ਲਓ
ਭਾਈ ਅਕਸਰ ਇਹ ਗੱਲ ਕਹਿਣ ਸੁਣਨ ਨੂੰ ਮਿਲਦੀ ਹੈ ਕਿ ਹਰ ਇੱਕ ਦੀ ਕਿਸਮਤ ਵਿੱਚ
ਜਿੰਨਾਂ ਲਿਖਿਆ ਹੁੰਦਾ ਹੈ ਉਂਨਾਂ ਹੀ ਉਸਨੂੰ ਮਿਲਦਾ ਹੈ। ਅਰਥਾਤ ਦਾਣੇ ਦਾਣੇ ਤੇ
ਲਿਖਿਆ ਹੈ ਖਾਣ ਵਾਲੇ ਦਾ ਨਾਂ ਦੀ ਕਹਾਵਤ ਦੁਹਰਾਈ ਜਾਂਦੀ ਹੈ। ਕਈ ਵਾਰ ਅਸੀਂ
ਕਿਸੇ ਦੇ ਘਰ ਮਹਿਮਾਨ ਦੇ ਤੌਰ 'ਤੇ ਜਾਂਦੇ ਹਾਂ ਤਾਂ ਇਹ ਕਹਿੰਦੇ ਹਾਂ ਯਾਰ ਐਂਵੇਂ
ਆ ਕੇ ਵਕਤ ਹੀ ਪਾਇਆ, ਅੱਗੋਂ ਉਹ ਕਹਿੰਦਾ ਹੈ ਕੋਈ ਗੱਲ ਨਹੀਂ ਜੀ ਤੁਹਾਡੀ ਕਿਸਮਤ
ਲਿਖਿਆ ਸੀ ਤੁਸੀਂ ਆ ਗਏ। ਇੱਕ ਪੁਰਾਣਾ ਗੀਤ 'ਦਾਣਾ
ਪਾਣੀ ਖਿੱਚ ਕੇ ਲਿਆਉਂਦਾ, ਕੌਣ ਕਿਸੇ ਦਾ ਖਾਂਦਾ'
ਵੀ ਤਾਂ ਹੈ। ਭਾਵ ਕਿਸੇ ਕੋਲ ਵੀ ਕਿਸੇ ਨੂੰ ਕੁਝ ਦੇਣ ਦੀ ਹਿੰਮਤ ਨਹੀਂ ਹੈ।
ਅਰਥਾਤ ਦਾਣੇ-ਦਾਣੇ ਉੱਤੇ ਖਾਣ ਵਾਲੇ ਦੀ ਮੋਹਰ ਲੱਗੀ ਹੈ। ਲੇਕਿੰਨ ਕਈ ਵਾਰੀ ਇਹ
ਵੀ ਤਾਂ ਹੋ ਜਾਂਦਾ ਹੈ ਕਿ ਉਸ ਦਾਣੇ ਉੱਤੇ ਮੋਹਰ ਕਿਸੇ ਹੋਰ ਦੀ ਲੱਗੀ ਹੁੰਦੀ ਹੈ
ਲੇਕਿਨ ਉਹ ਕਿਸੇ ਹੋਰ ਦੇ ਕਿਸਮਤ ਵਿੱਚ ਚਲਾ ਜਾਂਦਾ ਹੈ। ਹੁਣ ਏਥੇ ਇਹ ਕਿਆਸਾ ਲਗਾ
ਕੇ ਦੇਖ ਲਓ ਕਿ ਕਈ ਵਾਰੀ ਇੱਕ ਇਨਸਾਨ ਦਿਨ ਭਰ ਦੀ ਮੇਹਨਤ ਮਜ਼ਦੂਰੀ ਕਰ ਕੇ ਜਾਂ
ਇੰਜ ਕਹਿ ਲਓ ਕਿ ਮਹੀਨੇ ਭਰ ਦੀ ਤਨਖ਼ਾਹ ਲੈ ਕੇ ਘਰ ਆ ਰਿਹਾ ਹੁੰਦਾ ਹੈ ਤੇ ਰਾਹ
ਵਿੱਚ ਹੀ ਕੁਝ ਚੋਰ-ਠੱਗ ਉਸਨੂੰ ਘੇਰ ਕੇ ਉਸਦੀ ਦਿਨ ਭਰ ਦੀ ਜਾਂ ਮਹੀਨੇ ਦੀ ਕੀਤੀ
ਹੋਈ ਕਮਾਈ ਲੁੱਟ ਕੇ ਚੱਲਦੇ ਬਣਦੇ ਹਨ। ਕਈ ਵਾਰ ਜਾਂਦੇ ਹੋਏ ਉਸਨੂੰ ਨੁਕਸਾਨ ਵੀ
ਤਾਂ ਪਹੁੰਚਾ ਜਾਂਦੇ ਹਨ ਜਾਂ ਫਿਰ ਉਸ ਆਦਮੀਂ ਨੂੰ ਆਪਣੀ ਜ਼ਾਨ ਤੱਕ ਤੋਂ ਵੀ ਹੱਥ
ਧੋਣਾ ਪੈਂਦਾ ਹੈ ਤੇ ਘਰ ਵਿਚਲੇ ਬਾਕੀ ਬੈਠੇ ਹੋਏ ਮੈਂਬਰ ਉਸਦਾ ਢਿੱਲਾ ਜਿਹਾ ਮੂੰਹ
ਦੇਖ ਕੇ ਦੁਖੀ ਹੁੰਦੇ ਹਨ ਕਿਉਂਕਿ ਮੇਹਨਤ ਕਰਨ ਦੇ ਬਾਵਜ਼ੂਦ ਵੀ ਉਹ ਸਭ ਕੁਝ ਗਵਾ
ਕੇ ਆਇਆ ਹੁੰਦਾ ਹੈ। ਉਸਦੇ ਕਮਾਏ ਹੋਏ ਦਾਣਿਆਂ 'ਤੇ ਕਿਸੇ ਹੋਰ ਦੀ ਮੋਹਰ ਲੱਗ
ਚੁੱਕੀ ਹੁੰਦੀ ਹੈ ਤੇ ਉਹ ਦਾਣਾ ਚੋਰਾਂ ਠੱਗਾਂ ਦੀ ਕਿਸਮਤ ਵਿੱਚ ਲਿਖ ਹੋ ਜਾਂਦਾ
ਹੈ। ਅਰਥਾਤ ਉਸ ਕਮਾਏ ਹੋਏ ਦਾਣਿਆਂ 'ਤੇ ਚੋਰਾਂ-ਠੱਗਾਂ ਦਾ ਨਾਂ ਲਿਖ ਹੋ ਜਾਂਦਾ
ਹੈ।
ਇਸ ਤੋਂ ਇਹ ਹੀ ਦਿਖਾਈ ਦਿੰਦਾ ਹੈ ਕਿ ਕਮਾਉਣ ਵਾਲਾ ਹੋਰ ਤੇ ਉਸ ਦਾ ਹੱਕਦਾਰ
ਕੋਈ ਹੋਰ ਹੀ ਹੋ ਜਾਂਦਾ ਹੈ। ਦਾਣੇ-ਦਾਣੇ ਨਾਲ ਸਬੰਧਤ ਮੈਨੂੰ ਇੱਕ ਸ਼ਾਇਰ ਦੀਆਂ
ਕੁਝ ਸਤਰਾਂ ਯਾਦ ਆ ਰਹੀਆਂ ਹਨ ਜੋ ਕਿ ਕੁਝ ਇਸ ਤਰ੍ਹਾਂ ਹਨ-
ਮੁਹਤਾਜ਼ ਹੈ ਯੇਹ ਜ਼ਮਾਨਾ ਉਸਕਾ, ਕਤਰੇ-2 ਉਸਕੇ ਹੈ, ਦਾਨਾ ਦਾਨਾ ਉਸਕਾ।
ਅਫ਼ਸੋਸ ਕਿ ਮਾਂਗਨਾ ਨਾ ਆਇਆ ਤੁਝ ਕੋ, ਜਾਰੀ ਹੈ ਹਰ ਵਕਤ ਖ਼ਜ਼ਾਨਾ ਉਸਕਾ।
ਕਹਿੰਦੇ ਹਨ ਕਿ ਇਨਸਾਨ ਨੂੰ ਸੱਭ ਕੁਝ ਰੱਬ ਹੀ ਦਿੰਦਾ ਹੈ ਤੇ ਰੱਬ ਤਦ ਹੀ
ਦਿੰਦਾ ਹੈ ਜੇਕਰ ਉਸ ਕੋਲੋਂ ਕੁਝ ਮੰਗਿਆ ਜਾਵੇ। ਕਈ ਵਾਰੀ ਇਹ ਗੱਲ ਵੀ ਹੋ ਨਿਬੜਦੀ
ਹੈ ਕਿ - ਬਿੰਨ ਮਾਂਗੇ ਮੋਤੀ ਮਿਲੇ, ਮਾਂਗੇ ਮਿਲੀ ਨਾ ਭੀਖ। ਕਿਹਾ ਜਾਂਦਾ ਹੈ ਕਿ
ਹਰ ਕੋਈ ਰੱਬ ਕੋਲੋਂ ਹੀ ਮੰਗਦਾ ਹੈ ਤੇ ਮੰਗਣ ਦਾ ਅੰਦਾਜ਼ ਹਰ ਇੱਕ ਦਾ ਅਲੱਗ ਅਲੱਗ
ਹੀ ਹੁੰਦਾ ਹੈ। ਕੁਝ ਇੱਕ ਲੋਕ ਪ੍ਰਭੂ ਅਰਥਾਤ ਪ੍ਰਮਾਤਮਾਂ ਕੋਲੋਂ ਮੰਗ ਕਰਦੇ ਹਨ
ਕਿ ਹੇ ਪ੍ਰਭੂ! ਤੂੰ ਸਾਨੂੰ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣਾ ਤੇ ਆਪਣੇ ਪਰਿਵਾਰ
ਦਾ ਪੇਟ ਭਰਨ ਦੀ ਸਮਰੱਥਾ ਦੇਵੀਂ। ਜੇਕਰ ਇਹ ਮੰਗ ਚੋਰਾਂ-ਠੱਗਾਂ ਦੁਆਰਾ ਕੀਤੀ
ਜਾਣੀ ਹੈ ਤਾਂ ਇਹ ਹੀ ਹੋਣਾ ਹੈ ਕਿ ਹੇ ਪ੍ਰਭੁ! ਅੱਜ ਕੋਈ ਮੁਰਗਾ ਫਸ ਜਾਏ। ਕਹਿਣ
ਦਾ ਭਾਵ ਹੈ ਕਿ ਸਾਰਾ ਜ਼ਹਾਨ ਹੀ ਉਸਦਾ ਮੁਹਤਾਜ਼ ਹੈ।
ਕਈ ਵਾਰੀ ਅਸੀਂ ਕਿਸੇ ਦੇ ਮੂੰਹ 'ਚੋ ਸੁਣਦੇ ਹਾਂ ਕਿ ਮੈਂ ਉਸਨੂੰ ਰੋਟੀ ਦੇ
ਰਿਹਾ ਹਾਂ ਜਾਂ ਮੈਂ ਉਸ ਲਈ ਇਹ ਕਰ ਰਿਹਾ ਹਾਂ ਜਾਂ ਮੈਂ ਉਸ ਲਈ ਉਹ ਕਰ ਰਿਹਾ
ਹਾਂ। ਫਿਰ ਜਦ ਸਭ ਕੁਝ ਰੱਬ ਦਾ ਹੀ ਹੈ ਤਾਂ ਫਿਰ ਇੱਕ ਬੰਦਾ ਦੀ ਕੀ ਵਿਸ਼ਾਤ ਹੈ ਕਿ
ਉਹ ਕਿਸੇ ਨੂੰ ਕੁਝ ਦੇ ਸਕਦਾ ਹੋਵੇ। ਜਦ ਦਾਣੇ-ਦਾਣੇ ਤੇ ਉਸ ਦੀ ਮੋਹਰ ਲੱਗੀ ਹੋਈ
ਤਾਂ ਸਾਫ਼ ਜ਼ਾਹਿਰ ਹੈ ਕਿ ਉਸ ਨੂੰ ਵੀ ਖਾਣ ਦਾ ਉਤਨਾ ਹੀ ਅਧਿਕਾਰ ਹੈ ਜਿਤਨਾ ਸਾਨੂੰ
ਜਾਂ ਤੁਹਾਨੂੰ।
ਇੱਕ ਗੱਲ ਇਹ ਵੀ ਹੁੰਦੀ ਹੈ ਕਿ - ਕਰਨ ਤੇ ਕਰਾਉਣ ਵਾਲਾ ਉਹ ਪ੍ਰਭੂ ਪ੍ਰਮਾਤਮਾ
ਹੀ ਹੈ ਤੇ ਇੱਕ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਮੈਨੂੰ ਇੱਥੇ ਇੱਕ
ਲੱਲੂ-ਪੰਜੂ ਨੇਤਾ ਦੀ ਗੱਲ ਯਾਦ ਆ ਰਹੀ ਹੈ ਕਿ - ਮੈਂ ਸੜਕਾਂ ਬਣਾਈਆਂ, ਮੈਂ
ਕਲੋਨੀਆਂ ਬਣਾਈਆਂ, ਮੈਂ ਹਸਪਤਾਲ ਬਣਾਇਆ। ਹਾਲਾਂ ਕਿ ਉਸ ਨੇ ਕਦੇ ਕੋਈ ਮੇਹਨਤ ਦਾ
ਕੰਮ ਨਹੀਂ ਕਰ ਕੇ ਦੇਖਿਆ ਤੇ ਨਾ ਹੀ ਕੋਈ ਸਿਰ ਉੱਪਰ ਭਾਰ ਚੁੱਕ ਕੇ ਦੇਖਿਆ ਫਿਰ
ਵੀ ਆਪਣੀ ਝੂਠੀ ਚੌਧਰ ਕਾਇਮ ਕਰਨ ਲਈ ਝੂਠਾ ਹੱਕ ਜਤਾਉਣ ਸ਼ੁਰੂ ਕਰ ਦਿੱਤਾ।
ਜਿਹੜਾ ਕਿਸੇ ਲਈ ਕੁਝ ਕਰਦਾ ਹੈ ਉਹ ਕਦੀ ਆਪਣਾ ਹੱਕ ਜਤਾਉਣ ਨਹੀਂ ਆਉਂਦਾ ਪਰ
ਦੂਜੇ ਪਾਸੇ ਜਿਹਨਾਂ ਨੇ ਕੁਝ ਕੀਤਾ ਵੀ ਨਾ ਹੋਵੇ ਉਹ ਕੀਤੇ ਕਰਾਏ ਦਾ ਸਾਰੇ ਦਾ
ਸਾਰਾ ਕਰੈਡਿੱਟ ਆਪਣੇ ਸਿਰ ਲੈ ਕੇ ਬਹਿ ਜਾ ਬਹਿ ਖੱਟਦੇ ਹੋਏ ਦਿਖਾਈ ਦਿੰਦੇ ਹਨ।
ਇਹ ਕਿਹਾ ਜਾਂਦਾ ਹੈ ਕਿ ਕਣ-ਕਣ ਵਿੱਚ ਪ੍ਰਭੂ ਦਾ ਨਿਵਾਸ ਹੁੰਦਾ ਹੈ ਅਰਥਾਤ ਹਰ
ਥਾਂ ਤੇ ਪ੍ਰਭੂ ਦੀ ਹੀ ਪ੍ਰਭੂਸਤਾ ਕਾਇਮ ਹੈ। ਭਾਵ ਸਭ ਕੁਝ ਉਸ ਪ੍ਰਭੂ ਦਾ ਹੀ ਹੈ।
ਅਸਲ ਵਿੱਚ ਗਹੁ ਨਾਲ ਘੋਖ-ਵਿਚਾਰ ਕਰਕੇ ਦੇਖਿਆ ਜਾਵੇ ਤਾਂ ਸਾਡੀ ਸਾਰੀ ਦੁਨੀਆਂ ਹੀ
ਸੱਚ ਤੋਂ ਕੋਹਾਂ ਦੂਰ ਹੇ। ਕਹਿੰਦੇ ਹਨ ਕਿ ਹਰ ਕੋਈ ਸਿਰਫ਼ ਆਪਣੇ ਲਈ ਉਸ ਪ੍ਰਭੂ
ਕੋਲੋਂ ਮੰਗਦਾ ਹੈ ਚਾਹੇ ਉਸ ਕੋਈ ਦੁਆ ਹੀ ਕਿਉਂ ਨਾ ਹੋਵੇ। ਕੋਈ ਬਿਰਲਾ ਹੀ ਹੈ
ਜਿਹੜਾ ਦੂਜੇ ਲਈ ਵੀ ਮੰਗਦਾ ਦਿਖਾਈ ਦੇਵੇਗਾ। ਕਿਸੇ ਸ਼ਾਇਰ ਨੇ ਕਿਹਾ ਹੈ ਕਿ -
ਖ਼ੁਦਾ ਮੰਜ਼ੂਰ ਕਰਤਾ ਹੈ, ਦੁਆ ਜਬ ਦਿਲ ਸੇ ਹੋਤੀ ਹੈ,
ਲੇਕਿਨ ਮੁਸ਼ਕਿਲ ਤੋ ਯੇਹ ਹੈ ਕਿ ਯੇਹ ਬੜੀ ਮੁਸ਼ਕਲ ਸੇ ਹੋਤੀ ਹੈ।
ਪਰਸ਼ੋਤਮ ਲਾਲ ਸਰੋਏ,
ਪਿੰਡ - ਧਾਲੀਵਾਲ-ਕਾਦੀਆਂ,
ਮੋਬਾਇਲ- 91-92175-44348
|