ਸਾਰੀ
ਦੁਨੀਆਂ ਵੱਲ ਧਿਆਨ ਨਾਲ ਨਿਗ੍ਹਾ ਮਾਰ ਕੇ ਦੇਖਿਆ ਜਾਵੇ ਤਾਂ ਇਹ ਹੀ ਪਾਇਆਂ ਜਾਂਦਾ
ਹੈ ਕਿ ਦੁਨੀਆਂ ਗਰੁੱਪਾਂ ਜਾਂ ਵਰਗਾਂ ਵਿੱਚ ਵੰਡੀ ਹੋਈ ਦਿਖਾਈ ਦਿੰਦੀ ਹੈ। ਅਰਥਾਤ
ਸਾਡੀ ਦੁਨੀਆਂ ਦੇ ਲੋਕ ਹੀ ਨਹੀਂ ਬਲਕਿ ਜਾਤਾਂ ਤੇ ਧਰਮਾਂ ਆਦਿ ਵਿੱਚ ਵੀ ਵੰਡੀਆਂ
ਪਈਆਂ ਹੋਈਆਂ ਦਿਖਾਈ ਦਿੰਦੀਆਂ ਹਨ ਤੇ ਇਨਸਾਨ ਹੋਣ ਦੇ ਨਾਤੇ ਮਨੁੱਖ ਦਾ ਅਸਲ ਧਰਮ
ਕੀ ਹੈ ਉਸ ਗੱਲ ਨੂੰ ਵਿਸਾਰ ਦਿੱਤਾ ਗਿਆ ਹੈ। ਉੱਚਾ-ਨੀਵਾਂ, ਛੋਟਾ-ਵੱਡਾ,
ਅਮੀਰ-ਗਰੀਬ, ਗੋਰਾ-ਕਾਲਾ, ਮਾਲਕ-ਗੁਲਾਮ, ਜਾਤ-ਕੁਜਾਤ, ਚੰਗਾ ਬੁਰਾ, ਆਦਿ ਦੇ
ਪੰਜੇ ਵਿੱਚ ਇਨਸਾਨ ਬੜੀ ਹੀ ਬੁਰੀ ਤਰ੍ਹਾਂ ਜ਼ਕੜਿਆ ਗਿਆ ਹੈ। ਇੱਥੇ ਜੇਕਰ ਰੱਬ ਨੂੰ
ਮੰਨਣ ਦੀ ਗੱਲ ਕਰੀਏ ਤਾਂ ਇੱਥੇ ਵੀ ਦੋ ਤਰ੍ਹਾਂ ਦੇ ਲੋਕ ਆਸਤਿਕ ਤੇ ਨਾਸਤਿਕ ਦੇਖਣ
ਨੂੰ ਮਿਲਣਗੇ। ਹੁਣ ਜੇਕਰ ਅਸੀਂ ਪਿਛਲੇ ਇਤਿਹਾਸ ਵੱਲ ਨਜ਼ਰ ਦੌੜਾ ਕੇ ਦੇਖੀਏ ਤਾਂ
ਤਕਰੀਬਨ-ਤਕਰੀਬਨ ਪਹਿਲਾਂ ਵਾਲਾ ਹੀ ਚੱਲ ਰਿਹਾ ਨਜ਼ਰ ਆਵੇਗਾ।
ਮਹਾਂਪੁਰਸ਼ਾਂ ਨੇ ਦੁਨੀਆਂ ਵਿਚਲੇ ਵਧ ਰਹੇ ਪਾੜੇ ਨੂੰ ਘੱਟ ਕਰਨ ਲਈ ਚਾਹੇ ਯਤਨ
ਕੀਤੇ ਹਨ ਤੇ ਦੁਨੀਆਂ ਥੋੜਾ ਸਿਖਿਅਤ ਵੀ ਹੋ ਗਈ ਹਨ ਤੇ ਇਨ੍ਹਾਂ ਗੱਲਾਂ ਨੂੰ ਸਮਝ
ਗਈ ਹੈ ਪਰ ਫਿਰ ਵੀ ਇਹ ਪਾੜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਸਕੇ। ਅੱਜ ਵੀ
ਉੱਚਾ-ਨੀਵਾਂ, ਮਾਲਕ ਜਾਂ ਗੁਲਾਮ, ਆਦਰ ਵਾਲੇ ਜਾਂ ਨਿਰਾਦਰ ਵਾਲੇ ਆਦਿ ਲੋਕਾਂ
ਵਿੱਚ ਕਮੀਂ ਨਹੀਂ ਪਾਈ ਜਾਂਦੀ। ਇੱਥੇ ਅੱਜ ਉਹ ਕੁਝ ਹੋ ਰਿਹਾ ਹੈ ਜੋ ਪਹਿਲਾਂ
ਨਹੀਂ ਸੀ ਹੁੰਦਾ। ਇੱਥੇ ਤਾਂ ਘਪਲੇਬਾਜ਼ ਲੀਡਰ ਲੋਕ ਬੇਸ਼ਰਮਾਂ ਦੀ ਤਰ੍ਹਾਂ ਆਪਣੇ
ਮਾਂ-ਪਿਓ ਦੇ ਵਿਆਹ ਹੋਣ ਤੋਂ ਬਗ਼ੈਰ ਹੀ ਆਪਣੇ ਆਪ ਨੂੰ ਜਨਮੇ ਹੋਏ ਦੱਸਦੇ ਹੋਏ
ਨਜ਼ਰੀਂ ਪੈ ਰਹੇ ਹਨ।
ਏਥੇ ਮੋਹਣੇ ਵਰਗੇ ਚੋਣਾਂ ਦਾ ਸਮਾਂ ਸਿਰ 'ਤੇ ਆਉਣ ਕਰਕੇ ਲੋਕਾਂ ਦਾ ਸਮਰਥਨ
ਹਾਸ਼ਲ ਕਰਨ ਲਈ 50000 ਖਾਲ਼ੀ ਪਦ ਭਰਨ ਦੀ ਗੱਲ ਕਰ ਰਹੇ ਹਨ ਹਾਲਾਂਕਿ ਪਿਛਲੇ ਪੰਜ
ਸਾਲਾਂ ਤੋਂ ਇਨ੍ਹਾਂ ਦੇ ਆਪਣੇ ਹੀ ਪੱਦ ਨਿਕਲੇ ਹੋਏ ਸਨ ਸਰਕਾਰ ਤਾਂ ਕਬੱਡੀ
ਖਿਡਾਰੀਆਂ ਦੇ ਰਹਿਣ ਦਾ ਪ੍ਰਬੰਧ ਕਰਨ ਵਾਲਿਆਂ ਦੇ ਇੱਕ ਕਰੋੜ ਵੀਹ ਹਜ਼ਾਰ ਰੁਪਇਆ
ਦੇਣ ਦੀ ਹਾਲਤ 'ਚ ਵੀ ਨਹੀਂ ਹੈ ਤੇ ਉਹ ਹੋਟਲ ਮਾਲਕ ਸਰਕਾਰ ਨਾਲ ਕਬੱਡੀ ਕਬੱਡੀ
ਖੇਡਣ ਲਈ ਤਿਆਰ ਬੈਠਾ ਹੈ।
ਹੁਣ ਅਸੀਂ ਰੱਬ ਦੀ ਹੋਂਦ ਵਾਲੇ ਪਾਸੇ ਜਾਂਦੇ ਹਾਂ ਕੁਝ ਇੱਕ ਰੱਬ ਦੀ ਹੋਂਦ
ਮੰਨਦੇ ਹਨ ਤੇ ਕੁਝ ਇੱਕ ਅਨੁਸਾਰ ਰੱਬ ਕਿਧਰੇ ਵੀ ਨਹੀਂ ਹੈ। ਅਰਥਾਤ ਕਝ ਇੱਕ
ਆਸਤਿਕ ਭਾਵ ਰੱਬ ਨੂੰ ਮੰਨਣ ਵਾਲੇ ਤੇ ਕੁਝ ਇੱਕ ਨਾਸਤਿਕ ਅਰਥਾਤ ਰੱਬ ਨੂੰ ਨਾ
ਮੰਨਣ ਵਾਲੇ ਆਉਂਦੇ ਹਨ। ਹੁਣ ਜੇਕਰ ਅਮੀਰ ਜਾਂ ਧਨੀ ਲੋਕਾਂ ਦੇ ਪੱਖੋਂ ਰੱਬ ਦੀ
ਗੱਲ ਕਰੀਏ ਤਾਂ ਰੱਬ ਉਨ੍ਹਾਂ ਦੇ ਵੱਸ ਵਿੱਚ ਹੈ ਉਹ ਆਪਣੇ ਪੈਸੇ ਦੇ ਜ਼ੋਰ ਨਾਲ ਰੱਬ
ਨੂੰ ਵੀ ਆਪਣੇ ਵੱਸ 'ਚ ਕਰ ਸਕਦੇ ਹਨ। ਜੇਕਰ ਗਰੀਬ ਲੋਕਾਂ ਦੀ ਗੱਲ ਕਰੀਏ ਤਾਂ
ਉਨ੍ਹਾਂ ਕੋਲ ਤਾਂ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਾਲੇ ਸਾਧਨ ਜ਼ੁਟਾਉਣ ਲਈ
ਵੀ ਪੈਸੇ ਨਹੀਂ ਹਨ ਤੇ ਉਹ ਭਲਾ ਰੱਬ ਨੂੰ ਵੱਸ ਵਿੱਚ ਕਿਵੇਂ ਕਰ ਸਕਦਾ ਹੈ।
ਉਨ੍ਹਾਂ ਵਾਸਤੇ ਤਾਂ ਫਿਰ ਵਾਹਿਗੁਰੂ ! ਤੇਰਾ ਈ ਆਸਰਾ। ਵਾਲੀ ਗੱਲ ਰਹਿ ਜਾਂਦੀ
ਹੈ। ਦੂਜੇ ਪਾਸੇ ਅਮੀਰਾਂ ਤੇ ਧਨੀ ਲੋਕਾਂ ਲਈ ਐਹ ਵਾਹਿਗੁਰੂ! ਤੈਨੂੰ ਮੇਰਾ ਹੀ
ਆਸਰਾ ਹੈ। ਵਾਲੀ ਗੱਲ ਹੁੰਦੀ ਹੋਈ ਨਜ਼ਰੀਂ ਪੈ ਜਾਂਦੀ ਹੈ।
ਇੱਥੇ ਮੇਰਾ ਆਸਰਾ ਇਸ ਲਈ ਹੈ ਕਿਉਂਕਿ ਮੈਂ ਤਾਂ ਦੂਜੇ ਤੋਂ ਖੋਹ ਕੇ ਉਸ
ਵਿੱਚੋਂ ਥੋੜਾ ਤੈਨੂੰ ਵੀ ਪ੍ਰਸ਼ਾਦ ਦੇ ਰੂਪ 'ਚ ਭੇਂਟਾ ਕਰ ਦਿਆਂਗਾ। ਇਸ ਲਈ ਮੈਨੂੰ
ਨਹੀਂ ਤੈਨੂੰ ਮੇਰੇ ਵਾਸਤੇ ਵਿਹਲਾ ਟਾਇਮ ਕੱਢਣ ਦੀ ਲੋੜ ਹੈ। ਇਹ ਧਿਆਨ ਲਗਾ ਕੇ
ਦੇਖਿਆ ਜਾਵੇ ਤਾਂ ਜਿਸ ਕੋਲ ਚਾਰ ਪਾਸੇ ਹੋਣ ਗੁਰੂ ਘਰਾਂ ਵਿੱਚ ਉਸ ਦੀ ਪੁੱਛ-ਗਿੱਛ
ਬੜੀ ਹੁੰਦੀ ਹੈ ਤੇ ਉਹ ਫਿਰ ਗੁਰੂ ਅੱਗੇ ਵੀ ਝੁਕਣਾ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦਾ
ਹੈ ਤੇ ਖੜ੍ਹੇ-ਖੜ੍ਹੇ ਨੋਟ ਘੁੰਮਾਂ ਕੇ ਮਾਰਦਾ ਹੈ ਇਹ ਗੱਲ ਉਸ ਦੇ ਮਨ 'ਚ ਹੁੰਦੀ
ਹੈ ਲੈ ਚੱਕ ਬਾਬਾ ਆਹ ਪੰਜਾਹ ਜਾਂ ਸੌ ਦਾ ਨੋਟ ਇੰਨਾ ਕਿਹਦੇ ਕੋਲ ਵਿਹਲ ਹੈ ਕਿ
ਨਿਮਰਤਾ ਨਾਲ ਤੇਰੇ ਅੱਗੇ ਸਿਜਦਾ ਕਰਾਂ। ਜਾਂ ਫਿਰ ਮੇਰੀ ਕਿਸੇ ਨਾਲ ਅਪੁਆਇੰਟਮੈਂਟ
ਹੈ ਜਾਂ ਮੈਂ ਕਿਸੇ ਨੂੰ ਮਿਲਣਾ ਹੈ।
ਇਹੀ ਕਾਰਨ ਹੈ ਕਿ ਆਪਣੇ ਮਹਾਂ-ਪੁਰਸ਼ਾਂ ਦੇ ਜਨਮ ਮਨਾਉਣ ਵੇਲੇ ਵੀ
ਮਹਾਂ-ਪੁਰਸ਼ਾਂ ਨੂੰ ਛੱਡ ਕੇ ਇਨ੍ਹਾਂ ਦੀ ਵਿਹਲ ਨੂੰ ਪਹਿਲ ਦੇ ਆਧਾਰ 'ਤੇ ਦੇਖਿਆ
ਜਾਂਦਾ ਹੈ। ਲੋਕੀਂ ਇਹੀ ਕਹਿੰਦੇ ਹੋਏ ਦੇਖੇ ਸੁਣੇ ਜਾਂਦੇ ਹਨ ਚਲ ਯਾਰ ਫਲਾਣੇ
ਘੋਦੜਮਲ ਨੂੰ ਪੁੱਛ ਲੈਣਾ ਸੀ ਕਿ ਆਪਾਂ ਆਪਣੇ ਕਿਸੇ ਗੁਰੂ ਦਾ ਗੁਰਪੁਰਬ ਮਨਾਉਣਾ
ਹੈ ਜੇਕਰ ਤੁਹਾਡੇ ਇਕੱਲਿਆਂ ਕੋਲ ਵਿਹਲ ਹੈ ਤਾਂ ਆਪਾਂ ਮਨਾਂ ਈ ਲਈਏ। ਫਿਰ ਘੋਦੜਮਲ
ਕਹੇਗਾ ਕੋਈ ਨਹੀਂ ਜੀ ਸਭ ਤੋਂ ਪਹਿਲਾਂ ਮੈਂ ਵਿਹਲਾ ਹੋ ਜਾਵਾਂ ਆਪਣੇ ਗੁਰੂ
ਮਹਾਂ-ਪਰਸ਼ਾਂ ਦਾ ਗੁਰਪੁਰਬ ਮਹੀਨਾ ਖੰਡ ਲੇਟ ਵੀ ਹੋ ਜਾਵੇ ਕੋਈ ਗੱਲ ਨਹੀਂ ਜਾਂ
ਫਿਰ ਪਹਿਲਾਂ ਮੈਨੂੰ ਆਪਣਾ ਜਨਮ ਦਿਨ ਮਨਾਉਣ ਦਿਓ ਫਿਰ ਗੁਰੂ ਮਹਾਰਾਜ ਸਹੀ।
ਫਿਰ ਘੋਦੜਮਲਾਂ ਦੇ ਮਨ 'ਚ ਤਾਂ ਆਪ ਹੀ ਇਹ ਗੀਤ ਆ ਜਾਣਾ ਹੈ ਅਖ਼ੇ ਜੇ ਮੈਂ ਨਾ
ਜੰਮਦੀ ਤੂੰ ਕਿਹਦੇ ਨਾਲ ਵਿਆਹ ਕਰਵਾਉਂਦਾ। ਅਰਥਾਤ ਜੇਕਰ ਇਹੋ ਜਿਹੇ ਘੋਦੜਮਲ ਨਾ
ਹੁੰਦੇ ਤਾਂ ਸਾਰੀ ਦੁਨੀਆਂ ਹੀ ਕੁਆਰਿਆਂ ਦੀ ਰਹਿ ਜਾਣੀ ਸੀ। ਹੁਣ ਇਥੇ ਇਹ ਦੇਖਿਆ
ਗਿਆ ਹੈ ਕਿ ਚਾਰ ਪੈਸੇ ਵਾਲਿਆਂ ਦਾ ਆਸਰਾ ਗੁਰੂ ਮਹਾਂ-ਪੁਰਸ਼ਾਂ ਨੂੰ ਹੈ ਤੇ ਦੂਜੇ
ਮ੍ਹਾਤੜ ਲੋਕ ਤਾਂ ਗੁਰੂ - ਪੀਰਾਂ ਦਾ ਆਸਰਾ ਚਾਹੁੰਦੇ ਹਨ। ਕਿ ਵਾਹਿਗੁਰੂ ! ਹੁਣ
ਤਾਂ ਤੇਰਾ ਈ ਆਸਰਾ ਹੈ। ਇਹ ਸੋਚਣੀ ਵੀ ਮਨ 'ਚ ਘਰ ਕਰ ਜਾਂਦੀ ਹੈ ਕਿ ਵਾਹਿਗੁਰੂ
ਜੋ ਕਰਦਾ ਹੈ ਸਹੀ ਕਰਦਾ ਹੈ ਤੇ ਇੱਕ ਤਾਂ ਉਂਜ ਗਰੀਬੀ ਤੇ ਭੁੱਖਮਰੀ ਦੇ ਨਾਲ ਚੱਕੀ
ਦੇ ਘੁਣ ਵਿੱਚ ਪਿਸ ਰਹੇ ਹੁੰਦੇ ਹਨ ਤੇ ਦੂਜਾ ਕਈ ਕਈ ਤਰ੍ਹਾਂ ਦੇ ਕਰਮ-ਕਾਡਾਂ
ਵਿੱਚ ਗ੍ਰੱਸੇ ਹੋਏ ਹੋਣ ਕਰਕੇ ਆਪਣਾ ਰਹਿੰਦਾ ਵੀ ਝੁੱਗਾ ਚੌੜ ਕਰਾ ਕੇ ਬੈਠ ਜਾਂਦੇ
ਹਨ।
ਗਰੀਬੀ ਤੇ ਭੁੱਖਮਰੀ ਦਾ ਸ਼ਿਕਾਰ ਇਸ ਆਸ ਵਿੱਚ ਬੱਝਾ ਰਹਿੰਦਾ ਹੈ ਕਿ ਕਦੇ ਤਾਂ
ਰੱਬ ਬੋਹੜੂ ਈ ਇਹ ਸੋਚਦਾ ਹੋਇਆ ਗਰੀਬੀ ਤੇ ਭੁੱਖਮਰੀ ਨਾਲ ਲੜਦਾ ਤੇ ਦਾਣੇ ਦਾਣੇ
ਦਾ ਮਹੁਤਾਜ਼ ਹੋਇਆ ਆਪਣੇ ਅੰਤਮ ਸਾਹਾਂ 'ਤੇ ਪਹੁੰਚ ਜਾਂਦਾ ਹੈ। ਪਰ ਰੱਬ ਫਿਰ ਵੀ
ਨਹੀਂ ਬੋਹੜਦਾ। ਹੁਣ ਇੱਕ ਗੱਲ ਹੋਰ ਹੈ ਅਖੇ ਹਿੰਮਤ ਅੱਗੇ ਲੱਛਮੀਂ ਅਰਥਾਤ ਧੰਨ ਤੇ
ਪੱਖੇ ਅੱਗੇ ਪੌਣ ਭਾਵ ਹਵਾ। ਹੁਣ ਚੋਰ ਤੇ ਉਚੱਕੇ ਤੇ ਘਪਲੇਬਾਜ਼ ਤਾਂ ਹਿੰਮਤ ਕਰਕੇ
ਦੂਜੇ ਲੋਕਾਂ ਦਾ ਧੰਨ ਵੀ ਆਪਣੇ ਕੋਲ ਇਕੱਠਾ ਕਰ ਲੈਂਦੇ ਹਨ ਤੇ ਫਿਰ ਪੱਖਾ ਵੀ
ਖ਼ਰੀਦ ਹੋ ਜਾਂਦਾ ਹੈ ਤੇ ਹਵਾ ਵੀ ਮਿਲ ਜਾਂਦੀ ਤੇ ਦੂਜੇ ਪਾਸੇ ਗਰੀਬ ਤੇ ਮੇਹਨਤੀ
ਲੋਕਾਂ ਕੋਲ ਹਿੰਮਤ ਕਰਨ 'ਤੇ ਵੀ ਲੱਛਮੀਂ ਅਰਥਾਤ ਧੰਨ ਨਹੀਂ ਹੁੰਦਾ ਜੇਕਰ ਧੰਨ
ਨਹੀਂ ਤਾਂ ਪੱਖਾ ਕਿਵੇਂ ਆਵੇਗਾ ਫਿਰ ਉਹ ਬੇਚਾਰੇ ਗਰਮੀਂ ਵਿੱਚ ਹੀ ਮਰ ਜਾਂਦੇ ਹਨ।
ਇੱਥੇ ਇੱਕ ਧਾਰਨਾ ਹੈ ਕਿ ਦਸਾਂ ਨੌਹਾਂ ਦੀ ਕਿਰਤ ਕਰਨਾ ਰੱਬ ਦਾ ਨਾਂ ਜੱਪਣਾ
ਹੈ ਤੇ ਸਹਿਬ ਸਤਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਦਸਾਂ ਨੌਹਾਂ ਦੀ ਕਿਰਤ
ਕਰਨ ਦਾ ਉਪਦੇਸ਼ ਦਿੱਤਾ ਹੈ । ਚੱਲੋ ਗਰੀਬ ਆਦਮੀਂ ਕਿਸੇ ਨਾ ਕਿਸੇ ਤਰ੍ਹਾਂ ਹਿੰਮਤ
ਕਰ ਕੇ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣੇ ਬਾਲ-ਬੱਚਿਆਂ ਨੂੰ ਪੜ੍ਹਾ ਈ ਲੈਂਦਾ ਹੈ
ਤਾਂ ਫਿਰ ਵੀ ਉਸਨੂੰ ਚਾਰ ਪੈਸੇ ਵਾਲਿਆਂ ਤੇ ਘਪਲੇਬਾਜ਼ਾਂ ਨਾਲ ਰਲਣ ਲਈ ਮਜ਼ਬੂਰ
ਕੀਤਾ ਜਾਂਦਾ ਹੈ। ਫਿਰ ਡਿਗਰੀਆਂ ਲੈ ਕੇ ਜਨਤਕ ਥਾਵਾਂ ਤੇ ਅਪਮਾਨਤ ਹੋਣਾ ਪੈਂਦਾ
ਹੈ ਤੇ ਲਾਠੀਆਂ ਖਾਣੀਆਂ ਪੈਂਦੀਆਂ ਹਨ ਤੇ ਉਸ ਵੇਲੇ ਫਿਰ ਕੋਈ ਵੀ ਰੱਬ ਲਾਠੀਆਂ
ਦੇਖ ਕੇ ਅੱਗੇ ਨਹੀਂ ਆਉਂਦਾ ਕਿ ਜਿਹੜੇ ਮੈਨੂੰ ਮੰਨਦੇ ਸੀ ਉਨ੍ਹਾਂ ਦੀ ਜਗ੍ਹਾ ਮੈਂ
ਹੀ ਲਾਠੀਆਂ ਖਾ ਆਵਾਂ ਤੇ ਅਪਮਾਨਤ ਹੋ ਆਵਾਂ। ਫਿਰ ਇਹ ਗੁਰੂ ਪੀਰਾਂ ਦੇ ਉਪਦੇਸ਼ ਦਾ
ਅਪਮਾਨ ਨਹੀਂ ਜਾਂ ਫਿਰ ਰੱਬ ਵੀ ਚਾਹੁੰਦਾ ਹੈ ਕਿ ਇਹ ਲੋਕ ਦੁਖੀ ਹੋਣ ਤੇ ਫਿਰ
ਮੇਰੇ ਅੱਗੇ ਤਰਲੇ ਕਰਨ। ਗੁਰੂ ਨਾਨਕ ਸਾਹਿਬ ਨੇ ਤਾਂ ਦੁਨੀਆਂ ਉੱਤੇ ਹੋ ਰਹੇ
ਅੱਤਿਆਚਾਰਾਂ ਦਾ ਉਲਾਂਭਾ ਵੀ- 'ਏਤੀ ਮਾਰ ਪਈ ਕੁਰਲਾਣੈ ਤੈਂਅ ਕੀ ਦਰਦ ਨਾ ਆਇਆ।'
ਕਹਿ ਕੇ ਦੇ ਦਿੱਤਾ ਸੀ। ਫਿਰ ਗੱਲ ਕੀ ਕਿ ਇਹ ਰੱਬ ਇਨ੍ਹਾਂ ਲੋਕਾਂ ਲਈ ਜੱਭ ਦਾ
ਕੰਮ ਬਣਿਆ ਹੋਇਆ ਹੈ। ਫਿਰ ਆਪੇ ਇਹ ਗੱਲ ਢੁਕਦੀ ਹੋਈ ਨਜ਼ਰੀਂ ਆਉਂਦੀ ਹੈ ਕਿ ਜਿਹੜਾ
ਰੱਬ ਕੁਝ ਇੱਕ ਰੱਬ ਹੈ ਤੇ ਉਹੀ ਰੱਬ ਮੇਹਨਤੀ, ਭੋਲੇ-ਭਾਲੇ ਤੇ ਹੱਕ ਮੰਗਣ ਵਾਲੇ
ਗਰੀਬ ਲੋਕਾਂ ਲਈ ਜੱਭ ਵੀ ਤਾਂ ਹੈ।
ਪਰਸ਼ੋਤਮ ਲਾਲ ਸਰੋਏ,
ਮੋਬਾ: ਨੰ: 92175-44348
ਪਿੰਡ - ਧਾਲੀਵਾਲ-ਕਾਦੀਆਂ,
ਡਾਕਘਰ-ਬਸ਼ਤੀ-ਗੁਜ਼ਾਂ-ਜਲੰਧਰ-144002 |