ਟੀਕਾਕਾਰੀ ਭਾਰਤ ਦੀ ਪ੍ਰਾਚੀਨ ਅਤੇ ਪ੍ਰਸਿੱਧ ਸਾਹਿਤਕ ਪਰੰਪਰਾ ਹੈ।
ਸੰਸਕ੍ਰਿਤੀ ਹਿੰਦੀ ਕੋਸ਼ ਅਨੁਸਾਰ ਟੀਕਾ ਸ਼ਬਦ ਸੰਸਕ੍ਰਿਤ ਦੇ ਟੀਕ੍ ਧਾਤੂ
ਤੋਂ ਬਣਿਆ ਜਿਸਦੇ ਅਰਥ ਹਨ ਵਿਆਖਿਆ। ਮਾਨਕ ਹਿੰਦੀ ਕੋਸ਼ ਅਤੇ ਹਿੰਦੀ ਸ਼ਬਦ
ਸਾਗਰ ਅਨੁਸਾਰ ਟੀਕੇ ਤੋਂ ਭਾਵ ਕਿਸੇ ਪਦ, ਵਾਕ ਜਾਂ ਗ੍ਰੰਥ ਦੇ ਅਰਥ ਸਪਸ਼ਟ
ਕਰਨ ਵਾਲਾ ਵਾਕ, ਕਥਨ, ਲੇਖ ਜਾਂ ਗ੍ਰੰਥ ਹੈ। ਟੀਕੇ ਦਾ ਮੂਲ ਮੰਤਵ ਮੂਲ
ਰਚਨਾ ਦੇ ਭਾਵ ਮੰਡਲ ਵਿਚ ਪ੍ਰਵੇਸ਼ ਕਰਕੇ ਗਹਿਰਾਈ ਵਿਚ ਜਾਣਾ ਹੈ ਅਤੇ ਉਸਦੇ
ਅਰਥਾਂ ਦਾ ਗਿਆਨ ਪ੍ਰਾਪਤ ਕਰਕੇ ਉਨ੍ਹਾਂ ਨੂੰ ਬਿਆਨਣਾ ਹੈ।
ਇਨਸਾਈਕਲੋਪੀਡੀਆ ਬ੍ਰਿਟੇਨਿਕਾ ਅਤੇ ਮਾਨਕ ਅੰਗਰੇਜ਼ੀ
ਹਿੰਦੀ ਕੋਸ਼ ਅਨੁਸਾਰ ਅੰਗਰੇਜ਼ੀ ਵਿਚ ਇਸ ਪ੍ਰਕਾਰ ਦੀਆਂ ਰਚਨਾਵਾਂ ਲਈ
ਇਕਸਿਜੀਸਿਸ, ਕੋਮੈਟ੍ਰੀ ਅਤੇ ਹਰਮੀਨੀਊਟਿਕਸ ਸ਼ਬਦਾਂ
ਦੀ ਵਰਤੋਂ ਕੀਤੀ ਜਾਂਦੀ ਹੈ। ਅਰਬੀ ਵਿਚ ‘ਤਫ਼ਸੀਰ` ਤੇ ‘ਤਾਵੀਲ` ਅਤੇ
ਸੰਸਕ੍ਰਿਤ ਵਿਚ ‘ਵਾਰਤਿਕ` ਵੀ ਟੀਕੇ ਵਾਂਗ ਅਰਥ ਬਿਆਨ ਕਰਨ ਵਾਲੀਆਂ
ਰਚਨਾਵਾਂ ਹਨ। ਟੀਕਾ ਕਿਸੇ ਕਠਿਨ, ਗੰਭੀਰ, ਸੂਤ੍ਰਿਕ ਕ੍ਰਿਤ ਜਾਂ ਸ੍ਰੇਸ਼ਟ
ਗ੍ਰੰਥ ਦਾ ਹੀ ਕੀਤਾ ਜਾਂਦਾ ਹੈ। ਗਦ ਜਾਂ ਪਦ ਵਿਚ ਅਵੱਸ਼ਕ ਪਦਾਂ ਦੀ
ਵਿਆਖਿਆ ਰਾਹੀਂ ਕਿਸੇ ਰਚਨਾ ਦੇ ਸਰਲ ਤੇ ਸੁਖੈਨ ਅਰਥ ਕਰਨ ਦਾ ਨਾਂ ਹੀ
ਟੀਕਾ ਹੈ। ਭਾਸ਼, ਵ੍ਰਿਤੀ, ਟਿੱਪਣੀ, ਵਿਆਖਿਆ ਅਤੇ ਪਰਮਾਰਥ ਆਦਿ ਟੀਕੇ ਦੇ
ਕੁਝ ਸਮਾਨਰਥੀ ਸ਼ਬਦ ਹਨ।
ਯਜੁਰ ਵੇਦ ਦੇ ਦੋ ਭੇਦਾਂ ਕ੍ਰਿਸ਼ਨ ਅਤੇ ਸ਼ੁਕਲ ਤੋਂ ਵਿਆਖਿਆ ਦੇ
ਮਤਭੇਦਾਂ ਦੀ ਸੂਚਨਾ ਮਿਲਦੀ ਹੈ। ਵੇਦਾਂ ਦੀਆਂ ਕਈ ਸ਼ਾਖਾਵਾਂ ਹਨ। ਇਹ
ਸ਼ਾਖਾਵਾਂ ਵੀ ਵਿਭਿੰਨ ਸੰਪਰਦਾਵਾਂ ਦੇ ਵੈਦਿਕ ਸੰਹਿਤਾਵਾਂ ਦੀਆਂ
ਵਿਆਖਿਆਵਾਂ ਸੰਬੰਧੀ ਮਤਭੇਦਾਂ ਦੀਆਂ ਸੂਚਕ ਹਨ। ਸ਼ਾਖਾ ਸ਼ਬਦ ਦੇ ਅਰਥ
ਸੰਬੰਧੀ ਵਿਦਵਾਨਾਂ ਵਿਚ ਮਤਭੇਦ ਹਨ, ਕੁਝ ਵਿਦਵਾਨ ਸ਼ਾਖਾ ਤੋਂ ਭਾਵ
ਮੂਲ-ਪਾਠ ਲੈਂਦੇ ਹਨ ਅਤੇ ਕੁਝ ਵਿਦਵਾਨਾਂ ਅਨੁਸਾਰ ਸ਼ਾਖਾ ਤੋਂ ਭਾਵ
ਵਿਆਖਿਆਨ ਹੈ। ਸੋ ਰਿਖੀ-ਸੰਪਰਦਾਵਾਂ ਵਲੋਂ ਵੇਦ-ਮੰਤ੍ਹਾਂ ਦੀਆਂ ਕੀਤੀਆਂ
ਗਈਆਂ ਅਲੱਗ-ਅਲੱਗ ਵਿਆਖਿਆਵਾਂ ਹੀ ਸ਼ਾਖਾਵਾਂ ਹਨ। ਅਨੇਕ ਰਿਖੀਆਂ ਨੇ
ਆਪਣੇ-ਆਪਣੇ ਖਿਆਲ ਨਾਲ ਵੇਦਾਂ ਦੇ ਪਾਠ ਅਤੇ ਅਰਥ ਆਪਣੇ ਚੇਲਿਆਂ ਨੂੰ
ਜੁਦੀ-ਜੁਦੀ ਰੀਤੀ ਨਾਲ ਪੜ੍ਹਾਏ, ਜਿਸਤੋਂ ਵੇਦ ਦੀਆਂ ਅਨੰਤ ਸ਼ਾਖਾਂ ਹੋ
ਗਈਆਂ।
ਵੈਦਿਕ ਸੰਹਿਤਾਵਾਂ ਅਤੇ ਉਨ੍ਹਾਂ ਦੀਆਂ ਸ਼ਾਖਾਵਾਂ ਤੋਂ ਬਾਅਦ ਬ੍ਰਾਹਮਣ
ਗ੍ਰੰਥਾਂ ਦਾ ਸਮਾਂ ਆਉਂਦਾ ਹੈ। ਸਾਰੇ ਵੇਦਾਂ ਦਾ ਮੰਤ੍ਰ ਭਾਗ,
ਉਹ ਭਾਗ ਹੈ ਜੋ ਪੁਰਾਣੇ ਮੂਲ ਰੂਪ ਮੰਤ੍ਰ ਹਨ, ਬ੍ਰਾਹਮਣ ਭਾਗ ਉਹ
ਹੈ, ਜਿਸ ਵਿਚ ਮੰਤ੍ਰਾਂ ਦੀ ਵਯਾਖਯਾ, ਮੰਤ੍ਰਾਂ ਨੂੰ ਯੋਗਯ ਸਮੇਂ ਪੁਰ
ਵਰਤਣ ਦੀ ਵਿਧੀ ਅਤੇ ਯੱਗ ਆਦਿ ਕਰਮਾਂ ਦਾ ਪ੍ਰਕਾਰ ਰਿਖੀਆਂ ਨੇ ਦੱਸਿਆ ਹੈ।
ਹਰੇਕ ਵੇਦ ਦੇ ਅਲੱਗ-ਅਲੱਗ ਬ੍ਰਾਹਮਣ ਹਨ ਜਿਵੇ ਰਿਗਵੇਦ ਦਾ ਐਤਰੇਯ,
ਯਜੁਰਵੇਦ ਦਾ ਸ਼ਤਪਥ, ਸਾਮਵੇਦ ਦਾ ਸਾਮ ਅਤੇ ਅਥਰਵਵੇਦ ਦਾ ਗੋਪਥ ਆਦਿ।
ਇਨ੍ਹਾਂ ਬ੍ਰਾਹਮਣ ਗ੍ਰੰਥਾਂ ਦਾ ਭਾਰਤੀ ਪਰੰਪਰਾ ਵਿਚ ਬੜਾ ਸਤਿਕਾਰ ਯੋਗ
ਸਥਾਨ ਰਿਹਾ ਹੈ ਅਤੇ ਇਨ੍ਹਾਂ ਨੂੰ ਵੇਦਾਂ ਦੇ ਸਮਾਨ ਹੀ ਸਮਝਿਆ ਜਾਂਦਾ ਹੈ।
ਵੇਦਾਂ ਵਿਚ ਬ੍ਰਾਹਮਣਾਂ ਤੋਂ ਬਾਅਦ ਆਰਣਯਕ ਆਉਂਦੇ ਹਨ ਜਿਨ੍ਹਾਂ ਵਿਚ
ਬ੍ਰਾਹਮਣ ਗ੍ਰੰਥਾਂ ਵਿਚਲੀ ਕਰਮਕਾਂਡ ਦੀ ਦ੍ਰਿਸ਼ਟੀ ਤੋਂ ਹੋਈ ਵਿਆਖਿਆ ਦਾ
ਕੁਝ ਪ਼੍ਰਤਿਕਰਮ ਦਿਸ ਆਉਂਦਾ ਹੈ ਅਤੇ ਦਾਰਸ਼ਨਿਕ ਤੱਤ ਬ੍ਰਾਹਮਣ ਗ੍ਰੰਥਾਂ
ਨਾਲੋਂ ਵੱਧ ਗਿਆ ਹੈ।
ਕੁਝ ਵਿਦਵਾਨਾਂ ਨੇ ਵੇਦਾਂ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ ਜਿਵੇਂ ਕਿ
ਮੰਤ੍ਰ, ਬ੍ਰਾਹਮਣ, ਆਰਣਯਕ ਅਤੇ ਉਪਨਿਸ਼ਦ। ਇਸ ਤਰ੍ਹਾਂ ਵੇਦਾਂ ਵਿਚ
ਆਰਣਯਥਕਾਂ ਤੋਂ ਬਾਅਦ ਉਪਨਿਸ਼ਦ ਆਉਂਦੇ ਹਨ। ਉਪਨਿਸ਼ਦ, ਵੇਦਾਂ ਦਾ ਉਹ ਭਾਗ
ਹਨ ਜਿਨ੍ਹਾਂ ਵਿਚ ਆਤਮ ਵਿਦਯਾ ਦਾ ਨਿਰੂਪਣ ਹੈ। ਉਪਨਿਸ਼ਦਾਂ ਨੂੰ ਬ੍ਰਾਹਮਣ
ਗ੍ਰੰਥਾਂ ਦੇ ਆਲੋਚਨਾ ਗ੍ਰੰਥ ਵੀ ਕਿਹਾ ਜਾਂਦਾ ਹੈ। ਵੇਦ ਮੰਤ੍ਰਾਂ ਨੂੰ ਲੈ
ਕੇ ਵਿਆਖਿਆ ਕਰਨ ਵਾਲੇ ਬ੍ਰਾਹਮਣ ਗ੍ਰੰਥਾਂ (ਕਰਮ ਕਾਂਡ ਦੀ ਦ੍ਰਿਸ਼ਟੀ ਤੋਂ
ਵਿਆਖਿਆ) ਅਤੇ ਉਪਨਿਸ਼ਦ ਗ੍ਰੰਥਾਂ (ਦਾਰਸ਼ਨਿਕ ਵਿਆਖਿਆ) ਦਾ ਆਪਸ ਵਿਚ ਪੂਰਬ
ਪੱਛਮ ਜਿੰਨਾ ਅੰਤਰ ਹੈ। ਬ੍ਰਾਹਮਣ ਗ੍ਰੰਥਾਂ ਵਿਚ ਕਰਮਕਾਂਡ ਦੀ ਦ੍ਰਿਸ਼ਟੀ
ਤੋਂ ਹੋਈ ਵਿਆਖਿਆ ਦਾ ਪੂਰਾ ਪ੍ਰਤੀਕਰਮ ਉਪਨਿਸ਼ਦਾਂ ਵਿਚ ਮਿਲਦਾ ਹੈ।
ਸਮਾਂ ਬੀਤਣ ਨਾਲ ਜਦੋਂ ਵੇਦਾਂ ਦੀ ਭਾਸ਼ਾ ਨੂੰ ਸਮਝਣਾ ਲੋਕਾਂ ਲਈ
ਮੁਸ਼ਕਿਲ ਹੋ ਗਿਆ ਤਾਂ ਨਿਰਵਚਨ ਸਾਹਿਤ ਰਾਹੀਂ ਵੇਦਾਂ ਦੀ ਵਿਆਖਿਆ ਵਿਚ ਇਕ
ਹੋਰ ਕ੍ਰਾਂਤੀ ਆਈ। ਵੇਦ ਸ਼ਬਦਾਂ ਨੂੰ ਕਰਮਕਾਂਡ ਜਾਂ ਗਿਆਨਕਾਂਡ ਦੀ
ਦ੍ਰਿਸ਼ਟੀ ਤੋਂ ਬਿਆਨ ਕਰਨ ਦੀ ਥਾਂ ਇਹ ਵੇਖਿਆ ਜਾਣ ਲੱਗਾ ਕਿ ਵੇਦਾਂ ਵਿਚ
ਵਰਤਿਆ ਗਿਆ ਕੋਈ ਵਿਸ਼ੇਸ਼ ਸ਼ਬਦ ਕਿਨ੍ਹਾਂ ਅਮੂਰਤ ਭਾਵਾਂ ਨੂੰ ਪ੍ਰਗਟ ਕਰਦਾ
ਹੈ। ਸ਼ਬਦ ਨੂੰ ਇਸ ਦ੍ਰਿਸ਼ਟੀ ਤੋਂ ਜਾਣਨ ਨੂੰ ਹੀ ਨਿਰਵਚਨ ਆਖਦੇ ਹਨ।
ਨਿਘੰਟੂ
ਵੇਦਾਂ ਦਾ ਸ਼ਬਦ ਕੋਸ਼ ਹੈ। ਇਹ ਵੈਦਿਕ ਸਾਹਿਤ ਦੀ ਸ਼ਬਦਾਵਲੀ ਦਾ ਸੰਗ੍ਰਹਿ
ਸਨ। ਗੁਰੁਸ਼ਬਦ ਰਤਨਾਕਰ ਮਹਾਨ ਕੋਸ਼ ਅਨੁਸਾਰ “ਨਿਘੰਟੂ ਕਸ਼ਯਪ ਦਾ ਰਚਿਆ ਹੋਇਆ
ਵੇਦ ਦਾ ਕੋਸ਼ ਹੈ ਜਿਸ ਪੁਰ ਯਾਸਕ ਮੁਨੀ ਨੇ ਨਿਰੁਕਤ ਨਾਮਕ ਟੀਕਾ ਲਿਖਿਆ
ਹੈ। ਇਹ ਬਹੁਤ ਪੁਰਾਣਾ ਗ੍ਰੰਥ ਹੈ। ਇਸ ਤੋਂ ਵੇਦ ਸ਼ਬਦਾਂ ਦਾ ਅਰਥ ਚੰਗੀ
ਤਰ੍ਹਾਂ ਜਾਣਿਆ ਜਾਂਦਾ ਹੈ।"
ਵੇਦਾਂਗ ਨੇ ਵੀ ਵੇਦ ਵਿਆਖਿਆ ਵਿਚ ਬੜਾ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਇਸਨੂੰ ਵੇਦ ਦੇ ਛੇ ਅੰਗ ਅਥਵਾ ਖਟਅੰਗ ਕਿਹਾ ਹੈ, ਜਿਸ ਦਾ ਵੇਰਵਾ ਇਸ
ਤਰ੍ਹਾਂ ਹੈ :ਸ਼ਿਕਸ਼ਾ :- ਅੱਖਰਾਂ ਦੇ ਉਚਾਰਣ ਅਤੇ ਪਾਠ ਦੇ ਸਵਰ ਦਾ
ਜਿਸਤੋਂ ਗਿਆਨ ਹੁੰਦਾ ਹੈ। ਕਲਪ :- ਮੰਤ੍ਰ ਜਾਪ ਦੀ ਵਿਧੀ ਅਤੇ
ਪ੍ਰਕਾਰ ਜਿਸਦੋਂ ਜਾਣੀਂਦੇ ਹਨ। ਵਯਾਕਰਣ :- ਸ਼ਬਦਾਂ ਦੀ ਸ਼ੁੱਧੀ
ਅਤੇ ਪ੍ਰਯੋਗ ਜਿਸਤੋਂ ਜਾਣੇ ਜਾਂਦੇ ਹਨ। ਜਯੋਤਿਸ਼ :- ਅਮਾਵਸ,
ਪੂਰਣਮਾਸੀ, ਸੰਕ੍ਰਾਂਤਿ ਆਦਿ ਦਿਨਾਂ ਦਾ ਜਿਸਤੋਂ ਗਿਆਨ ਹੋਵੇ। ਛੰਦ
:- ਪਦਾਂ ਦੇ ਵਿਸ਼੍ਰਾਮ, ਮੰਤ੍ਰਾਂ ਦੀ ਚਾਲ ਅਤੇ ਛੰਦ ਦਾ ਨਾਉ ਜਿਸਤੋਂ
ਜਾਣੀਏ। ਨਿਰੁਕਤ :- ਸ਼ਬਦਾਂ ਦੇ ਅਰਥਾਂ ਦੀ ਵਯਾਖਯਾ, ਵਿਉਂਤਪੱਤੀ
ਸਹਿਤ, ਨਾਮਾ ਦਾ ਸਰੂਪ ਦੱਸਣ ਵਾਲਾ ਵੈਦਿਕ ਸਾਹਿਤ।
ਇਨ੍ਹਾਂ ਗੰਭੀਰ ਯਤਨਾਂ ਦੇ ਸਿੱਟੇ ਵਜੋਂ ਟੀਕਾਕਾਰੀ ਵਿਚ ਕਾਫੀ ਨਿਖਾਰ
ਆ ਗਿਆ। ਭਾਸ਼ ਕਾਲ ਵਿਚ ਇਹ ਨਿਖਾਰ ਸਪਸ਼ਟ ਦਿਸ ਆਉਂਦਾ ਹੈ। ਭਾਸ਼ ਉਹ ਟੀਕਾ
ਰੂਪ ਗ੍ਰੰਥ ਹੈ ਜਿਸ ਵਿਚ ਕਿਸੇ ਸੂਤ੍ਰ ਆਦਿ ਵਾਕਾਂ ਦਾ ਖੋਲ੍ਹ ਕੇ ਅਰਥ
ਲਿਖਿਆ ਜਾਵੇ। ਵਿਸਤਾਰ ਸਾਹਿਤ ਵਿਆਖਿਆ ਕੀਤੀ ਜਾਵੇ। ਪੁਰਾਤਨ ਸਾਹਿਤ ਵਿਚ
ਅਨੇਕ ਭਾਸ਼ ਮਿਲਦੇ ਹਨ ਜਿਵੇਂ ਕਿ ਪਾਣਿਨੀ ਦੇ ਸੂਤ੍ਰਾਂ ਉਤੇ ਲਿਖਿਆ
ਪਾਤੰਜਲੀ ਦਾ ਮਹਾਭਾਸ਼, ਗੌਤਮ ਦੇ ਸੂਤ੍ਰਾਂ ਉਤੇ ਵਾਤਸਾਇਣ ਦਾ ਭਾਸ਼ ਅਤੇ
ਯੋਗ ਸੂਤ੍ਰਾਂ ਉਤੇ ਵਿਆਸ ਦਾ ਭਾਸ਼ ਆਦਿ।
ਕਰਮਕਾਂਡ ਦੇ ਵਿਰੋਧੀ ਬੁਧ ਧਰਮ ਦੇ ਗਿਆਨ ਮਾਰਗ ਅਤੇ ਉਸਤੋਂ ਬਾਅਦ
ਸ਼ੰਕਰਾਚਾਰੀਆ ਦੇ ਅਦਵੈਤਵਾਦ ਅਤੇ ਭਗਤੀ ਮਾਰਗ ਦੀਆਂ ਸੰਪਰਦਾਵਾਂ ਨੇ
ਸਮੇਂ-ਸਮੇਂ ਅਨੁਸਾਰ ਭਾਰਤੀ ਟੀਕਾਕਾਰੀ ਉਪਰ ਅਸਰ ਪਾਇਆ। ਹਿੰਦੂ ਧਰਮ
ਗ੍ਰੰਥਾਂ ਵਿਸ਼ੇਸ਼ ਕਰਕੇ (ਸ਼੍ਰੀਮਦ ਭਾਗਵਤ ਗੀਤਾ) ਦੇ ਟੀਕੇ ਵੱਖੋ-ਵੱਖ
ਵਿਦਵਾਨਾਂ ਵਲੋਂ ਸੈਂਕੜਿਆਂ ਦੀ ਗਿਣਤੀ ਵਿਚ ਕੀਤੇ ਗਏ ਅਤੇ ਕੀਤੇ ਜਾ ਰਹੇ
ਹਨ। ਇਨ੍ਹਾਂ ਵਿਚੋਂ ਕੁਝ ਟੀਕੇ ਗਿਆਨ ਮਾਰਗੀ ਢੰਗ ਨਾਲ ਕੀਤੇ ਗਏ ਹਨ
ਜਿਨ੍ਹਾਂ ਵਿਚ ਨਵ੍ਰਿਤੀ ਮਾਰਗ ਨੂੰ ਅਪਣਾਇਆ ਗਿਆ ਹੈ ਅਤੇ ਕੁਝ ਭਗਤੀ ਮਾਰਗ
ਤੋਂ ਪ੍ਰਭਾਵਿਤ ਹਨ ਜਿਨ੍ਹਾਂ ਵਿਚ ਗਿਆਨ ਦੀ ਥਾਂ ਪ੍ਰਭੂ ਪ੍ਰੇਮ ਦੀ ਭਾਵਨਾ
ਨੂੰ ਸਨਮੁੱਖ ਰੱਖਿਆ ਗਿਆ ਹੈ।
ਸੰਸਕ੍ਰਿਤ ਦਾ ਟੀਕਾ ਸਾਹਿਤ ਬੜਾ ਵਿਸ਼ਾਲ ਹੈ। ਇਹ ਮੌਲਿਕ ਸਾਹਿਤ ਨਾਲੋਂ
ਕਿਤੇ ਵਧੇਰੇ ਹੈ।
ਡਾ. ਜਗਮੇਲ ਸਿੰਘ ਭਾਠੂਆਂ,
ਕੋਆਰਡੀਨੇਟਰ
ਹਰੀ ਵ੍ਰਿਜੇਸ਼ ਕਲਚਰਲ ਫਾਊਂਡੇਸ਼ਨ, ਦਿੱਲੀ
ਏ-68-ਏ, ਫਤਿਹ ਨਗਰ, ਦੂਜੀ ਮੰਜ਼ਿਲ
ਨਵੀਂ ਦਿੱਲੀ-18.
ਮੋਬਾਇਲ ਨੰ : 09871312541
|