ਵਿਸ਼ਵੀਕਰਨ ਦੇ ਇਸ ਯੁੱਗ ਵਿਚ ਅੰਗਰੇਜ਼ੀ ਨੇ ਦੁਨੀਆਂ ਦੀਆਂ ਦੂਸਰੀਆਂ ਬੋਲੀਆਂ
ਦੇ ਮੁਕਾਬਲੇ ਇਕ ਗ਼ਾਲਬ ਬੋਲੀ ਦਾ ਰੁਤਬਾ ਹਾਸਲ ਕਰ ਲਿਆ ਹੈ। ਅੰਗਰੇਜ਼ੀ ਨੂੰ
ਵਿਗਿਆਨ, ਤਕਨੌਲੋਜੀ, ਵਪਾਰ, ਤਰੱਕੀ, ਵਿਕਾਸ ਅਤੇ ਇਸ ਤਰ੍ਹਾਂ ਦੇ ਹੋਰ ਖੇਤਰਾਂ
ਦੀ ਭਾਸ਼ਾ ਮੰਨਿਆ ਜਾ ਰਿਹਾ ਹੈ। ਇਸ ਤੋਂ ਵੀ ਅਗਾਂਹ ਇਹ ਦਾਅਵਾ ਕੀਤਾ ਜਾ ਰਿਹਾ
ਹੈ ਕਿ ਦੁਨੀਆਂ ਬਾਰੇ ਤਾਜ਼ਾ ਅਤੇ ਨਵੀਂ ਜਾਣਕਾਰੀ ਪ੍ਰਾਪਤ ਕਰਨ ਲਈ ਇਕ ਵਿਅਕਤੀ
ਨੂੰ ਅੰਗਰੇਜ਼ੀ ਦਾ ਆਉਣਾ ਜ਼ਰੂਰੀ ਹੈ। ਇਸ ਲੇਖ ਦਾ ਮਕਸਦ ਦੁਨੀਆਂ ਵਿਚ ਅੰਗਰੇਜ਼ੀ
ਦੀ ਸਰਦਾਰੀ ਨੂੰ ਆਲੋਚਨਾਤਮਕ ਨਜ਼ਰੀਏ ਨਾਲ ਦੇਖਣਾ ਹੈ ਅਤੇ ਇਹ ਵੀ ਦੇਖਣਾ ਹੈ ਕਿ
ਕੀ ਅੰਗਰੇਜ਼ੀ ਸੱਚਮੁੱਚ ਹੀ ਉਹ ਰੋਲ ਨਿਭਾ ਰਹੀ ਹੈ, ਜਿਸਦਾ ਇਸਦੇ ਸੰਬੰਧ ਵਿਚ
ਦਾਅਵਾ ਕੀਤਾ ਜਾ ਰਿਹਾ ਹੈ। ਇਸ ਲੇਖ ਵਿਚ ਇਹ ਵੀ ਦਰਸਾਇਆ ਜਾਵੇਗਾ ਕਿ ਆਰਥਿਕ,
ਸਿਆਸੀ ਅਤੇ ਸਭਿਆਚਾਰਕ ਖੇਤਰਾਂ ਵਿਚ ਅੰਗਰੇਜ਼ੀ ਬੋਲਦੇ ਪੱਛਮੀ ਦੇਸ਼ਾਂ ਦਾ
ਦੁਨੀਆਂ ਦੇ ਦੂਸਰੇ ਦੇਸ਼ਾਂ ਉੱਪਰ ਗ਼ਲਬਾ ਸਥਾਪਤ ਕਰਨ ਵਿਚ ਅੰਗਰੇਜ਼ੀ ਕਿਸ
ਤਰ੍ਹਾਂ ਮਦਦ ਕਰ ਰਹੀ ਹੈ। ਅੰਗਰੇਜ਼ੀ, ਅੰਗਰੇਜ਼ੀ ਬੋਲਦੇ ਪੱਛਮੀ ਦੇਸ਼ਾਂ ਦੇ
ਗਿਆਨ ਅਤੇ ਵਿਚਾਰਧਾਰਾ ਨੂੰ ਕੇਂਦਰ ਵਿਚ ਸਥਾਪਤ ਕਰ ਰਹੀ ਹੈ ਅਤੇ ਦੂਸਰੇ ਸਮਾਜਾਂ
ਦੀਆਂ ਭਾਸ਼ਾਵਾਂ, ਸਭਿਆਚਾਰਾਂ ਅਤੇ ਗਿਆਨਾਂ ਨੂੰ ਹਾਸ਼ੀਏ ਵੱਲ ਧੱਕ ਰਹੀ ਹੈ।
ਅੰਗਰੇਜ਼ੀ ਗੈਰ-ਅੰਗਰੇਜ਼ੀ ਸਮਾਜਾਂ ਨੂੰ ਪੱਛਮੀ ਗਿਆਨ, ਸਾਇੰਸ ਅਤੇ ਤਕਨੌਲੋਜੀ
ਉੱਪਰ ਨਿਰਭਰ ਬਣਾ ਰਹੀ ਹੈ। ਇਹਨਾਂ ਧਾਰਨਾਵਾਂ ਬਾਰੇ ਵਿਚਾਰ ਵਟਾਂਦਰਾਂ ਕਰਨ ਲਈ
ਅਸੀਂ ਦੋ ਪ੍ਰਮੁੱਖ ਸਵਾਲਾਂ ਉੱਤੇ ਗੌਰ ਕਰਾਂਗੇ -
1. ਅੰਗਰੇਜ਼ੀ ਦੁਨੀਆਂ ਦੀ ਗ਼ਾਲਬ ਭਾਸ਼ਾ ਕਿਵੇਂ ਬਣੀ?
2. ਅਜੋਕੀ ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ ਕਿਸ ਤਰ੍ਹਾਂ ਦਾ ਰੋਲ ਅਦਾ ਕਰ
ਰਿਹਾ ਹੈ?
ਅੰਗਰੇਜ਼ੀ ਦੁਨੀਆਂ ਦੀ ਗ਼ਾਲਬ ਭਾਸ਼ਾ ਕਿਵੇਂ ਬਣੀ?
ਕੋਈ ਵੀ ਭਾਸ਼ਾ ਇਸ ਕਰਕੇ ਗ਼ਾਲਬ ਭਾਸ਼ਾ ਨਹੀਂ ਬਣਦੀ ਕਿਉਂਕਿ ਉਹ ਖੂਬਸੂਰਤ ਹੈ
ਜਾਂ ਉਸ ਵਿਚ ਪ੍ਰਗਟਾਵੇ ਦੀ ਵੱਧ ਯੋਗਤਾ ਹੈ। ਨਾ ਹੀ ਕੋਈ ਭਾਸ਼ਾ ਇਸ ਕਰਕੇ ਗ਼ਾਲਬ
ਭਾਸ਼ਾ ਬਣਦੀ ਹੈ ਕਿਉਂਕਿ ਉਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਜਿ਼ਆਦਾ ਹੈ। ਬਲਕਿ
ਇਕ ਭਾਸ਼ਾ ਇਸ ਕਰਕੇ ਗ਼ਾਲਬ ਭਾਸ਼ਾ ਬਣਦੀ ਹੈ ਕਿਉਂਕਿ ਉਸਨੂੰ ਬੋਲਣ ਵਾਲਿਆਂ ਕੋਲ
ਤਾਕਤ (ਫੌਜੀ, ਆਰਥਿਕ, ਸਿਆਸੀ ਅਤੇ ਸਭਿਆਚਾਰਕ) ਹੁੰਦੀ ਹੈ। ਇਸ ਖੇਤਰ ਵਿਚ ਕੰਮ
ਕਰਦੇ ਇਕ ਵਿਦਵਾਨ ਡੇਵਿਡ ਕਰਿਸਟਲ ਦੇ ਸ਼ਬਦਾਂ ਵਿਚ:
ਕੋਈ ਵੀ ਭਾਸ਼ਾ ਆਪਣੇ ਅੰਤਰੀਵੀ ਗੁਣਾਂ ਕਰਕੇ ਜਾਂ ਵੱਡੇ ਸ਼ਬਦ ਭੰਡਾਰ
ਕਰਕੇ ਵਿਸ਼ਵ ਭਾਸ਼ਾ ਨਹੀਂ ਬਣਦੀ ਜਾਂ ਇਸ ਕਰਕੇ ਵਿਸ਼ਵ ਭਾਸ਼ਾ ਨਹੀਂ ਬਣਦੀ
ਕਿਉਂਕਿ ਭੂਤ ਕਾਲ ਵਿਚ ਇਸ ਵਿਚ ਮਹਾਨ ਸਾਹਿਤ ਲਿਖਿਆ ਗਿਆ ਸੀ ਜਾਂ ਇਹ ਕਦੇ ਮਹਾਨ
ਸਭਿਆਚਾਰ ਜਾਂ ਧਰਮ ਨਾਲ ਸੰਬੰਧਤ ਰਹੀ ਸੀ। ਇਹ ਜ਼ਰੂਰ ਹੈ ਕਿ ਇਹ ਸਾਰੀਆਂ ਗੱਲਾਂ
ਕਿਸੇ ਇਕ ਵਿਅਕਤੀ ਨੂੰ ਅਜਿਹੀ ਭਾਸ਼ਾ ਸਿੱਖਣ ਲਈ ਪ੍ਰੇਰ ਸਕਦੀਆਂ ਹਨ ਪਰ ਇਹਨਾਂ
ਵਿਚੋਂ ਕੋਈ ਵੀ ਇਕ ਕਾਰਨ ਜਾਂ ਇਹ ਸਾਰੇ ਕਾਰਨ ਮਿਲਕੇ ਭਾਸ਼ਾ ਦਾ ਸੰਸਾਰ ਪੱਧਰ
ਉੱਪਰ ਪਸਾਰ ਯਕੀਨੀ ਨਹੀਂ ਬਣਾ ਸਕਦੇ। ਅਸਲ ਵਿਚ ਅਜਿਹੇ ਕਾਰਨ ਭਾਸ਼ਾ ਦਾ ਇਕ ਜੀਵਤ
ਭਾਸ਼ਾ ਦੇ ਤੌਰ ਕਾਇਮ ਰਹਿਣਾ ਵੀ ਯਕੀਨੀ ਨਹੀਂ ਬਣਾ ਸਕਦੇ...
ਇਕ ਭਾਸ਼ਾ, ਜਿਸ ਪ੍ਰਮੁੱਖ ਕਾਰਨ ਕਰਕੇ ਅੰਤਰਰਾਸ਼ਟਰੀ ਭਾਸ਼ਾ ਬਣਦੀ ਹੈ, ਉਹ
ਹੈ: ਇਸ ਨੂੰ ਬੋਲਣ ਵਾਲੇ ਲੋਕਾਂ ਦੀ ਸਿਆਸੀ ਤਾਕਤ - ਖਾਸ ਕਰਕੇ ਫੌਜੀ ਤਾਕਤ...
ਪਰ ਅੰਤਰਰਾਸ਼ਟਰੀ ਭਾਸ਼ਾ ਦਾ ਗ਼ਲਬਾ ਸਿਰਫ ਫੌਜੀ ਜ਼ੋਰ ਦੇ ਨਤੀਜੇ ਵਜੋਂ ਹੀ
ਨਹੀਂ ਹੁੰਦਾ। ਇਕ ਫੌਜੀ ਤੌਰ ਉੱਤੇ ਤੱਕੜੀ ਕੌਮ ਕਿਸੇ ਭਾਸ਼ਾ ਨੂੰ ਸਥਾਪਤ ਤਾਂ ਕਰ
ਸਕਦੀ ਹੈ, ਪਰ ਇਸ ਨੂੰ ਕਾਇਮ ਰੱਖਣ ਅਤੇ ਇਸਦਾ ਪਸਾਰ ਕਰਨ ਲਈ ਆਰਥਿਕ ਤੌਰ ਉੱਤੇ
ਮਜ਼ਬੂਤ ਕੌਮ ਦੀ ਲੋੜ ਹੈ। [7-8]
ਡੇਵਿਡ ਕਰਿਸਟਲ ਦੀ ਟਿੱਪਣੀ ਦੁਨੀਆਂ ਭਰ ਵਿਚ ਅੰਗਰੇਜ਼ੀ ਦੇ ਪਸਾਰ ਦੀ ਮੁਕੰਮਲ
ਤੌਰ ਉੱਤੇ ਵਿਆਖਿਆ ਕਰਦੀ ਹੈ। ਦੁਨੀਆਂ ਦੇ ਇਕ ਵੱਡੇ ਹਿੱਸੇ ਉੱਪਰ ਬਰਤਾਨੀਆ ਦੀ
ਬਸਤੀਵਾਦੀ ਜਿੱਤ ਨੇ ਬਰਤਾਨਵੀ ਸਾਮਰਾਜ ਦੇ ਇਲਾਕਿਆਂ ਵਿਚ ਅੰਗਰੇਜ਼ੀ ਦੀ ਸਥਾਪਨਾ
ਵਿਚ ਇਕ ਵੱਡਾ ਰੋਲ ਨਿਭਾਇਆ। ਬਸਤੀਵਾਦੀ ਦੌਰ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ
- ਜੋ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਅੰਗਰੇਜ਼ੀ ਬੋਲਣ ਵਾਲੀ ਇਕ
ਨਵ-ਬਸਤੀਵਾਦੀ ਤਾਕਤ ਬਣ ਕੇ ਉਭਰਿਆ - ਵਲੋਂ
ਅੰਗਰੇਜ਼ੀ ਦੇ ਪਸਾਰ ਲਈ ਕੀਤੇ ਗਏ ਲਗਾਤਾਰ ਯਤਨਾਂ ਨੇ ਦੁਨੀਆਂ ਭਰ ਵਿਚ ਅੰਗਰੇਜ਼ੀ
ਦੇ ਗ਼ਲਬੇ ਨੂੰ ਕਾਇਮ ਰੱਖਣ ਵਿਚ ਸਹਾਇਤਾ ਕੀਤੀ ਹੈ
(Phillipson,
92: 7)। ਆਉ ਬਸਤੀਵਾਦੀ ਅਤੇ ਉੱਤਰ ਬਸਤੀਵਾਦੀ ਦੌਰ ਵਿਚ ਅੰਗਰੇਜ਼ੀ ਦੇ
ਪਸਾਰ ਉੱਪਰ ਵਿਸਥਾਰ ਪੂਰਬਕ ਨਜ਼ਰ ਮਾਰੀਏ।
ਬਸਤੀਵਾਦ ਅਤੇ ਅੰਗਰੇਜ਼ੀ ਭਾਸ਼ਾ
ਬਰਤਾਨਵੀ ਸਾਮਰਾਜੀਆਂ ਨੇ ਆਪਣੇ ਅਧੀਨ ਆਉਂਦੇ ਇਲਾਕਿਆਂ ਵਿਚ ਅਜਿਹੀਆਂ ਵਿਦਿਅਕ
ਨੀਤੀਆਂ ਬਣਾਈਆਂ ਜੋ ਉਹਨਾਂ ਦੇ ਹਿਤ ਪੂਰਦੀਆਂ ਸਨ। ਬਸਤੀਆਂ ਵਿਚ ਵਿਦਿਆ ਦਾ ਇਕ
ਮਕਸਦ ਬਸਤੀਆਂ ਦੇ ਲੋਕਾਂ ਵਿਚੋਂ ਪੜ੍ਹੇ ਲਿਖੇ ਲੋਕਾਂ ਦੀ ਇਕ ਅਜਿਹੀਆਂ ਜਮਾਤ
ਪੈਦਾ ਕਰਨਾ ਸੀ ਜੋ ਬਸਤੀਵਾਦੀਆਂ ਅਤੇ ਬਸਤੀਆਂ ਦੇ ਲੋਕਾਂ ਵਿਚਕਾਰ ਵਿਚੋਲਿਆਂ ਦਾ
ਕੰਮ ਕਰ ਸਕਣ। ਸੰਨ 1835 ਵਿਚ ਲਾਰਡ ਮੈਕਾਲੇ ਪਬਲਿਕ ਇਨਸਟਰਕਸ਼ਨ ਬਾਰੇ ਗਵਰਨਰ
ਜਨਰਲ ਦੀ ਕਮੇਟੀ ਦਾ ਚੇਅਰਮੇਨ ਸੀ। ਉਸ ਸਮੇਂ ਹਿੰਦੁਸਤਾਨ ਵਿਚ ਅੰਗਰੇਜ਼ੀ ਨੂੰ
ਵਿਦਿਆ ਦੇ ਮਾਧਿਅਮ ਵਜੋਂ ਵਰਤਣ ਦੇ ਹੱਕ ਵਿਚ ਦਲੀਲ ਦਿੰਦਿਆਂ ਉਸ ਨੇ ਕਿਹਾ:
ਆਪਣੇ ਸੀਮਤ ਵਸੀਲਿਆਂ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਸਿਖਿਅਤ ਕਰਨਾ
ਸਾਡੇ ਲਈ ਮੁਸ਼ਕਿਲ ਹੈ। ਇਸ ਸਮੇਂ ਸਾਨੂੰ ਇਕ ਅਜਿਹੀ ਜਮਾਤ ਪੈਦਾ ਕਰਨ ਦੇ ਯਤਨ
ਕਰਨੇ ਚਾਹੀਦੇ ਹਨ, ਜੋ ਸਾਡੇ ਅਤੇ ਸਾਡੇ ਸ਼ਾਸਨ ਅਧੀਨ ਆਉਂਦੇ ਕਰੋੜਾਂ ਲੋਕਾਂ
ਵਿਚਕਾਰ ਦੁਭਾਸ਼ੀਏ ਦਾ ਰੋਲ ਅਦਾ ਕਰ ਸਕੇ - ਅਜਿਹੇ ਲੋਕਾਂ ਦੀ ਜਮਾਤ ਜੋ ਰੰਗ ਅਤੇ
ਨਸਲ ਦੇ ਆਧਾਰ ਉੱਤੇ ਹਿੰਦੁਸਤਾਨੀ ਹੋਣ ਪਰ ਸੁਆਦਾਂ, ਵਿਚਾਰਾਂ, ਨੈਤਿਕ ਕਦਰਾਂ
ਕੀਮਤਾਂ ਅਤੇ ਬੌਧਿਕ ਪੱਖੋਂ ਅੰਗਰੇਜ਼
(quoted in Pennycook: 78)।
ਮੈਕਾਲੇ ਦੇ ਵਿਚਾਰਾਂ ਦੇ ਆਧਾਰ ਉੱਤੇ ਬਸਤੀਵਾਦੀ ਸਰਕਾਰ ਨੇ ਕਈ ਅਜਿਹੇ ਕਦਮ
ਚੁੱਕੇ ਜਿਹਨਾਂ ਨਾਲ ਹਿੰਦੁਸਤਾਨ ਵਿਚ ਅੰਗਰੇਜ਼ੀ ਦੇ ਹੱਥ ਮਜ਼ਬੂਤ ਹੋਏ। ਨੰਬਰ
ਇਕ, ਪ੍ਰਸ਼ਾਸਨ ਨੇ ਹਿੰਦੁਸਤਾਨ ਵਿਚ ਯੂਰਪੀ ਸਾਹਿਤ ਅਤੇ ਸਾਇੰਸ ਨੂੰ ਉਤਸ਼ਾਹਿਤ
ਕਰਨ ਦਾ ਫੈਸਲਾ ਕੀਤਾ। ਨੰਬਰ ਦੋ, ਪ੍ਰਸ਼ਾਸਨ ਨੇ ਵਿਦਿਆ ਲਈ ਰਾਖਵੀਂ ਸਾਰੀ ਰਕਮ
ਅੰਗਰੇਜ਼ੀ ਵਿਦਿਆ ਉੱਤੇ ਲਾਉਣ ਦਾ ਫੈਸਲਾ ਕੀਤਾ । ਸੰਨ 1837 ਵਿਚ ਬਸਤੀਵਾਦੀ
ਸਰਕਾਰ ਨੇ ਫਾਰਸੀ ਦੀ ਥਾਂ ਅੰਗਰੇਜ਼ੀ ਨੂੰ ਅਦਾਲਤੀ ਭਾਸ਼ਾ ਬਣਾ ਦਿੱਤਾ।
(Phillipson) ਇਹਨਾਂ ਨੀਤੀਆਂ ਨੇ ਅੰਗਰੇਜ਼ੀ ਨੂੰ ਚੰਗੀ ਤਰ੍ਹਾਂ
ਹਿੰਦੁਸਤਾਨ ਵਿਚ ਸਥਾਪਤ ਕੀਤਾ ਅਤੇ "ਅੰਗਰੇਜ਼ੀ ਵਿਦਿਆ, ਪ੍ਰਸ਼ਾਸਨ, ਵਣਜ ਅਤੇ
ਵਪਾਰ ਦੀ ਇਕੋ ਇਕ ਭਾਸ਼ਾ ਬਣ ਗਈ, ਸੰਖੇਪ ਵਿਚ ਸਮਾਜ ਦੇ ਸਾਰੇ ਰਸਮੀ ਖੇਤਰਾਂ ਦੇ
ਕੰਮ ਕਾਜ ਦੀ ਭਾਸ਼ਾ ਬਣ ਗਈ" (Misra, quoted in Phillipson: 111) ।
ਮੈਕਾਲੇ ਵਲੋਂ ਹਿੰਦੁਸਤਾਨ ਵਿਚ ਅੰਗਰੇਜ਼ੀ ਨੂੰ ਵਿਦਿਆ ਦਾ ਮਾਧਿਅਮ ਬਣਾਉਣ ਦੀ
ਦਲੀਲ ਦੇਣ ਪਿੱਛੇ ਸਿਰਫ ਇਹ ਹੀ ਕਾਰਨ ਨਹੀਂ ਸੀ ਕਿ ਉਹ ਰਾਜ ਲਈ ਵਿਚੋਲੇ ਪੈਦਾ
ਕਰਨਾ ਚਾਹੁੰਦਾ ਸੀ, ਬਲਕਿ ਮੈਕਾਲੇ ਨੂੰ ਹਿੰਦੁਸਤਾਨ ਦੇ ਦੇਸੀ ਗਿਆਨ ਅਤੇ ਸਾਹਿਤ
ਨਾਲ ਅੰਤਾਂ ਦੀ ਨਫਰਤ ਸੀ। ਉਸ ਦਾ ਕਹਿਣਾ ਸੀ ਕਿ "ਯੂਰਪ ਦੀ ਇਕ ਚੰਗੀ ਲਾਇਬ੍ਰੇਰੀ
ਦੀ ਇਕ ਸ਼ੈਲਫ ਹਿੰਦੁਸਤਾਨ ਅਤੇ ਅਰਬ ਦੇ ਸਮੁੱਚੇ ਦੇਸੀ ਸਾਹਿਤ ਦੇ ਬਰਾਬਰ ਹੈ ਅਤੇ
ਸੰਸਕ੍ਰਿਤ ਵਿਚ ਲਿਖੀਆਂ ਸਾਰੀਆਂ ਕਿਤਾਬਾਂ ਤੋਂ ਮਿਲਦੀ ਇਤਿਹਾਸਕ ਜਾਣਕਾਰੀ ਦੀ
ਕੀਮਤ ਇੰਗਲੈਂਡ ਦੇ ਪ੍ਰੈਪਰੇਟਰੀ ਸਕੂਲਾਂ ਵਿਚ ਵਰਤੇ ਜਾਂਦੇ ਖੁਲਾਸਿਆਂ ਵਿਚ
ਮਿਲਦੀ ਜਾਣਕਾਰੀ ਤੋਂ ਘੱਟ ਹੈ।" (Pennycook: 79) ਇਹਨਾਂ ਟਿੱਪਣੀਆਂ ਦੇ
ਮੱਦੇਨਜ਼ਰ ਅਸੀਂ ਸੌਖਿਆਂ ਹੀ ਕਹਿ ਸਕਦੇ ਹਾਂ ਕਿ ਹਿੰਦੁਸਤਾਨੀ ਲੋਕਾਂ ਨੂੰ
ਅੰਗਰੇਜ਼ੀ ਵਿਚ ਵਿਦਿਆ ਦੇਣ ਨੂੰ ਮੈਕਾਲੇ ਆਪਣਾ ਇਕ ਬਹੁਤ ਵੱਡਾ ਫਰਜ਼ ਸਮਝਦਾ
ਹੋਵੇਗਾ।
ਮੈਕਾਲੇ ਵਲੋਂ ਹਿੰਦੁਸਤਾਨ ਵਿਚ ਅੰਗਰੇਜ਼ੀ ਮਾਧਿਅਮ ਵਿਚ ਵਿਦਿਆ ਦੇਣ ਦੀ ਚਲਾਈ
ਨੀਤੀ ਹਿੰਦੁਸਤਾਨ ਵਿਚ ਕੁੱਝ ਸਮਾਂ ਜਾਰੀ ਰਹੀ। ਉੱਨੀਵੀਂ ਸਦੀ ਦੇ ਅਖੀਰ ਉੱਤੇ ਇਹ
ਨੀਤੀ "ਬੋਲੀਆਂ ਦੀ ਦਰਜਾਬੰਦੀ" ਉੱਪਰ ਆਧਾਰਿਤ ਨੀਤੀ ਵਿਚ ਬਦਲ ਗਈ। ਇਸ ਨੀਤੀ
ਅਨੁਸਾਰ ਹੇਠਲੇ ਪੱਧਰ ਉੱਪਰ ਸਥਾਨਕ ਬੋਲੀਆਂ ਵਿਦਿਆ ਦਾ ਮਾਧਿਅਮ ਬਣ ਗਈਆਂ ਪਰ
ਉਪਰਲੇ ਪੱਧਰ ਉੱਪਰ ਅੰਗਰੇਜ਼ੀ ਵਿਦਿਆ ਦਾ ਮਾਧਿਅਮ ਬਣੀ ਰਹੀ। ਹਿੰਦੁਸਤਾਨੀ
ਵਿਦਵਾਨ ਖੂਬਚੰਦਾਨੀ ਦਾ ਹਵਾਲਾ ਦੇ ਕੇ ਫਿਲਪਸਨ ਲਿਖਦਾ ਹੈ, "ਅਸਿੱਧੇ ਰਾਜ" ਦੀ
ਬਰਤਾਨਵੀ ਨੀਤੀ ਦੀ ਕਾਮਯਾਬੀ ਇਸ ਗੱਲ ਵਿਚ ਸੀ ਕਿ ਵਸਿ਼ਸ਼ਟ ਵਰਗ ਨੂੰ ਸਿਰਫ
ਅੰਗਰੇਜ਼ੀ ਮਾਧਿਅਮ ਵਿਚ ਸਿਖਿਅਤ ਕੀਤਾ ਜਾਵੇ ਅਤੇ ਦੂਸਰੇ ਲੋਕਾਂ ਨੂੰ ਮੁਢਲੀ
ਸਿੱਖਿਆ ਸਥਾਨਕ ਬੋਲੀ ਵਿਚ ਦਿੱਤੀ ਜਾਵੇ ਅਤੇ ਉਹਨਾਂ ਵਿਚ ਜਿਹੜੇ ਥੋੜ੍ਹੇ ਜਿਹੇ
ਲੋਕ ਸੈਕੰਡਰੀ ਪੱਧਰ ਤੇ ਪੜ੍ਹਾਈ ਜਾਰੀ ਰੱਖਣ, ਉਹਨਾਂ ਦਾ ਮਾਧਿਅਮ ਅੰਗਰੇਜ਼ੀ ਵਿਚ
ਤਬਦੀਲ ਕਰ ਦਿੱਤਾ ਜਾਵੇ"(112)।
ਬਰਤਾਨੀਆ
ਦੀਆਂ ਅਫਰੀਕੀ ਬਸਤੀਆਂ ਵਿਚ ਵੀ ਹਾਲਾਤ ਹਿੰਦੁਸਤਾਨ ਵਰਗੇ ਸਨ। ਮੁਢਲੇ ਸਾਲਾਂ
ਦੌਰਾਨ ਵਿਦਿਆ ਸਥਾਨਕ ਬੋਲੀਆਂ ਵਿਚ ਦਿੱਤੀ ਜਾਂਦੀ ਸੀ। ਜਦੋਂ ਵਿਦਿਆਰਥੀ ਸੈਕੰਡਰੀ
ਅਤੇ ਉੱਚ ਵਿਦਿਆ ਪੜ੍ਹਦਾ ਸੀ ਤਾਂ ਉਸ ਦਾ ਮਾਧਿਅਮ ਅੰਗਰੇਜ਼ੀ ਹੋ ਜਾਂਦਾ ਸੀ।
ਅਫਰੀਕਾ ਵਿਚ ਵਿਦਿਆ ਦੀਆਂ ਨੀਤੀਆਂ ਬਣਾਉਣ ਵਾਲਿਆਂ ਦੀ ਸੋਚ ਸੀ ਕਿ ਇਸ ਤੋਂ
ਬਿਨਾਂ ਕੋਈ ਚਾਰਾ ਨਹੀਂ ਹੈ। ਉਹਨਾਂ ਦੇ ਮਨਾਂ ਵਿਚ ਅਫਰੀਕੀ ਸਭਿਆਚਾਰ ਅਤੇ ਗਿਆਨ
ਦਾ ਕੋਈ ਆਦਰ ਨਹੀਂ ਸੀ। ਸੰਨ 1873 ਵਿਚ ਪੱਛਮੀ ਅਫਰੀਕਾ ਦਾ ਵਿਦਿਅਕ ਇਨਸਪੈਕਟਰ
ਰੈਵਰੈਂਡ ਮੈਟਕਾਫ ਸੰਟਰ ਮਹਿਸੂਸ ਕਰਦਾ ਸੀ ਕਿ "ਅਫਰੀਕੀ ਲੋਕਾਂ ਦਾ ਆਪਣਾ ਕੋਈ
ਇਤਿਹਾਸ ਨਹੀਂ ਹੈ" ਅਤੇ ਉਹ ਸਥਾਨਕ ਬੋਲੀਆਂ ਵਿਚ ਵਿਦਿਆ ਦੇਣ ਦਾ ਸਖਤ ਵਿਰੋਧੀ
ਸੀ। (Phillipson, 116)
ਅਫਰੀਕਾ ਦੇ ਕਈ ਹਿੱਸਿਆਂ ਵਿਚ ਰਾਸ਼ਟਰਵਾਦੀਆਂ ਵਲੋਂ ਸਕੂਲ ਚਲਾਏ ਜਾਂਦੇ ਸਨ,
ਜਿਹਨਾਂ ਵਿਚ ਵਿਦਿਆ ਸਥਾਨਕ ਬੋਲੀਆਂ ਵਿਚ ਦਿੱਤੀ ਜਾਂਦੀ ਸੀ। ਕੁੱਝ ਕੁ ਕੇਸਾਂ
ਵਿਚ ਬਸਤੀਵਾਦੀ ਅਥਾਰਟੀਆਂ ਨੇ ਇਹਨਾਂ ਸਕੂਲਾਂ ਨੂੰ ਆਪਣੇ ਅਧੀਨ ਲੈ ਕੇ ਅੰਗਰੇਜ਼ੀ
ਨੂੰ ਵਿਦਿਆ ਦੇ ਮਾਧਿਅਮ ਦੇ ਤੌਰ ਉੱਤੇ ਠੋਸ ਦਿੱਤਾ। ਕੀਨੀਆ ਦਾ ਲੇਖਕ ਗੂਗੀ ਵਾ
ਥਿਔਂਗੋ, ਪ੍ਰਾਇਮਰੀ ਸਕੂਲ ਦੇ ਆਪਣੇ ਅਨੁਭਵ ਬਾਰੇ ਇਸ ਤਰ੍ਹਾਂ ਲਿਖਦਾ ਹੈ:
ਕੀਨੀਆ ਵਿਚ 1952 ਵਿਚ ਐਮਰਜੰਸੀ ਹਾਲਤਾਂ ਦਾ ਐਲਾਨ ਕਰਕੇ ਦੇਸ਼ਭਗਤ
ਰਾਸ਼ਟਰਵਾਦੀਆਂ ਵਲੋਂ ਚਲਾਏ ਜਾਂਦੇ ਸਾਰੇ ਸਕੂਲਾਂ ਨੂੰ ਬਸਤੀਵਾਦੀ ਹਾਕਮਾਂ ਨੇ
ਆਪਣੇ ਅਧੀਨ ਕਰ ਲਿਆ ਅਤੇ ਉਹਨਾਂ ਨੂੰ ਅੰਗਰੇਜ਼ਾਂ ਦੀ ਪ੍ਰਧਾਨਗੀ ਹੇਠ ਚਲਦੇ
ਡਿਸਟ੍ਰਿਕਟ ਐਜੂਕੇਸੰਨ ਬੋਰਡ ਅਧੀਨ ਕਰ ਦਿੱਤਾ। ਅੰਗਰੇਜ਼ੀ ਮੇਰੀ ਰਸਮੀ ਵਿਦਿਆ ਦੀ
ਭਾਸ਼ਾ ਬਣ ਗਈ। ਕੀਨੀਆ ਵਿਚ ਅੰਗਰੇਜ਼ੀ ਇਕ ਭਾਸ਼ਾ ਤੋਂ ਕਿਤੇ ਵੱਧ ਬਣ ਗਈ: ਇਹ
ਅਜਿਹੀ ਭਾਸ਼ਾ ਬਣ ਗਈ, ਜਿਸ ਅੱਗੇ ਬਾਕੀ ਸਾਰੀਆਂ (ਭਾਸ਼ਾਵਾਂ) ਨੂੰ ਸਤਿਕਾਰ ਨਾਲ
ਸਿਰ ਝੁਕਾਉਣਾ ਪੈਂਦਾ ਸੀ (114)।
ਸਮੁੱਚੇ ਰੂਪ ਵਿਚ ਬਸਤੀਵਾਦੀ ਵਿਦਿਅਕ ਪ੍ਰਬੰਧ ਇਸ ਢੰਗ ਨਾਲ ਤਿਆਰ ਕੀਤਾ ਗਿਆ
ਸੀ ਕਿ ਢਾਂਚਾਗਤ ਪੱਧਰ ਉੱਪਰ ਸਕੂਲ ਸਿਸਟਮ ਵਿਚ ਅੰਗਰੇਜ਼ੀ ਨੂੰ ਫਾਇਦਾ ਪਹੁੰਚਦਾ
ਸੀ। ਵਿਦਿਆ ਦੇ ਬੱਜਟ ਦਾ ਵੱਡਾ ਹਿੱਸਾ ਅੰਗਰੇਜ਼ੀ ਪੜਾਉਣ ਉੱਪਰ ਲਾਇਆ ਜਾਂਦਾ ਸੀ।
ਇਸਦੇ ਨਾਲ ਹੀ ਪਾਠਕ੍ਰਮ ਦੇ ਸੰਬੰਧ ਵਿਚ ਮਿਡਲ, ਸੈਕੰਡਰੀ ਅਤੇ ਉੱਚ ਵਿਦਿਆ ਦੇ
ਪੱਧਰ ਉੱਤੇ ਅੰਗਰੇਜ਼ੀ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ। ਉਦਾਹਰਨ ਲਈ, ਅਗਲੀ
ਜਮਾਤ ਵਿਚ ਚੜ੍ਹਨ ਲਈ ਵਿਦਿਆਰਥੀ ਲਈ ਅੰਗਰੇਜ਼ੀ ਵਿਸ਼ੇ ਵਿਚੋਂ ਪਾਸ ਹੋਣਾ ਜ਼ਰੂਰੀ
ਸੀ। ਬੇਸ਼ੱਕ ਕਿਸੇ ਵਿਦਿਆਰਥੀ ਨੇ ਦੂਸਰੇ ਵਿਸਿ਼ਆਂ ਵਿਚ ਚੰਗੇ ਨੰਬਰ ਲਏ ਹੋਣ, ਪਰ
ਜੇ ਉਹ ਅੰਗਰੇਜ਼ੀ ਵਿਚੋਂ ਫੇਲ ਹੋ ਜਾਵੇ ਤਾਂ ਉਸਨੂੰ ਫੇਲ ਮੰਨਿਆ ਜਾਂਦਾ ਸੀ।
ਗੂਗੀ ਵਾ ਥਿਔਂਗੋ ਕੀਨੀਆ ਵਿਚ ਅਜਿਹੇ ਵਰਤਾਰੇ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ,
ਮੇਰੇ ਸਮੇਂ ਦੌਰਾਨ, ਪ੍ਰਾਇਮਰੀ ਤੋਂ ਸੈਕੰਡਰੀ ਵਿਚ ਜਾਣ ਦੀ ਚੋਣ ਇਕ
ਇਮਤਿਹਾਨ ਰਾਹੀਂ ਹੁੰਦੀ ਸੀ, ਜਿਸ ਨੂੰ ਕੀਨੀਆ ਅਫਰੀਕਨ ਪ੍ਰੀਲੈਮੀਨਰੀ
ਐਗਜ਼ਾਮੇਨੇਸੰਨ ਕਿਹਾ ਜਾਂਦਾ ਸੀ। ਇਸ ਇਮਤਿਹਾਨ ਵਿਚ ਇਕ ਜਣੇ ਨੂੰ ਕੁਦਰਤੀ
ਪੜ੍ਹਾਈ ਤੋਂ ਲੈ ਕੇ ਸਵਾਹਲੀ (ਸਥਾਨਕ ਬੋਲੀ) ਤੱਕ ਛੇ ਵਿਸ਼ੇ ਪਾਸ ਕਰਨੇ ਪੈਂਦੇ
ਸਨ। ਸਾਰੇ ਪੇਪਰ ਅੰਗਰੇਜ਼ੀ ਵਿਚ ਲਿਖੇ ਹੁੰਦੇ ਸਨ। ਕੋਈ ਵੀ ਵਿਅਕਤੀ ਇਸ ਇਮਤਿਹਾਨ
ਵਿਚੋਂ ਪਾਸ ਨਹੀਂ ਸੀ ਹੁੰਦਾ, ਜੇ ਉਹ ਅੰਗਰੇਜ਼ੀ ਦੇ ਪੇਪਰ ਵਿਚੋਂ ਫੇਲ ਹੋ ਜਾਵੇ।
ਦੂਸਰੇ ਵਿਸਿ਼ਆਂ ਵਿਚੋਂ ਉਸਦੇ ਬਹੁਤ ਚੰਗੇ ਨਤੀਜੇ ਆਏ ਹੋਣ ਨਾਲ ਵੀ ਕੋਈ ਫਰਕ
ਨਹੀਂ ਸੀ ਪੈਂਦਾ (115)।
ਇਸ ਤਰ੍ਹਾਂ ਬਰਤਾਨਵੀ ਸਾਮਰਾਜ ਦੇ ਅੰਗਰੇਜ਼ੀ ਨਾ ਬੋਲਣ ਵਾਲੇ ਖਿੱਤਿਆਂ ਵਿਚ
ਅੰਗਰੇਜ਼ੀ ਨੂੰ ਇਕ ਗ਼ਲਬੇ ਵਾਲੀ ਬੋਲੀ ਦੇ ਤੌਰ ਉੱਤੇ ਸਥਾਪਤ ਕੀਤਾ ਗਿਆ। ਇਸ ਕੰਮ
ਵਿਚ ਬਰਤਾਨਵੀ ਬਸਤੀਵਾਦੀ ਪ੍ਰਸ਼ਾਸਕਾਂ ਨੂੰ ਬਰਤਾਨੀਆਂ ਵਿਚੋਂ ਪੂਰਾ ਸਮਰਥਨ
ਪ੍ਰਾਪਤ ਸੀ। ਬਰਤਾਨੀਆ ਦੇ ਕਈ ਲੇਖਕ ਮਹਿਸੂਸ ਕਰਦੇ ਸਨ ਕਿ ਅੰਗਰੇਜ਼ੀ ਬੋਲੀ ਇਕ
ਮਹਾਨ ਬੋਲੀ ਹੈ ਅਤੇ ਇਸ ਦਾ ਦੁਨੀਆਂ ਦੇ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ।
ਦੂਸਰਿਆਂ ਦਾ ਵਿਚਾਰ ਸੀ ਕਿ ਅੰਗਰੇਜ਼ੀ ਦੀ ਇਹ ਹੋਣੀ ਹੈ ਕਿ ਉਹ ਦੁਨੀਆਂ ਦੀ ਨੰਬਰ
ਇਕ ਭਾਸ਼ਾ ਬਣੇ। ਧਾਰਮਿਕ ਅਦਾਰਿਆਂ ਨੇ ਵੀ ਅੰਗਰੇਜ਼ੀ ਬੋਲੀ ਨੂੰ ਆਪਣਾ ਸਮਰਥਨ
ਦਿੱਤਾ। ਕਈ ਧਾਰਮਿਕ ਲੋਕਾਂ ਦਾ ਵਿਚਾਰ ਸੀ ਕਿ ਬਰਤਾਨੀਆ ਨੂੰ ਦੁਨੀਆਂ ਦੇ ਦੂਸਰੇ
ਲੋਕਾਂ ਨੂੰ "ਕੁਲੀਨ ਬੋਲੀ" ਸਿਖਾਉਣ ਦੀ ਜਿੰਮੇਵਾਰੀ ਰੱਬ ਦੀ ਇੱਛਾ ਨਾਲ ਦਿੱਤੀ
ਗਈ ਹੈ। ਹਿੰਦੁਸਤਾਨ ਦੇ ਸੰਬੰਧ ਵਿਚ ਧਾਰਮਿਕ ਲੋਕ ਇਹ ਵੀ ਸੋਚਦੇ ਸਨ ਕਿ
,"ਅੰਗਰੇਜ਼ੀ ਬੋਲੀ ਦੀ ਵਰਤੋਂ ਅਤੇ ਸਮਝ ਹਿੰਦੂਆਂ ਨੂੰ ਤਰਕ ਦੇ ਯੋਗ ਬਣਾਏਗੀ ਅਤੇ
ਤਰਕਸ਼ੀਲ ਅਤੇ ਕ੍ਰਿਸਚੀਅਨ ਪ੍ਰਾਣੀਆਂ ਦੇ ਤੌਰ ਉੱਤੇ ਆਪਣੇ ਫਰਜ਼ਾਂ ਬਾਰੇ ਨਵੇਂ
ਅਤੇ ਚੰਗੇਰੇ ਵਿਚਾਰ ਹਾਸਲ ਕਰਨ ਦੇ ਯੋਗ ਬਣਾਏਗੀ"। (Pennycook: 101)
ਅਮਰੀਕੀ ਬਸਤੀਵਾਦੀਆਂ ਨੇ ਆਪਣੀਆਂ ਬਸਤੀਆਂ ਵਿਚ ਵੀ ਅੰਗਰੇਜ਼ੀ ਠੋਸੀ।
ਪੈਨੀਕੁੱਕ ਆਪਣੀ ਕਿਤਾਬ ਵਿਚ ਪਿਉਰਟੋ ਰੀਕੋ, ਫਿਲਪੀਨ ਅਤੇ ਗੁਆਮ ਦੀਆਂ ਉਦਾਹਰਨਾਂ
ਦਿੰਦਾ ਹੈ। ਪਿਉਰਟੋ ਰੀਕੋ ਵਿਚ ਅੰਗਰੇਜ਼ੀ ਨੂੰ ਸਰਕਾਰ, ਵਿਦਿਆ ਅਤੇ ਸਰਕਾਰੀ
ਜੀਵਨ ਦੀ ਭਾਸ਼ਾ ਬਣਾਇਆ ਗਿਆ। ਫਿਲਪੀਨ ਵਿਚ ਅਮਰੀਕੀ ਹਾਕਮ ਦੂਸਰੇ ਲੋਕਾਂ ਨੂੰ
ਦਿਖਾਉਣ ਯੋਗ ਇਕ ਏਸ਼ੀਅਨ ਡੈਮੋਕਰੇਸੀ ਸਥਾਪਤ ਕਰਨਾ ਚਾਹੁੰਦੇ ਸਨ। ਅਜਿਹਾ ਕਰਨ ਲਈ
ਉਹਨਾਂ ਦਾ ਮੁੱਖ ਧਿਆਨ ਸਕੂਲਾਂ, ਅੰਗਰੇਜ਼ੀ ਅਤੇ ਪੜ੍ਹੇ ਲਿਖੇ ਨਾਗਰਿਕ ਉੱਪਰ
ਕੇਂਦਰਿਤ ਸੀ। ਸੰਨ 1898 ਵਿਚ ਦੱਖਣੀ ਸ਼ਾਂਤ ਮਹਾਂਸਾਗਰ ਵਿਚਲਾ ਟਾਪੂ ਗੁਆਮ
ਅਮਰੀਕੀ ਸ਼ਾਸਨ ਅਧੀਨ ਆ ਗਿਆ। ਸੰਨ 1906 ਵਿਚ ਅੰਗਰੇਜ਼ੀ ਨੂੰ ਉੱਥੋਂ ਦੀਆਂ
ਅਦਾਲਤਾਂ ਅਤੇ ਸਰਕਾਰੀ ਕੰਮਕਾਜ ਦੀ ਬੋਲੀ ਬਣਾ ਦਿੱਤਾ ਗਿਆ। ਸੰਨ 1922 ਵਿਚ
ਵਿਦਿਆਰਥੀਆਂ ਨੂੰ ਸਕੂਲਾਂ ਵਿਚ ਉੱਥੋਂ ਦੀ ਸਥਾਨਕ ਬੋਲੀ ਚੈਮੋਰੋ ਬੋਲਣ ਦੀ ਮਨਾਹੀ
ਕਰ ਦਿੱਤੀ ਗਈ ਅਤੇ ਚੈਮੋਰੋ ਦੀਆਂ ਡਿਕਸ਼ਨਰੀਆਂ ਨੂੰ ਅੱਗ ਲਾ ਦਿੱਤੀ ਗਈ।
(Phillipson: 153)
ਉੱਤਰ ਬਸਤੀਵਾਦੀ ਦੌਰ ਵਿਚ ਅੰਗਰੇਜ਼ੀ ਨੂੰ ਪ੍ਰੋਤਸਾਹਣ
ਦੂਜੀ ਸੰਸਾਰ ਜੰਗ ਤੋਂ ਬਾਅਦ ਬਰਤਾਨੀਆ ਅਤੇ ਅਮਰੀਕਾ ਨੇ ਅੰਗਰੇਜ਼ੀ ਨਾ ਬੋਲਣ
ਵਾਲੇ ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਅੰਗਰੇਜ਼ੀ ਦਾ ਪਸਾਰ ਕਰਨ ਲਈ ਬਹੁਤ ਯਤਨ
ਕੀਤੇ। ਉਹਨਾਂ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਹ ਸਮਝਦੇ ਸਨ ਕਿ ਅੰਗਰੇਜ਼ੀ ਦੀ
ਸਿਖਲਾਈ ਆਪਣੇ ਆਪ ਵਿਚ ਉਹਨਾਂ ਲਈ ਇਕ ਵੱਡਾ ਵਪਾਰ ਹੈ, ਇਹ ਤੀਜੀ ਦੁਨੀਆਂ ਦੇ
ਦੇਸ਼ਾਂ ਨਾਲ ਉਹਨਾਂ ਦੇ (ਬਰਤਾਨੀਆ ਅਤੇ ਅਮਰੀਕਾ ਦੇ) ਵਪਾਰ ਵਿਚ ਵਾਧਾ ਕਰਨ ਵਿਚ
ਮਦਦਗਾਰ ਹੈ ਅਤੇ ਇਹ ਉਹਨਾਂ ਦੀ ਵਿਦੇਸ਼ੀ ਨੀਤੀ ਦੇ ਉਦੇਸ਼ਾਂ ਦੀ ਪ੍ਰਫੁੱਲਤਾ ਲਈ
ਸਹਾਈ ਹੈ। ਇਸ ਦੇ ਨਾਲ ਹੀ ਅੰਗਰੇਜ਼ੀ ਦਾ ਪ੍ਰੋਤਸਾਹਣ ਵਿਕਾਸ ਦੇ ਨਿਜਾਮ ਦਾ ਇਕ
ਪ੍ਰਮੁੱਖ ਮੁੱਦਾ ਬਣ ਗਿਆ। ਸਮੁੱਚੇ ਰੂਪ ਵਿਚ ਦੂਜੀ ਸੰਸਾਰ ਜੰਗ ਤੋਂ ਬਾਅਦ ਤੀਜੀ
ਦੁਨੀਆਂ ਦੇ ਦੇਸ਼ਾਂ ਉੱਪਰ ਉਹਨਾਂ (ਅਮਰੀਕਾ ਅਤੇ ਬਰਤਾਨੀਆ) ਦਾ ਅਸਰ ਰਸੂਖ ਅਤੇ
ਕੰਟਰੋਲ ਕਾਇਮ ਰੱਖਣ ਵਿਚ ਅੰਗਰੇਜ਼ੀ ਦੇ ਪਸਾਰ ਨੇ 'ਗੰਨ ਬੋਟ ਡਿਪਲੋਮੇਸੀ ਭਾਵ
ਹਥਿਆਰਾਂ ਦੀ ਕੂਟਨੀਤੀ' ਦੀ ਥਾਂ ਲੈ ਲਈ।
ਬਰਤਾਨੀਆ ਲਈ ਬ੍ਰਿਟਿਸ਼ ਕਾਉਂਸਲ ਨਾਂ ਦੀ ਨੀਮ ਸਰਕਾਰੀ ਸੰਸਥਾਂ ਅੰਗਰੇਜ਼ੀ ਦੇ
ਪਸਾਰ ਲਈ ਕੰਮ ਕਰ ਰਹੀ ਹੈ। ਇਹ ਸੰਸਥਾਂ 1934 ਵਿਚ ਬਾਹਰਲੇ ਦੇਸ਼ਾਂ ਵਿਚ ਜਰਮਨੀ
ਅਤੇ ਇਟਲੀ ਦੇ ਪ੍ਰਾਪੇਗੰਡੇ ਦਾ ਮੁਕਾਬਲਾ ਕਰਨ ਲਈ ਹੋਂਦ ਵਿਚ ਆਈ ਸੀ। ਬ੍ਰਿਟਿਸ਼
ਕਾਉਂਸਲ ਦਾ ਮੁੱਖ ਮਕਸਦ ਅੰਗਰੇਜ਼ੀ ਨੂੰ ਪ੍ਰੋਤਸਾਹਣ ਦੇਣਾ ਅਤੇ ਬਰਤਾਨੀਆ ਅਤੇ ਇਸ
ਦੇ ਸਭਿਆਚਾਰ ਬਾਰੇ ਸਮਝ ਅਤੇ ਗਿਆਨ ਵਿਚ ਵਾਧਾ ਕਰਨਾ ਹੈ। ਸੰਨ 1935 ਵਿਚ
ਬ੍ਰਿਟਿਸ਼ ਕਾਉਂਸਲ ਦੇ ਰਸਮੀ ਉਦਘਾਟਨ ਸਮੇਂ ਵੇਲਜ਼ ਦੇ ਪ੍ਰਿੰਸ ਵਲੋਂ ਦਿੱਤੇ
ਭਾਸ਼ਨ ਦੇ ਕੁੱਝ ਹਿੱਸੇ ਇਸ ਉਦੇਸ਼ ਦੀ ਸਪਸ਼ਟ ਰੂਪ ਵਿਚ ਪੁਸ਼ਟੀ ਕਰਦੇ ਹਨ:
ਜ਼ਰੂਰੀ ਹੈ ਕਿ ਸਾਡੇ ਕੰਮ ਦਾ ਆਧਾਰ ਅੰਗਰੇਜ਼ੀ ਬੋਲੀ ਹੋਵੇ... (ਅਤੇ)
ਸਾਡਾ ਨਿਸ਼ਾਨਾ ਆਪਣੀ ਬੋਲੀ ਬਾਰੇ ਸਤਹੀ ਗਿਆਨ ਦੇਣ ਤੋਂ ਕਿਤੇ ਵੱਧ ਹੋਣਾ ਚਾਹੀਦਾ
ਹੈ। ਸਾਡਾ ਉਦੇਸ਼ ਵੱਧ ਤੋਂ ਵੱਧ ਲੋਕਾਂ ਦੀ ਸਾਡੇ ਇਤਿਹਾਸ, ਕਲਾ ਅਤੇ ਵਿਗਿਆਨ
ਅਤੇ ਸਿਆਸੀ ਅਮਲ ਵਿਚ ਸਾਡੇ ਮਹੱਤਵਪੂਰਨ ਯੋਗਦਾਨ ਬਾਰੇ ਜਾਣਨ ਵਿਚ ਮਦਦ ਕਰਨਾ ਹੈ।
ਅਜਿਹਾ ਕਰਨ ਦਾ ਸੱਭ ਤੋਂ ਬਿਹਤਰ ਢੰਗ ਵਿਦੇਸ਼ਾਂ ਵਿਚ ਆਪਣੀ ਬੋਲੀ ਦੀ ਪੜ੍ਹਾਈ
ਨੂੰ ਪ੍ਰੋਤਸਾਹਿਤ ਕਰਨਾ ਹੈ... (Quoted in Phillipson, 1992: 138)
ਸ਼ੁਰੂ ਸ਼ੁਰੂ ਵਿਚ ਕਾਉਂਸਲ ਦੀਆਂ ਬਹੁ-ਗਿਣਤੀ ਸਰਗਰੀਮੀਆਂ ਯੂਰਪ ਵਿਚ ਕੀਤੀਆਂ
ਗਈਆਂ ਅਤੇ ਉਹਨਾਂ ਦਾ ਕੇਂਦਰ ਸਭਿਆਚਾਰ ਰਿਹਾ। ਦੂਜੀ ਸੰਸਾਰ ਜੰਗ ਤੋਂ ਬਾਅਦ ਇਸ
ਦੇ ਕੰਮ ਵਿਚ ਤਬਦੀਲੀ ਆਈ ਅਤੇ ਇਸ ਦਾ ਕਾਰਜ ਖੇਤਰ ਤੀਜੀ ਦੁਨੀਆਂ ਦੇ ਦੇਸ਼ ਬਣ ਗਏ
ਅਤੇ ਇਸ ਦੀਆਂ ਸਰਗਰਮੀਆਂ ਦਾ ਕੇਂਦਰ ਵਿਦਿਆ ਬਣ ਗਈ। ਬੇਸ਼ੱਕ ਕਾਉਂਸਲ ਇਹ ਦਾਅਵਾ
ਕਰਦੀ ਸੀ ਕਿ ਉਸ ਦਾ ਕੰਮ ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਅੰਗਰੇਜ਼ੀ ਦੀ ਵਿਦਿਆ
ਨੂੰ ਪ੍ਰੋਤਸਾਹਣ ਦੇਣਾ ਸੀ, ਪਰ ਉਹ ਇਸ ਗੱਲ ਤੋਂ ਵੀ ਪੂਰੀ ਤਰ੍ਹਾਂ ਸੁਚੇਤ ਸੀ ਕਿ
ਉਸਦਾ ਕੰਮ ਵਿਦੇਸ਼ਾਂ ਵਿਚ ਬਰਤਾਨੀਆ ਦੇ ਵਪਾਰਕ ਹਿਤਾਂ ਨੂੰ ਪ੍ਰੋਤਸਾਹਣ ਕਰਨਾ ਵੀ
ਹੈ। ਕਾਉਂਸਲ ਦੀ ਸੰਨ 1968-69 ਸਾਲਾਨਾ ਰਿਪੋਰਟ ਵਿਚ ਇਸ ਤਰ੍ਹਾਂ ਲਿਖਿਆ ਹੈ,
"ਅੰਗਰੇਜ਼ੀ ਨੂੰ ਅੰਤਰਾਸ਼ਟਰੀ ਵਪਾਰ ਦੀ ਬੋਲੀ ਵਜੋਂ ਉਤਸ਼ਾਹਿਤ ਕਰਨ (ਅਤੇ)
ਦੁਨੀਆਂ ਨੂੰ ਸਾਡੇ ਸੇਲਜ਼ਮੈਨਾਂ ਲਈ ਖੋਲ੍ਹਣ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ
ਹੈ""(quoted in Pennycook: 149)। ਬ੍ਰਿਟਿਸ ਕਾਉਂਸਲ ਦਾ ਬਰਤਾਨੀਆ ਸਰਕਾਰ
ਨਾਲ ਬਹੁਤ ਨੇੜੇ ਦਾ ਰਿਸ਼ਤਾ ਹੈ। ਉਦਾਹਰਨ ਲਈ, ਸੰਨ 1937-41 ਵਿਚਕਾਰ ਕਾਉਂਸਲ
ਦਾ ਚੇਅਰਮੈਨ ਲਾਰਡ ਲੌਇਡ ਸੀ। ਉਸ ਹੀ ਵੇਲੇ ਉਹ ਬਸਤੀਆਂ ਲਈ ਸੈਕਟਰੀ ਆਫ ਸਟੇਟ
ਸੀ। ਸ਼ੁਰੂ ਤੋਂ ਹੀ ਕਾਉਂਸਲ ਨੂੰ ਚਲਾਉਣ ਲਈ ਜਿ਼ਆਦਾ ਪੈਸੇ ਸਰਕਾਰ ਤੋਂ ਮਿਲਦੇ
ਆਏ ਹਨ। ਵਿਦੇਸ਼ਾਂ ਵਿਚ ਕੰਮ ਕਰਦੇ ਸਮੇਂ ਇਹ ਬ੍ਰਿਟਿਸ਼ ਐਂਬੈਸੀਆਂ ਨਾਲ ਨੇੜਲਾ
ਸੰਬੰਧ ਰੱਖਦੀ ਹੈ। ਨਤੀਜੇ ਵਜੋਂ ਕਾਉਂਸਲ ਦੀਆਂ ਨੀਤੀਆਂ ਅਤੇ ਪ੍ਰੋਗਰਾਮ
ਨਿਰਧਾਰਿਤ ਕਰਨ ਵਿਚ ਬਰਤਾਨਵੀ ਸਰਕਾਰ ਮਹੱਤਵਪੂਰ ਰੋਲ ਨਿਭਾਉਂਦੀ ਹੈ।
1934 ਤੋਂ ਬਾਅਦ ਬ੍ਰਿਟਿਸ਼ ਕਾਉਂਸਲ ਦਾ ਵੱਡਾ ਪਸਾਰ ਹੋਇਆ ਹੈ। 1935 ਵਿਚ
ਇਸਦਾ ਬੱਜਟ 6000 ਪੌਂਡ ਸੀ, ਅਤੇ 1989/90 ਵਿਚ ਇਹ ਵੱਧ ਕੇ 32 ਕ੍ਰੋੜ 10 ਲੱਖ
ਪੌਂਡ ਹੋ ਗਿਆ। (Phillipson: 138) ਸੰਨ 1997/98 ਦੌਰਾਨ ਕਾਉਂਸਲ ਦੇ 109
ਦੇਸ਼ਾਂ ਵਿਚ ਦਫਤਰ ਸਨ। ਉਸ ਸਮੇਂ ਦੌਰਾਨ ਇਹ ਦੁਨੀਆਂ ਭਰ ਵਿਚ 118 ਟੀਚਿੰਗ
ਸੈਂਟਰ ਅਤੇ 209 ਲਾਇਬ੍ਰੇਰੀਆਂ ਚਲਾ ਰਹੀ ਸੀ। ਇਹਨਾਂ ਲਾਇਬ੍ਰੇਰੀਆਂ ਦੀ ਸਮੁੱਚੀ
ਮੈਂਬਰਸ਼ਿੱਪ ਸਾਢੇ ਚਾਰ ਲੱਖ ਸੀ। (British Council Web Site, 1998)
ਕਾਉਂਸਲ ਦੀ ਸਾਲ 2005-06 ਦੀ ਸਾਲਾਨਾ ਰੀਪੋਰਟ ਮੁਤਾਬਕ ਇਸ ਬੱਜਟ ਸਾਲ ਦੌਰਾਨ
ਕਾਉਂਸਲ ਵਲੋਂ ਖਰਚੀ ਗਈ ਕੁੱਲ ਰਕਮ 50 ਕਰੋੜ ਪੌਂਡ ਤੋਂ ਵੱਧ ਸੀ। ਇਸ ਵਿੱਚੋਂ
ਕਾਉਂਸਲ ਨੇ ਅੰਗਰੇਜ਼ੀ ਦੀ ਪੜ੍ਹਾਈ ਨੂੰ ਪ੍ਰੋਤਸਾਹਣ ਦੇਣ ਲਈ 18.9 ਕਰੋੜ ਪੌਂਡ
ਖਰਚ ਕੀਤੇ।
ਦੁਨੀਆਂ ਭਰ ਵਿਚ ਅੰਗਰੇਜ਼ੀ ਦਾ ਪ੍ਰਚਾਰ ਕਰਨ ਲਈ ਬ੍ਰਿਟਿਸ਼ ਕਾਉਂਸਲ ਕਈ
ਤਰ੍ਹਾਂ ਦੀਆਂ ਸਰਗਰਮੀਆਂ ਕਰਦੀ ਹੈ, ਜਿਹਨਾਂ ਵਿਚ ਦੂਜੇ ਦੇਸ਼ਾਂ ਵਿਚ ਟੀਚਿੰਗ
ਸੈਂਟਰ ਸਥਾਪਤ ਕਰਨਾ, ਦੂਜੇ ਦੇਸ਼ਾਂ ਵਿਚ ਖੁਲ੍ਹੇ ਬਰਤਾਨੀਆ ਦੇ ਸਕੂਲਾਂ ਨੂੰ
ਸਮਰਥਨ ਦੇਣਾ, ਪਾਠਕ੍ਰਮ ਅਤੇ ਸਿਲੇਬਸ ਤਿਆਰ ਕਰਨ ਵਿਚ ਮਦਦ ਕਰਨ ਲਈ ਕਾਉਂਸਲ ਦੇ
ਅਫਸਰਾਂ ਨੂੰ ਦੂਜੇ ਦੇਸ਼ਾਂ ਵਿਚ ਭੇਜਣਾ, ਅਧਿਆਪਕਾਂ ਨੂੰ ਸਿਖਲਾਈ ਦੇਣਾ,
ਅੰਗਰੇਜ਼ੀ ਭਾਸ਼ਾ ਬਾਰੇ ਹੋ ਰਹੀਆਂ ਕਾਨਫਰੰਸਾਂ ਅਤੇ ਸੈਮੀਨਾਰਾਂ ਲਈ ਸਹਾਇਤਾ
ਦੇਣਾ ਅਤੇ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਪ੍ਰਕਾਸ਼ਨ ਵਿਚ ਸਹਾਇਤਾ ਕਰਨ ਵਰਗੀਆਂ
ਗਤੀਵਿਧੀਆਂ ਸ਼ਾਮਲ ਹਨ। ਇਹ ਗਤੀਵਿਧੀਆ ਕਰਦੇ ਸਮੇਂ ਕਾਉਂਸਲ ਬਰਤਾਨੀਆ ਦੇ ਹਿਤਾਂ
ਨੂੰ ਕਦੇ ਵੀ ਨਹੀਂ ਭੁੱਲਦੀ। ਉਦਾਹਰਨ ਲਈ 1998 ਵਿੱਚ ਕਾਉਂਸਲ ਦੇ ਵੈੱਬਸਾਈਟ
ਉੱਪਰ ਇਸ ਤਰ੍ਹਾਂ ਲਿਖਿਆ ਹੋਇਆ ਸੀ, "ਦੁਨੀਆਂ ਵਿਚ ਕਿਤਾਬਾਂ ਦੇ ਨਿਰਯਾਤ ਵਿਚ
ਬਰਤਾਨੀਆ ਦੀ ਇਕ ਵੱਡੀ ਸਨਅਤ ਹੈ - ਕਿਤਾਬਾਂ ਦੇ ਨਿਰਯਾਤ ਵਿਚੋਂ ਹਰ ਸਾਲ 1.05
ਅਰਬ ਪੌਂਡ ਕਮਾਏ ਜਾਂਦੇ ਹਨ। ਕਾਉਂਸਲ ਕਿਤਾਬਾਂ ਦੀ ਨੁਮਾਇਸ਼ ਅਤੇ ਮੇਲੇ ਲਾ ਕੇ,
ਪ੍ਰਕਾਸ਼ਕਾਂ ਅਤੇ ਕਿਤਾਬਾਂ ਵੇਚਣ ਵਾਲਿਆਂ ਨੂੰ ਮੰਡੀ ਦੀ ਜਾਣਕਾਰੀ ਦੇ ਕੇ
ਕਾਉਂਸਲ ਇਸ ਸਨਅਤ ਵਿਚ ਬਰਤਾਨੀਆ ਦੇ ਮੁਹਰੀ ਰੋਲ ਨੂੰ ਬਰਕਰਾਰ ਰੱਖਣ ਵਿਚ ਮਦਦ
ਕਰਦੀ ਹੈ..." (British Council Web Site, 1998)
ਅੰਗਰੇਜ਼ੀ ਦੀ ਪੜ੍ਹਾਈ ਬਰਤਾਨੀਆ ਲਈ ਨਿਰਯਾਤ ਕਰਨ ਲਈ ਇਕ ਵੱਡੀ ਵਸਤ ਬਣ
ਚੁੱਕੀ ਹੈ। ਦੁਨੀਆਂ ਵਿੱਚ ਅੰਗਰੇਜ਼ੀ ਦੀ ਸਥਿਤੀ ਬਾਰੇ ਬ੍ਰਿਟਿਸ਼ ਕਾਉਂਸਲ ਵਲੋਂ
ਕਰਵਾਈ, ਡੇਵਿਡ ਗਰੈਡਲ ਵਲੋਂ ਕੀਤੀ ਅਤੇ ਸੰਨ 2006 ਵਿੱਚ ਪ੍ਰਕਾਸ਼ਤ ਹੋਈ ਇਕ ਖੋਜ
ਅਨੁਸਾਰ, ਬਰਤਾਨੀਆ ਦੀ ਅੰਗਰੇਜ਼ੀ ਪੜ੍ਹਾਉਣ ਦੀ ਸਨਅਤ ਦੀ ਸਾਲਾਨਾ ਨਿਰਯਾਤ ਆਮਦਨ
1 ਅਰਬ 30 ਕ੍ਰੋੜ ਪੌਂਡ ਹੈ। ਇਸ ਦੇ ਨਾਲ ਹੀ, ਬਸਤੀਵਾਦ ਦੇ ਖਾਤਮੇ ਤੋਂ ਬਾਅਦ
ਦੂਜੇ ਦੇਸ਼ਾਂ ਵਿਚ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਕੇ ਕਾਉਂਸਲ ਨੇ ਬਰਤਾਨੀਆ ਨੂੰ
ਦੁਨੀਆਂ ਭਰ ਵਿਚ ਆਪਣਾ ਅਸਰ ਰਸੂਖ ਰੱਖਣ ਵਿਚ ਮਦਦ ਕੀਤੀ ਹੈ। 1983/84 ਦੀ
ਸਾਲਾਨਾ ਰਿਪੋਰਟ ਵਿਚ ਕਾਉਂਸਲ ਦਾ ਚੇਅਰਮੈਨ ਇਹ ਗੱਲ ਹੇਠ ਲਿਖੇ ਸ਼ਬਦਾਂ ਵਿਚ
ਕਹਿੰਦਾ ਹੈ:
ਬੇਸ਼ੱਕ ਹੁਣ ਸਾਡੇ ਕੋਲ ਪਹਿਲਾਂ ਵਾਂਗ ਆਪਣੀ ਮਰਜ਼ੀ ਠੋਸਣ ਦੀ ਤਾਕਤ ਨਹੀਂ
ਹੈ, ਪਰ ਫਿਰ ਵੀ ਆਰਥਿਕ ਅਤੇ ਫੌਜੀ ਵਸੀਲਿਆਂ ਦੇ ਅਨੁਪਾਤ ਤੋਂ ਕਿਤੇ ਵੱਧ
(ਦੁਨੀਆਂ ਵਿਚ) ਬਰਤਾਨੀਆ ਦਾ ਅਸਰ ਰਸੂਖ ਕਾਇਮ ਹੈ। ਕੁੱਝ ਹੱਦ ਤੱਕ ਇਹ ਇਸ ਕਰਕੇ
ਹੈ ਕਿਉਂਕਿ ਅੰਗਰੇਜ਼ੀ ਸਾਇੰਸ, ਤਕਨੌਲੌਜੀ ਅਤੇ ਵਪਾਰ ਦੀ ਭਾਸ਼ਾ ਹੈ। ਇਸ ਦੀ
ਤ੍ਰਿਪਤ ਨਾ ਹੋਣ ਵਾਲੀ ਮੰਗ ਹੈ ਅਤੇ ਇਸ ਮੰਗ ਪੂਰਤੀ ਲਈ ਜਾਂ ਤਾਂ ਅਸੀਂ ਮੇਜ਼ਬਾਨ
ਦੇਸ਼ਾਂ ਦੇ ਵਿਦਿਅਕ ਸਿਸਟਮ ਰਾਹੀਂ ਕਦਮ ਚੁੱਕਦੇ ਹਾਂ ਜਾਂ ਜਿੱਥੇ ਮੰਡੀ ਸਹਿ
ਸਕਦੀ ਹੋਵੇ, ਉੱਥੇ ਵਪਾਰਕ ਪੱਧਰ ਉੱਤੇ ਕਦਮ ਚੁੱਕਦੇ ਹਾਂ। ਸਾਡੀ ਬੋਲੀ ਸਾਡੀ
ਮਹਾਨ ਸੰਪਤੀ ਹੈ, ਨੌਰਥ ਸੀ ਓਇਲ ਤੋਂ ਵੀ ਵੱਡੀ, ਅਤੇ ਇਸਦੀ ਸਪਲਾਈ ਕਦੇ ਵੀ ਨਹੀਂ
ਮੁੱਕ ਸਕਦੀ... (Quoted in Phillipson: 144)
ਅੰਗਰੇਜ਼ੀ ਦੀ ਤਰੱਕੀ ਅਤੇ ਪੜ੍ਹਾਈ ਅਮਰੀਕਾ ਦੀ ਵਿਦੇਸ਼ ਨੀਤੀ ਦਾ ਇਕ
ਮਹੱਤਵਪੂਰਨ ਹਿੱਸਾ ਰਹੀ ਹੈ। ਇਸ ਲਈ ਕਈ ਸਰਕਾਰੀ ਏਜੰਸੀਆਂ ਅਤੇ ਨਿੱਜੀ
ਫਾਉਂਡੇਸ਼ਨਾਂ ਅੰਗਰੇਜ਼ੀ ਦੀ ਤਰੱਕੀ ਲਈ ਕੰਮ ਕਰਦੀਆਂ ਰਹੀਆਂ /ਕਰਦੀਆਂ ਆ ਰਹੀਆਂ
ਹਨ। ਇਹਨਾਂ ਵਿਚੋਂ ਕੁੱਝ ਦੇ ਨਾਂ ਹਨ: ਡਿਪਾਰਟਮੈਂਟ ਆਫ ਸਟੇਟ, ਯੂਨਾਇਟਿਡ ਸਟੇਟਸ
ਇਨਫਰਮੇਸ਼ਨ ਏਜੰਸੀ, ਦੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਏਡ), ਪੀਸ
ਕੌਰਪਸ, ਦੀ ਡਿਪਾਰਟਮੈਂਟ ਆਫ ਡਿਫੈਂਸ, ਫੋਰਡ ਫਾਉਂਡੇਸ਼ਨ ਅਤੇ ਕਈ ਹੋਰ ਨਿੱਜੀ
ਫਾਉਂਡੇਸ਼ਨਾਂ। ਇਹਨਾਂ ਵਿਚੋਂ ਤਕਰੀਬਨ ਤਕਰੀਬਨ ਸਾਰੀਆਂ ਦਾ ਦਾਅਵਾ ਹੈ ਕਿ
ਅੰਗਰੇਜ਼ੀ ਦੀ ਪੜ੍ਹਾਈ ਅਤੇ ਤਰੱਕੀ ਦੇ ਉਹਨਾਂ ਦੇ ਪ੍ਰੋਗਰਾਮ ਤੀਜੀ ਦੁਨੀਆਂ ਦੇ
ਦੇਸ਼ਾਂ ਵਿਚ ਵਿਕਾਸ (ਡਿਵੈਲਪਮੈਂਟ) ਦਾ ਸਮਰਥਨ ਕਰਦੇ ਹਨ। ਉਹ ਮਹਿਸੂਸ ਕਰਦੇ ਹਨ
ਕਿ ਉਹ ਅਜਿਹਾ ਮਨੁੱਖੀ ਵਸੀਲਿਆਂ (ਹਿਊਮਨ ਰੀਸੋਰਸਜ਼) ਦਾ ਵਿਕਾਸ ਕਰਕੇ ਕਰ ਰਹੇ
ਹਨ। ਵਿਕਾਸ ਦੇ ਨਾਲ ਨਾਲ ਅਜਿਹੇ ਪ੍ਰੋਗਰਾਮ ਅਮਰੀਕਾ ਦੀ ਵਿਦੇਸ਼ ਨੀਤੀ ਲਈ ਵੀ
ਫਾਇਦੇਮੰਦ ਹਨ। ਯੂਨਾਇਟਿਡ ਸਟੇਟ ਇਨਫਰਮੇਸ਼ਨ ਸਰਵਿਸ ਦੇ ਰਹਿ ਚੁੱਕੇ ਡਾਇਰੈਕਟਰ
ਐਡਵਰਡ ਆਰ ਮੁਰੋ ਦਾ ਕਹਿਣਾ ਹੈ ਕਿ ਯੂਨਾਇਟਿਡ ਸਟੇਟ ਇਨਫਰਮੇਸ਼ਨ ਸਰਵਿਸ ਦਾ
ਮਕਸਦ, ਵਿਦੇਸ਼ਾਂ ਵਿਚ ਅਮਰੀਕਾ ਦੀ ਵਿਦੇਸ਼ ਨੀਤੀ ਦੇ ਹੱਕ ਵਿਚ ਲੋਕ ਰਾਇ ਪੈਦਾ
ਕਰਕੇ, ਅਮਰੀਕਾ ਦੀ ਵਿਦੇਸ ਨੀਤੀ ਦੇ ਉਦੇਸ਼ਾਂ ਨੂੰ ਅੱਗੇ ਵਧਾਉਣਾ ਹੈ। ਉਹਨਾਂ
ਮੁਤਾਬਕ ਅਜਿਹਾ ਕੁੱਝ ਨਿੱਜੀ ਸੰਪਰਕਾਂ, ਰੇਡੀਓ ਪ੍ਰੋਗਰਾਮਾਂ, ਲਾਇਬ੍ਰੇਰੀਆਂ,
ਟੈਲੀਵਿਯਨ ਪ੍ਰੋਗਰਾਮਾਂ, ਨੁਮਾਇਸ਼ਾਂ ਅਤੇ ਅੰਗਰੇਜ਼ੀ ਦੀ ਪੜ੍ਹਾਈ ਅਤੇ ਅਜਿਹੇ
ਹੋਰ ਕਾਰਜਾਂ ਨਾਲ ਕੀਤਾ ਜਾਂਦਾ ਹੈ। (Coombs: 59) ਅਮਰੀਕਾ ਦੇ ਡਿਪਾਰਟਮੈਂਟ ਆਫ
ਸਟੇਟ ਦੇ ਇਕ ਅੰਗ ਵਜੋਂ ਕੰਮ ਕਰਦੇ ਦੀ ਆਫਿਸ ਆਫ ਇੰਗਲਿਸ਼ ਲੈਂਗੁਏਜ
ਪ੍ਰੋਗਰਾਮਜ਼ ਦੇ ਵੈੱਬਸਾਈਟ ਉੱਤੇ ਲਿਖਿਆ ਹੈ, “ਵਿਦੇਸ਼ਾਂ ਵਿੱਚ
ਅਧਿਆਪਕਾਂ ਦੀ ਸਿਖਲਾਈ ਦੇ ਪ੍ਰੋਗਰਾਮਾਂ ਵਿੱਚ ਸਹਾਇਤਾ ਕਰਕੇ, ਅਮਰੀਕਾ ਦੀ ਸਰਕਾਰ
ਅੰਗਰੇਜ਼ੀ ਵਿੱਚ ਸਮਰੱਥ ਸੰਸਾਰ ਵਿਕਸਤ ਕਰਨ ਵਿੱਚ ਮਦਦ ਕਰ ਸਕਦੀ ਹੈ, ਜਿਸ
(ਸੰਸਾਰ) ਵਿੱਚ ਅਮਰੀਕਾ ਦੀਆਂ ਯੂਨੀਵਰਿਸਟੀਆਂ, ਵਪਾਰਕ ਅਦਾਰੇ ਅਤੇ ਹੋਰ
ਸੰਸਥਾਂਵਾਂ ਪ੍ਰਫੁੱਲਤ ਹੋ ਸਕਦੀਆਂ ਹਨ ਅਤੇ ਅਮਰੀਕਾ ਦੇ ਹਿਤਾਂ ਨੂੰ ਅੱਗੇ ਲਿਜਾ
ਸਕਦੀਆਂ ਹਨ।” ਇਸ ਨਾਲ ਸਪਸ਼ਟ ਹੋ ਜਾਂਦਾ ਹੈ ਕਿ ਅਮਰੀਕਾ ਦੀ ਸਰਕਾਰ ਦੁਨੀਆਂ
ਵਿੱਚ ਅੰਗਰੇਜ਼ੀ ਦੇ ਪਸਾਰ ਨੂੰ ਅਮਰੀਕਾ ਦੇ ਹਿਤਾਂ ਵਿੱਚ ਸਮਝਦੀ ਹੈ।
ਇਹ ਏਜੰਸੀਆਂ ਅੰਗਰੇਜ਼ੀ ਦੀ ਤਰੱਕੀ ਲਈ ਕਈ ਖੇਤਰਾਂ ਵਿਚ ਕੰਮ ਕਰਦੀਆਂ ਹਨ। ਉਹ
ਕਿਤਾਬਾਂ ਦਾਨ ਕਰਦੀਆਂ ਹਨ, ਕਿਤਾਬਾਂ ਨਿਰਯਾਤ ਕਰਨ ਲਈ ਸਬਸਡੀਆਂ ਦਿੰਦੀਆਂ ਹਨ,
ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਲਾਇਬ੍ਰੇਰੀ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਅਤੇ
ਉਹਨਾਂ ਦੇਸ਼ਾਂ ਵਿਚ ਖੋਲ੍ਹੇ ਆਪਣੇ ਸੈਂਟਰਾਂ ਰਾਹੀਂ ਅੰਗਰੇਜ਼ੀ ਦੀ ਪੜ੍ਹਾਈ
ਕਰਵਾਉਂਦੀਆਂ ਹਨ। ਤੀਜੀ ਦੁਨੀਆਂ ਵਿਚ ਅਮਰੀਕਾ ਦੇ ਕਲਚਰਲ ਸੈਂਟਰਾਂ
ਰਾਹੀਂ ਕਿੰਨੇ ਹੀ ਲੋਕ ਅੰਗਰੇਜ਼ੀ ਸਿੱਖਦੇ ਹਨ। ਕੈਨੇਡੀ ਪ੍ਰਸ਼ਾਸ਼ਨ ਵਿਚ
ਐਜੂਕੇਸ਼ਨ ਐਂਡ ਕਲਚਰਲ ਅਫੇਅਰਜ਼ ਦੇ ਵਿਭਾਗ ਵਿਚ ਅਸਿਸਟੈਂਟ ਸੈਕਟਰੀ
ਰਹਿ ਚੁੱਕੇ ਫਿਲਪ ਐਚ ਕੂੰਬਜ਼ ਦੇ ਅਨੁਸਾਰ, 1954 – 1960 ਦੇ ਵਿਚਕਾਰ ਤੀਜੀ
ਦੁਨੀਆਂ ਵਿਚ ਇਕ ਲੱਖ ਸੱਠ ਹਜ਼ਾਰ ਲੋਕਾਂ ਦੇ ਲਗਭਗ ਲੋਕਾਂ ਨੇ “ਬਾਈਨੈਸ਼ਨਲ
ਕਲਚਰਲ ਸੈਂਟਰਾਂ” ਵਿਚ ਅੰਗਰੇਜ਼ੀ ਸਿੱਖੀ ਸੀ। ਕਿਤਾਬਾਂ ਅਤੇ ਆਪਣੇ ਸੈਂਟਰਾਂ ਵਿਚ
ਅੰਗਰੇਜ਼ੀ ਦੀ ਪੜ੍ਹਾਈ ਕਰਵਾਉਣ ਤੋਂ ਬਿਨਾਂ, ਯੂਨਾਇਟਿਡ ਸਟੇਟਸ ਇਨਫਰਮੇਸ਼ਨ
ਏਜੰਸੀ ਨੇ ਅੰਗਰੇਜ਼ੀ ਸਿਖਾਉਣ ਲਈ ਅੰਗਰੇਜ਼ੀ ਪ੍ਰੋਗਰਾਮਾਂ ਦੀ ਵਰਤੋਂ ਕੀਤੀ
ਸੀ। ਕੂੰਬਜ਼ ਅਨੁਸਾਰ, 1964 ਦੇ ਵਿਤੀ ਸਾਲ ਵਿਚ ਏਜੰਸੀ ਵਲੋਂ ਅੰਗਰੇਜ਼ੀ ਸਿਖਾਉਣ
ਲਈ ਤਿਆਰ ਕੀਤੇ ਟੀ ਵੀ ਪ੍ਰੋਗਰਾਮ 37 ਦੇਸ਼ਾਂ ਦੇ 59 ਟੈਲੀਵਿਯਨ ਸਟੇਸ਼ਨਾਂ ਉੱਤੇ
ਪ੍ਰਸਾਰਿਤ ਕੀਤੇ ਗਏ। (Coombs, 60) ਮੌਜੂਦਾ ਸਮੇਂ ਵਿੱਚ ਅਮਰੀਕੀ ਸਰਕਾਰ ਦੀ
ਵਰਲਡਨੈੱਟ ਟੈਲੀਵਿਯਨ ਸਰਵਿਸ ਵਲੋਂ ਸਮੁੱਚੇ ਲਾਤੀਨੀ ਅਮਰੀਕਾ ਵਿੱਚ
ਅੰਗਰੇਜ਼ੀ ਸਿਖਾਉਣ ਲਈ ਕਰੌਸਰੋਡਜ਼ ਕੈਫੇ ਨਾਂ ਦਾ ਇਕ ਟੈਲੀਵਿਯਨ
ਪ੍ਰੋਗਰਾਮ ਸੈਟੇਲਾਈਟ ਉੱਪਰ ਪ੍ਰਸਾਰਿਤ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਸਮੁੱਚੇ
ਲਾਤੀਨੀ ਅਮਰੀਕਾ ਵਿੱਚ ਕੇਬਲ ਰਾਹੀਂ 35 ਲੱਖ ਘਰਾਂ ਵਿੱਚ ਦੇਖਿਆ ਜਾਂਦਾ ਹੈ।
ਫੋਰਡ ਅਤੇ ਰੌਕਫੈਲਰ ਵਰਗੀਆਂ ਨਿੱਜੀ ਫਾਉਂਡੇਸ਼ਨਾਂ ਵੀ ਅੰਗਰੇਜ਼ੀ ਬੋਲੀ ਦੀ
ਤਰੱਕੀ ਲਈ ਸਹਾਇਤਾ ਕਰਦੀਆਂ ਰਹੀਆਂ ਹਨ। ਕਈ ਵਾਰੀ ਅੰਤਰਾਸ਼ਟਰੀ ਮੁਦਰਾ ਕੋਸ਼ (ਆਈ
ਐਮ ਐਫ) ਅਤੇ ਵਿਸ਼ਵ ਬੈਂਕ (ਵਰਲਡ ਬੈਂਕ) ਵਰਗੀਆਂ ਸੰਸਥਾਂਵਾਂ ਵੀ ਦੂਜੇ ਦੇਸ਼ਾਂ
ਵਿਚ ਅੰਗਰੇਜ਼ੀ ਨੂੰ ਜਿ਼ਆਦਾ ਮਹੱਤਤਾ ਦੇਣ ਲਈ ਦਬਾਅ ਪਾਉਂਦੀਆਂ ਹਨ। ਫਿਲਪਸਨ
ਅਨੁਸਾਰ ਫਿਲਪੀਨ ਦੀ ਨਿਰਯਾਤ ਮੁਖੀ ਸਨਅਤ ਸਟਰੈਟਜੀ ਦਾ ਸੰਬੰਧ ਅੰਗਰੇਜ਼ੀ ਨੂੰ
ਮਜ਼ਬੂਤ ਕਰਨ ਨਾਲ ਰਿਹਾ ਹੈ। ਬੇਸ਼ੱਕ ਇਸ ਸਟਰੈਟਜੀ ਨਾਲ ਅਮਰੀਕੀ ਨਵ-ਬਸਤੀਵਾਦੀ
ਹਿਤਾਂ ਦੀ ਸੁਰੱਖਿਆ ਹੋਈ ਪਰ ਇਸ ਨਾਲ ਫਿਲਪੀਨ ਦੀ ਸਥਾਨਕ ਬੋਲੀ ਨੂੰ ਵੱਡਾ
ਨੁਕਸਾਨ ਪੁੱਜਾ।
ਉਪਰਲੀ ਗੱਲਬਾਤ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਗਰੇਜ਼ੀ ਵਲੋਂ ਦੁਨੀਆਂ ਦੀ
ਗ਼ਾਲਬ ਬੋਲੀ ਬਣਨ ਪਿੱਛੇ ਬਰਤਾਨੀਆ ਅਤੇ ਅਮਰੀਕਾ ਦੇ ਬਸਤੀਵਾਦ ਅਤੇ ਨਵਬਸਤੀਵਾਦ
ਦਾ ਵੱਡਾ ਹੱਥ ਰਿਹਾ ਹੈ। ਇਥੇ ਇਕ ਗੱਲ ਇਹ ਵੀ ਯਾਦ ਰੱਖਣ ਵਾਲੀ ਹੈ ਤੀਜੀ ਦੁਨੀਆਂ
ਦੇ ਕਈ ਦੇਸ਼ਾਂ ਦੇ ਸਥਾਨਕ ਵਸਿ਼ਸ਼ਟ ਵਰਗ ਨੇ ਆਪਣੇ ਮੁਲਕਾਂ ਵਿਚ ਅੰਗਰੇਜ਼ੀ ਦੀ
ਸਰਦਾਰੀ ਸਥਾਪਤ ਕਰਨ ਵਿਚ ਹਿੱਸਾ ਪਾਇਆ ਹੈ ਅਤੇ ਇਹ ਵਰਗ ਅਜਿਹਾ ਅਜੇ ਵੀ ਕਰ ਰਿਹਾ
ਹੈ। ਕਈ ਮੌਕਿਆਂ ਉੱਪਰ ਵਸਿ਼ਸ਼ਟ ਵਰਗ ਨੇ ਆਪਣੇ ਮੁਲਕਾਂ ਵਿਚ ਅੰਗਰੇਜ਼ੀ ਮਾਧਿਅਮ
ਵਾਲੀਆਂ ਵਿਦਿਅਕ ਸੰਸਥਾਂਵਾਂ ਖੋਲ੍ਹਣ ਵਿਚ ਮੁਹਰੀ ਰੋਲ ਨਿਭਾਇਆ ਹੈ ਅਤੇ ਉਹ
ਅਜਿਹਾ ਰੋਲ ਹੁਣ ਵੀ ਨਿਭਾ ਰਹੇ ਹਨ। ਤੀਜੀ ਦੁਨੀਆਂ ਦੇ ਵਸਿ਼ਸ਼ਟ ਵਰਗ ਨੇ
ਅੰਗਰੇਜ਼ੀ ਬੋਲੀ ਦਾ ਸਮਰਥਨ ਇਸ ਲਈ ਕੀਤਾ ਕਿਉਂਕਿ ਅੰਗਰੇਜ਼ੀ ਉਹਨਾਂ ਦੀ ਤਾਕਤ,
ਉੱਚ-ਦਰਜੇ ਅਤੇ ਵਿਸੇ਼ਸ਼ ਸੁਵਿਧਾਵਾਂ ਤੱਕ ਪਹੁੰਚ ਕਰਨ ਵਿਚ ਸਹਾਈ ਹੁੰਦੀ ਸੀ।
ਬਸਤੀਵਾਦ ਦੇ ਖਾਤਮੇ ਬਾਅਦ, ਬਹੁਤ ਸਾਰੇ ਦੇਸ਼ਾਂ ਵਿਚ ਤਾਕਤ ਵਿਚ ਆਉਣ ਵਾਲੇ ਉਹ
ਲੋਕ ਸਨ ਜੋ ਅੰਗਰੇਜ਼ੀ ਪੜੇ ਲਿਖੇ ਵਸਿ਼ਸ਼ਟ ਵਰਗ ਨਾਲ ਸੰਬੰਧਤ ਸਨ। ਅਤੇ ਬਹੁਤ
ਸਾਰੇ ਕੇਸਾਂ ਵਿਚ ਇਹਨਾਂ ਨਵੇਂ ਹਾਕਮਾਂ ਨੇ ਉੱਤਰ-ਬਸਤੀਵਾਦ ਸਮੇਂ ਦੌਰਾਨ
ਅੰਗਰੇਜ਼ੀ ਬੋਲੀ ਦੀ ਤਰੱਕੀ ਦਾ ਬਾਹਾਂ ਖੋਲ੍ਹ ਕੇ ਸਵਾਗਤ ਕੀਤਾ।
ਅੰਗਰੇਜ਼ੀ ਦੇ ਗ਼ਲਬੇ ਦਾ ਅੱਜ ਦੀ ਦੁਨੀਆਂ ਵਿੱਚ ਰੋਲ
ਦੁਨੀਆਂ ਵਿਚ ਅੰਗਰੇਜ਼ੀ ਦਾ ਗ਼ਲਬਾ ਗੈਰ-ਅੰਗਰੇਜ਼ੀ ਬੋਲਦੇ ਇਲਾਕਿਆਂ ਵਿੱਚ
ਰਹਿੰਦੇ ਲੋਕਾਂ ਦੇ ਸਮਾਜਕ, ਆਰਥਿਕ, ਸਿਆਸੀ ਅਤੇ ਸਭਿਆਚਾਰਕ ਜੀਵਨ ਉੱਪਰ ਵੱਡਾ
ਅਸਰ ਪਾ ਰਿਹਾ ਹੈ। ਇਹ ਉਹਨਾਂ ਦੇ ਗਿਆਨ ਪੈਦਾ ਕਰਨ ਅਤੇ ਗਿਆਨ ਨੂੰ ਸੰਭਾਲਣ ਦੇ
ਢੰਗਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ।
ਸੰਸਾਰ ਪੱਧਰ ਉੱਪਰ ਅੰਗਰੇਜ਼ੀ ਦੇ ਗਲਬੇ ਨੇ ਪੱਛਮੀ ਦੇਸ਼ਾਂ ਅਤੇ ਤੀਜੀ
ਦੁਨੀਆਂ ਦੇ ਦੇਸ਼ਾਂ ਦੇ ਵਿਚਕਾਰ ਗਿਆਨ ਦੀ ਵੰਡ ਦੇ ਸੰਬੰਧ ਵਿਚ ਅਸੰਤੁਲਨ ਪੈਦਾ
ਕੀਤਾ ਹੋਇਆ ਹੈ। ਉਦਾਹਰਨ ਲਈ, ਦੁਨੀਆਂ ਦੇ ਦੋ ਤਿਹਾਈ ਵਿਗਿਆਨੀ ਅੰਗਰੇਜ਼ੀ ਵਿਚ
ਪੜ੍ਹਦੇ ਹਨ। (British Council Web Site, 1998) ਨਤੀਜੇ ਵਜੋਂ ਬਹੁਗਿਣਤੀ
ਵਿਗਿਆਨਕ ਪੇਪਰ ਅੰਗਰੇਜ਼ੀ ਵਿੱਚ ਲਿਖੇ ਜਾਂਦੇ ਹਨ। 1981 ਵਿਚ ਕੀਤੇ ਗਏ ਇਕ
ਅਧਿਅਨ ਅਨੁਸਾਰ ਬਾਇਓਲੋਜੀ ਦੇ ਖੇਤਰ ਵਿਚ 85 ਫੀਸਦੀ, ਮੈਡੀਸਨ ਦੇ ਖੇਤਰ ਵਿਚ 73
ਫੀਸਦੀ, ਹਿਸਾਬ ਦੇ ਖੇਤਰ ਵਿੱਚ 69 ਫੀਸਦੀ ਅਤੇ ਕੈਮਿਸਟਰੀ ਦੇ ਖੇਤਰ ਵਿੱਚ 67
ਫੀਸਦੀ ਪੇਪਰ ਅੰਗਰੇਜ਼ੀ ਵਿਚ ਲਿਖੇ ਗਏ ਸਨ। (Crystal: 102) ਅਗਲੇ ਡੇਢ ਦਹਾਕੇ
ਵਿਚ ਇਸ ਅਸਾਂਵੇਪਣ ਵਿਚ ਵੱਡਾ ਵਾਧਾ ਹੋਇਆ। ਉਦਾਹਰਨ ਲਈ ਕੈਮਿਸਟਰੀ ਅਤੇ ਮੈਡੀਸਨ
ਦੇ ਖੇਤਰ ਵਿਚ ਅੰਗਰੇਜ਼ੀ ਵਿਚ ਲਿਖੇ ਪੇਪਰਾਂ ਦੇ ਅਨੁਪਾਤ ਵਿਚ ਕ੍ਰਮਵਾਰ 30 ਤੋਂ
40 ਫੀਸਦੀ ਦਾ ਵਾਧਾ ਹੋਇਆ ਹੈ।
(Crystal: 102) ਸਮਾਜ ਵਿਗਿਆਨ ਵਿੱਚ ਵੀ ਹਾਲਾਤ ਇਸਤੋਂ ਵੱਖਰੇ ਨਹੀਂ
ਹਨ। ਕੰਪੈਰੇਟਿਵ ਐਜੂਕੇਸ਼ਨ ਰੀਵੀਊ ਦੇ ਫਰਵਰੀ 1997 ਦੇ
ਐਡੀਟੋਰੀਅਲ ਵਿਚ ਲਿਖਿਆ ਹੈ “ਸਾਡੇ ਲੇਖਕਾਂ ਵਿੱਚੋਂ ਸਿਰਫ ਇਕ ਤਿਹਾਈ ਲੇਖਕ
ਉੱਤਰੀ ਅਮਰੀਕਾ ਤੋਂ ਬਾਹਰ ਦੇ ਹਨ, ਅਤੇ ਸਿਰਫ ਇਕ ਚੌਥਾਈ ਉੱਤਰੀ ਅਮਰੀਕਾ ਅਤੇ
ਯੁਰਪ ਤੋਂ ਬਾਹਰ ਦੇ ਹਨ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਦੁਨੀਆਂ ਦੇ ਕੁੱਝ
ਹਿੱਸਿਆਂ – ਖਾਸ ਤੌਰ ਉੱਤੇ ਅਰਬ ਦੇਸ਼ਾਂ , ਦੱਖਣੀ ਏਸ਼ੀਆ ਅਤੇ ਲਾਤੀਨੀ ਅਮਰੀਕਾ
– ਦੇ ਵਿਦਿਵਾਨਾਂ ਦੀ ਪ੍ਰਤੀਨਿਧਤਾ ਗੰਭੀਰ ਰੂਪ ਵਿੱਚ ਘੱਟ ਹੈ”। (Crystal: 2)
ਬਿਜਲਈ ਸੰਚਾਰ (ਇਲੈਕਟਰੌਨਿਕ ਕਮਿਊਨੀਕੇਸੰਨ) ਦੇ ਖੇਤਰ ਵਿੱਚ ਵੀ ਇਸ ਤਰ੍ਹਾਂ ਦੇ
ਹੀ ਹਾਲਾਤ ਹਨ। ਉਦਾਹਰਨ ਲਈ, ਸੰਸਾਰ ਪੱਧਰ ਉੱਪਰ ਇਲੈਕਟਰੌਨਿਕ ਢੰਗ ਨਾਲ ਸਾਂਭੀ
ਗਈ ਜਾਣਕਾਰੀ ਵਿੱਚੋਂ 80 ਫੀਸਦੀ ਅੰਗਰੇਜ਼ੀ ਵਿੱਚ ਹੈ। ਦੁਨੀਆਂ ਵਿਚ ਇੰਟਰਨੈੱਟ
ਦੀ ਵਰਤੋਂ ਕਰਨ ਵਾਲੇ 4 ਕ੍ਰੋੜ ਦੇ ਲਗਭੱਗ ਲੋਕਾਂ ਵਿਚੋਂ 80 ਫੀਸਦੀ ਅੰਗਰੇਜ਼ੀ
ਦੀ ਵਰਤੋਂ ਕਰਦੇ ਹਨ। (The British Council Web Site, 1998)
ਗਿਆਨ ਦੀ ਵੰਡ ਵਿਚਲੇ ਇਸ ਅਸੰਤੁਲਨ ਕਾਰਨ ਤੀਜੀ ਦੁਨੀਆਂ ਦੇ ਦੇਸ਼ ਗਿਆਨ,
ਤਕਨੌਲੌਜੀ, ਸਿਆਸੀ ਅਤੇ ਆਰਥਿਕ ਵਿਚਾਰਾਂ ਲਈ ਪੱਛਮੀ ਦੇਸ਼ਾਂ ਉੱਪਰ ਨਿਰਭਰ ਬਣੇ
ਹੋਏ ਹਨ। ਜਦੋਂ ਵੀ ਕਦੇ ਨਵੇਂ ਵਿਚਾਰਾਂ ਅਤੇ ਕਾਢਾਂ ਦੀ ਲੋੜ ਪੈਂਦੀ ਹੈ ਤਾਂ
ਅੰਗਰੇਜ਼ੀ ਵਿੱਚ ਪੜ੍ਹੇ ਹੋਏ ਤੀਜੀ ਦੁਨੀਆਂ ਦੇ ਨੇਤਾ ਅਤੇ ਬੁੱਧੀਜੀਵੀ ਅਗਵਾਈ ਲਈ
ਪੱਛਮ ਵਲ ਦੇਖਦੇ ਹਨ। ਇਸ ਤਰ੍ਹਾਂ ਦਾ ਰਿਸ਼ਤਾ ਪੱਛਮ ਦੇ ਸਨਅਤੀ ਦੇਸ਼ਾਂ ਅਤੇ
ਤੀਜੀ ਦੁਨੀਆਂ ਦੇ ਵਸਿ਼ਸ਼ਟ ਵਰਗ ਨਾਲ ਸੰਬੰਧਤ ਲੋਕਾਂ ਦੇ ਹਿਤਾਂ ਦੀ ਪੂਰਤੀ ਕਰਦਾ
ਹੈ। ਬਹੁਤੇ ਕੇਸਾਂ ਵਿੱਚ ਬਾਹਰੋਂ ਹਾਸਲ ਕੀਤਾ ਗਿਆ ਗਿਆਨ ਅਤੇ ਤਕਨੌਲੌਜੀ ਸਥਾਨਕ
ਲੋੜਾਂ ਦੀ ਪੂਰਤੀ ਅਤੇ ਸਥਾਨਕ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਯੋਗ ਨਹੀਂ ਹੁੰਦੀ।
ਵਿਦਿਵਾਨ ਦੇਬੀ ਪਰਸੰਨਾ ਪਟਨਾਇਕ ਦੇ ਸ਼ਬਦਾਂ ਵਿੱਚ “ਇਹ ਗੱਲ ਯਾਦ ਰੱਖਣ ਵਾਲੀ ਹੈ
ਕਿ ਤਕਨੌਲੌਜੀ, ਸਾਇੰਸ ਅਤੇ ਸਮਾਜ ਦੇ ਪਰਸਪਰ ਅਦਾਨ ਪ੍ਰਦਾਨ ਤੋਂ ਪੈਦਾ ਹੁੰਦੀ
ਹੈ। (ਪਰ) ਸਾਇੰਸ ਸਮਾਜ ਨਾਲ ਵਿਦੇਸ਼ੀ ਬੋਲੀ ਵਿੱਚ ਅਦਾਨ ਪ੍ਰਦਾਨ ਨਹੀਂ ਕਰ
ਸਕਦੀ” (381-382)।
ਤੀਜੀ ਦੁਨੀਆਂ ਦੇ ਦੇਸ਼ਾਂ ਅੰਦਰ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੀ ਇਕ
ਵਸਿ਼ਸ਼ਟ ਜਮਾਤ ਪੈਦਾ ਹੋ ਗਈ ਹੈ। ਆਮ ਤੌਰ ਉੱਤੇ ਅੰਗਰੇਜ਼ੀ ਬੋਲਣ ਵਾਲੇ ਲੋਕਾਂ
ਨੂੰ ਚੰਗੀਆਂ ਨੌਕਰੀਆਂ ਮਿਲਦੀਆਂ ਹਨ, ਉਹਨਾਂ ਦੀ ਤਾਕਤ ਦੇ ਗਲਿਆਰਿਆਂ ਤੱਕ ਪਹੁੰਚ
ਬਣਦੀ ਹੈ ਅਤੇ ਉਹਨਾਂ ਨੂੰ ਸਮਾਜ ਵਿਚ ਉੱਚਾ ਰੁਤਬਾ ਮਿਲਦਾ ਹੈ। ਕਈ ਦੇਸ਼ਾਂ ਦੇ
ਸ਼ਹਿਰੀ ਖੇਤਰਾਂ ਵਿਚ ਨੌਕਰੀਆਂ ਲੈਣ ਲਈ ਅੰਗਰੇਜ਼ੀ ਇਕ ਵੱਡੀ ਲੋੜ ਬਣਦੀ ਜਾ ਰਹੀ
ਹੈ। ਭਾਰਤ ਵਿੱਚ ਅੰਗਰੇਜ਼ੀ ਬੋਲ ਸਕਣ ਵਾਲੇ ਅਤੇ ਅੰਗਰੇਜ਼ੀ ਨਾ ਬੋਲ ਸਕਣ ਵਾਲੇ
ਲੋਕਾਂ ਵਿਚਕਾਰ ਇਕ ਵੱਡਾ ਪਾੜਾ ਪੈਦਾ ਹੋ ਗਿਆ ਹੈ। ਇਸ ਹਾਲਤ ਉੱਪਰ ਟਿੱਪਣੀ
ਕਰਦਿਆਂ ਡਾ: ਪਟਨਾਇਕ ਕਹਿੰਦੇ ਹਨ:
ਅੰਗਰੇਜ਼ੀ ਨੇ ਅੰਗਰੇਜ਼ੀ ਨਾ ਜਾਣਨ ਵਾਲੇ 96-98 ਫੀਸਦੀ ਲੋਕਾਂ ਅਤੇ
ਅੰਗਰੇਜ਼ੀ ਜਾਣਨ ਵਾਲੇ 2-4 ਫੀਸਦੀ ਲੋਕਾਂ ਵਿਚਕਾਰ ਵੱਡਾ ਪਾੜਾ ਪੈਦਾ ਕਰ ਦਿੱਤਾ
ਹੈ। ਇਸ ਨਾਲ ਵੱਡੀ ਨਾਬਰਾਬਰੀ ਪੈਦਾ ਹੋ ਗਈ ਹੈ, ਕਿਉਂਕਿ 2-4 ਫੀਸਦੀ ਲੋਕਾਂ ਦੀ
ਗਿਆਨ, ਜਾਣਕਾਰੀ, ਰੁਤਬੇ, ਪ੍ਰਤਿਸ਼ਠਾ ਅਤੇ ਦੌਲਤ ਤੱਕ ਜਿ਼ਆਦਾ ਪਹੁੰਚ ਹੈ।
ਪੜ੍ਹਾਈ ਦੇ ਖੇਤਰ ਵਿੱਚ ਦੂਜੀਆਂ ਭਾਸ਼ਾਵਾਂ ਦਾ ਬਦਲ ਬਣ ਕੇ ਇਹ (ਅੰਗਰੇਜ਼ੀ)
ਸਭਿਆਚਾਰ ਤੋਂ ਬੇਗਾਨਗੀ ਅਤੇ ਸਭਿਆਚਾਰਕ ਬੋਧ ਵਿਚ ਹਨ੍ਹੇਰੇ ਖੂੰਜੇ ਪੈਦਾ ਕਰਦੀ
ਹੈ ਅਤੇ ਸਿਰਜਣਸੰਸ਼ੀਲਤਾ ਅਤੇ ਨਵੀਆਂ ਕਾਢਾਂ ਕੱਢ ਸਕਣ ਦੀ ਸਮਰਥਾ ਦੇ ਰਾਹ ਵਿਚ
ਰੋੜਾ ਬਣਦੀ ਹੈ (383)।
ਵਸਿ਼ਸ਼ਟ ਵਰਗ ਵਲੋਂ ਅੰਗਰੇਜ਼ੀ ਨੂੰ ਦਿੱਤੀ ਜਾਂਦੀ ਤਰਜ਼ੀਹ ਕਾਰਨ ਤੀਜੀ
ਦੁਨੀਆਂ ਦੇ ਬਹੁਤੇ ਦੇਸ਼ਾਂ ਵਿਚ ਮੀਡੀਏ ਅਤੇ ਸਭਿਆਚਾਰਕ ਸਨਅਤਾਂ ਵਿਚ ਅੰਗਰੇਜ਼ੀ
ਅਤੇ ਦੂਜੀਆਂ ਬੋਲੀਆਂ ਵਰਤੇ ਜਾਂਦੇ ਵਸੀਲਿਆਂ ਵਿਚ ਅੰਤਾਂ ਦਾ ਅਸਾਂਵਾਂਪਣ ਪੈਦਾ
ਹੋ ਗਿਆ ਹੈ। ਉਦਾਹਰਨ ਲਈ 1990ਵਿਆਂ ਦੇ ਅਖੀਰ ਵਿੱਚ ਹਿੰਦੁਸਤਾਨ ਵਿਚ ਅੰਗਰੇਜ਼ੀ
ਵਿੱਚ ਚੰਗੀ ਮੁਹਾਰਤ ਰੱਖਣ ਵਾਲੇ ਲੋਕਾਂ ਦੀ ਗਿਣਤੀ 2-4 ਫੀਸਦੀ ਦੇ ਵਿਚਕਾਰ ਸੀ।
ਪਰ ਉਸ ਸਮੇਂ ਹਿੰਦੁਸਤਾਨ ਵਿਚ ਛਪਣ ਵਾਲੀਆਂ ਕਿਤਾਬਾਂ, ਅਖਬਾਰਾਂ ਅਤੇ ਬੌਧਿਕ
ਰਸਾਲਿਆਂ (ਇੰਟਲੈਕਚੁਅਲ ਜਰਨਲ) ਵਿਚੋਂ 50 ਫੀਸਦੀ ਤੋਂ ਵੱਧ ਅੰਗਰੇਜ਼ੀ ਵਿਚ ਛਪਦੇ
ਸਨ। ਵਿਗਿਆਨਕ ਖੋਜ ਦੇ ਖੇਤਰ ਵਿੱਚ ਸਮੁੱਚਾ ਸੰਚਾਰ ਅੰਗਰੇਜ਼ੀ ਵਿਚ ਹੁੰਦਾ ਸੀ।
(Albach, 1984; Wardhaugh; Butalia). ਅਜਿਹੇ ਹਾਲਾਤ ਗਿਆਨ ਅਤੇ ਜਾਣਕਾਰੀ
ਤੱਕ ਆਮ ਲੋਕਾਂ ਦੀ ਪਹੁੰਚ ਵਿੱਚ ਬਹੁਤ ਵੱਡੀ ਰੁਕਾਵਟ ਬਣਦੇ ਹਨ।
ਕਿਉਂਕਿ ਵਸਿ਼ਸ਼ਟ ਵਰਗ ਦੇ ਲੋਕਾਂ ਦੀ ਆਮ ਲੋਕਾਂ ਦੇ ਮੁਕਾਬਲੇ ਵੱਧ ਆਮਦਨ
ਹੁੰਦੀ ਹੈ, ਇਸ ਲਈ ਇਹਨਾਂ ਲੋਕਾਂ ਦੀ ਲੋੜ ਪੂਰਤੀ ਕਰ ਰਹੇ ਅੰਗਰੇਜ਼ੀ ਮੀਡੀਏ ਨੂੰ
ਦੂਜੀਆਂ ਬੋਲੀਆਂ ਦੇ ਮੀਡੀਏ ਨਾਲੋਂ ਜਿ਼ਆਦਾ ਇਸ਼ਤਿਹਾਰ ਮਿਲਦੇ ਹਨ। ਮਲੇਸ਼ੀਆ ਵਿਚ
ਇਸ ਤਰ੍ਹਾਂ ਦੀ ਸਥਿਤੀ ਬਾਰੇ ਇਕ ਰਿਪੋਰਟ ਅਨੁਸਾਰ, ਬੇਸ਼ੱਕ ਬਹਾਸਾ ਬੋਲੀ ਦੇ
ਅਖਬਾਰਾਂ ਅਤੇ ਰਸਾਲਿਆਂ ਦੀ ਵਿੱਕਰੀ ਅੰਗਰੇਜ਼ੀ ਦੇ ਅਖਬਾਰਾਂ ਰਸਾਲਿਆਂ ਦੀ
ਵਿੱਕਰੀ ਨਾਲੋਂ ਦੁੱਗਣੀ-ਤਿੱਗਣੀ ਹੈ, ਫਿਰ ਵੀ ਉਹਨਾਂ ਨੂੰ ਇਸ਼ਤਿਹਾਰਾਂ ਤੋਂ
ਅੰਗਰੇਜ਼ੀ ਦੀਆਂ ਅਖਬਾਰਾਂ ਨਾਲੋਂ ਕਿਤੇ ਘੱਟ ਆਮਦਨ ਹੁੰਦੀ ਹੈ। (Jayasankaran
24) ਇਸ ਤਰ੍ਹਾਂ ਦੇ ਹਾਲਤ ਦੂਜੀਆਂ ਬੋਲੀਆਂ ਦੇ ਮੁਕਾਬਲੇ ਅੰਗਰੇਜ਼ੀ ਨੂੰ ਹੋਰ
ਮਜ਼ਬੂਤ ਕਰਦੇ ਹਨ।
ਕਈ ਵਿਦਵਾਨਾਂ ਦਾ ਮੱਤ ਹੈ ਕਿ ਅੰਗਰੇਜ਼ੀ ਬੋਲੀ ਨੇ ਪੱਛਮੀ ਸਨਅਤੀ ਦੇਸ਼ਾਂ ਲਈ
ਤੀਜੀ ਦੁਨੀਆਂ ਦੇ ਦੇਸ਼ਾਂ ਦੀਆਂ ਮੰਡੀਆਂ ਨੂੰ ਖੋਲ੍ਹਣ ਲਈ ਇਕ ਮਹੱਤਵਪੂਰਨ ਰੋਲ
ਨਿਭਾਇਆ ਹੈ ਅਤੇ ਹੁਣ ਵੀ ਨਿਭਾ ਰਹੀ ਹੈ। ਪੈਨੀਕੁੱਕ ਅਨੁਸਾਰ, ਦੁਨੀਆਂ ਵਿਚ
ਅੰਤਰਰਾਸ਼ਟਰੀ ਵਪਾਰ ਦਾ ਸਭਿਆਚਾਰ ਫੈਲਾ ਕੇ, ਤਕਨੀਕੀ ਸਟੈਂਡਰਡਾਇਜੇਸ਼ਨ ਦੀ ਬੋਲੀ
ਬਣ ਕੇ, ਵਿਸ਼ਵ ਵਪਾਰ ਸੰਸਥਾ ਅਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ ਐਮ ਐਫ)
ਵਰਗੀਆਂ ਅੰਤਰਰਾਸ਼ਟਰੀ ਸੰਸਥਾਂਵਾਂ ਦੀ ਬੋਲੀ ਬਣ ਕੇ ਅਤੇ ਦੁਨੀਆਂ ਦੀਆਂ ਚਾਰੇ
ਦਿਸ਼ਾਵਾਂ ਤੱਕ ਖਪਤਵਾਦ ਦਾ ਸੁਨੇਹਾ ਪਹੁੰਚਾ ਕੇ ਅੰਗਰੇਜ਼ੀ “ਅੰਤਰਰਾਸ਼ਟਰੀ
ਸਰਮਾਏਦਾਰੀ” ਦੀ ਬੋਲੀ ਬਣ ਗਈ ਹੈ (Pennycook: 22 ) ਤੀਜੀ ਦੁਨੀਆਂ ਦੇ
ਦੇਸ਼ਾਂ ਵਿਚ ਬਹੁਕੌਮੀ ਕਾਰਪੋਰੇਸ਼ਨਾਂ ਦੀ ਮਲਕੀਅਤ ਵਾਲੀਆਂ ਫੈਕਟਰੀਆਂ,
ਪਲਾਂਟਾਂ, ਅਤੇ ਕਾਲ ਸੈਂਟਰਾਂ ਵਿਚ ਕੰਮ ਲੱਭਣ ਲਈ ਅੰਗਰੇਜ਼ੀ ਸਿੱਖਣਾ ਤੀਜੀ
ਦੁਨੀਆਂ ਦੇ ਲੋਕਾਂ ਦੀ ਮਜ਼ਬੂਰੀ ਬਣ ਗਿਆ ਹੈ। ਜੇਮਜ਼ ਟੋਲਿਫਸਨ ਫਿਲਪੀਨ ਦੀ
ਉਦਾਹਰਨ ਦੇ ਕੇ ਇਸ ਗੱਲ ਨੂੰ ਹੋਰ ਸਪਸ਼ਟ ਕਰਦਾ ਹੈ। ਉਸ ਦਾ ਦਾਅਵਾ ਹੈ ਕਿ
1970ਵਿਆਂ ਦੇ ਸ਼ੁਰੂ ਵਿਚ ਫਿਲਪੀਨ ਵਿੱਚ ਮਾਰਸ਼ਲ ਲਾਅ ਲੱਗਣ ਕਾਰਨ ਫਿਲਪੀਨ ਦੀ
ਆਰਥਿਕਤਾ ਵਿਚ ਵੱਡੀ ਪੱਧਰ ਉੱਤੇ ਰੱਦੋਬਦਲ ਕੀਤੀ ਗਈ। ਇਸ ਸਮੇਂ ਦੌਰਾਨ ਵੱਡੀ
ਗਿਣਤੀ ਵਿਚ ਵਿਦੇਸ਼ੀ ਪੂੰਜੀ ਫਿਲਪੀਨ ਵਿਚ ਲਾਈ ਗਈ। ਨਤੀਜੇ ਵਜੋਂ, ਛੋਟਾ ਸਾਮਾਨ
ਤਿਆਰ ਕਰਨ ਵਾਲੀਆਂ ਕਈ ਤਰ੍ਹਾਂ ਦੀਆਂ ਸਨਅਤਾਂ, ਅਸੰਬਲੀ ਪਲਾਂਟ ਅਤੇ ਖਪਤਕਾਰੀ
ਵਸਤਾਂ ਬਣਾਉਣ ਵਾਲੀਆਂ ਫੈਕਟਰੀਆਂ ਫਿਲਪੀਨ ਵਿੱਚ ਲਾਈਆਂ ਗਈਆਂ। ਇਹਨਾਂ ਸਨਅਤਾਂ
ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਫਿਲਪੀਨ ਦੀ ਸਰਕਾਰ ਨੇ ਆਪਣੇ ਵਿਦਿਅਕ ਪ੍ਰਬੰਧ
ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ। ਇਹਨਾਂ ਪਾਲਸੀਆਂ ਦਾ ਇਕ ਮੁੱਦਾ ਸੀ,
ਅੰਗਰੇਜ਼ੀ ਦੀ ਪੜ੍ਹਾਈ ਉੱਪਰ ਜ਼ੋਰ ਦੇਣਾ। ਜੇ ਅਸੀਂ ਪੰਜਾਬ ਦੀ ਪਿਛਲੀ ਸਰਕਾਰ
ਵਲੋਂ ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਪੜ੍ਹਾਈ ਦੇ ਐਲਾਨਾਂ
ਨੂੰ ਵੀ ਇਸ ਉਦਾਹਰਨ ਨਾਲ ਜੋੜ ਕੇ ਦੇਖੀਏ ਤਾਂ ਕਈ ਗੱਲਾਂ ਸਪਸ਼ਟ ਹੋ ਜਾਂਦੀਆਂ
ਹਨ। ਪੰਜਾਬ ਦੀਆਂ ਸਰਕਾਰਾਂ ਵਲੋਂ ਇਕ ਪਾਸੇ ਬਹੁਕੌਮੀ ਕਾਰਪੋਰੇਸੰਨਾਂ ਨੂੰ ਪੰਜਾਬ
ਵਿਚ ਆਕੇ ਪੂੰਜੀ ਨਿਵੇਸ਼ ਲਈ ਸੱਦਾ ਦੇਣ ਅਤੇ ਦੂਸਰੇ ਪਾਸੇ ਅੰਗਰੇਜ਼ੀ ਦੀ ਪੜ੍ਹਾਈ
ਉੱਤੇ ਜ਼ੋਰ ਦੇਣ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ।
ਇਸ ਸਮੇਂ ਦੁਨੀਆਂ ਦੀਆਂ ਕਈ ਬੋਲੀਆਂ ਮਰ ਰਹੀਆਂ ਹਨ। ਇਸ ਸੰਬੰਧ ਵਿਚ ਇਕ
ਵਿਦਿਵਾਨ ਦੀ ਧਾਰਨਾ ਹੈ ਕਿ 21ਵੀਂ ਸਦੀ ਦੌਰਾਨ ਦੁਨੀਆਂ ਦੀਆਂ 6,000 ਬੋਲੀਆਂ
ਵਿਚੋਂ 80 ਫੀਸਦੀ ਬੋਲੀਆਂ ਮਰ ਜਾਣਗੀਆਂ। (Crystal: 17) ਬੇਸ਼ੱਕ ਅੰਗਰੇਜ਼ੀ ਦੀ
ਸਰਦਾਰੀ ਨੂੰ ਮੁਕੰਮਲ ਤੌਰ ਉੱਤੇ ਇਹਨਾਂ ਬੋਲੀਆਂ ਦੀ ਮੌਤ ਦਾ ਕਾਰਨ ਨਿਰਧਾਰਤ
ਕਰਨਾ ਪੂਰੀ ਤਰ੍ਹਾਂ ਠੀਕ ਨਹੀਂ, ਪਰ ਕਈ ਕੇਸਾਂ ਵਿਚ ਇਹ ਗੱਲ ਸਹੀ ਆਖੀ ਜਾ ਸਕਦੀ
ਹੈ। ਉਦਾਹਰਨ ਲਈ, ਡੇਵਿਡ ਕਰਿਸਟਲ ਦਾ ਦਾਅਵਾ ਹੈ ਕਿ ਗੁਆਮ ਅਤੇ ਮੈਰੀਆਨਾਜ਼ ਵਿਚ
ਅੰਗਰੇਜ਼ੀ ਦੀ ਸਰਦਾਰੀ ਉੱਥੋਂ ਦੀ ਸਥਾਨਕ ਬੋਲੀ ਚੈਮਾਰੋ ਦੀ ਮੌਤ ਦਾ ਕਾਰਨ ਬਣ
ਰਹੀ ਹੈ। ਕਿਸੇ ਵੀ ਬੋਲੀ ਦੀ ਮੌਤ ਇਕ ਗੰਭੀਰ ਦੁਖਾਂਤ ਹੈ ਕਿਉਂਕਿ ਜਦੋਂ ਕੋਈ
ਬੋਲੀ ਮਰਦੀ ਹੈ ਤਾਂ ਉਹ ਬੋਲੀ ਬੋਲਣ ਵਾਲੇ ਲੋਕਾਂ ਦੇ ਇਤਿਹਾਸ, ਮਿੱਥਾਂ,
ਰਵਾਇਤਾਂ, ਸਭਿਆਚਾਰ ਅਤੇ ਦੁਨੀਆਂ ਨੂੰ ਦੇਖਣ ਦੇ ਨਜ਼ਰੀਏ ਦੀ ਮੌਤ ਹੁੰਦੀ ਹੈ।
ਜਿਹਨਾਂ ਕੇਸਾਂ ਵਿਚ ਅੰਗਰੇਜ਼ੀ ਦਾ ਗ਼ਲਬਾ ਦੂਜੀਆਂ ਬੋਲੀਆਂ ਦੀ ਮੌਤ ਦਾ ਕਾਰਨ
ਨਹੀਂ ਬਣਦਾ, ਇਹ ਗੱਲ ਪੱਕੀ ਹੈ ਕਿ ਉਹਨਾਂ ਕੇਸਾਂ ਵਿੱਚ ਅੰਗਰੇਜ਼ੀ ਦਾ ਗ਼ਲਬਾ
ਦੂਜੀਆਂ ਬੋਲੀਆਂ ਦੀ ਤਰੱਕੀ ਅੱਗੇ ਅੜਿਕਾ ਜ਼ਰੂਰ ਬਣਦਾ ਹੈ। ਉਦਾਹਰਨ ਲਈ ਕਈ
ਦੇਸ਼ਾਂ ਵਿਚ ਬੋਲੀਆਂ ਵਿਚਕਾਰ ਦਰਜਾਬੰਦੀ ਸਥਾਪਤ ਹੋ ਚੁੱਕੀ ਹੈ, ਜਿੱਥੇ
ਅੰਗਰੇਜ਼ੀ ਵਿਗਿਆਨ, ਵਣਜ-ਵਪਾਰ ਅਤੇ ਤਕਨੌਲੌਜੀ ਦੀ ਬੋਲੀ ਬਣ ਗਈ ਹੈ ਅਤੇ ਸਥਾਨਕ
ਬੋਲੀਆਂ ਦੀ ਵਰਤੋਂ ਦੂਸਰੇ ਸਮਾਜਕ ਕਾਰਜਾਂ ਲਈ ਕੀਤੀ ਜਾਂਦੀ ਹੈ। ਨਤੀਜੇ ਵਜੋਂ,
ਅੰਗਰੇਜ਼ੀ ਲਈ ਜਿ਼ਆਦੇ ਵਸੀਲੇ ਰਾਖਵੇਂ ਰੱਖੇ ਜਾਂਦੇ ਹਨ, ਜਿਸ ਨਾਲ ਦੂਜੀਆਂ
ਬੋਲੀਆਂ ਦੀ ਤਰੱਕੀ ਵਿਚ ਰੁਕਾਵਟਾਂ ਪੈਦਾ ਹੁੰਦੀਆਂ ਹਨ। ਇਸ ਦੇ ਨਾਲ ਹੀ ਜਦੋਂ
ਕੋਈ ਸਥਾਨਕ ਬੋਲੀ ਵਿਗਿਆਨ, ਵਣਜ-ਵਪਾਰ ਅਤੇ ਤਕਨੌਲੌਜੀ ਵਿਚ ਨਹੀਂ ਵਰਤੀ ਜਾਂਦੀ,
ਤਾਂ ਉਹ ਬੋਲੀ ਇਹਨਾਂ ਵਿਸਿ਼ਆਂ ਨਾਲ ਨਜਿੱਠਣ ਲਈ ਆਪਣੀ ਸਮਰੱਥਾ ਵਿਕਸਤ ਨਹੀਂ ਕਰ
ਸਕਦੀ। ਜਦੋਂ ਇਹ ਹੋ ਜਾਂਦਾ ਹੈ ਤਾਂ ਅੰਗਰੇਜ਼ੀ ਬੋਲੀ ਦੇ ਹਮਾਇਤੀ ਇਹ ਦਾਅਵਾ
ਕਰਦੇ ਹਨ ਕਿ ਸਥਾਨਕ ਬੋਲੀ ਇਹਨਾਂ ਵਿਸਿ਼ਆਂ ਨਾਲ ਨਜਿੱਠਣ ਦੇ ਕਾਬਲ ਨਹੀਂ ਅਤੇ ਇਸ
ਲਈ ਇਹਨਾਂ ਵਿਸਿ਼ਆਂ ਬਾਰੇ ਪੜ੍ਹਾਈ ਅਤੇ ਗਿਆਨ ਦਾ ਅਦਾਨ ਪ੍ਰਦਾਨ ਅੰਗਰੇਜ਼ੀ ਵਿਚ
ਹੋਣਾ ਚਾਹੀਦਾ ਹੈ। ਪੈਨੀਕੁੱਕ ਦੇ ਅਨੁਸਾਰ, ਇਸ ਸਮੇਂ ਹਾਂਗਕਾਂਗ ਵਿਚ ਕੈਂਟਨੀਜ਼
(ਇਕ ਚੀਨੀ ਭਾਸ਼ਾ) ਇਸ ਸਥਿਤੀ ਦਾ ਸਾਹਮਣਾ ਕਰ ਰਹੀ ਹੈ।
ਅੰਗਰੇਜ਼ੀ ਦੀ ਸਰਦਾਰੀ ਤੀਜੀ ਦੁਨੀਆਂ ਦੇ ਕਈ ਦੇਸ਼ਾਂ ਦੇ ਗਿਆਨ ਨੂੰ ਨਕਾਰਦੀ
ਹੈ ਅਤੇ ਪੱਛਮੀ ਗਿਆਨ ਨੂੰ ਥਾਪਨਾ ਦਿੰਦੀ ਹੈ। ਅਜਿਹਾ ਕਈ ਤਰ੍ਹਾਂ ਹੁੰਦਾ ਹੈ।
ਸੱਭ ਤੋਂ ਪਹਿਲਾਂ ਇਹ ‘ਅਨਪੜ੍ਹਤਾ’ ਪੈਦਾ ਕਰਦੀ ਹੈ। ਇਸ ਗੱਲ ਨੂੰ ਸਪਸ਼ਟ ਕਰਨ ਲਈ
ਫਿਲਪਸਨ, ਆਕਸਫੋਰਡ ਡਿਕਸ਼ਨਰੀ ਦੇ ਸੰਪਾਦਕ ਬਰਚਫੀਲਡ ਦਾ ਹਵਾਲਾ ਦਿੰਦਾ ਹੈ।
ਬਰਚਫੀਲਡ ਅਨੁਸਾਰ,
ਅੰਗਰੇਜ਼ੀ ਉਸ ਪੱਧਰ ਤੱਕ ਸੰਪਰਕ ਭਾਸ਼ਾ ਬਣ ਗਈ ਹੈ, ਕਿ ਇਕ ਪੜ੍ਹਿਆ
ਲਿਖਿਆ ਵਿਅਕਤੀ ਸਹੀ ਮਾਅਨਿਆਂ ਵਿੱਚ ਇਕ ਵੰਚਿਤ ਵਿਅਕਤੀ ਹੈ ਜੇ ਉਹ ਅੰਗਰੇਜ਼ੀ
ਨਹੀਂ ਜਾਣਦਾ। ਗਰੀਬੀ, ਕਾਲ ਅਤੇ ਬੀਮਾਰੀ ਨੂੰ ਸਪਸ਼ਟ ਰੂਪ ਵਿਚ ਜ਼ਾਲਮਾਨਾ ਅਤੇ
ਮੁਆਫ ਨਾ ਕੀਤੇ ਜਾ ਸਕਣ ਵਾਲਾ ਵੰਚਿਤਪੁਣੇ ਸਮਝਿਆ ਜਾਂਦਾ ਹੈ। ਬੋਲੀ ਆਧਾਰਿਤ
ਵੰਚਿਤਪੁਣੇ ਨੂੰ ਏਨੀ ਸੌਖੀ ਤਰ੍ਹਾਂ ਨਹੀਂ ਪਹਿਚਾਣਿਆ ਜਾਂਦਾ, ਪਰ ਇਸਦੇ ਨਤੀਜੇ
ਬਹੁਤ ਗੰਭੀਰ ਹਨ। (5)
ਉੱਪਰਲੀ ਟਿੱਪਣੀ ਦੇ ਮੱਦੇਨਜ਼ਰ ਅੰਗਰੇਜ਼ੀ ਨਾ ਸਮਝਣ ਵਾਲੇ ਵਿਅਕਤੀ ਨੂੰ
ਅਨਪੜ੍ਹ ਵਿਅਕਤੀ ਸਮਝਿਆ ਜਾਵੇਗਾ, ਬੇਸ਼ੱਕ ਉਹ ਦੂਜੀਆਂ ਬੋਲੀਆਂ ਦਾ ਜਿੰਨਾ ਵੀ
ਵੱਡਾ ਗਿਆਤਾ ਹੋਵੇ। ਮਾਇਕਲ ਵੈਟਕਿਓਟਿਸ ਮਲੇਸ਼ੀਆ ਦੀ ਉਦਾਹਰਨ ਦੇ ਕੇ ਇਸ ਗੱਲ
ਨੂੰ ਸਪਸ਼ਟ ਕਰਦਾ ਹੈ। ਉਸਦਾ ਕਹਿਣਾ ਹੈ ਕਿ ਮਲੇਸ਼ੀਆ ਦੀਆਂ ਸਥਾਨਕ
ਯੂਨੀਵਰਿਸਟੀਆਂ ਅਤੇ ਵਿਦਿਅਕ ਸੰਸਥਾਂਵਾਂ ਵਿੱਚ ਪੜ੍ਹੇ ਹੋਏ ਲੋਕ ਵਿਦੇਸ਼ੀ
ਯੂਨੀਵਰਿਸਟੀਆਂ ਵਿੱਚ ਪੜ੍ਹੇ ਹੋਏ ਲੋਕਾਂ ਜਿੰਨੀ ਚੰਗੀ ਅੰਗਰੇਜ਼ੀ ਨਹੀਂ ਬੋਲ
ਸਕਦੇ। ਨਤੀਜੇ ਵਜੋਂ ਕੰਮ-ਮਾਲਕ ਇਹ ਸਮਝਦੇ ਹਨ ਕਿ ਸਥਾਨਕ ਪੜ੍ਹੇ ਲਿਖੇ ਲੋਕ
ਵਿਦੇਸ਼ਾਂ ਵਿਚੋਂ ਪੜ੍ਹ ਕੇ ਆਏ ਲੋਕਾਂ ਦੇ ਮੁਕਾਬਲੇ ਘੱਟ ਹੁਸਿ਼ਆਰ ਹਨ। ਸਥਾਨਕ
ਗਿਆਨ ਨੂੰ ਨਕਾਰਨ ਦਾ ਇਕ ਹੋਰ ਢੰਗ ਇਹ ਹੈ ਕਿ ਅੰਗਰੇਜ਼ੀ ਪੜ੍ਹਨਾ ਇਕ ਅਗਾਂਹਵਧੂ
ਕਦਮ ਸਮਝਿਆ ਜਾਂਦਾ ਹੈ ਅਤੇ ਸਥਾਨਕ ਭਾਸ਼ਾ ਪੜ੍ਹਨਾ ਇਕ ਪਿਛਾਂਹ-ਖਿਚੂ ਕਦਮ। ਇਹ
ਮੰਨਿਆ ਜਾਂਦਾ ਹੈ ਕਿ ਸਥਾਨਕ ਬੋਲੀਆਂ ਦੀ ਪੜ੍ਹਾਈ ਆਧੁਨਿਕ ਗਿਆਨ ਦੀ ਥਾਂ
ਪਰੰਪਰਗਤ ਗਿਆਨ, ਤਰਕਸ਼ੀਲਤਾ ਦੀ ਥਾਂ ਵਹਿਮੀ ਅਤੇ ਭਰਮੀ ਨਜ਼ਰੀਆ ਮੁਹੱਈਆ ਕਰਦੀ ਹੈ
ਅਤੇ ਏਕਤਾ ਦੀ ਥਾਂ ਵੰਡੀਆਂ ਪਾਉਣ ਦਾ ਕਾਰਨ ਬਣਦੀ ਹੈ। (Phillipson: 284)
ਇਸ ਦੇ ਨਾਲ ਹੀ ਗੈਰ-ਅੰਗਰੇਜ਼ੀ ਬੋਲਣ ਵਾਲੇ ਲੋਕਾਂ ਦੇ ਮਸਲੇ, ਸਰੋਕਾਰ, ਦੁੱਖ
ਅਤੇ ਦਰਦ ਵਿਸ਼ਵ ਪੱਧਰ ਉੱਪਰ ਕੇਂਦਰੀ ਥਾਂ ਤਾਂ ਹੀ ਹਾਸਲ ਕਰਦੇ ਹਨ, ਜੇ ਉਹ
ਅੰਗਰੇਜ਼ੀ ਵਿੱਚ ਪ੍ਰਗਟ ਕੀਤੇ ਜਾਣ। ਸ਼ਾਇਦ ਇਸ ਹੀ ਕਰਕੇ ਗੈਰ-ਅੰਗਰੇਜ਼ੀ ਬੋਲਣ
ਵਾਲੇ ਦੇਸ਼ਾਂ ਵਿੱਚ ਨਾਬਰਾਬਰੀ ਅਤੇ ਬੇਇਨਸਾਫੀ ਵਿਰੁੱਧ ਮੁਜ਼ਾਹਰੇ ਕਰ ਰਹੇ
ਲੋਕਾਂ ਨੇ ਆਪਣੇ ਹੱਥਾਂ ਵਿੱਚ ਅੰਗਰੇਜ਼ੀ ਵਿੱਚ ਲਿਖੇ ਫੱਟੇ ਚੁੱਕੇ ਹੁੰਦੇ ਹਨ।
ਅਜਿਹਾ ਕਰਦੇ ਵਕਤ ਉਹਨਾਂ ਦੇ ਮਨਾਂ ਵਿੱਚ ਆਪਣੀ ਬੋਲੀ ਦੇ ਹੀਣੀ ਹੋਣ ਬਾਰੇ ਜ਼ਰੂਰ
ਵਿਚਾਰ ਆਉਂਦੇ ਹੋਣਗੇ ਕਿਉਂਕਿ ਉਹਨਾਂ ਦੀ ਬੋਲੀ ਉਹਨਾਂ ਦੇ ਦੁੱਖ, ਦਰਦ ਅਤੇ ਰੋਸ
ਦਾ ਸੁਨੇਹਾ ਵਿਸ਼ਵ ਪੱਧਰ ਉੱਪਰ ਪਹੁੰਚਾਉਣ ਤੋਂ ਅਸਮਰੱਥ ਹੁੰਦੀ ਹੈ। ਅੰਗਰੇਜ਼ੀ
ਦੇ ਗ਼ਲਬੇ ਵਾਲੇ ਵਿਸ਼ਵ ਮੀਡੀਏ ਵਿੱਚ ਉਹਨਾਂ ਲੋਕਾਂ ਦੇ ਦੁੱਖ ਦਰਦ ਦੀ ਕਹਾਣੀ
ਤਰਜ਼ੀਹ ਲੈਂਦੀ ਹੈ ਜੋ ਕੁੱਝ ਹੱਦ ਤੱਕ ਅੰਗਰੇਜ਼ੀ ਬੋਲ ਸਕਦੇ ਹੋਣ। ਇਸ ਸੰਬੰਧ
ਵਿੱਚ ਪੈਨੀਕੁੱਕ ਦੀ ਕਿਤਾਬ ਵਿੱਚ ਦਿੱਤੀਆਂ ਦੋ ਕਹਾਣੀਆਂ ਪਾਠਕਾਂ ਨਾਲ ਸਾਂਝੀਆਂ
ਕੀਤੀਆਂ ਜਾਣਗੀਆਂ। ਇਕ ਕਹਾਣੀ ਉਸ ਸਮੇਂ ਦੀ ਹੈ ਜਦੋਂ ਜ਼ਾਇਰ ਆਜ਼ਾਦ ਹੋਇਆ ਸੀ
ਅਤੇ ਉੱਥੋਂ ਬੈਲਜ਼ੀਅਮ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਸੀ। ਇਸ ਸਮੇਂ ਬੀ
ਬੀ ਸੀ ਦਾ ਇਕ ਰੀਪੋਰਟਰ ਇਕ ਭੀੜ ਵਿੱਚ ਦਾਖਲ ਹੋਇਆ ਅਤੇ ਅੰਗਰੇਜ਼ੀ ਵਿੱਚ
ਬੋਲਿਆ, “ਕੋਈ ਹੈ, ਜਿਸ ਦਾ ਬਲਾਤਕਾਰ ਹੋਇਆ ਹੈ, ਅਤੇ ਜੋ ਅੰਗਰੇਜ਼ੀ ਵੀ ਬੋਲ
ਸਕਦੀ ਹੈ”। ਦੂਸਰੀ ਕਹਾਣੀ ਬੌਸਨੀਆ ਦੇ ਸੰਕਟ ਸੰਬੰਧੀ ਹੈ। ਇਸ ਕਹਾਣੀ ਅਨੁਸਾਰ,
ਬੌਸਨੀਆ ਦੀ ਜੰਗ ਸਮੇਂ, ਉੱਥੋਂ ਦਾ ਸ਼ਹਿਰ ਜ਼ਗਰੇਵ ਵਿਦੇਸ਼ੀ ਪੱਤਰਕਾਰਾਂ ਨਾਲ
ਭਰਿਆ ਪਿਆ ਸੀ ਅਤੇ ਇਹ ਪੱਤਰਕਾਰ ਸ਼ਰਨਾਰਥੀ ਕੈਂਪਾਂ ਵਿੱਚ ਜਾ ਕੇ ਉਪਰਲੀ ਕਹਾਣੀ
ਵਿੱਚ ਵਰਤੇ ਵਾਕ ਵਰਗੇ ਵਾਕ ਹੀ ਦੁਹਰਾਉਂਦੇ ਸਨ, “ਕੋਈ ਹੈ, ਜਿਸਦਾ ਬਲਾਤਕਾਰ
ਹੋਇਆ ਹੈ, ਅਤੇ ਜੋ ਅੰਗਰੇਜ਼ੀ ਵੀ ਬੋਲ ਸਕਦੀ ਹੈ” (3)। ਸਪਸ਼ਟ ਹੈ ਕਿ ਇਹਨਾਂ
ਸਥਿਤੀਆਂ ਵਿੱਚ ਬਲਾਤਕਾਰ ਦਾ ਸਿ਼ਕਾਰ ਹੋਈ ਪਰ ਅੰਗਰੇਜ਼ੀ ਨਾ ਬੋਲ ਸਕਣ ਵਾਲੀ ਔਰਤ
ਦੀ ਦਰਦ ਕਹਾਣੀ ਵਿੱਚ ਅੰਤਰਰਾਸ਼ਟਰੀ ਮੀਡੀਏ ਨੂੰ ਕੋਈ ਦਿਲਚਸਪੀ ਨਹੀਂ ਸੀ।
ਇਸ ਸੰਬੰਧ ਵਿਚ ਇਕ ਹੋਰ ਉਦਾਹਰਨ ਮੌਜੂਦਾ ਇਰਾਕ ਦੀ ਦੇਖੀ ਜਾ ਸਕਦੀ ਹੈ। ਜਦੋਂ
ਤੋਂ ਇਰਾਕ ਦੀ ਜੰਗ ਲੱਗੀ ਹੈ, ਤਕਰੀਬਨ ਹਰ ਰੋਜ਼ ਉੱਥੋਂ ਦੀਆਂ ਖਬਰਾਂ ਦੁਨੀਆਂ ਭਰ
ਦੇ ਟੀ ਵੀ ਸਕਰੀਨਾਂ ਉੱਤੇ ਦਿਖਾਈਆਂ ਜਾਂਦੀਆਂ ਹਨ। ਇਹਨਾਂ ਖਬਰਾਂ ਦਾ ਆਮ ਪੈਟਰਨ
ਕੁੱਝ ਇਸ ਤਰ੍ਹਾਂ ਦਾ ਹੈ। ਖਬਰ ਵਿੱਚ ਰੀਪੋਰਟਰ ਦੀ ਵਾਰਤਾਲਾਪ ਨਾਲ ਇਰਾਕ ਵਿੱਚ
ਵਾਪਰੀ ਘਟਨਾ ਦੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਹਨ ਅਤੇ ਫਿਰ ਕਿਸੇ ਅਮਰੀਕੀ ਜਾਂ
ਬਰਤਾਨਵੀ ਫੌਜੀ ਦਾ ਘਟਨਾ ਬਾਰੇ ਪ੍ਰਤੀਕਰਮ ਦਿਖਾਇਆ ਜਾਂਦਾ ਹੈ। ਵਿਰਲੀ ਟਾਂਵੀ
ਵਾਰੀ ਹੀ ਕਿਸੇ ਇਰਾਕੀ ਦਾ ਇਹਨਾਂ ਘਟਨਾਵਾਂ ਬਾਰੇ ਪ੍ਰਤੀਕਰਮ ਦਿਖਾਇਆ ਜਾਂਦਾ ਹੈ।
ਅਜਿਹਾ ਹੋਣ ਪਿੱਛੇ ਇਕ ਵੱਡਾ ਕਾਰਨ ਇਹ ਹੈ ਕਿ ਬਹੁਗਿਣਤੀ ਇਰਾਕੀ ਲੋਕ ਆਪਣਾ
ਪ੍ਰਤੀਕਰਮ ਅੰਗਰੇਜ਼ੀ ਵਿੱਚ ਨਹੀਂ ਦੇ ਸਕਦੇ ਪਰ ਵੱਡੀਆਂ ਮੀਡੀਆ ਸੰਸਥਾਂਵਾਂ ਦੀ
ਦਿਲਚਸਪੀ ਅੰਗਰੇਜ਼ੀ ਦੇ ਪ੍ਰਤੀਕਰਮ ਲੈਣ ਵਿੱਚ ਹੈ। ਇਸ ਸਭ ਦਾ ਨਤੀਜਾ ਇਹ ਨਿਕਲ
ਰਿਹਾ ਹੈ ਕਿ ਸਾਨੂੰ ਇਰਾਕ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਅੰਗਰੇਜ਼ੀ ਬੋਲਣ
ਵਾਲੇ ਅਮਰੀਕੀ ਜਾਂ ਬਰਤਾਨਵੀ ਫੌਜੀਆਂ ਦਾ ਪ੍ਰਤੀਕਰਮ ਤਾਂ ਮਿਲ ਰਿਹਾ ਹੈ ਪਰ ਇਰਾਕ
ਦੇ ਲੋਕਾਂ ਦਾ ਨਹੀਂ। ਸੰਸਾਰ ਪੱਧਰ ਦੇ ਮੀਡੀਏ ਉੱਪਰ ਅੰਗਰੇਜ਼ੀ ਦਾ ਗ਼ਲਬਾ ਹੋਣ
ਕਾਰਨ ਇਰਾਕੀ ਲੋਕ ਇਕ ਕਿਸਮ ਦੇ ਗੂੰਗੇ ਬਣ ਕੇ ਰਹਿ ਗਏ ਹਨ।
ਦੁਨੀਆਂ ਵਿੱਚ ਅੰਗਰੇਜ਼ੀ ਦੇ ਗ਼ਲਬੇ ਦਾ ਦੁਨੀਆਂ ਵਿੱਚ ਅੰਗਰੇਜ਼ੀ (ਅਮਰੀਕਨ
ਅਤੇ ਬਰਤਾਨਵੀ) ਸਭਿਆਚਾਰ ਦੇ ਗ਼ਲਬੇ ਨਾਲ ਸਿੱਧਾ ਸੰਬੰਧ ਹੈ। ਭਾਸ਼ਾ ਸਿਰਫ ਸੰਚਾਰ
ਦਾ ਇਕ ਸਾਧਨ ਹੀ ਨਹੀਂ ਹੁੰਦੀ ਸਗੋਂ ਉਸ ਵਿੱਚ ਵਿੱਚ ਉਸ ਨੂੰ ਬੋਲਣ ਵਾਲੇ ਲੋਕਾਂ
ਦੀਆਂ ਖਾਸ ਕਦਰਾਂ ਕੀਮਤਾਂ, ਵਿਚਾਰ, ਰਵਾਇਤਾਂ, ਇਤਿਹਾਸ, ਦੁਨੀਆਂ ਨੂੰ ਦੇਖਣ ਦਾ
ਨਜ਼ਰੀਆ ਅਤੇ ਜੀਉਣ ਦਾ ਢੰਗ ਸਿਮਟਿਆ ਹੁੰਦਾ ਹੈ। ਇਸ ਲਈ ਬੋਲੀ ਦਾ ਸਭਿਆਚਾਰ ਨੂੰ
ਹਾਸਲ ਕਰਨ, ਉਸ ਨੂੰ ਕਾਇਮ ਰੱਖਣ ਅਤੇ ਉਸਦਾ ਦੂਸਰਿਆਂ ਤੱਕ ਸੰਚਾਰ ਕਰਨ ਵਿੱਚ ਇਕ
ਵੱਡਾ ਹੱਥ ਹੁੰਦਾ ਹੈ। ਅਲਜੀਰੀਅਨ ਲੇਖਕ ਫਰਾਂਜ਼ ਫੈਨਨਜ਼ ਦੇ ਸ਼ਬਦਾਂ ਵਿੱਚ,
“ਬੋਲ ਸਕਣ ਦਾ ਅਰਥ ਕਿਸੇ ਖਾਸ ਵਾਕ ਰਚਨਾ ਨੂੰ ਵਰਤ ਸਕਣ, ਕਿਸੇ ਭਾਸ਼ਾ ਦੇ ਰੂਪ
ਵਿਗਿਆਨ ਨੂੰ ਸਮਝ ਸਕਣ ਦੀ ਸਥਿਤੀ ਵਿੱਚ ਹੋਣਾ ਹੁੰਦਾ ਹੈ, ਪਰ ਇਸ ਦਾ ਸੱਭ ਤੋਂ
ਵੱਡਾ ਅਰਥ ਕਿਸੇ ਸਭਿਆਚਾਰ ਨੂੰ ਧਾਰਣ ਕਰਨਾ (ਅਤੇ) ਕਿਸੇ ਸਭਿਅਤਾ ਦੇ ਭਾਰ ਨੂੰ
ਮੋਢਾ ਦੇਣਾ ਹੁੰਦਾ ਹੈ” (17-18)। ਉਹ ਅਗਾਂਹ ਲਿਖਦਾ ਹੈ, “ਬੋਲੀ ਵਾਲਾ ਇਨਸਾਨ
ਉਸ ਬੋਲੀ ਰਾਹੀਂ ਪ੍ਰਗਟਾਈ ਅਤੇ ਦਰਸਾਈ ਦੁਨੀਆਂ ਦਾ ਮਾਲਕ ਹੁੰਦਾ ਹੈ” (18)। ਇਸ
ਧਾਰਨਾ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਭਰ ਵਿੱਚ ਅੰਗਰੇਜ਼ੀ ਦਾ
ਪਸਾਰਾ ਦੁਨੀਆਂ ਭਰ ਵਿੱਚ ਅਮਰੀਕਨ ਅਤੇ ਬਰਤਾਨਵੀ ਸਭਿਆਚਾਰ ਦੇ ਪਸਾਰ ਲਈ ਸਹਾਇਕ
ਰੋਲ ਨਿਭਾ ਰਿਹਾ ਹੈ ਅਤੇ ਦੂਸਰੀਆਂ ਬੋਲੀਆਂ ਦੇ ਉਜਾੜੇ ਜਾਂ ਮੌਤ ਦਾ ਕਾਰਨ ਬਣ
ਰਿਹਾ ਹੈ। ਦੁਨੀਆ ਵਿੱਚ ਬੋਲੀਆਂ ਦਾ ਉਜਾੜਾ ਜਾਂ ਮੌਤ ਦੁਨੀਆਂ ਵਿੱਚ ਸਭਿਆਚਾਰਾਂ
ਦੇ ਉਜਾੜੇ ਜਾਂ ਮੌਤ ਦੇ ਬਰਾਬਰ ਹੈ। ਬੋਲੀਆਂ ਦੇ ਉਜਾੜੇ ਜਾਂ ਮੌਤ ਨੂੰ ਹੇਠਲੀ
ਕਵਿਤਾ ਬਹੁਤ ਹੀ ਦਰਦਮਈ ਢੰਗ ਨਾਲ ਬਿਆਨ ਕਰਦੀ ਹੈ:
ਉਸ ਨੂੰ ਸਿਰਫ ਗੀਤਾਂ ਅਤੇ ਢੋਲਕ ਦੀ ਥਾਪ ਦੇ ਕੁੱਝ ਟੁਕੜੇ
ਹੀ ਯਾਦ ਸਨ
ਇਸ ਲਈ ਉਸਨੇ ਮੇਰੇ ਨਾਲ
ਹਰਾਮਦੀ ਬੋਲੀ ਵਿੱਚ ਗੱਲ ਕੀਤੀ
ਜੋ ਬੰਦੂਕਾਂ ਦੀ ਚੁੱਪ ਉੱਤੋਂ ਦੀ ਤੁਰ ਕੇ ਆਈ ਸੀ।
ਬਹੁਤ ਲੰਮਾਂ ਸਮਾਂ ਬੀਤ ਗਿਆ ਹੈ
ਜਦੋਂ ਉਹ ਪਹਿਲੀ ਵਾਰ ਆਏ ਸਨ
ਅਤੇ ਉਹਨਾਂ ਪਿੰਡ ਵਿੱਚ ਦੀ ਮਾਰਚ ਕੀਤਾ ਸੀ
ਉਹਨਾਂ ਨੇ ਮੈਨੂੰ ਮੇਰਾ ਆਪਣਾ ਵਿਰਸਾ ਭੁੱਲਣਾ
ਅਤੇ ਭਵਿੱਖ ਵਿੱਚ ਉਹਨਾਂ ਦੀ ਪਰਛਾਈਂ ਵਾਂਗ ਰਹਿਣਾ ਸਿਖਾਇਆ
ਸਮੂਹਗਾਨ: ਉਹਨਾਂ ਕਿਹਾ ਮੈਨੂੰ ਥੋੜੀ ਜਿਹੀ
ਅੰਗਰੇਜ਼ੀ ਬੋਲਣੀ ਸਿੱਖਣੀ ਚਾਹੀਦੀ ਹੈ
ਮੈਨੂੰ ਸੂਟ ਅਤੇ ਟਾਈ ਤੋਂ ਡਰਨਾ ਨਹੀਂ ਚਾਹੀਦਾ
ਮੈਨੂੰ ਵਿਦੇਸ਼ੀਆਂ ਦੇ ਸੁਪਨਿਆਂ ਵਿੱਚ ਤੁਰਨਾ ਚਾਹੀਦਾ ਹੈ
- ਮੈਂ ਇਕ ਤੀਜੀ ਦੁਨੀਆਂ ਦਾ ਬੱਚਾ ਹਾਂ। (quoted in Pennycook: 2)
ਜਦੋਂ ਕਿਸੇ ਕੌਮ ਦੇ ਸਭਿਆਚਾਰ ਉੱਪਰ ਵਿਦੇਸ਼ੀ ਸਭਿਆਚਾਰ ਦਾ ਗ਼ਲਬਾ ਹੁੰਦਾ
ਹੈ, ਉਸ ਸਮੇਂ ਵਿਦੇਸ਼ੀ ਸਭਿਆਚਾਰ ਦੇ ਵਿਚਾਰ ਅਤੇ ਕਦਰਾਂ ਕੀਮਤਾਂ ਵੀ ਉਸ ਕੌਮ ਦੇ
ਦਿਮਾਗਾਂ ਉੱਪਰ ਹਾਵੀ ਹੁੰਦੀਆਂ ਹਨ। ਸਭਿਆਚਾਰ ਉੱਪਰ ਗ਼ਾਲਬ ਹੋ ਕੇ ਗ਼ਲਬਾ ਪਾਉਣ
ਵਾਲਾ ਆਪਣੇ ਅਧੀਨ ਲੋਕਾਂ ਉੱਪਰ ਸੰਪੂਰਨ ਕੰਟਰੋਲ ਕਰਨ ਵਿੱਚ ਕਾਮਯਾਬ ਹੁੰਦਾ ਹੈ।
ਅਫਰੀਕਨ ਲੇਖਕ ਗੂਗੀ ਵਾ ਥਿਔਂਗੋ ਦੇ ਸ਼ਬਦਾਂ ਵਿੱਚ:
ਆਰਥਿਕ ਅਤੇ ਸਿਆਸੀ ਕੰਟਰੋਲ ਦਿਮਾਗੀ ਕੰਟਰੋਲ ਤੋਂ ਬਿਨਾਂ ਕਦੇ ਵੀ ਸੰਪੂਰਨ
ਜਾਂ ਕਾਰਗਰ ਨਹੀਂ ਹੁੰਦਾ। ਇਕ ਲੋਕ ਸਮੂਹ ਦੇ ਸਭਿਆਚਾਰ ਉੱਪਰ ਕੰਟਰੋਲ ਦਾ ਭਾਵ ਹੈ
ਉਹਨਾਂ ਵਲੋਂ ਦੂਸਰਿਆਂ ਦੇ ਸੰਬੰਧ ਵਿੱਚ ਆਪਣੇ ਆਪ ਨੂੰ ਪਰਿਭਾਸ਼ਤ ਕਰਨ ਦੇ
ਸਾਧਨਾਂ ਉੱਪਰ ਕੰਟਰੋਲ। ਬਸਤੀਵਾਦੀਆਂ ਦੇ ਸੰਬੰਧ ਇਹ ਗੱਲ ਇਕੋ ਹੀ ਅਮਲ ਦੇ ਦੋ
ਪੱਖਾਂ ਨਾਲ ਸੰਬੰਧਤ ਸੀ: ਲੋਕਾਂ ਦੇ ਸਭਿਆਚਰ, ਕਲਾ, ਨ੍ਰਿਤਾਂ, ਧਰਮਾਂ, ਇਤਿਹਾਸ,
ਭੂਗੋਲ, ਵਿੱਦਿਆ, ਭਾਸ਼ਨ ਕਲਾ ਅਤੇ ਸਾਹਿਤ ਦੀ ਤਬਾਹੀ ਜਾਂ ਜਾਣਬੁੱਝ ਕੇ ਉਸਦਾ
ਮੁੱਲ ਘਟਾਉਣਾ; ਅਤੇ ਬਸਤੀਵਾਦੀ ਕੌਮ ਦੀ ਬੋਲੀ ਦਾ ਲੋਕਾਂ ਦੀ ਬੋਲੀ ਉੱਪਰ ਗ਼ਲਬਾ
ਸਥਾਪਤ ਕਰਨਾ। (118)
ਅੰਤਿਕਾ
ਅੰਗਰੇਜ਼ੀ ਦੁਨੀਆਂ ਦੀ ਗ਼ਾਲਬ ਭਾਸ਼ਾ ਹੈ। ਉਸਨੂੰ ਇਹ ਦਰਜਾ ਅੰਗਰੇਜ਼
ਬਸਤੀਵਾਦੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਅਤੇ ਨਵ-ਬਸਤੀਵਾਦ ਦੌਰ ਵਿੱਚ
ਸੰਸਾਰ ਪੱਧਰ ਉੱਤੇ ਬਰਤਾਨੀਆ ਅਤੇ ਅਮਰੀਕਾ ਦੇ ਦਰਜੇ ਅਤੇ ਇਹਨਾਂ ਮੁਲਕਾਂ ਵਲੋਂ
ਅੰਗਰੇਜ਼ੀ ਦਾ ਪਸਾਰ ਕਰਨ ਲਈ ਕੀਤੇ ਯਤਨਾਂ ਕਾਰਨ ਪ੍ਰਾਪਤ ਹੋਇਆ ਹੈ। ਸੰਸਾਰ ਭਰ
ਵਿੱਚ ਅੰਗਰੇਜ਼ੀ ਦਾ ਗ਼ਲਬਾ ਦੂਸਰੀਆਂ ਬੋਲੀਆਂ ਅਤੇ ਸਭਿਆਚਾਰਾਂ ਉੱਪਰ ਮਹੱਤਵਪੂਰਨ
ਅਸਰ ਪਾ ਰਿਹਾ ਹੈ। ਨਤੀਜੇ ਵਜੋਂ ਸੰਸਾਰ ਦੀਆਂ ਕਈ ਬੋਲੀਆਂ ਮਰ ਰਹੀਆਂ ਹਨ ਜਾਂ
ਕਈਆਂ ਦਾ ਉਜਾੜਾ ਹੋ ਰਿਹਾ ਹੈ। ਅੰਗਰੇਜ਼ੀ ਨਾ ਬੋਲ ਸਕਣ ਵਾਲੇ ਲੋਕਾਂ ਦਾ ਗਿਆਨ
ਜਾਂ ਤਾਂ ਗੈਰ-ਵਾਜਬ ਬਣਦਾ ਜਾ ਰਿਹਾ ਹੈ ਜਾਂ ਉਸਦੀ ਕਦਰ ਘੱਟ ਰਹੀ ਹੈ। ਸਭਿਆਚਾਰਕ
ਖੇਤਰ ਦੇ ਨਾਲ ਨਾਲ ਅੰਗਰੇਜ਼ੀ ਦੇ ਗ਼ਲਬੇ ਦੇ ਅਸਰ ਆਰਥਿਕ ਅਤੇ ਸਿਆਸੀ ਖੇਤਰਾਂ
ਵਿੱਚ ਪੈ ਰਹੇ ਹਨ। ਸਮੁੱਚੇ ਰੂਪ ਵਿੱਚ ਅੰਗਰੇਜ਼ੀ ਦਾ ਗ਼ਲਬਾ ਅੰਗਰੇਜ਼ੀ ਬੋਲਣ
ਵਾਲੇ ਦੇਸ਼ਾਂ ਵਲੋਂ ਤੀਜੀ ਦੁਨੀਆਂ ਦੇ ਦੇਸ਼ਾਂ ਉੱਪਰ ਆਪਣਾ ਮੁਕੰਮਲ ਕੰਟਰੋਲ
ਸਥਾਪਤ ਕਰਨ ਵਿੱਚ ਸਹਾਈ ਹੋ ਰਿਹਾ ਹੈ।
ਇਸ ਸਥਿਤੀ ਬਾਰੇ ਤੀਜੀ ਦੁਨੀਆਂ ਦੇ ਲੋਕਾਂ ਦਾ ਕੀ ਪ੍ਰਤੀਕਰਮ ਹੈ?
ਤੀਜੀ ਦੁਨੀਆਂ ਵਿੱਚ ਇਸ ਸਥਿਤੀ ਬਾਰੇ ਦੋ ਤਰ੍ਹਾਂ ਦੇ ਪ੍ਰਤੀਕਰਮ ਹੋਏ ਹਨ ਅਤੇ
ਹੋ ਰਹੇ ਹਨ। ਇਕ ਪਾਸੇ ਕਈ ਲੋਕ ਅੰਗਰੇਜ਼ੀ ਦੇ ਗ਼ਲਬੇ ਨੂੰ ਅਤੇ ਇਸ ਗ਼ਲਬੇ ਕਾਰਨ
ਦੂਸਰੀਆਂ ਬੋਲੀਆਂ ਅਤੇ ਸਮਾਜਾਂ ਉੱਪਰ ਪੈ ਰਹੇ ਨਾਂਹ-ਪੱਖੀ ਅਸਰਾਂ ਨੂੰ ਸਮਝਦੇ ਹਨ
ਅਤੇ ਇਸ ਗ਼ਲਬੇ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕਰਦੇ ਹਨ। ਉਦਾਹਰਨ ਲਈ, 1908
ਵਿੱਚ ਗਾਂਧੀ ਦਾ ਇਸ ਸਥਿਤੀ ਬਾਰੇ ਇਹ ਪ੍ਰਤੀਕਰਮ ਸੀ:
ਲੱਖਾਂ ਲੋਕਾਂ ਨੂੰ ਅੰਗਰੇਜ਼ੀ ਦਾ ਗਿਆਨ ਦੇਣਾ, ਉਹਨਾਂ ਨੂੰ ਗੁਲਾਮ
ਬਣਾਉਣਾ ਹੈ… ਕੀ ਇਹ ਗੱਲ ਦੁੱਖ ਦੇਣ ਵਾਲੀ ਨਹੀਂ ਕਿ ਜੇ ਮੈਂ ਇਨਸਾਫ ਦੀ ਅਦਾਲਤ
ਵਿੱਚ ਜਾਣਾ ਚਾਹਾਂ ਤਾਂ ਮੈਨੂੰ ਮਾਧਿਅਮ ਦੇ ਤੌਰ ਉੱਪਰ ਅੰਗਰੇਜ਼ੀ ਦੀ ਵਰਤੋਂ
ਕਰਨੀ ਪਵੇ, ਅਤੇ ਜਦੋਂ ਮੈਂ ਵਕੀਲ ਬਣ ਜਾਵਾਂ ਤਾਂ ਮੈਂ ਆਪਣੀ ਬੋਲੀ ਨਾ ਬੋਲ ਸਕਾਂ
ਅਤੇ ਕਿਸੇ ਹੋਰ ਨੂੰ ਮੇਰੇ ਲਈ ਮੇਰੀ ਆਪਣੀ ਬੋਲੀ ਤੋਂ ਅਨੁਵਾਦ ਕਰਨਾ ਪਵੇ? ਕੀ ਇਹ
ਪੂਰੀ ਤਰ੍ਹਾਂ ਬੇਤੁਕੀ ਗੱਲ ਨਹੀਂ? ਕੀ ਇਹ ਗੁਲਾਮੀ ਦੀ ਨਿਸ਼ਾਨੀ ਨਹੀਂ?
(Quoted in Crystal: 114)
ਬਸਤੀਵਾਦ ਤੋਂ ਅਜ਼ਾਦੀ ਪ੍ਰਾਪਤ ਕਰਨ ਬਾਅਦ ਕਈ ਅਜ਼ਾਦ ਮੁਲਕਾਂ ਦੇ ਨੇਤਾਵਾਂ
ਦੀ ਸੋਚ ਸੀ ਕਿ ਉਹਨਾਂ ਦਾ ਮੁਲਕ ਉਨੀ ਦੇਰ ਤੱਕ ਅਜ਼ਾਦ ਨਹੀਂ, ਜਿੰਨੀ ਦੇਰ ਤੱਕ
ਉੱਥੇ ਇਕ ਕੌਮੀ ਬੋਲੀ ਦੇ ਤੌਰ ਉੱਤੇ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਂਦੀ ਹੈ।
1974 ਵਿੱਚ ਕੀਨੀਆ ਦੇ ਪ੍ਰਧਾਨ ਮੰਤਰੀ ਜੋਮੋ ਕੀਨਆਟਾ ਦਾ ਕਹਿਣਾ ਸੀ, “ਕਿਸੇ ਵੀ
ਅਜ਼ਾਦ ਸਰਕਾਰ ਦਾ ਆਧਾਰ ਕੌਮੀ ਬੋਲੀ ਹੈ ਅਤੇ ਅਸੀਂ ਆਪਣੇ ਸਾਬਕਾ ਬਸਤੀਵਾਦੀ
ਮਾਲਕਾਂ ਦੀ ਬਾਂਦਰਾਂ ਵਾਂਗ ਨਕਲ ਨਹੀਂ ਕਰਦੇ ਰਹਿ ਸਕਦੇ” (quoted in Crystal:
114) ਅਫਰੀਕਾ ਦਾ ਲੇਖਕ ਗੂਗੀ ਵਾ ਥਿਔਂਗੋ 17 ਸਾਲ ਅੰਗਰੇਜ਼ੀ ਵਿੱਚ ਲਿਖਦਾ
ਰਿਹਾ, ਪਰ ਉਸਨੇ ਸੰਨ 1977 ਵਿੱਚ ਅੰਗਰੇਜ਼ੀ ਵਿੱਚ ਲਿਖਣਾ ਛੱਡ ਦਿੱਤਾ ਅਤੇ ਆਪਣੀ
ਮਾਂ ਬੋਲੀ ਗਿਕੁਊ ਵਿੱਚ ਲਿਖਣਾ ਸ਼ੁਰੂ ਕੀਤਾ। ਉਸ ਦਾ ਵਿਚਾਰ ਸੀ ਕਿ ਕੀਨੀਆ ਅਤੇ
ਅਫਰੀਕਾ ਦੀ ਗਿਕਿਊ ਬੋਲੀ ਵਿੱਚ ਲਿਖਣਾ ਕੀਨੀਅਨ ਅਤੇ ਅਫਰੀਕੀ ਲੋਕਾਂ ਦੀ ਸਾਮਰਾਜ
ਵਿਰੋਧੀ ਜਦੋਜਹਿਦ ਦਾ ਇਕ ਹਿੱਸਾ ਹੈ।
ਦੂਸਰੇ ਪਾਸੇ ਉਹ ਲੋਕ ਹਨ, ਜੋ ਅੰਗਰੇਜ਼ੀ ਨੂੰ ਅਪਣਾਅ ਕੇ ਇਸ ਦੀ ਵਰਤੋਂ ਇਕ
ਬਗਾਵਤ ਦੇ ਸਾਧਨ ਵਜੋਂ ਕਰਨਾ ਚਾਹੁੰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਉਹ ਇਸ
ਬੋਲੀ ਨੂੰ ਜਾਣਦੇ ਹਨ, ਅਤੇ ਉਹ ਇਸਦੀ ਵਰਤੋਂ ਕਰਨਗੇ। ਪ੍ਰਸਿੱਧ ਅਫਰੀਕੀ ਲੇਖਕ
ਚਿਨੂਆ ਅਕੇਬੇ ਨੇ 1964 ਵਿੱਚ ਆਪਣੇ ਵਲੋਂ ਅੰਗਰੇਜ਼ੀ ਵਿੱਚ ਲਿਖਣ ਬਾਰੇ ਇਹ ਗੱਲ
ਕਹੀ, “ਕੀ ਇਹ ਸਹੀ ਹੈ ਕਿ ਇਕ ਵਿਅਕਤੀ ਕਿਸੇ ਹੋਰ ਬੋਲੀ ਲਈ ਆਪਣੀ ਮਾਂ ਬੋਲੀ ਦਾ
ਤਿਆਗ ਕਰ ਦੇਵੇ? ਇਹ ਇਕ ਬਹੁਤ ਵੱਡਾ ਵਿਸਾਹਘਾਤ ਜਾਪਦਾ ਹੈ ਅਤੇ ਕਸੂਰਵਾਰ ਹੋਣ ਦੀ
ਭਾਵਨਾ ਪੈਦਾ ਕਰਦਾ ਹੈ। ਪਰ ਮੇਰੇ ਲਈ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ।
ਮੈਨੂੰ ਇਹ ਬੋਲੀ ਦਿੱਤੀ ਗਈ ਹੈ ਅਤੇ ਮੈਂ ਇਸ ਦੀ ਵਰਤੋਂ ਕਰਾਂਗਾ” (quoted in
Thiong'o: 112)। ਤੀਜੀ ਦੁਨੀਆਂ ਦੇ ਕਈ ਲੇਖਕ ਹਨ ਜੋ ਇਹਨਾਂ ਵਿਚਾਰਾਂ ਦੇ
ਧਾਰਨੀ ਹਨ ਅਤੇ ਉਹਨਾਂ ਦੀ ਲਿਖਤਾਂ ਬਹੁਤ ਗਰਮਜੋਸ਼ੀ ਨਾਲ ਸੰਸਾਰ ਵਿੱਚ ਬਸਤੀਵਾਦ,
ਨਵ-ਬਸਤੀਵਾਦ ਅਤੇ ਸਾਮਰਾਜ ਦੀਆਂ ਮਾੜੀਆਂ ਗੱਲਾਂ ਦਾ ਪਰਦਾ ਪਾਸ਼ ਕਰ ਰਹੀਆਂ ਹਨ।
ਪਰ ਉਹਨਾਂ ਅੱਗੇ ਕਈ ਸਵਾਲ ਹਨ, ਜਿਹਨਾਂ ਦੇ ਸਨਮੁੱਖ ਹੋਣਾ ਜ਼ਰੂਰੀ ਹੈ। ਉਹਨਾਂ
ਦੇ ਪਾਠਕ ਕੌਣ ਹਨ? ਉਹ ਕਿਹਨਾਂ ਲਈ ਲਿਖਦੇ ਹਨ? ਕੀ ਉਹਨਾਂ ਦੀਆਂ ਲਿਖਤਾਂ ਤੀਜੀ
ਦੁਨੀਆਂ ਦੇ ਉਹਨਾਂ ਲੋਕਾਂ ਤੱਕ ਪਹੁੰਚਦੀਆਂ ਹਨ, ਜਿਹਨਾਂ ਦੇ ਦੁੱਖਾਂ ਤਕਲੀਫਾਂ
ਬਾਰੇ ਉਹ ਲਿਖ ਰਹੇ ਹਨ? ਕੀ ਉਹਨਾਂ ਦੀਆਂ ਲਿਖਤਾਂ ਦੁੱਖਾਂ ਤਕਲੀਫਾਂ ਦਾ ਸਿ਼ਕਾਰ
ਲੋਕਾਂ ਲਈ ਗਿਆਨ ਦਾ ਸ੍ਰੋਤ ਬਣ ਰਹੀਆਂ ਹਨ? ਮੇਰੇ ਵਿਚਾਰ ਵਿੱਚ ਅਖੀਰਲੇ ਦੋ
ਸਵਾਲਾਂ ਦਾ ਜੁਆਬ ਹੈ, ਨਹੀਂ। ਆਪਣੇ ਨੁਕਤੇ ਦੀ ਪੁਸ਼ਟੀ ਕਰਨ ਲਈ ਮੈਂ ਵੰਦਨਾ
ਸਿ਼ਵਾ ਦੀ ਕਿਤਾਬ ਦੀ ਵਾਇਲੈਂਸ ਔਫ ਦੀ ਗਰੀਨ ਰੈਵੂਲੂਸ਼ਨ ਦੇ
ਹਵਾਲੇ ਨਾਲ ਗੱਲ ਕਰਾਂਗਾ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਭਾਰਤ ਵਿੱਚ ਰਹਿ
ਰਹੀ ਵੰਦਨਾ ਸਿ਼ਵਾ ਅਜੋਕੇ ਸਮਿਆਂ ਦੀ ਇਕ ਮਸ਼ਹੂਰ ਸਾਮਰਾਜ ਵਿਰੋਧੀ ਲੇਖਕਾ ਹੈ।
1991 ਵਿੱਚ ਲਿਖੀ ਗਈ ਉਸ ਦੀ ਉਪਰੋਕਤ ਕਿਤਾਬ ਹਰੇ ਇਨਕਲਾਬ ਅਤੇ ਪੰਜਾਬ ਵਿੱਚ
1978-1993 ਵਿਚਕਾਰ ਚੱਲੀ ਖਾਲਿਸਤਾਨ ਲਹਿਰ ਦੇ ਅੰਤਰ ਸੰਬੰਧਾਂ ਉੱਪਰ ਬਹੁਤ ਹੀ
ਵਧੀਆ ਢੰਗ ਨਾਲ ਚਾਨਣਾ ਪਾਉਂਦੀ ਹੈ। ਸਿ਼ਵਾ ਇਸ ਕਿਤਾਬ ਵਿੱਚ ਬਹੁਤ ਹੀ ਵਧੀਆ ਢੰਗ
ਨਾਲ ਦਰਸਾਉਂਦੀ ਹੈ ਕਿ ਖਾਲਿਸਤਾਨ ਲਹਿਰ ਦੀਆਂ ਜੜ੍ਹਾਂ ਹਰੇ ਇਨਕਲਾਬ ਦੀ
ਤਕਨੌਲੌਜੀ ਅਤੇ ਅਮਲਾਂ ਨਾਲ ਬੱਝੀਆਂ ਹੋਈਆਂ ਹਨ। ਖਾਲਿਸਤਾਨ ਲਹਿਰ ਨੂੰ ਸਮਝਣ ਲਈ
ਇਹ ਕਿਤਾਬ ਪੰਜਾਬ ਦੇ ਲੋਕਾਂ ਲਈ ਕਾਫੀ ਸਹਾਈ ਸਿੱਧ ਹੋ ਸਕਦੀ ਹੈ। ਪਰ ਜਿੱਥੋਂ
ਤੱਕ ਮੇਰੀ ਜਾਣਕਾਰੀ ਹੈ ਇਹ ਕਿਤਾਬ ਛਪਣ ਤੋਂ ਪੰਦਰਾਂ ਸਾਲਾਂ ਬਾਅਦ ਵੀ ਪੰਜਾਬੀ
ਵਿੱਚ ਪ੍ਰਾਪਤ ਨਹੀਂ। ਨਤੀਜੇ ਵਜੋਂ ਇਸ ਕਿਤਾਬ ਦੀ ਪੰਜਾਬ ਦੇ ਬਹੁਗਿਣਤੀ ਲੋਕਾਂ
ਤੱਕ ਪਹੁੰਚ ਨਹੀਂ। ਪੰਜਾਬ ਦੇ ਲੋਕਾਂ ਦੇ ਖਾਲਿਸਤਾਨ ਲਹਿਰ ਦਾ ਸੰਤਾਪ ਹੰਢਾਇਆ ਹੈ
ਪਰ ਉਹ ਇਸ ਸੰਤਾਪ ਦੇ ਆਰਥਿਕ, ਸਿਆਸੀ ਅਤੇ ਤਕਨੀਕੀ ਕਾਰਨਾਂ ਦਾ ਵਿਸ਼ਲੇਸ਼ਣ ਕਰਨ
ਵਾਲੀ ਕਿਤਾਬ ਨੂੰ ਨਹੀਂ ਪੜ੍ਹ ਸਕਦੇ। ਸਵਾਲ ਉੱਠਦਾ ਹੈ ਕਿ ਜਿਹਨਾਂ ਲੋਕਾਂ ਬਾਰੇ
ਇਹ ਕਿਤਾਬ ਲਿਖੀ ਗਈ ਹੈ, ਜੇ ਉਹਨਾਂ ਵਿੱਚੋਂ ਬਹੁਗਿਣਤੀ ਇਹ ਕਿਤਾਬ ਨਹੀਂ ਪੜ੍ਹ
ਸਕਦੀ ਤਾਂ ਇਹ ਕਿਤਾਬ ਸਾਮਰਾਜ ਵਿਰੋਧੀ ਜਦੋਜਹਿਦ ਸਥਾਪਤ ਕਰਨ ਲਈ ਕਿੰਨੀ ਕੁ
ਕਾਰਗਰ ਭੂਮਿਕਾ ਨਿਭਾ ਸਕਦੀ ਹੈ? ਇਸ ਲਈ ਅੰਗਰੇਜ਼ੀ ਨੂੰ ਅਪਣਾ ਕੇ ਉਸ ਦੀ ਵਰਤੋਂ
ਇਕ ਬਗਾਵਤੀ ਬੋਲੀ ਦੇ ਤੌਰ ਉੱਤੇ ਕਰਨ ਦਾ ਦਾਅਵਾ ਕਰਨ ਵਾਲੇ ਲੋਕਾਂ ਨੂੰ ਇਹਨਾਂ
ਸਵਾਲਾਂ ਨਾਲ ਦੋ ਚਾਰ ਹੋਣ ਅਤੇ ਇਹਨਾਂ ਸਵਾਲਾਂ ਦੇ ਤਸੱਲੀਬਖਸ਼ ਹੱਲ ਲੱਭਣ ਦੀ
ਲੋੜ ਹੈ। ਜਿੰਨਾ ਚਿਰ ਉਹ ਅਜਿਹਾ ਨਹੀਂ ਕਰਦੇ ਉਨੀ ਦੇਰ ਤੱਕ ਉਹਨਾਂ ਦੇ ਦਾਅਵਿਆਂ
ਨੂੰ ਸਵਾਲੀਆ ਨਜ਼ਰ ਨਾਲ ਦੇਖਿਆ ਜਾਂਦਾ ਰਹੇਗਾ।
ਸੰਸਾਰ ਪੱਧਰ ਉੱਤੇ ਅੰਗਰੇਜ਼ੀ ਦੇ ਗ਼ਲਬੇ ਨੂੰ ਚੁਣੌਤੀ ਦੇਣ ਦੀ ਲੋੜ ਹੈ।
ਉਹਨਾਂ ਸਾਰੀਆਂ ਢਾਂਚਾਗਤ ਬੰਦਸਾਂ ਨੂੰ ਦੂਰ ਕਰਨ ਦੀ ਲੋੜ ਹੈ, ਜਿਹੜੀਆਂ ਬੰਦਸ਼ਾਂ
ਦੂਜੀਆਂ ਬੋਲੀਆਂ ਉੱਪਰ ਅੰਗਰੇਜ਼ੀ ਦੇ ਗ਼ਲਬੇ ਨੂੰ ਸਥਾਪਤ ਕਰਨ ਵਿੱਚ ਹਿੱਸਾ
ਪਾਉਂਦੀਆਂ ਹਨ। ਪਰ ਇਹ ਚੁਣੌਤੀ ਦਿੱਤੀ ਕਿਵੇਂ ਜਾਵੇ? ਮੈਂ ਇਕ ਗੱਲ ਬਹੁਤ
ਸਪਸ਼ਟਤਾ ਨਾਲ ਕਹਿਣਾ ਚਾਹਾਂਗਾ ਕਿ ਇਹ ਚੁਣੌਤੀ ਮੂਲਵਾਦੀ ਪਹੁੰਚ ਨਾਲ ਨਹੀਂ
ਦਿੱਤੀ ਜਾਣੀ ਚਾਹੀਦੀ ਹੈ। ਮੂਲਵਾਦੀ ਪਹੁੰਚ ਤੋਂ ਮੇਰਾ ਭਾਵ ਹੈ ਕਿ ਅੰਗਰੇਜ਼ੀ ਦਾ
ਬਾਇਕਾਟ ਅਤੇ ਆਪਣੇ ਆਪ ਨੂੰ ਅੰਗਰੇਜ਼ੀ ਤੋਂ ਬਿਲਕੁਲ ਤੋੜ ਲੈਣਾ। ਨਤੀਜੇ ਵਜੋਂ
ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੇ ਬਾਹਰਲੇ ਸੰਪਰਕ, ਗਿਆਨ ਅਤੇ ਵਿਚਾਰ ਵਟਾਂਦਰੇ
ਤੋਂ ਤੋੜ ਲੈਣਾ। ਅਜਿਹੀ ਪਹੁੰਚ ਨਾ ਤਾਂ ਅਜੋਕੇ ਯੁੱਗ ਵਿੱਚ ਸੰਭਵ ਹੈ ਅਤੇ ਨਾ ਹੀ
ਫਾਇਦੇਮੰਦ। ਅੰਗਰੇਜ਼ੀ ਦੇ ਗ਼ਲਬੇ ਨੂੰ ਹਾਂ-ਪੱਖੀ ਚੁਣੌਤੀ ਦੇਣ ਦਾ ਢੰਗ ਹੈ ਕਿ
ਸਾਰੀਆਂ ਸਥਾਨਕ ਬੋਲੀਆਂ ਨੂੰ ਮਜ਼ਬੂਤ ਕਰਨਾ। ਉਹਨਾਂ ਬੋਲੀਆਂ ਨੂੰ ਆਪਣੀ ਸਿਹਤਮੰਦ
ਹੋਂਦ ਨੂੰ ਕਾਇਮ ਰੱਖਣ ਲਈ ਅਤੇ ਵਿਕਾਸ ਲਈ ਲੋੜੀਂਦੇ ਵਸੀਲੇ ਮੁਹੱਈਆ ਕਰਨਾ।
ਦੁਨੀਆਂ ਦੇ ਸਾਰੇ ਲੋਕਾਂ ਨੂੰ ਆਪਣੀ ਬੋਲੀ ਨੂੰ ਕਾਇਮ ਰੱਖਣ ਅਤੇ ਆਪਣੇ ਗਿਆਨ ਅਤੇ
ਸਭਿਆਚਾਰ ਨੂੰ ਆਪਣੀ ਬੋਲੀ ਵਿਚ ਪ੍ਰਗਟ ਕਰਨ ਦੇ ਬਰਾਬਰ ਦੇ ਮੌਕੇ ਦੇਣਾ। ਦੁਨੀਆਂ
ਦੇ ਸਾਰੇ ਲੋਕਾਂ ਨੂੰ ਇਸ ਯੋਗ ਬਣਾਉਣਾ ਕਿ ਉਹ ਆਪਣੇ ਗੀਤ ਆਪਣੀ ਬੋਲੀ ਵਿਚ ਗਾ
ਸਕਣ ਅਤੇ ਆਪਣੀਆਂ ਕਹਾਣੀਆਂ ਆਪਣੀ ਬੋਲੀ ਵਿੱਚ ਦਸ ਸਕਣ। ਹਰ ਬੋਲੀ, ਸਭਿਆਚਾਰ ਅਤੇ
ਉਸ ਬੋਲੀ ਨਾਲ ਸੰਬੰਧਤ ਗਿਆਨ ਨੂੰ ਪ੍ਰਫੁੱਲਤ ਹੋਣ ਲਈ ਇਸ ਵਿਸ਼ਵੀ ਸਮਾਜ ਵਿੱਚ
ਬਰਾਬਰ ਦੇ ਮੌਕੇ ਦੇਣੇ। ਜਦੋਂ ਦੁਨੀਆਂ ਦੀਆਂ ਸਾਰੀਆਂ ਬੋਲੀਆਂ ਨੂੰ ਬਰਾਬਰ ਦੇ
ਮੌਕੇ ਅਤੇ ਸਤਿਕਾਰ ਦਿੱਤਾ ਜਾਵੇਗਾ, ਉਸ ਸਮੇਂ ਦੁਨੀਆਂ ਦੇ ਵੱਖ ਵੱਖ ਸਭਿਆਚਾਰਾਂ
ਅਤੇ ਲੋਕਾਂ ਵਿੱਚ ਸਹੀ ਮਾਅਨਿਆਂ ਵਿੱਚ ਸਦਭਾਵਨਾ ਪੈਦਾ ਹੋਵੇਗੀ। ਅਫਰੀਕਨ ਲੇਖਕ
ਗੂਗੀ ਵਾ ਥਿਔਂਗੋ ਦੇ ਅਨੁਸਾਰ, ਜਦੋਂ ਅਜਿਹਾ ਹੋਵੇਗਾ ਉਸ ਸਮੇਂ ਕਿਸੇ ਵੀ
ਸਭਿਆਚਾਰ ਅਤੇ ਬੋਲੀ ਨਾਲ ਸੰਬੰਧਤ ਵਿਅਕਤੀ, “ਆਪਣੀ ਬੋਲੀ, ਆਪਣੇ ਆਪ ਅਤੇ ਆਪਣੇ
ਵਾਤਾਵਾਰਣ ਬਾਰੇ ਘਟੀਆ ਮਹਿਸੂਸ ਕੀਤੇ ਬਿਨਾਂ ਦੂਜੀਆਂ ਬੋਲੀਆਂ ਸਿੱਖ ਸਕੇਗਾ, ਅਤੇ
ਦੂਜੇ ਲੋਕਾਂ ਦੇ ਸਾਹਿਤ ਅਤੇ ਸਭਿਆਚਾਰ ਵਿੱਚੋਂ ਹਾਂ-ਪੱਖੀ, ਮਾਨਵਵਾਦੀ,
ਲੋਕਤੰਤਰੀ ਅਤੇ ਇਨਕਲਾਬੀ ਤੱਤਾਂ ਦਾ ਆਨੰਦ ਮਾਣ ਸਕੇਗਾ” (Thiong'o:126)।
ਸਾਨੂੰ ਇਥੇ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਦੁਨੀਆਂ ਵਿੱਚ ਵੱਖ ਵੱਖ ਬੋਲੀਆਂ
ਦੀ ਬਰਾਬਰਤਾ ਵਾਲੀ ਥਾਂ ਦੁਨੀਆਂ ਵਿੱਚ ਸਭਿਆਚਾਰਕ ਅਤੇ ਬੋਲੀ ਦੇ ਸੰਬੰਧ ਵਿੱਚ ਹੀ
ਨਾਬਰਾਬਰਤਾ ਖਤਮ ਕਰਨ ਵੱਲ ਕਦਮ ਹੀ ਨਹੀਂ ਹੋਵੇਗੀ ਸਗੋਂ ਇਹ ਆਰਥਿਕ ਅਤੇ ਸਿਆਸੀ
ਖੇਤਰ ਵਿੱਚ ਵੀ ਨਾਬਰਾਬਰਤਾ ਖਤਮ ਕਰਨ ਵੱਲ ਇਕ ਨਿੱਗਰ ਕਦਮ ਹੋਵੇਗੀ।
23/06/2012
|