ਪ੍ਰਮਾਤਮਾ ਇੱਕ-ਅੱਧੀ ਕਲਾ ਤਾਂ ਹਰ ਕਿਸੇ ਨੂੰ ਬਖਸ਼ਦਾ-ਹੀ-ਬਖਸ਼ਦਾ ਹੈ।
ਕਿਸੇ ਨੂੰ ਇੱਕ ਤੋਂ ਵੱਧ ਵੀ। ਪ੍ਰੰਤੂ ਕਿਸੇ ਸਖਸ਼ ਨੂੰ ਤਾਂ ਕਲਾਵਾਂ ਦਾ
ਗੁਲਦਸਤਾ ਹੀ ਬਣਾਕੇ ਰੱਖ ਦਿੰਦਾ ਹੈ। ਇਹੋ ਜਿਹਾ ਹੀ ਇੱਕ ਭਾਗਸ਼ਾਲੀ ਇਨਸਾਨ
ਹੈ, ਜਿਲ੍ਹਾ ਸੰਗਰੂਰ ਦੇ ਪਿੰਡ ਰਾਜਿੰਦਰਾਪੁਰੀ (ਰੰਚਣਾ) ਦਾ, ਮੂਲ ਚੰਦ
ਸ਼ਰਮਾ। ਉਹ ਗੀਤਕਾਰ, ਗਾਇਕ, ਚਿੱਤਰਕਾਰ, ਸਮਾਜ-ਸੇਵੀ ਅਤੇ ਸਟੇਜ ਦਾ ਧਨੀ
(ਐਂਕਰ) ਤਾਂ ਹੈ ਹੀ, ਕਦੇ-ਕਦੇ ਕਦਾਈਂ ਕਹਾਣੀ ਵੀ ਲਿਖਦਾ ਰਹਿੰਦਾ ਹੈ।
ਆਓ, ਅੱਜ ਗੱਲ ਕਰਦੇ ਹਾਂ, ਸਿਰਫ ਉਸਦੀ ਗੀਤਕਾਰੀ ਦੀ ਹੀ। ਉਹ ਬਚਪਨ
ਵਿੱਚ ਗੀਤ ਸੁਣਦਾ-ਸੁਣਦਾ ਗਾਉਣ ਲੱਗ ਗਿਆ ਅਤੇ ਗਾਉਂਦਾ-ਗਾਉਂਦਾ ਲਿਖਣ ਲੱਗ
ਪਿਆ। ਪਹਿਲਾ ਗੀਤ ਨੌਂਵੀ ਜਮਾਤ ਵਿੱਚ ਪੜ੍ਹਦਿਆਂ ਲਿਖਿਆ। ਕਰਤਾਰ ਸਿੰਘ
ਪੰਛੀ ਅਤੇ ਹਰਨੇਕ ਸੋਹੀ ਜਿਹੇ ਅਧਿਆਪਕਾਂ ਦੀ ਹੱਲਾਸ਼ੇਰੀ ਨਾਲ ਉਹ ਗੀਤਕਾਰੀ
ਦੀਆਂ ਪੌੜੀਆਂ ਚੜ੍ਹਦਾ ਗਿਆ। ਇਕੱਤੀ ਗੀਤ ਉਸ ਦੇ ਪੰਜਾਬੀ ਦੇ ਨਵੇਂ ਤੇ
ਪੁਰਾਣੇ ਗਾਇਕ-ਗਾਇਕਾਵਾਂ ਦੀ ਆਵਾਜ ਵਿੱਚ ਰਿਕਾਰਡ ਹੋ ਕੇ ਤਵਿਆਂ,
ਕੈਸਿਟਾਂ ਅਤੇ ਸੀ. ਡੀਜ. ਰਾਹੀਂ ਸਰੋਤਿਆਂ ਤੱਕ ਪਹੁੰਚੇ ਹੀ ਨਹੀਂ, ਬਲਕਿ
ਪ੍ਰਵਾਨ ਵੀ ਹੋਏ। ਉਸ ਦਾ ਨਸ਼ਿਆਂ ਦੇ ਖਿਲਾਫ ਲਿਖਿਆ ਇੱਕ ਗੀਤ, 'ਪਾਣੀ ਦਾ
ਜੱਗ ਫੜਾ ਦੇ, ਕੌਲੀ ਵਿੱਚ ਸਬਜੀ ਪਾ ਦੇ' ਤਾਂ ਤਿੰਨ ਵੱਖੋ-ਵੱਖ ਕਲਾਕਾਰਾਂ
ਨੇ ਰਿਕਾਰਡ ਕਰਵਾਇਆ। ਭਲੇ ਵਕਤਾਂ ਵਿੱਚ ਐਚ. ਐਮ. ਵੀ. ਰਿਕਾਰਡਿੰਗ ਕੰਪਨੀ
ਤੋਂ ਉਸ ਨੂੰ ਗੀਤਾਂ ਦੀ ਰਾਇਲਟੀ ਵੀ ਮਿਲਦੀ ਰਹੀ ਹੈ। ਉਮਰ ਅਤੇ ਤਜਰਬੇ
ਨਾਲ ਉਸ ਦੇ ਗੀਤਾਂ ਦੇ ਵਿਸ਼ੇ ਬਦਲਦੇ ਰਹੇ। ਕਾਮਰੇਡ ਗੁਰਦਿਆਲ ਨਿਰਮਾਣ
ਧੂਰੀ ਦੀ ਅਵਾਜ ਵਿੱਚ ਰਿਕਾਰਡ ਗੀਤ 'ਮੈਂ ਇੱਕ ਜਗਦਾ ਦੀਵਾ' ਸਾਹਿਤਕ
ਸਮਾਰੋਹਾਂ ਤੋਂ ਇਲਾਵਾ ਕਮਿਊਨਿਸਟ ਪਾਰਟੀਆਂ ਦੇ ਸਮਾਗਮਾਂ ਵਿੱਚ ਵੀ ਸੁਣਿਆ
ਅਤੇ ਸਲਾਹਿਆਂ ਜਾਂਦਾ ਹੈ।
ਉਸ ਦੇ ਸੈਂਕੜੇ ਗੀਤ ਅਖਬਾਰਾਂ-ਰਸਾਲਿਆਂ ਅਤੇ ਸੰਪਾਦਿਤ ਪੁਸਤਕਾਂ ਵਿੱਚ
ਛੱਪ ਚੁੱਕੇ ਹਨ। ਉਸ ਦੇ ਗੀਤਾਂ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ
ਹਰ ਰੰਗ ਹੈ। ਜਦੋਂ ਉਹ ਪੰਜਾਬੀ ਸਾਹਿਤ ਸਭਾ, ਧੂਰੀ ਦਾ ਮੈਂਬਰ ਬਣਿਆ ਤਾਂ
ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ। ਪਿਛਲੇ ਪੈਂਤੀ ਸਾਲਾਂ ਵਿੱਚ ਸਧਾਰਨ
ਮੈਂਬਰ ਤੋਂ ਸ਼ੁਰੂ ਹੋ ਕੇ ਅੱਜ ਉਹ ਸਭਾ ਦਾ ਪ੍ਰਧਾਨ ਅਤੇ ਲੋਕ ਗਾਇਕ ਕਲਾ
ਮੰਚ ਜਿਲ੍ਹਾ ਸੰਗਰੂਰ ਦਾ ਜਨਰਲ ਸਕੱਤਰ ਹੈ। ਰੇਡਿਓ ਤੇ ਦੂਰਦਰਸ਼ਨ ਦੇ
ਕਵੀ-ਦਰਬਾਰਾਂ ਵਿੱਚ ਵੀ ਉਹ ਕਈ ਵਾਰ ਹਿੱਸਾ ਲੈ ਚੁੱਕਾ ਹੈ।
ਸਾਲ 2014 ਵਿੱਚ ਮੂਲ ਚੰਦ ਸ਼ਰਮਾ ਦਾ ਕਾਵਿ-ਸੰਗ੍ਰਹਿ 'ਪੱਥਰ 'ਤੇ
ਲਕੀਰਾਂ' ਛਪਿਆ। ਪਾਠਕਾਂ, ਲੇਖਕਾਂ ਅਤੇ ਆਲੋਚਕਾਂ ਵੱਲੋਂ ਕਾਫੀ ਸਲਾਹਿਆ
ਗਿਆ। ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦੇ ਪੁਸਤਕ ਮੁਕਾਬਲੇ
ਵਿੱਚ 'ਜਸਵੰਤ ਸਿੰਘ ਧਮੋਟ ਯਾਦਗਰੀ ਐਵਾਰਡ' ਨਾਲ ਉਸਨੂੰ ਨਿਵਾਜਿਆ ਗਿਆ।
ਦੋ ਹੋਰ ਕਿਤਾਬਾਂ ਦੇ ਖਰੜੇ ਤਿਆਰ ਪਏ ਹਨ। ਉਸ ਦੀ ਜਨਮ-ਭੂਮੀ ਰੰਚਣਾ ਦੇ
ਲੋਕਾਂ ਨੇ ਯੂਥ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਰਾਹੀਂ ਉਸ ਨੂੰ 'ਪਿੰਡ
ਦਾ ਮਾਣ ਐਵਾਰਡ' ਨਾਲ ਸਨਮਾਨਿਤ ਕੀਤਾ।
ਪਿਛਲੇ ਮਹੀਨੇ ਪੰਜਾਬੀ ਸਾਹਿੱਤਕ ਮੰਚ ਚਮਕੌਰ ਸਾਹਿਬ (ਰੋਪੜ) ਦੇ ਗੀਤ
ਮੁਕਾਬਲੇ ਵਿੱਚ ਉਸ ਦਾ ਗੀਤ 'ਧੀਆਂ ਪਾਣੀ ਰੁੱਖ' ਜੇਤੂ ਰਿਹਾ ਤਾਂ ਉਸ ਨੂੰ
'ਗੀਤਾਂ ਦਾ ਵਣਜਾਰਾ' ਐਵਾਰਡ ਦਿੱਤਾ ਗਿਆ ਹੈ। ਅੱਜ ਕੱਲ੍ਹ ਉਹ ਪੰਜਾਬੀ
ਸਾਹਿਤ ਸਭਾ, ਧੂਰੀ ਦੇ ਮੈਂਬਰਾਂ ਦਾ ਸਾਂਝਾ ਕਾਵਿ-ਸੰਗ੍ਰਿਹ 'ਚੰਨ ਸਿਤਾਰੇ
ਜੁਗਨੂੰ' ਦੀ ਸੰਪਾਦਨਾ ਕਰ ਰਿਹਾ ਹੈ। ਕਿੱਤੇ ਪੱਖੋਂ ਉਹ ਡਰਾਇੰਗ ਦੇ ਵਿਸ਼ੇ
ਦੇ ਸਕੂਲ-ਅਧਿਆਪਕ ਵੱਜੋਂ ਸੇਵਾ-ਮੁਕਤ ਹੋਇਆ ਹੈ।
ਸ਼ਾਲ੍ਹਾ! ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁਦੱਈ ਮੂਲ ਚੰਦ ਸ਼ਰਮਾ
ਇਸੇ ਤਰ੍ਹਾਂ ਹੀ ਆਪਣੀਆਂ ਸਾਹਿਤਕ, ਸੱਭਿਆਚਾਰਕ ਅਤੇ ਸਮਾਜਿਕ
ਮਹਿਕਾਂ-ਖੁਸ਼ਬੂਆਂ ਵੰਡਦਾ, ਪੰਜਾਬੀ ਮਾਂ-ਬੋਲੀ ਦੇ ਵਿਹੜੇ ਨੂੰ ਸ਼ਿੰਗਾਰਨ
ਦੀ ਸੇਵਾ ਕਰਦਾ ਰਹੇ! ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਮੂਲ ਚੰਦ ਸ਼ਰਮਾ, ਪਿੰਡ ਰਾਜਿੰਦਰਾਪੁਰੀ (ਰੰਚਣਾ) ਜਿਲ੍ਹਾ
ਸੰਗਰੂਰ (9478408898)
|