ਸਰੀ: ਪੰਜਾਬੀ ਦੇ ਨਾਮਵਰ ਦਾਰਸ਼ਨਿਕ ਕਵੀ ਨਵਤੇਜ ਭਾਰਤੀ ਜਦੋਂ ਪਿਛਲੇ
ਦਿਨੀ ਵੈਨਕੂਵਰ ਫੇਰੀ 'ਤੇ ਆਏ ਤਾਂ ਉਹਨਾਂ ਨਾਲ ਕੁਝ ਪੱਤਰਕਾਰਾਂ ਤੇ
ਸਾਹਿਤਕਾਰਾਂ ਦੀ ਇਕ ਬੈਠਕ 29 ਅਗਸਤ 2012 ਨੂੰ ਜਰਨੈਲ ਆਰਟ ਗੈਲਰੀ ਸਰੀ
ਵਿਖੇ ਹੋਈ। ਸਭ ਤੋਂ ਪਹਿਲਾਂ ਜਰਨੈਲ ਸਿੰਘ ਆਰਟਸਿਟ ਨੇ ਆਏ ਸੱਜਣਾਂ ਨੂੰ
ਆਰਟ ਗੈਲਰੀ ਵਿਚ 'ਜੀ ਆਇਆਂ' ਕਿਹਾ ਤੇ ਫਿਰ ਅੱਜ ਦੀ ਮੀਟੰਗ ਤੇ ਨਵਤੇਜ
ਭਾਰਤੀ ਬਾਰੇ ਚੰਦ ਸ਼ਬਦ ਬੋਲ ਕੇ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ।
ਸ੍ਰੋਮਣੀ ਸਾਹਿਤਕਾਰ ਅਜਮੇਰ ਰੋਡੇ, ਜਿਹੜੇ ਕਿ ਨਵਤੇਜ ਭਾਰਤੀ ਦੇ ਛੋਟੇ
ਭਰਾ ਹਨ, ਨੇ ਨਵਤੇਜ ਭਾਰਤੀ ਦੇ ਬਚਪਨ, ਸ਼ਖਸੀਅਤ ਤੇ ਉਸ ਦੇ ਮੇਹਰ ਸਿੰਘ
ਤੋਂ ਨਵਤੇਜ ਭਾਰਤੀ ਬਣਨ ਤੱਕ ਦੀ ਗਾਥਾ ਬਿਆਨ ਕਰਦਿਆਂ ਦੱਸਿਆ ਕਿ ਨਵਤੇਜ
ਨੇ ਆਪਣੀਆਂ ਪਹਿਲੀਆਂ ਕਵਿਤਾਵਾਂ ਛਪਵਾਉਣ ਦੀ ਥਾਂ ਸਾੜ ਦਿੱਤੀਆਂ ਸਨ।
ਜਰਨੈਲ ਸਿੰਘ ਸੇਖਾ, ਨਵਤੇਜ ਭਾਰਤੀ ਨਾਲ ਇਕੋ ਸਕੂਲ ਵਿਚ ਪੜਦ੍ਹਾ ਰਿਹਾ
ਹੋਣ ਕਰ ਕੇ, ਨੇ ਉਹਦੀਆਂ ਸਕੂਲ ਸਮੇਂ ਦੀਆਂ ਧਾਰਮਿਕ, ਸਾਹਿਤਕ ਤੇ ਸਮਾਜਿਕ
ਗਤੀਵਿਧੀਆਂ ਬਾਰੇ ਚਾਨਣਾ ਪਾਇਆ ਤੇ ਨਵਤੇਜ ਦੀ ਘੁਮੱਕੜ ਬਿਰਤੀ ਬਾਰੇ ਇਕ
ਘਟਨਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ।
ਡਾ. ਸਾਧੂ ਸਿੰਘ ਨੇ ਨਵਤੇਜ ਭਾਰਤੀ ਦੀ ਕਵਿਤਾ ਬਾਰੇ ਵਿਸਥਾਰ ਵਿਚ ਗੱਲ
ਕਰਦਿਆਂ ਕਿਹਾ ਕਿ ਨਵਤੇਜ ਦੀ ਕਵਿਤਾ ਆਮ ਕਵੀਆਂ ਨਾਲੋਂ ਹਟ ਕੇ ਹੈ ਅਤੇ
ਪਰੰਪਰਿਕ ਵਿਚਾਰਧਾਰਵਾਂ ਨੂੰ ਖੰਡਿਤ ਕਰਦੀ ਹੈ।
ਨਵਤੇਜ ਭਾਰਤੀ ਨੇ ਆਪਣੇ ਭਾਸ਼ਨ ਵਿਚ ਪਟਿਆਲੇ ਦੇ ਭੂਤਵਾੜੇ ਤੋਂ ਗੱਲ
ਸ਼ੁਰੂ ਕਰ ਕੇ ਆਪਣੀ ਸਮੁੱਚੀ ਕਾਵਿ ਵਿਧਾ ਬਾਰੇ ਗੱਲ ਕੀਤੀ। ਉਸ ਦਾ ਕਹਿਣਾ
ਸੀ ਕਿ ਮੇਰੀਆਂ ਪਹਿਲੀਆਂ ਕਵਿਤਾਵਾਂ ਤੇ ਗੀਤਾਂ ਵਿਚ ਰੁਮਾਂਟਿਕਤਾ ਭਾਰੂ
ਸੀ। ਮੋਹਣ ਸਿੰਘ ਤੇ ਅਮ੍ਰਿਤਾ ਪ੍ਰੀਤਮ ਦੀ ਕਾਵਿਧਾਰਾ ਵੀ ਇਹੋ ਸੀ। ਮੈਂ
ਕਵਿਤਾ ਨੂੰ ਇਕ ਵਾਖਰੇ ਨਜ਼ਰੀਏ ਤੋਂ ਦੇਖਦਾ ਸੀ। ਇਸੇ ਲਈ ਮੈਂ ਆਪਣੀਆਂ
ਪਹਿਲੀਆਂ ਰਚਨਾਵਾਂ ਨੂੰ ਅਗਨਭੇਟ ਕਰ ਦਿੱਤਾ। ਨਵਤੇਜ ਦਾ ਕਹਿਣਾ ਸੀ ਕਵਿਤਾ
ਦੀ ਇਕ ਆਪਣੀ ਭਾਸ਼ਾ ਹੁੰਦੀ ਹੈ। ਸਾਡੇ ਅਚੇਤ ਮਨ ਵਿਚ ਪਈਆਂ ਯਾਦਾਂ ਦਾ
ਭੌਤਕ, ਭਾਸ਼ਕ ਤੇ ਕਾਵਿਕ ਰੂਪ ਵਿਚ ਸੁਮੇਲ ਹੋ ਜਾਏ ਤਾਂ ਕਵਿਤਾ ਬਣ ਜਾਂਦੀ
ਹੈ। ਸੰਸਾਰ ਨੂੰ ਨੰਗੇ ਮੂੰਹ ਦੇਖ ਕੇ ਉਸ ਵਿਚੋਂ ਸਚਾਈ ਦੀ ਟੋਲ ਕਰਨੀ
ਚਾਹੀਦੀ ਹੈ। ਕਵੀ ਦੀ ਕੋਈ ਧਿਰ ਨਹੀਂ ਹੁੰਦੀ, ਉਸ ਦੀ ਧਿਰ ਸੱਚ ਨਾਲ
ਹੁੰਦੀ ਹੈ। ਘਟਨਾਵਾਂ ਵੱਡੀਆਂ ਛੋਟੀਆਂ ਨਹੀਂ ਹੁੰਦਆਂ, ਹਰ ਘਟਨਾ ਆਪਣੇ ਆਪ
ਵਿਚ ਮਹਾਨ ਹੁੰਦੀ ਹੈ ਤੇ ਇਕ ਦੂਜੀ ਨਾਲ ਜੁੜੀ ਹੋਈ ਹੁੰਦੀ ਹੈ। ਉਸ ਵਿਚੋਂ
ਹੀ ਕਵੀ ਨੇ ਕਾਵਿ ਸੱਚ ਨੂੰ ਰੂਪਮਾਨ ਕਰਨਾ ਹੁੰਦਾ ਹੈ। ਕਵਿਤਾ ਵਿਚੋਂ ਗੱਲ
ਦਿਸਣੀ ਚਾਹੀਦੀ ਹੈ, ਕਵਿਤਾ ਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ।
ਨਵਤੇਜ ਨੇ ਆਪਣੇ ਨਵੇਂ ਕਾਵਿ ਸੰਗ੍ਰਹਿ 'ਲਾਲੀ' ਬਾਰੇ ਗੱਲ ਬਾਤ
ਕਰਦਿਆਂ ਕਿਹਾ ਕਿ ਇਸ ਵਿਚ ਸੱਤ ਪਾਤਰ ਘਾਹ 'ਤੇ ਬੈਠੇ ਗੱਲ ਬਾਤ ਕਰਦੇ ਹਨ।
ਇਸ ਕਵਿਤਾ ਦਾ ਕੋਈ ਵਿਧੀ ਵਿਧਾਨ ਨਹੀਂ। ਬਿਨਾਂ ਵਿਸ਼ੇ ਦੇ ਗੱਲ ਬਾਤ ਰਾਹੀਂ
ਕਵਿਤਾ ਅਗਾਂਹ ਤੁਰਦੀ ਹੈ ਤੇ ਵਿਸ਼ੇ ਆਪਣੇ ਆਪ ਆਈ ਜਾਂਦੇ ਹਨ। ਉਹਨਾਂ ਕਈ
ਉਦਾਹਰਨਾਂ ਦੇ ਕੇ ਦੱਸਿਆ ਕਿ ਇਸ ਕਵਿਤਾ ਵਿਚ ਅਣਕਹੀਆਂ ਕਥਾਵਾਂ ਦੀ ਕਥਾ
ਵੀ ਨਾਲ ਨਾਲ ਚਲਦੀ ਹੈ।
ਸਰੋਤਿਆਂ ਵਿਚੋਂ ਪ੍ਰਿੰ. ਹਰਚਰਨ ਸਿੰਘ ਪੁੰਨੀਆ, ਰੇਡੀਉ ਹੋਸਟ ਕੁਲਜੀਤ
ਕੌਰ, ਸੁਖਵੰਤ ਹੁੰਦਲ, ਕੁਵਿੰਟਲਨ ਯੂਨੀਵਰਸਿਟੀ ਤੋਂ ਰਣਬੀਰ ਕੌਰ ਜੌਹਲ,
ਫਰੇਜ਼ਰ ਯੂਨੀਵਰਸਿਟੀ ਤੋਂ ਪ੍ਰੋ. ਪਰਭਜੋਤ ਕੌਰ, ਸੁਰਜੀਤ ਕਲਸੀ, ਮੋਹਣ
ਗਿੱਲ, ਨਛੱਤਰ ਬਰਾੜ, ਬਿੱਲਾ ਤੱਖੜ, ਗੁਰਮੇਲ ਬਦੇਸ਼ਾ, ਅਮਰਜੀਤ ਕੌਰ ਸ਼ਾਂਤ,
ਅਮਰਜੀਤ ਚਾਹਲ, ਹੈਡਮਾਸਟਰ ਅਜਾਇਬ ਸਿੰਘ ਤੇ ਗੁਰਚਰਨ ਟੱਲੇਵਾਲੀਆ ਨੇ
ਨਵਤੇਜ ਭਾਰਤੀ ਦੀ ਕਵਿਤਾ, ਉਸ ਦੀ ਫਲਾਸਫੀ ਤੇ ਲ੍ਹੀਲਾ ਤੋਂ ਲਾਲੀ ਤੱਕ ਦੇ
ਕਾਵਿ ਸਫਰ ਬਾਰੇ ਕਈ ਸਵਾਲ ਪੁੱਛੇ।ਨਵਤੇਜ ਨੇ ਸਰੋਤਿਆਂ ਦੇ ਸਵਾਲਾਂ ਦੇ
ਉੱਤਰ ਬੜੇ ਤਹੱਮਲ ਤੇ ਵਿਸਥਾਰ ਨਾਲ ਦੇ ਕੇ ਸਰੋਤਿਆਂ ਨੂੰ ਸੰਤੁਸ਼ਟ ਕੀਤਾ।
ਫਿਲਮਕਾਰ ਨਵਲਪ੍ਰੀਤ ਸਿੰਘ ਰੰਗੀ ਨੇ ਫੋਟੋਗਰਾਫੀ ਦਾ ਕੰਮ ਬਖੂਬੀ ਨਿਭਾਇਆ।
|