ਪੰਜਾਬ
ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਬੰਧਨ ਦੀ ਅਗੁਵਾਈ ਵਾਲੀ ਸਰਕਾਰ ਨੇ ਇੱਕ
ਵਾਰੀ ਫਿਰ ਸੱਤਾ ਤੇ ਕਾਬਜ ਹੋ ਕੇ ਇਤਹਾਸ ਰਚ ਦਿੱਤਾ ਹੈ। ਪੰਜਾਬ ਦੀ ਰਾਜਨੀਤੀ
ਵਿੱਚ ਇਸ ਗਠਬੰਧਨ ਸਰਕਾਰ ਨੇ ਇਹ ਕੀਤਰਤੀਮਾਨ 46 ਸਾਲ ਬਆਦ ਹਾਸਿਲ ਕੀਤਾ ਹੈ।
ਪੰਜਾਬ ਦੇ ਲੋਕਾਂ ਨੇ ਇਸ ਗਠਬੰਧਨ ਸਰਕਾਰ ਪ੍ਰਤੀ ਇੱਕ ਵਾਰ ਫਿਰ ਆਪਣਾ ਵਿਸ਼ਵਾਸ
ਵਿਖਾ ਕੇ ਜਾਹਿਰ ਕਰ ਦਿੱਤਾ ਹੈ ਕਿ ਉਹ ਉਸ ਦੀਆਂ 5 ਸਾਲਾਂ ਵਿੱਚ ਕੀਤੀਆਂ ਗਈਆਂ
ਸੇਵਾਵਾਂ ਤੋਂ ਕਿੰਨੇ ਪ੍ਰਭਾਵਿਤ ਹੋਏ ਹਨ। ਕਾਂਗਰਸ ਪਾਰਟੀ ਨੂੰ ਪੰਜਾਬੀ ਲੋਕਾਂ
ਨੇ ਬੁਰੀ ਤਰਾਂ ਨਾਲ ਪਟਕਣੀ ਦਿੱਤੀ ਹੈ। ਇਸ ਵਾਰ ਤਾਂ ਪੰਜਾਬੀ ਲੋਕਾਂ ਨੇ ਵੱਡੇ
ਬੁੱਧੀਜੀਵੀਆਂ ਦੇ ਕਿਆਸਾਂ ਨੂੰ ਝੂਠਾ ਵਿਖਾ ਕੇ ਇਹ ਸਾਬਿਤ ਕਰ ਦਿੱਤਾ ਹੈ ਪੰਜਾਬ
ਦੇ ਆਮ ਲੋਕ ਵੀ ਉਹਨਾਂ ਦੇ ਬਰਾਬਰ ਦੀ ਹੀ ਸਮਝ ਰੱਖਦੇ ਹਨ। ਕਾਂਗਰਸੀ ਦੇ ਚਿਹਰੇ
ਮੁਰਝਾਏ ਪਏ ਹਨ ਅਤੇ ਉਹਨਾਂ ਨੂੰ ਹੋਲੀ ਦੇ ਗੂੜੇ ਰੰਗ ਵੀ ਫਿੱਕੇ ਪ੍ਰਤੀਤ ਹੋ ਰਹੇ
ਹਨ।
ਅਸਲ ਵਿੱਚ ਪੰਜਾਬ ਅੰਦਰ ਹੋਈਆਂ ਚੋਣਾਂ ਵਿੱਚ ਮਿਲੀ ਹਾਰ ਦਾ ਮੁੱਖ ਕਾਰਣ
ਕਾਂਗਰਸ ਦਾ ਜਰੂਰਤ ਤੋਂ ਵੱਧ ਆਤਮ ਵਿਸ਼ਵਾਸ ਸੀ। ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ
ਤਾਂ ਇੱਥੋਂ ਦੇ ਕਾਂਗਰਸੀ ਸੀਨੀਅਰ ਨੇਤਾਵਾਂ ਨਾਲ ਬੈਠਣ ਦਾ ਮੌਕਾ ਮੈਂਨੂੰ ਚੋਣਾਂ
ਤੋਂ ਪਹਿਲਾਂ ਮਿਲਿਆ, ਜਿੰਨਾ ਨੂੰ ਪੂਰਨ ਤੌਰ ਤੇ ਯਕੀਨ ਸੀ ਪੰਜਾਬ ਦੀ ਸੱਤਾ ਤੇ
ਹਰ ਹਾਲਤ ਵਿੱਚ ਕਾਂਗਰਸ ਦੀ ਸਰਕਾਰ ਹੀ ਕਾਬਜ ਹੋਵੇਗੀ। ਉਹਨਾਂ ਦਾ ਮੰਨਣਾ ਸੀ
ਪੰਜਾਬੀ ਲੋਕ ਕਾਂਗਰਸ ਨੂੰ ਅਕਾਲੀਆਂ ਨਾਲੋਂ ਕਿਤੇ ਵੱਧ ਪਸੰਦ ਕਰਦੇ ਹਨ ਅਤੇ ਪੂਰੇ
ਪੰਜਾਬ ਅੰਦਰ ਉਹਨਾਂ ਦੀ ਜਿੱਤ ਯਕੀਨੀ ਹੈ। ਕੁੱਝ ਲੀਡਰ ਤਾਂ ਇੱਥੋਂ ਤੱਕ ਵੀ ਆਖਦੇ
ਸਨ ਕਿ ਪੰਜਾਬ ਅੰਦਰ ਹਰ 5 ਸਾਲ ਬਾਅਦ ਸੱਤਾ ਤਬਦੀਲ ਹੁੰਦੀ ਹੀ ਹੁੰਦੀ ਹੈ ਇਸ ਲਈ
ਕਾਂਗਰਸ ਦੀ ਸਰਕਾਰ ਬਨਣੀ ਯਕੀਨੀ ਹੈ। ਅੰਮ੍ਰਿਤਸਰ ਅੰਦਰ ਹੋਈਆਂ ਚੋਣਾਂ ਵਿੱਚ ਕਈ
ਕਾਂਗਰਸੀ ਉਮੀਦਵਾਰਾਂ ਨੇ ਤਾਂ ਚੋਣਾਂ ਦੇ ਪ੍ਰਚਾਰ ਦੌਰਾਨ ਨਾਂ ਤਾਂ ਲੋਕਾਂ ਵਿੱਚ
ਵਿਚਰਨਾਂ ਸਹੀ ਸਮਝਿਆ ਅਤੇ ਨਾਂ ਹੀ ਉਹਨਾਂ ਤੋਂ ਤਰਲੇ ਨਾਲ ਵੋਟਾਂ ਮੰਗਣ ਵਿੱਚ
ਕੋਈ ਬਹੁਤੀ ਦਿਲਚਸਪੀ ਵਿਖਾਈ, ਜੋ ਉਹਨਾਂ ਦੀ ਬੁਰੀ ਤਰਾਂ ਹਾਰ ਦਾ ਕਾਰਣ ਬਣੀ।
ਇਸ ਦੇ ਨਾਲ ਹੀ ਜੇ ਕਿਹਾ ਜਾਵੇ ਤਾਂ ਕਾਂਗਰਸ ਨੂੰ ਉਸ ਦਾ ਹੱਦੋਂ ਵੱਧ ਕੇ
ਜਿੱਤ ਦਾ ਆਤਮ ਵਿਸ਼ਵਾਸ ਹੀ ਲੈ ਡੁੱਬਿਆ।
ਜੇਕਰ ਚੋਣਾਂ ਦੌਰਾਂਨ ਕਾਂਗਰਸੀ ਉਮੀਦਵਾਰ ਲੋਕਾਂ ਵਿੱਚ ਸਹੀ ਤਾਂ ਵਿਚਰੇ
ਹੁੰਦੇ ਤਾਂ ਸ਼ਇਦ ਨਤੀਜੇ ਕੁੱਝ ਵੱਖਰੇ ਹੁੰਦੇਂ। ਕਈ ਕਾਂਗਰਸੀ ਉਮੀਦਵਾਰ ਜੋ ਸਹੀ
ਤਰਾਂ ਨਾਲ ਚੋਣ ਪ੍ਰਚਾਰ ਦੌਰਾਨ ਲੋਕਾਂ ਵਿੱਚ ਵਿਚਰਦੇ ਰਹੇ ਉਹਨਾਂ ਨਵੀਆਂ ਥਾਵਾਂ
ਤੋਂ ਚੋਣ ਲੜ ਕੇ ਵੀ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ। ਕਈ ਕਾਂਗਰਸੀ ਵਰਕਰਾਂ ਦਾ
ਤਾਂ ਇਹ ਵੀ ਮੰਨਣਾ ਸੀ ਕਿ ਜਿਹੜੀ ਵੋਟ ਪੈਂਦੀ ਹੈ ਉਹ ਉਮੀਦਵਾਰ ਦੇ ਮੁੰਹ ਨੂੰ
ਨਹੀ ਸਗੋਂ ਪਾਰਟੀ ਦੇ ਮੁੰਹ ਨੂੰ ਪੈਂਦੀ ਹੈ, ਪਰ ਅਫਸੋਸ ਉਹਨਾਂ ਦਾ ਇਹ ਕਿਆਸ
ਸਿਰੇ ਤੋਂ ਗਲਤ ਸਾਬਿਤ ਹੋ ਗਿਆ। ਪੰਜਾਬ ਦੀ ਜਨਤਾਂ ਪੜੀ ਲਿਖੀ ਅਤੇ ਸੂਝਵਾਨ ਹੈ।
ਇਸ ਵਾਰ ਨੌਜਵਾਨ ਵਰਗ ਨੇ ਵੱਡੀ ਗਿਣਤੀ ਵਿੱਚ ਚੋਣਾਂ ਵਿੱਚ ਭਾਗ ਲਿਆ ਅਤੇ ਆਪਣੀ
ਕੀਮਤੀ ਵੋਟ ਦੀ ਤਾਕਤ ਦੀ ਵਰਤੋਂ ਕੀਤੀ। ਪਰ ਯੂਥ ਦੀ ਇਹ ਤਾਕਤ ਅਕਾਲੀ ਦਲ ਦੇ ਨਾਲ
ਹੀ ਰਹੀ ਅਤੇ ਨਤੀਜਾ ਇਹ ਨਿਕਲਿਆ ਕਿ ਅਕਾਲੀ ਸਰਕਾਰ ਨੇ ਇਤਹਾਸ ਰੱਚਦਿਆਂ ਪੰਜਾਬ
ਅੰਦਰ ਵੱਡੀ ਜਿੱਤ ਦਰਜ ਕੀਤੀ।
ਕਈ ਕਾਗਰਸੀ ਬਾਬਾ ਬੋਹੜ ਆਗੂਆਂ ਦਾ ਸਟੇਜਾਂ ਤੇ ਅਕਾਲੀਆਂ ਖਿਲਾਫ ਕੀਤਾ
ਪ੍ਰਚਾਰ ਵੀ ਬੇਕਾਰ ਹੀ ਗਿਆ, ਕਿਉਕਿ ਲੋਕ ਉਹਨਾਂ ਦੀ ਸੋਚ ਨਾਲ ਖੜੇ ਹੋ ਕੇ ਪਹਿਰਾ
ਦੇਣ ਲਈ ਤਿਆਰ ਨ੍ਹਹੀ ਹੋਏ। ਸਰਕਾਰ ਬਨਣ ਤੇ ਚਾਹੇ ਕਾਂਗਰਸੀ ਸੱਤਾ ਵਿੱਚ ਹੋਣ ਜਾਂ
ਅਕਾਲੀ ਕੰਮ ਇੱਕੋ ਜਿਹਾ ਹੀ ਕਰਦੇ ਹਨ, ਪਰ ਸ਼ਾਇਦ ਪੰਜਾਬੀਆਂ ਨੁੰ 84 ਵਿੱਚ
ਕਾਂਗਰਸ ਵੱਲੋਂ ਦਿੱਤੇ ਜਖਮ ਅਜੇ ਵੀ ਯਾਦ ਹਨ, ਜਿਸ ਦੇ ਚੱਲਦਿਆਂ ਪੰਜਾਬੀਆਂ ਨੁੰ
ਉਸ ਤੇ ਕੋਈ ਬਹੁਤਾ ਯਕੀਨ ਨਹੀ ਹੈ।
ਦੂਸਰੇ ਪਾਸੇ ਪੰਜਾਬ ਅੰਦਰ ਪੀਪੀਪੀ ਦਾ ਤਾਂ ਕਾਂਗਰਸ ਤੋਂ ਵੀ ਮਾੜਾ ਹਾਲ
ਹੋਇਆ। ਪੰਜਾਬ ਵਿੱਚ ਤਾਂ ਉਸ ਨੂੰ ਕੋਈ ਸੀਟ ਮਿਲਣੀ ਤਾਂ ਦੂਰ ਦੀ ਗੱਲ ਪਾਰਟੀ
ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਹੀ ਆਪਣੀਆਂ ਦੋਹਾਂ ਸੀਟਾਂ ਤੋਂ ਬੁਰੀ ਤਰਾਂ ਹਾਰ
ਗਿਆ। ਕੁੱਲ ਮਿਲਾ ਕੇ ਮਨਪ੍ਰੀਤ ਨੂੰ ਆਪਣੇ ਤਾਏ ਨਾਲ ਕੀਤੀ ਗਈ ਬਗਾਵਤ ਬਹੁਤੀ ਰਾਸ
ਨਹੀ ਆਈ। ਕਈ ਕਾਂਗਰਸੀ ਲੀਡਰ ਤਾਂ ਇਹ ਵੀ ਕਹਿੰਦੇ ਸਨ ਕਿ ਮਨਪ੍ਰੀਤ ਬਾਦਲ ਦਿੱਲੀ
ਜਾ ਕੇ ਚੋਣਾਂ ਤੋਂ ਕਾਫੀ ਸਮਾਂ ਪਹਿਲਾਂ ਸੋਨੀਆਂ ਗਾਂਧੀ ਜੀ ਨੂੰ ਮਿੱਲ ਆਇਆ ਹੈ
ਅਤੇ ਉਹਨਾਂ ਆਪਸ ਵਿੱਚ ਸਮਝੌਤਾ ਕਰ ਲਿਆ ਹੈ, ਪਰ ਇਹਨਾਂ ਲੀਡਰਾਂ ਨੂੰ ਭਲਾ ਕੋਈ
ਪੁੱਛੇ ਬਈ ਜੇ ਮਨਪ੍ਰੀਤ ਦੀ ਸੋਨੀਆਂ ਨਾਲ ਐਨੀ ਹੀ ਸਾਂਝ ਪੈ ਗਈ ਸੀ ਤਾਂ ਅੱਜ
ਤੁਹਾਡੀ ਸੋਂਨੀਆਂ ਗਾਂਧੀ ਪੀਪੀਪੀ ਨੂੰ ਪੰਜਾਬ ਵਿੱਚ ਹਾਰ ਦਾ ਦੋਸ਼ੀ ਕਿਉਂ ਆਖ ਰਹੀ
ਹੈ। ਅਜਿਹੇ ਬਿਆਨ ਕੁੱਝ ਕਾਂਗਰਸੀ ਲੀਡਰ ਹਵਾ ਵਿੱਚ ਹੀ ਦੇਂਦੇ ਰਹੇ। ਕੁੱਲ ਮਿਲਾ
ਕੇ ਅਕਾਲੀ ਦਲ ਅਤੇ ਉਹਨਾਂ ਦੀ ਸਹਿਯੋਗੀ ਪਾਰਟੀ ਨੇ ਪੰਜਾਬ ਅੰਦਰ ਇਤਹਾਸ ਸਿਰਜ ਕੇ
ਮੁੜ ਸੱਤਾ ਸੰਭਾਲ ਲਈ ਹੈ। ਹੁਣ ਕਾਂਗਰਸੀ ਉਮੀਦਵਾਰ ਜਿੰਨੀਆਂ ਮਰਜੀ ਗੱਲਾਂ ਬਣਾਈ
ਜਾਣ ਹੋਰ ਇਹ ਕਹਾਵਤ ਉਹ ਜਰੂਰ ਯਾਦ ਰੱਖਣ ਕਿ "ਜਿਸਕੀ
ਲਾਠੀ ਉਸਕੀ ਭੈਂਸ"
ਸਰਵਨ ਸਿੰਘ ਰੰਧਾਵਾ(+919803049425) |