ਪੰਜਾਬ ਦੀਆਂ ਬਹੁਤ ਸਾਰੀਆਂ ਸਿਆਸਤ ਜਗਤ ਦੀਆਂ ਮਹਾਨ ਹਸਤੀਆਂ ਨੂੰ ਰੂਹ ਦੀ
ਅਦਾਲਤ ਵਿੱਚ ਲੈ ਕੇ ਆਉਣ ਦਾ ਆਪਾਂ ਨੂੰ ਮੌਕਾ ਮਿਲਿਆਂ ਅਤੇ ਚੰਗੀ ਗੱਲ ਇਹ ਹੈ ਕਿ
ਤੁਹਾਡੀ ਇਸ ਅਦਾਲਤ ਵਿੱਚ ਜੇਕਰ ਕੋਈ ਵੀ ਆਇਆ ਤਾਂ ਉਸਨੇ ਦਿਲ ਦੀਆਂ ਗਹਿਰਾਈਆਂ
‘ਚੋਂ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਹੌਂਸਲਾ ਅਫਜਾਈ ਵੀ ਕੀਤੀ । ਇਸ
ਅਦਾਲਤ ਦੀ ਕਾਰਵਾਈ ਨੂੰ ਅੱਗੇ ਤੋਰਦੇ ਹੋਏ ਅਸੀਂ ਆਪਣੀ ਅਦਾਲਤ ਦਾ ਸਾਜੋ-ਸਮਾਨ
ਚੁੱਕ ਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਮੈਂਬਰ ਪਾਰਲੀਐਮੈਂਟ ਪਰਮ ਗਿੱਲ ਹੋਰਾਂ ਦੇ
ਦਫਤਰ ਜਾ ਪਹੁੰਚੇ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਲੈ ਕੇ ਆਉਣ ਦੀ ਜਿੰਮੇਵਾਰੀ
ਨਿਭਾਈ ਪੰਜਾਬੀ ਰੇਡੀਓ ਦੇ ਸੰਚਾਲਕ ਸਤਨਾਮ ਸਿੰਘ ਅਤੇ ਪੰਜਾਬੀ ਰੇਡੀਓ ਦੇ ਸੰਚਾਲਕ
ਵਿਕਰਮਜੀਤ ਸਿੰਘ ਕਲੇਰ ਨੇ। ਆਓ ਆਪਣੀ ਪਿਟਾਰੀ ਦੇ ਵਿੱਚੋਂ ਸਵਾਲ ਕੱਢੀਏ ਤੇ ਸ.
ਪਰਮ ਗਿੱਲ ਹੋਰਾਂ ਦੁਆਰਾ ਦਿੱਤੇ ਗਏ ਜਵਾਬਾਂ ਨੂੰ ਵੀ ਪਿਟਾਰੀ ਦੇ ਵਿੱਚ ਬੰਦ ਕਰ
ਲਈਏ-
? ਪਰਮ ਗਿੱਲ ਜੀ, ਸਾਡੀ ਰੂਹ ਦੀ ਅਦਾਲਤ ਵਿੱਚ ਤੁਹਾਨੂੰ ‘ਜੀ ਆਇਆਂ ਨੂੰ’
ਜਿਸ ਤਰ੍ਹਾਂ ਕਿ ਇਸ ਅਦਾਲਤ ਵਿੱਚ ਆਉਣ ਵਾਲੀ ਹਰ ਰੂਹ ਨੂੰ ਸਾਡਾ ਪਹਿਲਾ ਸਵਾਲ
ਹੁੰਦਾ ਹੈ ਕਿ ਜਿਸ ਖੇਤਰ ਵਿੱਚ ਤੁਸੀਂ ਨਾਮ ਖੱਟਿਆ ਉਸ ਖੇਤਰ ਵਿਚਲਾ ਸਫਰ ਕਦੋਂ
ਸ਼ੂਰੁ ਹੋਇਆ।
- ਗੁਰਪ੍ਰੀਤ, ਮੇਰੇ ਵੱਲੋ ਸਾਰੇ ਭੈਣ-ਭਰਾਵਾਂ
ਨੂੰ ‘ਸਤਿ ਸ਼੍ਰੀ ਅਕਾਲ’। ਮੈਂ ਨਿੱਕੇ ਹੁੰਦੇ ਤਾਂ ਕਦੇ ਵੀ ਸੋਚਿਆ ਨਹੀਂ ਸੀ ਕਿ
ਸਿਆਸਤ ਵਿੱਚ ਆਉਣਾ ਹੈ। ਪਰ ਮੇਰੇ ਆਪਣੇ ਭੈਣ-ਭਰਾਵਾਂ ਅਤੇ ਮੇਰੀ ਕੌਮ ਦੇ ਲੋਕਾਂ
ਨੇ ਮੈਨੂੰ ਇਸ ਪਾਸੇ ਆਉਣ ਵੱਲ ਪ੍ਰੇਰਿਆ।
? ਗਿੱਲ ਸਾਹਿਬ, ਤੁਸੀ ਸਿਆਸਤ ਵਿੱਚ
ਕਿੰਨਾਂ ਸਮਾਂ ਪਹਿਲਾਂ ਆਏ ਅਤੇ ‘ਕੰਜਰਵੇਟਿਵ ਪਾਰਟੀ’ ਨੂੰ ਹੀ ਕਿਉਂ ਚੁਣਿਆ।
- ਸੇਖੋਂ ਜੀ, ਤਕਰੀਬਨ 10 ਸਾਲ ਪਹਿਲਾਂ ਬਹੁਤ
ਛੋਟੇ ਪੱਧਰ ਤੇ ਪਾਰਟੀ ਨਾਲ ਜੁੜਿਆ। ਮੈਂ ਖੇਤਰੀ ਪੱਧਰ ਅਤੇ ਫੈਡਰਲ ਪੱਧਰ ਤੇ ਇਸ
ਪਾਰਟੀ ਨਾਲ ਜੁੜਿਆ ਰਿਹਾ, ਦੂਸਰਾ ਪ੍ਰਸ਼ਨ ਜੋ ਤੁਸੀਂ ਪੁੱਛਿਆ ਕਿ ਮੈਂ ਇਸ ਪਾਰਟੀ
ਨੂੰ ਹੀ ਕਿਉਂ ਚੁਣਿਆ ਉਸਦਾ ਕਾਰਣ ਮੇਰੀ ਰੁਚੀ ਸਿਆਸਤ ਵੱਲ ਵੱਧਦੀ ਗਈ ਅਤੇ ਇਸਦੇ
ਨਾਲ ਹੀ ਦਾਇਰਾ ਵੀ ਵੱਧਦਾ ਗਿਆ। ਪਾਰਟੀ ਦੀ ਉੱਚ ਪੱਧਰੀ ਕਮੇਟੀ ਨੇ ਅਚਨਚੇਤ
ਮੈਨੂੰ ਪੁੱਛਿਆ ਕਿ ਮੈਂ ਮੈਂਬਰ ਪਾਰਲੀਐਮੈਂਟ ਦੀ ਚੌਣ ਲੜ੍ਹਨਾ ਚਾਹੁੰਦਾ ਹਾਂ, ਇਹ
2006 ਚੋਣਾਂ ਦੀ ਹੈ ਅਤੇ ਉਸ ਸਮੇਂ ਮੈਨੂੰ ਟੋਰਾਂਟੋ ਤੋਂ ਹੀ ਮੈਂਬਰ ਪਾਰਲੀਐਮੈਂਟ
ਦੀਆਂ ਚੋਣਾਂ ਲੜ੍ਹਨ ਲਈ ਅੱਗੇ ਲਿਆਂਦਾ। ਇਹ ਮੇਰਾ ਸਿੱਖਣ ਦਾ ਦੌਰ ਸੀ ਕਿ ਸਿਸਟਮ
ਕਿਵੇਂ ਕੰਮ ਕਰਦਾ ਹੈ ਉਸਤੋਂ ਬਾਅਦ ਜਦੋਂ ਪਰਿੰਦਾ ਆਕਾਸ਼ ਵਿੱਚ ਉੱਡਣ ਲੱਗਦਾ ਹੈ
ਤਾਂ ਉਸਦਾ ਸਫਰ ਚੱਲਦਾ ਰਹਿੰਦਾ ਹੈ।
? ਪਰਮ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ
ਕਿ 2006 ਵਿੱਚ ਤੁਸੀਂ ਚੋਣ ਲੜੇ ਤਾਂ ਉਸ ਸਮੇਂ ਨਤੀਜੇ ਕੀ ਸੀ।
- ਗੁਰਪ੍ਰੀਤ, ਕੈਨੇਡਾ ਦਾ ਇਹ ਏਰੀਆ 416
ਲਿਬਰਲ ਅਤੇ ਐਨ. ਡੀ. ਪੀ. ਏਰੀਏ ਵੱਜੋ ਜਾਣਿਆ ਜਾਂਦਾ ਹੈ। ਪਿਛਲੀਆਂ ਚੋਣਾਂ ਤੱਕ
ਕੰਜਰਵੇਟਿਵ ਪਾਰਟੀ ਕੋਲ ਇਥੋਂ ਕੋਈ ਸੀਟ ਨਹੀਂ ਆਉਂਦੀ ਸੀ, ਪਰ ਜਦੋਂ ਮੈਂ ਇਥੋ
ਚੋਣ ਲੜਿਆ ਤਾਂ ਸਾਡੀ ਟੀਮ ਦੀ ਸਫਤ ਮਿਹਨਤ ਕਾਰਣ ਅਸੀਂ ਦੂਸਰੇ ਨੰਬਰ ਤੇ ਆਏ ਸਾਡੇ
ਲਈ ਇਹੀ ਬੜੀ ਖੁਸ਼ੀ ਦੀ ਗੱਲ ਸੀ ਜਿਸਨੇ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ
ਕੀਤਾ ਅਤੇ ਜਿਸ ਕਾਰਣ ‘ਗਰੇਟ ਟੋਰਾਂਟੋ ਏਰੀਆ’ ਦੇ ਵਿੱਚ ਜਿਆਦਾਤਰ ਸੀਟਾਂ ਸਾਡੀ
ਪਾਰਟੀ ਨੇ ਹੀ ਲਈਆਂ।
? ਮੰਤਰੀ ਜੀ, (ਭਾਰਤ ਵਿੱਚ ਤਾਂ ਜੇਕਰ
ਕਿਸੇ ਸਰਪੰਚ ਨੂੰ ਵੀ ਮੰਤਰੀ ਕਹਿ ਕੇ ਬੁਲਾਓ ਤਾਂ ਉਸਦੇ ਚਿਹਰੇ ਦਾ ਰੰਗ ਹੀ ਬਦਲ
ਜਾਂਦਾ ਹੈ, ਮੁਛਾਂ ਨੂੰ ਵੱਟ ਦਿੰਦਾ ਕਹਿੰਦਾ ਹੈ “ਬਾਈ ਮੰਤਰੀ ਬਣ ਹੀ ਜਾਵੇ ਇਕ
ਦਿਨ" ਪਰ ਜਦੋਂ ਪਰਮ ਗਿੱਲ ਨੂੰ ਮੈਂ ਇਸ ਨਾਮ ਨਾਲ ਸੰਬੋਧਿਤ ਕੀਤਾ ਤਾਂ ਉਹਨਾਂ ਨੇ
ਕਿਹਾ ਕਿ ਨਾਮ ‘ਚ ਕੀ ਰੱਖਿਆ, ਕੰਮ ਦੀ ਗੱਲ ਕਰੀਏ) ਜਿਸ ਤਰ੍ਹਾਂ ਕਿ 2006
ਦੀਆਂ ਚੋਣਾਂ ਨੇ ਤੁਹਾਨੂੰ ਹੋਰ ਕੰਮ ਕਰਨ ਲਈ ਪ੍ਰੇਰਿਆ ਤਾਂ ਇਸ ਵਾਰ ਦੀਆਂ ਚੋਣਾਂ
ਵਿੱਚ ਤੁਸੀਂ ਕੀ ਮਹਿਸੂਸ ਕੀਤਾ ਕਿ ਤੁਹਾਡੀ ਜਿੱਤ ਦਾ ਕਾਰਣ ਤੁਹਾਡੇ ਸਮਾਜ ਭਲਾਈ
ਦੇ ਕੰਮ ਹਨ ਜੋ ਤੁਸੀਂ ਉਸ ਸਮੇਂ ਦੌਰਾਨ ਕੀਤੇ।
- ਸੇਖੋਂ ਸਾਹਿਬ,(ਮੈਨੂੰ ਵੀ ਇੱਕ ਕੈਨੇਡਾ ਦੇ
ਮੰਤਰੀ ਦੁਆਰਾ ਇੰਨੇ ਪਿਆਰ ਨਾਲ ਸੰਬੋਧਿਤ ਕੀਤਾ ਗਿਆ ਕੁਝ ਚੰਗਾ ਜਿਹਾ ਲੱਗਿਆ)
ਮੇਰੇ ਮਨ ਵਿੱਚ ਇਕ ਧਾਰਨਾ ਸੀ, ਹੈ ਅਤੇ ਰਹੂਗੀ
ਕਿ ਆਪਣੇ ਭੈਣ-ਭਰਾਵਾਂ ਦੀ ਗੱਲ ਸੁਣੋ, ਆਪਣੀ ਪਾਰਟੀ ਦੀਆਂ ਨੀਤੀਆਂ ਬਾਰੇ ਦੱਸੋ,
ਪਹਿਲਾਂ ਲੋਕਾਂ ਦੇ ਮਨ ਵਿੱਚ ‘ਲਿਬਰਲ ਪਾਰਟੀ’ ਦੀਆਂ ਨੀਤੀਆਂ ਭਾਰੂ ਸਨ,
ਉਹਨਾਂ ਨੂੰ ਸਾਡੀਆਂ ਗੱਲਾਂ ਦਾ ਪਤਾ ਨਹੀਂ ਸੀ ਜਦੋਂ ਉਹਨਾਂ ਨੂੰ ਪਤਾ
ਚੱਲਿਆਂ ਕਿ ਕੰਜਰਵੇਟਿਵ ਪਾਰਟੀ ਦੀਆਂ ਨੀਤੀਆਂ ਸਾਡੀਆਂ ਪਰਿਵਾਰਕ ਨੀਤੀਆਂ ਸਮਾਜਿਕ
ਨੀਤੀਆਂ ਅਤੇ ਰਾਜਨੀਤਿਕ ਨੀਤੀਆਂ ਦੇ ਅਨੁਕੂਲ ਹੈ ਤਾਂ ਉਹਨਾਂ ਨੇ ਸਾਡੀ ਜਿੱਤ ਨੂੰ
ਯਕੀਨੀ ਬਣਾਇਆ।
? ਇਸਦਾ ਮਤਲਬ ਕਿ ਤੁਹਾਡਾ ਇਸ ਵਾਰ ਦਾ
ਤਜ਼ਰਬਾ ਬਹੁਤ ਅੱਛਾ ਰਿਹਾ ਇੱਕ ਸਿਆਸਤਦਾਨ ਦੇ ਤੌਰ ਤੇ , ਅਤੇ ਬਾਕੀ ਤੁਸੀਂ ਇਸ
ਵਾਰ ਮਾਣਯੋਗ ਪ੍ਰਧਾਨ ਮੰਤਰੀ, ਕੈਨੇਡਾ ਸਟੀਫਨ ਹਾਰਪਰ ਨਾਲ ਭਾਰਤ ਦੇ ਦੌਰੇ ਤੇ ਵੀ
ਗਏ, ਉਸ ਬਾਰੇ ਵੀ ਜਾਣਕਾਰੀ ਦਿਓ।
- ਗੁਰਪ੍ਰੀਤ, ਮਾਣਯੋਗ ਪ੍ਰਧਾਨ ਮੰਤਰੀ
ਕੈਨੇਡਾ ਦਾ ਇਹ ਦੂਜਾ ਭਾਰਤ ਦੌਰਾ ਸੀ। ਇਸ ਦੌਰੇ ਦੌਰਾਨ ਵੱਧ ਤੋਂ ਵੱਧ
ਨੁੰਮਾਂਇਦੇ ਗਏ ਅਤੇ ਇਕ ਗੱਲ ਤੁਹਾਨੂੰ ਜਰੂਰ ਦੱਸਾਂਗਾ ਕਿ ਇਹ ਕਿਸੇ ਵੀ ਪ੍ਰਧਾਨ
ਮੰਤਰੀ ਦੀ ਭਾਰਤ ਵਿੱਚ ਸਭ ਤੋਂ ਲੰਬੀ ਯਾਤਰਾ ਸੀ ਭਾਵ ਕਿ ਪ੍ਰਧਾਨ ਮੰਤਰੀ ਜ਼ਿਆਦਾ
ਦਿਨਾਂ ਲਈ ਉਥੇ ਰੁਕੇ।ਇਸ ਤੋੰ ਇਲਾਵਾ ਅਸੀਂ ਹਾਂਗਕਾਂਗ ਅਤੇ ਫਿਲਪਾਇਨਜ ਦੀ
ਵੀ ਯਾਤਰਾ ਕੀਤੀ। ਹੁਣ ਕਿਉਂਕਿ ਸਾਰੀ ਦੁਨੀਆ ਇੱਕ ਦੂਸਰੇ ਨਾਲ ਜੁੜੀ ਹੋਈ
ਹੈ ਸੋ ਸਾਰਿਆਂ ਨੂੰ ਅੱਗੇ ਵੱਧ ਕੇ ਖੁਸ਼ਹਾਲੀ ਲਈ ਉੱਚ ਨੋਕਰੀਆਂ ਪੈਦਾ ਕਰਨ ਲਈ
ਅਤੇ ਦੇਸ਼ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਯਤਨ ਕਰਨੇ ਪੈਣਗੇ। ਬਹੁਤ ਸਾਰੇ
ਦੇਸ਼ਾਂ ਨਾਲ ‘ਮੁਫਤ ਵਪਾਰਕ’ ਸੰਧੀਆਂ ਹੋ ਗਈਆਂ ਹਨ।ਇਹ ਸਭ ਕੁਝ ‘ਕੰਜਰਵੇਟਿਵ
ਸਰਕਾਰ’ ਦੇ ਸੱਤਾ ਵਿੱਚ ਆਉਣ ਕਾਰਣ ਮੁਮਕਿਨ ਹੋਇਆ। ਐਸ ਵੇਲੇ ਭਾਰਤ, ਚੀਨ ਅਤੇ
ਯੂਰਪੀਅਨ ਸੰਘ ਦੇ ਦੇਸ਼ਾਂ ਨਾਲ ਕੈਨੇਡਾ ਮੁਫਤ ਵਪਾਰਕ ਸੰਧੀ ਕਰਨਾ ਚਾਹੁੰਦਾ ਹੈ
ਅਤੇ ਭਾਰਤ ਦਾ ਨਾਮ ਇਸ ਵਿੱਚ ਸਭ ਤੋਂ ਮੂਹਰੇ ਆਉਂਦੇ ਆਉਂਦਾ ਹੈ।
ਮਾਣਯੋਗ ਪ੍ਰਧਾਨ ਮੰਤਰੀ ਕੈਨੇਡਾ ਸਟੀਫਨ ਹਾਰਪਰ ਅਤੇ ਮਾਣਯੋਗ ਪ੍ਰਧਾਨ
ਭਾਰਤ ਸ. ਮਨਮੋਹਨ ਸਿੰਘ ਨੇ ਆਪਸ ਵਿੱਚ ਇਹ ਗੱਲਬਾਤ ਕੀਤੀ ਹੈ ਕਿ 2013 ਖਤਮ ਹੋਣ
ਤੋਂ ਪਹਿਲਾਂ ‘ਮੁਫਤ ਵਪਾਰਕ’ ਸੰਧੀ ਤੇ ਦਸਤਖਤ ਹੋ ਜਾਣ। ਇਸ ਨਾਲ ਦੋਵਾਂ ਦੇਸ਼ਾਂ
ਨੂੰ ਬਹੁਤ ਫਾਇਦਾ ਹੋਵੇਗਾ।ਕੈਨੇਡਾ ਕੋਲ ਬਹੁਤ ਸਾਰੇ ਅਜਿਹੇ ਕੁਦਰਤੀ ਸੋਮੇ ਹਨ
ਜਿਹਨਾਂ ਦੀ ਭਾਰਤ ਨੂੰ ਲੋੜ ਹੈ। ਇਸ ਨਾਲ ਇੱਕ ਨਵੇਂ ਯੁਗ ਦਾ ਆਗਾਜ਼ ਹੋਵੇਗਾ।
? ਪਰਮ ਜੀ, ਤੁਹਾਡੀ ਗੱਲ ਠੀਕ ਹੈ ਕਿ ਇਸ
ਨਾਲ ਦੋਨਾਂ ਮੁਲਕਾਂ ਵਿੱਚ ਰੋਜ਼ਗਾਰ ਦੇ ਸਾਧਨ ਵੱਧਣਗੇ ਪਰ ਤੁਹਾਡੀ ਸਰਕਾਰ ਦੀ
ਆਲੋਚਨਾ ਇਸ ਗੱਲ ਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਕੈਨੇਡਾ ਦੇ ਵੀਜ਼ੇ ਦੀਆਂ
ਸ਼ਰਤਾਂ ਨੂੰ ਬਹੁਤ ਸਖਤ ਕੀਤਾ ਜਾ ਰਿਹਾ ਹੈ, ਇਸ ਬਾਰੇ ਕੀ ਕਹੋਗੇ
- ਇਸ ਕੰਮ ਲਈ ਅਸੀਂ ਯਤਨ ਜਾਰੀ ਰੱਖੇ ਹੋਏ ਹਨ
ਅਤੇ ਕਾਫੀ ਜ਼ਿਆਦਾ ਕੰਮ ਹੋ ਵੀ ਚੁਕਿਆ ਹੈ। ਮੈਂ ਇੱਕ ਗੱਲ ਜਰੂਰ ਕਹਿਣੀ ਚਾਹਵਾਂਗਾ
ਕਿ ਜਿਹੜੇ ਭੈਣ-ਭਰਾ ਚੰਡੀਗੜ ਦਫਤਰ ਵੀਜ਼ੇ ਲਈ ਜਾਂਦੇ ਹਨ, ਉਨ੍ਹਾਂ ਨੂੰ ਖਿਆਲ
ਰੱਖਣਾ ਚਾਹੀਦਾ ਹੈ ਕਿ ਜਾਅਲੀ ਦਸਤਾਵੇਜ਼ ਪੇਸ਼ ਨਾ ਕਰਨ ਕਿਉਂਕਿ ਇਸ ਨਾਲ ਜੋ ਭੈਣ
ਭਰਾ ਕਾਨੂੰਨੀ ਤੌਰ ਤੇ ਕੈਨੇਡਾ ਆਉਣਾ ਚਾਹੁੰਦੇ ਹਨ ਉਹਨਾਂ ਤੇ ਵੀ ਬੁਰਾ ਅਸਰ
ਪੈਦਾਂ ਹੈ।ਸਹੀ ਤਰੀਕੇ ਨਾਲ ਉਹ ਕੈਨੇਡਾ ਆਉਣ ਕੈਨੇਡਾ ਉਹਨਾਂ ਦਾ ਸਵਾਗਤ ਕਰਦਾ
ਹੈ। 2006 ਤੋਂ ਪਹਿਲਾਂ ਜਦੋਂ ਲਿਬਰਲ ਸਰਕਾਰ ਸੀ ਤਾਂ ਚੰਡੀਗੜ ਦਫਤਰ ਵਿੱਚੋਂ 34
ਪ੍ਰਤਿਸ਼ਤ ਲੋਕਾਂ ਨੂੰ ਵੀਜ਼ੇ ਮਿਲਦੇ ਸੀ, ਪਰ ਹੁਣ ਸਾਡੀ ਸਰਕਾਰ ਵੇਲੇ ਚੰਡੀਗੜ
ਦਫਤਰ 50 ਪ੍ਰਤਿਸ਼ਤ ਤੋਂ ਵੱਧ ਲੋਕਾਂ ਨੂੰ ਵੀਜ਼ੇ ਮਿਲੇ, ਅਸੀਂ ਹਰ ਇਕ ਪਹਿਲੂ ਨੂੰ
ਧਿਆਨ ਵਿੱਚ ਰੱਖਕੇ ਨੀਤੀਆਂ ਬਣਾ ਰਹੇ ਹਾਂ। ਪਹਿਲੀ ਸਰਕਾਰ ਵੇਲੇ ਮਾਪਿਆਂ,
ਪੜ੍ਹੇ-ਲਿਖੇ ਕਾਮਿਆਂ ਨੂੰ ਇਥੇ ਆਉਣ ਲਈ 8-9 ਸਾਲ ਦਾ ਸਮਾਂ ਲੱਗ ਜਾਂਦਾ ਸੀ ਪਰ
ਹੁਣ ਅਸੀਂ ਸਾਰੇ ਸਿਸਟਮ ਨੂੰ ਦਰੁਸਤ ਕਰਨ ਵਿੱਚ ਲੱਗੇ ਹੋਏ ਹਾਂ। ਰਫਿਊਜੀ ਕੇਸਾਂ
ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਕਈ ਰਫਿਊਜੀ ਲੋਕਾਂ ਨੂੰ 15 ਤੋਂ 25 ਸਾਲ ਹੋ
ਗਏ ਇਥੇ ਆਏ ਪਰ ਉਹਨਾਂ ਦੇ ਕੇਸ਼ਾਂ ਦਾ ਨਿਬਟਾਰਾ ਨਹੀਂ ਹੋਇਆ ਅਤੇ ਉਹ ਭਾਰਤ ਵੀ
ਨਹੀਂ ਜਾ ਸਕਦੇ ਆਪਣੇ ਪਰਿਵਾਰਾਂ ਨੂੰ ਮਿਲਣ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ
ਕੈਨੇਡਾ ਨੂੰ ਹੋਰ ਪ੍ਰਫੁਲਿਤ ਕਰਨ ਲਈ ਹੋਰ ਲੋੜ ਹੈ ਪਰ ਅਸੀਂ ਚਾਹੁੰਦੇ ਹਾਂ ਕਿ
ਸਾਡੇ ਦੇਸ਼ਾਂ ਦੇ ਨਿਵਾਸੀਆਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
? ਗਿੱਲ ਸਾਹਿਬ, ਜਿਸ ਤਰ੍ਹਾਂ ਤੁਸੀਂ
ਜਦੋਂ ਭਾਰਤ ਗਏ ਤਾਂ ਵਿਦੇਸ਼ ਮੰਤਰੀ ਮਾਣਯੋਗ ਪ੍ਰਨੀਤ ਕੌਰ ਜੀ ਨੇ ਕਿਹਾ ਕਿ
ਤੁਹਾਡੇ ਦੇਸ਼ ਕੈਨੇਡਾ ਵਿੱਚ ਅੱਤਵਾਦ ਜਨਮ ਲੈ ਰਿਹਾ ਹੈ, ਉਸ ਬਿਆਨ ਬਾਰੇ ਤੁਹਾਡੇ
ਕੀ ਵਿਚਾਰ ਹਨ।
- ਗੁਰਪ੍ਰੀਤ, ਇਹ ਭਾਰਤ ਸਰਕਾਰ ਦੀ ਆਪਣੀ
ਮਰਜ਼ੀ ਹੈ ਕਿ ਉਹ ਕਿਹੜੇ ਮੁੱਦੇ ਉਠਾਉਂਦੇ ਹਨ, ਪਰ ਮਾਣਯੋਗ ਪ੍ਰਧਾਨ ਮੰਤਰੀ
ਕੈਨੇਡਾ ਨੇ ਇਹ ਗੱਲ ਜਰੂਰ ਕਹੀ ਕਿ ਅਸੀਂ ਚਾਹੁੰਦੇ ਹਾਂ ਕਿ ਭਾਰਤ ਇੱਕ ਰਹੇ ਜਿਸ
ਤਰ੍ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਸਦਾ ਇੱਕ ਰਹੇ। ਜਿਸ ਤਰ੍ਹਾਂ ਕਿ
ਕੈਨੇਡਾ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਆਪਾਂ ਸਾਰੇ ਕੈਨੇਡੀਅਨ ਹਾਂ ਅਤੇ ਸਾਰੇ
ਹੀ ਮਿਲ-ਜੁਲ ਕੇ ਰਹਿ ਰਹੇ ਹਾਂ। ਉਸ ਤਰ੍ਹਾਂ ਭਾਰਤ ਵੀ ਚਾਹੁੰਦਾ ਹੈ ਕਿ ਉਸਦਾ
ਬਟਵਾਰਾ ਨਾ ਹੋਵੇ।
? ਗਿੱਲ ਸਾਹਿਬ, ਜੋ ਲੋਕ ਖਾਲਿਸਤਾਨ ਦੀਆਂ
ਗੱਲਾਂ ਕਰਦੇ ਹਨ ਉਸ ਬਾਰੇ ਕੀ ਕਹੋਗੇ, ਕੀ ਉਹਨਾਂ ਤੇ ਰੋਕ ਲਗਾਈ ਜਾ ਸਕਦੀ ਹੈ
ਜਾਂ ਆਪਾਂ ਕਹੀਏ ਕਿ ਕੈਨੇਡਾ ਦਾ ਕਾਨੂੰਨ ਉਨ੍ਹਾਂ ਨੂੰ ਖਾਲਿਸਤਾਨ ਦੀਆਂ ਗੱਲਾਂ
ਕਰਨ ਦੀ ਇਜ਼ਾਜਤ ਦਿੰਦਾ ਹੈ ।
- ਸੁਭਾਵਿਕ ਤੌਰ ਤੇ ਸਾਡੇ ਆਪਣੇ ਕੁਝ ਕਾਨੂੰਨ
ਹਨ। ਜਦ ਤੱਕ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਉਹ ਜੋ ਮਰਜੀ ਕਹਿ ਸਕਦਾ ਹੈ।
ਇਹੀ ਗੱਲ ਮਾਣਯੋਗ ਪ੍ਰਧਾਨ ਮੰਤਰੀ ਕੈਨੇਡਾ ਸਟੀਫਨ ਹਾਰਪਰ ਨੇ ਭਾਰਤ ਜਾ ਕੇ ਕਿਹਾ
ਸੀ ਕਿ ਕਾਨੂੰਨ ਵਿੱਚ ਰਹਿ ਕੇ ਕਿਸੇ ਚੀਜ ਦੀ ਮੰਗ ਕਰਨੀ ਕੋਈ ਤਮੰਨਾ ਨਹੀਂ ।
ਜੇਕਰ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈ ਤਾਂ ਕਈ ਲੋਕਾਂ ਨੂੰ ਇਹ ਮੰਗ
ਗਲਤ ਲੱਗਦੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਅਸਲ ਵਿੱਚ ਗਲਤ ਹੈ।
? ਗਿੱਲ ਸਾਹਿਬ, ਤੁਹਾਨੂੰ ਕੈਨੇਡਾ ਦੀਆਂ
ਦੋ ਕਮੇਟੀਆਂ ਦਾ ਕਾਰਜ ਸੰਭਾਲਿਆ ਗਿਆ ਹੈ,ਉਸ ਕੰਮ ਬਾਰੇ ਵੀ ਚਾਨਣਾ ਪਾਓ ।
- ਕਿਸੇ ਵੀ ਮੈਂਬਰ ਪਾਰਲੀਐਮੈਂਟ ਲਈ ਉਸਦੀ
ਆਪਣੀ ਕੌਮ ਬਹੁਤ ਮੱਹਤਵਪੂਰਨ ਹੈ, ਭਾਵ ਜਿਥੋਂ ਉਸਨੂੰ ਚੁਣਿਆ ਗਿਆ ਇੱਕ ਕਮੇਟੀ
‘ਕੈਨੇਡੀਅਨ ਹੈਰੀਟੇਜ’ ਦਾ ਕੰਮ ਇਸਦੀ ਪੂਰਨ ਔਖ ਕਰਨਾ ਹੈ। ਮੈਨੂੰ ‘ਕੈਨੇਡੀਅਨ
ਸਟੈਂਟ੍ਰਿੰਗ ਕਮੇਟੀ ਆਫ ਹੈਲਥ’ ਦਾ ਵੀ ਭਾਰ ਸੰਭਾਲਿਆ ਗਿਆ ਜੋ ਕਿ ਮੇਰੇ ਲਈ ਮਾਣ
ਦੀ ਗੱਲ ਹੈ।
? ਪਰਮ ਜੀ, ਫਰਵਰੀ 2012 ਵਿੱਚ ਤੁਸੀਂ
ਇੱਕ ਬਿੱਲ ਪੇਸ਼ ਕੀਤਾ ਜਿਸਦਾ ਨਾਮ ‘ਪ੍ਰਾਇਵੇਟ ਮੈਂਬਰ ਬਿੱਲ’ c-394 ਹੈ, ਉਸ
ਬਾਰੇ ਵਿਸਥਾਰ ਨਾਲ ਦੱਸੋ ਕਿਉਂਕਿ ਉਸ ਬਿੱਲ ਕਾਰਣ ਤੁਹਾਡੀ ਬਹੁਤ ਸ਼ਲਾਂਘਾ ਹੋਈ।
- ਇਸ ਬਿੱਲ ਬਾਰੇ ਚੱਲਣ ਤੋਂ ਪਹਿਲਾਂ ਇਸ
ਬਿੱਲ ਨੂੰ ਪੇਸ਼ ਕਰਨ ਦੇ ਪੂਰਨ ਕਾਰਣਾ ਬਾਰੇ ਜਾਨਣਾ ਜਰੂਰੀ ਹੈ। ਜਵਾਨ ਸਾਡੇ ਦੇਸ਼
ਦਾ ਭਵਿੱਖ ਹਨ, ਪਰ ਜੋ ਸ਼ਰਾਰਤੀ ਜੁਰਮ ਕਰਣ ਵਾਲੇ ਲੋਕ ਇਹਨਾਂ ਨੌਜਵਾਨਾਂ ਨੂੰ
ਆਪਣੇ ਨਾਲ ਜੁਰਮ ਕਰਨ ਲਈ ਪ੍ਰੇਰਿਤ ਕਰਦੇ ਹਨ ਉਹ ਸਾਡੇ ਸਮਾਜ ਦੀ ਇੱਕ ਬਹੁਤ ਵੱਡੀ
ਤ੍ਰਾਸਦੀ ਹੈ। ਮੈਂ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਸੰਸਥਾਵਾਂ ਅਤੇ ਹੋਰ
ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਬਿੱਲ ਦੀ ਰੂਪ-ਰੇਖਾ ਬਣਾਈ। ਕੈਨੇਡਾ
ਵਿੱਚ ਉਹਨਾਂ ਸ਼ਰਾਰਤੀ ਜੁਰਮ ਕਰਨ ਵਾਲਿਆਂ ਨਾਲ ਨਜਿੱਠਣ ਲਈ ਕੋਈ ਕਾਨੂੰਨ ਨਹੀਂ ਸੀ
ਜੋ ਬੱਚਿਆਂ ਨੂੰ ਆਪਣੇ ਨਾਲ ਜੁਰਮ ਕਰਨ ਲਈ ਉਤਸ਼ਾਹਿਤ ਕਰਦੇ ਹਨ। ਕੈਨੇਡਾ ਦੀ ਲੋਕ
ਸਭਾ ਵਿੱਚ ਇਸ ਨੂੰ ਦੋ ਵਾਰ ਪੜਿਆ ਜਾ ਚੁਕਿਆ ਹੈ ਅਤੇ ਮੈਨੂੰ ਭਰੋਸਾ ਹੈ ਕਿ 2013
ਦੇ ਮੂਹਰਲਿਆਂ ਮਹੀਨਿਆਂ ਵਿੱਚ ਇਹ ਕਾਨੂੰਨ ਬਣ ਜਾਵੇਗਾ। ਇਸ ਕਾਨੂੰਨ ਤਹਿਤ 18
ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜੁਰਮ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਅਨਸਰਾਂ
ਨੂੰ ਛੇ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਦੀ ਸਜ਼ਾ ਦਿੱਤੀ ਜਾ ਸਕੇਗੀ। ਪਰ ਮੈਂ
ਇੱਕ ਗੱਲ ਜਰੂਰ ਕਹਿਣਾ ਚਾਹਵਾਂਗਾ ਕਿ ਇਹ ਬਿੱਲ ਤਾਂ ਇਸ ਸੱਮਸਿਆ ਨਾਲ ਨਜਿੱਠਣ ਲਈ
ਇੱਕ ਛੋਟੀ ਜਿਹੀ ਕੋਸ਼ਿਸ਼ ਹੈ। ਇਸ ਜੁਰਮ ਨੂੰ ਖਤਮ ਕਰਣ ਲਈ ਸੰਸਥਾਵਾਂ,
ਗੁਰਦੁਆਰਿਆਂ, ਮੰਦਿਰਾਂ ਅਤੇ ਹੋਰ ਧਾਰਮਿਕ ਅਦਾਰਿਆਂ ਅਤੇ ਪਰਿਵਾਰਕ ਮੈਂਬਰਾਂ ਨੂੰ
ਵੀ ਇਕਜੁੱਟ ਹੋਣਾ ਪਵੇਗਾ। ਮਾਪਿਆਂ ਨੂੰ ਵੇਖਣਾ ਪਵੇਗਾ ਕਿ ਉਹ ਖਿਆਲ ਰੱਖਣ ਕਿ
ਉਹਨਾਂ ਦੇ ਬੱਚੇ ਗਲਤ ਸੰਗਤ ਵਿੱਚ ਤਾਂ ਨਹੀਂ ਪੈ ਰਹੇ, ਗਲਤ ਲੋਕ ਉਹਨਾਂ ਨੂੰ
ਨਿਸ਼ਾਨਾਂ ਤਾਂ ਨਹੀਂ ਬਣਾ ਰਹੇ, ਇਹ ਸਾਡਾ ਭਵਿੱਖ ਹਨ ਅਤੇ ਸਾਡੇ ਆਉਣ ਵਾਲੇ ਨੇਤਾ
ਹਨ।
? ਨੇਤਾ ਜੀ, ਅਸੀਂ ਕਾਮਨਾ ਕਰਦੇ ਹਾਂ ਕਿ ਬਿੱਲ ਪਾਸ ਹੋ ਜਾਵੇਗਾ ਪਰ
ਤੁਸੀਂ ਜਿਸ ਤਰ੍ਹਾਂ ਬੱਚਿਆਂ ਦੀ ਰਾਖੀ ਲਈ ਦੇਸ਼ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ
ਲਈ ਤੇ ਟੈਕਸਾਂ ਨੂੰ ਘੱਟ ਕਰਨ ਲਈ ਆਪਣੀ ਆਵਾਜ਼ ਉਠਾ ਰਹੇ ਹੋ ਅਸੀਂ ਆਪਣੀ ਕਲਮ ਨਾਲ
ਤੁਹਾਡੇ ਲਫਜ਼ਾਂ ਨੂੰ ਹਰ ਪਾਸੇ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਪਰ ਇੱਕ ਗੱਲ ਜਰੂਰ
ਦੱਸੋ ਕਿ ਤੁਹਾਡਾ ਆਪਣਾ ਵਪਾਰ ਵੀ ਕਾਫੀ ਫੈਲਿਆ ਹੋਇਆ ਸੀ ਨੂੰ ਇਸ ਖੇਤਰ ਵਿੱਚ
ਆਉਣ ਕਾਰਣ ਨੁਕਸਾਨ ਉਠਾਉਣਾ ਪਿਆ ਹੋਵੇਗਾ।
- ਗੁਰਪ੍ਰੀਤ, ਇੱਕ ਗੱਲ ਦੱਸਾਂ ਕਿ ਵਪਾਰ ਦੇ ਵਿੱਚ ਤੁਸੀਂ ਕਿਸੇ ਨੂੰ
ਜਵਾਬਦੇਹ ਨਹੀਂ ਹੁੰਦੇ ਪਰ ਰਾਜਨੀਤੀ ਵਿੱਚ ਤੁਸੀਂ ਜਵਾਬਦੇਹ ਹੁੰਦੇ ਹੋ ਆਪਣੇ
ਲੋਕਾਂ ਅੱਗੇ ਮੈਂ ਉਹਨਾਂ ਭੈਣ-ਭਰਾਵਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਮੈਨੂੰ
ਉਟਾਵਾ ਭੇਜਿਆ। ਬੇਸ਼ੱਕ ਸਿਆਸਤ ਵਿੱਚ ਆਉਣ ਕਾਰਣ ਪਰਿਵਾਰ ਨੂੰ ਸਮਾਂ ਘੱਟ
ਮਿਲਦਾ ਹੈ, ਵਪਾਰ ਨੂੰ ਸਮਾਂ ਨਹੀਂ ਮਿਲਦਾ ਪਰ ਕੋਈ ਫੈਸਲਾ ਲੈਣ ਤੋਂ ਪਹਿਲਾਂ
ਸੋਚਣਾ ਪੈਦਾਂ ਹੈ। ਪਰ ਮੈਂ ਇੱਕ ਗੱਲ ਜਰੂਰ ਕਹਾਂਗਾ ਕਿ ਸੱਚੇ ਪਾਤਿਸ਼ਾਹ ਨੇ ਲੋੜ
ਤੋਂ ਜਿਆਦਾ ਤੱਰਕੀ ਬਖਸ਼ੀ ਹੈ।
? ਤੁਹਾਨੂੰ ਪੰਜਾਬ ਆਉਣ ਜਾਣ ਦਾ ਕਾਫੀ ਮੌਕਾ ਮਿਲਦਾ ਹੈ, ਇਥੋਂ ਦੀ
ਲੀਡਰਸ਼ਿਪ ਅਤੇ ਉਥੋਂ ਦੀ ਲੀਡਰਸ਼ਿਪ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਅਤੇ ਤੁਹਾਡੇ
ਪੰਜਾਬ ਨੂੰ ਖੁਸ਼ਹਾਲ ਬਨਾਉਣ ਲਈ ਕਿਹੜੇ ਵਿਚਾਰ ਹਨ।
- ਪੰਜਾਬ ਦੀ ਗੱਲ ਨਹੀਂ ਗੁਰਪ੍ਰੀਤ, ਪੂਰੇ ਹਿੰਦੁਸਤਾਨ ਵਿੱਚ ਹੀ ਜ਼ਿਆਦਾਤਰ
ਲੀਡਰ ਜ਼ਿਆਦਾ ਉਮਰ ਦੇ ਹਨ।ਇਕ ਬਹੁਤ ਵੱਡੀ ਦੁੱਖ ਦੀ ਗੱਲ ਹੈ ਕਿ ਉਥੇ ਰਾਜਨੀਤੀ
ਨੂੰ ਵੀ ਦਾਦੇ-ਪੜਦਾਦਿਆਂ ਦੀ ਜਾਗੀਰ ਸਮਝਿਆਂ ਜਾਂਦਾ ਹੈ ਪਰ ਕੈਨੇਡਾ ਦੇ ਵਿੱਚ ਹਰ
ਕਿਸੇ ਨੂੰ ਬਰਾਬਰ ਦੇ ਮੌਕੇ ਹਨ। ਨਵਾਂ ਖੂਨ ਸਿਆਸਤ ਵਿੱਚ ਕਦਮ ਰੱਖ ਰਿਹਾ ਹੈ।
ਇਥੋਂ ਤੱਕ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਸਟਾਫ ਵਿੱਚ ਵੀ ਉਹ ਨਵੇਂ ਮੁੰਡੇ
ਅਤੇ ਕੁੜੀਆਂ ਹਨ ਜਿਹਨਾਂ ਨੇ ਹੁਣੀ ਆਪਣੀ ਪੜ੍ਹਾਈ ਖਤਮ ਕੀਤੀ ਹੈ। ਗੁਰਪ੍ਰੀਤ ਉਮਰ
ਨਾਲ ਦਿਮਾਗ ਦੀ ਸ਼ਕਤੀ ਵੀ ਘੱਟ ਜਾਂਦੀ ਹੈ। ਪਰ ਪਿਛਲੀ ਵਾਰ ਪੰਜਾਬ ਦੀ ਸਿਆਸਤ
ਵਿੱਚ ਨਵੇਂ ਚਿਹਰੇ ਵੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਜਿਵੇਂ ਕਿ ਪਰਮਿੰਦਰ ਢੀਂਢਸਾ
ਵਗੈਰਾ। ਮੈ ਸੁਣਿਆ ਕਿ ਕਈ ਮੰਤਰੀ ਆਪਣੀ ਗੱਡੀ ਵੀ ਆਪ ਚਲਾਉਣ ਲੱਗ ਪਏ ਹਨ।
ਗੁਰਪ੍ਰੀਤ, ਇਹ ਤਾਂ ਚੰਗੇ ਭਵਿੱਖ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ।
? ਦੇਖੋ, ਪਰਮ ਜੀ, ਹਿੰਦੁਸਤਾਨ ਵਿੱਚ ਹਰ ਪਲ, ਹਰ ਵੱਡਾ ਛੋਟਾ ਲੀਡਰ
ਰਿਸ਼ਵਤਖੋਰੀ ਦੇ ਕੇਸਾਂ ਵਿੱਚ ਫੱਸ ਰਿਹਾ ਹੈ, ਕੈਨੇਡਾ ਦੇ ਵਿੱਚ ਤਾਂ ਇਸ ਤਰ੍ਹਾਂ
ਦਾ ਕੋਈ ਰੁਝਾਨ ਨਹੀਂ ਗਿੱਲ ਸਾਹਿਬ ਸਿੱਧੇ ਤੌਰ ਤੇ ਜੇਕਰ ਗੱਲ ਕਰੀਏ ਤਾਂ
ਤੁਹਾਨੂੰ ਕੈਨੇਡਾ ਦੇ ਲੀਡਰਾਂ ਨੂੰ ਘਿਓ ਖਾਣ ਦਾ ਮੋਕਾ ਮਿਲਦਾ ਹੈ ਕਿ ਨਹੀਂ।
- ਦੇਖੋ, ਕੈਨੇਡਾ ਵਿੱਚ ਅਜਿਹੀਆਂ ਗੱਲਾਂ ਲਾਗੂ ਨਹੀਂ ਹੁੰਦੀਆਂ। ਇੱਕ ਗੱਲ
ਤੁਹਾਨੂੰ ਹੋਰ ਦੱਸਾਂ ਕਿ ਹੱਥ ਦੀਆਂ ਪੰਜਾਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਹਰ
ਕਿਤੇ ਚੰਗੇ ਸੇਬ ਅਤੇ ਮਾੜੇ ਸੇਬ ਹੁੰਦੇ ਹਨ, ਉਸੇ ਤਰ੍ਹਾਂ ਦੁਨਿਆਂ ਦੇ ਹਰ ਕੋਨੇ
ਵਿੱਚ ਚੰਗੇ ਲੋਕ ਅਤੇ ਮਾੜੇ ਲੋਕ ਵੀ ਹੁੰਦੇ ਹਨ। ਜਨਤਾ ਮਾੜੇ ਲੋਕਾਂ ਨੂੰ ਆਪੇ ਹੀ
ਬਾਹਰ ਕੱਢ ਦਿੰਦੀ ਹੈ। ਬਾਕੀ ਪਾਰਟੀ ਜਦੋਂ ਆਪਣੇ ਨੁੰਮਾਇੰਦੇ ਚੁਣਦੀ ਹੈ ਤਾਂ
ਉਹਨਾਂ ਬਾਰੇ ਪੂਰੀ ਘੋਖ-ਪੜਤਾਲ ਕਰਦੀ ਹੈ, ਬਾਕੀ ਹੁਣ ਮੀਡੀਆ ਅਤੇ ਜਨਤਾ ਬਹੁਤ
ਜਾਗਰੁਕ ਹੋ ਗਈ ਹੈ ਅਤੇ ਜੇਕਰ ਕੋਈ ਗਲਤ ਕੰਮ ਕਰਦਾ ਹੈ ਤਾਂ ਸਾਡੇ ਭੈਣ-ਭਰਾ
ਉਹਨਾਂ ਨੂੰ ਰਕਸਤ ਕਰ ਦਿੰਦੇ ਹਨ।
ਰੂਹ ਦੀ ਅਦਾਲਤ ਵਿੱਚ ਆਏ ਸਾਡੇ ਮੈਂਬਰ ਪਾਰਲੀਐਮੈਂਟ ਸ. ਪਰਮ ਗਿੱਲ ਹੋਰਾਂ ਨੇ
ਹਰ ਸਵਾਲ ਦਾ ਜਵਾਬ ਰੂਹ ਦੀਆਂ ਅੰਦਰਲੀਆਂ ਪਰਤਾਂ ਨੂੰ ਫਰੋਲ ਕੇ ਦਿੱਤਾ।
ਪ੍ਰਮਾਤਮਾ ਇਹਨਾਂ ਨੂੰ ਬੱਲ ਬਖਸ਼ੇ ਤਾਂ ਜੋ ਇਹ ਸਮਾਜ ਦੀ ਇੰਝ ਹੀ ਸੇਵਾ ਕਰਦੇ
ਰਹਿਣ।
|