ਸਾਡੇ
ਭਾਰਤ ਦੇਸ਼ ਵਿੱਚ ਕੁਝ ਐਸੀਆਂ ਬੀਮਾਰੀਆਂ ਫੈਲ ਚੁੱਕੀਆਂ ਹਨ ਜਿਹੜੀਆਂ ਕਿ ਲਾ-ਇਲਾਜ਼
ਬੀਮਾਰੀਆਂ ਦਾ ਰੂਪ ਅਖ਼ਤਿਆਰ ਕਰ ਚੁੱਕੀਆਂ ਹਨ। ਅੱਜ ਕੱਲ੍ਹ ਜਿਸ ਬੀਮਾਰੀ ਦਾ ਸਾਡੇ
ਭਾਰਤੀ ਸਮਾਜ ਵਿੱਚ ਬੋਲਬਾਲਾ ਚੱਲ ਰਿਹਾ ਹੈ। ਉਸ ਲਾ-ਇਲਾਜ਼ ਬੀਮਾਰੀ ਦਾ ਨਾਂ
ਭ੍ਰਿਸ਼ਟਾਚਾਰ ਹੈ। ਅਰਥਾਤ ਸਾਡੇ ਸਮਾਜ ਵਿੱਚ ਲੋਕਤੰਤਰ ਦੀ ਬਜਾਇ ਭ੍ਰਿਸ਼ਟਤੰਤਰ ਦਾ
ਬੋਲਬਾਲਾ ਹੈ। ਜਿੱਥੇ ਇੱਕ ਪਾਸੇ ਤਾਂ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਆਦਿ
ਜਿਹੀਆਂ ਸਮੱਸਿਆਵਾਂ ਨਾਲ ਜ਼ੂਝਦਾ ਹੋਇਆ ਆਮ ਇਨਸਾਨ ਚੱਕੀ ਦੇ ਘੁਣ ਵਿੱਚ ਆਟੇ ਵਾਂਗ
ਪਿਸ ਰਿਹਾ ਹੈ ਤੇ ਦੂਜਾ ਆਹ ਇਲੈੱਕਸ਼ਨਾਂ ਤੋਂ ਬਾਅਦ ਇਨ੍ਹਾਂ ਦਾ ਬੋਝ ਵੀ ਆਮ ਜਨਤਾ
ਤੇ ਪੈਣ ਨਾਲ ਜਿਹੜਾ ਹਾਲ ਸਾਡੇ ਇਸ ਸਮਾਜ ਦੇ ਆਮ ਇਨਸਾਨ ਦਾ ਹੋਵੇਗਾ ਉਸਦਾ
ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਕੰਮ ਜਾਪ ਰਿਹਾ ਹੈ। ਗੱਲ ਕੀ ਜੀ ਅੱਜ ਭ੍ਰਿਸ਼ਟਤੰਤਰ
ਸਿਰ ਚੜ੍ਹ ਕੇ ਬੋਲ ਰਿਹਾ ਦਿਖਾਈ ਦਿੰਦਾ ਹੈ।
ਅਸਲ ਵਿੱਚ ਦੇਖਿਆ ਜਾਵੇ ਤਾਂ ਇਹ ਭ੍ਰਿਸ਼ਟਾਤੰਤਰ ਦੀ ਜੜ੍ਹ ਸਾਡੇ ਇਸ ਸਾਡੇ ਤੇ
ਮਾਨਸਿਕ ਤੌਰ ਤੇ ਬੀਮਾਰ ਆਮ ਲੋਕਾਂ ਦੇ ਵਿੱਚੋਂ ਹੀ ਊਪਜਦੀ ਹੈ ਕਿਉਂਕਿ ਇਹ ਲੋਕ
ਭ੍ਰਿਸ਼ਟਾਚਾਰੀਆਂ ਦਾ ਸਾਥ ਦੇ ਕੇ ਇਸ ਲਾ-ਇਲਾਜ਼ ਬੀਮਾਰੀ ਨੂੰ ਆਪ ਹੀ ਸਹੇੜ ਲੈਂਦੇ
ਹਨ। ਇੱਕ ਪਾਸੇ ਤਾਂ ਇੱਕ ਆਮ ਇਨਸਾਨ ਸਮਾਜ ਵਿਚਲੀਆਂ ਸਮੱਸਿਆਵਾਂ ਗਰੀਬੀ,
ਮਹਿੰਗਾਈ, ਬੇਰੁਜ਼ਗਾਰੀ ਆਦਿ ਵਿੱਚ ਚੱਕੀ ਦੇ ਘੁਣ ਵਾਂਗ ਪਿਸ ਰਿਹਾ ਹੈ ਤੇ ਦੂਜੇ
ਪਾਸੇ ਇਹ ਚੋਣਾਂ ਤੇ ਹੋਣ ਵਾਲਾ ਖਰਚ ਇਨ੍ਹਾਂ ਤੇ ਹੀ ਪੈਣÎ ਨਾਲ ਇਹ ਹੋਰ ਕਮਰ
ਤੁੜਵਾਉਣ ਦਾ ਉਪਰਾਲਾ ਕਰ ਰਿਹਾ ਹੈ।
ਸਾਡੇ ਲੋਕਾਂ ਨੂੰ ਇਨ੍ਹਾਂ ਰਾਜਨੀਤੀਵਾਨਾਂ ਤੇ ਭ੍ਰਿਸ਼ਟ ਲੋਕਾਂ ਨੇ ਇੰਨ੍ਹਾਂ
ਆਮ ਲੋਕਾਂ ਨੂੰ ਇੰਨਾਂ ਬੁਰੀ ਤਰ੍ਹਾਂ ਮਾਨਸਿਕ ਬੀਮਾਰ ਕਰ ਦਿੱਤਾ ਹੋਇਆ ਹੈ ਕਿ ਇਹ
ਇਸ ਬੀਮਾਰੀ ਤੋਂ ਤੰਦਰੁਸ਼ਤ ਹੋਣ ਲਈ ਕੋਈ ਵੀ ਉਪਰਾਲਾ ਕਰਨ ਦੇ ਯੋਗ ਵੀ ਨਹੀਂ ਰਹੇ।
ਇੱਥੇ ਜਿਊਂਦੇ ਇਨਸਾਨਾਂ ਦੀ ਰੋਟੀ ਰੋਜ਼ੀ ਦਾ ਪ੍ਰਬੰਧ ਕਰਨ ਲਈ ਕੋਈ ਉਪਰਾਲਾ ਕਰਨ
ਦੀ ਬਜ਼ਾਇ ਭ੍ਰਿਸ਼ਟ ਲੋਕਾਂ ਦੇ ਮੁਰਦੇ ਬਾਪ ਦਾਦਿਆਂ ਦੀ ਪੂਜਾ ਲਈ ਸਾਧਨ ਜੁਟਾਉਣ ਦੇ
ਯਤਨ ਜ਼ਰੂਰ ਆਰੰਭੇ ਗਏ ਹਨ ਤੇ ਇਹ ਮੁਰਦਾ ਪੂਜਾ ਦਾ ਕੰਮ ਬਾ-ਖ਼ੂਬੀ ਨੇਪੜੇ ਵੀ
ਚਾੜ੍ਹਿਆ ਜਾ ਰਿਹਾ ਹੈ।
ਜਿੱਥੇ ਇੱਕ ਪਾਸੇ ਭ੍ਰਿਸ਼ਟਾਤੰਤਰ ਜੋਰਾਂ-ਸ਼ੋਰਾਂ ਤੇ ਹੈ ਉੱਥੇ ਦੂਜੇ ਪਾਸੇ
ਰਾਜਨੀਤੀਤੰਤਰ ਵਿਚਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭ੍ਰਿਸ਼ਟ ਲੋਕਾਂ ਨੂੰ ਵੀ
ਉਮੀਦਵਾਰੀ ਦੀਆਂ ਟਿਕਟਾਂ ਪ੍ਰਦਾਨ ਕਰਕੇ ਕਿਸ ਭ੍ਰਿਸ਼ਟਾਤੰਤਰ ਨੂੰ ਖ਼ਤਮ ਕਰਨ ਦੀ
ਦੁਹਾਈ ਪਾਉਣ ਦੀ ਗਵਾਹੀ ਦਿੱਤੀ ਗਈ ਹੈ? ਇਹ ਚੋਣਾਂ ਦੀ ਰੁੱਤ ਵੀ ਭ੍ਰਿਸ਼ਟ ਲੋਕਾਂ
ਨੂੰ ਆਪਣੀ ਸਕੀ ਬੇਬੇ ਦੇ ਵਿਆਹ ਦੀ ਖ਼ੁਸ਼ੀ ਵਾਲੀ ਰੁੱਤ ਜਾਪਦੀ ਹੋਈ ਨਜ਼ਰੀਂ ਪੈ ਰਹੀ
ਹੈ। ਫਿਰ ਇਹ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਨਹੀਂ ਦਿੱਤਾ ਜਾ ਰਿਹਾ ਤਾਂ ਹੋਰ ਕੀ ਹੋ
ਰਿਹਾ ਹੈ? ਪਰ ਸਾਡੇ ਮਾਨਸਿਕ ਤੌਰ 'ਤੇ ਬੀਮਾਰ ਇਹ ਆਮ ਲੋਕ ਇਨ੍ਹਾਂ ਭ੍ਰਿਸ਼ਟ
ਲੋਕਾਂ ਦੀਆਂ ਲੂਬੜ ਚਾਲਾਂ ਨੂੰ ਨਹੀਂ ਸਮਝ ਸਕੇ।
ਯੋਗਾ ਗੁਰੂ ਸਵਾਮੀਂ ਰਾਮਦੇਵ ਵਰਗਿਆਂ ਨੇ ਇਸ ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਉਠਾਈ
ਤੇ ਬੇਚਾਰੇ ਮੂੰਹ ਦੀ ਖਾ ਕੇ ਬੈਠ ਗਏ। ਫਿਰ ਲੋਕਪਾਲ ਬਿੱਲ ਲੈ ਕੇ ਅੰਨਾ ਹਜ਼ਾਰੇ
ਦੀ ਟੀਮ ਆਈ ਤੇ ਭ੍ਰਿਸ਼ਟਾਚਾਰ ਫਿਰ ਆਪ-ਮੁਹਾਰੇ ਬੋਲ ਉੱਠਿਆ ਕਿ ਮੈਂ ਦੇਖਦਾ ਹਾਂ
ਕਿ ਮੈਨੂੰ ਕੋਈ ਕਿਉਂ ਤੇ ਕਿਵੇਂ ਖ਼ਤਮ ਕਰਦਾ ਹੈ। ਅੱਜ ਕੱਲ੍ਹ ਵਿਧਾਨ ਸਭਾ ਦੀਆਂ
ਚੋਣਾਂ ਦੇ ਸਮੇਂ ਦੌਰਾਨ ਵੀ ਅੰਨਾ ਟੀਮ 'ਤੇ ਇਹ ਦਬਾਅ ਪਾਇਆ ਗਿਆ ਹੈ ਕਿ ਉਹ ਇਸ
ਸਮੇਂ ਕਿਸੇ ਵੀ ਭ੍ਰਿਸ਼ਟ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਕੁਝ ਨਾ ਬੋਲੇ।
ਹੁਣ ਇਹ ਵੀ ਕਿਹਾ ਗਿਆ ਅੰਨਾ ਹਜ਼ਾਰੇ ਦੀ ਟੀਮ ਭ੍ਰਿਸ਼ਟਾਚਾਰੀਆਂ ਦੇ ਹੱਕ ਜਾਂ
ਵਿਰੋਧ ਵਿੱਚ ਚੋਣਾਂ ਦੇ ਸਮੇਂ ਦੌਰਾਨ ਕੋਈ ਚੋਣ ਪ੍ਰਚਾਰ ਨਾ ਦੇਵੇ ਤੇ ਨਾਲ ਦੀ
ਨਾਲ ਇਹ ਅਪੀਲ ਵੀ ਕੀਤੀ ਗਈ ਹੈ ਕਿ ਲੋਕ, ਲੋਕਪਾਲ ਦੇ ਹੱਕ ਵਿੱਚ ਡਟੇ ਰਹਿਣ। ਹੁਣ
ਅਸਲ ਗੱਲ ਤਾਂ ਇਹ ਹੀ ਸਾਹਮਣੇ ਆਉਂਦੀ ਹੋਈ ਦਿਖਾਈ ਦਿੰਦੀ ਹੈ ਕਿ ਲੋਕ ਖੁਦ ਵੀ
ਇੱਕ ਮੁਰਦਾ ਦੀ ਤਰ੍ਹਾਂ ਜਾਂ ਅੰਨ੍ਹੇ ਇਨਸ਼ਾਨਾਂ ਦੀ ਤਰ੍ਹਾਂ ਸਭ ਕੁਝ ਦੇਖਣ, ਸੁਣਨ
ਜਾਂ ਜਾਣਨ ਤੋਂ ਬਾਅਦ ਕੁਝ ਨਾ ਬੋਲਣ ਤਾਂ ਇਸ ਸਭ ਕੁਝ ਦਾ ਦੋਸ਼ ਕਿਸ ਸਿਰ ਮੜ੍ਹਿਆ
ਜਾਵੇ?
ਹੁਣ ਇਹ ਹੀ ਦੇਖ ਲਓ ਕਿ ਜੇਕਰ ਅਸੀਂ ਕਿਸੇ ਬੀਮਾਰੀ ਦਾ ਇਲਾਜ ਕਰਨ ਵਾਲੀ ਦਵਾਈ
ਖਾਣ ਤੋਂ ਬਗ਼ੈਰ ਹੀ ਕਹਿ ਦੇਈਏ ਕਿ ਦਵਾਈ ਨੂੰ ਖਾਓ ਨਾ ਪਰ ਇਸਨੂੰ ਦੇਖਣ ਤੇ ਹੀ
ਡਟੇ ਰਹੋ ਤਾਂ ਕੀ ਸੱਚ-ਮੁੱਚ ਹੀ ਇਹ ਭ੍ਰਿਸ਼ਟਾਚਾਰ ਰੂਪੀ ਲਾ-ਇਲਾਜ਼ ਬੀਮਾਰੀ ਦਾ
ਇਲਾਜ਼ ਹੋ ਸਕਦਾ ਹੈ? ਅਰਥਾਤ ਇਹ ਠੀਕ ਹੋ ਸਕਦੀ ਹੈ? ਇਸ ਦਾ ਅਰਥ ਤਾਂ ਫਿਰ ਇਹ ਹੀ
ਨਿਕਲਦਾ ਹੋਇਆ ਜਾਪ ਰਿਹਾ ਹੈ ਕਿ ਭ੍ਰਿਸ਼ਟਾਚਾਰ ਫਲਦਾ-ਫੁੱਲਦਾ ਰਹੇ। ਨਾ-ਹੱਕੇ
ਐਸ਼ਾਂ ਕਰਦੇ ਰਹਿਣ ਤੇ ਹੱਕਦਾਰ ਫਿਰ ਤੋਂ ਆਪਣੀ ਮਾਨਸ਼ਿਕ ਬੀਮਾਰੀ ਕਾਰਨ ਇਸ
ਭ੍ਰਿਸ਼ਟਤੰਤਰ ਦੀ ਗੁਲਾਮੀਂ ਕਬੂਲ ਕਰਕੇ ਰਹਿੰਦੇ ਵੀ ਭਾਂਡੇ ਵਿੱਚ ਵੜ ਜਾਣ।
ਅਰਥਾਤ ਹੁਣ ਇੱਕ ਪਾਸੇ ਤਾਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਤੇ ਏਕਤਾ ਤੇ ਸਮਾਨਤਾ
ਦਾ ਅਧਿਕਾਰ ਅਰਥਾਤ ਲੋਕਤੰਤਰ ਦੀ ਗੱਲ ਹੋ ਰਹੀ ਹੈ ਲੇਕਿਨ ਅਸਲ ਵਿੱਚ ਭ੍ਰਿਸ਼ਟਾਚਾਰ
ਨੂੰ ਬੜਾਵਾ ਦੇ ਕੇ ਭ੍ਰਿਸ਼ਟਾਤੰਤਰ ਬਹਾਲ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ
ਰਹੀਆਂ ਹਨ। ਅਰਥਾਤ ਭ੍ਰਿਸ਼ਟਾਤੰਤਰ ਖ਼ਿਲਾਫ਼ ਬੋਲਣ ਤੇ ਵੀ ਰੋਕ ਲਗਾਈ ਜਾ ਰਹੀ ਹੈ।
ਫਿਰ ਇੱਥੇ ਆਪੇ ਇਹ ਗੱਲ ਢੁਕਣੀ ਹੈ ਅਖੇ- ' ਇੱਕ ਫਿਰੇ ਨੱਥ ਕੜ੍ਹਾਉਣ ਨੂੰ ਤੇ
ਦੂਜਾ ਫਿਰੇ ਨੱਕ ਵਢਾਉਣ ਨੂੰ। '
ਪਰਸ਼ੋਤਮ ਲਾਲ ਸਰੋਏ, ਮੋਬਾਇਲ-92175-44348
ਪਿੰਡ- ਧਾਲੀਵਾਲ-ਕਾਦੀਆਂ- ਜਲੰਧਰ- 144002 |