ਅੱਜ
ਤੋਂ 10-15 ਸਾਲ ਪਿਛਾਂਹ ਝਾਤੀ ਮਾਰੀ ਜਾਵੇ ਤਾਂ ਕਿਸੇ ਵੀ ਰਾਜਨੀਤਕ ਪਾਰਟੀ ਦੀ
ਅਹੁਦੇਦਾਰੀ 'ਮੰਗਣ' ਲਈ ਉੱਭਰ ਰਹੇ ਨੇਤਾਵਾਂ ਵੱਲੋਂ ਪਾਰਟੀ ਲਈ ਆਪਣੇ ਕੀਤੇ ਕੰਮ
ਗਿਣਾਏ ਜਾਂਦੇ ਸਨ। ਵੱਡੇ ਆਗੂਆਂ ਨੂੰ ਆਪਣੀ ਸਰਗਰਮੀ ਦਿਖਾਈ ਜਾਂਦੀ ਸੀ ਕਿ ਉਹ
ਪਾਰਟੀ ਦੀ ਸ਼ਾਖ ਨੂੰ ਕਿਵੇਂ ਉੱਚਾ ਲਿਜਾਣ ਲਈ ਯੋਗਦਾਨ ਪਾ ਰਹੇ ਹਨ?
ਪਰ ਬੀਤੇ ਕੁਝ ਕੁ ਸਾਲਾਂ ਤੋਂ ਇਸੇ ਨਤੀਜੇ 'ਤੇ ਪਹੁੰਚਿਆ ਜਾ ਸਕਦੈ ਕਿ ਜਿਵੇਂ
ਰਾਜਨੀਤਕ ਪਾਰਟੀਆਂ ਹੁਣ ਲੱਠਮਾਰਾਂ ਦੇ ਅੱਡੇ ਬਣ ਕੇ ਰਹਿ ਗਈਆਂ ਹਨ।
ਸੱਤਾ ਤੋਂ ਬਾਹਰ ਹੋਈ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਸਾਬ੍ਹ ਆਪਣੇ
ਵਰਕਰਾਂ ਨੂੰ ਖੂੰਡੇ ਚੁੱਕ ਲੈਣ ਅਤੇ ਅਕਾਲੀਆਂ ‘ਤੇ ਵਰ੍ਹਾਉਣ ਦੀਆਂ ਨੇਕ ਸਲਾਹਾਂ
ਦੇ ਰਹੇ ਹਨ। ਦੂਜੇ ਪਾਸੇ ‘ਰਾਜ ਨਹੀਂ ਸੇਵਾ’ ਦਾ ਨਾਅਰਾ ਲੈ ਕੇ ਤੁਰੇ ਅਕਾਲੀ ਦਲ
ਦੇ ਧੱਕੇ ਨਾਲ ਹੀ ਵਫਾਦਾਰ ਬਣ ਕੇ ਦਿਖਾਉਣ ਵਾਲੇ ਵਰਕਰਾਂ ਨੇ ਪੁਲਿਸ ਵੱਲੋਂ ਕੀਤੇ
ਜਾਣ ਵਾਲੇ ਕੰਮ ਆਪਣੇ ਹੱਥ ਲੈ ਲਏ ਲਗਦੇ ਹਨ। ਵਿਚਾਰੇ ਪੁਲਿਸ ਅਫ਼ਸਰ ਕੱਛਾਂ ‘ਚ
ਹੱਥ ਲੈ ਕੇ ਠੰਢ ਤੋਂ ਬਚਣ ਜੋਗੇ ਰਹਿ ਗਏ ਲਗਦੇ ਹਨ।
ਪੰਜਾਬ ਨਾਲ ਮੋਹ ਰੱਖਣ ਵਾਲਾ ਹਰ ਵਿਅਕਤੀ ਇਸ ਗੱਲੋਂ ਚਿੰਤਤ ਹੋਵੇਗਾ ਕਿ
ਪੰਜਾਬ ਹੁਣ ਰਾਜਨੀਤਕ ਦੁਸ਼ਮਣੀ ਦੇ ਅਤੀ ਘਾਤਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ।
ਦਿਖਾਵਾ ਕਰੂ ਰੈਲੀਆਂ ਵਿੱਚ ਪੰਜਾਬ ਨਾਲ ਸੰਬੰਧਤ ਮੁੱਦਿਆਂ ਨੂੰ ਖੂੰਜੇ ਲਾ ਕੇ
ਜਿੱਤਣ ਤੋਂ ਬਾਦ ਇੱਕ ਦੂਜੇ ਨੂੰ ‘ਦੇਖ ਲੈਣ’ ਦੀਆਂ ਧਮਕੀਆਂ ਨਾਲ ਭਰੇ ਹੁੰਦੇ ਹਨ
ਅਖ਼ਬਾਰ। ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਸੀ ਤਾਂ ਮੈਦਾਨ ਤੋਂ ਬਾਹਰ ਬੈਠੇ
ਅਕਾਲੀ ਇਹ ਕਹਿੰਦੇ ਹੁੰਦੇ ਸਨ ਕਿ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕਰਨ ਵਾਲੇ
ਅਫ਼ਸਰ ਬਖ਼ਸ਼ੇ ਨਹੀਂ ਜਾਣਗੇ। ਹੁਣ ਜਦੋਂ ਕਾਂਗਰਸ ਆਪਣੀ ਵਾਰੀ ਦੀ ਉਡੀਕ ਵਿੱਚ
ਜੁਆਕਾਂ ਵਾਂਗੂੰ “ਚੂਹਿਆ ਚੂਹਿਆ ਖੁੱਡ ਪੁੱਟ ਸਾਡੀ ਵਾਰੀ ਕਦੋਂ ਆਊ” ਦੀ ਰਟ ਲਾ
ਰਹੀ ਹੈ ਤਾਂ ਹਰ ਕਾਂਗਰਸੀ ਆਗੂ ਸਟੇਜ ਤੋਂ ਇਹੀ ਕਹਿੰਦਾ ਸੁਣੋਗੇ ਕਿ ਕਾਂਗਰਸੀ
ਵਰਕਰਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਅਫ਼ਸਰ ਤੇ ਜੱਥੇਦਾਰਾਂ ਨੂੰ ਪੁੱਠੇ
ਟੰਗਾਂਗੇ। ਅਜਿਹੀਆਂ ਗਰਮ ਬਿਆਨਬਾਜ਼ੀਆਂ ਦੀ ਹੋੜ ਵਿੱਚ ਆਮ ਲੋਕ ਇਹ ਵੀ ਭੁੱਲ
ਜਾਂਦੇ ਹਨ ਕਿ ਉਹ ਸਾਧਾਰਨ ਇਨਸਾਨ ਵੀ ਹਨ, ਕਿਸੇ ਧੀ ਦੇ ਪਿਓ ਵੀ ਹਨ, ਕਿਸੇ ਭੈਣ
ਦੇ ਭਰਾ ਵੀ ਹਨ। ਅਜਿਹੀਆਂ ਉਦਾਹਰਨਾਂ ਹਰ ਰੋਜ਼ ਸਾਡੇ ਸਾਹਮਣੇ ਵਾਪਰ ਰਹੀਆਂ ਹਨ
ਕਿ ਪੰਜਾਬ ਦੇ ਲੋਕ ਸਿਆਸੀ ਪਿਆਦੇ ਬਣ ਕੇ ਇਹ ਵੀ ਭੁੱਲ ਜਾਂਦੇ ਹਨ ਕਿ ਘਰ ਉਹਨਾਂ
ਦੀ ਧੀ ਜਾਂ ਭੈਣ ਵੀ ਹੈ। ਉਹ ਸਿਰਫ ਕਿਸੇ ਰਾਜਨੀਤਕ ਦਲ ਦੇ ਵਰਕਰ ਹੀ ਨਹੀਂ ਸਗੋਂ
ਪਹਿਲਾਂ ਆਪਣੇ ਪਰਿਵਾਰ ਦੇ ਜ਼ੁੰਮੇਵਾਰ ਜੀਅ ਹਨ।
ਪੰਜਾਬ ਦੇ ਵੱਖ ਵੱਖ ਵਿਭਾਗਾਂ ਵੱਲੋਂ ਰੁਜ਼ਗਾਰ ਪ੍ਰਾਪਤ ਕਰਨ ਲਈ ਮਿੱਥੀ
ਸਿੱਖਿਆ ਪ੍ਰਾਪਤ ਬੇਰੁਜ਼ਗਾਰ ਥੱਬਾ ਥੱਬਾ ਡਿਗਰੀਆਂ ਲੈ ਕੇ ਵੀ ਸਰਕਾਰਾਂ ਮੂਹਰੇ
ਧਾਹਾਂ ਮਾਰਦੇ ਫਿਰਦੇ ਹਨ ਕਿ ਸਾਨੂੰ ਰੁਜ਼ਗਾਰ ਦਿਓ.... ਸਾਨੂੰ ਰੁਜ਼ਗਾਰ ਦਿਓ।
ਪਰ ਲੋਕਾਂ ਵਿੱਚ ਰਾਜਨੀਤੀ ਦੇ ਨਾਂ ‘ਤੇ ਪਰਿਵਾਰਕ ਦੁਸ਼ਮਣੀਆਂ ‘ਚ ਵਾਧਾ ਕਰਨ ਦੇ
ਰਾਹ ਤੁਰੀਆਂ ਰਾਜਨੀਤਕ ਪਾਰਟੀਆਂ ਇਸ ਮੰਗ ਤੋਂ ਇਸ ਤਰ੍ਹਾਂ ਪਾਸਾ ਵੱਟ ਜਾਂਦੀਆਂ
ਹਨ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਪੰਜਾਬ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ
ਲੱਖਾਂ ਨੂੰ ਪਹੁੰਚ ਚੁੱਕੀ ਹੈ ਤੇ ਨਿੱਜ਼ੀ ਅਦਾਰੇ ਮੁਨਾਫੇਦਾਰਾਂ ਦੀ ਝੋਲੀ ਪਾਏ
ਜਾ ਰਹੇ ਹਨ। ਸਰਕਾਰਾਂ ਇਸ ਗੱਲੋਂ ਚਿੰਤਤ ਹੀ ਨਹੀਂ ਹਨ ਕਿ ਪੰਜਾਬ ਦੇ ਨੌਜ਼ਵਾਨਾਂ
ਨੂੰ ਜਿਉਣ ਲਈ ਰੁਜ਼ਗਾਰ ਦੀ ਲੋੜ ਵੀ ਹੈ। ਰੁਜ਼ਗਾਰ ਦੇਣ ਦਾ ਸੰਵਿਧਾਨਕ ਹੱਕ ਕਿਸ
ਨੂੰ ਮਿਲਿਆ ਹੈ? ਕੀ ਚਾਰਾਜੋਈ ਕੀਤੀ ਹੈ ਸੂਬਾ ਸਰਕਾਰ ਨੇ, ਬਜਾਏ ਬੇਰੁਜ਼ਗਾਰਾਂ
ਦੀ ਥੱਪੜਾਂ ਡੰਡਿਆਂ ਨਾਲ ਸੇਵਾ ਕਰਨ ਦੇ? ਜੇ ਕੁਝ ਦਿੱਤਾ ਹੈ ਤਾਂ ਆਪਣੇ ਵਰਕਰਾਂ
ਨੂੰ ਏਨੀ ਖੁੱਲ੍ਹ ਜਰੂਰ ਦਿੱਤੀ ਹੈ ਕਿ ਜੇ ਕੋਈ ਨੌਕਰੀ ਮੰਗ ਰਿਹਾ ਹੈ ਤਾਂ ਉਸਦੀ
ਭੁਗਤ ਸੰਵਾਰੋ ਤੇ ਜਿੰਨਾ ਹੋ ਸਕੇ ਜ਼ਲੀਲ ਕਰੋ।
ਇਹ ਕਿੱਧਰ ਦੀ ਜਮਹੂਰੀਅਤ ਹੈ ਕਿ ਤੁਸੀਂ ਆਪਣਾ ਦੁੱਖ ਵੀ ਕਿਸੇ ਨੂੰ ਸੁਨਾਉਣ
ਜਾਂਦੇ ਹੋ ਤਾਂ ਰਾਜਨੀਤਕ ਪਾਰਟੀਆਂ ਦੇ ਵਫਾਦਾਰ ਬੁਰਕੀਆਂ ਵੱਢਣ ਪੈਂਦੇ ਹਨ।
ਲੋਕਤੰਤਰ ਦਾ ਜ਼ਨਾਜ਼ਾ ਹਰ ਰੋਜ਼ ਨਿੱਕਲ ਰਿਹਾ ਹੈ ਪੰਜਾਬ ਵਿੱਚ।
ਬੀਤੇ ਦਿਨੀਂ ਵੀ ਨਿੱਕਲਿਆ, ਉਹ ਵੀ ਨੰਨ੍ਹੀਆਂ ਛਾਵਾਂ ਨੂੰ ਬਚਾਉਣ ਦਾ ਹੋਕਾ
ਦੇਣ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਮਾਗਮਾਂ ਵਿੱਚ। ਇੱਕ ਸਮਾਗਮ ਵਿੱਚ ਤਾਂ
ਅਕਾਲੀ ਦਲ ਦਾ ਸਾਬਕਾ ਮੰਤਰੀ ਬੇਰੁਜ਼ਗਾਰਾਂ ਦੇ ‘ਹੂਰੇ’ ਮਾਰਦਾ ਅਖ਼ਬਾਰਾਂ,
ਟੀ.ਵੀ. ਚੈੱਨਲਾਂ ਨੇ ਦਿਖਾਇਆ ਸੀ। ਬੀਤੇ ਦਿਨੀਂ ਅਕਾਲੀ ਦਲ ਦਾ ਘੋਟਨੇ ਵਰਗੇ
ਘੋਨੇ ਸਿਰ ਵਾਲਾ ਸਰਪੰਚ ਇੱਕ ਅਧਿਆਪਕਾ ਦੇ ਥੱਪੜ ਮਾਰਦਾ ਤੇ ਖਿੱਚਧੂਹ ਕਰਦਾ
ਹਿੰਦੀ, ਅੰਗਰੇਜ਼ੀ, ਪੰਜਾਬੀ, ਤਾਮਿਲ, ਕੰਨੜ ਆਦਿ ਸਮੇਤ ਪਤਾ ਹੀ ਨਹੀਂ ਕਿੰਨੀਆਂ
ਭਾਸ਼ਾਵਾਂ ਦੇ ਚੈੱਨਲਾ ਨੇ ਦਿਖਾਇਆ। ਸ਼ੋਸ਼ਲ ਨੈੱਟਵਰਕ ਜਿਵੇਂ ਕਿ ਫੇਸਬੁੱਕ,
ਔਰਕੁਟ, ਟਵਿੱਟਰ ਆਦਿ ਤੇ ਜੋ ਚਰਚਾ ਹੋਈ ਓਹ ਵੱਖ ਸੀ। ਪਰ ਇਹਨਾਂ ਦੋਵੇਂ
ਵਫਾਦਾਰਾਂ ਨੂੰ ਕਿਸ ਕਟਿਹਰੇ ‘ਚ ਖੜ੍ਹਾ ਕੀਤਾ ਗਿਆ? ਕਿਸੇ ‘ਚ ਵੀ ਨਹੀਂ....
ਕਿਉਂਕਿ ਹੁਣ ਇਨਸਾਫ ਦੀ ਦੇਵੀ ਦੀਆਂ ਅੱਖਾਂ ‘ਤੇ ਤਾਂ ਨੀਲੀ ਪੱਟੀ ਬੰਨ੍ਹੀ ਹੋਈ
ਹੈ ਤੇ ਉਸਨੂੰ ਭਰਮ ਹੈ ਕਿ ਮੈਂ ਤਾਂ ਪੂਰਾ ਤੋਲ ਰਹੀ ਹਾਂ ਪਰ ਰਾਜਨੀਤਕ ਆਗੂ ਉਸਦੀ
ਤੱਕੜੀ ਵਿੱਚ ਖੁਦ ਪਾਸਕ ਰੱਖ ਰਹੇ ਹਨ। ਜੇ ਅਜਿਹਾ ਨਾ ਹੁੰਦਾ ਤਾਂ ਆਪਣੀ ਧੀ ਦੀ
ਉਮਰ ਦੀ ਨੌਜ਼ਵਾਨ ਕੁੜੀ ਨੂੰ ਗਲਾਮੇ ਤੋਂ ਫੜ੍ਹ ਕੇ ਥੱਪੜ ਮਾਰਨ ਵਾਲੇ ਨੂੰ ਵੀ
ਸੀਖਾਂ ਪਿੱਛੇ ਬੈਠੇ ਨੂੰ ਮੂੰਗੀ ਦੀ ਦਾਲ ਜਰੂਰ ਮਿਲਦੀ। ਉਲਟਾ ਪੁਲਿਸ ਅਫ਼ਸਰ ਕਹਿ
ਰਹੇ ਹਨ ਕਿ ਸਾਡੇ ਕੋਲ ਕੋਈ ਰਿਪੋਰਟ ਦਰਜ਼ ਨਹੀਂ ਹੋਈ। ਕਿੰਨੀ ਸ਼ਰੀਫ਼ ਹੋ ਗਈ ਹੈ
ਪੰਜਾਬ ਦੀ ਪੁਲਿਸ ਕਿ ਬੇਸ਼ੱਕ ਗੁੰਡਾਗਰਦ ਲੋਕ ਕਿਸੇ ਨੂੰ ਸਾਹਮਣੇ ਵੱਢ ਦੇਣ ਪਰ
ਰਿਪੋਰਟ ਦਰਜ਼ ਨਾ ਹੋਣ ਤੋਂ ਬਿਨਾਂ ਕੋਈ ਕਾਰਵਾਈ ਨਹੀਂ ਹੋਣੀ। ਇਸੇ ਸਰਪੰਚ ਨੂੰ
ਉਸ ਦੇ ਪਿੰਡ ਦੇ ਲੋਕ ਤਾਂ “ਨਾ ਓਏ ਤੋਤੀ.. ਨਾ ਓਏ ਤੋਤੀ” ਵਰਗੀਆਂ ਆਵਾਜ਼ਾਂ ਮਾਰ
ਕੇ ਰੋਕ ਰਹੇ ਸਨ ਪਰ ਸਾਡੀ ਖਾਕੀ ਵਰਦੀ ਉਸ ਡੱਬੂ ਤੋਂ ਵੀ ਵਧੇਰੇ ਵਫਾਦਾਰ ਬਣੀ
ਖਾਮੋ....ਸ਼ ਖੜ੍ਹੀ ਰਹੀ। ਚਾਰੇ ਪਾਸਿਉਂ ਹੋਈ ਕੁੱਤੇਖਾਣੀ ਤੋਂ ਬਾਦ ਸਰਪੰਚ
ਸਾਹਿਬ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਕੁਝ ਘੰਟਿਆਂ ਬਾਦ ਹੀ ਘਰ ਤੋਰ ਦਿੱਤਾ
ਗਿਆ।
ਪਿਛਲੀ ਘਟਨਾ ਵਿੱਚ ਸ਼ਾਮਿਲ ਸਾਬਕਾ ਮੰਤਰੀ ਸਾਬ੍ਹ ਨੂੰ ਤਾਂ ਵਿਸ਼ਵ ਪੱਧਰੀ
ਸਮਾਗਮ ਦਾ ਕਰਤਾ ਧਰਤਾ ਬਣਾ ਦਿੱਤਾ ਗਿਆ ਸੀ। ਇਸੇ ਤੋਂ ਸਬਕ ਲੈ ਕੇ ਮਰਦ ਸਰਪੰਚ
ਸਾਬ੍ਹ ਇੱਕ ਕੁੜੀ ‘ਤੇ ਹੱਥ ਗਰਮ ਕਰਨ ਨਿੱਕਲ ਤੁਰੇ ਕਿ ਸ਼ਾਇਦ ਉਸਨੂੰ ਵੀ ਕਿਸੇ
ਸਰਪੰਚ ਤੋਂ ਤਰੱਕੀ ਕਰ ਕੇ ਅਕਾਲੀ ਸਰਕਾਰ ਕਿਸੇ ਕਮੇਟੀ ਕਮੂਟੀ ਦਾ ਚੇਅਰਮੇਨ ਹੀ
ਬਣਾ ਦੇਵੇ। ਬੇਸ਼ੱਕ ਸਰਕਾਰੀ ਦਬਾਅ ਕਾਰਨ ਇਹ ਘਟਨਾ ਵੀ ਪਹਿਲੀਆਂ ਵਾਂਗ ਕੁਝ ਕੁ
ਦਿਨਾਂ ਦੀ ਚੁੰਝ ਚਰਚਾ ਤੋਂ ਬਾਦ ਆਈ ਗਈ ਹੋ ਜਾਣੀ ਹੈ ਪਰ ਇਸ ਤੋਂ ਵਧੇਰੇ
ਸ਼ਰਮਨਾਕ ਘਟਨਾ ਹੋਰ ਨਹੀਂ ਹੋਣੀ ਕਿ ਪੰਜਾਬ ਦੇ ਹੇਠਲੇ ਪੱਧਰ ਦੇ ਲੋਕਾਂ ਦੇ ਚੁਣੇ
ਨੁਮਾਇੰਦੇ ਪੰਚ ਸਰਪੰਚ ਹੀ ਲੋਕਾਂ ਦੀਆਂ ਬੇਰੁਜ਼ਗਾਰ ਧੀਆਂ ਦੀ ਪਤ ਉਧੇੜਨ ਦੇ ਰਾਹ
ਤੁਰ ਪੈਣ।
ਇਹ ਗੱਲ ਹਰ ਕਿਸੇ ਦੇ ਯਾਦ ਰੱਖਣ ਯੋਗ ਹੈ ਕਿ ਸਿਆਸਤੀ ਲੋਕ ਤਾਂ ਆਪਣੇ ਪੇਟੋਂ
ਜੰਮਿਆਂ ਦੇ ਸਕੇ ਹੁੰਦੇ ਨਹੀਂ ਦੇਖੇ ਫਿਰ ਤੁਸੀਂ ਇਹਨਾਂ ਅੱਗੇ ਦਿਖਾਈ ਵਫ਼ਾਦਾਰੀ
ਬਦਲੇ ਕਿਹੜੀਆਂ ਬਖਸਿ਼ਸ਼ਾਂ ਦੀ ਆਸ ਰੱਖੀ ਬੈਠੇ ਹੋ?
ਆਪਣੇ ਆਪ ਨੂੰ ਇੱਕ ਪੰਜਾਬ ਵਾਸੀ ਸਮਝਣ ਨਾਲੋਂ ਕਿਸੇ ਵੀ ਧੱਕੇਸ਼ਾਹ ਰਾਜਨੀਤਕ
ਪਾਰਟੀ ਦਾ ਝੰਡਾ ਬਰਦਾਰ ਸਮਝਣ ਦੀ ਭੁੱਲ ਕਰ ਰਹੇ ਮੇਰੇ ਨੌਜ਼ਵਾਨ ਵੀਰੋ, ਪੰਚੋ
ਸਰਪੰਚੋ! ਇਹ ਯਾਦ ਰੱਖਿਓ ਕਿ ਇਹਨਾਂ ਹੀ ਲੀਡਰਾਂ ਦੀਆਂ ਚਾਲਾਂ ਕਰਕੇ ਪੰਜਾਬ
ਭੁੰਜੇ ਲਹਿੰਦਾ ਜਾ ਰਿਹਾ ਹੈ। ਦਿਨੋ ਦਿਨ ਨਿਘਾਰ ਵੱਲ ਜਾ ਰਹੇ ਹਾਲਾਤਾਂ ਵਿੱਚ ਕੀ
ਤੁਸੀਂ ਇਹੀ ਆਸ ਉਮੀਦ ਲਾਈ ਬੈਠੇ ਹੋ ਕਿ ਵਫਾਦਾਰੀ ਦਿਖਾ ਕੇ ਸਿ਼ਫਾਰਸ਼ ਵਗੈਰਾ
ਲਗਵਾ ਕੇ ਆਪਣੇ ਧੀਆਂ ਪੁੱਤਰਾਂ ਨੂੰ ਨੌਕਰੀਆਂ ਦਿਵਾ ਲਵਾਂਗੇ? ਭੁੱਲ ਜਾਓ...ਭੁੱਲ
ਜਾਓ ਅਜਿਹੀਆਂ ਜੁਗਾੜਲਾਊ ਸੋਚਾਂ। ਮਿੱਤਰੋ ਉਹ ਦਿਨ ਸਚਮੁੱਚ ਹੀ ਦੂਰ ਨਹੀਂ ਜਦੋਂ
ਤੁਹਾਡੀਆਂ ਆਪਣੀਆਂ ਧੀਆਂ ਭੈਣਾਂ ਵੀ ਪੜ੍ਹ ਲਿਖ ਕੇ ਰੁਜ਼ਗਾਰ ਲਈ ਸੜਕਾਂ ‘ਤੇ
ਨਾਅਰੇ ਮਾਰਨ ਲਈ ਮਜ਼ਬੂਰ ਹੋਣਗੀਆਂ। ਉਸ ਦਿਨ ਤੁਹਾਨੂੰ ਖੁਦ ਸਮਝ ਆ ਜਾਵੇਗੀ ਜਿਸ
ਦਿਨ ਤੁਹਾਡੇ ਵਰਗੇ ਹੀ ਕਿਸੇ ਵਫਾਦਾਰ ਨੇ ਤੁਹਾਡੀ ਆਪਣੀ ਧੀ ਭੈਣ ਨੂੰ ਧੌਲ ਧੱਫਾ
ਕੀਤਾ।
ਓਏ ਅਕਲ ਦੇ ਅੰਨਿਓ!
ਅਕਾਲੀ ਕਾਂਗਰਸੀ ਜਾਂ ਕੋਈ ਹੋਰ ਬਣਨ ਨਾਲੋਂ ਪਹਿਲਾਂ ਇੱਕ ਜਿੰਮੇਵਾਰ ਪਿਓ ਜਾਂ
ਭਰਾ ਤਾਂ ਬਣ ਲਓ। ਬੇਗਾਨੀਆਂ ਨੂੰ ਆਪਣੀਆਂ ਵਰਗੀਆਂ ਸਮਝ ਕੇ ਉਹਨਾਂ ਦਾ ਨੌਕਰੀਆਂ
ਇੱਕ ਸੰਵਿਧਾਨਕ ਹੱਕ ਵਾਂਗ ਲੈਣ ਵਿੱਚ ਸਾਥ ਦਿਓ ਨਾ ਕਿ ਇੱਕ ਕਿੱਲੇ ਬੱਝੇ ਰਹਿਣ
ਵਾਲਾ ਵਫਾਦਾਰ ਬਣ ਕੇ ਉਸ ਹੱਕ ਤੋਂ ਦੂਰ ਕਰਨ ਵਿੱਚ।
ਮਿੱਤਰ ਪਿਆਰਿਓ!
ਸਿਆਸਤ ਤਾਂ ਖੇਡ ਹੀ ਅਜਿਹੀ ਹੈ ਕਿ ਜਿਸਨੇ ਆਪਣਾ ਫਾਇਦਾ ਦੇਖਣਾ ਹੁੰਦੈ।
ਤੁਸੀਂ ਭਾਵੇਂ ਇੱਕ ਦੂਜੇ ਦੇ ਸਿਰ ਪਾੜੀ ਜਾਵੋ। ਬੇਸ਼ੱਕ ਸਰਪੰਚ ਵੱਲੋਂ ਇੱਕ
ਅਧਿਆਪਕਾ ਨਾਲ ਬਦਤਮੀਜ਼ੀ ਦੀਆਂ ਖ਼ਬਰਾਂ ਥਾਂ ਥਾਂ ਛਪੀਆਂ ਹਨ ਤੇ ਆਮ ਲੋਕ ਇਸਨੂੰ
ਭੁੱਲ ਭੁਲਾ ਵੀ ਜਾਣਗੇ। ਪਰ ਅਕਾਲੀ ਵਿਰੋਧੀ ਪਾਰਟੀਆਂ ਵੱਲੋਂ ਇਹਨਾਂ ਫੋਟੋਆਂ ਨੂੰ
ਚੋਣਾਂ ਵਿੱਚ ਅਕਾਲੀਆਂ ਨੂੰ ‘ਬੁਰੇ’ ਦਿਖਾਉਣ ਲਈ ਬੈਨਰ ਜਰੂਰ ਛਪਵਾਏ ਜਾਣਗੇ।
ਉੱਪਰ ਲਿਖਿਆ ਹੋਵੇਗਾ “ਦੇਖੋ ਅਕਾਲੀਆਂ ਨੇ ਤੁਹਾਡੇ ਧੀਆਂ ਪੁੱਤਾਂ ਦੀ ਕਿਹੋ ਜਿਹੀ
ਸੇਵਾ ਕੀਤੀ ਹੈ?” ਲੋਕ ਵਿਚਾਰੇ ਫਿਰ ਉਹਨਾਂ ਬੈਨਰਾਂ ਮਗਰ ਲੱਗ ਕੇ ਭਾਵਨਾਤਮਕ ਤੌਰ
‘ਤੇ ਗੁੰਰਾਹ ਹੋ ਕੇ ਦੂਜਿਆਂ ਵੱਲ ਨੂੰ ਉਲਾਰ ਹੋ ਜਾਣਗੇ। ਬਿਲਕੁਲ ਉਸੇ ਤਰ੍ਹਾਂ
ਹੀ ਜਿਵੇਂ ਮੋਗਾ ਜਿਲ੍ਹੇ ਦੇ ਪਿੰਡ ਮੀਨੀਆ ਕਾਡ ਦੇ ਬੈਨਰ ਅਕਾਲੀਆਂ ਨੇ ਛਪਕਾ ਕੇ
ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਭਾਂਡਾ ਮੂਧ੍ਹਾ ਮਾਰਿਆ ਸੀ। ਮੀਨੀਆਂ ਕਾਂਡ ਓਹ
ਸੀ ਜਿੱਥੇ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੁਨੀਅਨ (ਏਕਤਾ) ਕਿਸਾਨੀ ਮੰਗਾਂ ਲਈ
ਪਿੰਡ ਪਿੰਡ ਮੁਜਾਹਰੇ ਕਰ ਰਹੀ ਸੀ। ਮੀਨੀਆ ਪਿੰਡ ਆ ਕੇ ਕਾਗਰਸੀ ਵਫਾਦਾਰਾਂ ਨੇ
ਕਿਸਾਨਾਂ ਨਾਲ ਇਹੋ ਸਲੂਕ ਕੀਤਾ ਸੀ ਜਿਹੜਾ ਸਰਪੰਚ ਤੋਤੀ ਨੇ ਕੀਤੈ।
ਪਿਆਰੇ ਲੋਕੋ!
ਸਮਝੋ ਲੂੰਬੜ ਚਾਲਾਂ ਨੂੰ, ਆਪਣੀਆਂ ਧੀਆਂ ਦੀ ਪੱਤ ਖੁਦ ਹੀ ਨਾ ਉਧੇੜੋ। ਸਗੋਂ
ਉਹਨਾਂ ਨੂੰ ਹੱਕ ਦਿਵਾਉਣ ਲਈ ਸਰਕਾਰਾਂ ਵੱਲ ਨੂੰ ਸਵਾਲਾਂ ਦੇ ਤੀਰ ਦਲੀਲਾਂ ਨਾਲ
ਦਾਗੋ ਨਾ ਕਿ ਕੀੜੇ ਪਏ ਵਾਲੇ ਕੁੱਤੇ ਵਾਂਗ ਸਿਰ ਨੀਵਾਂ ਕਰਕੇ ਆਪਣਿਆਂ ਦੇ ਹੀ
ਗਿੱਟਿਆਂ ‘ਤੇ ਬੁਰਕ ਭਰੋ।
|