WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ

5_cccccc1.gif (41 bytes)

ਦਿਨ ਬੜਾ ਸੋਹਣਾ ਚੜ੍ਹਿਆ ਸੀ। ਮੇਰੇ ਹਿਸਾਬ ਨਾਲ ਤਾਪਮਾਨ ਬਿਲਕੁਲ ਸਰੀਰਕ ਸੁੱਖ ਲਈ ਅਨੁਕੂਲ ਸੀ। ਕਈ ਦਿਨਾਂ ਦਾ ਮੇਰਾ ਦਿਲ ਕਰਦਾ ਸੀ ਕਿ ਬਰਮਿੰਘਮ ਸ਼ਹਿਰ ਦੀ ਲਾਇਬਰੇਰੀ ਵਿਚ ਜਾਕੇ ਕੁਝ ਫੋਲਾ ਫਰਾਲੀ ਕੀਤੀ ਜਾਵੇ, ਕੁਝ ਮਗਜ਼ ਪੱਚੀ ਕੀਤੀ ਜਾਵੇ ਕਿਤਾਬਾਂ ਨਾਲ। ਇਹ ਵੀ ਮਨ ਵਿਚ ਸੀ ਕਿ ਕੁਝ ਪੁਰਾਣੇ ਕਲਾਸਿਕ ਆਰਟ ਦੀਆਂ ਕਿਤਾਬਾਂ ਨਾਲ ਦੋਸਤੀ ਪਾਈ ਜਾਵੇ। ਕੁਝ ਸੰਸਾਰੀ ਸਾਹਿਤ ਦੇ ਨਵੇਂ ਸੰਵਾਦ ਨਾਲ ਆਪਣੀ ਸੋਚ ਦੇ ਪਰ ਖੋਲ੍ਹੇ ਜਾਣ। ਮੇਰੀ ਇਸ ਖਾਹਿਸ਼ ਨੂੰ ਮੋਤਾ ਸਿੰਘ ਸਰਾਏ ਸਮਝ ਗਏ ਅਤੇ ਉਹਨਾਂ ਨੇ ਇਕ ਸੌਖਾ ਕੰਮ ਕਰ ਦਿੱਤਾ। ਉਨ੍ਹਾਂ ਨੇ ਆਪਣੇ ਅਜ਼ੀਜ਼ ‘ਬਚੜਾ ਜੀ' ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਕਿ ਸ਼ਹਿਰ ਉਹ ਮੈਨੂੰ ਲੈਕੇ ਜਾਣਗੇ। ਬਚੜਾ ਜੀ ਤੇ ਮੈਂ ਫੈਸਲਾ ਲਿਆ ਕਿ ਟਰੈਫਿਕ ਵਿਚ ਫਸਣ ਨਾਲੋਂ ਰੇਲ ਗੱਡੀ ਤੇ ਇਹ 10-15 ਕਿਲੋਮੀਟਰ ਦਾ ਸਫਰ ਕੀਤਾ ਜਾਵੇ। ਇਸ ਨਾਲ ਚੋਖਾ ਸਮਾਂ ਬਚ ਜਾਵੇਗਾ। ਰੇਲਵੇ ਸਟੇਸ਼ਨ ਸਾਡੇ ਟਿਕਾਣੇ ਤੋਂ ਕਰੀਬ ਇਕ ਕਿਲੋਮੀਟਰ ਹੀ ਸੀ। ਸੁਹਾਵਣੇ ਮੌਸਮ ਵਿਚ ਅਸੀਂ ਪੈਦਲ ਮਾਰਚ ਕਰਦੇ ਸਟੇਸ਼ਨ ਤੇ ਪਹੁੰਚ ਗਏ। ਸਟੇਸ਼ਨ ਸੜਕ ਤੋਂ ਕਾਫੀ ਨੀਵੀਂ ਥਾਂ ਤੇ ਸੀ। ਆਲੇ-ਦੁਆਲੇ ਕਾਫੀ ਫੁੱਲ ਬੂਟੇ ਸਨ। ਰੇਲਵੇ ਲਾਈਨ ਦੇ ਨਾਲ ਇੱਕਾ ਦੁੱਕਾ ਮੁਸਾਫਰ ਖੜੇ ਸਨ। ਅਸੀਂ ਵੀ ਟਿਕਟਾਂ ਲਈਆਂ ਅਤੇ ਗੱਡੀ ਦਾ ਇੰਤਜ਼ਾਰ ਕਰਨ ਲੱਗ ਪਏ। ਥੋੜ੍ਹੀ ਦੇਰ ਵਿਚ ਹੀ ਨਿਰਧਾਰਤ ਸਮੇਂ ਤੇ ਗੱਡੀ ਆ ਗਈ ਅਤੇ ਅਸੀਂ ਅੰਦਰ ਸੀਟਾਂ ਤੇ ਬੈਠ ਕਿ ਆਲੇ ਦੁਆਲੇ ਦੇ ਨਜ਼ਾਰੇ ਦੇਖਦੇ ਕੁਝ ਮਿੰਟਾਂ ਵਿਚ ਹੀ ਬਰਮਿੰਘਮ ਰੇਲਵੇ ਸਟੇਸ਼ਨ ਪਹੁੰਚ ਗਏ। ਇੱਥੇ ਸਟੇਸ਼ਨ ਜ਼ਮੀਨਦੋਜ਼ ਬਣਿਆ ਹੋਇਆ ਹੈ ਤੇ ਸਾਨੂੰ ਕਾਫੀ ਪੋੜੀਆਂ ਚੜ੍ਹ ਕਿ ਉਪਰ ਆਉਣਾ ਪਿਆ। ਇੱਥੋਂ ਅਸੀਂ ਲਾਇਬਰੇਰੀ ਵਲ ਨੂੰ ਚਾਲੇ ਪਾ ਦਿੱਤੇ। ਵੱਡੇ ਟਾਊਨ ਹਾਲ ਦੇ ਸਾਹਮਣੇ ਫੁਆਰੇ ਤੇ ਮੂਰਤੀਆਂ ਬਣੀਆਂ ਹੋਈਆਂ ਹਨ। ਇੱਥੇ ਖੁੱਲ੍ਹੀ ਥਾਂ ਉੱਤੇ ਕੁਝ ਲੋਕ ਰਾਜਨੀਤਕ ਰੈਲੀ ਕਰ ਰਹੇ ਸਨ। ਉਹ ਲੋਕਾਂ ਨੂੰ ਇਸ਼ਤਿਹਾਰ ਵੀ ਵੰਡ ਰਹੇ ਸਨ ਤੇ ਦੂਸਰੇ ਪਾਸੇ ਸੈਲਾਨੀ ਬੁੱਤਾਂ ਤੇ ਫੁਆਰਿਆਂ ਨਾਲ ਫੋਟੋਆਂ ਖਿਚਵਾ ਰਹੇ ਸਨ। ਥੋੜ੍ਹਾ ਹੋਰ ਅੱਗੇ ਗਏ ਤਾਂ ਕੁਝ ਦੇਸੀ ਬਜ਼ੁਰਗ ਔਰਤਾਂ ਕੱਠੀਆਂ ਬੈਠੀਆਂ ਸਨ। ਸ਼ਾਇਦ ਇਹ ਥਾਂ ਉਹਨਾਂ ਦੇ ਦੁੱਖ-ਸੁੱਖ ਸਾਂਝੇ ਕਰਨ ਲਈ ਚੁਣੀ ਹੋਵੇ। ਅੱਗੇ ਚਲ ਕਿ ਖੱਬੇ ਪਾਸੇ ਇੱਕ ਖੁੱਲਾ ਰੰਗਮੰਚ ਸੀ। ਜਿੱਥੇ ਬੱਚਿਆਂ ਲਈ ਤਾਲਮੇਲਿਕ ਨਾਟਕ ਚਲ ਰਿਹਾ ਸੀ। ਛੋਟੇ ਬੱਚੇ ਨਾਟਕ ਵਾਲਿਆਂ ਦੇ ਪਿੱਛੇ ਲਗ ਕਿ ਨਕਲਾਂ ਲਾ ਰਹੇ ਸਨ ਤੇ ਮਾਂ-ਬਾਪ ਉਹਨਾਂ ਦੀਆਂ ਹਰਕਤਾਂ ਨੂੰ ਕੈਮਰੇ ਨਾਲ ਸਮਾਂਬੱਧ ਕਰ ਰਹੇ ਸਨ।

ਥੋੜ੍ਹੀ ਦੇਰ ਵਿਚ ਹੀ ਅਸੀਂ ਲਾਇਬਰੇਰੀ ਪਹੁੰਚ ਗਏ। ਕਈ ਮੰਜ਼ਿਲਾ ਇਹ ਲਾਇਬਰੇਰੀ ਪਤਾ ਨਹੀਂ ਕਿੰਨੇ ਸ਼ਬਦਾਂ ਦੇ ਟਾਪੂ ਸਾਂਭੀ ਬੈਠੀ ਹੈ। ਇੱਥੇ ਮੈਂ ਰੱਜ ਕਿ ਸਮਾਂ ਲਾਇਆ ਅਤੇ ਆਪਣੀ ਇੱਛਾ ਮੁਤਾਬਕ ਜਾਣਕਾਰੀ ਦੇ ਖਜ਼ਾਨੇ ਲੁੱਟੇ। ਹੁਣ ਸਮਾਂ ਕਾਫੀ ਹੋ ਗਿਆ ਸੀ। ਸੋ ਵਾਪਸੀ ਚਾਲੇ ਪਾ ਦਿੱਤੇ। ਵਾਪਸੀ ਤੇ ਰਾਹ ਵਿਚ ਕੁਝ ਖਾ ਵੀ ਲਿਆ ਤੇ ਐਵੇਂ ਫਜ਼ੂਲ ਜਿਹੀ ਖਰੀਦਦਾਰੀ ਵੀ ਕੀਤੀ। ਅਸਲ ਵਿਚ ਇਹ ਖਰੀਦਦਾਰੀ ਵੀ ਘਰੋਂ ਬਾਹਰ ਨਿਕਲ ਕਿ ਇਕ ਮਨ ਦੀ ਅਵੱਸਥਾ ਹੁੰਦੀ ਹੈ। ਚੰਗਾ ਭਲਾ ਪਤਾ ਹੁੰਦਾ ਹੈ ਕਿ ਇਹ ਚੀਜ਼ ਲੁਧਿਆਣੇ ਇੱਥੋਂ ਨਾਲੋਂ ਸਸਤੀ ਮਿਲਦੀ ਹੈ ਪਰ ਐਵੇਂ ਹੀ ਮਨ ਤਿਲਕੀ ਜਾਂਦਾ ਹੈ।

ਜਦੋਂ ਅਸੀਂ ਵਾਪਸ ਸਟੇਸ਼ਨ ਤੇ ਪਹੁੰਚੇ ਤਾਂ ਇਹ ਦੇਖ ਕਿ ਹੈਰਾਨ ਰਹਿ ਗਏ ਕਿ ਸਾਡੀ ਟਰੇਨ ਦੇ ਜਾਣ ਵਾਲੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਗਿਆ। ਥੋੜ੍ਹਾ ਅੱਗੇ ਗਏ ਤਾਂ ਨੋਟਿਸ ਲੱਗਿਆ ਸੀ ਕਿ ਮੁਰੰਮਤ ਲਈ ਇਹ ਰੇਲਵੇ ਲਾਈਨ ਬੰਦ ਹੈ। ਮੁਸਾਫਰ ਆਪਣੀ ਟਿਕਟ ਦਿਖਾ ਕੇ ਨਾਲ ਸਪੈਸ਼ਲ ਖੜੀ ਬਸ ਰਾਹੀਂ ਆਪੋ ਆਪਣੀ ਮੰਜ਼ਿਲ ਵਲ ਜਾ ਸਕਦੇ ਹਨ। ਅਸੀਂ ਵੀ ਪੁੱਛ ਪੁਛਾ ਕਿ ਆਪਣੇ ਇਲਾਕੇ ਵਲ ਜਾਂਦੀ ਬਸ ਲੱਭ ਲਈ। ਬਸ ਚਲਦੀ ਰਹੀ ਤੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਕਰਦੇ ਰਹੇ। ਹੌਲੀ ਹੌਲੀ ਬਸ ਖਾਲੀ ਹੁੰਦੀ ਗਈ। ਕੁਝ ਸਮੇਂ ਬਾਅਦ ਅਸੀਂ ਇਕੱਲੇ ਹੀ ਬਸ ਵਿਚ ਰਹਿ ਗਏ। ਮੈਨੂੰ ਲੱਗਾ ਕਿ ਕਮਾਲ ਹੈ, ਐਡੀ ਵੱਡੀ ਬਸ ਸਾਡੇ ਪੰਜਾਬੀਆਂ ਲਈ ਕੱਲੀ ਹੀ ਤੁਰੀ ਫਿਰਦੀ ਹੈ। ਗੱਲਾਂ-ਗੱਲਾਂ 'ਚ ਪਤਾ ਹੀ ਨਾ ਲੱਗਾ ਕਿ ਇਕ ਘੰਟੇ ਤੋਂ ਵੱਧ ਦਾ ਸਫਰ ਹੋ ਗਿਆ ਹੈ। ਮੈਂ ‘ਬਚੜਾ' ਜੀ ਨੂੰ ਪੁੱਛਿਆ ਕਿ ਹੋਰ ਕਿੰਨ੍ਹਾਂ ਕੁ ਸਫਰ ਹੈ? ਤਾਂ ਉਹਨਾਂ ਨੇ ਅਣਜਾਣਤਾ ਜ਼ਾਹਿਰ ਕਰਦੇ ਹੋਏ ਇਲਾਕੇ ਦੀ ਵਾਕਫੀ ਤੋਂ ਇਨਕਾਰ ਕਰ ਦਿੱਤਾ। ਮੈਨੂੰ ਫਿਰ ਬੜੀ ਹੈਰਾਨੀ ਹੋਈ। ਆਖ਼ਰ ਬਸ ਜਾ ਕਿੱਥੇ ਰਹੀ ਹੈ? ਮੈਂ ਉਠ ਕਿ ਡਰਾਇਵਰ ਕੋਲ ਗਿਆ ਤੇ ਉਸਨੂੰ ਪੁੱਛਿਆ ਕਿ ਕਿੰਨੀ ਦੂਰ ਤਾਂ ਉਸਦਾ ਜਵਾਬ ਸੁਣ ਕਿ ਬੜਾ ਹਾਸਾ ਆਇਆ, ‘ਮੇਰੀ ਡਿਊਟੀ ਅਚਾਨਕ ਲੱਗੀ ਹੈ। ਮੈਂ ਇਸ ਪਾਸੇ ਕਦੇ ਆਇਆ ਹੀ ਨਹੀਂ, ਇਸ ਲਈ ਰਸਤਾ ਭੁੱਲ ਗਿਆ ਹਾਂ। ਮੈਨੂੰ ਕੁਝ ਸਮਝ ਨਹੀਂ ਆ ਰਿਹਾ।'' ਫੇਰ ਅਸੀਂ ਤਿੰਨੇ ਜਣੇ ਰਸਤਾ ਲੱਭਣ ਲੱਗ ਪਏ। ਤਕਰੀਬਨ ਉਹ ਦੋਨੋਂ ਜਣੇ ਪੰਦਰਾਂ ਮਿੰਟ ਸੜਕਾਂ ਦਾ ਹਿਸਾਬ ਲਾਉਂਦੇ ਰਹੇ। ਮੈਂ ਤਾਂ ਇਸ ਮਾਮਲੇ ਬਾਰੇ ਅਨਪੜ੍ਹ ਹੀ ਸੀ। ਅਚਾਨਕ ਮੈਂ ਆਖਿਆ, ‘ਬਸ ਰੋਕੋ' ਦੋਵੇਂ ਮੇਰੇ ਵੱਲ ਦੇਖਣ ਲੱਗੇ। ਮੈਂ ਸਾਹਮਣੇ ਬਸ ਸਟਾਪ ਪਛਾਣ ਲਿਆ ਸੀ। ਇੱਥੇ ਤੱਕ ਅਸੀਂ ਸੈਰ ਕਰਨ ਆਉਂਦੇ ਸੀ ਤੇ ਇੱਥੇ ਵੱਡੇ ਵੱਡੇ ਦਰਖਤਾਂ ਦੀ ਮੈਂ ਫੋਟੋਗ੍ਰਾਫੀ ਕੀਤੀ ਸੀ। ਡਰਾਇਵਰ ਨੇ ਥੋੜ੍ਹਾ ਅੱਗੇ ਜਾਕੇ ਬਸ ਸਟਾਪ ਤੇ ਬਸ ਰੋਕ ਲਈ। ਇਥੋਂ ਅਸੀਂ ਡਰਾਇਵਰ ਨੂੰ ਉਸਦਾ ਰਾਹ ਸਮਝਾ, ਹੱਸਦੇ ਹੱਸਦੇ ਘਰ ਪਹੁੰਚ ਗਏ।


hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com