ਡਾਕੀਆ
ਚਿੱਠੀ ਸੁੱਟ ਕੇ ਪਰਤ ਗਿਐ, ਮੈਂ ਉਸ ਨੂੰ ਚੁੱਕਿਆ,
ਇਹ ਮੇਰਾ ਹੀ ਪੱਤਰ ਸੀ ਜੋ ਮੈਂ ਅਖਬਾਰ ਨੂੰ ਭੇਜਿਆ ਸੀ, ਇਸ਼ਤਹਾਰ ਦੇਣ
ਲਈ, ਜਿਸਦਾ ਮਜਮੂਨ ਸੀ- ‘ਮੈਂ ਆਪਣਾ ਦਿਲ ਵੇਚਣੈ, ਕੀ ਤੁਸੀਂ ਖਰੀਦੋਗੇ?’
ਅਖਬਾਰ ਨੇ ਵੀ ਮਜਾਕ ਸਮਝ ਕੇ ਮੇਰੇ ਇਸ ਇਸ਼ਤਹਾਰ ਅਤੇ ਨਾਲ ਭੇਜੇ ਪੈਸਿਆਂ ਦੇ ਬੈਂਕ
ਡਰਾਫਟ ਨੂੰ ਵਾਪਸ ਭੇਜ ਦਿੱਤਾ ਹੈ।
ਮੈਂ ਕਿੱਦਾਂ ਆਪਣੀ ਕਹਾਣੀ ਸ਼ੁਰੂ ਕਰਾਂ ਸਮਝ ਨਹੀਂ ਆ ਰਿਹਾ। ਤੁਸੀਂ ਵੀ ਸੋਚੋਗੇ
ਕਿ ਸੰਜੀਵ ਆਪਣਾ ਦਿਲ ਕਿਉਂ ਵੇਚਣ ਲੱਗਾ ਹੈ।
ਜੇਕਰ ਤੁਹਾਨੂੰ ਲੋੜ ਹੈ ਤਾਂ ਮੈਂ ਤਿਆਰ ਹਾਂ ਇਸ ਨੂੰ ਵੇਚਣ ਲਈ, ਵੇਖਿਓ ਅੱਗੇ ਹੀ
ਥੋੜਾ ਤਿੜਕਿਆ ਹੋਇਆ ਹੈ।
ਰੋਜ ਦੀ ਤਰ੍ਹਾਂ ਅੱਜ ਵੀ ਮੈਂ ਸਫੈਦ ਕੁੜਤਾ ਪਾ ਕੇ ਤਿਆਰ ਹੋ ਘਰੋਂ ਨਿਕਲ ਪਿਆ
ਹਾਂ, ਬਾਹਰ ਬੱਚੇ ਹੋਲੀ ਖੇਡ ਰਹੇ ਹਨ। ਅੱਜ ਮਹਿਸੂਸ ਹੋ ਰਿਹਾ ਹੈ ਕਿ ਕਿਉਂ ਬਚਪਨ
ਦੀ ਇਹ ਉਮਰ ਚੰਗੀ ਹੁੰਦੀ ਹੈ, ਆਪਸ ਵਿੱਚ ਖੇਡਦੇ ਹੋਏ ਲੜ ਪੈਣਾ, ਫਿਰ ਥੋੜੇ ਸਮੇਂ
ਬਾਦ ਇੱਕੋ-ਮਿੱਕੋ ਹੋ ਜਾਣਾ। ਜੋ ਮੂੰਹ ਵਿੱਚ ਆਇਆ, ਇੱਕ ਦੂਜੇ ਨੂੰ ਕਹਿ ਲੈਣਾ,
ਕੋਈ ਵੀ ਗੱਲ ਦਾ ਮਤਲਬ ਲੱਭਣ ਦੀ ਕੋਸ਼ਿਸ਼ ਨਹੀਂ ਕਰਦੈ, ਬਚਪਨ ਉਹ ਸ਼ੈ ਜੋ ਕਦੇ ਮੁੜ
ਕੇ ਨਹੀਂ ਆ ਸਕਦੀ ਹੈ।
ਵੱਧਦੀ ਉਮਰ ਦੇ ਨਾਲ ਬਚਪਨ ਦੀਆਂ ਕਿਲਕਾਰੀਆਂ, ਖੇੜੇ ਪਤਾ ਨਹੀਂ ਕਿੱਥੇ ਗੁਆਚ
ਜਾਂਦੇ ਹਨ, ਅਤੇ ਉਹ ਦੋਸਤ ਜੋ ਇੱਕ ਪਲ ਵੀ ਇੱਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ।
ਕਿਉਂ ਵੱਧਦੀ ਉਮਰ ਏਨੀਆਂ ਵਿੱਥਾਂ ਪਾ ਦਿੰਦੀ ਹੈ।
ਮੁਨੱਖ ਸਭ ਕੁੱਝ ਸਮਝ ਸਕਦਾ ਹੈ, ਸਭ ਕੁੱਝ ਜਿੱਤ ਸਕਦਾ ਹੈ, ਪਰ ਇੱਕ ਮਨੁੱਖ ਨੂੰ
ਨਹੀਂ, ਇੱਕ ਦਿਲ ਨੂੰ ਨਹੀਂ। ਕਿਉਂ ਹਾਲਾਤ ਇਨਸਾਨ ਨੂੰ ਬਦਲ ਦਿੰਦੇ ਹਨ, ਕਿਉਂ
ਹੌਂਸਲਾ ਹਾਰ ਜਾਂਦਾ ਹੈ ਮਨੁੱਖ? ਕਿਉਂ? ਕਿੰਝ ਪੱਥਰ ਰੱਖ ਲਿਆ ਜਾਂਦਾ ਹੈ।
ਦੋਸਤੀ ਦੇ ਕਿੱਸੇ ਹੁਣ ਤਾਂ ਕਿਤਾਬੀ ਗੱਲਾਂ ਹੀ ਜਾਪਦੇ ਹਨ। ਜਿਵੇਂ ਪਿਆਰ-ਮੋਹਬੱਤ
ਕਿੱਸਿਆਂ ਵਿੱਚ ਹੀ ਸੁਨਣ ਨੂੰ ਮਿੱਲਦਾ ਹੈ।
ਮੈਂ ਆਪਣੀ ਸੋਚ ਵਿੱਚ ਤੁਰਿਆ ਜਾ ਰਿਹਾ ਹਾਂ, ਪੈਦਲ ਹੀ।
ਬੱਚੇ ਬਹੁਤ ਚੰਗੇ ਲੱਗ ਰਹੇ ਹਨ, ਹੋਲੀ ਖੇਡਦੇ ਹੋਏ, ਰੰਗਾਂ ਨਾਲ ਭਰੇ ਹੋਏ। ਪਰ
ਮੇਰੀ ਜਿੰਦਗੀ ਤਾਂ ਮੇਰੇ ਇਸ ਸਫੈਦ ਕੁੜਤੇ ਦੀ ਤਰ੍ਹਾਂ ਕੋਰੀ ਹੀ ਹੈ, ਇੱਕ ਦੋਸਤ
ਸੀ, ਜਿਸ ਦੇ ਨਾਲ ਦਿਲ ਸਾਂਝਾ ਕਰਨ ਦੀ ਸਦਾ ਉਡੀਕ ਹੁੰਦੀ ਸੀ, ਕਲ ਰਾਤੀਂ ਉਸ ਨੇ
ਵੀ ਫੋਨ ਤੇ ਮੈਸੇਜ ਭੇਜ ਕੇ ਕਹਿ ਦਿੱਤਾ ਸੀ – ਸੰਜੀਵ ਅੱਜ ਤੋਂ ਮੈਨੂੰ
ਫੋਨ ਨਾ ਕਰੀਂ।
ਅੱਜ ਸਵੇਰ ਤੋਂ ਮੈਂ ਉਡੀਕ ਕਰ ਰਿਹਾ ਸੀ, ਕਿ ਸ਼ਾਇਦ ਉਹ ਹੋਲੀ ਮੁਬਾਰਕ ਕਹਿਣ ਲਈ
ਫੋਨ ਕਰੇਗਾ।
ਬਹੁਤ ਵਧੀਆ ਬੋਲ ਲਿਖੇ ਸਨ ਉਸ- ਸੰਜੀਵ ਤੂੰ ਮੈਨੂੰ ਨਹੀਂ ਸਮਝ ਸਕਦਾ, ਮੇਰੀ ਕੁੱਝ
ਮਜਬੂਰੀ ਹੈ।
ਮੈਂਨੂੰ ਏਹੀ ਸਮਝ ਨਹੀਂ ਆ ਰਿਹਾ ਕਿ ਮੈਂ ਕਿਉਂ ਨਹੀਂ ਸਮਝ ਸਕਦਾ? ਕੀ ਉਸ ਇੱਕ
ਵਾਰ ਵੀ ਆਪਣਾ ਮਨ ਹਲਕਾ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ।
ਕਿਤੇ ਕੁੱਝ ਨਹੀਂ ਸੀ ਮੰਗਿਆ ਉਸ ਤੋਂ, ਬਸ ਰਾਤ ਨੂੰ ਉਸ ਨਾਲ ਫੋਨ ਤੇ ਗੱਲ ਕਰ
ਆਪਣਾ ਮਨ ਹੋਲਾ ਕਰ ਲਿਆ ਕਰਦਾ ਸਾਂ, ਹੁਣ ਉਸ ਕੋਲ ਮੇਰੀ ਗੱਲ ਸੁਨਣ ਦੀ ਵੀ ਵਿਹਲ
ਨਹੀਂ ਰਹੀ ਸੀ। ਉਸ ਦਾ ਫੋਨ ਬੰਦ ਆ ਰਿਹਾ ਹੈ।
ਕੱਲ ਸ਼ਾਮ ਤੀਕ ਚੰਗਾ ਭਲਾ ਸੀ, ਅਸੀਂ ਇੱਕਠਿਆਂ ਦਿਨ ਗੁਜਾਰਿਆ ਸੀ। ਜਾਣ ਲੱਗਿਆਂ
ਵੀ ਉਹ ਬਹੁਤ ਖੁਸ਼ ਸੀ, ਬਸ ਉਸ ਤੋਂ ਬਾਦ ਉਸ ਦਾ ਫੋਨ ਬੰਦ ਹੋ ਗਿਆ, ਰਾਤ ਉਸ ਇੱਕ
ਮੈਸੇਜ ਛੱਡਿਆ ਸੀ- ਕਿ ਅੱਜ ਤੋਂ ਮੈਂ ਉਸ ਨੂੰ ਫੋਨ ਨਾ ਕਰਾਂ।
ਅਜਿਹੀ ਕੀ ਗੱਲ ਸੀ, ਜੋ ਮੈਂ ਨਹੀਂ ਸਮਝ ਸਕਦਾ ਸੀ। ਸਾਰੀ ਰਾਤ ਮੈਂ ਸੋਚਦਾ ਰਿਹਾ
ਕਿ ਸ਼ਾਇਦ ਉਸ ਮਜਾਕ ਕੀਤੈ ਹੋਣਾ। 11 ਵਜ ਚੱਲੇ ਹਨ, ਉਸ ਦਾ ਫੋਨ ਹਾਲੇ ਵੀ ਬੰਦ ਆ
ਰਿਹੈ।
ਮੈਂ ਮੁੜ-ਮੁੜ ਕੱਲ ਉਸ ਨਾਲ ਹੋਈ ਗੱਲਬਾਤ ਨੂੰ ਵਿਚਾਰ ਰਿਹਾਂ ਹਾਂ, ਕੋਈ ਗੱਲ ਵੀ
ਤਾਂ ਨਹੀਂ ਸੀ ਹੋਈ ਅਜੋਕੀ ਜਿਸ ਨਾਲ ਉਹ ਨਾਰਾਜ ਹੋ ਜਾਂਦਾ। ਕਿਉਂ ਉਹ ਮੈਨੂੰ
ਏਦਾਂ ਤੜਫਨ ਲਈ ਛੱਡ ਗਿਆ ਹੈ। ਉਸ ਮੈਸੇਜ ਵਿੱਚ ਇਹ ਵੀ ਲਿੱਖ ਦਿੱਤਾ ਸੀ ਕਿ ਮੇਰੇ
ਘਰ ਆਉਣ ਦੀ ਵੀ ਕੋਸ਼ਿਸ਼ ਨਾ ਕਰੀਂ। ਕਿੱਦਾਂ ਰੋਕਾਂ ਮੈਂ ਆਪਣੇ ਆਪ ਨੂੰ? ਮੈਂ ਇੱਕ
ਸਵਾਲ ਬਣ ਗਿਆ ਹਾਂ, ਮੇਰੇ ਖੁਦ ਕੋਲ ਇਸ ਦਾ ਕੋਈ ਉੱਤਰ ਨਹੀਂ। ਕਿੱਦਾਂ ਉਹ ਏਨਾ
ਨਿਰਮੋਹੀ ਹੋ ਗਿਆ ਸੀ? ਕਿਹੜਾ ਮਸਲਾ ਸੁਲਝਾਇਆ ਨਹੀਂ ਜਾ ਸਕਦਾ ਸੀ।
ਜੇਕਰ ਮੈਥੋਂ ਨਾਰਾਜ ਸੀ ਤਾਂ ਮੈਨੂੰ ਦਸ ਸਕਦਾ ਸੀ, ਪਰ ਨਹੀਂ ਏਦਾਂ ਕੁੱਝ ਵੀ
ਨਹੀਂ ਹੋਇਆ। ਜੇ ਉਸ ਨੂੰ ਕੋਈ ਲੋੜ ਸੀ ਤਾਂ ਬੇਝਿੱਝਕ ਆਖਦਾ, ਮੈਂ ਕੋਈ ਨਾਂਹ ਵੀ
ਤਾਂ ਨਹੀਂ ਕੀਤੀ ਸੀ, ਇੱਕ ਵਾਰ ਕਹਿ ਕੇ ਤਾਂ ਵੇਖਦਾ, ਕਿਉਂ ਉਸ ਮੈਂ ਉਸ ਨੂੰ ਇਸ
ਲਾਇਕ ਪ੍ਰਤੀਤ ਨਹੀਂ ਸੀ ਹੋਇਆ, ਪਤਾ ਨਹੀਂ ਕਿਉਂ ਮੈਨੂੰ ਤੜਫਣ ਲਈ ਜਿਉਂਦਾ ਛੱਡ
ਗਿਐ ਉਹ, ਕਿੰਨੇ ਹੀ ਸਵਾਲਾਂ ਦੇ ਜਵਾਬ ਦਿੱਤੇ ਬਗੈਰ।
ਸ਼ਾਇਦ ਮੈਥੋਂ ਵਧੀਆ ਕੋਈ ਮਿਲ ਗਿਆ ਉਸ ਨੂੰ, ਮੈਂ ਮੰਗਾਂ ਵੀ ਤਾਂ ਰੱਬ ਤੋਂ ਕੀ?
ਬਸ ਆਪਣੇ ਦੋਸਤ ਦੀ ਖੁਸ਼ੀ ਹੀ ਮੰਗ ਸਕਦਾ ਹਾਂ। ਰੱਬਾ ਉਸ ਨੂੰ ਅਜਿਹਾ ਦੋਸਤ ਦੇਵੀਂ
ਜਿਸ ਨੂੰ ਉਹ ਕਦੇ ਨਾ ਛੱਡ ਸਕੇ, ਉਸ ਦੀ ਭਾਲ ਖਤਮ ਕਰ ਦੇ ਰੱਬਾ, ਤਾਂਕਿ ਉਹ ਕਿਸੇ
ਹੋਰ ਦਾ ਦਿਲ ਨਾ ਤੋੜ ਸਕੇ…ਮੇਰੀ ਕਿਸਮਤ ਵਿੱਚ ਤਾਂ ਬਸ ਇੰਤਜਾਰ ਹੈ ਉਸਦਾ, ਉਡੀਕ
ਹੈ ਉਸ ਦੇ ਮੁੜ ਪਰਤ ਕੇ ਆਉਣ ਦੀ………ਉਸ ਹਾਸੇ ਦੀ ਜੋ ਉਹ ਆਪਣੇ ਨਾਲ ਲੈ
ਗਿਐ……ਨਿਰਮੋਹੀ।
ਰੱਬਾ ਅੱਜ ਸਭ ਕੁੱਝ ਮਿਲਦੈ ਤੇਰੀ ਦੁਨਿਆ ਵਿੱਚ,
ਬਸ ਪਿਆਰ ਨਹੀਂ ਹੈ ਵੇਖਣ ਨੂੰ,
ਮੁੱਲ ਵਿਕਦੈ ਇਨਸਾਨ ਇੱਥੇ,
ਪਰ ਨਹੀਂ ਹੈ ਮੇਰਾ ਦਿਲ
ਖਰੀਦਣ ਨੂੰ ਤਿਆਰ ਕੋਈ ਏਥੇ ।
ਕਾਸ਼ ਦਿਲਾਂ ਦੀ ਮੰਡੀ ਵੀ,
ਇਸ ਜੱਗ ਵਿੱਚ ਲੱਗਦੀ,
ਮੈਂ ਤਿਆਰ ਹਾਂ ਇਸ ਆਪਣੇ ਦਿਲ ਨੂੰ
ਵੇਚਣ ਲਈ,
ਅਫਸੋਸ,
ਨਹੀਂ ਹੈ ਇਸ ਨੂੰ ਖਰੀਦਣ ਦਾ,
ਤਲਬਗਾਰ ਕੋਈ ਏਥੇ………।ਸੰਜੀਵ ਸ਼ਰਮਾ, ਫਿਰੋਜਪੁਰ
+91-98726-47232 |