WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

 

ਮੇਰੀ ਕੈਨੇਡਾ ਫ਼ੇਰੀ
ਸ਼ਿਵਚਰਨ ਜੱਗੀ ਕੁੱਸਾ

5_cccccc1.gif (41 bytes)
ਕਿਸ਼ਤ 3

ਮੇਰੀ ਕੈਨੇਡਾ ਫ਼ੇਰੀ 3 - ਸ਼ਿਵਚਰਨ ਜੱਗੀ ਕੁੱਸਾ

ਅਗਲੇ ਦਿਨ ਦੁਪਿਹਰੇ ਬਾਰਾਂ ਵਜੇ ਮੇਰੀ ਸ਼ੇਰੇ-ਪੰਜਾਬ ਰੇਡੀਓ ਵੈਨਕੂਵਰ 'ਤੇ ਹਰਜੀਤ ਗਿੱਲ ਨਾਲ਼ ਇੰਟਰਵਿਊ ਸੀ। ਛੋਟੇ ਵੀਰ ਗੁਰਮੇਲ ਬਦੇਸ਼ਾ ਦੀ ਹਰਜੀਤ ਗਿੱਲ ਵੱਲੋਂ ਡਿਊਟੀ ਲਾਈ ਗਈ ਸੀ ਕਿ ਬਾਈ ਜੱਗੀ ਕੁੱਸਾ ਨੂੰ ਹੋਟਲ 'ਸੁਪਰ-8' ਵਿਚੋਂ ਚੁੱਕ ਕੇ ਸਾਢੇ ਕੁ ਗਿਆਰਾਂ ਵਜੇ ਰੇਡੀਓ ਸਟੇਸ਼ਨ ਪਹੁੰਚਾਉਣਾ ਹੈ। ਗੁਰਮੇਲ ਬਦੇਸ਼ਾ ਮੇਰੇ ਕੋਲ਼ ਹੋਟਲ ਸੁਪਰ-8 ਪੂਰੇ ਗਿਆਰਾਂ ਵਜੇ ਹੀ ਪਹੁੰਚ ਗਿਆ। ਉਸ ਦੇ ਫ਼ੋਨ 'ਤੇ ਮੇਰੇ ਪੁਰਾਣੇਂ ਬੇਲੀ ਤੇਜ ਸੇਖੋਂ ਦਾ ਫ਼ੋਨ ਆ ਗਿਆ। ਤੇਜ ਸੇਖੋਂ ਮੇਰੇ ਜਿਗਰੀ ਮਿੱਤਰ ਸੁਖਮਿੰਦਰ ਸਿੰਘ ਚੀਮਾਂ ਨਾਲ਼ 'ਰੇਡੀਓ ਇੰਡੀਆ' 'ਤੇ ਪ੍ਰੋਗਰਾਮ ਦਿੰਦਾ ਹੈ। ਤੇਜ ਸੇਖੋਂ ਮਿਲਣ ਬਾਰੇ ਪੁੱਛ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਰੇਡੀਓ ਇੰਟਰਵਿਊ ਤੋਂ ਬਾਅਦ ਮੈਂ ਤੈਨੂੰ ਫ਼ੋਨ ਕਰਦਾ ਹਾਂ। ਇੰਟਰਵਿਊ ਤੋਂ ਬਾਅਦ ਪ੍ਰਸਿੱਧ ਆਰਟਿਸਟ ਸ. ਜਰਨੈਲ ਸਿੰਘ ਅਤੇ ਬਾਈ ਗੁਰਚਰਨ ਸਿੰਘ ਟੱਲੇਵਾਲ਼ ਦੇ ਸਪੈਸ਼ਲ ਰੱਖੇ ਪ੍ਰੋਗਰਾਮ 'ਤੇ ਜਾਣਾ ਸੀ। ਪਿਛਲੇ ਦਿਨ ਸਮਾਗਮ ਹਾਲ ਵਿਚ ਹੀ ਬਾਈ ਗੁਰਚਰਨ ਟੱਲੇਵਾਲ਼ੀਆ ਅਤੇ ਜਰਨੈਲ ਸਿੰਘ ਆਰਟਿਸਟ ਨੇ ਮੈਨੂੰ ਵੱਡੇ ਭਰਾਵਾਂ ਵਾਲ਼ੇ 'ਦਬਕੇ' ਨਾਲ਼ ਕਿਹਾ ਸੀ, "ਜੱਗੀ ਕੱਲ੍ਹ ਨੂੰ ਆਉਣੈਂ!" ਅਤੇ ਮੈਂ "ਪੱਕਾ ਆਊਂਗਾ ਬਾਈ ਜੀ!" ਆਖ ਕੇ ਹੁੰਗਾਰਾ ਦੇ ਦਿੱਤਾ ਸੀ। ਉਹਨਾਂ ਦੇ ਪ੍ਰੋਗਰਾਮ ਤੋਂ ਬਾਅਦ 'ਪ੍ਰੈੱਸ-ਮਿਲਣੀ' ਸੀ ਅਤੇ ਅਸੀਂ ਬਾਈ ਜਗਦੀਪ ਸਿੰਘ ਸਿਵੀਆ ਦੇ ਹੁਕਮ 'ਤੇ 'ਮਸਕੀਨ ਗਰੁੱਪ' ਦੇ ਭਰਾਵਾਂ ਨੂੰ ਵੀ ਮਿਲਣਾ ਸੀ। ਉਥੇ ਸਾਡੇ ਪਿੰਡਾਂ ਦੇ ਲੇਖਕ ਅਤੇ 'ਲੋਹਮਣੀਂ ਦੇ ਸੰਪਾਦਕ ਬਾਈ ਨਛੱਤਰ ਗਿੱਲ, ਹਰਜੀਤ ਗਿੱਲ ਦੇ ਭਤੀਜ ਜਵਾਈ ਪਰਮਜੀਤ ਚੀਮਾਂ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਹੋਰਾਂ ਨਾਲ਼ ਮੇਲਾ-ਗੇਲਾ ਰੱਖਿਆ ਹੋਇਆ ਸੀ।

ਜਦ ਮੈਂ ਅਤੇ ਗੁਰਮੇਲ ਬਦੇਸ਼ਾ ਉਸ ਦੀ ਕਾਰ ਵਿਚ ਹੋਟਲ 'ਸੁਪਰ-8' ਤੋਂ ਚੱਲੇ ਤਾਂ ਉਸ ਦੀ ਕਾਰ ਵਿਚ ਸ਼ੇਰੇ ਪੰਜਾਬ ਰੇਡੀਓ ਵੱਜ ਰਿਹਾ ਸੀ ਅਤੇ ਹਰਜੀਤ ਗਿੱਲ ਗੱਜ ਰਿਹਾ ਸੀ, "ਤੁਹਾਡੀ ਸੇਵਾ ਵਿਚ ਹਾਜ਼ਰ ਐ ਤੁਹਾਡਾ ਆਪਣਾ, ਹਰਜੀਤ ਸਿੰਘ ਗਿੱਲ...! ਸੁਆਗਤ ਕਰਦੈਂ ਮੈਂ ਤੁਹਾਡਾ ਸਾਡੇ ਪ੍ਰੋਗਰਾਮ 'ਚ...! ਅੱਜ ਆ ਰਿਹੈ ਇੰਟਰਵਿਊ ਦੇਣ ਪੰਜਾਬੀ ਨਾਵਲਕਾਰੀ ਦਾ ਹਰੀ ਸਿੰਘ ਨਲੂਆ, ਪੰਜਾਬ ਦਾ ਸਾਂਝਾ ਪੁੱਤ, ਬਾਈ ਸ਼ਿਵਚਰਨ ਜੱਗੀ ਕੁੱਸਾ...! ਬੱਸ ਬਾਰਾਂ ਵਜੇ ਤੁਹਾਡੇ ਸਾਹਮਣੇ ਹਾਜ਼ਰ ਕਰ ਦਿਆਂਗੇ ਬਾਈ ਜੱਗੀ ਕੁੱਸਾ ਨੂੰ..! ਜੀਹਦੀਆਂ ਰਚਨਾਵਾਂ 'ਚ ਸੱਘੇ ਅਮਲੀ, ਸੁੱਚੇ ਛੜੇ ਤੇ ਨਹਿੰਗ ਅਰਗੇ ਜਿਉਂਦੇ ਜਾਗਦੇ ਪਾਤਰ ਗੜ੍ਹਕਦੇ ਨੇ...!" ਹਰਜੀਤ ਗਿੱਲ ਮੇਰੇ ਹਨੂਮਾਨ ਵਾਲ਼ੀ 'ਪੂਛ' ਲਾ ਕੇ ਸਰੋਤਿਆਂ ਦਾ ਕਾਲ਼ਜਾ ਕੱਢੀ ਜਾ ਰਿਹਾ ਸੀ। ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਹਰਜੀਤ ਗਿੱਲ ਦਾ ਬੋਲਣ ਦਾ ਅੰਦਾਜ਼ ਬੰਦੇ ਨੂੰ ਕੀਲ ਕੇ ਪਟਾਰੀ ਵਿਚ ਸੁੱਟਦਾ ਹੈ। ਉਸ ਦਾ ਗੱਲ ਕਰਨ ਦਾ ਅੰਦਾਜ਼ ਹੀ ਵੱਖਰਾ ਹੈ। ਪੰਜਾਬੀਆਂ ਵਾਲ਼ਾ ਖਾੜਕੂ ਲਹਿਜਾ! ਮੈਂ ਹੈਰਾਨ ਹਾਂ ਕਿ ਹਰਜੀਤ ਨੂੰ ਮੇਰੇ ਨਾਵਲਾਂ, ਵਿਅੰਗ ਅਤੇ ਕਹਾਣੀਆਂ ਦੇ ਪਾਤਰਾਂ ਦੇ ਨਾਂ ਜੁਬਾਨੀ ਯਾਦ ਹਨ ਅਤੇ ਹਰ ਕਹਾਣੀ ਦੇ 'ਪਲਾਟ' ਦਾ ਪਤਾ ਹੈ। ਉਸ ਦੀ ਇਸ ਸੁਰਤ-ਸੇਧ ਅਤੇ ਯਾਦਾਸ਼ਤ 'ਤੇ ਮੈਂ ਘੋਰ ਹੈਰਾਨ ਹਾਂ।

ਮੈਂ ਅਤੇ ਗੁਰਮੇਲ ਬਦੇਸ਼ਾ ਦੁਪਿਹਰ 11:50 'ਤੇ ਸ਼ੇਰੇ ਪੰਜਾਬ ਰੇਡੀਓ ਸਟੇਸ਼ਨ ਪਹੁੰਚ ਗਏ ਅਤੇ ਰਿਸੈਪਸ਼ਨ 'ਤੇ ਬੈਠੀ ਕੁੜੀ ਜੈਸ ਗਿੱਲ ਅਤੇ ਜਸਬੀਰ ਸਿੰਘ ਰੋਮਾਣਾਂ ਸਾਨੂੰ ਉਸ ਕੈਬਨ ਵਿਚ ਛੱਡ ਆਏ, ਜਿੱਥੇ ਹਰਜੀਤ ਗਿੱਲ ਬੈਠਾ ਪ੍ਰੋਗਰਾਮ ਦੇ ਰਿਹਾ ਸੀ। ਸਾਨੂੰ ਦੇਖਣ ਸਾਰ ਹੀ ਹਰਜੀਤ ਗਿੱਲ ਆਪਣੇ ਸਰੋਤਿਆਂ ਨੂੰ ਫਿਰ ਸੰਬੋਧਨ ਹੋਇਆ, "ਰੱਖ ਲਓ ਦਿਲਾਂ 'ਤੇ ਹੱਥ..! ਪਹੁੰਚ ਗਿਐ ਬਾਈ ਜੱਗੀ ਕੁੱਸਾ ਸਾਡੇ ਸਟੂਡੀਓ ਵਿਚ ...! ਬੈਠੈ ਮੇਰੇ ਸਾਹਮਣੇ..! ਵੱਡੀਆਂ ਵੱਡੀਆਂ ਸੁਨੱਖੀਆਂ ਅੱਖਾਂ ਪਾਉਂਦੀਐਂ ਦਿਲ ਨੂੰ ਹੌਲ...! ਸਿਜਦਾ ਕਰਦੈਂ ਓਸ ਸਵਰਗਵਾਸੀ ਮਾਂ ਨੂੰ..! ਜਿਸ ਨੇ ਐਹੋ ਜਿਆ ਸੋਹਣਾ ਸੁਣੱਖਾ ਤੇ ਨਿਧੜਕ ਪੁੱਤ ਜੰਮਿਆਂ..!" ਆਖ ਕੇ ਉਸ ਨੇ ਮੇਰੇ ਨਾਲ਼ ਹੱਥ ਮਿਲ਼ਾਇਆ। "ਸੋਹਣਾ-ਸੁਨੱਖਾ" ਸੁਣ ਕੇ ਮੇਰਾ ਮਨ ਅੰਦਰੋਂ ਹੱਸਿਆ ਕਿ ਹਰਜੀਤ 45 ਸਾਲ ਦੇ ਅੱਧੇ ਬੁੱਢੇ ਨੂੰ ਹਰਜੀਤ ਅਜੇ ਵੀ 'ਸੋਹਣਾ-ਸੁਣੱਖਾ' ਦੱਸੀ ਜਾ ਰਿਹਾ ਸੀ।

ਇਤਨੇ ਨੂੰ ਹਰਜੀਤ ਗਿੱਲ ਦੇ ਫ਼ੋਨ 'ਤੇ ਦੁਨੀਆਂ ਦੇ ਪ੍ਰਸਿੱਧ ਗਾਇਕ ਤੇ ਮੇਰੇ ਛੋਟੇ ਵੀਰ ਗਿੱਲ ਹਰਦੀਪ, ਕੋਕਰੀ ਵਾਲ਼ੇ ਦਾ ਫ਼ੋਨ ਆ ਗਿਆ।
-"ਬਾਈ ਜੀ ਸਾਸਰੀਕਾਲ..!"
-"ਸਾਸਰੀਕਾਲ ਗਿੱਲਾ!"
-"ਕੀ ਹਾਲ ਐ ਬਾਈ..?"
-"ਚੜ੍ਹਦੀ ਕਲਾ - ਗੁਰੂ ਕਿਰਪਾ..!"
-"ਸਾਡੇ ਕੋਲ਼ ਕਦੋਂ ਆਉਣੈਂ...?" ਗਿੱਲ ਹਰਦੀਪ ਦਾ ਸੁਆਲ ਸੀ।
-"ਐਡੀ ਦੂਰੋਂ ਤੇਰੇ ਕੋਲ਼ ਚੱਲ ਕੇ ਆ ਗਿਐਂ, ਹੁਣ ਤੂੰ ਭੋਰਾ ਕੁ ਵਾਟ ਚੱਲ ਕੇ ਵੱਡੇ ਬਾਈ ਕੋਲ਼ ਨੀ ਆ ਸਕਦਾ..?" ਮੈਂ ਠੁਣਾਂ ਗਿੱਲ ਸਿਰ ਹੀ ਭੰਨਿਆਂ।
-"ਦੱਸ ਬਾਈ ਕਿੱਥੇ ਮਿਲ਼ਦੈਂ..?" ਉਸ ਨੇ ਵੀ ਬੜ੍ਹਕ ਮਾਰੀ।
-"ਮੇਰੀ ਹੁਣ ਇੰਟਰਵਿਊ ਐ ਸ਼ੇਰੇ ਪੰਜਾਬ ਰੇਡੀਓ 'ਤੇ..!"
-"ਉਹ ਤਾਂ ਅਸੀਂ ਵੀ ਸੁਣੀਂ ਜਾਨੇ ਐਂ..!"
-"ਇੰਟਰਵਿਊ ਤੋਂ ਬਾਅਦ ਸਾਡੇ ਤਿੰਨ ਹੋਰ ਪ੍ਰੋਗਰਾਮ ਐਂ, ਉਸ ਤੋਂ ਬਾਅਦ ਪ੍ਰੋਗਰਾਮ ਬਣਾਉਨੇ ਆਂ ਗਿੱਲਾ..! ਮੈਂ ਤੈਨੂੰ ਇੰਟਰਵਿਊ ਤੋਂ ਬਾਅਦ ਫ਼ੋਨ ਕਰਦੈਂ..!" ਮੈਂ ਕਿਹਾ। ਮੈਂ ਤੇਜ਼ੀ ਵਿਚ ਇਸ ਕਰਕੇ ਸੀ ਕਿਉਂਕਿ ਮੇਰੀ ਇੰਟਰਵਿਊ ਸ਼ੁਰੂ ਹੋਣ ਵਾਲ਼ੀ ਸੀ।

-"ਓ.ਕੇ. ਬਾਈ..! ਬਾਅਦ 'ਚ ਮਿਲ਼ਦੇ ਐਂ ਫ਼ੇਰ..!" ਆਖ ਕੇ ਗਿੱਲ ਨੇ ਫ਼ੋਨ ਕੱਟ ਦਿੱਤਾ।

ਪਰ ਹੱਦੋਂ ਵੱਧ ਹੀ ਮਸ਼ਰੂਫ਼ ਹੋਣ ਕਾਰਨ ਮੈਂ ਗਿੱਲ ਹਰਦੀਪ ਨੂੰ ਫ਼ੋਨ ਨਾ ਕਰ ਸਕਿਆ। ਜਿੰਨੇ ਦਿਨ ਵੀ ਮੈਂ ਵੈਨਕੂਵਰ ਰਿਹਾ, ਬੜਾ ਹੀ ਬੁਰੀ ਤਰ੍ਹਾਂ ਉਲ਼ਝਿਆ ਅਤੇ ਰੁੱਝਿਆ਼ ਰਿਹਾ। ਜਿਉਂਦੇ ਵਸਦੇ, ਹੱਸਦੇ-ਖੇਡਦੇ ਰਹਿਣ ਐਡਮਿੰਟਨ, ਵੈਨਕੂਵਰ ਅਤੇ ਸਰੀ ਦੇ ਪਾਠਕ-ਪ੍ਰਸ਼ੰਸਕ, ਦੋਸਤ ਅਤੇ ਭਰਾ, ਜਿੰਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਅੰਤਾਂ ਦਾ ਪ੍ਰੇਮ ਸਤਿਕਾਰ ਬਖ਼ਸ਼ਿਆ। ਸਵੇਰੇ ਛੇ ਕੁ ਵਜੇ ਫ਼ੋਨ ਆਉਣੇ ਸ਼ੁਰੂ ਹੋ ਜਾਂਦੇ ਅਤੇ ਇਹਨਾਂ ਫ਼ੋਨਾਂ ਦਾ ਸਿਲਸਲਾ ਰਾਤ ਦੇ ਦਸ-ਗਿਆਰਾਂ ਵਜੇ ਤੱਕ ਚੱਲਦਾ ਰਹਿੰਦਾ। ਕਈ ਵਾਰ ਤਾਂ ਮੈਨੂੰ ਰੋਟੀ ਖਾਣ ਦਾ ਟਾਈਮ ਵੀ ਨਹੀਂ ਮਿਲਿਆ। ਇਹਨਾਂ ਦੇ ਪ੍ਰੇਮ-ਭਾਵਨਾਂ ਵਾਲ਼ੇ ਫ਼ੋਨ ਸੁਣ ਕੇ ਮੈਂ ਕਈ ਵਾਰ ਭਾਵੁਕ ਹੋ ਜਾਂਦਾ ਅਤੇ ਗੁਰੂ ਬਾਬੇ ਅੱਗੇ ਅਰਦਾਸ ਕਰਦਾ ਕਿ ਹੇ ਸੱਚੇ ਪਾਤਿਸ਼ਾਹ! ਐਨਾਂ ਪ੍ਰੇਮ-ਪਿਆਰ ਹਰ ਕਿਸੇ ਲੇਖਕ ਦੇ ਹਿੱਸੇ ਆਵੇ, ਜਿੰਨਾਂ ਮੇਰੇ ਪਾਠਕ ਅਤੇ ਪ੍ਰਸ਼ੰਸਕ ਮੈਨੂੰ ਬਖ਼ਸ਼ ਰਹੇ ਹਨ!

ਤਕਰੀਬਨ ਇਕ ਘੰਟਾ ਰੇਡੀਓ ਇੰਟਰਵਿਊ ਚੱਲੀ।

ਉਸ ਤੋਂ ਬਾਅਦ ਮੈਂ ਅਤੇ ਗੁਰਮੇਲ ਬਦੇਸ਼ਾ ਸ. ਜਰਨੈਲ ਸਿੰਘ ਆਰਟਿਸਟ ਅਤੇ ਬਾਈ ਗੁਰਚਰਨ ਸਿੰਘ ਟੱਲੇਵਾਲ਼ੀਆ ਦੇ ਉਲ਼ੀਕੇ ਪ੍ਰੋਗਰਾਮ ਉਪਰ 'ਜਰਨੈਲ ਆਟਰਸ ਸਟੂਡੀਓ' ਅਤੇ 'ਗੁਰਦੀਪ ਆਰਟਸ ਅਕੈਡਮੀ' ਸਰੀ ਗਏ। ਉਥੇ ਬੜੀਆਂ ਸਤਿਕਾਰਤ ਹਸਤੀਆਂ ਦੇ ਦਰਸ਼ਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਿੱਖ ਮਹਾਨ ਕੋਸ਼ ਦੇ ਕਰਤਾ ਡਾਕਟਰ ਰਘਬੀਰ ਸਿੰਘ ਬੈਂਸ, ਪ੍ਰਸਿੱਧ ਸ਼ਾਇਰ ਸ੍ਰੀ ਨਦੀਮ ਪਰਮਾਰ, ਸ. ਜਰਨੈਲ ਸਿੰਘ ਸੇਖਾ, ਡਾਕਟਰ ਦਰਸ਼ਣ ਸਿੰਘ ਗਿੱਲ, ਪ੍ਰੋਫ਼ੈਸਰ ਗੁਰਵਿੰਦਰ ਸਿੰਘ ਧਾਲ਼ੀਵਾਲ਼, ਸ. ਸੁਖਮਿੰਦਰ ਸਿੰਘ ਚੀਮਾਂ, ਬਾਈ ਗੁਰਚਰਨ ਸਿੰਘ ਟੱਲੇਵਾਲ਼ੀਆ, ਸ. ਦਰਸ਼ਣ ਸਿੰਘ ਮਾਨ, ਬੀਬੀ ਰਾਜਵੰਤ ਕੌਰ ਮਾਨ, ਟੈਲੀ ਅਦਾਕਾਰਾ ਅੰਮ੍ਰਿਤ ਕੌਰ ਮਾਨ, ਸ. ਗੁਰਦੀਪ ਸਿੰਘ ਭੁੱਲਰ, ਸ. ਗੁਰਮੇਲ ਬਦੇਸ਼ਾ, ਸ. ਹਰਦੇਵ ਸਿੰਘ ਗਰੇਵਾਲ਼ ਅਤੇ ਹੋਰ ਸਾਹਿਤਕ ਮਿੱਤਰ ਸ਼ਾਮਲ ਸਨ। ਇਸ ਸਮਾਗਮ ਮੌਕੇ ਸ. ਗਿਆਨ ਸਿੰਘ ਕੋਟਲ਼ੀ ਨੇ ਮੈਨੂੰ ਆਪਣੀਆਂ ਦੋ ਕਿਤਾਬਾਂ, "ਨਾਨਕ ਦੁਨੀਆਂ ਕੈਸੀ ਹੋਈ" ਅਤੇ "ਨਾਨਕ ਸ਼ਾਇਰ ਇਵ ਕਹਿਆ" ਅਤੇ ਦੋ ਡੀ.ਵੀ.ਡੀਜ਼ ਭੇਂਟ ਕੀਤੀਆਂ ਗਈਆਂ।

ਇਹਨਾਂ ਪ੍ਰਮੁੱਖ ਹਸਤੀਆਂ ਦੇ ਦਰਸ਼ਣ ਕਰਨ ਅਤੇ ਆਸ਼ੀਰਵਾਦ ਲੈਣ ਤੋਂ ਬਾਅਦ ਮੈਂ ਅਤੇ ਗੁਰਮੇਲ ਬਦੇਸ਼ਾ ਬਾਈ ਜਗਦੀਪ ਸਿੰਘ ਸਿਵੀਆ ਦੇ ਸੱਦੇ 'ਤੇ 'ਮਸਕੀਨ ਗਰੁੱਪ' ਦੇ ਭਰਾਵਾਂ ਨੂੰ ਮਿਲਣ ਲਈ ਚੱਲ ਪਏ। ਉਥੇ ਜਾ ਕੇ ਅਸੀਂ ਚਾਹ ਪਾਣੀ ਪੀਤਾ, ਗੱਲਾਂ ਬਾਤਾਂ ਕੀਤੀਆਂ ਅਤੇ 'ਲੋਹਮਣੀਂ' ਦੇ ਸੰਪਾਦਕ ਬਾਈ ਨਛੱਤਰ ਗਿੱਲ, ਹਰਜੀਤ ਗਿੱਲ ਦੇ ਭਤੀਜ ਜਵਾਈ ਪਰਮਜੀਤ ਚੀਮਾਂ ਅਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਹੋਰਾਂ ਨਾਲ਼ ਵਿਚਾਰ ਵਟਾਂਦਰਾ ਕਰਨ ਦਾ ਸਬੱਬ ਬਣਿਆਂ। ਇੱਥੇ ਬਾਈ ਨਛੱਤਰ ਸਿੰਘ ਗਿੱਲ ਨੇ ਮੈਨੂੰ 'ਲੋਹਮਣੀਂ' ਦੇ ਦੋ ਅੰਕ ਅਤੇ ਆਪਣੀਆਂ ਪੰਜ ਕਿਤਾਬਾਂ ਮੈਨੂੰ ਭੇਂਟ ਕੀਤੀਆਂ ਅਤੇ ਵੱਡੇ ਭਰਾਵਾਂ ਵਾਲ਼ੀ ਅਸੀਸ ਅਤੇ ਥਾਪੜਾ ਦਿੱਤਾ।

ਇਸ ਤੋਂ ਬਾਅਦ ਮੇਰੀ ਕੈਨੇਡਾ ਦੀ ਪ੍ਰੈੱਸ ਕਲੱਬ ਨਾਲ਼ 'ਗਰੈਂਡ ਤਾਜ ਬੈਂਕਿਉਟ ਹਾਲ' ਵਿਚ ਮਿਲਣੀ ਸੀ। ਮੈਂ ਅਤੇ ਹਰਜੀਤ ਗਿੱਲ ਉਥੇ ਪਹੁੰਚੇ। ਇੱਥੇ ਸ਼ੇਰੇ-ਪੰਜਾਬ ਦੀ ਹੋਸਟ ਕਿਰਨ ਕੌਰ ਔਲਖ, ਕੁਲਦੀਪ ਸਿੰਘ, ਪ੍ਰੋਫ਼ੈਸਰ ਗੁਰਵਿੰਦਰ ਸਿੰਘ ਧਾਲ਼ੀਵਾਲ਼, ਰੇਡੀਓ ਇੰਡੀਆ ਦੇ ਹੋਸਟ ਸ. ਸੁਖਮਿੰਦਰ ਸਿੰਘ ਚੀਮਾਂ, ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਸ. ਗੁਰਲਾਲ ਸਿੰਘ, ਰਛਪਾਲ ਸਿੰਘ ਗਿੱਲ, ਸੱਚ ਦੀ ਅਵਾਜ਼ ਤੋਂ ਰਾਜਿੰਦਰ ਸਿੰਘ ਪੰਧੇਰ, ਖ਼ੁਸ਼ਪਾਲ ਸਿੰਘ ਗਿੱਲ, ਇੰਡੋ-ਕੈਨੇਡੀਅਨ ਟਾਈਮਜ਼ ਤੋਂ ਸੰਤੋਖ ਸਿੰਘ ਮੰਡੇਰ, ਰੇਡੀਓ ਪੰਜਾਬ ਤੋਂ ਕੁਲਜੀਤ ਕੌਰ, ਅਜਾਇਬ ਸਿੰਘ ਸਿੱਧੂ, ਜਰਨੈਲ ਸਿੰਘ ਆਰਟਿਸਟ, ਚੜ੍ਹਦੀ ਕਲਾ ਤੋਂ ਲੱਕੀ ਸਹੋਤਾ, ਅਕਾਲ ਗਾਰਡੀਅਨ ਤੋਂ ਗੁਰਸੇਵ ਸਿੰਘ ਪੰਧੇਰ, ਫ਼ੁੱਲਵਾੜੀ ਤੋਂ ਕੁਲਦੀਪ ਮੱਲ੍ਹੀ, ਡਾਕਟਰ ਮੇਜਰ ਸਿੰਘ ਰੰਧਾਵਾ 'ਦ੍ਰਿਸ਼ਟੀਕੋਣ', ਕੈਨੇਡਾ ਪੰਜਾਬ ਟਾਈਮਜ਼ ਤੋਂ ਅਮਰਪਾਲ ਸਿੰਘ ਸਸ਼ੋਭਿਤ ਸਨ। ਤਕਰੀਬਨ ਡੇੜ੍ਹ ਘੰਟਾ ਉਹਨਾਂ ਨਾਲ਼ ਖੁੱਲ੍ਹਾ ਵਿਚਾਰ ਵਟਾਂਦਾਰਾ ਹੋਇਆ। ਮੇਰੀ ਨਿੱਜੀ ਜਿੰਦਗੀ ਤੋਂ ਲੈ ਕੇ ਨਾਵਲਾਂ ਦੀ ਸਿਰਜਣਾ ਪ੍ਰਤੀ ਸੱਜਣਾਂ ਨੇ ਸੁਆਲ ਕੀਤੇ। ਇਹਨਾਂ ਨਾਲ਼ ਬੈਠ ਕੇ ਚਾਹ ਪੀਣ ਅਤੇ ਪਕੌੜੇ ਛਕਣ ਦਾ ਆਨੰਦ ਹੀ ਵੱਖਰਾ ਆਇਆ। ਇਸ ਪ੍ਰੈੱਸ ਕਲੱਬ ਦੇ ਰੂ-ਬ-ਰੂ ਹੋਣ ਤੋਂ ਬਾਅਦ ਕਿਰਨ ਕੌਰ ਔਲਖ ਨੇ ਮੈਨੂੰ ਪਾਸੇ ਲਿਜਾ ਕੇ ਕੁਝ ਨਿੱਜੀ ਸੁਆਲ ਵੀ ਕੀਤੇ ਅਤੇ ਕੁਲਜੀਤ ਕੌਰ ਨੇ ਮੇਰੇ ਭਾਸ਼ਣ ਦੀ ਸ਼ਲਾਘਾ ਵੀ ਕੀਤੀ।

ਅਗਲੇ ਦਿਨ ਮੈਨੂੰ 'ਚੜ੍ਹਦੀ ਕਲਾ' ਦੇ ਮੁੱਖ ਸੰਪਾਦਕ, ਜੱਥੇਦਾਰ ਸਤਿੰਦਰਪਾਲ ਸਿੰਘ ਗਿੱਲ ਵੱਲੋਂ ਗੁਰੂ ਘਰ 'ਦਸ਼ਮੇਸ਼ ਦਰਬਾਰ' ਪਹੁੰਚਣ ਲਈ ਸੱਦਾ ਆ ਗਿਆ। ਉਥੇ ਵਿਸਾਖੀ ਦਾ ਪ੍ਰੋਗਰਾਮ ਸੀ। ਖ਼ਾਲਸੇ ਦਾ ਸਿਰਜਣਾ ਦਿਵਸ ਹੋਣ ਕਾਰਨ ਬੇਥਾਹ ਸੰਗਤ ਸੀ। ਉਸ ਗੁਰੂ ਘਰ ਮੈਨੂੰ ਸਨਮਾਨਿਤ ਕੀਤਾ ਗਿਆ ਅਤੇ ਇੱਥੇ ਹੀ ਇੰਟਰਨੈਸ਼ਨਲ ਪੰਥਕ ਢਾਡੀ ਗਿਆਨੀ ਸਰੂਪ ਸਿੰਘ ਕਡਿਆਣਾਂ ਦੇ ਜੱਥੇ ਦੇ ਦਰਸ਼ਣ ਕਰਨ ਦਾ ਮੌਕਾ ਮਿਲਿਆ। ਉਹਨਾਂ ਨਾਲ਼ ਉਹਨਾਂ ਦੇ ਸਾਥੀ ਸ. ਲਖਵੀਰ ਸਿੰਘ ਪ੍ਰੀਤ, ਰਛਪਾਲ ਸਿੰਘ ਖ਼ੁਸ਼ਦਿਲ ਅਤੇ ਸਾਰੰਗੀ ਮਾਸਟਰ ਹਰਦੀਪ ਸਿੰਘ ਦੀਪ ਨਾਲ਼ ਵਿਚਾਰ ਵੀ ਸਾਂਝੇ ਹੋਏ। ਇਸ ਗੁਰੂ ਘਰ ਮੈਨੂੰ ਦਸ ਕੁ ਮਿੰਟ ਲਈ ਸਟੇਜ਼ ਤੋਂ ਬੋਲਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਇਸ ਗੁਰੂ ਘਰ ਮੈਨੂੰ ਮੇਰੇ ਪੁਰਾਣੇ ਬੇਲੀ ਅਤੇ ਅੱਜ ਕੱਲ੍ਹ ਇਟਲੀ ਵੱਸਦੇ ਮਿੱਤਰ ਅਵਤਾਰ ਸਿੰਘ ਸਿੱਧੂ ਦੇ ਮਾਤਾ ਜੀ ਅਤੇ ਮੇਰੇ ਭੂਆ ਜੀ, ਭੈਣ ਮੀਤੂ, ਪ੍ਰਾਹੁੰਣਾ ਸਾਹਿਬ ਅਤੇ ਬੱਚੇ ਵੀ ਆ ਮਿਲ਼ੇ। ਉਹਨਾਂ ਨਾਲ਼ ਚਾਹ ਪੀਤੀ ਗਈ ਅਤੇ ਜਲੇਬੀਆਂ ਵੀ ਖਾਧੀਆਂ ਗਈਆਂ। ਉਸ ਤੋਂ ਬਾਅਦ ਨਿਊ ਵੈਸਟ ਮਿਨਸਟਰ ਦੇ ਗੁਰਦੁਆਰਾ 'ਸੁਖ ਸਾਗਰ' ਸਾਹਿਬ ਲਿਜਾ ਕੇ ਵੀ ਮੈਨੂੰ ਉਥੋਂ ਦੇ ਮੁੱਖ ਸੇਵਾਦਾਰ ਸ. ਹਰਭਜਨ ਸਿੰਘ ਅਟਵਾਲ਼ ਹੋਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਸਟੇਜ਼ ਤੋਂ ਬੋਲਣ ਲਈ ਸਮਾਂ ਦਿੱਤਾ ਗਿਆ। ਮੇਰੇ ਕੋਲ਼ ਸਮਾਂ ਬਹੁਤ ਘੱਟ ਹੋਣ ਕਾਰਨ ਸਾਰੇ ਸਮਾਗਮ ਬੜੀ ਤੇਜ਼ੀ ਨਾਲ਼ ਨਿਪਟਾਏ ਜਾ ਰਹੇ ਸਨ। ਹਰਜੀਤ ਗਿੱਲ ਮੇਰੇ ਨਾਲ਼ 'ਊਰੀ' ਬਣਿਆਂ ਫਿਰਦਾ ਸੀ।

ਅਗਲੇ ਦਿਨ 13 ਅਪ੍ਰੈਲ ਨੂੰ ਮੇਰੀ ਵੈਨਕੂਵਰ ਤੋਂ ਟੋਰੌਂਟੋ ਦੀ ਫ਼ਲਾਈਟ ਸੀ। ਫ਼ਲਾਈਟ ਦੁਪਿਹਰ 12:30 'ਤੇ ਚੱਲਣੀ ਸੀ ਅਤੇ ਟੋਰੌਂਟੋ ਦੇ ਸਮੇਂ ਅਨੁਸਾਰ ਸ਼ਾਮ 7:53 'ਤੇ ਉਤਰਨੀ ਸੀ।

ਰਾਤ ਨੂੰ ਮੈਂ ਅਤੇ ਹਰਜੀਤ ਗਿੱਲ ਨੇ ਪ੍ਰੋਗਰਾਮ ਬਣਾਇਆ ਕਿ ਸਵੇਰੇ ਨੌਂ ਵਜੇ ਮੈਂ ਤਿਆਰ ਰਹਾਂ। ਹਰਜੀਤ ਮੈਨੂੰ ਸਵੇਰੇ ਨੌਂ ਵਜੇ ਹੋਟਲ 'ਸੁਪਰ-8' ਵਿਚੋਂ ਚੁੱਕ ਕੇ 'ਪੰਜਾਬ ਗਾਰਡੀਅਨ' ਦੇ ਦਫ਼ਤਰ ਛੱਡ ਆਵੇਗਾ ਅਤੇ ਅੱਗੇ ਮੈਨੂੰ ਬਾਈ ਕਮਲਜੀਤ ਸਿੰਘ ਵੈਨਕੂਵਰ ਏਅਰਪੋਰਟ ਤੋਂ ਫ਼ਲਾਈਟ ਕਰਵਾ ਆਵੇਗਾ। ਹਰਜੀਤ ਨੇ ਦੁਪਿਹਰ ਗਿਆਰਾਂ ਵਜੇ ਤੋਂ ਇਕ ਵਜੇ ਤੱਕ ਰੇਡੀਓ 'ਤੇ ਪ੍ਰੋਗਰਾਮ ਦੇਣਾ ਸੀ।

ਸੋ ਅਗਲੇ ਦਿਨ ਮੈਂ ਸਵੇਰੇ ਪੂਰੇ ਨੌਂ ਵਜੇ ਤਿਆਰ ਹੋ ਕੇ ਹੇਠਾਂ ਹੋਟਲ ਦੇ 'ਲੌਂਜ' ਵਿਚ ਆ ਗਿਆ ਅਤੇ ਹਰਜੀਤ ਵੀ ਸਹੀ ਟਾਈਮ 'ਤੇ ਹੀ ਪੁੱਜ ਗਿਆ। ਜਦ ਹਰਜੀਤ ਹੋਟਲ਼ ਦੀ ਰਿਸੈਪਸ਼ਨ 'ਤੇ 'ਹਿਸਾਬ-ਕਿਤਾਬ' ਕਰਨ ਲੱਗਿਆ ਤਾਂ ਰਿਸੈਪਸਨਿਸਟ ਚੀਨੀ ਮੂਲ ਦੀ ਕੁੜੀ ਆਖਣ ਲੱਗੀ ਕਿ ਤੁਹਾਡਾ ਸੁਈਟ ਤਾਂ 'ਕੰਪਲੀਮੈਂਟਰੀ' ਹੈ, ਸੋ ਅਸੀਂ ਕੋਈ ਪੈਸਾ ਨਹੀਂ ਲੈਣਾਂ! ਹਰਜੀਤ ਨੇ ਹੋਟਲ ਦੇ ਮਾਲਕ ਬਾਈ ਨਛੱਤਰ ਕੂਨਰ ਨੂੰ ਫ਼ੋਨ ਕੀਤਾ ਤਾਂ ਉਸ ਨੇ ਕਿਹਾ ਕਿ ਜੱਗੀ ਕੁੱਸਾ ਸਾਡੇ ਪਿੰਡਾਂ ਦਾ ਹੀ ਮੁੰਡਾ ਹੈ, ਅਸੀਂ ਇਹਦੀਆਂ ਰਚਨਾਵਾਂ ਪੜ੍ਹਦੇ ਹੀ ਰਹਿੰਦੇ ਹਾਂ, ਅਸੀਂ ਕੋਈ ਪੈਸਾ ਨਹੀਂ ਲੈਣਾ! ਸਾਨੂੰ ਤਾਂ ਸਗੋਂ ਖ਼ੁਸ਼ੀ ਹੈ ਕਿ ਇਹ ਬੰਦਾ ਸਾਡੇ ਹੋਟਲ ਵਿਚ ਆ ਕੇ ਰਿਹਾ। ਹਰਜੀਤ ਗਿੱਲ ਨੇ ਬਾਈ ਨਛੱਤਰ ਕੂਨਰ ਦਾ ਧੰਨਵਾਦ ਕੀਤਾ ਅਤੇ ਅਸੀਂ ਮੇਰਾ ਸਮਾਨ ਚੁੱਕ ਕੇ 'ਪੰਜਾਬ ਗਾਰਡੀਅਨ' ਦੇ ਦਫ਼ਤਰ ਆ ਗਏ। ਇੱਥੇ ਬਾਈ ਸੁਖਮਿੰਦਰ ਸਿੰਘ ਚੀਮਾਂ, ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਚੇਅਰਮੈਨ, ਐਡਵੋਕੇਟ ਡੀ.ਐੱਸ. ਗਿੱਲ, ਬਾਈ ਕਮਲਜੀਤ ਸਿੰਘ ਅਤੇ ਹੋਰ ਸੱਜਣ ਮਿੱਤਰ ਹਾਜ਼ਰ ਸਨ। ਉਥੋਂ ਯਾਰਾਂ ਮਿੱਤਰਾਂ ਨਾਲ਼ ਚਾਹ ਪੀ ਕੇ ਗਲਵਕੜੀਆਂ ਪਾਈਆਂ, ਬਾਈ ਹਰਕੀਰਤ ਸਿੰਘ ਕੁਲਾਰ, ਮੁੱਖ ਸੰਪਾਦਕ ਪੰਜਾਬ ਗਾਰਡੀਅਨ ਦਾ ਧੰਨਵਾਦ ਕੀਤਾ ਅਤੇ ਬਾਈ ਕਮਲਜੀਤ ਸਿੰਘ ਅਤੇ ਮੈਂ ਵੈਨਕੂਵਰ ਏਅਰਪੋਰਟ ਨੂੰ ਤੁਰ ਪਏ। ਕਾਰ ਵਿਚ ਫਿਰ ਰੇਡੀਓ ਸ਼ੇਰੇ ਪੰਜਾਬ ਚੱਲ ਰਿਹਾ ਸੀ ਅਤੇ ਹਰਜੀਤ ਬੋਲ ਰਿਹਾ ਸੀ, "ਤਿੰਨ ਦਿਨ ਬਾਈ ਜੱਗੀ ਕੁੱਸਾ ਰਿਹਾ ਵੈਨਕੂਵਰ ਤੇ ਸਰੀ ਵਿਚ..! ਭੂਤਨੀ ਭੁੱਲੀ ਰਹੀ ਸਾਡੀ..! ਛੜਿਆਂ ਦੇ ਘਰੇ ਮਸਾਂ ਜੰਮੇ ਜੁਆਕ ਵਾਂਗੂੰ ਚੱਟ-ਚੱਟ ਕੇ ਲਾਲ ਰੱਤਾ ਕਰਤਾ ਉਹਦੇ ਪ੍ਰਸ਼ੰਸਕਾਂ ਨੇ..! ਭਾਲਿਆ ਨੀ ਥਿਆਇਆ ਕਿਤੇ..! ਉਹਦੇ ਪੇਂਡੂ ਮੈਨੂੰ ਉਲਾਂਭਾ ਦਿੰਦੇ ਰਹੇ..! ਅਖੇ ਮੈਂ ਜੱਗੀ ਕੁੱਸਾ ਨੂੰ 'ਕਿੱਡਨੈਪ' ਕਰ ਲਿਐਂ..! ਉਹਨੂੰ ਤਾਂ ਮੈਂ ਖ਼ੁਦ ਰਾਤ ਨੂੰ ਮਸਾਂ ਭਾਲ਼ਦਾ ਸੀ..! ਬਾਈ ਆਪ ਤਾਂ ਜਾ ਰਿਹੈ ਅੱਜ ਟੋਰੌਂਟੋ ਨੂੰ..! ਪਰ ਮੇਰਾ ਅੱਧਾ ਵੈਨਕੂਵਰ ਤੇ ਸਰੀ ਵੈਰੀ ਬਣਾ ਗਿਐ..! ਹੁਣ ਲਿਖੂਗਾ ਜਾ ਕੇ ਕੈਨੇਡਾ ਫ਼ੇਰੀ...!" ਮੈਂ ਅਤੇ ਕਮਲਜੀਤ ਉਸ ਦੇ ਇਹ ਬੋਲ ਸੁਣਦੇ ਉਚੀ-ਉਚੀ ਹੱਸ ਰਹੇ ਸਾਂ!

ਸਵੇਰੇ ਗਿਆਰਾਂ ਕੁ ਵਜੇ ਵੈਨਕੂਵਰ ਏਅਰਪੋਰਟ ਪਹੁੰਚ ਕੇ ਮੈਂ 'ਚੈੱਕ-ਇੰਨ' ਕਰਵਾਈ। ਏਅਰ ਕੈਨੇਡਾ ਦੀ 064 ਫ਼ਲਾਈਟ ਗੇਟ 'ਸੀ-50' ਤੋਂ ਸਹੀ ਸਮੇਂ 'ਤੇ ਹੀ ਜਾ ਰਹੀ ਸੀ। ਬਾਈ ਕਮਲਜੀਤ ਸਿੰਘ ਨਾਲ਼ ਅਪਣੱਤ ਦੀਆਂ ਗਲਵਕੜੀਆਂ ਪਈਆਂ। ਕਮਲਜੀਤ ਦੇ ਫ਼ੋਨ ਤੋਂ ਹੀ ਮਿੰਟੂ ਚਾਹਲ ਨੂੰ ਫ਼ੋਨ ਕੀਤਾ ਅਤੇ ਮੈਂ ਬਾਈ ਕਮਲਜੀਤ ਨੂੰ ਫਿਰ ਜੱਫ਼ੀ ਵਿਚ ਲੈ ਕੇ ਧੰਨਵਾਦ ਕੀਤਾ ਅਤੇ ਏਅਰਪੋਰਟ ਦੇ ਅੰਦਰ ਤੁਰ ਪਿਆ...।

1   2   3  4   


 

hore-arrow1gif.gif (1195 bytes)


Terms and Conditions
Privacy Policy
© 1999-2009, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2009, 5abi.com