WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ।

 

5_cccccc1.gif (41 bytes)

ਇਹ ਹਉਮੈ ਪਰਮਾਤਮਾਂ ਦੀ ਆਪਣੀ ਬਣਾਈ ਹੋਈ ਚੀਜ਼ ਹੈ।
ਉਸਦੇ ਹੁਕਮ ਨਾਲ ਇਹ ਪੈਦਾ ਹੁੰਦੀ ਹੈ ਤੇ ਉਸੇ ਦੇ ਹੁਕਮ ਨਾਲ ਚਲੀ ਜਾਂਦੀ ਹੈ।

ਕੀ ਹਉਮੈ ਚੰਗੀ ਚੀਜ਼ ਹੈ ਜਾਂ ਮਾੜੀ?

ਪਰਮਾਤਮਾਂ ਦੀ ਬਣਾਈ ਹੋਈ ਕੋਈ ਚੀਜ਼ ਮਾੜੀ ਨਹੀਂ॥ ਪਰਮਾਤਮਾਂ ਨੇ ਸਾਨੂੰ ਚੰਗਾ ਬਣਾਣ ਵਾਸਤੇ ਹੀ ਇਹ ਹਉਮੈ ਤੇ ਮਾਇਆ ਬਣਾਈ ਹੈ॥
ਹਉਮੈ ਚੰਗੀ ਵੀ ਬਹੁਤ ਹੈ ਤੇ ਮਾੜੀ ਵੀ ਬਹੁਤ ਹੈ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਨੂੰ ਵਰਤਣਾ ਕਿਵੇਂ ਹੈ।
ਇਕ ਛੁਰੀ ਕਿਸੇ ਦਾ ਗਲਾ ਵੀ ਵਢ ਸਕਦੀ ਹੈ ਤੇ ਕਿਸੇ ਦੇ ਕੈਸਰ ਨੂੰ ਕਟ ਕੇ ਉਸ ਨੂੰ ਨਵੀਂ ਜ਼ਿੰਦਗੀ ਵੀ ਦੇ ਸਕਦੀ ਹੈ।
ਇਸੇ ਤਰ੍ਹਾਂ ਹਉਮੈਂ ਸਾਨੂੰ ਦੁਖ ਵੀ ਦੇ ਸਕਦੀ ਹੈ ਤੇ ਸੁਖ ਵੀ।

ਇਹ ਦੁਖ ਕਿਵੇਂ ਦੇਂਦੀ?

ਜਦੋਂ ਇਨਸਾਨ ਆਪਣੇ ਅੰਦਰ ਹੰਕਾਰ ਪੈਦਾ ਕਰ ਲੈਂਦਾ ਹੈ ਕਿ ਮੈਂ ਹੀ ਸਭ ਕੁਝ ਹਾਂ, ਮੈਂ ਹੀ ਸਭ ਤੋਂ ਵਡਾ ਤੇ ਸਿਆਣਾ ਹਾਂ ਤਾਂ ਇਹ ਹਉਮੈ ਇਨਸਾਨ ਦਾ ਦਿਮਾਗ਼ ਖਰਾਬ ਕਰ ਦੇਂਦੀ ਹੈ।
ਇਨਸਾਨ ਭੁਲ ਜਾਂਦਾ ਹੈ ਕਿ ਅਸੀਂ ਸਾਰੇ ਇਕ ਹਾਂ। ਇਕੋ ਮਿਟੀ ਦੇ ਬਣੇ ਵਖਰੇ ਵਖਰੇ ਭਾਂਡੇ ਹਾਂ ਤੇ ਇਕੋ ਵਾਹਿਗੁਰੂ ਦੀ ਸੰਤਾਨ ਹਾਂ। ਕੋਈ ਇਕ ਦੂਜੇ ਤੋਂ ਵਧੀਆ ਜਾਂ ਘਟੀਆ ਨਹੀਂ। ਐਸਾ ਸਮਝਣਾ ਬੇਸਮਝੀ ਹੈ, ਇਹ ਬੇਸਮਝੀ ਇਨਸਾਨ ਵਿਚ ਹਉਮੈ ਤੇ ਹੰਕਾਰ ਕਰ ਕੇ ਹੀ ਪੈਦਾ ਹੁੰਦੀ ਹੈ।

1

ਸਾਡੇ ਗੁਰੁ ਪੀਰ ਬਥੇਰਾ ਸਮਝਾਂਦੇ ਹਨ ਪਰ ਇਨਸਾਨ ਦੇ ਦਿਮਾਗ਼ ਵਿਚ ਇਹ ਗਲ ਪੈਂਦੀ ਹੀ ਨਹੀਂ। ਇਨਸਾਨ ਦਰਅਸਲ ਇਹ ਗਲ ਸੁਣਨਾ ਹੀ ਚਾਹੁੰਦਾ ਕਿ ਉਹ ਕਿਸੇ ਤੋਂ ਘਟ ਹੈ, ਆਪਣੇ ਨੂੰ ਸਭ ਤੋਂ ਵਧੀਆ ਤੇ ਦੂਜਿਆ ਨੂੰ ਸਭ ਤੋਂ ਘਟੀਆ ਸਮਝ ਕੇ ਹੀ ਇਸ ਨੂੰ ਖੁਸ਼ੀ ਹੁੰਦੀ ਹੈ, ਕੋਈ ਇਸ ਦੀ ਵਾਹ ਵਾਹ ਕਰੇ ਤਾਂ ਇਸ ਨੂੰ ਬੜਾ ਚੰਗਾ ਲਗਦਾ ਹੈ । ਕੋਈ ਇਸ ਨੂੰ ਮੰਦਾ ਕਹੇ ਤਾਂ ਇਸ ਨੂੰ ਜ਼ਹਿਰ ਚੜ੍ਹ ਜਾਂਦੀ ਹੈ। ਬਸ ਇਹ ਜ਼ਹਿਰ ਹੀ ਇਨਸਾਨ ਵਿਚ ਕਹਿਰ ਪੈਦਾ ਕਰ ਦੇਂਦੀ ਹੈ ਤੇ ਦੁਸ਼ਮਨੀਆਂ ਪੈਦਾ ਕਰ ਦੇਂਦੀ ਹੈ। ਜਦੋਂ ਹਰ ਕਿਸੇ ਨੂੰ ਦੁਸ਼ਮਨ ਬਣਾ ਲੈਂਦਾ ਹੈ ਤਾਂ ਇਸ ਨੂੰ ਬੜੀ ਤਕਲੀਫ ਹੁੰਦੀ ਹੈ ਤੇ ਇਸ ਦੀ ਜ਼ਿੰਦਗੀ ਦੁਖ ਭਰੀ ਹੋ ਜਾਂਦੀ ਹੈ। ਪਰ ਜੇ ਇਨਸਾਨ ਆਪਣੇ ਗੁਰੁ ਪੀਰ ਦੀ ਗਲ ਸੁਣ ਲਵੇ ਤੇ ਗੁਰੁ ਦੀ ਗਲ ਨੂੰ ਸੌ ਫੀ ਸਦੀ ਸਚ ਕਰ ਕੇ ਜਾਣੇ ਤਾਂ ਇਸ ਨੂੰ ਸਮਝ ਆ ਸਕਦੀ ਹੈ ਕਿ ਅਸੀਂ ਸਾਰੇ ਇਕ ਹਾਂ ਕੋਈ ਇਕ ਦੂਜੇ ਤੋਂ ਵਧ ਜਾਂ ਘਟ ਨਹੀਂ।

ਇਕੋ ਮਾਂ ਪਿਉ ਦੀ ਔਲਾਦ ਹਾਂ॥
ਏਕ ਪਿਤਾ ਏਕਸ ਕੇ ਹਮ ਬਾਰਿਕ॥

ਜਦੋਂ ਐਸਾ ਸਮਝ ਕੇ ਹਰ ਕਿਸੇ ਨਾਲ ਇਕ ਜੈਸਾ ਪਿਆਰ ਕਰੇਗਾ ਤਾਂ ਇਸ ਦੀ ਜ਼ਿੰਦਗੀ ਸੁਖਾਂ ਨਾਲ ਭਰ ਜਾਇਗੀ॥ ਹਰ ਕਿਸੇ ਦਾ ਇਹ ਮਿਤਰ ਬਣ ਜਾਵੇਗਾ। ਸਾਰੀ ਗਲ ਇਹ ਹੈ ਕਿ ਆਪਣੇ ਅੰਦਰ ਉਸ ਹਉਮੈ ਨੂੰ ਕਢ ਦਿਓ ਜਿਹੜੀ ਤੁਹਾਨੂੰ ਇਕ ਦੂਜੇ ਤੋਂ ਵਖ ਕਰਦੀ ਹੈ, ਜਿਹੜੀ ਤੁਹਾਡੇ ਵਿਚ ਹੰਕਾਰ ਤੇ ਗੁਬਾਰ ਪੈਦਾ ਕਰਦੀ ਹੈ॥ ਇਸ ਹਉਮੇ ਨੂੰ ਤੁਸੀ ਆਪਣੇ ਲਈ ਇਸਤਰ੍ਹਾਂ ਵਰਤੋ ਜਿਵੇਂ ਇਕ ਡਾਕਟਰ ਛੁਰੀ ਨੂੰ ਵਰਤਦਾ ਹੈ। ਇਸ ਤਰ੍ਹਾਂ ਨਾਂਹ ਵਰਤੋ ਜਿਵੇਂ ਇਕ ਕਾਤਲ ਵਰਤਦਾ ਹੈ।

2

ਇਸ ਹਉਮੇਂ ਨਾਲ ਆਪਣੇ ਆਪ ਨੂੰ ਆਪਣੇ ਆਪ ਤੋਂ ਉਚਾ ਕਰਣ ਦੀ ਕੋਸ਼ਿਸ਼ ਕਰੋ ਕਿਸੇ ਹੋਰ ਨਾਲੋਂ ਨਹੀਂ। ਜੋ ਤੁਸੀਂ ਅਜ ਹੋ ਕਲ ਇਸ ਤੋਂ ਵਧੀਆ ਬਣਨ ਦੀ ਕੋਸ਼ਿਸ਼ ਕਰੋ। ਇਹ ਤਾਂ ਹੋ ਸਕਦਾ ਹੈ ਜੇ ਤੁਹਾਨੂੰ ਪਤਾ ਹੋਵੇ ਅਜ ਤੁਸੀਂ ਕੀ ਕੀਤਾ ਹੈ? ਕਿਸੇ ਨੂੰ ਸੁਖ ਪਹੂੰਚਾਇਆ ਹੈ ਕੇ ਦੁਖ । ਕਿਸੇ ਦੀ ਪ੍ਰਸ਼ੰਸਾ ਕੀਤੀ ਹੈ ਕਿ ਨਿੰਦਿਆ ਤੇ ਚੁਗਲੀ। ਹਰ ਇਕ ਪਲ ਦਾ ਹਿਸਾਬ ਰਖੋ। ਇਹ ਹਿਸਾਬ ਤੁਸੀਂ ਆਪ ਹੀ ਰਖ ਸਕਦੇ ਹੋ ਹੋਰ ਕੋਈ ਨਹੀਂ॥ ਗੁਰੁ ਪੀਰ ਤਾਂ ਤੁਹਾਨੂੰ ਰਸਤਾ ਸਮਝਾ ਸਕਦੇ ਹਨ ਰਸਤੇ ਤੇ ਤੁਰਨਾਂ ਤੁਹਾਡਾ ਕੰਮ ਹੈ। ਗੁਰੂ ਨੇ ਤਾਂ ਆਪਣੀ ਜ਼ਿੰਦਗੀ ਨੂੰ ਸੰਵਾਰ ਲਿਆ ਹੈ ਹੁਣ ਓਹ ਸਾਡੀ ਜ਼ਿੰਦਗੀ ਦੀ ਜਾਚ ਸਿਖਾ ਰਿਹਾ ਹੈ॥ ਤੁਹਾਡੀ ਮਰਜ਼ੀ ਹੈ ਗੁਰੂ ਦੀ ਗਲ ਸੁਣੋਂ ਜਾਂ ਨਾਂਹ ਸੁਣੋ॥ ਸੁਣੋਗੇ ਤਾਂ ਸੁਖ ਪਾਉਗੇ। ਨਹੀਂ ਤਾਂ ਜੇ ਆਪਣੇ ਮੰਨ ਦੀ ਗਲ ਸੁਣੋਗੇ ਤੇ ਹਉਮੈ ਤੇ ਹੰਕਾਰ ਵਾਲੀ ਜ਼ਿੰਦਗੀ ਬਤੀਤ ਕਰਨਾਂ ਚਾਹੂੰਦੇ ਹੋ ਤਾਂ ਇਹ ਵੀ ਤੁਹਾਡੀ ਮਰਜ਼ੀ॥ ਜ਼ਿੰਦਗੀ ਵਿਚ ਸੁਖ ਤੇ ਦੁਖ ਤੁਹਾਡੇ ਆਪਣੇ ਹਥ ਵਿਚ ਹਨ, ਪਰਮਾਤਮਾਂ ਨੇ ਤੁਹਾਨੂੰ ਐਸੀ ਸੋਹਣੀ ਜ਼ਿੰਦਗੀ ਬਖਸ਼ੀ ਹੈ ਅਤੇ ਇਸ ਨੂੰ ਸੰਵਾਰਨ ਵਾਸਤੇ ਗੁਰੂ ਵੀ ਭੇਜੇ ਹਨ ਤਾਂ ਕਿ ਜੇ ਤੁਸੀਂ ਭੁਲ ਗਏ ਹੋ ਤਾਂ ਗੁਰੂ ਤੁਹਾਨੂੰ ਸਿਧਾ ਰਸਤਾ ਸਮਝਾ ਦੇਵੇ।

3

ਮੈਂ ਸਮਝਦਾ ਹਾਂ ਪਹਿਲਾਂ ਆਪਣੇ ਮੰਨ ਪਿਛੇ ਲਗ ਕਿ ਵੇਖ ਲਓ, ਤਜਰਬਾ ਕਰ ਲਓ ਤੁਹਾਨੂੰ ਸੁਖ ਮਿਲਦਾ ਹੈ ਕਿ ਨਹੀਂ ਜੇ ਨਹੀਂ ਮਿਲਦਾ ਤਾਂ ਗੁਰੂ ਦੀ ਗਲ ਨੂੰ ਜ਼ਰੂਰ ਅਜ਼ਮਾ ਕੇ ਵੇਖੋ, ਉਸ ਰਸਤੇ ਤੇ ਚਲ ਕੇ ਵੇਖੋ। ਹੁਣ ਤਕ ਅਸੀਂ ਆਪਣੇ ਮੰਨ ਦੇ ਦਸੇ ਰਸਤੇ ਤੇ ਚਲਦੇ ਆਏ ਹਾਂ ਪਰ ਸਾਨੂੰ ਸੁਖ ਨਹੀਂ ਮਿਲਿਆ ਹੁਣ ਗੁਰੂ ਦੇ ਰਸਤੇ ਤੇ ਚਲ ਕੇ ਵੇਖ ਲਵੋ। ਗੁਰੂ ਦੀ ਗਲ ਧਿਆਨ ਨਾਲ ਸੁਣਿਆਂ ਕਰੋ। ਸੁਣਿ ਕੇ ਵੀਚਾਰਿਆ ਕਰੋ ਮੈਂ ਨਹੀਂ ਕਹਿੰਦਾ ਕਿਸੇ ਨੂੰ ਅੰਨ੍ਹੈ ਵਾਹ ਫੋਲੋ ਕਰੋ। ਗੁਰੂ ਦੀ ਹਰ ਗਲ ਗੁਰੂ ਦੇ ਸ਼ਬਦ ਵਿਚ ਹੈ। ਜਦੋਂ ਤੁਹਾਡਾ ਮੰਨ ਮਨ ਜਾਵੇ ਕਿ ਗੁਰੂ ਠੀਕ ਕਹਿ ਰਿਹਾ ਹੈ ਤਾਂ ਫਿਰ ਉਸ ਗਲ ਤੇ ਚਲਿਆ ਜ਼ਰੂਰ ਕਰੋ॥ ਚਲ ਕੇ ਵੇਖੋ ਤਜਰਬਾ ਕਰ ਕੇ ਵੇਖੋ ਫਿਰ ਫੈਸਲਾ ਕਰੋ ਤੁਸੀਂ ਕੈਸੀ ਜ਼ਿੰਦਗੀ ਜੀਣਾ ਚਾਹੁੰਦੇ ਹੋ। ਗੁਰੂ ਦੀ ਇਕ ਸਿਖਿਆ ਹੀ ਤੁਹਾਡਾ ਜੀਵਨ ਬਦਲ ਸਕਦੀ ਹੈ॥

ਮਤਿ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥

ਗੁਰੂ ਦੇ ਸ਼ਬਦ ਦੀ ਇਕ ਪਾਵਨ ਤੁਕ ਤੁਹਾਡੀ ਜ਼ਿੰਦਗੀ ਵਿਚ ਖੁਸ਼ੀਆ ਭਰ ਸਕਦੀ ਹੈ। ਯਕੀਨ ਕਰੋ , ਗੁਰੂ ਤੁਹਾਡੀ ਜ਼ਿੰਦਗੀ ਸੰਵਾਰਨ ਵਾਸਤੇ ਆਇਆ ਹੈ। ਜੈਸਾ ਮੈ ਕਿਹਾ ਹੈ ਪਰਮਾਤਮਾਂ ਨੇ ਤੁਹਾਨੂ ਚੰਗਾ ਤੇ ਹੋਰ ਹੋਰ ਚੰਗਾ ਬਣਾਣ ਵਾਸਤੇ ਸਾਰੇ ਸੁਖ ਦੇ ਸਮਾਨ ਦਿਤੇ ਹਨ। ਗੁਰੂ ਦਿਤੇ ਹਨ। ਮਾਤਾ ਪਿਤਾ ਦਿਤੇ ਹਨ, ਭੈਣ ਭਰਾ ਤੇ ਦੋਸਤ ਮਿਤਰ ਦਿਤੇ ਹਨ ਜੋ ਹਮੇਸ਼ਾਂ ਤੁਹਾਡਾ ਭਲਾ ਮੰਗਦੇ ਹਨ।

4

ਸਾਡੇ ਅੰਦਰ ਵਾਹਿਗੁਰੂ ਨੈ ਜੋ ਹਉਮੇ ਪਾਈ ਹੈ ਇਹ ਵੀ ਸਾਡੀ ਮਿਤਰ ਹੈ। ਇਸ ਹਉਮੇ ਨਾਲ ਤੁਸੀਂ ਅਗੇ ਵਧ ਸਕਦੇ ਹੋ , ਆਪਣੇ ਅੰਦਰ ਨਵਾਂ ਚਾਹ ਤੇ ਨਵੀਂ ਉਮੰਗ ਪੈਦਾ ਕਰ ਸਕਦੇ ਹੋ। ਜੇ ਇਨਸਾਨ ਵਿਚ ਹਉਮੈ ਨਾਂਹ ਹੋਵੇ ਤਾਂ ਇਨਸਾਨ ਹਥ ਤੇ ਹਥ ਧਰ ਕੇ ਬੈਠ ਜਾਵੇ ਕਿਸੇ ਕੰਮ ਕਰਣ ਦਾ ਉਦਮ ਹੀ ਨਾਂਹ ਕਰੇ। ਹਉਮੈਂ ਹੀ ਇਨਸਾਨ ਦੀ ਜ਼ਿੰਦਗੀ ਦਾ ਇੰਜਨ ਹੈ ਜੇਹੜਾ ਇਸ ਨੂੰ ਚਲਾਂਦਾ ਹੈ। ਪਰ ਖਿਆਲ ਰਖਣਾ ਇਸ ਹਉਮੈ ਨਾਲ ਤੁਸੀਂ ਆਪ ਆਪਣੇ ਆਪ ਤੋਂ ਚੰਗਾ ਬਣਨਾ ਹੈ ਕਿਸੇ ਹੋਰ ਕੋਲੋਂ ਨਹੀਂ। ਜਦੋਂ ਅਸੀਂ ਸਾਰੇ ਇਕੋ ਮਿਟੀ ਦੇ ਬਣੇ ਹੋਏ ਭਾਂਡੇ ਹਾਂ ਤੇ ਫਿਰ ਵਧੀਆ ਕੌਣ ਤੇ ਘਟੀਆ ਕੌਣ?

ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕਿਛ ਤਿਸ ਕਾ ਭਾਣਾ।
ਜੋ ਕੰਮ ਅਸੀਂ ਕਰ ਰਹੇ ਹਾਂ ਅਸੀਂ ਉਸਦੇ ਹੁਕਮ ਅੰਦਰ ਹੀ ਕਰ ਰਹੇ ਹਾਂ।

ਜੇ ਕੋਈ ਰਾਜੇ ਦਾ ਕੰਮ ਕਰ ਰਿਹਾ ਹੈ ਤਾਂ ਵੀ ਉਸਦੇ ਹੁਕਮ ਵਿਚ, ਉਸਨੂੰ ਰਾਜਾ ਹੋਣ ਦਾ ਹੰਕਾਰ ਨਹੀਂ ਹੋਣਾ ਚਾਹੀਦਾ। ਜੇ ਕੋਈ ਉਸਦੇ ਹੁਕਮ ਵਿਚ ਫਕੀਰ ਤੇ ਮੰਗਤਾ ਬਣ ਗਿਆ ਹੈ ਤਾਂ ਉਸ ਨੂੰ ਵੀ ਕੋਈ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ, ਕੀ ਪਤਾ ਓਹੋ ਫਕੀਰ ਪਿਛਲੀ ਜ਼ਿੰਦਗੀ ਵਿਚ ਰਾਜਾ ਹੋਵੇ ਤੇ ਇਸ ਜ਼ਿੰਦਗੀ ਵਿਚ ਭਿਖਾਰੀ ਬਣ ਕੇ ਵੇਖਣਾ ਚਾਹੁੰਦਾ ਹੋਵੇ ਕਿ ਫਕੀਰੀ ਕੀ ਹੁੰਦੀ ਹੈ। ਸਾਡੀ ਆਤਮਾਂ ਜੋ ਪਰਮਾਤਮਾਂ ਹੀ ਹੈ ਇਹ ਸਭ ਕੁਝ ਤਜਰਬਾ ਕਰ ਕੇ ਵੇਖਣਾ ਚਾਹੁੰਦੀ ਹੈ ਕਿ ਦੁਖ ਕੀ ਹੁੰਦਾ ਹੈ ਤੇ ਸੁਖ ਕੀ ਹੁੰਦਾ ਹੈ। ਪਾਪ ਕੀ ਹੁੰਦਾ ਹੈ ਤੇ ਪੁੰਨ ਕੀ ਹੁੰਦਾ ਹੈ?

5

ਮੇਰੀ ਗਲ ਤੇ ਯਕੀਨ ਕਰਨਾਂ ਕਿ ਸਾਡੇ ਅੰਦਰ ਆਪ ਹੀ ਬੈਠ ਕੇ ਸਭ ਕੁਝ ਆਪ ਹੀ ਐਕਸਪੀਰੀਐਂਸ ਕਰ ਰਿਹਾ ਹੈ ਕਿ ਵਾਹਿਗੁਰੂ ਦਾ ਸੁਭਾ ਕੈਸਾ ਹੈ?
ਵਾਹਿਗੁਰੂ ਨੂੰ ਸਚ ਖੰਡ ਵਿਚ ਤਾਂ ਪਤਾ ਹੈ ਕਿ ਵਾਹਿਗੁਰੂ ਕੌਂਣ ਹੈ ਪਰ ਇਹ ਸਿਰਫ ਉਸਦੀ ਕਲਪਨਾ ਹੈ ਇਹ ਉਸ ਦਾ ਤਜਰਬਾ ਨਹੀਂ। ਸਚ ਕੀ ਹੈ ਇਹ ਵੇਖਣ ਤੇ ਪਰਖਣ ਵਾਸਤੇ ਹੀ ਉਸ ਨੈ ਇਹ ਮਾਇਆ ਦੇ ਤਿੰਨ ਰੰਗਾ ਦੀ ਦੁਨੀਆਂ ਬਣਾਈ ਹੈ ਤਾਂ ਕਿ ਓਹ ਇਹ ਪਰਖ ਸਕੇ ਕਿ ਵਾਹਿਗੁਰੂ ਕੌਣ ਹੈ? ਇਹ ਤਾਂ ਹੀ ਪਤਾ ਲਗ ਸਕਦਾ ਹੈ ਜਿਥੇ ਝੂਠ ਵੀ ਹੋਵੇ ਤੇ ਸਚ ਵੀ ਹੋਵੇ। ਤਾਂ ਹੀ ਤੁਸੀਂ ਤਜਰਬਾ ਕਰ ਸਕਦੇ ਹੋ ਕਿ ਤੁਸੀਂ ਕੌਣ ਹੋ। ਤੁਸੀਂ ਝੂਠ ਵੀ ਚੁਣ ਸਕਦੇ ਹੋ ਤੇ ਸਚ ਵੀ। ਇਹ ਚੋਣ ਤਾਂ ਹੋ ਸਕਦੀ ਹੈ ਜਿਥੇ ਦੋ ਚੀਜ਼ਾਂ ਇਕਠੀਆਂ ਹੋਣ। ਜਿਥੇ ਇਕੋ ਚੀਜ਼ ਹੀ ਹੋਵੇ ਉਥੇ ਕੋਈ ਕੀ ਚੁਣ ਸਕਦਾ ਹੈ?
ਸ਼ਚ ਖੰਡ ਵਿਚ ਇਕੋ ਚੀਜ਼ ਹੈ ਸਚ ਪਰ ਉਥੇ ਸਚ ਪਛਾਣਿਆ ਨਹੀਂ ਜਾ ਸਕਦਾ ਕਿਉਕਿ ਉਥੇ ਇਕੋ ਹੀ ਚੀਜ਼ ਹੈ। ਵਾਹਿਗੁਰੂ ਨੈ ਆਪਣੇ ਆਪ ਨੂੰ ਪਛਾਣਨ ਵਾਸਤੇ ਕਿ ਵਾਹਿਗੁਰੂ ਸਚ ਹੈ ਉਸਨੇ ਇਹ ਝੂਠ ਦੀ ਦੁਨੀਆਂ ਵੀ ਬਣਾਈ ਹੈ ਤਾਂਕਿ ਸਚ ਦਾ ਤਜਰਬਾ ਹੋ ਸਕੇ। ਵਾਹਿਗੁਰੂ ਕਰੇ ਸਾਨੂੰ ਇਸ ਗਲ ਦੀ ਸਮਝ ਪੈ ਜਾਵੇ ਤੇ ਅਸੀਂ ਹਰ ਕਿਸੇ ਦਾ ਸਤਿਕਾਰ ਕਰੀਏ ਤੇ ਇਕ ਜੈਸਾ ਹੀ ਪਿਆਰ ਕਰੀਏ ਭਾਵੇਂ ਕੋਈ ਰਾਜਾ ਹੈ ਜਾਂ ਮੰਗਤਾ ਹੈ। ਭਾਵੇਂ ਕੋਈ ਅਮੀਰ ਹੈ ਜਾਂ ਗਰੀਬ। ਭਾਵੇਂ ਕੋਈ ਸੰਤ ਹੈ ਜਾਂ ਕਾਤਿਲ। ਸਭਨਾਂ ਵਿਚ ਪਰਮਾਤਮਾਂ ਆਪ ਹੀ ਵਰਤ ਰਿਹਾ ਹੈ

ਜੋ ਦੀਸੈ ਸੋ ਤੇਰਾ ਰੂਪ
ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ॥

6

ਏਕ ਹੈ ਅਨੇਕ ਹੈ ਅਨੇਕ ਤੇ ਫਿਰ ਏਕ ਹੈ॥
ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ, ਜੰਗਮ,ਕੀਟ, ਪਤੰਗਮ ਸਭ ਮਹਿ ਰਾਮੁ ਸਮਾਨਾ ਰੇ।

ਤੁਹਾਡਾ ਦਾਸ
ਡਾ: ਮਹਾਂਬੀਰ ਸਿੰਘ।
ਵੈਸਟਰਨ ਆਸਟ੍ਰੇਲੀਆਂ।


hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com