ਰਵਿੰਦਰ ਰਵੀ ਦਾ ਬਾਰ੍ਹਵਾਂ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”,
4 ਜੁਲਾਈ, 2012 ਨੂੰ, ਅੰਮ੍ਰਿਤਸਰ ਦੇ ਕਰਤਾਰ ਸਿੰਘ ਦੁੱਗਲ ਆਡੇਟੋਰੀਅਮ
ਵਿਚ, ਪ੍ਰਸਿੱਧ ਰੰਗਕਰਮੀ ਕੇਵਲ ਧਾਲੀਵਾਲ ਦੇ ਨਿਰਦੇਸ਼ਨ ਹੇਠ, ਮੰਚਤ ਕੀਤਾ
ਜਾ ਰਿਹਾ ਹੈ! ਜੇ ਇਨ੍ਹਾਂ ਦਿਨਾਂ ਵਿਚ ਤੁਸੀਂ ਭਾਰਤ ਵਿਚ ਹੋਵੋ, ਤਾਂ ਇਸ
ਨਾਟਕ ਦੀ ਪੇਸ਼ਕਾਰੀ ਜ਼ਰੂਰ ਵੇਖੋ।
ਇਹ ਨਾਟਕ, “ਨੈਸ਼ਨਲ ਸਕੂਲ ਆਫ ਡਰਾਮਾਂ”
(ਦਿੱਲੀ, ਭਾਰਤ) ਤੇ “ਵਿਰਸਾ ਵਿਹਾਰ”
(ਅੰਮ੍ਰਿਤਸਰ) ਵਲੋਂ ਸਪੌਂਸਰ ਕੀਤੀ ਗਈ,
“ਯੰਗ ਥੀਏਟਰ ਵਰਕਰਜ਼’ ਥੀਏਟਰ ਵਰਕਸ਼ਾਪ” ਦੇ ਅਹਿਮ ਪ੍ਰਾਜੈਕਟ ਵਜੋਂ ਖੇਡਿਆ
ਜਾ ਰਿਹਾ ਹੈ। ਵਰਕਸ਼ਾਪ ਦੇ ਇਸ ਨਾਟਕ-ਮੇਲੇ
ਵਿਚ ਪਾਕਿਸਤਾਨੀ ਕਲਾਕਾਰ ਵੀ ਭਾਗ ਲੈ ਰਹੇ ਹਨ!
ਰਵਿੰਦਰ ਰਵੀ ਦਾ ਇਹ ਕਾਵਿ-ਨਾਟਕ ਇਕ ਐਸਾ ਮਹਾਂ-ਨਾਟਕ ਹੈ, ਜਿਸ ਨੂੰ
ਅਤਿ ਆਧੁਨਿਕ ਸਟੇਜ ਕਰਾਫਟ ਦੇ ਮਾਧਿਅਮ ਦੁਆਰਾ, ਰੰਗਮੰਚੀ ਰੰਗ-ਤਮਾਸ਼ੇ
ਦੇ ਰੂਪ ਵਿਚ, ਸਿਰਜਿਆ ਗਿਆ ਹੈ। ਵਿਅਕਤੀ ਦੇ ਅਸਤਿਤਵ ਦੇ
ਬਹੁ-ਮੁਖੀ ਪਾਸਾਰਾਂ ਅਤੇ ਸੱਭਿਅਤਾਵਾਂ ਦੇ ਜਨਮ, ਵਿਕਾਸ ਤੇ ਪੱਤਨ ਨਾਲ,
ਜੁੜੇ ਸਰੋਕਾਰ, ਇਸ ਨਾਟਕ ਨੂੰ ਗਲੋਬਲ ਤੇ ਬ੍ਰਹਮੰਡਕ ਦਿਸ਼ਾਵਾਂ ਪ੍ਰਦਾਨ
ਕਰਦੇ ਹਨ।
ਯਾਦ ਰਹੇ ਕਿ ਰਵਿੰਦਰ ਰਵੀ ਇੱਕੋ ਇਕ ਪਰਵਾਸੀ ਪੰਜਾਬੀ ਨਾਟਕਕਾਰ ਹੈ,
ਜਿਸ ਦੇ 1976 ਤੋਂ 2012 ਤਕ ਦੇ 36 ਵਰ੍ਹਿਆਂ ਵਿਚ, 9 ਕਾਵਿ-ਨਾਟਕ, ਭਾਰਤ
ਵਿਚ, ਡਾ. ਸੁਰਜੀਤ ਸਿੰਘ ਸੇਠੀ, ਗੁਰਸ਼ਰਨ ਸਿੰਘ, ਅਜਮੇਰ ਸਿੰਘ ਔਲਖ, ਕੇਵਲ
ਧਾਲੀਵਾਲ, ਡਾ. ਸਾਹਿਬ ਸਿੰਘ, ਸੁਭਾਸ਼ ਪੁਰੀ, ਪ੍ਰੀਤਮ ਸਿੰਘ ਢੀਂਡਸਾ ਅਤੇ
ਡਾ. ਮਨਜੀਤਪਾਲ ਕੌਰ ਆਦਿ ਵਰਗੇ ਪ੍ਰਸਿੱਧ ਰੰਗਕਰਮੀਆਂ ਦੇ ਨਿਰਦੇਸ਼ਨ ਹੇਠ
ਖੇਡੇ ਜਾ ਚੁੱਕੇ ਹਨ।
“ਬੀਮਾਰ ਸਦੀ”, “ਚੌਕ ਨਾਟਕ”, “ਰੂਹ ਪੰਜਾਬ ਦੀ”, “ਸਿਫਰ ਨਾਟਕ”,
“ਮੱਕੜੀ ਨਾਟਕ”, “ਪਛਾਣ ਨਾਟਕ”, “ਮਨ ਦੇ ਹਾਣੀ”, “ਮਖੌਟੇ ਤੇ ਹਾਦਸੇ”
ਅਤੇ “ਚੱਕ੍ਰਵਯੂਹ ਤੇ ਪਿਰਾਮਿਡ” ਰਵਿੰਦਰ ਰਵੀ ਦੇ ਸਟੇਜ ਦੀ ਜ਼ੀਨਤ ਬਣ
ਚੁੱਕੇ ਪ੍ਰਸਿੱਧ ਕਾਵਿ-ਨਾਟਕ ਹਨ।ਰਵਿੰਦਰ ਰਵੀ ਨੇ ਅੱਜ ਤਕ 12 ਕਾਵਿ-ਨਾਟਕ
ਲਿਖੇ ਹਨ ਅਤੇ ਉਸ ਦੇ ਕਾਵਿਨਾਟਕਾਂ ਉੱਤੇ ਭਾਰਤ ਤੇ ਪਾਕਿਸਤਾਨ ਵਿਚ
ਪੀ.ਐਚ.ਡੀ. ਤੇ ਐਮ.ਫਿਲ. ਪੱਧਰ ਦਾ ਖੋਜ-ਕਾਰਜ ਵੀ ਹੋ ਚੁੱਕਾ ਹੈ। ਭਾਰਤ
ਦੀਆਂ ਯੂਨੀਵਰਸਟੀਆਂ ਵਿਚ ਰਵੀ ਦੇ ਕਾਵਿ-ਨਾਟਕ ਐਮ.ਏ. ਤੇ ਐਮ.ਫਿਲ. ਦੇ
ਕੋਰਸਾਂ ਵਿਚ ਵੀ ਲੱਗੇ ਹੋਏ ਹਨ।
ਮਨਜੀਤ ਮੀਤ,
ਡਾਇਰੈਕਟਰ, ਲੋਕ ਸੰਪਰਕ
17/06/2012
|