WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ

 

5_cccccc1.gif (41 bytes)

ਜਾਣ-ਪਛਾਣ

ਅੱਜ ਸੰਸਾਰ ਪੱਧਰ ਉੱਤੇ ਕੰਜਿ਼ਉਮਰਿਜ਼ਮ (ਖਪਤਵਾਦ) ਨੇ ਲੋਕਾਂ ਦੇ ਰਹਿਣ ਸਹਿਣ ਨੂੰ ਪੂਰੀ ਤਰ੍ਹਾਂ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ। ਓਪਰੀ ਨਜ਼ਰ ਨਾਲ ਦੇਖਿਆਂ ਕੰਜਿ਼ਉਮਰਿਜ਼ਮ ਦਾ ਇਹ ਪਸਾਰ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਨਜ਼ਰ ਆਉਂਦਾ ਹੈ। ਪਰ ਇਸ ਨੂੰ ਡੂੰਘਾਈ ਨਾਲ ਦੇਖਿਆਂ ਸਾਨੂੰ ਸਮਝ ਆਉਂਦੀ ਹੈ ਕਿ ਇਹ ਧਰਤੀ ਦੇ ਵਾਤਾਵਰਨ ਦੇ ਵਿਨਾਸ਼ ਦਾ ਇਕ ਵੱਡਾ ਕਾਰਨ ਹੈ। ਦਿਨੋ ਦਿਨ ਲੋਕਾਂ ਦੇ ਜੀਵਨ ਉੱਤੇ ਵਧਦੀ ਜਾਂਦੀ ਕੰਜਿ਼ਉਮਰਿਜ਼ਮ ਦੀ ਜਕੜ ਵਾਤਾਵਰਨ ਦੇ ਸੰਕਟ ਨੂੰ ਹੋਰ ਡੂੰਘਾ ਕਰੀ ਜਾਂਦੀ ਹੈ ਅਤੇ ਲੋਕਾਂ ਅਤੇ ਧਰਤੀ ਦੀ ਖੁਸ਼ਹਾਲੀ ਅਤੇ ਹੋਂਦ ਲਈ ਖਤਰਾ ਬਣਦੀ ਜਾਂਦੀ ਹੈ। ਇਸ ਲਈ ਕੰਜਿ਼ਉਮਰਿਜ਼ਮ ਅਤੇ ਵਾਤਾਵਰਨ ਦੇ ਨੁਕਸਾਨ ਦੇ ਆਪਸੀ ਸੰਬੰਧ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਨਾਲ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸੰਸਾਰ ਪੱਧਰ ਉੱਤੇ ਕੰਜ਼ਿਊਮਰਿਜ਼ਮ ਦੀ ਵਧ ਰਹੀ ਜਕੜ ਦੇ ਕੀ ਕਾਰਨ ਹਨ। ਇਹ ਸਮਝਣ ਲਈ ਅਸੀਂ ਇਸ ਲੇਖ ਵਿੱਚ ਅੱਗੇ ਦਿੱਤੀਆਂ ਗੱਲਾਂ ‘ਤੇ ਵਿਚਾਰ ਕਰਾਂਗੇ: ਕੰਜਿ਼ਉਮਰਿਜ਼ਮ ਅਤੇ ਇਸ ਦਾ ਪਸਾਰ, ਕੰਜਿਉਮਰਿਜ਼ਮ ਅਤੇ ਵਾਤਾਵਾਰਨ ਦਾ ਨੁਕਸਾਨ ਅਤੇ ਕੰਜਿ਼ਉਮਰਿਜ਼ਮ ਦੇ ਪਸਾਰ ਦੇ ਬੁਨਿਆਦੀ ਕਾਰਨ।

ਕੰਜਿ਼ਉਮਰਿਜ਼ਮ ਅਤੇ ਇਸ ਦਾ ਪਸਾਰ

ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ ਕਿ ਕੰਜ਼ਿਊਮਰਿਜ਼ਮ ਹੈ ਕੀ?

ਮਨੁੱਖ ਨੂੰ ਜਦਾ ਰਹਿਣ ਲਈ ਰੋਟੀ, ਕੱਪੜੇ ਅਤੇ ਮਕਾਨ ਦੀ ਲੋੜ ਪੈਂਦੀ ਹੈ ਅਤੇ ਇਸ ਲੋੜ ਨੂੰ ਪੂਰਾ ਕਰਨ ਲਈ ਵਸਤਾਂ/ਸੇਵਾਵਾਂ ਦਾ ਇਸਤੇਮਾਲ ਕੰਜ਼ਿਊਮਰਿਜ਼ਮ ਨਹੀਂ ਹੈ। ਪਰ ਜਦੋਂ ਵਸਤਾਂ/ਸੇਵਾਵਾਂ ਨੂੰ ਹਾਸਲ ਕਰਨਾ ਹੀ ਮਨੁੱਖ ਦੀ ਜ਼ਿੰਦਗੀ ਦਾ ਵੱਡਾ ਮਕਸਦ ਬਣ ਜਾਵੇ ਅਤੇ ਉਹ ਵਸਤਾਂ/ਸੇਵਾਵਾਂ ਹਾਸਲ ਕਰਨ ਨੂੰ ਆਪਣੀ ਪਹਿਚਾਣ, ਪ੍ਰਾਪਤੀ, ਸਮਾਜ ਵਿੱਚ ਆਪਣੇ ਰੁਤਬੇ ਦਾ ਆਧਾਰ ਸਮਝਣ ਲਗ ਪਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਕੰਜ਼ਿਊਮਰਿਜ਼ਮ ਦਾ ਸਿ਼ਕਾਰ ਹੈ। ਵਰਡਵਾਚ ਇੰਸਟੀਚਿਊਟ  ਦਾ ਸੀਨੀਅਰ  ਖੋਜੀ, ਐਰਿਕ ਐਸਾਡੋਰੀਅਨ, ਬ੍ਰਿਟਿਸ਼ ਅਰਥਸ਼ਾਸਤਰੀ ਪਾਲ ਈਕਿਨਜ਼ ਦੇ ਹਵਾਲੇ ਨਾਲ ਲਿਖਦਾ ਹੈ ਕਿ ਕੰਜਿਊਮਰਿਜ਼ਮ ਅਜਿਹੀ ਸਭਿਆਚਾਰਕ ਸੋਚ ਹੈ ਜਿਸ ਅਨੁਸਾਰ ਸਮਾਜ ਵਿੱਚ “ਵੱਧ ਤੋਂ ਵੱਧ ਵਸਤਾਂ ਅਤੇ ਸੇਵਾਵਾਂ ਦੀ ਮਾਲਕੀ ਅਤੇ ਵਰਤੋਂ ਸਭਿਆਚਾਰਕ ਤੌਰ ‘ਤੇ ਮੁੱਖ ਨਿਸ਼ਾਨਾ ਬਣ ਜਾਂਦੀ ਹੈ ਅਤੇ (ਇਸ ਨੂੰ) ਨਿੱਜੀ ਖੁਸ਼ੀ, ਸਮਾਜਕ ਰੁਤਬੇ ਅਤੇ ਕੌਮੀ ਕਾਮਯਾਬੀ ਦਾ ਯਕੀਨੀ ਰਸਤਾ ਮੰਨਿਆ ਜਾਂਦਾ ਹੈ।” ਐਸਾਡੋਰੀਅਨ ਅਨੁਸਾਰ ਜੇ ਸੌਖੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ, “ਕੰਜ਼ਿਊਮਰਿਜ਼ਮ ਇਕ ਅਜਿਹਾ ਸਭਿਆਚਾਰਕ ਵਰਤਾਰਾ ਹੈ ਜਿਸ ਅਨੁਸਾਰ ਲੋਕ ਚੀਜ਼ਾਂ ਅਤੇ ਸੇਵਾਵਾਂ ਦੀ ਖਪਤ ਕਰਕੇ (ਜ਼ਿੰਦਗੀ ਵਿੱਚ) ਮਤਲਬ, ਸੰਤੁਸ਼ਟੀ ਅਤੇ ਪ੍ਰਵਾਨਗੀ ਭਾਲਦੇ ਹਨ। ... ਹਰ ਥਾਂ ਲੋਕ ਵੱਧ ਤੋਂ ਵੱਧ ਖਪਤ ਨੂੰ ਭਲਾਈ ਅਤੇ ਕਾਮਯਾਬੀ ਨਾਲ ਜੋੜ ਕੇ ਦੇਖਦੇ ਹਨ।”

ਸੁਚੇਤ ਜਾਂ ਅਚੇਤ ਰੂਪ ਵਿੱਚ ਕੰਜ਼ਿਊਮਰਿਜ਼ਮ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਅਪਣਾਅ ਕੇ ਜ਼ਿੰਦਗੀ ਜੀਅ ਰਹੇ ਲੋਕਾਂ ਦੇ ਸਮੂਹ ਨੂੰ ਸਮਾਜ ਵਿਗਿਆਨੀਆਂ ਨੇ “ਕੰਜਿ਼ਊਮਰ ਸੁਸਾਇਟੀ” ਜਾਂ “ਕੰਜਿ਼ਊਮਰ ਕਲਾਸ” ਦਾ ਨਾਂ ਦਿੱਤਾ ਹੈ। ਸੰਨ 2004 ਵਿੱਚ ਪ੍ਰਕਾਸਿ਼ਤ ਹੋਈ ਇਕ ਰਿਪੋਰਟ ਅਨੁਸਾਰ 2004 ਤੱਕ ਦੁਨੀਆਂ ਭਰ ਦੇ 27 ਫੀਸਦੀ ਜਾਂ 1.7 ਅਰਬ (ਬਿਲੀਅਨ) ਲੋਕ ਕੰਜਿ਼ਊਮਰ ਸੁਸਾਇਟੀ ਦਾ ਹਿੱਸਾ ਬਣ ਚੁੱਕੇ ਸਨ। ਇਹਨਾਂ ਵਿੱਚੋਂ 27 ਕ੍ਰੋੜ ਅਮਰੀਕਾ ਅਤੇ ਕੈਨੇਡਾ ਵਿੱਚੋਂ ਸਨ, 35 ਕ੍ਰੋੜ ਪੱਛਮੀ ਯੂਰਪ ਵਿੱਚੋਂ, 24 ਕ੍ਰੋੜ ਚੀਨ ਵਿੱਚੋਂ ਅਤੇ 12-12 ਕ੍ਰੋੜ ਜਾਪਾਨ ਅਤੇ ਭਾਰਤ ਵਿੱਚੋਂ ਸਨ। ਇਹਨਾਂ ਲੋਕਾਂ ਦੀ ਆਮਦਨ 7000 ਡਾਲਰ ਸਾਲਾਨਾ ਦੀ ਖ੍ਰੀਦਸ਼ਕਤੀ ਦੇ ਬਰਾਬਰ ਜਾਂ ਉਸ ਤੋਂ ਵੱਧ ਸੀ।

ਅਜੋਕੇ ਕੰਜਿ਼ਊਮਰ ਸਭਿਆਚਾਰ ਦਾ ਫੈਲਾਅ ਕਿੰਨਾ ਕੁ ਵੱਡਾ ਹੈ, ਇਸ ਦਾ ਅੰਦਾਜ਼ਾ ਅਸੀਂ ਅੱਗੇ ਦਿੱਤੇ ਅੰਕੜਿਆਂ ਤੋਂ ਲਾ ਸਕਦੇ ਹਾਂ। ਸੰਨ 2006 ਵਿੱਚ ਦੁਨੀਆਂ ਭਰ ਵਿੱਚ ਲੋਕਾਂ ਨੇ ਵਸਤਾਂ ਅਤੇ ਸੇਵਾਵਾਂ ਦੀ ਖ੍ਰੀਦੋਫਰੋਖਤ ‘ਤੇ 305 ਖਰਬ ਜਾਂ 30.5 ਟ੍ਰਿਲੀਅਨ ਡਾਲਰ (2008 ਦੀ ਦਰ ਮੁਤਾਬਕ) ਖਰਚ ਕੀਤੇ ਸਨ। ਇਸ ਰਕਮ ਵਿੱਚ ਲੋਕਾਂ ਵਲੋਂ ਖਾਣੇ ਅਤੇ ਰਿਹਾਇਸ਼ ਵਰਗੀਆਂ ਮੁਢਲੀਆਂ ਲੋੜਾਂ ਦੇ ਨਾਲ ਨਾਲ ਕਾਰਾਂ, ਕੰਪਿਊਟਰਾਂ, ਟੈਲੀਵਿਯਨਾਂ, ਹਵਾਈ ਸਫਰਾਂ, ਵੱਡੇ ਵੱਡੇ ਘਰਾਂ ਆਦਿ ‘ਤੇ ਕੀਤੇ ਖਰਚੇ ਸ਼ਾਮਲ ਹਨ। ਸੰਨ 2008 ਵਿੱਚ ਦੁਨੀਆ ਭਰ ਵਿੱਚ 6.8 ਕ੍ਰੋੜ ਗੱਡੀਆਂ, 8.5 ਕ੍ਰੋੜ ਫਰਿੱਜਾਂ, 29.7 ਕ੍ਰੋੜ ਕੰਪਿਊਟਰ ਅਤੇ 1.2 ਅਰਬ ਮੋਬਾਈਲ ਜਾਂ ਸੈੱਲ ਫੋਨ ਖ੍ਰੀਦੇ ਗਏ ਸਨ। ਮੁਢਲੀਆਂ ਲੋੜਾਂ ਤੋਂ ਬਾਹਰੀ ਖਪਤ ‘ਤੇ ਖਰਚੇ ਜਾਂਦੇ ਪੈਸਿਆਂ ਬਾਰੇ ਸਮਝ ਬਣਾਉਣ ਲਈ ਅੱਗੇ ਦਿੱਤੇ ਅੰਕੜੇ ਹੋਰ ਸਹਾਈ ਹੋ ਸਕਦੇ ਹਨ:

ਬਲੂਮਬਰਗ ਬਿਜਨਿਸਵੀਕ  ਅਨੁਸਾਰ ਸੰਨ 2007 ਵਿੱਚ ਦੁਨੀਆ ਭਰ ਵਿੱਚ ਆਈਸ ਕ੍ਰੀਮ ਦੀ ਸਨਅਤ 59 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ। ਇਸ ਰਿਪੋਰਟ ਵਿੱਚ ਅਨੁਮਾਨ ਲਾਇਆ ਗਿਆ ਸੀ ਕਿ ਸੰਨ 2010 ਵਿੱਚ ਸੰਸਾਰ ਭਰ ਵਿੱਚ ਆਈਸਕ੍ਰੀਮ ਦੀ ਵਿਕਰੀ 65 ਅਰਬ ਡਾਲਰ ਤੱਕ ਪਹੁੰਚ ਜਾਏਗੀ।
ਆਈ ਸੀ ਆਈ ਐੱਸ ਕਾਮ  ‘ਤੇ ਛਪੀ ਇਕ ਰਿਪੋਰਟ ਅਨੁਸਾਰ ਸੰਨ 2008 ਵਿੱਚ ਮੇਕਅੱਪ ਅਤੇ ਇਸ ਨਾਲ ਸੰਬੰਧਤ ਵਸਤਾਂ (ਕੌਸਮੈਟਕ ਅਤੇ ਟੁਆਲਿਟਰੀਜ਼) ਦੀ ਪ੍ਰਚੂਨ ਵਿਕਰੀ 333.5 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ।
ਵਰਡਵਾਚ ਇੰਸਟੀਚਿਊਟ  ਵਲੋਂ 2010 ਵਿਚ ਛਾਪੀ ਗਈ ਸਟੇਟ ਆਫ ਦੀ ਵਰਲਡ  ਨਾਮੀ ਰਿਪੋਰਟ ਅਨੁਸਾਰ ਸੰਨ 2008 ਵਿੱਚ ਬੋਤਲ-ਬੰਦ ਪਾਣੀ ਦੀ ਸਨਅਤ 60 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਸੀ ਅਤੇ ਇਸ ਸਾਲ ਇਸ ਸਨਅਤ ਨੇ 241 ਅਰਬ ਲੀਟਰ ਬੋਤਲ-ਬੰਦ ਪਾਣੀ ਵੇਚਿਆ ਸੀ।
ਉਪ੍ਰੋਕਤ ਰਿਪੋਰਟ ਅਨੁਸਾਰ ਹੀ ਪਾਲਤੂ ਜਾਨਵਰਾਂ ਦੇ ਖਾਣੇ ਦੀ ਸਨਅਤ ਹਰ ਸਾਲ 42 ਅਰਬ ਡਾਲਰ ਕਮਾਉਂਦੀ ਹੈ।

ਇਹਨਾਂ ਅੰਕੜਿਆਂ ਦੇ ਸਹੀ ਅਰਥ ਸਾਨੂੰ ਤਾਂ ਹੀ ਸਮਝ ਆਉਣਗੇ ਜੇ ਅਸੀਂ ਇਹਨਾਂ ਨੂੰ ਦੁਨੀਆਂ ਦੇ ਬਹੁਤੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦੇ ਧਨ ਦੇ ਸੰਦਰਭ ਵਿੱਚ ਦੇਖੀਏ। ਵਰਡਵਾਚ ਇੰਸਟੀਚਿਊਟ  ਦੀ 2004 ਵਿੱਚ ਛਪੀ ਇਕ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਸਾਰੇ ਲੋਕਾਂ ਦੇ ਪੀਣ ਲਈ ਸਾਫ ਪਾਣੀ ਮੁਹੱਈਆ ਕਰਾਉਣ ਲਈ ਸਾਲਾਨਾ 10 ਅਰਬ ਡਾਲਰ ਹੋਰ ਦੀ ਲੋੜ ਹੈ, ਦੁਨੀਆ ਵਿੱਚ ਸਰਵਵਿਆਪਕ ਸਾਖਰਤਾ ਦੇ ਨਿਸ਼ਾਨੇ ‘ਤੇ ਪਹੁੰਚਣ ਲਈ ਸਾਲਾਨਾ 5 ਅਰਬ ਡਾਲਰ ਹੋਰ ਦੀ ਲੋੜ ਹੈ ਅਤੇ ਦੁਨੀਆ ਭਰ ਵਿੱਚੋਂ ਭੁੱਖ ਅਤੇ ਅਪੂਰਣ ਖੁਰਾਕ ਦੀ ਸਮੱਸਿਆ ਦਾ ਖਾਤਮਾ ਕਰਨ ਲਈ ਸਾਲਾਨਾ 19 ਅਰਬ ਡਾਲਰ ਹੋਰ ਦੀ ਲੋੜ ਹੈ। ਇਸ ਦਾ ਭਾਵ ਇਹ ਹੋਇਆ ਕਿ ਸਾਲ ਵਿੱਚ ਜਿੰਨੇ ਪੈਸੇ ਪਾਲਤੂ ਜਾਨਵਰਾਂ ਦੀ ਸਨਅਤ ਕਮਾਉਂਦੀ ਹੈ, ਉਸ ਨਾਲੋਂ ਘੱਟ ਪੈਸਿਆਂ ਵਿੱਚ ਦੁਨੀਆਂ ਦੇ ਸਾਰੇ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਪਹੁੰਚਾਇਆ ਜਾ ਸਕਦਾ ਹੈ, ਸਰਵਵਿਆਪਕ ਸਾਖਰਤਾ ਪ੍ਰਦਾਨ ਕੀਤੀ ਜਾ ਸਕਦੀ ਹੈ ਅਤੇ ਭੁੱਖ ਅਤੇ ਅਪੂਰਣ ਖੁਰਾਕ ਦੇ ਸਿ਼ਕਾਰ ਲੋਕਾਂ ਨੂੰ ਰੋਟੀ ਦਿੱਤੀ ਜਾ ਸਕਦੀ ਹੈ।

ਬੇਸ਼ੱਕ ਲੋਕ ਸਦੀਆਂ ਤੋਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਵਸਤਾਂ/ਸੇਵਾਵਾਂ ਦਾ ਇਸਤੇਮਾਲ ਕਰਦੇ ਆਏ ਹਨ, ਪਰ ਕੰਜ਼ਿਊਮਰਿਜ਼ਮ ਸਭਿਆਚਾਰ ਦੀ ਸ਼ੁਰੂਆਤ 1950ਵਿਆਂ ਵਿੱਚ ਮੰਨੀ ਜਾਂਦੀ ਹੈ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਨਾਟਕੀ ਪੱਧਰ ਦਾ ਪਸਾਰ ਹੋਇਆ ਹੈ। ਸੰਨ 2006 ਵਿੱਚ ਛਪੀ ਵਰਲਡ ਬੈਂਕ  ਦੀ ਇਕ ਰਿਪੋਰਟ ਦੇ ਹਵਾਲੇ ਨਾਲ ਪੀਟਰ ਡਾਵਰਿਨ ਆਪਣੀ ਕਿਤਾਬ ਦੀ ਸ਼ੈਡੋ ਆਫ ਕਨਸਪਸ਼ਨ ਵਿੱਚ ਲਿਖਦਾ ਹੈ ਕਿ ਸੰਨ 2006 ਵਿੱਚ ਦੁਨੀਆ ਭਰ ਵਿੱਚ ਤਜਾਰਤੀ ਵਸਤਾਂ ਦੇ ਨਿਰਯਾਤ ਦੀ ਕੀਮਤ 100 ਖਰਬ (10 ਟ੍ਰਿਲੀਅਨ) ਡਾਲਰ ਸੀ ਜਦੋਂ ਕਿ ਸੰਨ 2000 ਵਿੱਚ ਇਹ ਕੀਮਤ 60 ਖਰਬ (6 ਟ੍ਰਿਲੀਅਨ) ਡਾਲਰ ਸੀ। ਸੰਨ 2000 ਵਿਚਲੀ ਤਜਾਰਤੀ ਵਸਤਾਂ ਦੇ ਨਿਰਯਾਤ ਦੀ ਇਹ ਕੀਮਤ ਸੰਨ 1948 ਦੀ ਇਸ ਕੀਮਤ ਤੋਂ 100 ਗੁਣਾਂ ਜ਼ਿਆਦਾ ਸੀ। ਵਰਲਡ ਵਾਚ ਇੰਸਟੀਚਿਊਟ  ਦੀ 2004 ਵਿੱਚ ਛਪੀ ਰਿਪੋਰਟ ਅਨੁਸਾਰ ਸੰਨ 2000 ਵਿੱਚ ਨਿੱਜੀ ਖਪਤ ‘ਤੇ ਖਰਚੀ ਗਈ ਰਕਮ 200 ਖਰਬ (20 ਟ੍ਰਿਲੀਅਨ) ਡਾਲਰ ਦੇ ਬਰਾਬਰ ਸੀ ਜਦੋਂ ਕਿ ਸੰਨ 1960 ਵਿੱਚ ਇਹ ਰਕਮ, 48 ਖਰਬ (4.8 ਟ੍ਰਿਲੀਅਨ) ਡਾਲਰ ਦੇ ਬਰਾਬਰ ਸੀ। ਨਿੱਜੀ ਖਪਤ ਵਿੱਚ ਉਹ ਰਕਮ ਗਿਣੀ ਜਾਂਦੀ ਹੈ, ਜਿਹੜੀ ਘਰਾਂ ਦੀ ਪੱਧਰ ‘ਤੇ ਵਸਤਾਂ ਅਤੇ ਸੇਵਾਵਾਂ ਦੀ ਖ੍ਰੀਦ ਲਈ ਖਰਚੀ ਜਾਂਦੀ ਹੈ। ਇਹਨਾਂ ਅੰਕੜਿਆਂ ਦਾ ਭਾਵ ਇਹ ਹੋਇਆ ਕਿ ਸੰਨ 1960 ਅਤੇ 2000 ਵਿਚਕਾਰ ਸੰਸਾਰ ਭਰ ਵਿੱਚ ਨਿੱਜੀ ਖਪਤ ਵਿੱਚ ਚਾਰ ਗੁਣਾਂ ਦਾ ਵਾਧਾ ਹੋਇਆ ਸੀ।

ਜੇ ਅਸੀਂ ਪਿਛਲੇ 50-60 ਸਾਲਾਂ ਦੌਰਾਨ ਦੁਨੀਆ ਭਰ ਵਿੱਚ ਕਾਰਾਂ ਦੀ ਗਿਣਤੀ ਵਿੱਚ ਹੋਏ ਵਾਧੇ ਦੇ ਅੰਕੜੇ ਦੇਖੀਏ ਤਾਂ ਕੰਜ਼ਿਊਮਰਿਜ਼ਮ ਸਭਿਆਚਾਰ ਦੇ ਪਸਾਰ ਦੀ ਤਸਵੀਰ ਹੋਰ ਸਪਸ਼ਟ ਹੋ ਜਾਂਦੀ ਹੈ। ਡਾਵਰਿਨ ਅਨੁਸਾਰ, ਸੰਨ 1950 ਵਿੱਚ ਅਮਰੀਕਾ ਵਿੱਚ ਰਜਿਸਟਰਡ ਕਾਰਾਂ ਦੀ ਗਿਣਤੀ 4 ਕ੍ਰੋੜ 90 ਲੱਖ (49 ਮਿਲੀਅਨ) ਸੀ। ਇਸ ਤੋਂ ਬਾਅਦ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ। ਸੰਨ 1960 ਵਿੱਚ ਅਮਰੀਕਾ ਵਿੱਚ ਰਜਿਸਟਰਡ ਕਾਰਾਂ ਦੀ ਗਿਣਤੀ 7 ਕ੍ਰੋੜ 40 ਲੱਖ (74 ਮਿਲੀਅਨ) ਦੇ ਨੇੜੇ ਸੀ ਜੋ ਕਿ ਸੰਨ 1970 ਵਿੱਚ 10 ਕ੍ਰੋੜ 80 ਲੱਖ (108 ਮਿਲੀਅਨ) ਹੋ ਗਈ ਅਤੇ ਸੰਨ 2000 ਵਿੱਚ ਇਹ ਗਿਣਤੀ 21 ਕ੍ਰੋੜ 30 ਲੱਖ ‘ਤੇ ਪਹੁੰਚ ਗਈ। ਵਰਲਡਵਾਚ ਇੰਸਟੀਚਿਊਟ  ਦੀ 2004 ਦੀ ਰਿਪੋਰਟ ਅਨੁਸਾਰ ਸੰਨ 2003 ਵਿੱਚ ਅਮਰੀਕਾ ਵਿੱਚ ਪ੍ਰਾਈਵੇਟ ਕਾਰਾਂ ਦੀ ਗਿਣਤੀ ਲਾਇਸੰਸਸ਼ੁਦਾ ਡਰਾਈਵਰਾਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ।

ਬੇਸ਼ੱਕ ਕੁਝ ਸਾਲ ਪਹਿਲਾਂ ਤੱਕ ਕਾਰਾਂ ਦੀ ਇਸ ਤਰ੍ਹਾਂ ਦੀ ਵਰਤੋਂ ਪੱਛਮ ਦੇ ਅਮੀਰ ਮੁਲਕਾਂ ਤੱਕ ਹੀ ਸੀਮਤ ਸੀ, ਪਰ ਹੁਣ ਕਾਰਾਂ ਦੀ ਗਿਣਤੀ ਵਿਕਾਸਸ਼ੀਲ ਦੇਸ਼ਾਂ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਉਪ੍ਰੋਕਤ ਰਿਪੋਰਟ ਅਨੁਸਾਰ 1990ਵਿਆਂ ਦੇ ਅਖੀਰ ਵਿੱਚ ਚੀਨ ਵਿੱਚ 1000 ਲੋਕਾਂ ਮਗਰ 10 ਕਾਰਾਂ ਸਨ ਪਰ ਸੰਨ 2000 ਤੋਂ ਚੀਨ ਵਿੱਚ ਕਾਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਨ 2002 ਵਿੱਚ ਚੀਨ ਵਿੱਚ 1 ਕ੍ਰੋੜ ਕਾਰਾਂ ਸਨ। ਸੰਨ 2003 ਵਿੱਚ ਚੀਨ ਵਿੱਚ ਕਾਰਾਂ ਦੀ ਗਿਣਤੀ ਵਿੱਚ ਹਰ ਰੋਜ਼ 11000 ਕਾਰਾਂ ਦਾ ਵਾਧਾ ਹੋਇਆ ਸੀ। ਇੰਟਰਨੈਸ਼ਨਲ ਐਨਰਜੀ ਏਜੰਸੀ  ਦਾ ਅੰਦਾਜ਼ਾ ਹੈ ਕਿ 2005-2030 ਵਿਚਕਾਰ ਚੀਨ ਵਿੱਚ ਕਾਰਾਂ ਦੀ ਗਿਣਤੀ ਵਿੱਚ 7 ਗੁਣਾਂ ਦਾ ਵਾਧਾ ਹੋਵੇਗਾ ਅਤੇ ਕਾਰਾਂ ਅਤੇ ਟਰੱਕਾਂ ਦੀ ਕੁੱਲ ਗਿਣਤੀ 27 ਕ੍ਰੋੜ (270 ਮਿਲੀਅਨ) ਹੋ ਜਾਵੇਗੀ।

ਦੁਨੀਆ ਭਰ ਵਿੱਚ ਮੀਟ ਦੀ ਖਪਤ ਦੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਦੀ ਹੀ ਹੈ। ਡਾਵਰਿਨ ਅਨੁਸਾਰ ਇਸ ਸਮੇਂ ਦੁਨੀਆ ਭਰ ਵਿੱਚ ਮੀਟ ਦਾ ਉਤਪਾਦਨ 26 ਕ੍ਰੋੜ (260 ਮਿਲੀਅਨ) ਮੀਟਰਿਕ ਟਨ ਹੈ ਅਤੇ ਇਸ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮੀਟ ਦਾ ਇਹ ਉਤਪਾਦਨ ਸੰਨ 1950 ਦੇ ਮੁਕਾਬਲੇ 5 ਗੁਣਾਂ ਵੱਧ ਹੈ। ਦੁਨੀਆ ਵਿੱਚ ਸਭ ਤੋਂ ਵੱਧ ਮੀਟ ਦੀ ਖਪਤ (6.8 ਕ੍ਰੋੜ ਜਾਂ 68 ਮਿਲੀਅਨ ਮੀਟਰਿਕ ਟਨ ਸਾਲਾਨਾ) ਚੀਨ ਵਿੱਚ ਹੈ ਅਤੇ ਇਸ ਸੰਬੰਧ ਵਿੱਚ ਦੂਸਰਾ ਨੰਬਰ ਅਮਰੀਕਾ ਦਾ ਹੈ ਜਿੱਥੇ ਮੀਟ ਦੀ ਸਾਲਾਨਾ ਖਪਤ 3.8 ਕ੍ਰੋੜ (38 ਮਿਲੀਅਨ) ਮੀਟਰਿਕ ਟਨ ਹੈ। ਪਰ ਜੇ ਇਸ ਖਪਤ ਨੂੰ ਜੀਅ ਪ੍ਰਤੀ ਖਪਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੀਟ ਦੀ ਖਪਤ ਵਿੱਚ ਅਮਰੀਕਾ ਚੀਨ ਤੋਂ ਕਿਤੇ ਅੱਗੇ ਹੈ। ਚੀਨ ਵਿੱਚ ਮੀਟ ਦੀ ਸਾਲਾਨਾ ਪ੍ਰਤੀ ਜੀਅ ਖਪਤ 52 ਕਿਲੋਗ੍ਰਾਮ ਹੈ ਜਦੋਂ ਕਿ ਅਮਰੀਕਾ ਵਿੱਚ ਇਹ ਦਰ 125 ਕਿਲੋਗ੍ਰਾਮ ਹੈ। ਭਾਰਤ ਵਿੱਚ ਮੀਟ ਦੀ ਖਪਤ ਇਹਨਾਂ ਦੋਹਾਂ ਦੇਸ਼ਾਂ ਦੇ ਮੁਕਾਬਲੇ ਕਾਫੀ ਘੱਟ ਹੈ। ਸੰਨ 2002 ਵਿੱਚ ਭਾਰਤ ਵਿੱਚ ਜੀਅ ਪ੍ਰਤੀ ਮੀਟ ਦੀ ਖਪਤ ਸਿਰਫ 5 ਕਿਲੋਗ੍ਰਾਮ ਸੀ। ਪਰ ਜਿਸ ਤਰ੍ਹਾਂ ਭਾਰਤ ਵਿੱਚ ਮਕਡੌਨਲਡ, ਪੀਜ਼ਾ ਹੱਟ  ਅਤੇ ਇਸ ਤਰ੍ਹਾਂ ਦੇ ਹੋਰ ਫਾਸਟ ਫੂਡ ਰੈਸਟੋਰੈਂਟਾਂ  ਦੀ ਗਿਣਤੀ ਵਧ ਰਹੀ ਹੈ, ਉਸ ਨੂੰ ਦੇਖਦਿਆਂ ਅਸੀਂ ਕਹਿ ਸਕਦੇ ਹਾਂ ਕਿ ਨੇੜ ਭਵਿੱਖ ਵਿੱਚ ਉੱਥੇ ਜੀਅ ਪ੍ਰਤੀ ਮੀਟ ਦੀ ਖਪਤ ਵਧਣ ਦੀ ਵੱਡੀ ਸੰਭਾਵਨਾ ਹੈ।

ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਬੇਸ਼ੱਕ ਪਿਛਲੇ 4-5 ਦਹਾਕਿਆਂ ਵਿੱਚ ਵਸਤਾਂ ਅਤੇ ਸੇਵਾਵਾਂ ਦੀ ਖਪਤ ਵਿੱਚ ਹੋਏ ਇਸ ਤਰ੍ਹਾਂ ਦੇ ਵਾਧੇ ਪਿੱਛੇ ਦੁਨੀਆ ਦੀ ਵਧ ਰਹੀ ਅਬਾਦੀ ਨੇ ਆਪਣੀ ਭੂਮਿਕਾ ਨਿਭਾਈ ਹੈ, ਪਰ ਖਪਤ ਵਿੱਚ ਹੋਇਆ ਇਹ ਵਾਧਾ ਸਿਰਫ ਅਬਾਦੀ ਕਰਕੇ ਹੀ ਨਹੀਂ ਹੈ ਸਗੋਂ ਇਸ ਵਿੱਚ ਵੱਧ ਰਹੇ ਕੰਜ਼ਿਊਮਰਿਜ਼ਮ ਦੀ ਵੱਡੀ ਭੂਮਿਕਾ ਹੈ। ਡਾਵਰਿਨ ਅਨੁਸਾਰ, ਸੰਨ 1960 ਅਤੇ 2000 ਵਿਚਕਾਰ ਨਿੱਜੀ ਖਪਤ ‘ਤੇ ਹੋਣ ਵਾਲੇ ਖਰਚਿਆਂ ਵਿੱਚ ਚਾਰ ਗੁਣਾਂ ਤੋਂ ਵੱਧ ਦਾ ਵਾਧਾ ਹੋਇਆ ਹੈ ਜਦੋਂ ਕਿ ਇਸ ਸਮੇਂ ਦੌਰਾਨ ਦੁਨੀਆ ਦੀ ਅਬਾਦੀ ਸਿਰਫ ਦੋ ਗੁਣਾ ਹੀ ਵਧੀ ਹੈ। ਜੇ ਖਪਤ ਵਿੱਚ ਹੋਏ ਵਾਧੇ ਨੂੰ ਵਸਤਾਂ ਦੇ ਵੱਖ ਵੱਖ ਖੇਤਰਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਈ ਖੇਤਰਾਂ ਵਿੱਚ ਖਪਤ ਅਤੇ ਅਬਾਦੀ ਵਿੱਚ ਹੋਏ ਵਾਧੇ ਵਿੱਚ ਕਾਫੀ ਵੱਡਾ ਫਰਕ ਹੈ। ਉਦਾਹਰਨ ਲਈ ਅਮਰੀਕਾ ਦੇ ਮਰਦਮਸ਼ੁਮਾਰੀ ਨਾਲ ਸੰਬੰਧਤ ਬਿਉਰੋ ਅਨੁਸਾਰ 1950 ਅਤੇ ਸੰਨ 2005 ਦੌਰਾਨ ਦੁਨੀਆ ਦੀ ਅਬਾਦੀ ਵਿੱਚ ਢਾਈ ਗੁਣਾਂ ਦੇ ਕਰੀਬ ਵਾਧਾ ਹੋਇਆ ਸੀ। ਪਰ ਵਰਲਡਵਾਚ  ਦੀ 2004 ਦੀ ਰਿਪੋਰਟ ਅਨੁਸਾਰ ਇਸ ਸਮੇਂ ਦੌਰਾਨ ਧਾਤਾਂ ਦੇ ਉਤਪਾਦਨ ਵਿੱਚ ਛੇ ਗੁਣਾਂ, ਤੇਲ ਦੀ ਖਪਤ ਵਿੱਚ ਅੱਠ ਗੁਣਾਂ ਅਤੇ ਕੁਦਰਤੀ ਗੈਸ ਦੀ ਖਪਤ ਵਿੱਚ ਚੌਦਾਂ ਗੁਣਾਂ ਦਾ ਵਾਧਾ ਹੋਇਆ ਸੀ।

ਕੰਜ਼ਿਊਮਰਿਜ਼ਮ ਬਾਰੇ ਨੋਟ ਕਰਨ ਵਾਲੀ ਇਕ ਹੋਰ ਗੱਲ ਹੈ ਵਸਤਾਂ ਅਤੇ ਸੇਵਾਵਾਂ ਦੀ ਖਪਤ ਵਿੱਚ ਨਾ-ਬਰਾਬਰੀ। ਇਹ ਨਾ-ਬਰਾਬਰੀ ਦੁਨੀਆ ਦੇ ਵੱਖ ਵੱਖ ਖਿੱਤਿਆਂ ਵਿਚਕਾਰ ਹੈ ਅਤੇ ਨਾਲ ਹੀ ਇਕ ਹੀ ਖਿੱਤੇ ਵਿੱਚ ਰਹਿਣ ਵਾਲੇ ਵੱਖ ਵੱਖ ਆਮਦਨ-ਸ਼੍ਰੇਣੀਆਂ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਵਿਚਕਾਰ ਹੈ। ਸੰਨ 2005 ਵਿਚ ਛਪੀ ਵਰਲਡ ਬੈਂਕ ਦੀ ਇਕ ਰਿਪੋਰਟ ਦੇ ਆਧਾਰ ‘ਤੇ ਡਾਵਰਿਨ ਲਿਖਦਾ ਹੈ ਕਿ ਦੁਨੀਆ ਦੀ ਨਿੱਜੀ ਖਪਤ ਦੇ ਕੁੱਲ ਖਰਚਿਆਂ ਦਾ 60 ਫੀਸਦੀ ਹਿੱਸਾ ਅਮਰੀਕਾ ਅਤੇ ਯੂਰਪ ਵਲੋਂ ਖਰਚ ਕੀਤਾ ਜਾਂਦਾ ਹੈ ਜਦੋਂ ਕਿ ਇਹਨਾਂ ਦੋਹਾਂ ਖਿੱਤਿਆਂ ਦੀ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦੇ 12 ਫੀਸਦੀ ਤੋਂ ਘੱਟ ਹੈ। ਵਰਲਡਵਾਚ  ਦੀਆਂ 2004 ਅਤੇ 2010 ਵਿੱਚ ਛਪੀਆਂ ਰਿਪੋਰਟਾਂ ਅਨੁਸਾਰ, ਇਸ ਹੀ ਤਰ੍ਹਾਂ ਸੰਨ 2006 ਵਿੱਚ ਦੁਨੀਆ ਵਿਚਲੀ ਖਪਤ ਦੇ ਖਰਚਿਆਂ (ਕਨਸਪਸ਼ਨ ਐਕਸਪੈਂਡੀਚਰਜ਼) ਦਾ 78 ਫੀਸਦੀ ਹਿੱਸਾ ਦੁਨੀਆ ਦੇ ਵੱਧ ਆਮਦਨ ਵਾਲੇ 65 ਦੇਸ਼ਾਂ ਨੇ ਖਰਚਿਆ ਸੀ ਜਦੋਂ ਕਿ ਇਹਨਾਂ ਦੇਸ਼ਾਂ ਦੀ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦਾ ਸਿਰਫ 16 ਫੀਸਦੀ ਸੀ। ਇਕੱਲੇ ਅਮਰੀਕਾ ਵਿੱਚ ਲੋਕਾਂ ਨੇ ਉਸ ਸਾਲ ਖਪਤਕਾਰੀ ਵਸਤਾਂ ‘ਤੇ 97 ਖਰਬ (9.7 ਟ੍ਰਿਲੀਅਨ) ਡਾਲਰ ਖਰਚ ਕੀਤੇ ਸਨ। ਇਹ ਰਕਮ ਦੁਨੀਆ ਦੇ ਖਪਤ ਦੇ ਕੁੱਲ ਖਰਚਿਆਂ ਦਾ 32 ਫੀਸਦੀ ਹਿੱਸਾ ਬਣਦੀ ਹੈ ਜਦੋਂ ਕਿ ਅਮਰੀਕਾ ਦੀ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦਾ ਸਿਰਫ 5 ਫੀਸਦੀ ਹਿੱਸਾ ਹੈ। ਅਮਰੀਕਾ, ਕੈਨੇਡਾ, ਅਸਟ੍ਰੇਲੀਆ, ਜਾਪਾਨ ਅਤੇ ਪੱਛਮੀ ਯੂਰਪ ਦੀ ਅਬਾਦੀ ਦੁਨੀਆ ਦੀ ਅਬਾਦੀ ਦਾ 15 ਫੀਸਦੀ ਬਣਦੀ ਹੈ, ਜਦੋਂ ਕਿ ਇਹ ਦੇਸ਼ ਕੁੱਲ ਮਿਲਾ ਕੇ ਸਾਲ ਵਿੱਚ ਦੁਨੀਆ ਵਿੱਚ ਅਲਮੀਨੀਅਮ ਦੇ ਕੁੱਲ ਉਤਪਾਦਨ ਦਾ 61 ਫੀਸਦੀ, ਸਿੱਕੇ ਦੇ ਕੁੱਲ ਉਤਪਾਦਨ ਦਾ 60 ਫੀਸਦੀ, ਤਾਂਬੇ ਦੇ ਕੁੱਲ ਉਤਪਾਦਨ ਦਾ 59 ਫੀਸਦੀ ਅਤੇ ਸਟੀਲ ਦੇ ਕੁੱਲ ਉਤਪਾਦਨ ਦਾ 49 ਫੀਸਦੀ ਹਿੱਸਾ ਖਪਤ ਕਰਦੇ ਹਨ।

ਬੇਸ਼ੱਕ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਵੀ ਪਿਛਲੇ ਕੁਝ ਸਾਲਾਂ ਦੌਰਾਨ ਕੰਜਿ਼ਊਮਰ ਕਲਾਸ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਪਰ ਇਹ ਗਿਣਤੀ ਇਹਨਾਂ ਦੇਸ਼ਾਂ ਦੀ ਕੁੱਲ ਅਬਾਦੀ ਦਾ ਬਹੁਤ ਛੋਟਾ ਹਿੱਸਾ ਹੈ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਸੰਨ 2004 ਤੱਕ ਦੁਨੀਆ ਵਿੱਚ ਕੰਜਿ਼ਊਮਰ ਕਲਾਸ ਵਿੱਚ ਸ਼ਾਮਲ 1.7 ਅਰਬ ਲੋਕਾਂ ਵਿੱਚ ਚੀਨ ਦੇ 24 ਕ੍ਰੋੜ ਅਤੇ ਭਾਰਤ ਦੇ 12 ਕ੍ਰੋੜ ਲੋਕ ਸ਼ਾਮਲ ਸਨ। ਵਰਲਡਵਾਚ ਦੀ 2004 ਦੀ ਰਿਪੋਰਟ ਅਨੁਸਾਰ ਕੰਜਿ਼ਊਮਰ ਕਲਾਸ ਵਿੱਚ ਸ਼ਾਮਲ ਚੀਨ ਅਤੇ ਭਾਰਤ ਦੇ ਇਹ ਲੋਕ ਆਪਣੇ ਆਪਣੇ ਦੇਸ਼ਾਂ ਦੀ ਕੁੱਲ ਅਬਾਦੀ ਦਾ ਕ੍ਰਮਵਾਰ ਸਿਰਫ 19 ਫੀਸਦੀ ਅਤੇ 12 ਫੀਸਦੀ ਹਿੱਸਾ ਹੀ ਬਣਦੇ ਸਨ ਜਦੋਂ ਕਿ ਅਮਰੀਕਾ ਦੇ 84 ਫੀਸਦੀ, ਜਾਪਾਨ ਦੇ 95 ਫੀਸਦੀ, ਫਰਾਂਸ ਦੇ 89 ਫੀਸਦੀ ਅਤੇ ਯੂ ਕੇ ਦੇ 86 ਫੀਸਦੀ ਲੋਕ ਕੰਜਿ਼ਊਮਰ ਕਲਾਸ ਵਿੱਚ ਸ਼ਾਮਲ ਸਨ।

ਜੇ ਅਸੀਂ ਵੱਖ ਵੱਖ ਵਸਤਾਂ ਦੀ ਖਪਤ ਨੂੰ ਆਧਾਰ ਬਣਾ ਕੇ ਦੇਖੀਏ ਤਾਂ ਵਸਤਾਂ ਅਤੇ ਸੇਵਾਵਾਂ ਦੀ ਖਪਤ ਵਿੱਚ ਨਾ-ਬਰਾਬਰਤਾ ਦਾ ਪਾੜਾ ਹੋਰ ਵੀ ਵੱਡਾ ਦਿਖਾਈ ਦਿੰਦਾ ਹੈ। ਊਰਜਾ ਦੀ ਖਪਤ ਬਾਰੇ ਨੇਸ਼ਨ ਮਾਸਟਰ ਕਾਮ ਅਤੇ ਦੁਨੀਆ ਦੀ ਅਬਾਦੀ ਬਾਰੇ ਨੇਸ਼ਨਜ਼ ਆਨਲਾਈਨ ‘ਤੇ ਦਿੱਤੇ 2009 ਦੇ ਅੰਕੜਿਆਂ ਮੁਤਾਬਕ ਦੁਨੀਆ ਦੀ ਤੇਲ ਦੀ ਰੋਜ਼ਾਨਾ ਕੁੱਲ ਖਪਤ ਦਾ 22.6 ਫੀਸਦੀ ਹਿੱਸਾ ਅਮਰੀਕਾ ਵਿੱਚ ਖਪਤ ਹੁੰਦਾ ਹੈ ਜਦੋਂ ਕਿ ਅਮਰੀਕਾ ਦੀ ਅਬਾਦੀ ਦੁਨੀਆ ਦੀ ਅਬਾਦੀ ਦਾ 5 ਫੀਸਦੀ ਹੈ। ਅਮਰੀਕਾ, ਜਾਪਾਨ, ਜਰਮਨੀ, ਕੈਨੇਡਾ, ਫਰਾਂਸ ਅਤੇ ਯੂ.ਕੇ. ਮਿਲ ਕੇ ਦੁਨੀਆ ਦੀ ਤੇਲ ਦੀ ਰੋਜ਼ਾਨਾ ਖਪਤ ਦਾ 37.7 ਫੀਸਦੀ ਹਿੱਸਾ ਖਪਤ ਕਰਦੇ ਹਨ ਜਦੋਂ ਕਿ ਇਹਨਾਂ ਦੇਸ਼ਾਂ ਦੀ ਕੁੱਲ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦੇ 10 ਫੀਸਦੀ ਤੋਂ ਘੱਟ ਹੈ। ਦੂਸਰੇ ਪਾਸੇ ਭਾਰਤ ਵਿੱਚ ਦੁਨੀਆਂ ਦੀ ਰੋਜ਼ਾਨਾ ਤੇਲ ਦੀ ਖਪਤ ਦਾ 3.6 ਫੀਸਦੀ ਹਿੱਸਾ ਖਪਤ ਹੁੰਦਾ ਹੈ ਜਦੋਂ ਕਿ ਭਾਰਤ ਦੀ ਅਬਾਦੀ ਦੁਨੀਆ ਦੀ ਕੁੱਲ ਅਬਾਦੀ ਦਾ 17 ਫੀਸਦੀ ਹਿੱਸਾ ਬਣਦੀ ਹੈ। ਵਰਲਡਵਾਚ  ਦੀ 2004 ਦੀ ਰਿਪੋਰਟ ਵਿੱਚ ਦਿੱਤੇ ਕਾਗਜ਼ ਦੀ ਵਰਤੋਂ ਬਾਰੇ ਅੰਕੜਿਆਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਇਕ ਅਮਰੀਕਨ ਸਾਲ ਵਿੱਚ 300 ਕਿਲੋਗ੍ਰਾਮ ਤੋਂ ਵੱਧ ਕਾਗਜ਼ ਵਰਤਦਾ ਹੈ ਜਦੋਂ ਕਿ ਇਕ ਭਾਰਤੀ 4 ਕਿਲੋਗ੍ਰਾਮ। ਅਫਰੀਕਾ ਵਿੱਚ 20 ਅਜਿਹੇ ਦੇਸ਼ ਹਨ ਜਿੱਥੇ ਸਾਲਾਨਾ ਜੀਅ ਪ੍ਰਤੀ ਕਾਗਜ਼ ਦੀ ਵਰਤੋਂ 1 ਕਿਲੋਗ੍ਰਾਮ ਤੋਂ ਵੀ ਘੱਟ ਹੈ। ਇਸ ਹੀ ਤਰ੍ਹਾਂ ਇਕ ਔਸਤ ਅਮਰੀਕਨ ਸਾਲ ਵਿੱਚ 22 ਕਿਲੋਗ੍ਰਾਮ ਅਲਮੀਨੀਅਮ ਵਰਤਦਾ ਹੈ ਜਦੋਂ ਕਿ ਇਕ ਔਸਤ ਭਾਰਤੀ 2 ਕਿਲੋਗ੍ਰਾਮ ਅਤੇ ਇਕ ਔਸਤ ਅਫਰੀਕਨ 1 ਕਿਲੋਗ੍ਰਾਮ ਤੋਂ ਵੀ ਘੱਟ। ਵਰਲਡਵਾਚ  ਦੀ 2010 ਦੀ ਰਿਪੋਰਟ ਅਨੁਸਾਰ ਅਮੀਰ ਮੁਲਕਾਂ ਵਿੱਚ ਪਾਲਤੂ ਰੱਖੇ ਦੋ ਜਰਮਨ ਸ਼ੈਪਰਡ ਕੁੱਤੇ ਸਾਲ ਵਿੱਚ ਉੱਨੇ ਵਸੀਲਿਆਂ ਦਾ ਇਸਤੇਮਾਲ ਕਰਦੇ ਹਨ, ਜਿੰਨੇ ਵਸੀਲੇ ਬੰਗਲਾਦੇਸ਼ ਦਾ ਇਕ ਵਸ਼ਿੰਦਾ ਸਾਲ ਵਿੱਚ ਵਰਤਦਾ ਹੈ। ਯੂਰਪ ਦੀ ਫਰੈਂਡਜ਼ ਆਫ ਦੀ ਅਰਥ ਨਾਮੀ ਸੰਸਥਾ ਵਲੋਂ ਸੰਨ 2009 ਵਿੱਚ ਪ੍ਰਕਾਸ਼ਤ ਹੋਈ ਇਕ ਰਿਪੋਰਟ ਅਨੁਸਾਰ, ਅਮੀਰ ਮੁਲਕਾਂ ਵਿੱਚ ਰਹਿਣ ਵਾਲੇ ਲੋਕ ਗਰੀਬ ਮੁਲਕਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਮੁਕਾਬਲੇ 10 ਗੁਣਾਂ ਵੱਧ ਕੁਦਰਤੀ ਵਸੀਲਿਆਂ ਦੀ ਵਰਤੋਂ ਕਰਦੇ ਹਨ। ਔਸਤ ਪੱਧਰ ‘ਤੇ ਉੱਤਰੀ ਅਮਰੀਕਾ ਦਾ ਇਕ ਵਸ਼ਿੰਦਾ ਹਰ ਰੋਜ਼ 90 ਕਿਲੋਗ੍ਰਾਮ, ਯੂਰਪ ਦਾ ਇਕ ਵਸ਼ਿੰਦਾ 45 ਕਿਲੋਗ੍ਰਾਮ ਅਤੇ ਅਫਰੀਕਾ ਦਾ ਇਕ ਵਸ਼ਿੰਦਾ 10 ਕਿਲੋਗ੍ਰਾਮ ਵਸੀਲੇ ਵਰਤਦਾ ਹੈ।

ਅਗਲੇ ਹਿੱਸੇ ਵਿੱਚ ਜਦੋਂ ਅਸੀਂ ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਬਾਰੇ ਗੱਲ ਕਰਾਂਗੇ ਤਾਂ ਸਾਨੂੰ ਦੁਨੀਆ ਵਿੱਚ ਵਸਤਾਂ ਅਤੇ ਸੇਵਾਵਾਂ ਦੀ ਖਪਤ ਵਿਚਲੀ ਇਹ ਨਾ-ਬਰਾਬਰਤਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਇਹ ਨਾ-ਬਰਾਬਰੀ ਸਾਡੀ ਇਹ ਅਹਿਸਾਸ ਕਰਨ ਵਿੱਚ ਮਦਦ ਕਰੇਗੀ ਕਿ ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਲਈ ਵੱਡੀ ਜ਼ਿੰਮੇਵਾਰੀ ਅਮੀਰ ਮੁਲਕਾਂ ਅਤੇ ਅਮੀਰ ਲੋਕਾਂ ਦੇ ਸਿਰ ਆਉਂਦੀ ਹੈ।

ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ

ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਬਾਰੇ ਸਮਝਣ ਲਈ ਇਹ ਜ਼ਰੂਰੀ ਹੈ ਕਿ ਵਸਤਾਂ ਦੇ ਉਤਪਾਦਨ, ਉਹਨਾਂ ਦੀ ਵਿਕਰੀ, ਉਹਨਾਂ ਦੀ ਵਰਤੋਂ ਅਤੇ ਫਿਰ ਉਹਨਾਂ ਨੂੰ ਕੂੜੇ ਦੇ ਢੇਰ ‘ਤੇ ਸੁੱਟਣ ਦੇ ਸਾਰੇ ਕਾਰਜ ਨੂੰ ਧਿਆਨ ਵਿੱਚ ਰੱਖਿਆ ਜਾਵੇ ਨਾ ਕਿ ਸਿਰਫ ਉਹਨਾਂ ਦੀ ਖ੍ਰੀਦ ਅਤੇ ਵਰਤੋਂ ਨੂੰ ਹੀ। ਇਸ ਦੇ ਨਾਲ ਹੀ ਇਹ ਵੀ ਯਾਦ ਰੱਖਿਆ ਜਾਵੇ ਕਿ ਕੰਜ਼ਿਊਮਰਿਜ਼ਮ ਦਾ ਕਾਰਜ ਇਕ ਸਥਾਨਕ ਕਾਰਜ ਨਹੀਂ ਸਗੋਂ ਇਹ ਇਕ ਗਲੋਬਲ ਨੈੱਟਵਰਕ (ਵਿਸ਼ਵ ਸਿਲਸਿਲੇ) ਦਾ ਹਿੱਸਾ ਹੈ। ਅੱਜ ਕਿਸੇ ਵਸਤ ਦੇ ਉਤਪਾਦਨ ਲਈ ਕੱਚਾ ਮਾਲ ਦੁਨੀਆ ਦੇ ਇਕ ਹਿੱਸੇ ਵਿੱਚ ਕੱਢਿਆ/ਪੈਦਾ ਕੀਤਾ ਜਾਂਦਾ ਹੈ, ਉਸ ਚੀਜ਼ ਨੂੰ ਬਣਾਇਆ ਕਿਸੇ ਹੋਰ ਹਿੱਸੇ ਵਿੱਚ ਜਾਂਦਾ ਹੈ ਅਤੇ ਉਸ ਦੀ ਖਪਤ ਕਿਸੇ ਹੋਰ ਹਿੱਸੇ ਵਿੱਚ ਕੀਤੀ ਜਾਂਦੀ ਹੈ। ਕਈ ਕੇਸਾਂ ਵਿੱਚ ਉਸ ਨੂੰ ਕੂੜੇ ਦੇ ਢੇਰ ਉੱਤੇ ਸੁੱਟਣ ਲਈ ਕਿਸੇ ਹੋਰ ਹਿੱਸੇ ਨੂੰ ਭੇਜਿਆ ਜਾਂਦਾ ਹੈ। ਕੰਜ਼ਿਊਮਰਿਜ਼ਮ ਨੂੰ ਇਸ ਵੱਡੇ ਸੰਦਰਭ ਵਿੱਚ ਦੇਖ ਕੇ ਹੀ ਅਸੀਂ ਇਸ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਸਮੁੱਚੇ ਨੁਕਸਾਨ ਦਾ ਸਹੀ ਮੁੱਲਾਂਕਣ ਕਰ ਸਕਾਂਗੇ।

ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਨੂੰ ਹੋਣ ਵਾਲਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਸ ਕਾਰਨ ਅਸੀਂ ਧਰਤੀ ਦੇ ਵਸੀਲਿਆਂ ਦੀ ਅੰਧਾਧੁੰਦ ਵਰਤੋਂ ਕਰ ਰਹੇ ਹਾਂ। ਯੂਰਪ ਦੀ ਫਰੈਂਡਜ਼ ਆਫ ਦੀ ਅਰਥ  ਨਾਮੀ ਸੰਸਥਾ ਦੀ 2009 ਵਿੱਚ ਛਪੀ ਰਿਪੋਰਟ ਇਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੀ ਹੈ। ਇਸ ਰਿਪੋਰਟ ਅਨੁਸਾਰ ਹਰ ਸਾਲ ਦੁਨੀਆ ਦੇ ਵਸ਼ਿੰਦੇ 60 ਅਰਬ (ਬਿਲੀਅਨ) ਟਨ ਕੁਦਰਤੀ ਵਸੀਲਿਆਂ ਦੀ ਵਰਤੋਂ ਕਰਦੇ ਹਨ। ਇਹਨਾਂ ਵਸੀਲਿਆਂ ਵਿੱਚ ਖੇਤੀਬਾੜੀ ਅਤੇ ਸਮੁੰਦਰਾਂ ਅਤੇ ਜੰਗਲਾਂ ਤੋਂ ਪ੍ਰਾਪਤ ਹੋਣ ਵਾਲੇ ਅਤੇ ਧਰਤੀ ਹੇਠੋਂ ਕੱਢੇ ਜਾਣ ਵਾਲੇ ਵਸੀਲੇ ਸ਼ਾਮਲ ਹਨ। ਖੇਤੀਬਾੜੀ, ਸਮੁੰਦਰਾਂ ਅਤੇ ਜੰਗਲਾਂ ਤੋਂ ਮਿਲਣ ਵਾਲੇ ਵਸੀਲੇ (ਮੱਛੀਆਂ, ਟਿੰਬਰ ਆਦਿ) ਦੁਬਾਰਾ ਪੈਦਾ ਕੀਤੇ ਜਾ ਸਕਦੇ ਹਨ ਜਦੋਂ ਕਿ ਧਰਤੀ ਹੇਠੋਂ ਕੱਢੇ ਜਾਣ ਵਾਲੇ ਵਸੀਲੇ ( ਤੇਲ, ਕੋਲਾ, ਧਾਤਾਂ ਅਤੇ ਹੋਰ ਖਣਿਜ ਪਦਾਰਥ) ਦੁਬਾਰਾ ਪੈਦਾ ਨਹੀਂ ਕੀਤੇ ਜਾ ਸਕਦੇ। ਕੁਦਰਤੀ ਵਸੀਲਿਆਂ ਦੀ ਇਹ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਸੰਨ 1980 ਵਿੱਚ ਦੁਨੀਆ ਵਿੱਚ 40 ਅਰਬ (ਬਿਲੀਅਨ) ਟਨ ਵਸੀਲਿਆਂ ਦੀ ਵਰਤੋਂ ਕੀਤੀ ਗਈ ਸੀ ਅਤੇ ਸੰਨ 2005 ਵਿੱਚ ਇਹ ਗਿਣਤੀ ਡੇਢ ਗੁਣਾਂ ਵੱਧ ਕੇ 58 ਅਰਬ (ਬਿਲੀਅਨ) ਟਨ ਹੋ ਗਈ ਸੀ। ਇਸ ਦੇ ਨਾਲ ਇਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਇਹਨਾਂ ਵਸੀਲਿਆਂ ਤੱਕ ਪਹੁੰਚ ਕਰਨ ਲਈ ਧਰਤੀ ਵਿੱਚੋਂ ਹੋਰ ਸਮੱਗਰੀ ਕੱਢੀ ਜਾਂ ਵੱਖ ਕੀਤੀ ਜਾਂਦੀ ਹੈ ਪਰ ਉਹ ਵਸਤਾਂ ਦੇ ਉਤਪਾਦਨ ਵਿੱਚ ਵਰਤੀ ਨਹੀਂ ਜਾਂਦੀ। ਇਹ ਸਮੱਗਰੀ 40 ਅਰਬ (ਬਿਲੀਅਨ) ਟਨ ਸਾਲਾਨਾ ਦੇ ਬਰਾਬਰ ਬਣਦੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਅਸੀਂ ਹਰ ਸਾਲ ਧਰਤੀ ਤੋਂ 100 ਅਰਬ (ਬਿਲੀਅਨ) ਟਨ ਦੇ ਬਰਾਬਰ ਦੇ ਵਸੀਲਿਆਂ ਦੀ ਵਰਤੋਂ ਕਰਦੇ ਹਾਂ।

ਬਹੁਤ ਸਾਰੇ ਵਾਤਾਵਰਨ ਮਾਹਰਾਂ ਦਾ ਵਿਚਾਰ ਹੈ ਕਿ ਧਰਤੀ ਦੇ ਵਸੀਲਿਆਂ ਦੀ ਇਸ ਪੱਧਰ ਦੀ ਵਰਤੋਂ ਸਸਟੇਨੇਬਲ  ਨਹੀਂ ਭਾਵ ਧਰਤੀ ਦੀ ਭਾਰ ਝੱਲਣ ਦੀ ਸਮਰਥਾ ਤੋਂ ਜ਼ਿਆਦਾ ਹੈ। ਵਰਲਡਵਾਚ  ਦੀ 2010 ਵਿੱਚ ਛਪੀ ਰਿਪੋਰਟ ਅਨੁਸਾਰ ਇਸ ਸਮੇਂ ਦੁਨੀਆਂ ਦੇ ਵਸ਼ਿੰਦੇ ਧਰਤੀ ਦੀ ਸਮਰਥਾ ਤੋਂ 1.3 ਗੁਣਾਂ ਜ਼ਿਆਦਾ ਵਸੀਲੇ ਵਰਤ ਰਹੇ ਹਨ। ਇਸ ਸਮੇਂ ਧਰਤੀ ਦੇ ਈਕੋਸਿਸਟਮ  ਤੋਂ ਮਿਲਣ ਵਾਲੀਆਂ 60 ਫੀਸਦੀ ਸੇਵਾਵਾਂ - ਜਿਵੇਂ ਵਾਤਾਵਰਨ ਦਾ ਨਿਯੰਤ੍ਰਨ, ਤਾਜ਼ੇ ਪਾਣੀ ਦੀ ਉਪਲੱਭਤਾ, ਰਹਿੰਦ-ਖੂਹੰਦ ਨਾਲ ਨਜਿੱਠਣ ਦੀ ਯੋਗਤਾ, ਸਮੁੰਦਰ ਤੋਂ ਮਿਲਣ ਵਾਲੇ ਖਾਣੇ ਆਦਿ - ਦਾ ਜਾਂ ਤਾਂ ਨੁਕਸਾਨ ਹੋ ਰਿਹਾ ਹੈ ਜਾਂ ਉਹਨਾਂ ਦੀ ਸਮਰਥਾ ਤੋਂ ਵੱਧ ਵਰਤੋਂ ਹੋ ਰਹੀ ਹੈ। ਪੀਟਰ ਡਾਵਰਿਨ ਇਸ ਸੰਬੰਧ ਵਿੱਚ ਕੁਝ ਹੋਰ ਅੰਕੜੇ ਪੇਸ਼ ਕਰਦਾ ਹੈ:

1970 ਤੋਂ ਲੈ ਕੇ ਹੁਣ ਤੱਕ ਐਟਲਾਂਟਿਕ ਬਲੂਫਿਨ ਟਿਊਨਾ ਮੱਛੀ ਦੀ ਗਿਣਤੀ 80 ਫੀਸਦੀ ਘੱਟ ਗਈ ਹੈ।
ਪਿਛਲੇ ਚਾਰ ਦਹਾਕਿਆਂ ਦੌਰਾਨ ਕੈਨੇਡਾ ਦੇ ਪੂਰਬੀ ਤੱਟ ਤੋਂ ਮਿਲਣ ਵਾਲੀ ਕੌਡ ਮੱਛੀ ਦੀ ਗਿਣਤੀ 99 ਫੀਸਦੀ ਘੱਟ ਗਈ ਹੈ ਅਤੇ ਇਹ ਮੱਛੀ ਹੁਣ ਖਤਮ ਹੋਣ ਦੇ ਖਤਰੇ ਹੇਠ (ਇਨਡੇਂਜਰਡ) ਮੰਨੀ ਜਾਂਦੀ ਹੈ।
ਤਪਤ-ਖੰਡ ਵਿੱਚ ਹਰ ਸਾਲ 3 ਕ੍ਰੋੜ 20 ਲੱਖ ਏਕੜ ਜੰਗਲਾਂ (ਟਰੌਪੀਕਲ ਰੇਨਫੌਰੈਸਟਸ) ਦਾ ਖਾਤਮਾ ਹੋ ਰਿਹਾ ਹੈ। ਇਕੱਲੇ ਬਰਾਜ਼ੀਲ ਵਿੱਚ ਹੀ ਹਰ ਸਾਲ 70 ਲੱਖ ਏਕੜ ਜੰਗਲ ਅਤੇ ਇੰਡੋਨੇਸ਼ੀਆ ਵਿੱਚ 50 ਲੱਖ ਏਕੜ ਜੰਗਲ ਖਤਮ ਹੋ ਰਹੇ ਹਨ।
ਕਦੇ ਅਰਲ ਸਮੁੰਦਰ ਦੁਨੀਆ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਚੌਥੇ ਨੰਬਰ ‘ਤੇ ਆਉਂਦਾ ਸੀ, ਪਰ ਇਸ ਦੇ ਪਾਣੀ ਦੀ ਬਿਜਲੀ ਉਤਪਾਦਨ ਅਤੇ ਖੇਤੀਬਾੜੀ ਲਈ ਕੀਤੀ ਜਾਂਦੀ ਵਰਤੋਂ ਕਾਰਨ ਇਹ ਪਿਛਲੇ ਤਿੰਨ ਦਹਾਕਿਆਂ ਵਿੱਚ ਸੁੱਕ ਕੇ ਅੱਧਾ ਰਹਿ ਗਿਆ ਹੈ।

ਵਿੱਕੀਪੀਡੀਆ  ਅਨੁਸਾਰ ਤਪਤ-ਖੰਡ ਵਿੱਚ ਜੰਗਲਾਂ ਦੇ ਖਾਤਮੇ ਕਾਰਨ ਦੁਨੀਆਂ ਦੇ ਜਾਨਵਰਾਂ ਅਤੇ ਪੌਦਿਆਂ ਦੀਆਂ ਜਾਤੀਆਂ ਦਾ ਵੱਡੀ ਪੱਧਰ ‘ਤੇ ਖਾਤਮਾ ਹੋ ਰਿਹਾ ਹੈ ਕਿਉਂਕਿ ਜਾਨਵਰਾਂ ਅਤੇ ਪੌਦਿਆਂ ਦੀਆਂ ਅੱਧੀਆਂ ਤੋਂ ਵੱਧ ਜਾਤੀਆਂ ਤਪਤ-ਖੰਡ ਦੇ ਜੰਗਲਾਂ ਵਿੱਚ ਮਿਲਦੀਆਂ ਹਨ। ਵਸੀਲਿਆਂ ਦੀ ਖਪਤ ਦੇ ਸੰਬੰਧ ਵਿੱਚ ਕਈ ਹੋਰ ਮਾਹਰਾਂ ਦਾ ਅਨੁਮਾਨ ਹੈ ਕਿ ਜੇ ਦੁਨੀਆ ਦੇ ਸਾਰੇ ਲੋਕ ਇਕ ਔਸਤ ਅਮਰੀਕਨ ਦੇ ਬਰਾਬਰ ਵਸਤਾਂ ਅਤੇ ਸੇਵਾਵਾਂ ਦਾ ਇਸਤੇਮਾਲ ਕਰਨ ਲੱਗ ਪੈਣ ਤਾਂ ਇਸ ਨਾਲ ਪੈਦਾ ਹੋਣ ਵਾਲੀ ਵਸਤਾਂ ਅਤੇ ਸੇਵਾਵਾਂ ਦੀ ਮੰਗ ਨੂੰ ਪੂਰਾ ਕਰਨ ਲਈ ਚਾਰ ਹੋਰ ਧਰਤੀਆਂ ਦੀ ਲੋੜ ਪਵੇਗੀ।

ਧਰਤੀ ਦੇ ਕੁਦਰਤੀ ਵਸੀਲਿਆਂ ਦੀ ਅੰਧਾਧੁੰਦ ਵਰਤੋਂ ਦੇ ਸੰਬੰਧ ਵਿੱਚ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੂੰ ਧਰਤੀ ਵਿੱਚੋਂ ਕੱਢਣ ਜਾਂ ਧਰਤੀ ‘ਤੇ ਪੈਦਾ ਕਰਨ ਦੇ ਕਾਰਜ ਨਾਲ ਵੱਡੀ ਪੱਧਰ ਉੱਤੇ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ। ਇਸ ਸੰਬੰਧ ਵਿੱਚ ਕੁਝ ਉਦਾਹਰਨਾਂ ਪੇਸ਼ ਹਨ। ਯੂਰਪ ਦੀ ਫਰੈਂਡਜ਼ ਆਫ ਦੀ ਅਰਥ ਸੰਸਥਾ ਅਨੁਸਾਰ ਨਾਈਜੀਰੀਆ ਅਫਰੀਕਾ ਵਿੱਚ ਸਭ ਤੋਂ ਵੱਧ ਤੇਲ ਪੈਦਾ ਕਰਨ ਵਾਲਾ ਦੇਸ਼ ਹੈ ਅਤੇ ਦੁਨੀਆ ਵਿੱਚ ਤੇਲ ਪੈਦਾ ਕਰਨ ਵਾਲੇ ਦੇਸ਼ਾਂ ਵਿੱਚੋਂ ਇਹ ਗਿਆਂਰਵੇਂ ਨੰਬਰ ‘ਤੇ ਆਉਂਦਾ ਹੈ। ਸੰਨ 2004 ਵਿੱਚ ਨਾਈਜ਼ੀਰੀਆ ਵਿੱਚ ਕਰੂਡ ਆਇਲ ਦਾ ਰੋਜ਼ਾਨਾ ਉਤਪਾਦਨ 25 ਲੱਖ ਬੈਰਲ ਸੀ। ਕਹਿੰਦੇ ਹਨ ਕਿ ਕਦੇ ਇੱਥੋਂ ਦਾ ਨਾਈਜਰ ਡੈਲਟਾ ਨਾਈਜੀਰੀਆ ਦਾ ਅਨਾਜ-ਭੰਡਾਰ ਹੁੰਦਾ ਸੀ। ਪਰ ਇਸ ਸਮੇਂ ਤੇਲ ਕੱਢਣ ਨਾਲ ਸੰਬੰਧਤ ਵੱਖ ਵੱਖ ਕਾਰਜਾਂ ਦੌਰਾਨ ਨਾਈਜਰ ਡੈਲਟਾ ਦੀ ਧਰਤੀ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਗੈਸ ਫਲੇਅਰਿੰਗ (ਤੇਲ ਕੱਢਦੇ ਸਮੇਂ ਅਣਚਾਹੀ/ਬੇਲੋੜੀ ਗੈਸ ਨੂੰ ਮਸ਼ਾਲ ਦੀ ਲਾਟ ਬਾਲ ਕੇ ਨਸ਼ਟ ਕਰਨ ਦਾ ਕਾਰਜ) ਕਾਰਨ ਸਲਫਰ ਡਾਇਔਕਸਾਈਡ, ਨਾਈਟਰੋਜਨ ਡਾਈਔਕਸਾਈਡ ਵਰਗੇ ਕਈ ਜ਼ਹਿਰੀਲੇ ਪਦਾਰਥਾਂ ਦਾ ਮਿਸ਼ਰਨ, ਬੈਨਜ਼ਾਪਾਈਰੀਨ ਅਤੇ ਡਾਇਔਕਸਾਈਨ ਵਰਗੇ ਕੈਂਸਰ ਲਾਉਣ ਵਾਲੇ ਪਦਾਰਥ ਅਤੇ ਬੈਨਜ਼ੀਨ, ਟੋਲੂਈਨ, ਹਾਈਡਰੋਜਨ ਸਲਫਲਾਈਡ ਵਰਗੇ ਅਣਬਲੇ ਤੇਲ ਦੇ ਤੱਤ ਵਾਤਾਵਰਨ ਵਿੱਚ ਛੱਡੇ ਜਾ ਰਹੇ ਹਨ। ਨਤੀਜੇ ਵਜੋਂ ਇਸ ਇਲਾਕੇ ਦੇ ਲੋਕਾਂ ਵਿੱਚ ਸਾਹ ਅਤੇ ਫੇਫੜਿਆਂ ਦੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੀ ਬਹੁਤਾਤ ਹੈ। ਇਸ ਦੇ ਨਾਲ ਹੀ ਵਾਤਾਵਰਨ ਵਿੱਚ ਛੱਡੀਆਂ ਗਈਆਂ ਸਲਫਰ ਡਾਈਔਕਸਾਈਡ ਅਤੇ ਨਾਈਟਰੋਜਨ ਔਕਸਾਈਡ ਗੈਸਾਂ ਕਾਰਨ ਇਸ ਇਲਾਕੇ ਨੂੰ ਤੇਜ਼ਾਬੀ ਮੀਂਹ (ਏਸਿਡ ਰੇਨ) ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੇਜ਼ਾਬੀ ਮੀਂਹ ਨੇ ਇਲਾਕੇ ਦੀਆਂ ਝੀਲਾਂ, ਨਦੀਆਂ ਅਤੇ ਨਾਲਿਆਂ ਵਿੱਚ ਤੇਜ਼ਾਬ ਘੋਲ ਦਿੱਤਾ ਹੈ ਅਤੇ ਉੱਥੋਂ ਦੀ ਬਨਸਪਤੀ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਇਲਾਕੇ ਦੀਆਂ ਇਮਾਰਤਾਂ ਦੀਆਂ ਛੱਤਾਂ ਹੌਲੀ ਹੌਲੀ ਤੇਜ਼ਾਬ ਨਾਲ ਖਾਧੀਆਂ ਜਾ ਰਹੀਆਂ ਹਨ। ਇਹ ਮੰਨਿਆ ਜਾਂਦਾ ਹੈ ਕਿ ਨਾਈਜਰ ਡੈਲਟਾ ਦਾ ਇਲਾਕਾ ਦੁਨੀਆ ਭਰ ਵਿੱਚ ਪੈਟਰੋਲ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਗਏ ਪੰਜ ਈਕੋਸਿਸਟਮਾਂ ਵਿੱਚੋਂ ਇਕ ਹੈ। ਤੇਲ ਕੱਢਣ ਕਾਰਨ ਨਾਈਜੀਰੀਆ ਵਿੱਚ ਵਾਤਾਵਰਨ ਦਾ ਜੋ ਨੁਕਸਾਨ ਹੋ ਰਿਹਾ ਹੈ, ਉਸ ਦਾ ਅਸਰ ਸਿਰਫ ਨਾਈਜੀਰੀਆ ਦੇ ਲੋਕਾਂ ਤੱਕ ਸੀਮਤ ਨਹੀਂ ਸਗੋਂ ਸਾਰੀ ਦੁਨੀਆ ਦੇ ਲੋਕ ਇਸ ਦੀ ਮਾਰ ਹੇਠ ਹਨ। 27 ਅਪ੍ਰੈਲ 2010 ਨੂੰ ਇੰਡੀਪੈਂਡਿਟ ਦੇ ਸਾਈਟ ‘ਤੇ ਛਪੀ ਇਕ ਰਿਪੋਰਟ ਅਨੁਸਾਰ ਨਾਈਜੀਰੀਆ ਵਿੱਚ ਗੈਸ ਫਲੇਅਰਿੰਗ ਕਾਰਨ ਹਰ ਰੋਜ਼ 2.5 ਅਰਬ (ਬਿਲੀਅਨ) ਸਟੈਂਡਰਡ ਕਿਊਬਿਕ ਫੁੱਟ ਗੈਸ ਬਾਲੀ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਵੱਡੀ ਮਾਤਰਾ ਵਿੱਚ ਗਰੀਨ ਹਾਊਸ ਗੈਸਾਂ ਵਾਤਾਵਰਨ ਵਿੱਚ ਛੱਡੀਆਂ ਜਾ ਰਹੀਆਂ ਹਨ ਜਿਹੜੀਆਂ ਸਾਰੀ ਦੁਨੀਆ ਦੇ ਵਾਤਾਵਰਨ ਤੇ ਅਸਰ ਪਾਉਂਦੀਆਂ ਹਨ।

ਖਾਣਾਂ ਵਿੱਚੋਂ ਧਾਤਾਂ ਕੱਢਣ ਦਾ ਕਾਰਜ ਵਾਤਾਵਰਨ ਨੂੰ ਕਈ ਤਰ੍ਹਾਂ ਨੁਕਸਾਨ ਪਹੁੰਚਾਉਂਦਾ ਹੈ। ਅਮਰੀਕਾ ਦੀ ਇਨਵਾਰਿਮੈਂਟੋ ਪ੍ਰੋਟੈਕਸ਼ਨ ਏਜੰਸੀ ਦੇ ਸਾਈਟ ‘ਤੇ ਮਿਲਦੀ ਜਾਣਕਾਰੀ ਅਨੁਸਾਰ ਖਾਣਾਂ ਵਿੱਚੋਂ ਧਾਤ ਕੱਢਣ ਲਈ ਬਹੁਤ ਸਾਰੀ ਧਰਤੀ ਨੂੰ ਪੁੱਟਣਾ ਪੈਂਦਾ ਹੈ, ਮੈਟਾਲਿਕ ਸਲਫਾਈਡਜ਼ ਦੀ ਔਕਸੀਡੇਸ਼ਨ ਕਾਰਨ ਤੇਜ਼ਾਬੀ ਮਾਦਾ ਪੈਦਾ ਹੁੰਦਾ ਹੈ ਜਿਹੜਾ ਧਰਤੀ ਹੇਠਲੇ ਅਤੇ ਧਰਤੀ ਉੱਪਰਲੇ ਪਾਣੀ ਨੂੰ ਪ੍ਰਦੂਸ਼ਤ ਕਰ ਸਕਦਾ ਹੈ, ਧਰਤੀ ਨੂੰ ਖੋਰਾ ਲੱਗ ਸਕਦਾ ਹੈ ਅਤੇ ਇਸ ਨਾਲ ਧਰਤੀ ਉੱਪਰਲੇ ਪਾਣੀ ਪ੍ਰਦੂਸ਼ਤ ਹੋ ਸਕਦਾ ਹੈ। ਧਰਤੀ ਨੂੰ ਖੋਰਾ ਲੱਗਣ ਕਾਰਨ ਧਰਤੀ ਦੀ ਉਪਰਲੀ ਤਹਿ (ਟੌਪ ਸੌਇਲ) ਅਤੇ ਉਸ ਵਿਚਲੇ ਤੱਤਾਂ ਦੇ ਇਕ ਥਾਂ ਤੋਂ ਦੂਜੀ ਥਾਂ ਨੂੰ ਤਬਦੀਲ ਹੋਣ ਕਾਰਨ ਮਿੱਟੀ ਦੀ ਬਣਤਰ, ਬਨਸਪਤੀ ਅਤੇ ਬਨਸਪਤੀ ਨੂੰ ਦੁਬਾਰਾ ਉਗਾਉਣ ਦੇ ਕਾਰਜ ਉੱਪਰ ਮਾੜੇ ਅਸਰ ਪੈ ਸਕਦੇ ਹਨ। ਇਸ ਦੇ ਨਾਲ ਨਾਲ ਖਾਣਾਂ ਵਿੱਚ ਵਰਤੇ ਜਾਂਦੇ ਕਈ ਤਰ੍ਹਾਂ ਦੇ ਰਸਾਇਣਕ ਪਦਾਰਥ ਆਲੇ ਦੁਆਲੇ ਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਅਸੀਂ ਨਿਊ ਯੌਰਕ ਟਾਈਮਜ਼ ਵਿੱਚ 14 ਜੂਨ 2010 ਨੂੰ ਸੋਨੇ ਦੀਆਂ ਖਾਣਾਂ ਬਾਰੇ ਛਪੀ ਇਕ ਵਿਸਤ੍ਰਿਤ ਰਿਪੋਰਟ ਵਿੱਚੋਂ ਕੁਝ ਜਾਣਕਾਰੀ ਪੇਸ਼ ਕਰਾਂਗੇ।

ਇਸ ਰਿਪੋਰਟ ਅਨੁਸਾਰ ਇਕ ਔਂਸ ਸੋਨਾ ਕੱਢਣ ਲਈ ਤਕਰੀਬਨ 30 ਟਨ ਕੱਚੀ ਧਾਤ ਪੁੱਟੀ ਜਾਂਦੀ ਹੈ ਅਤੇ ਕਈ ਖਾਣਾਂ ਵਿੱਚ ਇਹ ਮਾਤਰਾ 100 ਟਨ ਤੱਕ ਦੱਸੀ ਜਾਂਦੀ ਹੈ। ਕਈ ਵੱਡੀਆਂ ਖਾਣਾਂ ਵਿੱਚ ਹਰ ਰੋਜ਼ ਤਕਰੀਬਨ 5 ਲੱਖ ਟਨ ਮਿੱਟੀ ਉਲੱਦੀ/ਪਲੱਦੀ ਜਾਂਦੀ ਹੈ। ਫਿਰ ਕੱਚੀ ਧਾਤ ਵਿੱਚੋਂ ਸੋਨਾ ਵੱਖ ਕਰਨ ਲਈ ਉਸ ਉੱਪਰ ਪਤਲੇ ਸਾਈਨਾਈਡ ਦਾ ਛਿੜਕਾਅ ਕੀਤਾ ਜਾਂਦਾ ਹੈ। ਬਹੁਤੇ ਵਿਗਿਆਨੀਆਂ ਦਾ ਇਹ ਮੱਤ ਹੈ ਕਿ ਧੁੱਪ ਵਿੱਚ ਸਾਈਨਾਈਡ ਨਸ਼ਟ ਹੋ ਜਾਂਦਾ ਹੈ ਅਤੇ ਜੇ ਸਾਈਨਾਈਡ ਦਾ ਘੋਲ ਬਹੁਤ ਜ਼ਿਆਦਾ ਹਲਕਾ ਹੋਵੇ ਤਾਂ ਇਹ ਹਾਨੀਕਾਰਨ ਨਹੀਂ ਹੁੰਦਾ। ਪਰ ਅਮਰੀਕਾ ਦੇ ਜੀਓਲੌਜੀਕਲ ਸਰਵੇ ਵਲੋਂ ਸੰਨ 2000 ਵਿੱਚ ਕੀਤੇ ਇਕ ਅਧਿਅਨ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਸਾਈਨਾਈਡ ਹੋਰ ਜ਼ਹਿਰੀਲੇ ਰੂਪਾਂ ਵਿੱਚ ਬਦਲ ਸਕਦਾ ਹੈ ਅਤੇ ਕਈ ਚਿਰ ਤੱਕ ਮੌਜੂਦ ਰਹਿ ਸਕਦਾ ਹੈ ਖਾਸ ਕਰਕੇ ਠੰਢੇ ਵਾਤਾਵਰਨ ਵਿੱਚ। ਕੱਚੀ ਧਾਤ ਵਿੱਚੋਂ ਸੋਨਾ ਕੱਢਣ ਬਾਅਦ ਜਿਹੜੀ ਰਹਿੰਦ ਖੂਹੰਦ ਬੱਚਦੀ ਹੈ ਉਹ ਕਈ ਤਰ੍ਹਾਂ ਨਾਲ ਵਾਤਾਵਰਨ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਰਿਪੋਰਟ ਵਿੱਚ ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ  ਦੇ ਹਵਾਲੇ ਨਾਲ ਕਿਹਾ ਗਿਆ ਹੈ, “ਸੋਨੇ ਦੀਆਂ ਖਾਣਾਂ ਸਮੇਤ, ਧਾਤਾਂ ਦੀਆਂ ਕੁਝ ਖਾਣਾਂ ਪਰਮਾਣੂ ਰਹਿੰਦ-ਖੂਹੰਦ ਦੇ ਭੰਡਾਰਾਂ ਦੇ ਬਰਾਬਰ ਹਨ ਅਤੇ ਜਿਹਨਾਂ ਦੀ ਦੇਖਭਾਲ ਕਰਨ ਦੀ ਲੋੜ ਹਮੇਸ਼ਾਂ ਦੀ ਸਮੱਸਿਆ ਬਣ ਗਈ ਹੈ। ਹਾਰਡ-ਰੌਕ ਮਾਈਨਿੰਗ ਅਮਰੀਕਾ ਦੀ ਕਿਸੇ ਵੀ ਹੋਰ ਸਨਅਤ ਨਾਲੋਂ ਵੱਧ ਜ਼ਹਿਰੀਲੀ ਰਹਿੰਦ ਖੂੰਹਦ ਪੈਦਾ ਕਰਦੀ ਹੈ।... ਏਜੰਸੀ ਨੇ ਪਿਛਲੇ ਸਾਲ ਅੰਦਾਜ਼ਾ ਲਾਇਆ ਸੀ ਕਿ ਧਾਤਾਂ ਦੀਆਂ ਖਾਣਾਂ ਦੀ ਸਫਾਈ ਕਰਨ ਦੀ ਲਾਗਤ 54 ਅਰਬ (ਬਿਲੀਅਨ) ਡਾਲਰ ਤੱਕ ਪਹੁੰਚ ਸਕਦੀ ਹੈ।”

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਸਮੇਂ ਦੁਨੀਆ ਦਾ 70 ਫੀਸਦੀ ਸੋਨਾ ਵਿਕਾਸਸ਼ੀਲ ਦੇਸ਼ਾਂ ਵਿੱਚ ਕੱਢਿਆ ਜਾਂਦਾ ਹੈ। ਆਲੋਚਕਾਂ ਦਾ ਦਾਅਵਾ ਹੈ ਕਿ ਇਹਨਾਂ ਦੇਸ਼ਾਂ ਵਿੱਚ ਸੋਨੇ ਦੀਆਂ ਖਾਣਾਂ ਦੀਆਂ ਮਾਲਕ ਕੰਪਨੀਆਂ ਅਜਿਹੇ ਢੰਗ ਵਰਤ ਰਹੀਆਂ ਹਨ ਜਿਹੜੇ ਉਹ ਅਮੀਰ ਦੇਸ਼ਾਂ ਵਿੱਚ ਨਹੀਂ ਵਰਤ ਸਕਦੀਆਂ। ਜਿਵੇਂ ਕਿ ਖਾਣਾਂ ਤੋਂ ਪੈਦਾ ਹੋਣ ਵਾਲੀ ਰਹਿੰਦ-ਖੂਹੰਦ ਨੂੰ ਦਰਿਆਵਾਂ, ਖਾੜੀਆਂ ਅਤੇ ਸਮੁੰਦਰਾਂ ਵਿੱਚ ਸੁੱਟਣਾ। ਇਸ ਰਿਪੋਰਟ ਵਿੱਚੋਂ ਵਿਕਾਸਸ਼ੀਲ ਦੇਸ਼ਾਂ ਵਿੱਚ ਸੋਨੇ ਦੀਆਂ ਖਾਣਾਂ ਨਾਲ ਸੰਬੰਧਤ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੁਝ ਘਟਨਾਵਾਂ ਸੰਖੇਪ ਵਿੱਚ ਪੇਸ਼ ਹਨ:

1. ਜੂਨ 2010 ਵਿੱਚ ਫਿਲਪੀਨ ਦੇ ਇਕ ਸੂਬੇ ਨੇ ਦੁਨੀਆ ਵਿੱਚ ਪੰਜਵੇਂ ਨੰਬਰ ‘ਤੇ ਆਉਂਦੀ ਕੈਨੇਡਾ ਆਧਾਰਿਤ ਕੰਪਨੀ ਪਲੇਸਰ ਡੋਮ ਉੱਪਰ ਮੁਕੱਦਮਾ ਕੀਤਾ ਸੀ ਕਿ ਇਸ ਕੰਪਨੀ ਨੇ ਸੋਨੇ ਦੀ ਖਾਣ ਵਿੱਚੋਂ ਪੈਦਾ ਹੋਣ ਵਾਲੀ ਰਹਿੰਦ-ਖੂੰਹਦ ਸੁੱਟ ਕੇ ਇਕ ਦਰਿਆ, ਖਾੜੀ ਅਤੇ ਮੂੰਗੇ ਦੀ ਚਟਾਨ (ਕੋਰਲ ਰੀਫ) ਨੂੰ ਨਸ਼ਟ ਕੀਤਾ ਸੀ। ਇਸ ਦੇ ਜੁਆਬ ਵਿੱਚ ਪਲੇਸਰ ਡੋਮ ਦਾ ਕਹਿਣਾ ਸੀ ਕਿ ਉਹਨਾਂ ਨੇ ਇਸ ਸਮੱਸਿਆ ‘ਤੇ ਕਾਬੂ ਪਾ ਲਿਆ ਸੀ ਅਤੇ ਇਸ ਦੇ ਹੱਲ ਲਈ 7 ਕ੍ਰੋੜ (70 ਮਿਲੀਅਨ) ਡਾਲਰ ਖਰਚ ਕੀਤੇ ਸਨ ਅਤੇ 15 ਲੱਖ ਡਾਲਰ ਮੁਆਵਜ਼ੇ ਦੇ ਦਿੱਤੇ ਸਨ।
2. ਸੰਨ 2001 ਵਿੱਚ ਅਸਟ੍ਰੇਲੀਆ ਦੀ ਕੰਪਨੀ ਬੀ ਐੱਚ ਪੀ ਬਿਲੀਟਨ ਕੰਪਨੀ ਨੇ ਪਾਪਾ ਨਿਊ ਗਿੰਨੀ ਵਿੱਚ 2400 ਏਕੜ ਰੇਨ ਫੋਰੈਸਟ ਨੂੰ ਨਸ਼ਟ ਕਰਨ ਬਾਅਦ ਓਕੇ ਟੈਡੀ ਨਾਮੀ ਖਾਣ ਵੇਚ ਦਿੱਤੀ ਸੀ।
3. ਨਿਊਮੌਂਟ ਕੰਪਨੀ ਵਲੋਂ ਉੱਤਰੀ ਪੀਰੂ ਦੇ ਯਾਨਾਕੋਚਾ ਇਲਾਕੇ ਵਿੱਚ ਚਲਾਈ ਜਾਂਦੀ ਖਾਣ ਨੇ ਚਾਰਗਾਹਾਂ ਅਤੇ ਸੁੰਦਰ ਢਲਾਣਾਂ ਦੀ ਧਰਤੀ ਨੂੰ ਰੇਤੇ ਰੰਗੀਆਂ ਪਹਾੜੀਆਂ ਵਿੱਚ ਤਬਦੀਲ ਕਰ ਦਿੱਤਾ ਹੈ। ਇਹਨਾਂ ਰੇਤੇ ਰੰਗੀਆਂ ਪਹਾੜੀਆਂ ਉੱਪਰ ਪਾਈਪ ਵਿਛਾਏ ਗਏ ਹਨ ਤਾਂ ਕਿ ਇਸ ਮਿੱਟੀ ‘ਚੋਂ ਸੋਨਾ ਵੱਖ ਕਰਨ ਲਈ ਇਸ ਉੱਪਰ ਸਾਈਨਾਈਡ ਦਾ ਲੱਖਾਂ ਟਨ ਘੋਲ ਛਿੜਕਾਇਆ ਜਾ ਸਕੇ।
4. ਯੂਨਾਈਟਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ  ਅਨੁਸਾਰ 1985-2000 ਦੇ ਵਿਚਕਾਰ ਸਾਈਨਾਈਡ ਵਾਲੀ ਰਹਿੰਦ ਖੂਹੰਦ ਦੇ ਦਰਜਨ ਤੋਂ ਵੱਧ ਭੰਡਾਰ ਢੱਠ ਗਏ ਸਨ। ਇਹਨਾਂ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੰਨ 2000 ਵਿੱਚ ਰੁਮਾਨੀਆ ਵਿੱਚ ਵਾਪਰੀ ਸੀ ਜਦੋਂ ਖਾਣ ਦੀ ਰਹਿੰਦ ਖੂੰਹਦ ਡਾਨੂਬੇ ਨਦੀ ਦੀ ਇਕ ਸਹਾਇਕ ਨਦੀ ਵਿੱਚ ਡਿਗ ਪਈ ਸੀ ਜਿਸ ਕਾਰਨ 1000 ਟਨ ਤੋਂ ਵੱਧ ਮੱਛੀਆਂ ਮਾਰੀਆਂ ਗਈਆਂ ਸਨ ਅਤੇ ਇਸ ਕਾਰਨ ਪੈਦਾ ਹੋਈ ਸਾਈਨਾਈਡ ਦੀ ਤਰੰਗ (ਪਲੂਮ) 1600 ਮੀਲ ਦਾ ਸਫਰ ਕਰਕੇ ਕਾਲੇ ਸਾਗਰ (ਬਲੈਕ ਸੀਅ) ਤੱਕ ਪਹੁੰਚ ਗਈ ਸੀ।
5. ਸੰਨ 1995 ਵਿੱਚ ਗਿੰਨੀ ਦੀ ਇਕ ਖਾਣ ਤੋਂ ਸਾਈਨਾਈਡ ਵਾਲੀ 7 ਲੱਖ 90 ਹਜ਼ਾਰ ਗੈਲਨ ਰਹਿੰਦ - ਖੂਹੰਦ ਐਸਕੀਬੋ ਨਦੀ ਦੀ ਇਕ ਸਹਾਇਕ ਨਦੀ ਵਿੱਚ ਡਿੱਗ ਪਈ ਸੀ।

ਪਿਛਲੇ ਕੁਝ ਸਮੇਂ ਵਿੱਚ ਮਨੁੱਖ ਵਲੋਂ ਧਰਤੀ ਉੱਪਰ ਕੀਤੀ ਜਾਂਦੀ ਖੇਤੀਬਾੜੀ ਵਿੱਚ ਇਕ ਨਾਟਕੀ ਤਬਦੀਲੀ ਆਈ ਹੈ। ਅੱਜ ਦੀ ਖੇਤੀ ਵਿੱਚ ਖਾਦਾਂ, ਕੀਟਨਾਸ਼ਕ ਅਤੇ ਬੂਟੀਨਾਸ਼ਕ ਦਵਾਈਆਂ, ਪਾਣੀ ਆਦਿ ਦੀ ਵਰਤੋਂ ਬਹੁਤ ਵਧ ਗਈ ਹੈ। ਪਹਿਲਾਂ ਦੇ ਮੁਕਾਬਲੇ ਅੱਜ ਜ਼ਮੀਨ ਵਿੱਚ ਸਾਲ ਵਿੱਚ ਵੱਧ ਤੋਂ ਵੱਧ ਫਸਲਾਂ ਉਗਾਈਆਂ ਜਾ ਰਹੀਆਂ ਹਨ। ਭਾਂਤ-ਸੁਭਾਂਤੀ ਫਸਲਾਂ ਦੀ ਖੇਤੀ ਕਰਨ ਦੀ ਥਾਂ ਇਕ ਹੀ ਫਸਲ ਉਗਾਉਣ ਦਾ ਰੁਝਾਣ ਜ਼ੋਰ ਫੜ ਗਿਆ ਹੈ, ਜਿਸ ਨੂੰ ਮਾਹਰਾਂ ਨੇ ਮੋਨੋਕਲਚਰ  ਦਾ ਨਾਂ ਦਿੱਤਾ ਹੈ। ਹੁਣ ਖੇਤੀ ਕਿਸਾਨ ਵਲੋਂ ਆਪਣੀਆਂ ਲੋੜਾਂ ਦੀ ਪੂਰਤੀ ਲਈ ਨਹੀਂ ਸਗੋਂ ਮੰਡੀ ਲਈ ਕੀਤੀ ਜਾਂਦੀ ਹੈ। ਖੇਤੀਬਾੜੀ ਵਾਲੀ ਜ਼ਮੀਨ ਦੇ ਬਹੁਤ ਸਾਰੇ ਹਿੱਸੇ ਦੀ ਮਾਲਕੀ ਲੋਕਾਂ ਦੀ ਥਾਂ ਵੱਡੀਆਂ ਕਾਰਪੋਰੇਸ਼ਨਾਂ ਕੋਲ ਆ ਗਈ ਹੈ ਅਤੇ ਕਾਰਪੋਰੇਸ਼ਨਾਂ ਖੇਤੀਬਾੜੀ ਆਪਣੀ ਨਿੱਜੀ ਲੋੜ ਦੀ ਪੂਰਤੀ ਲਈ ਨਹੀਂ ਸਗੋਂ ਮੁਨਾਫਾ ਕਮਾਉਣ ਲਈ ਕਰ ਰਹੀਆਂ ਹਨ। ਕਈ ਥਾਂਵਾਂ ‘ਤੇ ਬੇਸ਼ੱਕ ਜ਼ਮੀਨ ਦੀ ਮਾਲਕੀ ਲੋਕਾਂ ਕੋਲ ਹੈ ਪਰ ਉਹ ਜ਼ਮੀਨ ‘ਤੇ ਫਸਲਾਂ ਵੱਡੀਆਂ ਕਾਰਪੋਰੇਸ਼ਨਾਂ ਲਈ ਉਗਾਉਂਦੇ ਹਨ। ਨਤੀਜੇ ਵਜੋਂ ਖੇਤਾਂ ਵਿੱਚੋਂ ਉਗਾਈ ਜਾਣ ਵਾਲੀ ਪੈਦਾਵਾਰ ਬਾਰੇ ਫੈਸਲੇ ਵੱਡੀਆਂ ਕਾਰਪੋਰੇਸ਼ਨਾਂ ਹੀ ਕਰਦੀਆਂ ਹਨ। ਖੇਤੀਬਾੜੀ ਵਿੱਚ ਆਈਆਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਨੇ ਖੇਤੀਬਾੜੀ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਵਿੱਚ ਤਿੱਖਾ ਵਾਧਾ ਕੀਤਾ ਹੈ। ਇਸ ਸੰਬੰਧ ਵਿੱਚ ਏਥੇ ਬਹੁਤ ਸਾਰੇ ਅੰਕੜੇ ਦੇਣ ਦੀ ਲੋੜ ਨਹੀਂ। ਪੰਜਾਬੀ ਪੜ੍ਹਨ ਵਾਲਾ ਤਕਰੀਬਨ ਹਰ ਪਾਠਕ ਜਾਣਦਾ ਹੈ ਕਿ ਅੱਧੀ ਸਦੀ ਪਹਿਲਾਂ ਪੰਜਾਬ ਵਿੱਚ ਸ਼ੁਰੂ ਹੋਏ ਹਰੇ ਇਨਕਲਾਬ ਦੇ ਤਜਰਬੇ ਨੇ ਪੰਜਾਬ ਦੇ ਵਾਤਾਵਰਨ ਦਾ ਕਿਸ ਤਰ੍ਹਾਂ ਨੁਕਸਾਨ ਕੀਤਾ ਹੈ। ਇਸ ਤਜਰਬੇ ਕਾਰਨ ਪੰਜਾਬ ਦੀ ਧਰਤੀ ਖਾਦਾਂ ਦੀ ਅਮਲੀ ਹੋ ਗਈ ਹੈ; ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਪੱਧਰ ਹਰ ਸਾਲ ਹੇਠਾਂ ਜਾ ਰਹੀ ਹੈ; ਫਸਲਾਂ ‘ਤੇ ਵਰਤੀਆਂ ਜਾਂਦੀਆਂ ਕੀਟਨਾਸ਼ਕ ਅਤੇ ਬੂਟੀਨਾਸ਼ਕ ਦਵਾਈਆਂ ਨੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਤ ਕਰ ਦਿੱਤਾ ਹੈ ਅਤੇ ਪੰਜਾਬ ਦਾ ਨਰਮਾ ਉਗਾਉਣ ਵਾਲਾ ਖੇਤਰ ਕੈਂਸਰ ਵਾਲੇ ਖੇਤਰ ਵਜੋਂ ਜਾਣਿਆ ਜਾਂਦਾ ਹੈ।

ਖਾਣ ਵਾਲੀਆਂ ਵਸਤਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਧਰਤੀ ਦੇ ਅਤਿ ਜ਼ਰੂਰੀ ਜੰਗਲਾਂ ਦਾ ਸਫਾਇਆ ਕਰ ਨਵੀਂ ਧਰਤੀ ਖੇਤੀਬਾੜੀ ਅਧੀਨ ਲਿਆਂਦੀ ਜਾ ਰਹੀ ਹੈ। ਇਸ ਸੰਬੰਧ ਵਿੱਚ ਪਾਲਮ ਓਇਲ ਦੇ ਉਤਪਾਦਨ ਨਾਲ ਸੰਬੰਧਤ ਕੁਝ ਅੰਕੜੇ ਹੈਰਾਨ ਕਰਨ ਵਾਲੇ ਹਨ। ਆਈ ਬੀ ਟਾਇਮਜ਼ ਯੂ. ਕੇ. ਦੇ ਗਰੀਨ ਸੈਕਸ਼ਨ ਵਿੱਚ ਛਪੀ ਇਕ ਰਿਪੋਰਟ ਅਨੁਸਾਰ ਪਾਲਮ ਓਇਲ ਦੀ ਵਰਤੋਂ ਕਈ ਤਰ੍ਹਾਂ ਦੀਆਂ ਕੰਜਿ਼ਊਮਰ ਵਸਤਾਂ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਿ ਚਾਕਲੇਟ, ਬ੍ਰੇਕਫਾਸਟ ਸੀਰੀਅਲ, ਮਾਰਜਰੀਨ, ਕ੍ਰੀਮ ਚੀਜ਼, ਓਵਨ ਚਿਪਸ, ਹੋਰ ਕਈ ਤਰ੍ਹਾਂ ਦੀ ਮਠਿਆਈਆਂ ਅਤੇ ਖਾਣੇ, ਸਾਬਣ, ਡਿਟੈਰਜੈਂਟ, ਅਤੇ ਬਾਇਓਫਿਊਲ। ਨਤੀਜੇ ਵਜੋਂ ਹਰ ਸਾਲ 4 ਕ੍ਰੋੜ ਟਨ ਪਾਲਮ ਓਇਲ ਪੈਦਾ ਹੁੰਦਾ ਹੈ ਜਿਸ ਦੀ ਕੀਮਤ 20 ਅਰਬ (ਬਿਲੀਅਨ) ਡਾਲਰ ਦੇ ਬਰਾਬਰ ਬਣਦੀ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਦੁਨੀਆ ਵਿੱਚ ਸਭ ਤੋਂ ਵੱਧ ਪਾਲਮ ਓਇਲ ਪੈਦਾ ਕਰਨ ਵਾਲੇ ਦੇਸ਼ ਹਨ। 1980ਵਿਆਂ ਤੋਂ ਲੈ ਕੇ ਪਾਲਮ ਓਇਲ ਦੀ ਖੇਤੀ ਹੇਠ ਆਉਣ ਵਾਲੀ ਜ਼ਮੀਨ ਦੇ ਰਕਬੇ ਵਿੱਚ ਤਿੰਨ ਗੁਣਾਂ ਦਾ ਵਾਧਾ ਹੋਇਆ ਹੈ ਅਤੇ ਸੰਨ 2007 ਤੱਕ ਇਹ ਰਕਬਾ 1.4 ਕ੍ਰੋੜ (14 ਮਿਲੀਅਨ) ਹੈਕਟੇਅਰ ਦੇ ਬਰਾਬਰ ਸੀ। ਸੰਨ 2007 ਵਿੱਚ ਛਪੀ ਗਰੀਨ ਪੀਸ ਦੀ ਇਕ ਰਿਪੋਰਟ ਅਨੁਸਾਰ ਸੰਨ 1995 ਅਤੇ 2005 ਵਿੱਚਕਾਰ ਇਕੱਲੇ ਇੰਡੋਨੇਸ਼ੀਆ ਵਿੱਚ ਪਾਲਮ ਓਇਲ ਦੀ ਖੇਤੀ ਅਧੀਨ ਆਉਣ ਵਾਲੀ ਜ਼ਮੀਨ ਵਿੱਚ ਤਿੰਨ ਗੁਣਾਂ ਵਾਧਾ ਹੋਇਆ ਸੀ ਅਤੇ ਸੰਨ 2007 ਤੱਕ ਉੱਥੇ 60 ਲੱਖ ਹੈਕਟੇਅਰ ਦੇ ਕਰੀਬ ਧਰਤੀ ਪਾਲਮ ਓਇਲ ਦੀ ਖੇਤੀ ਅਧੀਨ ਆ ਚੁੱਕੀ ਸੀ ਅਤੇ ਲੱਖਾਂ ਹੈਕਟੇਅਰ ਹੋਰ ਧਰਤੀ ਨੂੰ ਇਸ ਖੇਤੀ ਅਧੀਨ ਲਿਆਉਣ ਦੀ ਯੋਜਨਾ ਸੀ।

ਪਾਲਮ ਓਇਲ ਦੀ ਖੇਤੀ ਲਈ ਇਹ ਸਾਰੀ ਜ਼ਮੀਨ ਇੰਡੋਨੇਸ਼ੀਆ ਦੇ ਜੰਗਲਾਂ ਦਾ ਸਫਾਇਆ ਕਰਕੇ ਤਿਆਰ ਕੀਤੀ ਜਾ ਰਹੀ ਹੈ। ਇਹਨਾਂ ਜੰਗਲਾਂ ਦੀ ਧਰਤੀ ਦੇ ਈਕੋਸਿਸਟਮ ਵਿੱਚ ਬਹੁਤ ਮਹੱਤਵਪੂਰਨ ਥਾਂ ਹੈ। ਇਹ ਜੰਗਲ ਬਹੁਤ ਸਾਰੇ ਜੀਵ-ਜੰਤੂਆਂ ਅਤੇ ਪੌਦਿਆਂ ਦੇ ਘਰ ਹਨ। ਲੱਖਾਂ ਲੋਕ ਖਾਣੇ, ਪਾਣੀ, ਦਵਾਈਆਂ ਅਤੇ ਆਪਣੀਆਂ ਹੋਰ ਮੁਢਲੀਆਂ ਲੋੜਾਂ ਲਈ ਇਹਨਾਂ ਜੰਗਲਾਂ ਉੱਪਰ ਨਿਰਭਰ ਕਰਦੇ ਹਨ। ਧਰਤੀ ‘ਤੇ ਮੌਸਮਾਂ ਦੀ ਤਬਦੀਲੀ (ਕਲਾਈਮੇਟ ਚੇਂਜ) ਨੂੰ ਨਿਯੰਤਰਣ ਕਰਨ ਵਿੱਚ ਇਹਨਾਂ ਜੰਗਲਾਂ ਦੀ ਵੱਡੀ ਭੂਮਿਕਾ ਹੈ। ਇਸ ਦੇ ਨਾਲ ਨਾਲ ਜੰਗਲ ਬਹੁਤ ਸਾਰੀ ਕਾਰਬਨ ਨੂੰ ਆਪਣੇ ਅੰਦਰ ਸਮੇਟੀ ਰੱਖਦੇ ਹਨ। ਜਦੋਂ ਜੰਗਲ ਨਸ਼ਟ ਕੀਤੇ ਜਾਂਦੇ ਹਨ ਤਾਂ ਬਹੁਤ ਸਾਰੀਆਂ ਗਰੀਨ ਹਾਊਸ ਗੈਸਾਂ ਵਾਤਾਵਰਨ ਵਿੱਚ ਛੱਡੀਆਂ ਜਾਂਦੀਆਂ ਹਨ। ਯੂਰਪ ਦੀ ਸੰਸਥਾ ਫਰੈਂਡਜ਼ ਆਫ ਦੀ ਅਰਥ  ਅਨੁਸਾਰ ਸੰਨ 2007 ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਗਰੀਨਹਾਊਸ ਗੈਸਾਂ  ਛੱਡਣ ਵਾਲੇ ਦੇਸ਼ਾਂ ਵਿੱਚੋਂ ਇੰਡੋਨੇਸ਼ੀਆ ਦਾ ਨੰਬਰ ਤੀਜਾ ਸੀ। ਅਜਿਹਾ ਇਸ ਕਰਕੇ ਸੀ ਕਿਉਂਕਿ ਇੰਡੋਨੇਸ਼ੀਆ ਆਪਣੀਆਂ ਪੀਟਲੈਂਡਜ਼  ਅਤੇ ਤਪਤ-ਖੰਡੀ ਜੰਗਲਾਂ ਦਾ ਸਫਾਇਆ ਕਰਕੇ ਨਵੀਂ ਧਰਤੀ ਪਾਲਮ ਓਇਲ ਦੀ ਖੇਤੀ ਅਧੀਨ ਲਿਆ ਰਿਹਾ ਹੈ।

ਦੁਨੀਆ ਵਿੱਚ ਮੀਟ ਦੀ ਵੱਧ ਰਹੀ ਖਪਤ ਵੀ ਜੰਗਲਾਂ ਦੇ ਵਿਨਾਸ਼ ਦਾ ਵੱਡਾ ਕਾਰਨ ਮੰਨੀ ਜਾ ਰਹੀ ਹੈ। ਪਿਛਲੇ ਕੁਝ ਦਹਾਕਿਆਂ ਦੌਰਾਨ ਬਰਾਜ਼ੀਲ ਦੁਨੀਆਂ ਵਿੱਚ ਗਾਂ ਦੇ ਮੀਟ ਦੇ ਉਤਪਾਦਨ ਵਾਲੇ ਇਕ ਮੁੱਖ ਦੇਸ਼ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਡਾਵਰਿਨ ਅਨੁਸਾਰ ਸੰਨ 2003 ਵਿੱਚ ਬਰਾਜ਼ੀਲ ਨੇ 12 ਲੱਖ (1.2 ਮਿਲੀਅਨ) ਮੀਟਰਿਕ ਟਨ ਗਾਂ ਦਾ ਮੀਟ ਨਿਰਯਾਤ ਕੀਤਾ ਜਦੋਂ ਕਿ ਸੰਨ 1997 ਵਿੱਚ ਇਹ ਮਾਤਰਾ 2 ਲੱਖ 32 ਹਜ਼ਾਰ ਮੀਟਰਕ ਟਨ ਸੀ। ਮੀਟ ਦੇ ਉਤਪਾਦਨ ਵਿੱਚ ਹੋਏ ਇਸ ਵਾਧੇ ਦਾ 80 ਫੀਸਦੀ ਹਿੱਸਾ ਬਰਾਜ਼ੀਲ ਦੇ ਐਮਾਜ਼ਾਨ ਖੇਤਰ ਵਿੱਚ ਪੈਦਾ ਕੀਤਾ ਗਿਆ ਸੀ। ਉਸ ਸਮੇਂ ਐਮਾਜ਼ਾਨ ਦੇ ਖੇਤਰ ਵਿੱਚ ਹਰ ਸਾਲ 25 ਲੱਖ (2.5 ਮਿਲੀਅਨ) ਹੈਕਟੇਅਰ ਜਾਂ 9500 ਵਰਗ ਮੀਲ ਦੇ ਬਰਾਬਰ ਜੰਗਲਾਂ ਦਾ ਸਫਾਇਆ ਹੋ ਰਿਹਾ ਸੀ। ਜੰਗਲਾਂ ਦੇ ਇਸ ਤਰ੍ਹਾਂ ਦੇ ਖਾਤਮੇ ਵਿੱਚ ਜੰਗਲ ਕੱਟ ਕੇ ਗਾਂਵਾਂ ਪਾਲਣ ਲਈ ਚਾਰਗਾਹਾਂ ਬਣਾਉਣ ਅਤੇ ਪਸ਼ੂਆਂ ਦੀ ਖੁਰਾਕ ਲਈ ਅਨਾਜ ਪੈਦਾ ਕਰਨ ਲਈ ਧਰਤੀ ਨੂੰ ਖੇਤੀਯੋਗ ਬਣਾਉਣ ਦੀ ਅਹਿਮ ਭੂਮਿਕਾ ਸੀ। ਸੈਂਟਰ ਫਾਰ ਇੰਟਰਨੈਸ਼ਨਲ ਫੌਰਸਟਰੀ ਰਿਸਰਚ  ਦੇ ਡਾਇਰੈਕਟਰ ਜਨਰਲ ਦੇ ਸ਼ਬਦਾਂ ਵਿੱਚ “ਬਰਾਜ਼ੀਲ ਵਿੱਚ ਜੰਗਲਾਂ ਦੇ ਖਾਤਮੇ ਦੀ ਦਰ ਅਸਮਾਨ ਨੂੰ ਛੁਹ ਰਹੀ ਹੈ ਅਤੇ ਗਾਂ ਦੇ ਮੀਟ ਦਾ ਨਿਰਯਾਤ ਕਰਨ ਲਈ ਕੀਤਾ ਜਾਂਦਾ ਉਤਪਾਦਨ ਇਸ ਲਈ ਜ਼ਿੰਮੇਵਾਰ ਹੈ”।

ਦੁਨੀਆ ਵਿੱਚ ਵੱਧ ਰਹੀ ਮੀਟ ਦੀ ਮੰਗ ਜੰਗਲਾਂ ਦਾ ਸਫਾਇਆ ਕਰਨ ਵਿੱਚ ਹੀ ਆਪਣਾ ਹਿੱਸਾ ਨਹੀਂ ਪਾ ਰਹੀ ਸਗੋਂ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਫੈਲਾਉਣ ਵਿੱਚ ਵੀ ਇਸ ਦੀ ਮਹੱਤਵਪੂਰਨ ਭੂਮਿਕਾ ਹੈ। ਯੂਨਾਈਟਡ ਨੇਸ਼ਨਜ਼ ਦੀ ਫੂਡ ਐਂਡ ਐਗਰੀਕਲਚਰਲ ਸੰਸਥਾ ਵਲੋਂ 2006 ਵਿੱਚ ਛਾਪੀ ਗਈ ਇਕ ਰਿਪੋਰਟ ਅਨੁਸਾਰ ਲਾਈਵਸਟੌਕ (ਪਸ਼ੂਆਂ ਦੇ ਉਤਪਾਦਨ ਦਾ) ਸੈਕਟਰ ਵਾਤਾਵਰਨ ਵਿੱਚ 18 ਫੀਸਦੀ ਦੇ ਬਰਾਬਰ ਗਰੀਨਹਾਊਸ ਗੈਸਾਂ ਫੈਲਾਉਣ ਲਈ ਜ਼ਿੰਮੇਵਾਰ ਹੈ। ਇਕ ਹੋਰ ਰਿਪੋਰਟ ਅਨੁਸਾਰ ਜਿੰਨੀਆਂ ਗਰੀਨਹਾਊਸ ਗੈਸਾਂ 1 ਕਿਲੋਗ੍ਰਾਮ ਗਾਂ ਦੇ ਮੀਟ ਦੇ ਉਤਪਾਦਨ ਕਾਰਨ ਵਾਤਾਵਰਨ ਵਿੱਚ ਫੈਲਾਈਆਂ ਜਾਂਦੀਆਂ ਹਨ, ਉਨੀਆਂ ਗਰੀਨਹਾਊਸ ਗੈਸਾਂ ਯੂਰਪ ਵਿੱਚ ਇਕ ਔਸਤ ਕਾਰ 155 ਮੀਲ ਚੱਲਣ ਤੋਂ ਬਾਅਦ ਫੈਲਾਉਂਦੀ ਹੈ ਅਤੇ ਜਿੰਨੀ ਊਰਜਾ (ਐਨਰਜੀ) 1 ਕਿਲੋਗ੍ਰਾਮ ਗਾਂ ਦਾ ਮੀਟ ਪੈਦਾ ਕਰਨ ‘ਤੇ ਲੱਗਦੀ ਹੈ, ਉਨੀ ਊਰਜਾ ਨਾਲ 100 ਵਾਟ ਦੇ ਇਕ ਬਲਬ ਨੂੰ 20 ਦਿਨਾਂ ਤੱਕ ਜਗਦਾ ਰੱਖਿਆ ਜਾ ਸਕਦਾ ਹੈ।

ਵਸਤਾਂ ਨੂੰ ਬਣਾਉਣ ਜਾਂ ਪੈਦਾਵਾਰ ਕਰਨ ‘ਤੇ ਲੱਗਣ ਵਾਲਾ ਮਾਲ ਹੀ ਧਰਤੀ ਦੇ ਵਸੀਲਿਆਂ ਦੀ ਖਪਤ ਅਤੇ ਵਾਤਾਵਰਨ ਦੇ ਨੁਕਸਾਨ ਲਈ ਜ਼ਿੰਮੇਵਾਰ  ਨਹੀਂ ਸਗੋਂ ਬਹੁਤ ਸਾਰੀਆਂ ਵਸਤਾਂ ਦੀ ਵਰਤੋਂ ਵੀ ਧਰਤੀ ਦੇ ਵਸੀਲਿਆਂ ਦੀ ਖਪਤ ਲਈ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਲਈ ਜ਼ਿੰਮੇਵਾਰ ਹੈ। ਇਸ ਸੰਬੰਧ ਵਿੱਚ ਕਾਰਾਂ ਦੀ ਉਦਾਹਰਨ ਲਈ ਜਾ ਸਕਦੀ ਹੈ। ਡਾਵਰਿਨ ਅਨੁਸਾਰ ਪਿਛਲੇ ਕੁਝ ਦਹਾਕਿਆਂ ਦੌਰਾਨ ਦੁਨੀਆ ਵਿੱਚ ਖਪਤ ਹੋਣ ਵਾਲੀ ਕੁੱਲ ਰਬੜ ਦਾ ਅੱਧਾ ਹਿੱਸਾ, ਕੁੱਲ ਸ਼ੀਸ਼ੇ ਦਾ ਚੌਥਾ ਹਿੱਸਾ ਅਤੇ ਕੁੱਲ ਸਟੀਲ ਦਾ 15 ਫੀਸਦੀ ਹਿੱਸਾ ਕਾਰਾਂ ਦੇ ਉਤਪਾਦਨ ਲਈ ਵਰਤਿਆ ਗਿਆ ਹੈ। ਇਸ ਦੇ ਨਾਲ ਨਾਲ ਇਕੱਲੀਆਂ ਪੈਸੰਜਰ ਕਾਰਾਂ ਹੀ ਹਰ ਸਾਲ ਦੁਨੀਆ ਵਿੱਚ ਵਰਤੀ ਜਾਂਦੀ ਕੁੱਲ ਊਰਜਾ (ਐਨਰਜੀ) ਦਾ 15 ਫੀਸਦੀ ਹਿੱਸਾ ਵਰਤਦੀਆਂ ਹਨ। ਇੱਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਕਾਰਾਂ ਲਈ ਸੜਕਾਂ ਬਣਾਉਣ ਅਤੇ ਸੜਕਾਂ ਦੀ ਦੇਖਭਾਲ ਉੱਪਰ ਖਰਚ ਆਉਣ ਵਾਲੀ ਊਰਜਾ ਇਸ 15 ਫੀਸਦੀ ਵਿੱਚ ਜਮ੍ਹਾਂ ਨਹੀਂ ਕੀਤੀ ਗਈ।

ਇਹ ਗੱਲ ਵੀ ਅਸੀਂ ਸਾਰੇ ਜਾਣਦੇ ਹਾਂ ਕਿ ਤੇਲ-ਪੈਟਰੌਲ ਆਦਿ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਵਾਤਾਵਰਨ ਵਿੱਚ ਗਰੀਨਹਾਊਸਾਂ ਗੈਸਾਂ ਫੈਲਾਉਣ ਵਿੱਚ ਅਹਿਮ ਭੂਮਿਕਾ ਹੈ। ਡਾਵਰਿਨ ਅਨੁਸਾਰ, ਇਸ ਸਮੇਂ ਦੁਨੀਆ ਵਿੱਚ ਊਰਜਾ ਦੀ ਵਰਤੋਂ ਕਾਰਨ ਵਾਤਾਵਰਨ ਵਿੱਚ ਫੈਲਣ ਵਾਲੀ ਕਾਰਬਨਡਾਇਔਕਸਾਈਡ ਦਾ ਤਕਰੀਬਨ ਪੰਜਵਾਂ ਹਿੱਸਾ ਮੋਟਰ-ਕਾਰਾਂ ਦੀ ਵਰਤੋਂ ਕਾਰਨ ਪੈਦਾ ਹੁੰਦਾ ਹੈ। ਇਕ ਕਾਰ ਵਲੋਂ ਸਾਲ ਵਿੱਚ ਔਸਤਨ ਕਿੰਨੀ ਕੁ ਕਾਰਬਨਡਾਇਔਕਸਾਈਡ ਛੱਡੀ ਜਾਂਦੀ ਹੈ? ਇਹ ਦਰ ਹਾਲਤਾਂ ਦੇ ਵੱਖਰੇਵਿੰਆਂ ਕਾਰਨ ਵੱਖ ਵੱਖ ਦੇਸ਼ਾਂ ਵਿੱਚ ਵੱਖਰੀ ਹੈ। ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ  ਅਨੁਸਾਰ ਅਮਰੀਕਾ ਵਿੱਚ ਸਾਲ ਵਿੱਚ ਇਕ ਕਾਰ ਔਸਤਨ 500 ਗੈਲਨ ਤੇਲ ਖਾਂਦੀ ਹੈ ਅਤੇ ਗੱਡੀ ਵਿੱਚ ਬਲੇ ਪੈਟਰੋਲ ਦੀ ਇਕ ਗੈਲਨ ਵਾਤਾਵਰਨ ਵਿੱਚ 8.8 ਕਿਲੋਗ੍ਰਾਮ ਜਾਂ 19.4 ਪੌਂਡ ਕਾਰਬਨਡਾਇਔਕਸਾਈਡ ਫੈਲਾਉਂਦੀ ਹੈ ਅਤੇ ਡੀਜ਼ਲ ਦੀ ਇਕ ਗੈਲਨ ਵਾਤਾਵਰਨ ਵਿੱਚ 10.1 ਕਿਲੋਗ੍ਰਾਮ ਜਾਂ 22.2 ਪੌਂਡ ਕਾਰਬਨਡਾਇਔਕਸਾਈਡ ਫੈਲਾਉਂਦੀ ਹੈ। ਇਸ ਸਮੇਂ ਇਕੱਲੇ ਅਮਰੀਕਾ ਵਿੱਚ ਕਾਰਾਂ ਦੀ ਗਿਣਤੀ 25 ਕ੍ਰੋੜ (250 ਮਿਲੀਅਨ) ਦੇ ਕਰੀਬ ਦੱਸੀ ਜਾਂਦੀ ਹੈ। ਇਹ ਕਾਰਾਂ ਸਾਲ ਵਿੱਚ ਕਿੰਨੀ ਕਾਰਬਨਡਾਇਔਕਸਾਈਡ ਵਾਤਾਵਰਨ ਵਿੱਚ ਫੈਲਾਉਂਦੀਆਂ ਹੋਣਗੀਆਂ ਉਸ ਦਾ ਹਿਸਾਬ ਤੁਸੀਂ ਆਪ ਲਾ ਸਕਦੇ ਹੋ।

ਵਸਤਾਂ ਦੇ ਇਸਤੇਮਾਲ ਦੌਰਾਨ ਵਰਤੇ ਜਾਂਦੇ ਵਸੀਲਿਆਂ ਅਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੇ ਸੰਬੰਧ ਵਿੱਚ ਅਸੀਂ ਮੋਬਾਈਲ ਜਾਂ ਸੈੱਲ ਫੋਨਾਂ ਦੇ ਸੰਬੰਧ ਵਿੱਚ ਕੁਝ ਤੱਥ ਹਿੰਦੁਸਤਾਨ ਬਾਰੇ ਪੇਸ਼ ਕਰਾਂਗੇ। ਪਿਛਲੇ ਕੁਝ ਸਮੇਂ ਵਿੱਚ ਹਿੰਦੁਸਤਾਨ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਦਾ ਵੱਡੀ ਪੱਧਰ ‘ਤੇ ਪਸਾਰ ਹੋਇਆ ਹੈ। ਵਿੱਕੀਪੀਡੀਆ ਵਿੱਚੇ ਦਿੱਤੇ ਅੰਕੜਿਆਂ ਅਨੁਸਾਰ ਮਾਰਚ 2011 ਤੱਕ ਭਾਰਤ ਵਿੱਚ ਮੋਬਾਈਲ ਫੋਨ ਰੱਖਣ ਵਾਲਿਆਂ (ਸਬਸਕਰਾਈਬਰਜ਼) ਦੀ ਗਿਣਤੀ 81 ਕ੍ਰੋੜ 16 ਲੱਖ (811.59 ਮਿਲੀਅਨ) ਸੀ ਅਤੇ ਸੰਨ 2013 ਤੱਕ ਇਸ ਗਿਣਤੀ ਦੇ 1.159 ਅਰਬ (ਬਿਲੀਅਨ) ਤੱਕ ਪਹੁੰਚ ਜਾਣ ਦਾ ਅਨੁਮਾਨ ਹੈ। ਮੋਬਾਈਲ ਫੋਨਾਂ ਦੇ ਇਹਨਾਂ ਸਾਰੇ ਗਾਹਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਸਰਵਿਸ ਮੁਹੱਈਆ ਕਰਨ ਲਈ ਸਰਵਿਸ ਦੇਣ ਵਾਲੀਆਂ ਕੰਪਨੀਆਂ ਨੂੰ ਬਹੁਤ ਵੱਡੀ ਮਾਤਰਾ ਵਿੱਚ ਬਿਜਲੀ ਦੀ ਲੋੜ ਪੈਂਦੀ ਹੈ ਜੋ ਕਿ ਵਾਤਾਵਰਨ ਵਿੱਚ ਗਰੀਨ ਹਾਊਸ ਗੈਸਾਂ ਫੈਲਾਉਣ ਦਾ ਕਾਰਨ ਬਣਦੀ ਹੈ। ਮਈ 2011 ਨੂੰ ਗਰੀਨ ਪੀਸ  ਵਲੋਂ ਪੇਸ਼ ਕੀਤੀ ਇਕ ਰਿਪੋਰਟ ਅਨੁਸਾਰ ਇਸ ਸਮੇਂ ਹਿੰਦੁਸਤਾਨ ਦੇ ਟੈਲੀਕੋਮ ਸੈਕਟਰ ਨੂੰ ਆਪਣੇ ਬੁਨਿਆਦੀ ਢਾਂਚੇ ਦੇ ਨੈੱਟਵਰਕ (ਨੈੱਟਵਰਕ ਇਨਫਰਾਸਟਰਕਚਰ) ਲਈ ਸਾਲਾਨਾ ਬਿਜਲੀ ਦੀਆਂ 14 ਅਰਬ (ਬਿਲੀਅਨ) ਯੂਨਿਟਾਂ ਦੀ ਲੋੜ ਹੈ ਅਤੇ 2012 ਤੱਕ ਇਹ ਲੋੜ 26 ਅਰਬ (ਬਿਲੀਅਨ) ਯੂਨਿਟਾਂ ਤੱਕ ਪਹੁੰਚ ਜਾਏਗੀ। ਇਸ ਸੈਕਟਰ ਦੇ ਬੁਨਿਆਦੀ ਢਾਂਚੇ ਵਿੱਚ ਸ਼ਾਮਲ 4 ਲੱਖ ਮੋਬਾਈਲ ਟਾਵਰਾਂ ਦਾ ਇਕ ਹਿੱਸਾ ਅਜਿਹੀਆਂ ਥਾਂਵਾਂ ‘ਤੇ ਸਥਿੱਤ ਹੈ ਜਿੱਥੇ ਉਹਨਾਂ ਦੇ ਗਰਿੱਡ ਤੋਂ ਮਿਲਣ ਵਾਲੀ ਬਿਜਲੀ ਨਾਲ ਕੁਨੈਕਸ਼ਨ ਨਹੀਂ ਹਨ, ਇਸ ਕਰਕੇ ਉਹ ਆਪਣੀਆਂ ਬਿਜਲੀ ਲੋੜਾਂ ਲਈ ਡੀਜ਼ਲ ਜਨਰੇਟਰਾਂ ‘ਤੇ ਨਿਰਭਰ ਹਨ। ਇਹਨਾਂ ਟਾਵਰਾਂ ਵਿੱਚ ਇਕ ਹਿੱਸਾ ਟਾਵਰ ਉਹ ਹਨ ਜਿਨ੍ਹਾਂ ਦੇ ਗਰਿੱਡ ਤੋਂ ਮਿਲਣ ਵਾਲੀ ਬਿਜਲੀ ਨਾਲ ਕੁਨੈਕਸ਼ਨ ਤਾਂ ਹਨ ਪਰ ਉਹਨਾਂ ਨੂੰ ਗਰਿੱਡ ਤੋਂ ਮਿਲਣ ਵਾਲੀ ਬਿਜਲੀ ਹਮੇਸ਼ਾਂ ਪ੍ਰਾਪਤ ਨਹੀਂ ਹੁੰਦੀ। ਨਤੀਜੇ ਵਜੋਂ ਉਹਨਾਂ ਨੂੰ ਵੀ ਆਪਣੀਆਂ ਬਿਜਲੀ ਲੋੜਾਂ ਦੇ ਕੁਝ ਹਿੱਸੇ ਲਈ ਡੀਜ਼ਲ ਜਨਰੇਟਰਾਂ ‘ਤੇ ਨਿਰਭਰ ਹੋਣਾ ਪੈਂਦਾ ਹੈ। ਗਰੀਨਪੀਸ ਦੀ ਰਿਪੋਰਟ ਮੁਤਾਬਕ ਹਿੰਦੁਸਤਾਨ ਦਾ ਟੈਲੀਕੌਮ ਸੈਕਟਰ ਆਪਣੀਆਂ ਬਿਜਲੀ ਲੋੜਾਂ ਦੀ ਪੂਰਤੀ ਲਈ ਸਾਲਾਨਾ 3 ਅਰਬ (ਬਿਲੀਅਨ) ਲੀਟਰ ਡੀਜ਼ਲ ਦੀ ਵਰਤੋਂ ਕਰਦਾ ਹੈ। ਅਸਟ੍ਰੇਲੀਆ ਸਰਕਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਦੋਂ ਡੀਜ਼ਲ ਦਾ 1 ਲੀਟਰ ਬਲਦਾ ਹੈ ਤਾਂ ਇਹ ਵਾਤਾਵਰਨ ਵਿੱਚ 2.7 ਕਿਲੋਗ੍ਰਾਮ ਕਾਰਬਨਡਾਇਔਕਸਾਈਡ ਛੱਡਦਾ ਹੈ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਿਰਫ ਮੋਬਾਈਲ ਫੋਨਾਂ ਦੀ ਵਰਤੋਂ ਨਾਲ ਹੀ ਹਿੰਦੁਸਤਾਨ ਵਿੱਚ ਇਕ ਸਾਲ ਵਿੱਚ ਕਿੰਨੀ ਕਾਰਬਨਡਾਇਔਕਸਾਈਡ ਵਾਤਾਵਰਨ ਵਿੱਚ ਛੱਡੀ ਜਾਂਦੀ ਹੈ।

ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੇ ਸੰਬੰਧ ਵਿੱਚ ਨੋਟ ਕਰਨ ਵਾਲੀ ਅਗਲੀ ਗੱਲ ਇਹ ਹੈ ਕਿ ਕੰਜਿ਼ਊਮਰ ਵਸਤਾਂ ਦੇ ਉਤਪਾਦਨ, ਵਿਕਰੀ ਅਤੇ ਖਪਤ ਦੌਰਾਨ ਬਹੁਤ ਸਾਰਾ ਕੂੜਾ ਕਰਕਟ ਪੈਦਾ ਹੁੰਦਾ ਹੈ। ਕਈ ਵਿਦਵਾਨਾਂ ਅਨੁਸਾਰ ਕੂੜਾ-ਕਰਕਟ ਅਤੇ ਤਬਾਹੀ ਕੰਜਿ਼ਊਮਰ ਸੁਸਾਇਟੀ ਦੇ ਜ਼ਰੂਰੀ ਹਿੱਸੇ ਹਨ। ਸੋਸ਼ਲਿਸਟ ਰਜਿਸਟਰ ਦੀ 2007 ਵਿੱਚ ਛਪੀ ਪੁਸਤਕ ਲੜੀ ਵਿੱਚ ਇਕ ਲੇਖ ਵਿੱਚ ਹੈਦਰ ਰੌਜਰਜ਼ ਲਿਖਦਾ ਹੈ ਹੈ ਕਿ ਪਿਛਲੇ 30 ਸਾਲਾਂ ਦੌਰਾਨ ਅਮਰੀਕਾ ਵਿੱਚ ਕੂੜੇ ਦਾ ਉਤਪਾਦਨ ਦੁੱਗਣਾ ਹੋ ਗਿਆ ਹੈ ਅਤੇ ਅਮਰੀਕਾ ਵਿੱਚ 80 ਫੀਸਦੀ ਵਸਤਾਂ ਸਿਰਫ ਇਕ ਵਾਰ ਹੀ ਵਰਤੀਆਂ ਜਾਂਦੀਆਂ ਹਨ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਨਿਊ ਯੌਰਕ ਟਾਇਮਜ਼  ਵਿੱਚ 22 ਮਈ 2011 ਨੂੰ ਛਪੇ ਇਕ ਆਰਟੀਕਲ ਪਰਲ ਆਫ ਪਲਾਸਟਿਕ ਦੇ ਆਧਾਰ ‘ਤੇ ਅਸੀਂ ਪਲਾਸਟਿਕ ਦੀਆਂ ਵਸਤਾਂ ਬਾਰੇ ਥੋੜ੍ਹੇ ਵਿਸਥਾਰ ਨਾਲ ਗੱਲ ਕਰਾਂਗੇ। 5-6 ਦਹਾਕਿਆਂ ਦੌਰਾਨ ਪਲਾਸਟਿਕ ਦੀ ਵਰਤੋਂ ਵਿੱਚ ਅਥਾਹ ਵਾਧਾ ਹੋਇਆ ਹੈ। ਨਿਊਯੌਰਕ ਟਾਇਮਜ਼  ਵਿੱਚ 20 ਮਈ 2011 ਨੂੰ ਛਪੇ ਇਕ ਆਰਟੀਕਲ ਅਨੁਸਾਰ, 1950ਵਿਆਂ ਵਿੱਚ ਦੁਨੀਆ ਵਿੱਚ ਪਲਾਸਟਿਕ ਦਾ ਸਾਲਾਨਾ ਉਤਪਾਦਨ 15 ਲੱਖ (1.5 ਮਿਲੀਅਨ) ਟਨ ਹੁੰਦਾ ਸੀ ਅਤੇ ਹੁਣ ਇਹ 25 ਕ੍ਰੋੜ (250 ਮਿਲੀਅਨ) ਟਨ ਤੱਕ ਪਹੁੰਚ ਗਿਆ ਹੈ। ਪਲਾਸਟਿਕ ਤੋਂ ਤਿਆਰ ਕੀਤੀਆਂ ਵਸਤਾਂ ਵਿੱਚੋਂ ਅੱਧੀਆਂ ਸਿਰਫ ਇਕ ਵਾਰੀ ਹੀ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਸ਼ੈਂਪੂ ਦੀਆਂ ਬੋਤਲਾਂ, ਇਕ ਵਾਰ ਵਰਤ ਕੇ ਸੁੱਟ ਦੇਣ ਵਾਲੇ ਰੇਜ਼ਰ ਬਲੇਡ, ਪਲਾਸਟਿਕ ਦੇ ਚਮਚੇ ਅਤੇ ਕਾਂਟੇ, ਕਈ ਤਰ੍ਹਾਂ ਦੇ ਖਾਣਿਆਂ ਵਾਲੀਆਂ ਡੱਬੀਆਂ ਆਦਿ। ਉੱਤਰੀ ਅਮਰੀਕਾ ਅਤੇ ਪੱਛਮੀ ਯੂਰਪ ਵਿੱਚ ਇਕ ਵਿਅਕਤੀ ਸਾਲ ਵਿੱਚ 100 ਕਿਲੋਗ੍ਰਾਮ ਦੇ ਬਰਾਬਰ ਪਲਾਸਟਿਕ ਵਰਤਦਾ ਹੈ ਅਤੇ 2015 ਤੱਕ ਇਸ ਦਰ ਦੇ 140 ਕਿਲੋਗ੍ਰਾਮ ਤੱਕ ਪਹੁੰਚ ਜਾਣ ਦੇ ਆਸਾਰ ਹਨ । ਤੇਜੀ ਨਾਲ ਵਿਕਾਸ ਕਰ ਰਹੇ ਏਸ਼ੀਅਨ ਮੁਲਕਾਂ ਵਿੱਚ ਇਸ ਸਮੇਂ ਇਹ ਦਰ 20 ਕਿਲੋਗ੍ਰਾਮ ਸਾਲਾਨਾ ਹੈ ਪਰ ਅਨੁਮਾਨ ਹੈ ਕਿ 2015 ਤੱਕ ਇਹਨਾਂ ਮੁਲਕਾਂ ਵਿੱਚ ਇਹ ਦਰ 36 ਕਿਲੋਗ੍ਰਾਮ ਸਾਲਾਨਾ ਹੋ ਜਾਏਗੀ।

ਪਲਾਸਟਿਕ ਦੀਆਂ ਬਹੁਤੀਆਂ ਵਸਤਾਂ ਵਰਤੋਂ ਬਾਅਦ ਕੂੜੇ ਦੇ ਢੇਰਾਂ ‘ਤੇ ਚਲੀਆ ਜਾਂਦੀਆਂ ਹਨ। ਅਮਰੀਕਾ ਦੀ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ ਅਨੁਸਾਰ ਸੰਨ 2009 ਵਿੱਚ ਅਮਰੀਕਾ ਵਿੱਚ ਸਿਰਫ 7 ਫੀਸਦੀ ਪਲਾਸਟਿਕ ਹੀ ਰੀਸਾਈਕਲ ਕੀਤੀ ਗਈ ਸੀ। ਪਰਲ ਆਫ ਪਲਾਸਟਿਕ ਮੁਤਾਬਕ ਜੇ ਇਕੱਲੇ ਪਲਾਸਟਿਕ ਬੈਗਾਂ ਦੀ ਸਥਿਤੀ ਦੇਖੀ ਜਾਵੇ ਤਾਂ ਹਾਲਾਤ ਇਸ ਤੋਂ ਵੀ ਭੈੜੇ ਨਜ਼ਰ ਆਉਂਦੇ ਹਨ। ਦੁਨੀਆ ਵਿੱਚ ਸਿਰਫ 1 ਫੀਸਦੀ ਪਲਾਸਟਿਕ ਬੈਗ ਰੀਸਾਈਕਲ ਕੀਤੇ ਜਾਂਦੇ ਹਨ ਅਤੇ ਅਮਰੀਕਾ ਵਿੱਚ ਇਹ ਦਰ 2 ਫੀਸਦੀ ਹੈ। ਹਰ ਸਾਲ ਅਮਰੀਕਾ ਦੇ ਲੋਕ 100 ਅਰਬ (ਬਿਲੀਅਨ) ਪਲਾਸਟਿਕ ਬੈਗ ਕੂੜੇ ਦੇ ਢੇਰ ਉੱਤੇ ਸੁੱਟਦੇ ਹਨ। ਕਿਉਂਕਿ ਉਹ ਪੈਟਰੌਲ ਜਾਂ ਨੈਚੁਰਲ ਗੈਸ ਤੋਂ ਬਣਾਏ ਜਾਂਦੇ ਹਨ ਇਸ ਲਈ 100 ਅਰਬ ਪਲਾਸਟਕਿ ਬੈਗ ਕੂੜੇ ‘ਤੇ ਸੁੱਟਣ ਦਾ ਅਰਥ ਹੈ ਤੇਲ ਦੀਆਂ 1 ਕ੍ਰੋੜ 20 ਲੱਖ ਬੈਰਲਾਂ ਕੂੜੇ ਦੇ ਢੇਰ ‘ਤੇ ਸੁੱਟਣੀਆਂ।

ਕਈ ਮਾਹਰਾਂ ਦਾ ਅਨੁਮਾਨ ਹੈ ਕਿ ਕੂੜਾ ਬਣੀ ਪਲਾਸਟਿਕ ਦਾ ਕਾਫੀ ਵੱਡਾ ਹਿੱਸਾ ਦਰਿਆਵਾਂ, ਨਾਲਿਆਂ ਆਦਿ ਵਿੱਚ ਦੀ ਰੁੜ ਕੇ ਜਾਂ ਲੋਕਾਂ ਵਲੋਂ ਬੀਚਾਂ ‘ਤੇ ਸੁੱਟੇ ਜਾਣ ਬਾਅਦ ਜਾਂ ਸਮੁੰਦਰੀ ਜਹਾਜ਼ਾਂ ਵਿੱਚੋਂ ਸੁੱਟੇ ਜਾਣ ਬਾਅਦ ਸਮੁੰਦਰਾਂ ਤੱਕ ਪਹੁੰਚ ਜਾਂਦਾ ਹੈ।

ਲੰਡਨ ਸਥਿਤ ਸੰਸਥਾ ਪਲਾਸਟਿਕ ਓਸ਼ੀਅਨਜ਼  ਅਨੁਸਾਰ ਹਰ ਸਾਲ 47 ਲੱਖ (4.7 ਮਿਲੀਅਨ) ਟਨ ਪਲਾਸਟਿਕ ਸਮੁੰਦਰਾਂ ਤੱਕ ਪਹੁੰਚ ਜਾਂਦੀ ਹੈ। ਯੂਨਾਈਟਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ ਅਨੁਸਾਰ ਸਮੁੰਦਰ ਦੇ ਹਰ ਇਕ ਵਰਗ ਮੀਲ ਵਿੱਚ ਤਕਰੀਬਨ ਤਕਰੀਬਨ 46,000 ਪਲਾਸਟਿਕ ਦੇ ਟੁੱਕੜੇ ਤਰਦੇ ਮਿਲਦੇ ਹਨ। ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਸਮੁੰਦਰੀ ਤੱਟ ਤੋਂ 1000 ਮੀਲ ਦੂਰ ਉੱਤਰੀ ਸ਼ਾਂਤ ਮਹਾਂਸਾਗਰ ਦੀ ਘੁੰਮਣਘੇਰੀ (ਨੌਰਦਰਨ ਪੈਸੇਫਿਕ ਜਾਇਰ) ਵਿੱਚ ਅਮਰੀਕਾ ਦੇ ਟੈਕਸਸ ਸੂਬੇ ਦੇ ਖੇਤਰਫਲ ਤੋਂ ਦੁੱਗਣੇ ਖੇਤਰਫਲ ਦੇ ਘੇਰੇ ਵਿੱਚ ਪਲਾਸਟਿਕ ਇਕੱਠਾ ਹੋਇਆ ਮਿਲਦਾ ਹੈ। ਬੀ ਬੀ ਸੀ ਦੇ ਸਾਈਟ ਉੱਪਰ ਛਪੀ ਇਕ ਰਿਪੋਰਟ ਅਨੁਸਾਰ ਇਸ ਹੀ ਤਰ੍ਹਾਂ ਦਾ ਇਕ ਖੇਤਰ ਅੰਧਮਹਾਂਸਾਗਰ (ਨੌਰਥ ਅਟਲਾਂਟਿਕ ਜਾਇਰ) ਵਿੱਚ ਵੀ ਹੈ ਜਿੱਥੇ ਬਹੁਤ ਸਾਰਾ ਪਲਾਸਟਿਕ ਇਕੱਠਾ ਹੋਇਆ ਮਿਲਦਾ ਹੈ। ਮਾਹਰਾਂ ਵਲੋਂ ਇਸ ਖੇਤਰ ਨੂੰ ਨੌਰਥ ਅਟਲਾਂਟਿਕ ਗਾਰਬੇਜ ਪੈਚ  ਦਾ ਨਾਂ ਦਿੱਤਾ ਗਿਆ ਹੈ। ਇਸ ਖੇਤਰ ਦਾ ਖੇਤਰਫਲ ਸੈਂਕੜੇ ਕਿਲੋਮੀਟਰਾਂ ਵਿੱਚ ਹੈ। ਵਿਗਿਆਨੀਆਂ ਅਨੁਸਾਰ ਇਸ ਖੇਤਰ ਵਿੱਚ ਇਕ ਵਰਗ ਕਿਲੋਮੀਟਰ ਮਗਰ ਪਲਾਸਟਿਕ ਦੇ ਟੁਕੜਿਆਂ ਦੀ ਮਾਤਰਾ 2 ਲੱਖ ਟੁੱਕੜਿਆਂ ਤੋਂ ਵੱਧ ਹੈ ਜਿਹਨਾਂ ਵਿੱਚ ਪਲਾਸਟਕਿ ਬੈਗਾਂ ਵਰਗੀਆਂ ਕੰਜਿ਼ਊਮਰ ਵਸਤਾਂ ਦੇ ਟੁੱਕੜੇ ਵੀ ਸ਼ਾਮਲ ਹਨ। ਇੱਥੇ ਇਹ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਪਲਾਸਟਿਕ ਏਨੀ ਛੇਤੀ ਗਲਦਾ ਨਹੀਂ ਅਤੇ ਇਸ ਨੂੰ ਗਲਣ ਲਈ ਕਈ ਦਹਾਕੇ ਲੱਗ ਜਾਂਦੇ ਹਨ। ਇਸ ਦਾ ਭਾਵ ਇਹ ਹੋਇਆ ਜਿਹੜਾ ਪਲਾਸਟਿਕ ਇਕ ਵਾਰ ਧਰਤੀ ਦੇ ਕੂੜੇ ‘ਤੇ ਢੇਰ ਉੱਤੇ ਅਤੇ ਸਮੁੰਦਰ ਵਿੱਚ ਪਹੁੰਚ ਗਿਆ ਹੈ ਉਹ ਇਕ ਲੰਮਾ ਸਮਾਂ ਉੱਥੇ ਰਹੇਗਾ।

ਕੰਜਿ਼ਉਮਰਿਜ਼ਮ ਦੇ ਬੁਨਿਆਦੀ ਕਾਰਨ

ਦੁਨੀਆ ਭਰ ਵਿੱਚ ਵੱਧ ਰਹੇ ਇਸ ਕੰਜ਼ਿਊਮਰਿਜ਼ਮ ਦੇ ਕੀ ਕਾਰਨ ਹਨ?

ਕੀ ਇਨਸਾਨ ਦੇ ਅੰਦਰ ਹੀ ਕੁਝ ਅਜਿਹੀ ਚੀਜ਼ ਹੈ ਜਿਸ ਕਾਰਨ ਉਹ ਵੱਧ ਤੋਂ ਵੱਧ ਵਸਤਾਂ ਦੀ ਪ੍ਰਾਪਤੀ ਲਈ ਦੌੜਿਆ-ਭੱਜਿਆ ਫਿਰਦਾ ਹੈ ਜਾਂ ਸਾਡੇ ਸਮਾਜ ਦੀ ਬਣਤਰ ਅਜਿਹੀ ਹੈ ਜੋ ਉਸ ਵਿੱਚ ਵੱਧ ਤੋਂ ਵੱਧ ਚੀਜ਼ਾਂ ਪਾਉਣ ਦੀਆਂ ਖਾਹਿਸ਼ਾਂ/ਚਾਹਤਾਂ ਪੈਦਾ ਕਰਦੀ ਹੈ। ਥੋੜ੍ਹਾ ਜਿਹਾ ਬਦਲਵੇਂ ਰੂਪ ਵਿੱਚ ਇਹ ਸਵਾਲ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਕੀ ਸਾਡੇ ਸਮਾਜ ਵਿੱਚ ਵਸਤਾਂ ਦਾ ਉਤਪਾਦਨ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਹੈ ਜਾਂ ਵਸਤਾਂ ਦੇ ਉਤਪਾਦਨ ਦਾ ਅਮਲ ਮਨੁੱਖ ਵਿੱਚ ਖਾਹਿਸ਼ਾਂ/ਚਾਹਤਾਂ ਪੈਦਾ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ ਤਾਂ ਕਿ ਵਸਤਾਂ ਦੇ ਉਤਪਾਦਕ ਮੁਨਾਫਾ ਕਮਾਉਣ ਦਾ ਅਮਲ ਲਗਾਤਾਰ ਜਾਰੀ ਰੱਖ ਸਕਣ। ਜੇ ਤਾਂ ਅਸੀਂ ਆਪਣਾ ਧਿਆਨ ਸਿਰਫ ਮਨੁੱਖ ਵਲੋਂ ਵਸਤਾਂ ਖਪਤ ਕਰਨ ਦੇ ਕਾਰਜ ਉੱਤੇ ਹੀ ਕੇਂਦਰਿਤ ਕਰਾਂਗੇ ਤਾਂ ਹੋ ਸਕਦਾ ਹੈ ਕਿ ਅਸੀਂ ਇਸ ਨਤੀਜੇ ‘ਤੇ ਪਹੁੰਚੀਏ ਕਿ ਮਨੁੱਖ ਦੇ ਅੰਦਰ ਹੀ ਕੁੱਝ ਹੈ ਜਿਸ ਕਾਰਨ ਉਹ ਵੱਧ ਤੋਂ ਵੱਧ ਵਸਤਾਂ ਦੀ ਪ੍ਰਾਪਤੀ ਲਈ ਦੌੜਿਆ-ਭੱਜਿਆ ਫਿਰਦਾ ਹੈ। ਪਰ ਜੇ ਅਸੀਂ ਆਪਣਾ ਧਿਆਨ ਵਸਤਾਂ ਦੇ ਉਤਪਾਦਨ ਅਤੇ ਖਪਤ ਦੇ ਸਮੁੱਚੇ ਅਮਲ (ਵਸਤਾਂ ਦੇ ਉਤਪਾਦਨ, ਵਸਤਾਂ ਦੀ ਮਾਰਕਿਟਿੰਗ, ਵਸਤਾਂ ਦੀ ਵਿਕਰੀ ਅਤੇ ਖਪਤ) ‘ਤੇ ਕੇਂਦਰਿਤ ਕਰਾਂਗੇ ਤਾਂ ਅਸੀਂ ਦੇਖ ਸਕਾਂਗੇ ਕਿ ਕਿਸ ਤਰ੍ਹਾਂ ਵਸਤਾਂ ਦਾ ਉਤਪਾਦਨ ਵਸਤਾਂ ਦੀ ਮੰਗ ਪੈਦਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ।

ਸਭ ਤੋਂ ਪਹਿਲਾਂ ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕੰਜ਼ਿਊਮਰਿਜ਼ਮ ਦੀਆਂ ਜੜ੍ਹਾਂ ਮੌਜੂਦਾ ਆਰਥਿਕ ਪ੍ਰਬੰਧ ਦੇ ਲੋੜ ਤੋਂ ਵੱਧ ਉਤਪਾਦਨ (ਓਵਰਪ੍ਰੋਡਕਸ਼ਨ) ਦੇ ਸੰਕਟ ਨਾਲ ਬੱਝੀਆਂ ਹੋਈਆਂ ਹਨ। ਰਿਚਰਡ ਰੌਬਿਨਜ਼ ਆਪਣੀ ਕਿਤਾਬ ਗਲੋਬਲ ਪ੍ਰਾਬਲਮਜ਼ ਐਂਡ ਦੀ ਕਲਚਰ ਆਫ ਕੈਪੀਟਲਜ਼ਮ ਵਿੱਚ ਲਿਖਦਾ ਹੈ ਕਿ ਸਰਮਾਏਦਾਰੀ ਦੇ ਵਿਕਾਸ ਦੇ ਇਕ ਪੜਾਅ ਉੱਤੇ ਅਜਿਹੀ ਸਥਿਤੀ ਪੈਦਾ ਹੋ ਗਈ ਸੀ ਕਿ ਤਕਨੌਲੌਜੀ ਦੇ ਵਿਕਾਸ ਕਾਰਨ ਵਸਤਾਂ ਦੇ ਉਤਪਾਦਨ ਵਿੱਚ ਅਥਾਹ ਵਾਧਾ ਹੋਇਆ ਸੀ। ਪਰ ਇਸ ਵਧੇ ਹੋਏ ਉਤਪਾਦਨ ਨੂੰ ਖ੍ਰੀਦਣ ਵਾਲੇ ਲੋਕ ਨਹੀਂ ਸਨ ਜਿਸ ਕਾਰਨ ਸਮਾਜ ਵਿੱਚ ਲੋੜ ਤੋਂ ਵੱਧ ਉਤਪਾਦਨ ਦਾ ਸੰਕਟ ਪੈਦਾ ਹੋ ਗਿਆ। ਉਤਪਾਦਕਾਂ ਵਲੋਂ ਇਸ ਸੰਕਟ ਵਿੱਚੋਂ ਨਿਕਲਣ ਲਈ ਕੀਤੀਆਂ ਕੋਸਿ਼ਸ਼ਾਂ ਜਾਂ ਵਰਤੇ ਗਏ ਢੰਗਾਂ ਨਾਲ ਅਜੋਕੇ ਕੰਜ਼ਿਊਮਰਿਜ਼ਮ ਦਾ ਬੀਜ ਬੀਜਿਆ ਗਿਆ। ਅਜੋਕੇ ਉਤਪਾਦਨ ਪ੍ਰਬੰਧ ਬਾਰੇ ਟਿੱਪਣੀ ਕਰਦਾ ਹੋਇਆ ਰੌਬਿਨਜ਼ ਲਿਖਦਾ ਹੈ:

ਸਪਸ਼ਟ ਰੂਪ ਵਿੱਚ ਵਸਤਾਂ ਦੀ ਸਾਡੇ ਵਲੋਂ ਕੀਤੀ ਜਾਂਦੀ ਖਪਤ ਸਾਡੇ ਸਭਿਆਚਾਰ ‘ਤੇ ਨਿਰਭਰ ਕਰਦੀ ਹੈ। ਅਜੋਕੀ ਸਰਮਾਏਦਾਰੀ ਸਿਰਫ ਵਸਤਾਂ ਅਤੇ ਸੇਵਾਵਾਂ ਦੇ ਉਤਪਾਦਨ ਅਤੇ ਵਿਕਰੀ ਦੇ ਸਿਰ ‘ਤੇ ਚਲਦੀ ਹੈ ਅਤੇ ਅਸੀਂ ਜਿੰਨੀਆਂ ਜ਼ਿਆਦਾ ਵਸਤਾਂ ਪੈਦਾ ਕਰਦੇ ਹਾਂ, ਜਿੰਨੀਆਂ ਜ਼ਿਆਦਾ ਵਸਤਾਂ ਖ੍ਰੀਦਦੇ ਹਾਂ, ਉਨੀ ਜ਼ਿਆਦਾ ਤਰੱਕੀ ਅਤੇ ਖੁਸ਼ਹਾਲੀ ਹੁੰਦੀ ਹੈ। ਆਰਥਿਕ ਵਾਧੇ ਦਾ ਸਭ ਤੋਂ ਮਹੱਤਵਪੂਰਨ ਮਾਪ ਗਰੌਸ ਨੈਸ਼ਨਲ ਪ੍ਰੋਡਕਟ (ਜੀ ਐੱਨ ਪੀ) ਹੈ, ਕਿਸੇ ਵੀ ਸਮਾਜ ਵਲੋਂ ਇਕ ਸਾਲ ਵਿੱਚ ਪੈਦਾ ਕੀਤੀਆਂ ਗਈਆਂ ਵਸਤਾਂ ਅਤੇ ਸੇਵਾਵਾਂ ਦਾ ਕੁੱਲ ਜੋੜ। ਇਹ ਕੰਜਿ਼ਊਮਰ ਸਮਾਜ ਦੀ ਕਾਮਯਾਬੀ ਦਾ ਮਾਪ ਹੈ...

ਪ੍ਰਚੂਨ ਵਿਕਰੀ ਦਾ ਅਧਿਅਨ ਕਰਨ ਵਾਲਾ ਅਮਰੀਕਾ ਦਾ ਇਕ ਹੋਰ ਵਿਦਵਾਨ ਵਿਕਟਰ ਲੀਬੋ ਵੀ ਕੰਜ਼ਿਊਮਰਿਜ਼ਮ ਅਤੇ ਸਾਡੇ ਅਜੋਕੇ ਆਰਥਿਕ ਪ੍ਰਬੰਧ ਵਿੱਚ ਡੂੰਘਾ ਰਿਸ਼ਤਾ ਸਮਝਦਾ ਹੈ। ਵਰਲਡਵਾਚ  ਦੀ 2004 ਦੀ ਰਿਪੋਰਟ ਵਿੱਚ ਉਸ ਵਲੋਂ ਕਹੀ ਗੱਲ ਦਾ ਹੇਠਲਾ ਹਵਾਲਾ ਦਿੱਤਾ ਗਿਆ ਹੈ:

ਸਾਡੀ ਬਹੁਤ ਜ਼ਿਆਦਾ ਕਾਰਗਰ ਆਰਥਿਕਤਾ... ਮੰਗ ਕਰਦੀ ਹੈ ਕਿ ਅਸੀਂ ਵਸਤਾਂ ਦੀ ਖਪਤ ਨੂੰ ਆਪਣੀ ਜੀਵਨ ਜਾਚ ਬਣਾਈਏ, ਕਿ ਅਸੀਂ ਵਸਤਾਂ ਦੀ ਖ੍ਰੀਦ ਅਤੇ ਵਰਤੋਂ ਨੂੰ ਮਰਯਾਦਾ ਬਣਾਈਏ, ਕਿ ਅਸੀਂ ਆਪਣੀ ਰੂਹਾਨੀ ਸੰਤੁਸ਼ਟੀ, ਆਪਣੀ ਹਉਂ ਦੀ ਸੰਤੁਸ਼ਟੀ ਵਸਤਾਂ ਦੀ ਖਪਤ ਵਿੱਚੋਂ ਲੱਭੀਏ... ਸਾਨੂੰ ਵਸਤਾਂ ਦੀ ਖਪਤ, ਵਸਤਾਂ ਦੀ ਤਬਾਹੀ, ਵਸਤਾਂ ਦੀ ਘਸਾਈ, ਵਸਤਾਂ ਦੀ ਬਦਲੀ ਅਤੇ ਵਸਤਾਂ ਦੀ (ਕੂੜੇ ‘ਤੇ) ਸੁਟਾਈ ਦੀ ਲਗਾਤਾਰ ਤੇਜ਼ ਹੁੰਦੀ ਰਫਤਾਰ ਨਾਲ ਲੋੜ ਹੈ।

ਸੰਸਾਰ ਪ੍ਰਸਿੱਧ ਅਰਥਸ਼ਾਸਤਰੀ ਜੌਹਨ ਕੈਨਿਥ ਗੈਲਬਰੈਥ ਆਪਣੇ ਮਸ਼ਹੂਰ ਲੇਖ “ਦਾ ਡਿਪੈਂਡੈਂਸ ਇਫੈਕਟ” ਵਿੱਚ ਵਸਤਾਂ ਦੀਆਂ ਜ਼ਰੂਰਤਾਂ/ਚਾਹਤਾਂ ਅਤੇ ਵਸਤਾਂ ਦੇ ਉਤਪਾਦਨ ਦੇ ਸੰਬੰਧ ਬਾਰੇ ਲਿਖਦਾ ਹੋਇਆ ਦਲੀਲ ਦਿੰਦਾ ਹੈ ਕਿ ਵਸਤਾਂ ਦੀਆਂ ਜ਼ਰੂਰਤਾਂ/ਚਾਹਤਾਂ ਵਸਤਾਂ ਦੇ ਉਤਪਾਦਨ ‘ਤੇ ਨਿਰਭਰ ਕਰਦੀਆਂ ਹਨ। ਵਸਤਾਂ ਦੇ ਉਤਪਾਦਕ ਵਸਤਾਂ ਦੀਆਂ ਜ਼ਰੂਰਤਾਂ/ਚਾਹਤਾਂ ਪੈਦਾ ਕਰਨ ਲਈ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜੋਕੇ ਉਤਪਾਦਨ ਪ੍ਰਬੰਧ ਵਿੱਚ ਵਸਤਾਂ ਦੀ ਚਾਹਤ ਪੈਦਾ ਕਰਨ ਲਈ ਕੀਤੇ ਜਾਂਦੇ ਖਰਚੇ ਵਸਤਾਂ ਦੇ ਉਤਪਾਦਨ ‘ਤੇ ਆਉਣ ਵਾਲੇ ਖਰਚਿਆਂ ਜਿੰਨੇ ਹੀ ਮਹੱਤਵਪੂਰਨ ਹਨ ਅਤੇ ਇਹ ਕਾਫੀ ਜ਼ਿਆਦਾ ਹੁੰਦੇ ਹਨ। ਇਸ ਲਈ ਖਪਤਕਾਰੀ ਵਸਤਾਂ ਦੀ ਮੰਗ ਨੂੰ ਇਹਨਾਂ ਖਰਚਿਆਂ ਦੇ ਸੰਦਰਭ ਵਿੱਚ ਦੇਖਣਾ ਚਾਹੀਦਾ ਹੈ। ਗੈਲਬਰੈਥ ਅਨੁਸਾਰ ਇਸ ਤਰ੍ਹਾਂ ਕਰਨ ਦਾ ਅਰਥ ਹੈ ਇਹ ਮੰਨਣਾ ਹੈ ਕਿ,

.. ਜ਼ਰੂਰਤਾਂ/ਚਾਹਤਾਂ ਉਤਪਾਦਨ ‘ਤੇ ਨਿਰਭਰ ਹਨ। ... ਵਸਤਾਂ ਦੇ ਉਤਪਾਦਨ ਅਤੇ ਉਹਨਾਂ ਲਈ ਚਾਹਤਾਂ ਪੈਦਾ ਕਰਨ ਦੇ ਦੋਵੇਂ ਕਾਰਜ ਉਤਪਾਦਕ (ਪ੍ਰੋਡਿਊਸਰ) ਦੇ ਜ਼ਿੰਮੇ ਹਨ। ... ਉਤਪਾਦਨ (ਪ੍ਰੋਡਕਸ਼ਨ) ਰੀਸ ਕਰਨ ਦੇ ਆਮ ਵਰਤਾਰੇ ਰਾਹੀਂ ਹੀ ਨਹੀਂ, ਸਗੋਂ ਇਸ਼ਤਿਹਾਰਬਾਜ਼ੀ ਅਤੇ ਉਸ ਨਾਲ ਸੰਬੰਧਤ ਸਰਗਰਮੀਆਂ ਰਾਹੀਂ ਸਰਗਰਮ ਰੂਪ ਵਿੱਚ ਉਹ ਜ਼ਰੂਰਤਾਂ/ਚਾਹਤਾਂ ਪੈਦਾ ਕਰਦਾ ਹੈ ਜਿਸ ਨੂੰ ਇਹ ਸੰਤੁਸ਼ਟ ਕਰਨਾ ਚਾਹੁੰਦਾ ਹੈ।

ਉਹ ਅੱਗੇ ਲਿਖਦਾ ਹੈ ਕਿ:

ਵਸਤਾਂ ਦਾ ਉਤਪਾਦਨ ਉਹਨਾਂ ਜ਼ਰੂਰਤਾਂ/ਚਾਹਤਾਂ ਦੀ ਪੂਰਤੀ ਕਰਦਾ ਹੈ ਜਿਹੜੀਆਂ ਜ਼ਰੂਰਤਾਂ/ਚਾਹਤਾਂ ਇਹਨਾਂ ਵਸਤਾਂ ਦੀ ਖਪਤ (ਕਨਸਪਸ਼ਨ) ਪੈਦਾ ਕਰਦੀ ਹੈ ਜਾਂ ਜਿਹਨਾਂ ਦਾ ਵਸਤਾਂ ਦਾ ਉਤਪਾਦਕ (ਪ੍ਰੋਡਿਊਸਰ) ਜੋੜ ਲਾਉਂਦਾ ਹੈ। ਉਤਪਾਦਨ ਹੋਰ ਜ਼ਰੂਰਤਾਂ/ਚਾਹਤਾਂ ਪੈਦਾ ਕਰਦਾ ਹੈ ਅਤੇ ਹੋਰ ਉਤਪਾਦਨ ਲਈ ਲੋੜ ਪੈਦਾ ਕਰਦਾ ਹੈ।

ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਅਜੋਕੇ ਆਰਥਿਕ ਪ੍ਰਬੰਧ ਵਿੱਚ ਵਸਤਾਂ ਦੀਆਂ ਜ਼ਰੂਰਤਾਂ/ਚਾਹਤਾਂ ਜਾਂ ਕੰਜ਼ਿਊਮਰਿਜ਼ਮ ਦੀ ਵੱਡੀ ਭੂਮਿਕਾ ਹੈ। ਆਰਥਿਕਤਾਂ ਦੇ ਵਾਧੇ ਲਈ ਕੰਜ਼ਿਊਮਰਿਜ਼ਮ ਦੇ ਵਾਧੇ ਦੀ ਲੋੜ ਹੈ। ਇਸ ਲਈ ਵਸਤਾਂ ਦੇ ਉਤਪਾਦਕਾਂ ਵਲੋਂ ਕੰਜ਼ਿਊਮਰਿਜ਼ਮ ਨੂੰ ਫੈਲਾਉਣ ਲਈ ਵੱਡੀ ਪੱਧਰ ਉੱਤੇ ਯਤਨ ਕੀਤੇ ਜਾਂਦੇ ਹਨ। ਸਰਕਾਰਾਂ ਵਲੋਂ ਇਸ ਕਿਸਮ ਦੀਆਂ ਨੀਤੀਆਂ ਬਣਾਈਆਂ ਜਾਂਦੀਆਂ ਹਨ ਜੋ ਕੰਜ਼ਿਊਮਰਿਜ਼ਮ ਨੂੰ ਉਤਸ਼ਾਹਿਤ ਕਰਨ। ਲੇਖ ਦੇ ਅਗਲੇ ਹਿੱਸੇ ਵਿੱਚ ਉਤਪਾਦਕਾਂ ਅਤੇ ਸਰਕਾਰਾਂ ਵਲੋਂ ਕੰਜ਼ਿਊਮਰਿਜ਼ਮ ਦੇ ਪਸਾਰ ਲਈ ਕੀਤੇ ਜਾਂਦੇ ਕੁਝ ਯਤਨਾਂ ਬਾਰੇ ਗੱਲ ਕਰਾਂਗੇ।

ਸਭ ਤੋਂ ਪਹਿਲਾਂ ਵਸਤਾਂ ਦੀ ਮੰਗ ਪੈਦਾ ਕਰਨ ਵਿੱਚ ਇਸ਼ਤਿਹਾਰਬਾਜ਼ੀ ਅਤੇ ਮਾਰਕੀਟਿੰਗ ਵੱਡੀ ਭੂਮਿਕਾ ਨਿਭਾਉਂਦੀ ਹੈ। ਇਸ਼ਤਿਹਾਰਬਾਜ਼ੀ ਵਿੱਚ ਵਸਤ ਦੇ ਗੁਣ ਜਾਂ ਉਸ ਦੀ ਉਪਯੋਗਤਾ ਦੱਸਣ ਦੀ ਥਾਂ ਇਸ ਤਰ੍ਹਾਂ ਦੀਆਂ ਗੱਲਾਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਵਸਤਾਂ ਦੀ ਪ੍ਰਾਪਤੀ ਤੁਹਾਡੀ ਕਿਹੜੀ ਭਾਵਾਤਮਾਕ ਲੋੜ ਪੂਰੀ ਕਰੇਗੀ ਜਾਂ ਵਸਤਾਂ ਦੀ ਪ੍ਰਾਪਤੀ ਤੁਹਾਡੇ ਸਮਾਜਕ ਰੁਤਬੇ ਵਿੱਚ ਕਿਸ ਤਰਾਂ ਵਾਧਾ ਕਰੇਗੀ ਜਾਂ ਵਸਤਾਂ ਦੀ ਪ੍ਰਾਪਤੀ ਤੁਹਾਨੂੰ ਕਿਸ ਤਰ੍ਹਾਂ ਜਵਾਨ ਬਣਾਏਗੀ/ਰੱਖੇਗੀ ਆਦਿ। ਵਸਤਾਂ ਦੇ ਉਤਪਾਦਨ ਸਮੇਂ ਉਤਪਾਦਨ ਦੇ ਖਰਚਿਆਂ ਦੇ ਨਾਲ ਨਾਲ ਵਸਤਾਂ ਨੂੰ ਵੇਚਣ ਲਈ ਇਸ਼ਤਿਹਾਰਬਾਜ਼ੀ ਕਰਨ ਲਈ ਕਾਰਪੋਰੇਸ਼ਨਾਂ ਵੱਲੋਂ ਵੱਡੇ ਬੱਜਟ ਰੱਖੇ ਜਾਂਦੇ ਹਨ। ਵਰਲਡਵਾਚ  ਦੀ 2010 ਵਿੱਚ ਛਪੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੰਨ 2008 ਵਿੱਚ ਸੰਸਾਰ ਪੱਧਰ ‘ਤੇ ਇਸ਼ਤਿਹਾਰਬਾਜ਼ੀ ਦਾ ਕੁੱਲ ਬੱਜਟ 6 ਖਰਬ 43 ਅਰਬ (643 ਬਿਲੀਅਨ) ਡਾਲਰ ਸੀ। ਏਨੀ ਰਕਮ ਖਰਚ ਕੇ ਇਕ ਆਮ ਆਦਮੀ ਨੂੰ ਵੱਧ ਤੋਂ ਵੱਧ ਵਸਤਾਂ ਖ੍ਰੀਦਣ ਲਈ ਕਾਇਲ ਕਰਨ ਲਈ ਪੂਰਾ ਜ਼ੋਰ ਲਾਇਆ ਜਾਂਦਾ ਹੈ। ਰੋਜ਼ਾਨਾ ਜ਼ਿੰਦਗੀ ਵਿੱਚ ਇਕ ਆਮ ਵਿਅਕਤੀ ਦੀ ਨਿਗ੍ਹਾਂ ਜਿਸ ਪਾਸੇ ਵੀ ਜਾਂਦੀ ਹੈ, ਉਸ ਪਾਸੇ ਹੀ ਉਸ ਦਾ ਇਸ਼ਤਿਹਰਾਂ ਨਾਲ ਸਾਹਮਣਾ ਹੁੰਦਾ ਹੈ। ਬਿੱਲਬੋਰਡਾਂ, ਕੰਧਾਂ ਉੱਤੇ ਵਾਹੇ ਚਿੱਤਰਾਂ, ਬੱਸਾਂ-ਗੱਡੀਆਂ, ਖਾਣੇ ਦੇ ਡੱਬਿਆਂ, ਪੁਲਾਂ, ਟੋਲ-ਬੂਥਾਂ, ਖੇਡ ਦੇ ਮੈਦਾਨਾਂ, ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਸਥਾਨਾਂ, ਖਿਡਾਰੀਆਂ ਦੀਆਂ ਵਰਦੀਆਂ, ਵੱਖ ਵੱਖ ਮੀਡੀਏ (ਟੈਲੀਵਿਜ਼ਨ, ਰੇਡੀਓ, ਅਖਬਾਰਾਂ, ਮੈਗਜ਼ੀਨਾਂ, ਫਿਲਮਾਂ, ਇੰਟਰਨੈੱਟ) ਜਾਨੀਕਿ ਹਰ ਇਕ ਥਾਂ ਉੱਤੇ ਇਸ਼ਤਿਹਾਰ ਦੇ ਕੇ ਲੋਕਾਂ ਉੱਤੇ ਲਗਾਤਾਰ ਇਸ਼ਤਿਹਾਰਾਂ ਦਾ ਮੀਂਹ ਵਰ੍ਹਾਇਆ ਜਾਂਦਾ ਹੈ। ਨਤੀਜੇ ਵਜੋਂ ਹਰ ਰੋਜ਼ ਇਕ ਵਿਅਕਤੀ ਹਜ਼ਾਰਾਂ ਨਹੀਂ ਤਾਂ ਸੈਂਕੜੇ ਇਸ਼ਤਿਹਾਰ ਜ਼ਰੂਰ ਦੇਖਦਾ ਹੈ। ਅਮਰੀਕਾ ਬਾਰੇ ਕੀਤੇ ਇਕ ਸਰਵੇਖਣ ਅਨੁਸਾਰ, ਅਮਰੀਕਾ ਦੇ ਸ਼ਹਿਰ ਵਿੱਚ ਰਹਿੰਦੇ ਇਕ ਵਿਅਕਤੀ ਦਾ ਹਰ ਰੋਜ਼ 5000 ਤੱਕ ਇਸ਼ਤਿਹਾਰਾਂ ਨਾਲ ਵਾਹ ਪੈਂਦਾ ਹੈ। ਇਹਨਾਂ ਇਸ਼ਤਿਹਾਰਾਂ ਵਿੱਚ ਲੋਕਾਂ ਨੂੰ ਵਾਰ ਵਾਰ ਹੋਰ ਵਸਤਾਂ ਖ੍ਰੀਦਣ ਦਾ ਸੁਨੇਹਾ ਦਿੱਤਾ ਹੁੰਦਾ ਹੈ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜੇ ਉਹ ਖੁਸ਼ ਹਨ, ਤਾਂ ਉਹ ਖੁਸ਼ੀ ਦਾ ਜਸ਼ਨ ਮਨਾਉਣ ਲਈ ਖ੍ਰੀਦਣ ਅਤੇ ਜੇ ਉਹ ਉਦਾਸ ਹਨ ਤਾਂ ਉਦਾਸੀ ਵਿੱਚੋਂ ਬਾਹਰ ਨਿਕਲਣ ਲਈ ਖ੍ਰੀਦਣ।

ਇਨਸਾਨ ਨੂੰ ਇਕ ਕਨਜਿ਼ਊਮਰ ਵਿੱਚ ਤਬਦੀਲ ਕਰਨ ਲਈ ਉਸ ਨੂੰ ਬਚਪਨ ਤੋਂ ਹੀ ਇਸ਼ਤਿਹਾਰਬਾਜ਼ੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਹਾਰਵਰਡ ਮੈਡੀਕਲ ਸਕੂਲ ਨਾਲ ਸੰਬੰਧਤ ਸੂਜ਼ਨ ਲਿਨ ਅਨੁਸਾਰ ਅਮਰੀਕਾ ਵਿੱਚ ਇਸ ਸਮੇਂ ਕੰਪਨੀਆਂ ਬੱਚਿਆਂ ਵਿੱਚ ਵਸਤਾਂ ਦੀ ਮਾਰਕੀਟ ਪੈਦਾ ਕਰਨ ਲਈ 17 ਅਰਬ (ਬਿਲੀਅਨ) ਡਾਲਰ ਖਰਚ ਰਹੀਆਂ ਹਨ। ਸੰਨ 1983 ਵਿੱਚ ਇਹ ਰਕਮ 10 ਕ੍ਰੋੜ (100 ਮਿਲੀਅਨ) ਡਾਲਰ ਦੇ ਨੇੜੇ ਸੀ। ਭਾਵ ਕਿ ਪਿਛਲੇ 3 ਦਹਾਕਿਆਂ ਦੌਰਾਨ ਕੰਪਨੀਆਂ ਵਲੋਂ ਬੱਚਿਆਂ ਵਿੱਚ ਵਸਤਾਂ ਦੀ ਮਾਰੀਕਟ ਬਣਾਉਣ ਲਈ ਖਰਚੀ ਜਾਂਦੀ ਰਕਮ ਵਿੱਚ 170 ਗੁਣਾਂ ਵਾਧਾ ਹੋਇਆ ਹੈ। ਸੂਜ਼ਨ ਲਿਨ ਦਾ ਦਾਅਵਾ ਕਿ ਬੇਸ਼ੱਕ ਬੱਚਿਆਂ ਵਿੱਚ ਵਸਤਾਂ ਦੀ ਮਾਰਕੀਟ ਬਣਾਉਣ ਦਾ ਇਹ ਰੁਝਾਣ ਅਮਰੀਕਾ ਤੋਂ ਸ਼ੁਰੂ ਹੋਇਆ ਹੈ ਪਰ ਬਹੁਕੌਮੀ ਕੰਪਨੀਆਂ ਵਲੋਂ ਇਸ ਰੁਝਾਨ ਨੂੰ ਦੁਨੀਆਂ ਦੇ ਦੂਜੇ ਦੇਸ਼ਾਂ, ਹਿੰਦੁਸਤਾਨ ਅਤੇ ਚੀਨ ਸਮੇਤ, ਵਿੱਚ ਕਾਫੀ ਬੜਾਵਾ ਦਿੱਤਾ ਜਾ ਰਿਹਾ ਹੈ। ਇਕੱਲੀਆਂ ਖਾਣ ਵਾਲੀਆਂ ਵਸਤਾਂ ਬਣਾਉਣ ਵਾਲੀਆਂ ਕੰਪਨੀਆਂ ਹੀ ਬੱਚਿਆਂ ਵਿੱਚ ਆਪਣੀਆਂ ਵਸਤਾਂ ਦੀ ਮਾਰਕੀਟ ਬਣਾਉਣ ਲਈ ਦੁਨੀਆ ਭਰ ਵਿੱਚ 1.9 ਅਰਬ (ਬਿਲੀਅਨ) ਡਾਲਰ ਖਰਚ ਰਹੀਆਂ ਹਨ। ਨਿਊਯੌਰਕ ਟਾਇਮਜ਼ ਵਿੱਚ 15 ਜਨਵਰੀ 2007 ਨੂੰ ਛਪੀ ਇਕ ਰਿਪੋਰਟ ਅਨੁਸਾਰ ਬੱਚਿਆਂ ਤੱਕ ਆਪਣੇ ਇਸ਼ਤਿਹਾਰ ਪਹੁੰਚਾਉਣ ਲਈ ਕੰਪਨੀਆਂ ਹਰ ਉਸ ਥਾਂ ਨੂੰ ਵਰਤਣ ਦੀ ਕੋਸਿ਼ਸ਼ ਕਰਦੀਆਂ ਹਨ ਜਿੱਥੇ ਬੱਚੇ ਮੌਜੂਦ ਹੋਣ। ਉਦਾਹਰਨ ਲਈ ਅਮਰੀਕਾ ਵਿੱਚ ਕਈ ਥਾਂਵਾਂ ‘ਤੇ ਬੱਚਿਆਂ ਨੂੰ ਸਕੂਲ ਲਿਜਾਣ ਵਾਲੀਆਂ ਬੱਸਾਂ ਵਿੱਚ ਬੱਚਿਆਂ ਲਈ ਰੇਡੀਓ-ਇਸ਼ਤਿਹਾਰ ਵਜਾਏ ਜਾਂਦੇ ਹਨ। ਵਾਲਟ ਡਿਜ਼ਨੀ ਕੰਪਨੀ ਨੇ ਸਕੂਲ ਜਾਣ ਦੀ ਉਮਰ ਤੋਂ ਛੋਟੇ ਬੱਚਿਆਂ ਲਈ ਬਣਾਈ ਆਪਣੀ ਡੀ ਵੀ ਡੀ “ਲਿਟਲ ਆਇਨਸਟਾਈਨਜ਼” ਦੀ ਇਸ਼ਤਿਹਾਰਬਾਜ਼ੀ ਕਰਨ ਲਈ ਬੱਚਿਆਂ ਦੇ ਡਾਕਟਰਾਂ ਨੂੰ ਮੁਆਇਨਾ ਕਰਨ ਵਾਲੇ ਅਜਿਹੇ ਚਾਰਟ ਦਿੱਤੇ ਸਨ ਜਿਹਨਾਂ ਉੱਪਰ ਇਸ ਡੀ ਵੀ ਡੀ ਦੇ ਇਸ਼ਤਿਹਾਰ ਸਨ। ਇਸ਼ਤਿਹਾਰਬਾਜ਼ੀ ਭਰਪੂਰ ਇਸ ਤਰ੍ਹਾਂ ਦੇ ਮਾਹੌਲ ਦਾ ਹੀ ਨਤੀਜਾ ਹੈ ਕਿ ਸਕੂਲ ਜਾਣ ਤੋਂ ਘੱਟ ਉਮਰ ਦੇ ਬਹੁਤੇ ਬੱਚਿਆਂ ਨੇ ਭਾਵੇਂ ਅਜੇ ਅੰਗਰੇਜ਼ੀ ਦਾ ਅੱਖਰ ਐੱਮ ਸਿੱਖਿਆ ਹੋਵੇ ਜਾਂ ਨਾ, ਉਹ ਮਕਡੌਨਲਡ ਦੀ ਐੱਮ ਜ਼ਰੂਰ ਪਛਾਣ ਲੈਂਦੇ ਹਨ। ਸੂਜ਼ਨ ਲਿਨ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਕੀਤੀ ਜਾਂਦੀ ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਇਹ ਸਿਖਾ ਦਿੰਦੀ ਹੈ ਕਿ ਵਸਤਾਂ ਖ੍ਰੀਦਣ ਨਾਲ ਲੋਕ ਖੁਸ਼ੀ ਹਾਸਲ ਕਰ ਸਕਦੇ ਹਨ।

ਲੋਕਾਂ ਨੂੰ ਵਸਤਾਂ ਖ੍ਰੀਦਣ ਲਈ ਮਜ਼ਬੂਰ ਕਰਨ ਲਈ ਉਤਪਾਦਕ ਵਸਤਾਂ ਨੂੰ ਤਿਆਰ ਹੀ ਇਸ ਤਰ੍ਹਾਂ ਕਰਦੇ ਹਨ ਕਿ ਇੱਕ ਮਿੱਥੇ ਸਮੇਂ ਬਾਅਦ ਉਹ ਵਸਤਾਂ ਕੰਮ ਕਰਨ ਯੋਗ ਨਹੀਂ ਰਹਿੰਦੀਆਂ ਜਾਂ ਇਕ ਮਿੱਥੇ ਸਮੇਂ ਬਾਅਦ ਲੋਕਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਹੈ ਕਿ ਉਹ ਵਸਤਾਂ ਪੁਰਾਣੀਆਂ (ਆਊਟ ਆਫ ਡੇਟ) ਹੋ ਗਈਆਂ ਹਨ ਬੇਸ਼ੱਕ ਉਹ ਕੰਮ ਕਰਦੀਆਂ ਵੀ ਹੋਣ। ਉਤਪਾਦਕਾਂ ਵਲੋਂ ਵਰਤੀ ਜਾਂਦੀ ਇਸ ਜੁਗਤ ਨੂੰ ਮਾਹਰਾਂ ਨੇ “ਪਲੈਨਡ ਆਬਸੋਲੇਸੈਂਸ” ਦਾ ਨਾਂ ਦਿੱਤਾ ਹੈ। “ਪਲੈਨਡ ਆਬਸੋਲੇਸੈਂਸ” ਇਕ ਅਜਿਹੀ ਵਪਾਰਕ ਜੁਗਤ ਹੈ ਜਿਸ ਅਧੀਨ ਕਿਸੇ ਵਸਤ ਨੂੰ ਤਿਆਰ ਕਰਨ ਸਮੇਂ ਉਸ ਵਸਤ ਦੇ ਅਪ੍ਰੱਚਲਿਤ ਹੋ ਜਾਣ/ਕਰਨ (ਫੈਸ਼ਨ ਵਿੱਚ ਨਾ ਰਹਿਣ ਜਾਂ ਵਰਤੋਯੋਗ ਨਾ ਰਹਿਣ) ਦੀ ਮਿਆਦ ਵਸਤ ਦੇ ਡਿਜ਼ਾਇਨ ਵਿੱਚ ਹੀ ਮਿੱਥ ਲਈ ਜਾਂਦੀ ਹੈ, ਤਾਂ ਕਿ ਉਸ ਮਿੱਥੇ ਸਮੇਂ ਤੋਂ ਬਾਅਦ ਲੋਕਾਂ ਵਿੱਚ ਉਸ ਵਸਤ ਨੂੰ ਦੁਬਾਰਾ ਖ੍ਰੀਦਣ ਦੀ ਲੋੜ ਬਣੀ ਰਹੇ।

ਕਿਸੇ ਵਸਤ ਨੂੰ ਅਪ੍ਰੱਚਲਤ (ਆਬਸੋਲੀਟ) ਕਰਨ ਲਈ ਉਤਪਾਦਕ ਕਈ ਤਰ੍ਹਾਂ ਦੇ ਢੰਗ ਵਰਤਦੇ ਹਨ ਜਿਹਨਾਂ ਵਿੱਚ ਕੁਝ ਇਸ ਪ੍ਰਕਾਰ ਹਨ: ਘਸਾਈ ਕਾਰਨ ਜਦੋਂ ਵਸਤ ਦੀ ਮੁਰੰਮਤ ਦੀ ਲੋੜ ਪੈਂਦੀ ਹੈ ਤਾਂ ਮੁਰੰਮਤ ਦਾ ਖਰਚਾ ਨਵੀਂ ਵਸਤ ਨੂੰ ਖ੍ਰੀਦਣ ਦੇ ਖਰਚੇ ਨਾਲੋਂ ਜ਼ਿਆਦਾ ਹੁੰਦਾ ਹੈ, ਵਸਤ ਦੇ ਬਾਜ਼ਾਰ ਵਿੱਚ ਆਉਣ ਤੋਂ ਬਾਅਦ ਇਕ ਮਿੱਥੇ ਸਮੇਂ ਬਾਅਦ ਉਸ ਵਸਤ ਦੀ ਮੁਰੰਮਤ ਲਈ ਸਪੇਅਰ ਪਾਰਟਸ ਤਿਆਰ ਕਰਨੇ ਬੰਦ ਕਰ ਦਿੱਤੇ ਜਾਂਦੇ ਹਨ, ਬਾਜ਼ਾਰ ਵਿੱਚ ਉਸ ਵਸਤ ਦੀ ਨਵੀਂ ਲਾਈਨ ਲਿਆ ਕੇ ਸੁੱਟ ਦਿੱਤੀ ਜਾਂਦੀ ਹੈ ਜਿਹੜੀ ਪੁਰਾਣੀ ਵਸਤ ਦੇ ਨਾਲ ਕੰਮ ਨਹੀਂ ਕਰਦੀ। ਇਸ ਸੰਬੰਧ ਵਿੱਚ ਅਸੀਂ ਆਪਣੇ ਤਜਰਬੇ ਤੋਂ ਕਈ ਉਦਾਹਰਨਾਂ ਦੇਖ ਸਕਦੇ ਹਾਂ। ਜਦੋਂ ਸੰਗੀਤ ਰਿਕਾਰਡ ਕਰਨ ਲਈ ਐੱਲ ਪੀ ਰਿਕਾਰਡਾਂ ਅਤੇ ਆਡਿਓ ਕੈਸਟਾਂ ਦੀ ਥਾਂ ਕੰਪੈਕਟ ਡਿਸਕ (ਸੀ ਡੀ) ਆਈ ਤਾਂ ਇਸ ਨਾਲ ਐਲ ਪੀ ਅਤੇ ਆਡੀਓ ਕੈਸਟ ਵਜਾਉਣ ਵਾਲੀਆਂ ਚੰਗੀਆਂ ਭਲੀਆਂ ਚਲਦੀਆਂ ਮਸ਼ੀਨਾਂ ਕੂੜਾ-ਕਬਾੜਾ ਬਣ ਕੇ ਰਹਿ ਗਈਆਂ। ਵੀ ਐੱਚ ਐੱਸ ਟੇਪਾਂ ਦੀ ਥਾਂ ਡੀ ਵੀ ਡੀ ਆਉਣ ਨਾਲ ਇਹ ਹੀ ਹਾਲ ਵੀ ਸੀ ਆਰ ਮਸ਼ੀਨਾਂ ਦਾ ਹੋਇਆ। ਹਰ ਸਾਲ ਨਵੇਂ ਸਾਫਟਵੇਅਰ ਪ੍ਰੋਗਰਾਮ ਤਿਆਰ ਕੀਤੇ ਜਾਂਦੇ ਹਨ ਜਿਹੜੇ ਪੁਰਾਣੇ ਪ੍ਰੋਗਰਾਮਾਂ ਨਾਲ ਤਿਆਰ ਕੀਤੀਆਂ ਫਾਈਲਾਂ ਤਾਂ ਪੜ੍ਹ ਸਕਦੇ ਹਨ ਪਰ ਪੁਰਾਣੇ ਪ੍ਰੋਗਰਾਮ ਨਵੇਂ ਪ੍ਰੋਗਰਾਮਾਂ ਨਾਲ ਤਿਆਰ ਕੀਤੀਆਂ ਫਾਈਲਾਂ ਨਹੀਂ ਪੜ੍ਹ ਸਕਦੇ। ਸਿੱਟੇ ਵਜੋਂ ਪੁਰਾਣੇ ਪ੍ਰੋਗਰਾਮ ਵਰਤ ਰਹੇ ਲੋਕਾਂ ਨੂੰ ਨਵੇਂ ਪ੍ਰੋਗਰਾਮ ਲੈਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਬੇਸ਼ੱਕ ਪੁਰਾਣੇ ਪ੍ਰੋਗਰਾਮ ਉਹਨਾਂ ਦੀ ਲੋੜ ਪੂਰਤੀ ਲਈ ਕਾਫੀ ਹੋਣ। ਇਸ ਸੰਬੰਧ ਵਿੱਚ ਤੁਸੀਂ ਹੋਰ ਵੀ ਕਈ ਇਲੈਕਟ੍ਰੌਨਿਕ ਵਸਤਾਂ ਦੀਆਂ ਉਦਾਹਰਨਾਂ ਦੇਖ ਸਕਦੇ ਹੋ।

ਵਸਤ ਭਾਵੇਂ ਵਰਤੋਯੋਗ ਹੋਵੇ ਵੀ ਪਰ ਉਸ ਨੂੰ ਲੋਕਾਂ ਦੀ ਸੋਚ ਵਿੱਚ ਅਣਵਰਤਣ ਯੋਗ ਬਣਾਉਣ ਲਈ ਉਤਪਾਦਕ ਸਮੇਂ ਸਮੇਂ ਨਵੇਂ ਫੈਸ਼ਨ ਚਲਾਉਂਦੇ ਰਹਿੰਦੇ ਹਨ ਅਤੇ ਵਸਤਾਂ ਦੇ ਨਵੇਂ ਸਟਾਈਲ/ਮਾਡਲ ਬਾਜ਼ਾਰ ਵਿੱਚ ਲਿਆਉਂਦੇ ਰਹਿੰਦੇ ਹਨ। ਹਰ ਸਾਲ ਜਾਂ ਛੇਆਂ ਮਹੀਨਿਆਂ ਬਾਅਦ ਕੱਪੜਿਆਂ ਦੇ ਬਦਲਦੇ ਫੈਸ਼ਨ ਇਸ ਰੁਝਾਣ ਦੀ ਸਪਸ਼ਟ ਉਦਾਹਰਨ ਹਨ। ਪਿਛਲੇ ਸਾਲ ਖ੍ਰੀਦੇ ਕੱਪੜੇ ਬੇਸ਼ੱਕ ਪੂਰੀ ਤਰ੍ਹਾਂ ਠੀਕ ਠਾਕ ਹੋਣ ਪਰ ਨਵੇਂ ਫੈਸ਼ਨ ਦੇ ਆਉਣ ਕਾਰਨ ਲੋਕਾਂ ਦੇ ਮਨਾਂ ਵਿਚ ਵਿਚਾਰ ਪੈਦਾ ਹੋ ਜਾਂਦੇ ਹਨ ਕਿ ਉਹ ਹੁਣ ਪਹਿਨਣਯੋਗ ਨਹੀਂ ਰਹੇ ਜਾਂ ਪੁਰਾਣੇ ਹੋ ਗਏ ਹਨ ਅਤੇ ਉਹ ਨਵੇਂ ਕੱਪੜੇ ਖ੍ਰੀਦਣ ਬਾਰੇ ਸੋਚਦੇ ਹਨ। ਨਤੀਜੇ ਵਜੋਂ ਪਿਛਲੇ ਸਾਲਾਂ ਦੇ ਪੂਰੀ ਤਰ੍ਹਾਂ ਪਹਿਨਣਯੋਗ ਕੱਪੜੇ ਅਲਮਾਰੀਆਂ/ਦਰਾਜਾਂ ਵਿੱਚ ਪਏ ਸੁੱਟੇ ਜਾਣ ਦੀ ਉਡੀਕ ਕਰਨ ਲੱਗਦੇ ਹਨ। ਇਸ ਵਰਤਾਰੇ ਨਾਲ ਲੋਕਾਂ ਨੂੰ ਕੋਈ ਫਾਇਦਾ ਹੋਵੇ ਜਾਂ ਨਾ ਪਰ ਕੱਪੜਿਆਂ ਦੇ ਉਤਪਾਦਕਾਂ ਵਲੋਂ ਮੁਨਾਫਾ ਕਮਾਉਣ ਦੇ ਰਾਹ ਖੁਲ੍ਹੇ ਰਹਿੰਦੇ ਹਨ ਅਤੇ ਇਸ ਗੱਲ ਦਾ ਉਹਨਾਂ ਨੂੰ ਪੂਰਾ ਪੂਰਾ ਗਿਆਨ ਹੈ। ਇਸ ਲਈ ਵਰਤੋਯੋਗ ਕੱਪੜਿਆਂ ਨੂੰ ਅਪ੍ਰਚੱਲਤ ਕਰਨ ਦਾ ਕਾਰਜ ਉਹਨਾਂ ਦੀ ਕੱਪੜੇ ਵੇਚਣ ਦੀ ਵਪਾਰਕ ਜੁਗਤਾਂ ਦਾ ਇਕ ਅਨਿਖੜਵਾਂ ਹਿੱਸਾ ਹੈ। ਇਸ ਗੱਲ ਦਾ ਸਬੂਤ ਅਮਰੀਕਾ ਵਿਚਲੀ ਅਲਾਈਡ ਸਟੋਰਜ਼ ਕਾਰਪੋਰੇਸ਼ਨ ਦੇ ਚੇਅਰਮੇਨ ਬੀ ਅਰਲ ਪਕਟ ਦੇ ਇਸ ਬਿਆਨ ਤੋਂ ਮਿਲਦਾ ਹੈ ਜਿਹੜਾ ਉਸ ਨੇ 1950 ਵਿੱਚ ਫੈਸ਼ਨ ਇੰਡਸਟਰੀ ਦੇ ਲੀਡਰਾਂ ਸਾਹਮਣੇ ਦਿੱਤਾ ਸੀ। ਉਸ ਨੇ ਕਿਹਾ ਸੀ, “ਮੁਢਲੀ ਉਪਯੋਗਤਾ ਕੱਪੜਿਆਂ ਦੀ ਖੁਸ਼ਹਾਲ ਸਨਅਤ ਦੀ ਬੁਨਿਆਦ ਨਹੀਂ ਹੋ ਸਕਦੀ। ਸਾਡੇ ਲਈ (ਕੱਪੜਿਆਂ ਦੇ) ਅਪ੍ਰਚੱਲਣ (ਆਬਸੋਲੇਂਸ) ਵਿੱਚ ਤੇਜ਼ੀ ਲਿਆਉਣਾ ਜ਼ਰੂਰੀ ਹੈ।”

ਕਾਰਾਂ ਦੀਆਂ ਕੰਪਨੀਆਂ ਵਲੋਂ ਹਰ ਸਾਲ ਬਾਜ਼ਾਰ ਵਿੱਚ ਨਵੇਂ ਮਾਡਲ ਲਿਆਉਣਾ ਵੀ ਇਸ ਰੁਝਾਣ ਦੀ ਹੀ ਇਕ ਹੋਰ ਉਦਾਹਰਨ ਹੈ। ਬਹੁਤੀ ਵਾਰ ਕਾਰਾਂ ਦੇ ਨਵੇਂ ਮਾਡਲਾਂ ਵਿੱਚ ਤਕਨੀਕੀ ਤੌਰ ‘ਤੇ ਕੋਈ ਏਡਾ ਵੱਡਾ ਸੁਧਾਰ ਨਹੀਂ ਹੋਇਆ ਹੁੰਦਾ ਬੱਸ ਉਹਨਾਂ ਦੀ ਸ਼ਕਲ ਵਗੈਰਾ ‘ਚ ਥੋੜ੍ਹੀ ਬਹੁਤੀ ਤਬਦੀਲੀ ਕਰਕੇ ਹੀ ਨਵੇਂ ਸਾਲ ਦੇ ਮਾਡਲ ਨੂੰ ਪਿਛਲੇ ਸਾਲ ਦੇ ਮਾਡਲ ਨਾਲੋਂ ਵੱਖਰਾ ਬਣਾਇਆ ਗਿਆ ਹੁੰਦਾ ਹੈ। ਆਮ ਤੌਰ ‘ਤੇ ਇਕ ਨਵੀਂ ਕਾਰ ਦੀ ਉਮਰ 10 ਕੁ ਸਾਲ ਹੁੰਦੀ ਹੈ। ਜੇ ਕਾਰ ਖ੍ਰੀਦਣ ਵਾਲਾ ਇਕ ਕਾਰ ਲੈ ਕੇ ਏਨੇ ਸਾਲ ਨਵੀਂ ਕਾਰ ਨਾ ਖ੍ਰੀਦੇ ਤਾਂ ਨਵੀਂਆਂ ਕਾਰਾਂ ਦੀ ਮੰਗ ਵਿੱਚ ਕਮੀ ਆ ਸਕਦੀ ਹੈ ਜੋ ਕਿ ਕਾਰ ਉਤਪਾਦਕਾਂ ਦੇ ਮੁਨਾਫੇ ‘ਤੇ ਸੱਟ ਮਾਰ ਸਕਦੀ ਹੈ। ਇਸ ਲਈ ਹਰ ਸਾਲ ਕਾਰਾਂ ਦੇ ਨਵੇਂ ਮਾਡਲ/ਸਟਾਈਲ ਬਾਜ਼ਾਰ ਵਿੱਚ ਲਿਆ ਕੇ ਲੋਕਾਂ ਵਿੱਚ ਨਵੀਂਆਂ ਕਾਰਾਂ ਖ੍ਰੀਦਣ ਦੀ ਚਾਹਤ ਪੈਦਾ ਕਰਨਾ ਜ਼ਰੂਰੀ ਹੈ। ਜਨਰਲ ਮੋਟਰਜ਼ ਦੇ ਡਿਜ਼ਾਇਨ ਚੀਫ ਹਾਰਲੇ ਅਰਲ ਵਲੋਂ 1955 ਵਿੱਚ ਕਹੇ ਅੱਗੇ ਦਿੱਤੇ ਸ਼ਬਦ ਇਸ ਗੱਲ ਦੀ ਹਾਮੀ ਭਰਦੇ ਹਨ। “ਹਰ ਸਾਲ ਲੱਖਾਂ ਹੀ ਕਾਰ ਖ੍ਰੀਦਣ ਵਾਲਿਆਂ ਵਿੱਚ ਪਿਛਲੇ ਸਾਲ ਦਾ ਮਾਡਲ ਬਦਲ ਕੇ ਨਵੇਂ ਸਾਲ ਦਾ ਮਾਡਲ ਖ੍ਰੀਦਣ ਦੀ ਚਾਹਤ ਪੈਦਾ ਕਰਨਾ ਕਾਰ ਸਨਅਤ ਲਈ ਬਹੁਤ ਜ਼ਰੂਰੀ ਹੈ।”

ਕਈ ਵਸਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹਨਾਂ ਦੇ ਸਟਾਈਲ ਜਾਂ ਡਿਜ਼ਾਇਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਅਤੇ ਬਿਨਾਂ ਕਿਸੇ ਔਖਿਆਈ ਦੇ ਵਾਰ ਵਾਰ ਵਰਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੀਆਂ ਵਸਤਾਂ ਨੂੰ ਲੋਕਾਂ ਦੀ ਸੋਚ ਵਿਚ ਪੁਰਾਣੀਆਂ ਬਣਾ ਕੇ ਉਹਨਾਂ ਨੂੰ ਵਾਰ ਵਾਰ ਖ੍ਰੀਦਣ ਦੀ ਮੰਗ ਪੈਦਾ ਕਰਨ ਲਈ ਕਈ ਵਾਰੀ ਉਤਪਾਦਕਾਂ ਵੱਲੋਂ ਬਹੁਤ ਦਿਲਚਸਪ ਤਰੀਕੇ ਵਰਤੇ ਜਾਂਦੇ ਹਨ। ਇਸ ਬਾਰੇ ਤਾਸ਼ ਦੇ ਪੱਤਿਆਂ ਦੀ ਕਹਾਣੀ ਪੇਸ਼ ਹੈ। 1960ਵਿਆਂ ਵਿੱਚ ਅਮਰੀਕਾ ਵਿੱਚ ਤਾਸ਼ ਬਣਾਉਣ ਵਾਲਿਆਂ ਦੀ ਐਸੋਸੀਏਸ਼ਨ ਨੇ ਲੋਕਾਂ ਨੂੰ ਵਾਰ ਵਾਰ ਨਵੀਂ ਤਾਸ਼ ਖ੍ਰੀਦਣ ਲਈ ਪ੍ਰੇਰਿਤ ਕਰਨ ਲਈ ਇਸ਼ਤਿਹਾਰਬਾਜ਼ੀ ਕਰਨ ਦਾ ਕੰਮ ਜੇ. ਵਾਲਟਰ ਥਾਂਪਸਨ ਨਾਂ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੀ ਏਜੰਸੀ ਨੂੰ ਸੌਂਪਿਆ। ਇਸ ਏਜੰਸੀ ਨੇ ਇਸ ਕੰਮ ਲਈ ਜਿਹੜੀ ਇਸ਼ਤਿਹਾਰਬਾਜ਼ੀ ਤਿਆਰ ਕੀਤੀ ਉਸ ਦਾ ਸੁਨੇਹਾ ਕੁਝ ਇਸ ਪ੍ਰਕਾਰ ਸੀ। ਜੇ ਤੁਹਾਡੇ ਘਰ ਕੋਈ ਪਰਾਹੁਣਾ ਆਉਂਦਾ ਹੈ ਤਾਂ ਤੁਸੀਂ ਉਸ ਲਈ ਗੁਸਲਖਾਨੇ ਵਿੱਚ ਮੈਲੇ ਅਤੇ ਅਣਧੋਤੇ ਹੋਏ ਤੌਲੀਏ ਨਹੀਂ ਰੱਖਦੇ ਸਗੋਂ ਧੋਤੇ ਹੋਏ ਤੌਲੀਏ ਰੱਖਦੇ ਹੋ। ਫਿਰ ਜਦੋਂ ਕੋਈ ਦੋਸਤ ਮਿੱਤਰ ਤੁਹਾਡੇ ਕੋਲ ਤਾਸ਼ ਖੇਡਣ ਆਉਂਦੇ ਹਨ ਤਾਂ ਤੁਸੀਂ ਉਹਨਾਂ ਨਾਲ ਪੁਰਾਣੀ ਅਤੇ ਮੈਲੀ ਹੋਈ ਤਾਸ਼ ਨਾਲ ਕਿਉਂ ਖੇਡਦੇ ਹੋ? ਉਹਨਾਂ ਨਾਲ ਤਾਸ਼ ਖੇਡਣ ਲਈ ਤੁਹਾਨੂੰ ਹਰ ਵਾਰੀ ਨਵੀਂ ਤਾਸ਼ ਵਰਤਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਨਾਲ ਉਹਨਾਂ ਨੇ ਲੋਕਾਂ ਵਿੱਚ ਇਕ-ਦੋ ਜਾਂ ਕੁਝ ਵਾਰੀ ਵਰਤੀ ਗਈ ਤਾਸ਼ ਨੂੰ ਨਕਾਰਾ ਕਰਕੇ ਨਵੀਂ ਤਾਸ਼ ਵਰਤਣ ਦਾ ਆਦਤ ਪਾਉਣ ਦੀ ਕੋਸਿ਼ਸ਼ ਕੀਤੀ ਤਾਂ ਕਿ ਤਾਸ਼ ਦੇ ਪੱਤਿਆਂ ਦੀ ਮੰਗ ਬਣੀ ਰਹੇ।

ਕਈ ਵਾਰੀ ਉਤਪਾਦਕ ਵਸਤਾਂ ਦੇ ਪੈਕਟਾਂ ਅਤੇ ਭਾਂਡਿਆਂ ਦਾ ਡਿਜ਼ਾਇਨ ਇਸ ਤਰ੍ਹਾਂ ਬਣਾਉਂਦੇ ਹਨ ਕਿ ਉਸ ਨਾਲ ਵਸਤ ਦੀ ਖਪਤ ਵੱਧ ਹੋਵੇ। ਇਸ ਬਾਰੇ ਸ਼ੈਂਪੂ ਬਣਾਉਣ ਵਾਲੀ ਕੰਪਨੀ ਜੌਹਨਸਨ ਐਂਡ ਜੌਹਨਸਨ ਨਾਲ ਸੰਬੰਧਤ ਇਕ ਦਿਲਚਸਪ ਕਹਾਣੀ ਪੇਸ਼ ਹੈ। ਉਹਨਾਂ ਨੂੰ ਇਸ ਗੱਲ ਦਾ ਗਿਆਨ ਸੀ ਕਿ ਜੇ ਬੇਬੀ ਸ਼ੈਂਪੂ ਇਕ ਅਜਿਹੀ ਬੋਤਲ ਵਿੱਚ ਪਾਇਆ ਹੋਵੇ ਜਿਸ ਨੂੰ ਘੁੱਟਣ ਨਾਲ ਬੋਤਲ ‘ਤੇ ਲੱਗੇ ਡੱਟ ਵਿਚਲੀ ਮੋਰੀ ਰਾਹੀਂ ਲੋੜ ਜਿੰਨਾ ਹੀ ਸ਼ੈਂਪੂ ਨਿਕਲੇ ਤਾਂ ਇਸ ਨਾਲ ਸ਼ੈਂਪੂ ਦੀ ਵਰਤੋਂ ਬੜੀ ਸੰਜਮ ਨਾਲ ਹੋਵੇਗੀ। ਉਹਨਾਂ ਦੇ ਇਕ ਡਿਜ਼ਾਇਨਰ ਨੇ ਬੋਤਲ ਉੱਪਰ ਪੇਚਾਂ ਵਾਲਾ ਢੱਕਣ ਲਾ ਦਿੱਤਾ ਜਿਸ ਨੂੰ ਖੋਲ੍ਹ ਕੇ ਹੀ ਸ਼ੈਂਪੂ ਕੱਢਿਆ ਜਾ ਸਕਦਾ ਸੀ। ਇਸ ਢੱਕਣ ਵਾਲੀ ਬੋਤਲ ਵਿੱਚੋਂ ਸ਼ੈਂਪੂ ਬਾਹਰ ਕੱਢਣ ਸਮੇਂ ਬਹੁਤੀ ਵਾਰੀ ਬੋਤਲ ਦੇ ਡਿੱਗ ਪੈਣ ਜਾਂ ਬੋਤਲ ਦੇ ਤਿਲਕ ਜਾਣ ਕਾਰਨ ਲੋੜ ਤੋਂ ਕਿਤੇ ਜ਼ਿਆਦਾ ਸ਼ੈਂਪੂ ਬਾਹਰ ਡੁਲ੍ਹ ਜਾਂਦਾ ਸੀ। ਕੰਪਨੀ ਦੇ ਇਕ ਵੱਡੇ ਅਧਿਕਾਰੀ ਅਨੁਸਾਰ ਸਿਰਫ ਢੱਕਣ ਦੀ ਇਸ ਤਬਦੀਲੀ ਕਰਕੇ ਹੀ ਉਹ ਕਈ ਅਰਬਾਂ ਡਾਲਰਾਂ ਦਾ ਵਾਧੂ ਸ਼ੈਂਪੂ ਵੇਚਣ ਵਿੱਚ ਕਾਮਯਾਬ ਹੋ ਗਏ ਸਨ। ਇਸ ਲਈ ਪੇਚਾਂ ਵਾਲੇ ਢੱਕਣ ਦੀ ਕਾਢ ਕੱਢਣ ਵਾਲੇ ਵਿਅਕਤੀ ਨੂੰ ਉਹਨਾਂ ਦੀ ਕੰਪਨੀ ਦਾ ਸਭ ਤੋਂ ਵੱਡਾ ਹੀਰੋ ਮੰਨਿਆ ਜਾਂਦਾ ਸੀ।

ਬੇਸ਼ੱਕ ਵਸਤਾਂ ਨੂੰ ਜਾਣਬੁੱਝ ਕੇ ਅਪ੍ਰਚੱਲਿਤ ਕਰਨ (ਪਲੈਨਡ ਆਬਸੋਲੇਸੈਂਸ) ਦੇ ਸਮਰਥਕਾਂ ਦਾ ਦਾਅਵਾ ਹੈ ਕਿ ਇਹ ਵਰਤਾਰਾ ਵਸਤਾਂ ਅਤੇ ਸੇਵਾਵਾਂ ਵਿੱਚ ਲਗਾਤਾਰ ਸੁਧਾਰ ਲਿਆਉਣ ਲਈ ਬਹੁਤ ਜ਼ਰੂਰੀ ਹੈ, ਪਰ ਇਸ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵਰਤਾਰਾ ਧਰਤੀ ਦੇ ਬਹੁਤ ਜ਼ਿਆਦਾ ਵਸੀਲਿਆਂ ਨੂੰ ਕੂੜੇ ਕਰਕਟ ਵਿੱਚ ਤਬਦੀਲ ਕਰਨ ਦਾ ਕਾਰਨ ਬਣਦਾ ਹੈ। ਇਸ ਨਾਲ ਧਰਤੀ ਦੇ ਕਿੰਨੇ ਕੁ ਵਸੀਲੇ ਖਰਾਬ ਹੁੰਦੇ ਹਨ ਇਹ ਸਮਝਣ ਲਈ ਅਸੀਂ ਯੂਰਪ ਦੀ ਸੰਸਥਾ ਫਰੈਂਡਜ਼ ਆਫ ਅਰਥ  ਵਿੱਚ ਸੈੱਲ ਜਾਂ ਮੋਬਾਈਲ ਫੋਨਾਂ ਬਾਰੇ ਛਪੇ ਅੰਕੜੇ ਦੇਖ ਸਕਦੇ ਹਾਂ। ਇਕ ਅੰਦਾਜ਼ੇ ਅਨੁਸਾਰ ਇਕ ਔਸਤ ਆਦਮੀ ਹਰ ਸਾਲ ਜਾਂ ਡੇਢ ਸਾਲ ਬਾਅਦ ਆਪਣਾ ਸੈੱਲ ਜਾਂ ਮੋਬਾਈਲ ਫੋਨ ਬਦਲ ਲੈਂਦਾ ਹੈ। ਇਸ ਦੇ ਨਤੀਜੇ ਵਜੋਂ ਸੰਨ 1983 (ਜਦੋਂ ਪਹਿਲਾ ਸੈੱਲ ਫੋਨ ਮਾਰਕੀਟ ਵਿੱਚ ਆਇਆ ਸੀ) ਤੋਂ ਲੈ ਕੇ 2005 ਤੱਕ ਤਕਰੀਬਨ 50 ਕ੍ਰੋੜ ਦੇ ਲਗਭਗ ਸੈੱਲ ਜਾਂ ਮੋਬਾਈਲ ਫੋਨ ਅਪ੍ਰਚਲਿਤ (ਆਬਸੋਲੀਟ) ਹੋ ਗਏ ਸਨ। ਅਪ੍ਰਚਲਤਿ ਹੋ ਗਏ ਇਹਨਾਂ ਸੈੱਲ ਫੋਨਾਂ ਦਾ ਭਾਰ 56,000 ਟਨ ਦੇ ਨੇੜੇ ਸੀ। ਇਸ ਸਮੱਗਰੀ ਵਿੱਚ ਵਿੱਚ 7900 ਟਨ ਤਾਂਬਾ, 178 ਟਨ ਚਾਂਦੀ, 17 ਟਨ ਸੋਨਾ, 74 ਟਨ ਪੈਲਾਡੀਅਮ ਅਤੇ 180 ਕਿਲੋਗ੍ਰਾਮ ਪਲਾਟੀਨਮ ਸ਼ਾਮਲ ਸੀ। ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸੈੱਲ ਫੋਨਾਂ ਦੀ ਇਸ ਸਮੱਗਰੀ ਵਿੱਚ 1 ਫੀਸਦੀ ਤੋਂ ਵੀ ਘੱਟ ਸਮੱਗਰੀ ਰੀਸਾਈਕਲ ਕੀਤੀ ਜਾਂਦੀ ਹੈ। ਇਸ ਦਾ ਭਾਵ ਇਹ ਹੋਇਆ ਕਿ ਦੋ ਦਹਾਕਿਆਂ ਦੇ ਕਰੀਬ ਸਮੇਂ ਵਿੱਚ 50 ਕ੍ਰੋੜ ਸੈੱਲ ਫੋਨਾਂ ਦੇ ਅਪ੍ਰਚਲਿਤ ਹੋਣ ਨਾਲ ਧਰਤੀ ਦੇ ਏਨੇ ਜ਼ਿਆਦਾ ਵਸੀਲੇ ਕੂੜੇ ਦੇ ਢੇਰ ਵਿੱਚ ਤਬਦੀਲ ਹੋ ਗਏ ਹਨ।

ਵਸਤਾਂ ਦੇ ਉਤਪਾਦਕਾਂ ਤੋਂ ਬਿਨਾਂ ਲੋਕਾਂ ਵਿੱਚ ਖਪਤਵਾਦ ਦਾ ਪਸਾਰ ਕਰਨ ਲਈ ਸੰਚਾਰ ਮੀਡੀਆ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅਜੋਕਾ ਮੀਡੀਆ ਆਪਣੀ ਆਮਦਨ ਲਈ ਇਸ਼ਤਿਹਾਰਾਂ ‘ਤੇ ਨਿਰਭਰ ਕਰਦਾ ਹੈ। ਇਸ ਲਈ ਉਸ ਦਾ ਰੋਲ ਲੋਕਾਂ ਨੂੰ ਜਾਣਕਾਰੀ ਦੇਣਾ ਨਹੀਂ ਸਗੋਂ ਇਸ਼ਤਿਹਾਰਬਾਜ਼ੀ ਲਈ ਦਰਸ਼ਕ ਪੈਦਾ ਕਰਨਾ ਬਣ ਗਿਆ ਹੈ। ਮੀਡੀਆ ਵਿੱਚ ਦਿੱਤੇ ਜਾਂਦੇ ਇਸ਼ਤਿਹਾਰ ਹੀ ਨਹੀਂ ਸਗੋਂ ਉਸ ਵਿੱਚ ਪੇਸ਼ ਕੀਤੀ ਜਾਂਦੀ ਸਮੱਗਰੀ ਵੀ ਲੋਕਾਂ ਵਿੱਚ ਖਪਤਵਾਦ ਦਾ ਪਸਾਰ ਕਰਨ ਵਾਲੀ ਹੁੰਦੀ ਹੈ। ਟੈਲੀਵਿਯਨ ਅਤੇ ਫਿਲਮਾਂ ਵਿੱਚ ਪੇਸ਼ ਕੀਤੀ ਜਾਂਦੀ ਸਮੱਗਰੀ ਦੇ ਸੰਬੰਧ ਵਿੱਚ ਇਹ ਰੁਝਾਣ ਸਿਖਰ ‘ਤੇ ਪਹੁੰਚ ਚੁੱਕਾ ਹੈ। ਬਹੁਤੀ ਵਾਰ ਟੈਲੀਵਿਯਨ ਅਤੇ ਫਿਲਮਾਂ ਵਿੱਚ ਦਿਖਾਏ ਜਾਂਦੇ ਪ੍ਰੋਗਰਾਮਾਂ ਵਿੱਚ ਅਮੀਰ ਲੋਕਾਂ ਦਾ ਖਪਤਵਾਦੀ ਜੀਵਨ ਪੇਸ਼ ਕੀਤਾ ਜਾਂਦਾ ਹੋ ਜਿਹੜਾ ਆਮ ਲੋਕਾਂ ਵਿੱਚ ਖਪਤਵਾਦ ਦੀ ਲਾਲਸਾ ਪੈਦਾ ਕਰਦਾ ਹੈ। ਬਹੁਤ ਸਾਰੇ ਅਧਿਅਨਾਂ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਮੀਡੀਏ ਵਿੱਚ ਦਿੱਤੀ ਜਾਂਦੀ ਇਸ਼ਤਿਹਾਰਬਾਜ਼ੀ ਅਤੇ ਪ੍ਰੋਗਰਾਮ ਲੋਕਾਂ ਵਿੱਚ ਵਸਤਾਂ/ਸੇਵਾਵਾਂ ਦੀ ਲਾਲਸਾ ਪੈਦਾ ਕਰਦੇ ਹਨ। ਇਕ ਅਧਿਅਨ ਅਨੁਸਾਰ ਲੋਕ ਜਿੰਨਾ ਵੱਧ ਟੈਲੀਵਿਯਨ ਦੇਖਦੇ ਹਨ, ਉਨਾ ਜ਼ਿਆਦਾ ਪੈਸਾ ਉਹ ਵਸਤਾਂ ਖ੍ਰੀਦਣ ‘ਤੇ ਲਾਉਂਦੇ ਹਨ। ਹਫਤੇ ਵਿੱਚ ਇਕ ਘੰਟਾ ਵਾਧੂ ਟੈਲੀਵਿਯਨ ਦੇਖਣ ਮਗਰ ਲੋਕ ਸਾਲ ਵਿੱਚ ਵਸਤਾਂ ਖ੍ਰੀਦਣ ‘ਤੇ 208 ਡਾਲਰ ਵਾਧੂ ਖਰਚਦੇ ਹਨ।

ਇਹਨਾਂ ਕੁਝ ਇਕ ਢੰਗਾਂ ਤੋਂ ਬਿਨਾਂ ਉਤਪਾਦਕ ਹੋਰ ਲੋਕਾਂ ਵਿੱਚ ਵਸਤਾਂ ਦੀ ਚਾਹਤ/ਮੰਗ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਢੰਗ ਵਰਤਦੇ ਹਨ। ਥਾਂ ਦੀ ਘਾਟ ਕਰਕੇ ਉਹਨਾਂ ਸਾਰਿਆਂ ਬਾਰੇ ਇੱਥੇ ਗੱਲ ਕਰਨੀ ਸੰਭਵ ਨਹੀਂ। ਹੁਣ ਅਸੀਂ ਇਹ ਦੇਖਾਂਗੇ ਕਿ ਖਪਤਵਾਦ ਦੇ ਪਸਾਰ ਲਈ ਸਰਕਾਰਾਂ ਕੀ ਭੂਮਿਕਾ ਨਿਭਾਉਂਦੀਆਂ ਹਨ।

ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਅਜੋਕੇ ਆਰਥਿਕ ਪ੍ਰਬੰਧ ਦੀ ਸਲਾਮਤੀ ਲਈ ਕੰਜ਼ਿਊਮਰਿਜ਼ਮ ਦੀ ਵੱਡੀ ਲੋੜ ਹੈ। ਇਸ ਲਈ ਇਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ ਖਾਸ ਦਿਲਚਸਪੀ ਲੈਂਦੀਆਂ ਹਨ। ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਸਤੰਬਰ 2001 ਵਿੱਚ ਨਿਊਯਾਰਕ ਦੇ ਟਵਿੱਨ ਟਾਵਰਾਂ ਉੱਪਰ ਹੋਏ ਹਮਲੇ ਤੋਂ ਛੇਤੀ ਬਾਅਦ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਦੇ ਬਹੁਤ ਸਾਰੇ ਨੇਤਾਵਾਂ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਸ਼ਾਪਿੰਗ/ਖ੍ਰੀਦਦਾਰੀ ਕਰਨ ਦਾ ਸੁਨੇਹਾ ਦਿੱਤਾ ਸੀ। 27 ਸਤੰਬਰ 2001 ਨੂੰ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁੱਸ਼ ਨੇ ਲੋਕਾਂ ਨੂੰ ਕਿਹਾ ਸੀ, “ਮੈਂ ਤੁਹਾਡੇ ਕੋਲੋਂ ਅਮਰੀਕਾ ਦੀ ਆਰਥਿਕਤਾ ਵਿੱਚ ਲਗਾਤਾਰ ਸ਼ਮੂਲੀਅਤ ਅਤੇ ਵਿਸ਼ਵਾਸ ਚਾਹੁੰਦਾ ਹਾਂ”। ਇੰਗਲੈਂਡ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਲੋਕਾਂ ਨੂੰ ਸਲਾਹ ਦਿੱਤੀ ਸੀ, “ਇਸ ਦੇਸ਼ ਦੇ ਲੋਕ ਪੁੱਛਦੇ ਹਨ ਕਿ ਉਹਨਾਂ ਨੂੰ ਅਜਿਹੇ ਸਮੇਂ ਕੀ ਕਰਨਾ ਚਾਹੀਦਾ ਹੈ। ਇਸ ਦਾ ਜੁਆਬ ਹੈ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਆਮ ਵਾਂਗ ਜੀਣੀ ਚਾਹੀਦੀ ਹੈ: ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ, ਜਿਉਣਾ ਚਾਹੀਦਾ ਹੈ, ਸਫਰ ਕਰਨਾ ਚਾਹੀਦਾ ਹੈ ਅਤੇ ਖ੍ਰੀਦਦਾਰੀ ਕਰਨੀ ਚਾਹੀਦੀ ਹੈ...” ਕੈਨੇਡਾ ਦੇ ਪ੍ਰਧਾਨ ਮੰਤਰੀ ਕਰੈਚਿਅਨ ਨੇ ਕਿਹਾ ਸੀ “ਆਪਣੀਆਂ ਯੋਜਨਾਵਾਂ ਕੈਂਸਿਲ ਨਾ ਕਰੋ... ਸਾਡੇ ਲਈ ਆਪਣੀ ਟਰੈਵਿਲ ਅਤੇ ਟੂਰਿਜ਼ਮ ਇੰਡਸਟਰੀ ਨੂੰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਇਹ ਮੋੜਵੀਂ ਲੜਾਈ ਲੜਨ ਦਾ ਇਕ ਢੰਗ ਹੈ।” ਫਿਰ ਉਹਨਾਂ ਧਿਆਨ ਦਿਵਾਇਆ ਕਿ ਵਿਆਜ ਦੀ ਦਰਾਂ ਬਹੁਤ ਘੱਟ ਹਨ। “ਇਸ ਲਈ ਇਹ ਮਾਰਗੇਜ ਲੈ ਕੇ ਘਰ ਅਤੇ ਕਾਰਾਂ ਖ੍ਰੀਦਣ ਦਾ ਸਮਾਂ ਹੈ।” ਨਿਊ ਯੋਰਕ ਦੇ ਮੇਅਰ ਰੁਡੋਲਫ ਗਿਲਾਨੀ ਨੇ ਲੋਕਾਂ ਨੂੰ ਬੇਨਤੀ ਕੀਤੀ ਸੀ, “ਰੈਸਟੋਰੈਂਟਾਂ ਵਿੱਚ ਜਾਉ, ਖ੍ਰੀਦਦਾਰੀ ਕਰੋ, ਹੋਰ ਕੁਝ ਕਰੋ ਅਤੇ ਦਿਖਾਉ ਕਿ ਤੁਸੀਂ ਡਰੇ ਨਹੀਂ ਹੋ।” ਮਿਆਮੀ-ਡੇਡ ਕਾਉਂਟੀ ਦੇ ਮੇਅਰ ਨੇ ਲੋਕਾਂ ਨੂੰ ਸੁਝਾ ਦਿੱਤਾ ਸੀ ਕਿ “ਬਾਹਰ ਜਾਉ ਅਤੇ ਆਰਥਿਕਤਾ ਵਿੱਚ ਯੋਗਦਾਨ ਪਾਉ।... ਜਿਵੇਂ ਮੇਰੀ ਘਰਵਾਲੀ ਕਹਿੰਦੀ ਹੈ ਕਿ ਇਸ ਸਮੇਂ ਖ੍ਰੀਦਦਾਰੀ ਵੱਡੀ ਦੇਸ਼ਭਗਤੀ ਹੈ।” ਇਹ ਹਵਾਲੇ ਦਰਸਾਉਂਦੇ ਹਨ ਕਿ ਇਸ ਵੱਡੇ ਸੰਕਟ ਸਮੇਂ ਵੱਖ ਵੱਖ ਪੱਧਰ ਦੀਆਂ ਸਰਕਾਰਾਂ ਦੇ ਪ੍ਰਤੀਨਿਧਾਂ ਵਲੋਂ ਲੋਕਾਂ ਨੂੰ ਖ੍ਰੀਦਦਾਰੀ ਕਰਨ ਲਈ ਪ੍ਰੇਰਿਆ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਜੇ ਲੋਕ ਖ੍ਰੀਦਦਾਰੀ ਨਹੀਂ ਕਰਨਗੇ ਤਾਂ ਉਹਨਾਂ ਦੀ ਆਰਥਿਕਤਾ ਮੰਦੇ ਵਿੱਚ ਚਲੀ ਜਾਵੇਗੀ।

ਸਰਕਾਰਾਂ ਕਈ ਤਰ੍ਹਾਂ ਦੀਆਂ ਨੀਤੀਆਂ ਅਤੇ ਕਾਨੂੰਨ ਬਣਾ ਕੇ ਕੰਜ਼ਿਊਮਰਿਜ਼ਮ ਨੂੰ ਉਤਸ਼ਾਹਿਤ ਕਰਦੀਆਂ ਹਨ। ਜਿਵੇਂ ਜਨਤਕ ਪੱਧਰ ‘ਤੇ ਸੇਵਾਵਾਂ/ਵਸਤਾਂ ਦੇਣ ਦਾ ਪ੍ਰਬੰਧ ਕਰਨ ਦੀ ਥਾਂ ਪ੍ਰਾਈਵੇਟ ਅਦਾਰਿਆਂ ਰਾਹੀਂ ਸੇਵਾਵਾਂ ਪ੍ਰਦਾਨ ਕਰਨ ਦਾ ਫੈਸਲਾ ਲੈਣਾ, ਕੰਜਿ਼ਊਮਰ ਵਸਤਾਂ ‘ਤੇ ਲੱਗਣ ਵਾਲੇ ਟੈਕਸ ਵਿੱਚ ਕਟੌਤੀਆਂ ਕਰਨਾ, ਕੰਜਿ਼ਊਮਰ ਵਸਤਾਂ ਖ੍ਰੀਦਣ ਲਈ ਸਬਸਡੀਆਂ/ਰੀਬੇਟਾਂ ਦੇਣਾ, ਉਤਪਾਦਨ ਦੌਰਾਨ ਪੈਦਾ ਹੋਣ ਵਾਲੀ ਰਹਿੰਦ-ਖੂੰਹਦ ਨੂੰ ਸਮੇਟਣ ਬਾਰੇ ਨਰਮ ਕਾਨੂੰਨ ਬਣਾਉਣਾ ਆਦਿ। ਇਸ ਸੰਬੰਧ ਵਿੱਚ ਕੁਝ ਕੁ ਉਦਾਹਰਨਾਂ ਪੇਸ਼ ਹਨ।

ਸੰਨ 2007-08 ਦੌਰਾਨ ਆਏ ਮੰਦਵਾੜੇ ਕਾਰਨ ਕਾਰਾਂ ਦੀ ਵਿਕਰੀ ਵਿੱਚ ਪਏ ਮੰਦੇ ਨੂੰ ਉਤਸ਼ਾਹਿਤ ਕਰਨ ਲਈ ਦੁਨੀਆਂ ਦੇ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਆਪਣੇ ਆਪਣੇ ਸਟੀਮੂਲਸ ਪੈਕਜਾਂ  ਵਿੱਚ ਕਾਰਾਂ ਦੀ ਵਿਕਰੀ ਵਧਾਉਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਸਨ। ਉਦਾਹਰਨ ਲਈ ਅਮਰੀਕਾ ਨੇ ਪਹਿਲਾਂ ਨਵੀਂਆਂ ਕਾਰਾਂ ਖ੍ਰੀਦਣ ਵਾਲਿਆਂ ਨੂੰ ਛੋਟ ਦਿੱਤੀ ਕਿ ਉਹ ਕਾਰ ‘ਤੇ ਲੱਗੇ ਸੇਲਜ਼ ਟੈਕਸ ਨੂੰ ਆਪਣੇ ਇਨਕਮ ਟੈਕਸ ਵਿੱਚ ਕਟੌਤੀ ਦੇ ਤੌਰ ਉੱਤੇ ਕਲੇਮ ਕਰ ਸਕਦੇ ਹਨ। ਬਾਅਦ ਵਿੱਚ ਸਰਕਾਰ ਨੇ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਲੈਣ ਵਾਲੇ ਲੋਕਾਂ ਲਈ ਬੋਨਸ ਦੀ ਸਕੀਮ ਚਲਾਈ। ਇਸ ਸਕੀਮ ਅਧੀਨ ਪੁਰਾਣੀ ਕਾਰ ਵੇਚ ਕੇ ਘੱਟ ਤੇਲ ਖਾਣ ਵਾਲੀ ਨਵੀਂ ਕਾਰ ਲੈਣ ਵਾਲਾ ਵਿਅਕਤੀ ਸਰਕਾਰ ਕੋਲੋਂ ਢਾਈ ਤੋਂ ਪੰਜ ਹਜ਼ਾਰ ਡਾਲਰ ਦੇ ਕਰੀਬ ਪੈਸੇ ਲੈ ਕੇ ਨਵੀਂ ਕਾਰ ਖ੍ਰੀਦਣ ਲਈ ਵਰਤ ਸਕਦਾ ਸੀ। ਚੀਨ ਅਤੇ ਯੂਰਪ ਦੇ ਹੋਰ ਕਈ ਦੇਸ਼ਾਂ ਨੇ ਵੀ ਆਪਣੇ ਆਪਣੇ ਦੇਸ਼ਾਂ ਵਿੱਚ ਕਾਰਾਂ ਦੀ ਵਿਕਰੀ ਵਧਾਉਣ ਲਈ ਇਸ ਤਰ੍ਹਾਂ ਦੇ ਕਦਮ ਚੁੱਕੇ ਸਨ। ਸੰਨ 2008 ਵਿੱਚ ਚੀਨ ਦੀ ਸਟੇਟ ਕਾਉਂਸਲ ਨੇ ਪੇਂਡੂ ਇਲਾਕਿਆਂ ਵਿੱਚ ਕਾਰਾਂ ਖ੍ਰੀਦਣ ਵਾਲਿਆਂ ਨੂੰ 10-13 ਫੀਸਦੀ ਦੀ ਸਬਸਡੀ ਦੇਣ ਲਈ 73 ਕ੍ਰੋੜ ਡਾਲਰ ਰਾਖਵੇਂ ਰੱਖੇ ਸਨ। ਇਸ ਦੇ ਨਾਲ ਹੀ ਸਰਕਾਰ ਨੇ ਛੋਟੀਆਂ ਕਾਰਾਂ ਖ੍ਰੀਦਣ ਵਾਲਿਆਂ ਨੂੰ ਅੱਧੇ ਖ੍ਰੀਦ ਟੈਕਸ ਦੀ ਛੋਟ ਦਿੱਤੀ ਸੀ। ਜਰਮਨੀ ਨੇ ਸੰਨ 2009 ਵਿੱਚ ਪੁਰਾਣੀ ਕਾਰ ਵੇਚ ਕੇ ਨਵੀਂ ਕਾਰ ਲੈਣ ਵਾਲਿਆਂ ਨੂੰ ਢਾਈ ਹਜ਼ਾਰ ਯੂਰੋ ਦਾ ਸਕਰੈਪਿੰਗ ਬੋਨਸ ਦੇਣ ਦਾ ਫੈਸਲਾ ਕੀਤਾ ਸੀ। ਸਰਕਾਰਾਂ ਵਲੋਂ ਅਪਣਾਈਆਂ ਇਹਨਾਂ ਨੀਤੀਆਂ ਕਾਰਨ ਇਹਨਾਂ ਦੇਸ਼ਾਂ ਵਿੱਚ ਕਾਰਾਂ ਦੀ ਵਿਕਰੀ ਕਾਫੀ ਵਾਧਾ ਹੋਇਆ ਸੀ।

ਪਿਛਲੇ ਡੇਢ-ਦੋ ਦਹਾਕਿਆਂ ਤੋਂ ਸਰਕਾਰਾਂ ਵਲੋਂ ਆਪਣੇ ਖਰਚਿਆਂ ਵਿੱਚ ਕਟੌਤੀਆਂ ਕਰਨ ਦੇ ਨਾਂ ਉੱਤੇ ਵਿਦਿਆ ਅਤੇ ਸਿਹਤ ਵਰਗੀਆਂ ਸੇਵਾਵਾਂ ਨੂੰ ਸਰਕਾਰੀ ਪੱਧਰ ਉੱਤੇ ਪ੍ਰਦਾਨ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟਣ ਦਾ ਵਰਤਾਰਾ ਸੰਸਾਰ ਪੱਧਰ ਉੱਤੇ ਵਾਪਰ ਰਿਹਾ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਇਹ ਨੀਤੀਆਂ ਆਪਣੇ ਆਪ ਅਪਣਾਈਆਂ ਹਨ ਪਰ ਬਹੁਤ ਦੇਸ਼ਾਂ ਦੀਆਂ ਸਰਕਾਰਾਂ ਉੱਤੇ ਇਹ ਨੀਤੀਆਂ ਅੰਤਰਰਾਸ਼ਟਰੀ ਮੁਦਰਾ ਫੰਡ (ਇੰਟਰਨੈਸ਼ਨਲ ਮੌਨਟਰੀ ਫੰਡ) ਵਰਗੀਆਂ ਸੰਸਥਾਂਵਾਂ ਨੇ ਠੋਸੀਆਂ ਹਨ। ਇਹਨਾਂ ਨੀਤੀਆਂ ਕਾਰਨ ਵਿਦਿਅਕ ਅਤੇ ਸਿਹਤ ਅਦਾਰਿਆਂ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੇ ਖਰਚਿਆਂ ਲਈ ਪੈਸੇ ਨਿੱਜੀ ਖੇਤਰ ਵਿੱਚੋਂ ਇਕੱਤਰ ਕਰਨ। ਨਤੀਜੇ ਵਜੋਂ ਇਹ ਅਦਾਰੇ ਪੈਸੇ ਇਕੱਤਰ ਕਰਨ ਲਈ ਵੱਡੀਆਂ ਕਾਰਪੋਰੇਸ਼ਨਾਂ ਦੀ ਇਸ਼ਤਿਹਾਰਬਾਜ਼ੀ ਲੈਣ ਲਈ ਮਜ਼ਬੂਰ ਹੋ ਰਹੇ ਹਨ, ਅਤੇ ਇਸ ਇਸ਼ਤਿਹਾਰਬਾਜ਼ੀ ਰਾਹੀਂ ਕੰਜ਼ਿਊਮਰਿਜ਼ਮ ਦੇ ਪਸਾਰ ਦਾ ਮਾਧਿਅਮ ਬਣ ਰਹੇ ਹਨ। ਇਸ ਬਾਰੇ ਵਿਦਿਅਕ ਖੇਤਰ ਵਿੱਚੋਂ ਕੁਝ ਉਦਾਹਰਨਾਂ ਪੇਸ਼ ਹਨ।

ਇਕ ਅਧਿਅਨ ਅਨੁਸਾਰ ਅਮਰੀਕਾ ਦੇ ਦੋ ਤਿਹਾਈ ਸਕੂਲ ਸੋਡਾ ਅਤੇ ਫਾਸਟ ਫੂਡ ਵੇਚਣ ਵਾਲੀਆਂ ਮਸ਼ੀਨਾਂ ਤੋਂ ਹੋਣ ਵਾਲੀ ਆਮਦਨ ਵਿੱਚੋਂ ਹਿੱਸਾ ਲੈਂਦੇ ਹਨ ਅਤੇ ਇਕ ਤਿਹਾਈ ਸਕੂਲਾਂ ਨੂੰ ਸੋਡਾ ਵੇਚਣ ਵਾਲੀਆਂ ਕੰਪਨੀਆਂ ਵੱਲੋਂ ਵਿੱਤੀ ਇਨਾਮ ਦਿੱਤੇ ਜਾਂਦੇ ਹਨ ਜਦੋਂ ਉਹਨਾਂ ਦੇ ਸਕੂਲਾਂ ਵਿੱਚ ਇਕ ਮਿੱਥੀ ਹੱਦ ਤੋਂ ਵੱਧ ਸੋਡੇ ਦੀ ਵਿਕਰੀ ਹੋਵੇ। ਇਸ ਹੀ ਤਰ੍ਹਾਂ ਅਮਰੀਕਾ ਦੇ 8000 ਸਕੂਲਾਂ ਵਿੱਚ ਕਾਰਪੋਰੇਸ਼ਨਾਂ ਵਲੋਂ ਸਪਾਂਸਰ ਕੀਤੇ ਖਬਰਾਂ ਦੇ ਪ੍ਰੋਗਰਾਮ ਦਿਖਾਏ ਜਾਂਦੇ ਹਨ, ਜਿਹਨਾਂ ਵਿੱਚ ਕਾਰਪੋਰੇਸ਼ਨਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਇਸ਼ਤਿਹਾਰਬਾਜ਼ੀ ਵੀ ਸ਼ਾਮਲ ਹੁੰਦੀ ਹੈ। ਇਹਨਾਂ ਪ੍ਰੋਗਰਾਮਾਂ ਦੀ ਪਹੁੰਚ ਅਮਰੀਕਾ ਦੇ 60 ਲੱਖ ਵਿਦਿਆਰਥੀ ਤੱਕ ਹੈ। ਸੰਨ 2006 ਵਿੱਚ ਕੈਨੇਡਾ ਦੇ ਸਕੂਲਾਂ ਬਾਰੇ ਕੀਤੇ ਇਕ ਅਧਿਅਨ ਅਨੁਸਾਰ 32 ਫੀਸਦੀ ਸਕੂਲਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਮੌਜੂਦ ਸੀ। ਇਹ ਇਸ਼ਤਿਹਾਰਬਾਜ਼ੀ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਮੁੱਖ ਕੰਪਨੀਆਂ ਸਨ ਕੋਕ ਅਤੇ ਪੈਪਸੀ  ਜਿਹਨਾਂ ਦੀਆਂ ਵਸਤਾਂ ਦੀ ਇਸ਼ਤਿਹਾਰਬਾਜ਼ੀ ਸਕੂਲਾਂ ਦੇ ਸਕੋਰਬੋਰਡਾਂ, ਘੜੀਆਂ, ਪੀਣ ਵਾਲੀਆਂ ਵਸਤਾਂ ਵੇਚਣ ਵਾਲੀਆਂ ਮਸ਼ੀਨਾਂ, ਬੈਨਰਾਂ, ਸਕੂਲ ਦੇ ਸਾਈਨਾਂ ਅਤੇ ਜਿੰਮ ਵਿੱਚ ਵਰਤਣ ਵਾਲੀ ਸਮੱਗਰੀ ‘ਤੇ ਮੌਜੂਦ ਸੀ। ਇਹਨਾਂ ਸਕੂਲਾਂ ਨੂੰ ਕਾਰਪੋਰੇਸ਼ਨਾਂ ਦੀ ਇਸ਼ਤਿਹਾਰਬਾਜ਼ੀ ਦਾ ਸਹਾਰਾ ਤਾਂ ਲੈਣਾ ਪਿਆ ਕਿਉਂਕਿ ਉਹਨਾਂ ਨੂੰ ਸਰਕਾਰਾਂ ਵਲੋਂ ਸਕੂਲ ਚਲਾਉਣ ਦੇ ਪੂਰੇ ਖਰਚੇ ਨਹੀਂ ਮਿਲਦੇ ਸਨ। ਇਸ ਤਰ੍ਹਾਂ ਸਕੂਲ ਦੇ ਬੱਜਟਾਂ ਵਿੱਚ ਕਟੌਤੀ ਕਰਨ ਦੀਆਂ ਸਰਕਾਰੀ ਨੀਤੀਆਂ ਵਿਦਿਆਰਥੀਆਂ ਵਿੱਚ ਕੰਜਿ਼ਊਮਰ ਵਸਤਾਂ ਦੀ ਇਸ਼ਤਿਹਾਰਬਾਜ਼ੀ ਦਾ ਕਾਰਨ ਬਣੀਆਂ।

ਸਿੱਟਾ:

ਅਸੀਂ ਦੇਖਿਆ ਹੈ ਕਿ ਅੱਜ ਦੁਨੀਆ ਭਰ ਵਿੱਚ ਕੰਜ਼ਿਊਮਰਿਜ਼ਮ ਦਾ ਬੋਲਬਾਲਾ ਹੈ। ਜਿਹੜੇ ਖਿੱਤੇ ਜਾਂ ਲੋਕ ਪੂਰੀ ਤਰ੍ਹਾਂ ਇਸ ਦੀ ਗ੍ਰਿਫਤ ਵਿੱਚ ਨਹੀਂ ਆਏ, ਉਹਨਾਂ ਨੂੰ ਇਹ ਬੜੀ ਤੇਜ਼ੀ ਨਾਲ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਕੰਜ਼ਿਊਮਰਿਜ਼ਮ ਦਾ ਇਹ ਫੈਲਾਅ ਕਿਸੇ ਕੁਦਰਤੀ ਵਰਤਾਰੇ ਦੇ ਕਾਰਨ ਹੋਂਦ ਵਿੱਚ ਨਹੀਂ ਆਇਆ ਸਗੋਂ ਇਹ ਅਜੋਕੇ ਸਰਮਾਏਦਾਰੀ ਪ੍ਰਬੰਧ ਦੀ ਲੋੜ ਵਿੱਚੋਂ ਉਪਜਿਆ ਹੈ ਅਤੇ ਇਸ ਦਾ ਫੈਲਾਅ ਉਤਪਾਦਕਾਂ ਅਤੇ ਸਰਕਾਰਾਂ ਵੱਲੋਂ ਕਈ ਦਹਾਕਿਆਂ ਤੋਂ ਇਕ ਮੁਹਿੰਮ ਦੇ ਤੌਰ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵੱਖ ਵੱਖ ਤਰ੍ਹਾਂ ਦੀਆਂ ਕੋਸਿ਼ਸ਼ਾਂ ਦਾ ਨਤੀਜਾ ਹੈ। ਦੁਨੀਆਂ ਦੇ ਅਮੀਰ ਦੇਸ਼ ਅਤੇ ਅਮੀਰ ਲੋਕ ਕੰਜ਼ਿਊਮਰਿਜ਼ਮ ਦੇ ਵੱਡੇ ਹਿੱਸੇਦਾਰ ਹਨ। ਬੇਸ਼ੱਕ ਕੰਜ਼ਿਊਮਰਿਜ਼ਮ ਦੇ ਸਮਰਥਕਾਂ ਵਲੋਂ ਇਸ ਨੂੰ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨ ਕੇ ਦੁਨੀਆ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਪਰ ਅਜਿਹਾ ਕਰਨਾ ਸੰਭਵ ਨਹੀਂ ਹੈ ਕਿਉਂਕਿ ਕੰਜ਼ਿਊਮਰਿਜ਼ਮ ਦਾ ਇਹ ਪਸਾਰ ਧਰਤੀ ਦੇ ਵਾਤਾਵਰਨ ਨੂੰ ਵੱਡੀ ਪੱਧਰ ਉੱਤੇ ਨੁਕਸਾਨ ਕਰ ਰਿਹਾ ਹੈ ਅਤੇ ਇਸ ਦੀ ਕਾਇਮੀ ਲਈ ਖਤਰਾ ਬਣ ਰਿਹਾ ਹੈ।

ਸਵਾਲ ਉੱਠਦਾ ਹੈ ਕਿ ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਲਈ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਕੀ ਕੀਤਾ ਜਾਵੇ? ਕਈ ਲੋਕ ਇਸ ਦੇ ਹੱਲ ਲਈ ਤਕਨੌਲੌਜੀ ‘ਤੇ ਟੇਕ ਰੱਖਣ ਦਾ ਸੁਝਾਅ ਦਿੰਦੇ ਹਨ। ਉਹਨਾਂ ਦਾ ਦਾਅਵਾ ਹੈ ਕਿ ਵਸਤਾਂ ਦੇ ਉਤਪਾਦਨ ਲਈ ਵਸੀਲੀਆਂ ਦੀ ਘੱਟ ਵਰਤੋਂ ਕਰਨ ਵਾਲੀ ਸੁਧਰੀ ਹੋਈ ਤਕਨੌਲੌਜੀ ਸਾਡਾ ਇਹਨਾਂ ਖਤਰਿਆਂ ਤੋਂ ਬਚਾਅ ਕਰ ਸਕਦੀ ਹੈ। ਪਰ ਜੇ ਅਸੀਂ ਸੈੱਲ ਜਾਂ ਮੋਬਾਈਲ ਫੋਨਾਂ ਦੇ ਵਿਕਾਸ ਨੂੰ ਇਕ ਉਦਾਹਰਨ ਦੇ ਤੌਰ ‘ਤੇ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਤਕਨੌਲੌਜੀ ਵਿੱਚ ਸੁਧਾਰ ਇਸ ਖਤਰੇ ਨੂੰ ਠੱਲ੍ਹ ਪਾਉਣ ਵਿੱਚ ਏਡੀ ਅਸਰਦਾਇਕ ਭੂਮਿਕਾ ਨਹੀਂ ਨਿਭਾ ਸਕਦਾ। ਯੂਰਪ ਦੀ ਸੰਸਥਾ ਫਰੈਂਡਜ਼ ਆਫ ਦੀ ਅਰਥ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਜਦੋਂ 1983 ਵਿੱਚ ਪਹਿਲਾ ਸੈੱਲ ਫੋਨ ਮਾਰਕੀਟ ਵਿੱਚ ਆਇਆ ਸੀ ਤਾਂ ਉਸ ਦਾ ਭਾਰ 1 ਕਿਲੋਗ੍ਰਾਮ ਦੇ ਕਰੀਬ ਸੀ। ਹੁਣ ਦੋ ਢਾਈ ਦਹਾਕਿਆਂ ਤੋਂ ਬਾਅਦ ਮਾਰਕੀਟ ਵਿੱਚ ਆਉਣ ਵਾਲੇ ਇਕ ਔਸਤ ਸੈੱਲ ਫੋਨ ਦਾ ਭਾਰ 110 ਕੁ ਗ੍ਰਾਮ ਦੇ ਨੇੜੇ ਤੇੜੇ ਹੈ। ਪਰ ਇਸ ਨਾਲ ਸੈੱਲ ਫੋਨਾਂ ਦੇ ਉਤਪਾਦਨ ਲਈ ਵਰਤੇ ਜਾਣ ਵਾਲੇ ਸਮੁੱਚੇ ਵਸੀਲਿਆਂ ਵਿੱਚ ਕਮੀ ਨਹੀਂ ਆਈ ਕਿਉਂਕਿ ਬੇਸ਼ੱਕ ਤਕਨੌਲੌਜੀ ਵਿੱਚ ਸੁਧਾਰ ਕਾਰਨ ਇਕ ਸੈੱਲ ਫੋਨ ਬਣਾਉਣ ਲਈ ਘੱਟ ਵਸੀਲੇ ਲਗਦੇ ਹਨ ਪਰ ਸੈੱਲਫੋਨਾਂ ਦੀ ਵੱਧ ਵਰਤੋਂ ਅਤੇ ਫੈਸ਼ਨ/ਸਟਾਈਲ ਕਾਰਨ ਚੰਗੇ ਭਲੇ ਸੈੱਲ ਫੋਨਾਂ ਨੂੰ ਸੁੱਟ ਦੇਣ ਦੇ ਕਾਰਜ ਕਾਰਨ ਸਮੁੱਚੇ ਰੂਪ ਵਿੱਚ ਸੈੱਲਫੋਨਾਂ ਦੇ ਉਤਪਾਦਨ ‘ਤੇ ਲੱਗਣ ਵਾਲੇ ਵਸੀਲਿਆਂ ਵਿੱਚ ਵਾਧਾ ਹੋਇਆ ਹੈ।

ਬਹੁਤ ਸਾਰੇ ਲੋਕਾਂ ਵੱਲੋਂ ਪੁਰਾਣੀਆਂ ਹੋ ਗਈਆਂ ਵਸਤਾਂ ਦੀ ਦੁਬਾਰਾ ਵਰਤੋਂ (ਰੀਸਾਈਕਲਿੰਗ) ਨੂੰ ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਲਈ ਪੈਦਾ ਹੋਣ ਵਾਲੇ ਖਤਰਿਆਂ ਦਾ ਹੱਲ ਦੱਸਿਆ ਜਾ ਰਿਹਾ ਹੈ। ਇਸ ਸੋਚ ਦੇ ਨਤੀਜੇ ਵੱਜੋਂ ਦੁਨੀਆ ਭਰ ਵਿੱਚ ਕਈ ਤਰ੍ਹਾਂ ਦੇ ਰੀਸਾਈਕਲਿੰਗ ਪ੍ਰੋਗਰਾਮ ਸ਼ੁਰੂ ਹੋਏ ਹਨ। ਬੇਸ਼ੱਕ ਰੀਸਾਈਕਲਿੰਗ ਵਸਤਾਂ ਦੇ ਉਤਪਾਦਨ ਲਈ ਵਰਤੇ ਗਏ ਕੁੱਝ ਵਸੀਲਿਆਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣ ਵਿੱਚ ਸਹਾਈ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਆਮ ਲੋਕਾਂ ਨੂੰ ਵਾਤਾਵਰਨ ਦੇ ਬਚਾਅ ਕਰਨ ਦੀ ਨਿੱਜੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਕੇ ਉਹਨਾਂ ਨੂੰ ਇਹ ਅਹਿਸਾਸ ਕਰਵਾ ਸਕਦੀ ਹੈ ਕਿ ਉਹ ਵੀ ਵਾਤਾਵਰਨ ਨੂੰ ਬਚਾਉਣ ਲਈ ਕੁਝ ਕਰ ਰਹੇ ਹਨ। ਪਰ ਰੀਸਾਈਕਲਿੰਗ ਦੀ ਸਭ ਤੋਂ ਵੱਡੀ ਘਾਟ ਇਹ ਹੈ ਕਿ ਇਹ ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਲਈ ਪੈਦਾ ਹੋਣ ਵਾਲੇ ਖਤਰਿਆਂ ਦੀ ਮੁੱਖ ਜ਼ਿੰਮੇਵਾਰੀ ਇਕ ਵਿਅਕਤੀ ਉੱਪਰ ਸੁੱਟ ਦਿੰਦੀ ਹੈ ਕਿ ਉਹ ਇਸ ਸਮੱਸਿਆ ਦਾ ਕਾਰਨ ਹੈ ਅਤੇ ਉਹ ਹੀ ਇਸ ਸਮੱਸਿਆ ਨੂੰ ਹੱਲ ਕਰ ਸਕਦਾ ਹੈ। ਹੈਦਰ ਰੌਜਰਜ਼ ਅਨੁਸਾਰ ਰੀਸਾਈਕਲਿੰਗ ਵਸਤਾਂ ਦੇ ਉਤਪਾਦਨ ਦੇ ਪ੍ਰਬੰਧ ਨੂੰ ਬਿਲਕੁੱਲ ਅੱਖੋਂ ਉਹਲੇ ਕਰ ਦਿੰਦੀ ਹੈ। ਕੰਜ਼ਿਊਮਰਿਜ਼ਮ ਕਿਸ ਤਰ੍ਹਾਂ ਸਾਡੇ ਅਜੋਕੇ ਆਰਥਿਕ ਪ੍ਰਬੰਧ ਦੇ ਸੰਕਟ ਵਿੱਚ ਪੈਦਾ ਹੋਇਆ ਹੈ, ਕਿਸ ਤਰ੍ਹਾਂ ਵਸਤਾਂ ਦੇ ਉਤਪਾਦਕ ਲੋਕਾਂ ਵਿੱਚ ਵਸਤਾਂ ਦੀਆਂ ਚਾਹਤਾਂ ਪੈਦਾ ਕਰਦੇ ਹਨ, ਕਿਸ ਤਰ੍ਹਾਂ ਸਰਕਾਰਾਂ ਕੰਜ਼ਿਊਮਰਿਜ਼ਮ ਨੂੰ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨ ਕੇ ਆਪਣੀਆਂ ਨੀਤੀਆਂ ਨਾਲ ਕੰਜ਼ਿਊਮਰਿਜ਼ਮ ਦੇ ਪਸਾਰ ਵਿੱਚ ਯੋਗਦਾਨ ਪਾਉਂਦੀਆਂ ਹਨ, ਰੀਸਾਇਕਲਿੰਗ ਦੀ ਧਾਰਨਾ ਇਹਨਾਂ ਸਾਰੇ ਸਵਾਲਾਂ ਦੀ ਹੋਂਦ ਤੋਂ ਅੱਖਾਂ ਮੀਟ ਲੈਂਦੀ ਹੈ। ਨਤੀਜੇ ਵਜੋਂ ਰੀਸਾਈਕਲਿੰਗ ਹੋਰ ਜ਼ਿਆਦਾ ਉਤਪਾਦਨ, ਕੰਜ਼ਿਊਮਰਿਜ਼ਮ ਅਤੇ ਕੂੜੇ ਕਰਕਟ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਦੀ ਹੈ।

ਜੇ ਅਸੀਂ ਸੱਚਮੁੱਚ ਹੀ ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੇ ਹੱਲ ਬਾਰੇ ਸੋਚਣਾ ਹੈ ਤਾਂ ਸਾਡੇ ਲਈ ਕੰਜ਼ਿਊਮਰਿਜ਼ਮ ਪਿੱਛੇ ਕੰਮ ਕਰਦੀ ਚਾਲਕ ਸ਼ਕਤੀ (ਡਰਾਈਵਿੰਗ ਫੋਰਸ) ਬਾਰੇ ਆਲੋਚਨਾਤਮਕ ਨਜ਼ਰੀਏ ਨਾਲ ਗੌਰ ਕਰਨਾ ਪਵੇਗਾ। ਇਹ ਚਾਲਕ ਸ਼ਕਤੀ ਹੈ ਵਸਤਾਂ ਦੇ ਉਤਪਾਦਨ ਦਾ ਪ੍ਰਬੰਧ। ਸਾਨੂੰ ਇਹ ਸਵਾਲ ਕਰਨਾ ਪਵੇਗਾ ਕਿ ਕੀ ਵਸਤਾਂ ਦੇ ਉਤਪਾਦਨ ਦਾ ਅਜੋਕਾ ਪ੍ਰਬੰਧ ਦੁਨੀਆ ਦੇ ਸਾਰੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਕੰਮ ਕਰ ਰਿਹਾ ਹੈ ਜਾਂ ਇਹ ਦੁਨੀਆ ਦੇ ਇਕ-ਚੌਥਾਈ ਜਾਂ ਇਕ-ਤਿਹਾਈ ਲੋਕਾਂ ਲਈ ਉਤਪਾਦਨ ਕਰ ਰਿਹਾ ਹੈ? ਕੀ ਅਜੋਕਾ ਉਤਪਾਦਨ ਪ੍ਰਬੰਧ ਸਮੁੱਚੇ ਲੋਕਾਂ ਲਈ ਖੁਸ਼ਹਾਲੀ ਪੈਦਾ ਕਰਦਾ ਹੈ, ਜਿਸ ਦਾ ਕਿ ਇਸ ਦੇ ਸਮਰਥਕ ਦਾਅਵਾ ਕਰਦੇ ਹਨ, ਜਾਂ ਇਹ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਮੁਢਲੀਆਂ ਲੋੜਾਂ ਲਈ ਲੋੜੀਂਦੇ ਵਸੀਲਿਆਂ ਤੋਂ ਵੰਚਿਤ ਕਰ ਰਿਹਾ ਹੈ? ਸਭ ਤੋਂ ਪ੍ਰਮੁੱਖ ਸਵਾਲ ਸਾਨੂੰ ਇਹ ਕਰਨਾ ਪਵੇਗਾ ਕਿ ਕੀ ਇਹ ਉਤਪਾਦਨ ਪ੍ਰਬੰਧ ਸਸਟੇਨੇਬਲ (ਕਾਇਮ ਰਹਿਣ ਯੋਗ) ਹੈ? ਮੌਜੂਦਾ ਉਤਪਾਦਨ ਪ੍ਰਬੰਧ ਬਾਰੇ ਕੀਤੇ ਗਏ ਇਹੋ ਜਿਹੇ ਸਵਾਲ ਹੀ ਸਾਨੂੰ ਕੰਜ਼ਿਊਮਰਿਜ਼ਮ ਕਾਰਨ ਵਾਤਾਵਰਨ ਲਈ ਪੈਦਾ ਹੋਣ ਵਾਲੇ ਖਤਰਿਆਂ ਦੇ ਹੱਲ ਲੱਭਣ ਦਾ ਰਾਹ ਦਿਖਾਉਣਗੇ।

(ਇਸ ਲੇਖ ਵਿੱਚ ਦਿੱਤੀ ਜਾਣਕਾਰੀ ਦੇ ਸ੍ਰੋਤਾਂ ਬਾਰੇ ਜਾਣਨ ਲਈ ਦੇਖੋ:

www.watanpunjabi.ca
www.sukhwanthundal.wordpress.com


ਕੰਜ਼ਿਊਮਰਿਜ਼ਮ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ
ਮੰਜਾ ਤੇ ਨਵਾਰੀ ਪਲੰਘ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਪੱਖੀ
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਕੀ ਸ੍ਰੋਮਣੀ ਕਮੇਟੀ ਅਤੇ ਬਾਕੀ ਗੁਰਦੁਆਰਿਆਂ ਵਿੱਚ ਫੈਲਿਆ ਭ੍ਰਿਸ਼ਟਾਚਾਰ ਰੋਕਣ ਲਈ ਵੀ ਕੋਈ ਅੱਨਾ ਹਜਾਰੇ ਉੱਠੇਗਾ?
ਅਵਤਾਰ ਸਿੰਘ ਮਿਸ਼ਨਰੀ
ਸਾਂਝੇ ਪੰਜਾਬ ਦਾ, ਪੰਜਾਬੀ ਦਾ ਅਣਖੀਲਾ ਲੋਕ ਕਵੀ: ਚਿਰਾਗ ਦੀਨ ਦਾਮਨ
ਉਜਾਗਰ ਸਿੰਘ
ਰਾਜ ਵਿੱਚ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਸਰਕਾਰ ਦੀ ਧਾਰਨਾ ਕਿੱਥੋਂ ਤੱਕ ਸਹੀ ਸਾਬਤ ਹੋ ਰਹੀ ਹੈ? - ਪਰਸ਼ੋਤਮ ਲਾਲ ਸਰੋਏ
ਚਲ ਜਨਮੇਜੇ ਕਸ਼ਮੀਰ ਵਿਖਾ-3
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com