ਪੱਛਮੀ ਜੀਵਨ ਜਾਚ ਅਨੁਸਾਰੀ ਚੱਲਦੀ ਹੋਈ, ਨਿਜ਼ੀ ਆਜ਼ਾਦੀ ਅਤੇ ਸਵੈ ਇੱਛਾ ਦੀ ਧਾਰਨੀ ਬਣੀ ਹੋਈ ਆਪਣੀ ਜ਼ਿੰਦਗੀ ਦੇ ਫ਼ੈਸਲਿਆਂ ਪ੍ਰਤੀ ਆਪਣੇ ਲਈ ਜੀਣ ਦੇ ਅਰਥ ਆਪ ਨਿਸ਼ਚਿਤ ਕਰਦੀ ਹੋਈ ਪਰਵਾਸੀ ਪੰਜਾਬੀ ਨਾਵਲ ਵਿਚ ਪੇਸ਼ ਹੋਈ ਹੈ। ਕਈ ਹਾਲਤਾਂ ਵਿਚ ਉਹ ਆਪਣੇ ਨਿਜ ਦੀ ਖ਼ਾਤਰ ਪਰਿਵਾਰ ਅਤੇ ਬੱਚਿਆਂ ਪ੍ਰਤੀ ਬੇਪਰਵਾਹ ਨਜ਼ਰ ਆਉਂਦੀ ਹੈ। ਪਰਵਾਸੀ ਪੰਜਾਬੀ ਨਾਵਲ ਜਿਆਦਾਤਰ ਪੱਛਮੀ ਔਰਤ ਦੇ ਵਿਵਹਾਰ ਨੂੰ ਘੱਟ ਹੰਢਣਸਾਰ, ਘੱਟ ਵਿਸ਼ਵਾਸ਼ਯੋਗ ਅਤੇ ਦੁੱਖ-ਸੁੱਖ ਵਿਚ ਭਾਈਵਾਲਤਾ ਨਾ ਬਣਨ ਵਾਲੇ ਰੂਪ ਵਿਚ ਚਿਤਰਦਾ ਹੈ। ਉਪਰੋਕਤ ਪ੍ਰਸੰਗ ਅਧੀਨ ਹਰਜੀਤ ਅਟਵਾਲ ਦੇ ਨਾਵਲ ‘ਵਨ ਵੇਅ’ ਦੀ ਆਮਾਂਡਾ, ਅਮਰਜੀਤ ਸਿੰਘ ਦੇ ਨਾਵਲ ‘ਵਹਿੰਦੇ ਪਾਣੀ’ ਦੀ ਜੀਨਾ, ਸ਼ਿਵਚਰਨ ਗਿੱਲ ਦੇ ਨਾਵਲ ‘ਮੋਹਜਾਲ’ ਦੀ ਟਰੇਸੀ ਦਾ ਵਿਵਹਾਰ ਵੇਖਿਆਂ ਜਾ ਸਕਦਾ ਹੈ। ‘ਵਨ ਵੇਅ’ ਦੀ ਆਮਾਂਡਾ ਆਸਟ੍ਰੇਲੀਆ ਆਪਣੇ ਪਤੀ ਅਤੇ ਪੁੱਤਰ ਨੂੰ ਛੱਡ ਕੇ ਪੰਜ ਸਾਲ ਦੇ ਵੀਜੇ ਤੇ ਇੰਗਲੈਂਡ ਆਪਣੇ ਪੁਰਖਿਆਂ ਦੀ ਖੋਜ ਵਿਚ ਆਉਂਦੀ ਹੈ। ਇਸ ਸਮੇਂ ਦੌਰਾਨ ਉਹ ਆਪਣੇ ਪਰਿਵਾਰ ਪ੍ਰਤੀ ਵਫ਼ਾਦਾਰ ਰਹਿਣ ਦੀ ਬਜਾਇ ਪਰਵਾਸੀ ਪੰਜਾਬੀ ਮਰਦ ਸੁਰਜਨ ਨਾਲ ਆਪਣੇ ਸੰਬੰਧ ਬਣਾਉਂਦੀ ਹੈ। ਇਸੇ ਤਰਾਂ ‘ਵਹਿੰਦੇ ਪਾਣੀ’ ਦੀ ਜੀਨਾ ਆਪਣੇ ਪਤੀ ਹਰਿੰਦਰ ਅਤੇ ਦੋ ਧੀਆਂ ਪ੍ਰਤੀ ਸਮਰਪਿਤ ਭਾਵਨਾ ਰੱਖਣ ਦੀ ਬਜਾਇ ਨਿਜੀ ਆਜਾਦੀ ਨੂੰ ਕਾਇਮ ਰੱਖਣ ਦੀ ਲਾਲਸਾ ਹਿਤ ਘਰੋਂ ਬਾਹਰ ਸੰਬੰਧ ਬਣਾਉਂਦੀ ਹੈ। ‘ਮੋਹਜਾਲ’ ਦੀ ਪੱਛਮੀ ਔਰਤ ਟਰੇਸੀ ਆਪਣੇ ਪਤੀ ਦੀ ਗੈਰਹਾਜ਼ਰੀ ਵਿਚ ਮਹਿਜ ਟਾਈਮ ਪਾਸ ਲਈ ਪ੍ਰੀਤਮ ਨਾਂ ਦੇ ਪਰਵਾਸੀ ਪੰਜਾਬੀ ਮਰਦ ਦੇ ਸੰਪਰਕ ਵਿਚ ਆਉਂਦੀ ਹੈ। ਪਰਵਾਸੀ ਪੰਜਾਬੀ ਨਾਵਲ ਪੱਛਮੀ ਔਰਤ ਨੂੰ ਸੈਕਸ, ਸ਼ਰਾਬ ਅਤੇ ਡਰੱਗ ਵਿਚ ਲੀਨ ਪੇਸ਼ ਕਰਦਾ ਹੋਇਆ ਉਸ ਨੂੰ ਨਾਂਹ ਮੁਖੀ ਧੁਨੀਆਂ ਸਹਿਤ ਚਿਤਰਦਾ ਹੈ। ਇਸ ਪ੍ਰਸੰਗ ਅਧੀਨ ਹਰਜੀਤ ਅਟਵਾਲ ਦੇ ਨਾਵਲ ‘ਸਵਾਰੀ’ ਦੀ ਐਲੀਸਨ, ਮੈਰੀ, ਲਿਜ, ਜੀਨ, ਅਤੇ ‘ਰੇਤ’ ਨਾਵਲ ਦੀਆਂ ਪੱਛਮੀ ਔਰਤਾਂ ਬੀਟਰਸ, ਕੈਥੀ, ਮੈਰੀ, ਦਰਸ਼ਨ ਧੀਰ ਦੇ ਨਾਵਲ ‘ਵਹਿਣ’ ਦੀਆਂ ਪੱਛਮੀ ਔਰਤਾਂ ਲੀਸਾ ਟੈੱਡ ਅਤੇ ਐਨ ਜੈਕਸਨ ਦੇ ਚਰਿਤਰ ਦੀ ਪੇਸ਼ਕਾਰੀ ਵਿਚਾਰਨਯੋਗ ਹੈ। ਹਰਜੀਤ ਅਟਵਾਲ ਦੇ ਨਾਵਲ ‘ਸਵਾਰੀ’ ਅਤੇ ‘ਰੇਤ’ ਨਾਵਲ ਦੀਆਂ ਪੱਛਮੀ ਔਰਤਾਂ ਇੱਕ ਤੋਂ ਬਾਅਦ ਇੱਕ ਅਨੇਕਾਂ ਮਰਦਾਂ ਦੇ ਸੰਪਰਕ ਵਿਚ ਆਉਂਦੀਆਂ ਹਨ। ਇਹ ਪੱਛਮੀ ਔਰਤਾਂ ਆਰਥਿਕ ਲੋੜਾਂ ਦੀ ਪੂਰਤੀ ਅਧੀਨ ਅਜਿਹੇ ਸੰਬੰਧਾਂ ਨੂੰ ਪ੍ਰਮੁਖਤਾ ਦਿੰਦੀਆਂ ਪੇਸ਼ ਹੋਈਆਂ ਹਨ। ਇਹ ਔਰਤਾਂ ਇੱਕ ਮਰਦ ਪ੍ਰਤੀ ਸਦੀਵੀ ਰਿਸ਼ਤਿਆਂ ਵਿਚ ਬੱਝਣ ਦੀ ਬਜਾਇ ਵਕਤੀ ਮਾਨਸਿਕ ਸਕੂਨ ਦੀ ਭਾਲ ਵਿਚ ਨਜ਼ਰੀ ਪੈਂਦੀਆਂ ਹਨ। ਪਰਵਾਸੀ ਪੰਜਾਬੀ ਨਾਵਲ ਪੱਛਮੀ ਔਰਤ ਦੀ ਸਮੱਸਿਆ ਦਾ ਸਾਰਥਿਕ ਹੱਲ ਲੱਭਣ ਦੀ ਬਜਾਇ ਸੰਬੰਧ ਬਣਾਉਂਣ ਵਿਚ ਹੀ ਆਪਣੇ ਆਪ ਨੂੰ ਸਮੱਸਿਆ ਤੋਂ ਦੂਰ ਭੱਜਣ ਦਾ ਭਰਮ ਪਾਲਦਿਆਂ ਪੇਸ਼ ਕਰਦਾ ਹੈ। ਦਰਸ਼ਨ ਧੀਰ ਦੇ ਨਾਵਲ ‘ਵਹਿਣ’ ਦੀ ਪੱਛਮੀ ਔਰਤ ਐਨ ਜੈਕਸਨ ਡਰੱਗ ਦੇ ਧੰਦੇ ਦੀ ਆਦੀ ਅਤੇ ਇਸ ਧੰਦੇ ਨੂੰ ਪ੍ਰਫੁਲਿਤ ਕਰਨ ਦੀ ਪ੍ਰਵਿਰਤੀ ਦੀ ਧਾਰਨੀ ਬਣੀ ਪੇਸ਼ ਕੀਤੀ ਗਈ ਹੈ। ਉਪਰੋਕਤ ਵਿਸ਼ਲੇਸ਼ਣ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਦੀ ਪੇਸ਼ਕਾਰੀ ਤੋਂ ਸਪੱਸ਼ਟ ਹੈ ਕਿ ਪਰਵਾਸੀ ਪੰਜਾਬੀ ਨਾਵਲ ਵਿਚ ਪਹਿਲੀ ਪੀੜ੍ਹੀ ਦੀ ਪੰਜਾਬੀ ਕਦਰਾਂ ਅਨੁਸਾਰੀ ਪਰਵਾਸੀ ਪੰਜਾਬੀ ਔਰਤ ਸਤਿਕਾਰਯੋਗ ਰੂਪ ਵਿਚ ਪੇਸ਼ ਹੋਈ ਹੈ ਅਤੇ ਪੰਜਾਬੀ ਕਦਰਾਂ-ਕੀਮਤਾਂ ਤੋਂ ਪੱਲਾ ਛੁਡਾਉਣ ਵਾਲੀ ਨੂੰ ਪਰਵਾਸੀ ਪੰਜਾਬੀ ਨਾਵਲ ਨਿੰਦਣਯੋਗ ਨਜ਼ਰੀਏ ਤੋਂ ਚਿਤਰਦਾ ਹੈ। ਪਰਵਾਸੀ ਪੰਜਾਬੀਆਂ ਦੀਆਂ ਦੂਜੀ ਪੀੜ੍ਹੀ ਦੀਆਂ ਕੁੜੀਆਂ ਨੂੰ ਪੂਰਬੀ ਕਦਰਾਂ-ਕੀਮਤਾਂ ਦੇ ਅਨੁਕੂਲ ਚੱਲਣ ਦੀ ਬਜਾਇ ਪੱਛਮੀ ਕਦਰਾਂ-ਕੀਮਤਾਂ ਦੇ ਅਨੁਸਾਰ ਚੱਲਣ ਕਰਕੇ ਦੁਚਿੱਤੀ ਦੀ ਸ਼ਿਕਾਰ ਬਣਿਆਂ ਚਿਤਰਦਾ ਹੈ। ਪੱਛਮੀ ਔਰਤ ਦੀ ਇੱਕ ਤੋਂ ਵਧੇਰੇ ਮਰਦਾਂ ਨਾਲ ਸੰਬੰਧ ਰੱਖਣ ਦੀ ਚਾਹਤ ਅਤੇ ਸੈਕਸ, ਸ਼ਰਾਬ ਅਤੇ ਡਰੱਗਵਾਦੀ ਪ੍ਰਵਿਰਤੀ ਕਰਕੇ ਪਰਵਾਸੀ ਪੰਜਾਬੀ ਨਾਵਲ ਪੱਛਮੀ ਔਰਤ ਨੂੰ ਨਿਖੇਧਆਤਮਕ ਨਜ਼ਰੀਏ ਤੋਂ ਚਿਤਰਦਾ ਹੈ। ਬੇਸ਼ਕ ਪੱਛਮੀ ਔਰਤ ਦੇ ਸਮਰਪਣ ਭਾਵਨਾ ਵਾਲੇ ਬਿੰਬ ਜਰਨੈਲ ਸਿੰਘ ਸੇਖਾ ‘ਭਗੌੜਾ’ ਅਧੀਨ ਪ੍ਰਸੰਸਾਯੋਗ ਨਜ਼ਰੀਆ ਵੀ ਰੱਖਦਾ ਹੈ ਪਰ ਜਿਆਦਾਤਰ ਸੁਰ ਉਸ ਦੀ ਪੱਛਮੀ ਔਰਤ ਪ੍ਰਤੀ ਨਿਖੇਧਆਤਮਕ ਹੀ ਰਹਿੰਦੀ ਹੈ।

ਹਵਾਲੇ ਅਤੇ ਟਿੱਪਣੀਆਂ
1. ਡਾ. ਗੁਰਮੁਖ ਸਿੰਘ, ਪਰਵਾਸੀ ਪੰਜਾਬੀ ਨਾਵਲ ਵਿਚ ਔਰਤ ਮਸਲੇ ਅਤੇ ਪੇਸ਼ਕਾਰੀ, (ਸੰਪਾ) ਜਸਵਿੰਦਰ ਕੌਰ ਮਾਂਗਟ, ਪੰਜਾਬੀ ਡਾਇਸਪੋਰਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,2007,ਪੰਨਾ-57
2. ਸਵਰਨ ਚੰਦਨ , ਕੰਜਕਾਂ , ਆਰਸੀ ਪਬਲਿਸ਼ਰਜ਼ , ਦਿੱਲੀ , 2004 , ਪੰਨਾ-310
3. ਡਾ. ਗੁਰਮੁਖ ਸਿੰਘ, ਪਰਵਾਸੀ ਪੰਜਾਬੀ ਨਾਵਲ ਵਿਚ ਔਰਤ ਮਸਲੇ ਅਤੇ ਪੇਸ਼ਕਾਰੀ, (ਸੰਪਾ) ਜਸਵਿੰਦਰ ਕੌਰ ਮਾਂਗਟ, ਪੰਜਾਬੀ ਡਾਇਸਪੋਰਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,2007,ਪੰਨਾ-61
4. ਬਲਕਾਰ ਸਿੰਘ, ਡਾਇਸਪੋਰਾ ਅਤੇ ਪੰਜਾਬੀ ਬਿਰਤਾਂਤ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2007, ਪੰਨਾ-58
5. ਧਨਵੰਤ ਕੌਰ, ਪ੍ਰਤੀਮਾਨ, ਅਮਰੀਕੀ ਪੰਜਾਬੀ ਕਹਾਣੀ ਦੀ ਨਕਸ਼ ਨੁਹਾਰ, ਅਕਤੂਬਰ-ਦਸੰਬਰ 2004, ਪੰਨਾ-55
6. ਦਰਸ਼ਨ ਧੀਰ, ਹਾਸ਼ੀਏ, ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2008, ਪੰਨਾ-121
7. ਸਵਰਨ ਚੰਦਨ, ਕੰਜਕਾਂ, ਆਰਸੀ ਪਬਲਿਸ਼ਰਜ਼, ਦਿੱਲੀ, 2004, ਪੰਨਾ-365
8. ਡਾ. ਗੁਰਮੁਖ ਸਿੰਘ, ਪਰਵਾਸੀ ਪੰਜਾਬੀ ਨਾਵਲ ਵਿਚ ਔਰਤ ਮਸਲੇ ਅਤੇ ਪੇਸ਼ਕਾਰੀ, (ਸੰਪਾ) ਜਸਵਿੰਦਰ ਕੌਰ ਮਾਂਗਟ, ਪੰਜਾਬੀ ਡਾਇਸਪੋਰਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,2007,ਪੰਨਾ-64
 

13/06/15

 

ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ. ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ.ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ. ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ. ਬੀ. ਸੀ. ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ. ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)