ਕੀ ਨੇਕੀ ਸੱਚ-ਮੁੱਚ ਹੀ ਬਦੀ ’ਤੇ ਹਾਵੀ ਹੁੰਦੀ ਹੈ?
ਪਰਸ਼ੋਤਮ ਲਾਲ ਸਰੋਏਜਦ
ਤੋਂ ਹੀ ਇਸ ਦੁਨੀਆਂ ਦੀ ਉਤਪਤੀ ਹੋਈ ਹੈ ਸਾਡਾ ਇਤਿਹਾਸ ਗਵਾਹੀ ਭਰਦਾ ਹੈ ਕਿ ਇੱਥੇ
ਦੋ ਤਰਾਂ ਦੀਆ ਬਿਰਤੀਆਂ ਨੇ ਆਪਣਾ ਡੇਰਾ ਪਾਇਆ ਹੋਇਆ ਹੈ। ਅਰਥਾਤ ਇੱਥੇ ਦੋ
ਪ੍ਰਕਾਰ ਦੇ ਲੋਕ ਰਹਿੰਦੇ ਹਨ-ਇੱਕ ਪਾਸੇ ਤਾਂ ਨੇਕ ਤੇ ਸੱਚੇ-ਸੁੱਚੇ ਲੋਕ ਤੇ
ਦੂਸਰੇ ਝੂਠੇ-ਕਪਟੀ ਤੇ ਬਦੀ ਵਾਲੇ ਲੋਕ ਆਉਂਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ
ਜਦ ਕਦੀ ਵੀ ਝੂਠ ਨੇ ਭਾਵ ਬਦੀ ਨੇ ਪੈਰ ਪਸਾਰਿਆ ਹੈ ਤਾਂ ਸੱਚ ਦਾ ਪ੍ਰਕਾਸ਼ ਜ਼ਰੂਰ
ਰੂਪਮਾਨ ਹੋਇਆ ਹੈ। ਬਾਣੀ ਵਿੱਚ ਵੀ ਆਉਂਦਾ ਹੈ:
‘‘ ਸੱਚ ਬਰਾਬਰ ਤਪੁ ਨਹੀ । ਝੂਠ ਬਰਾਬਰ ਪਾਪ ॥ ’’
ਅਰਥਾਤ ਸੱਚ ਨੂੰ ਇੱਕ ਤਪੱਸ਼ਿਆ ਮੰਨਿਆ ਜਾਂਦਾ ਹੈ ਜਿਸਦਾ
ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਦੂਜੇ ਪਾਸੇ ਝੂਠ ਨੂੰ ਪਾਪ ਦਾ ਪਸਾਰਾ ਮੰਨਿਆ
ਗਿਆ ਹੈ। ਲੇਕਿਨ ਅੱਜ ਇਸ ਕਲਯੁਗੀ ਪ੍ਰਧਾਨ ਸਮੇਂ ਵੱਲ ਨਜ਼ਰ ਮਾਰ ਕੇ ਦੇਖਿਆ ਜਾਵੇ
ਤਾਂ ਸੱਚ ਦਾ ਪ੍ਰਕਾਸ਼ਮਾਨ ਰੂਪ ਤੁਹਾਨੂੰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਗੁਰੂ
ਨਾਨਕ ਸਾਹਿਬ ਨੇ ਵੀ ਸਮੇਂ ਵੱਲ ਨਜ਼ਰ ਮਾਰ ਕੇ ਕਿਹਾ ਸੀ:
‘‘ ਕੂੜ ਹੋਇਆ ਪ੍ਰਧਾਨ ਵੇ ਲਾਲੋ। ’’
ਸੋ ਉਨਾਂ ਨੂੰ ਵੀ ਕੂੜ ਦਾ (ਝੂਠ) ਜਾਂ ਬਦੀ ਨੂੰ ਹੀ
ਪ੍ਰਧਾਨ ਹੁੰਦੇ ਹੋਏ ਦੇਖਿਆ ਤੇ ਦੁਨੀਆਂ ਨੂੰ ਆਪਣੀ ਬਾਣੀ ਰਾਹੀਂ ਸੱਚ ਦਾ ਪੱਲਾ
ਫੜਨ ਲਈ ਪ੍ਰੇਰਿਆ। ਬਾਣੀ ਵਿੱਚ ਪ੍ਰਮਾਤਮਾ ਨੂੰ ਹੀ ਸੱਚ ਮੰਨਿਆ ਗਿਆ ਹੈ। ਇਹ
ਕਿਹਾ ਗਿਆ ਹੈ:
‘‘ ਜਾ ਕੈ ਹਿਰਦੈ ਸਾਚਿ ਹੈ । ਤਾ ਕੈ ਹਿਰਦੈ ਆਪੁ॥ ’’
ਅਰਥਾਤ ਜਿਸ ਜੀਵ ਦੇ ਹਿਰਦੇ ਵਿੱਚ ਸੱਚ ਦਾ ਨਿਵਾਸ ਹੈ ਉੱਥੇ
ਪ੍ਰਮਾਤਮਾ ਆਪ ਨਿਵਾਸ ਕਰਦਾ ਹੈ। ਲੇਕਿਨ ਆਪਣੀ ਕਲਯੁਗੀ ਸਮੇਂ ਦੀ ਦੁਨੀਆਂ ਵੱਲ
ਗਹੁ ਨਾਲ ਨਜ਼ਰ ਮਾਰ ਕੇ ਦੇਖੋ ਕਿ ਸੱਚ ਦਾ ਨਿਵਾਸ ਕਿੱਥੇ ਹੈ? ਇੱਕ ਸੱਚਾ-ਸੁੱਚਾ
ਤੇ ਮੇਹਨਤੀ ਇਨਸਾਨ ਭੁੱਖ ਤੇ ਲਾਚਾਰੀ ਦਾ ਜੀਵਨ ਬਸਰ ਕਰ ਰਿਹਾ ਹੈ ਤੇ ਕੂੜ-ਕਪਟੀ
ਤੇ ਝੂਠੇ ਇਨਸ਼ਾਨਾਂ ਦੀ ਦੁਨੀਆਂ ਜੈ-ਜੈਕਾਰ ਕਰਦੀ ਫਿਰਦੀ ਹੈ। ਅੱਜ ਇੱਕ ਇਨਸ਼ਾਨ
ਜਿੰਨਾਂ ਹੀ ਕੂੜ ਤੇ ਕਪਟੀ ਹੈ ਉੰਨਾ ਹੀ ਉਹ ਵਧਦਾ-ਫੁਲਦਾ ਹੋਇਆ ਦਿਖਾਈ ਦਿੰਦਾ
ਹੈ। ਅੰਗਰੇਜ਼ੀ ਵਿੱਚ ਇੱਕ ਕਹਾਵਤ ਹੈ:
"ਰਾਜਨੀਤੀ ਗੁੰਡਿਆਂ ਦਾ ਖੇਲ ਹੈ"
ਇੱਥੇ ਭਗਵਾਨ ਅਰਥਾਤ ਪ੍ਰਮਾਤਮਾ ਨੂੰ ਵੀ ਪੋਲੀਟਿਕਸ
ਅਰਥਾਤ ਰਾਜਨੀਤੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਜਦ ਕਿਸੇ
ਮਹਾਪੁਰਸ਼ ਦਾ ਜਨਮ ਦਿਨ ਮਨਾਉਣਾ ਹੁੰਦਾ ਹੈ ਤਾਂ ਵੱਡੇ ਵੱਡੇ ਬੈਨਰਜ਼ ਲਗਾਏ
ਜਾਂਦੇ ਹਨ ਤੇ ਇਨਾਂ ਬੋਰਡਾਂ ਤੇ ਬੈਨਰਾਂ ਉੱਤੇ ਉਸ ਮਹਾਪੁਰਸ਼ ਦੀ
ਤਸਵੀਰ ਤਾਂ ਛੋਟੀ ਜਿਹੀ ਹੁੰਦੀ ਹੈ ਪਰ ਇਨਾਂ ਰਾਜਨੀਤੀਵਾਨਾਂ ਦੀਆਂ ਤਸਵੀਰਾਂ
ਵੱਡੀਆਂ-ਵੱਡੀਆਂ ਕਰਕੇ ਲਗਾਈਆਂ ਜਾਂਦੀਆਂ ਹਨ। ਅਰਥਾਤ ਮਹਾਪੁਰਸ਼ਾਂ ਤੋ ਇਨਾਂ
ਲੋਕਾਂ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਇੰਨਾਂ ਹੀ ਨਹੀਂ
ਬੋਰਡਾਂ ਤੇ ਇਹ ਵੀ ਲਿਖਿਆ ਮਿਲਦਾ ਹੈ:
‘‘ ਜਿਹੜੇ ਰਾਜਨੀਤੀਵਾਨਾਂ ਸਹਿ ਨਹੀਂ ਦਿੰਦੇ ਉਹ ਮੌਕਾ
ਪ੍ਰਸਤਾ ਦੇ ਧੜੇ ਚੜਦੇ ਹਨ। ’’ ਕੀ ਉਸ ਵੇਲੇ ਅਸੀਂ ਉਨਾਂ ਮਹਾਂਪੁਰਸ਼ਾਂ ਦੇ
ਪ੍ਰਵਚਨਾਂ ਦੀ ਗੱਲ ਕਰਨੀ ਹੁੰਦੀ ਹੈ ਜਾਂ ਇਨਾਂ ਦਾ ਪ੍ਰਚਾਰ। ਫਿਰ ਸੰਤ -
ਮਹਾਪੁਰਸ਼ ਤਾਂ ਰਾਜਨੀਤੀ ਤੋਂ ਕੋਸ਼ਾਂ ਦੂਰ ਹੁੰਦੇ ਹਨ। ਉਨਾਂ ਦਾ ਇਸ ਤਰਾਂ ਦਾ
ਅਪਮਾਨ ਕਰਨ ਨਾਲ ਕੀ ਨੇਕੀ ਜਿੱਤ ਰਹੀ ਹੁੰਦੀ ਹੈ?
ਸਭਿਆਚਾਰ ਦੀ ਹੀ ਗੱਲ ਕਰ ਲਈਏ ਤਾਂ ਗੀਤ - ਸੰਗੀਤ ਸਾਡੇ
ਸਭਿਆਚਾਰ ਦਾ ਹੀ ਹਿੱਸਾ ਹੁੰਦੇ ਹਨ। ਇਨਾਂ ਗੀਤ-ਸੰਗੀਤ ਦਾ ਕੰਮ ਕਰਨ ਵਾਲੇ
ਗੀਤਕਾਰ ਤੇ ਗਾਇਕ-ਗਾਇਕਾਵਾਂ ਹੁੰਦੇ ਹਨ। ਗੀਤਕਾਰ ਗੀਤ ਭੱਦੇ ਗੀਤ ਲਿਖ ਕੇ ਨੇਕੀ
ਦਾ ਕੰਮ ਕਰ ਰਹੇ ਹਨ ਤੇ ਗਾਇਕ ਤੇ ਗਾਇਕਾਵਾਂ ਇਨਾਂ ਗੀਤਾਂ ਨੂੰ ਗਾ ਕੇ। ਅੱਜ ਜਿਸ
ਤਰਾਂ ਦੇ ਗੀਤ ਗਾਏ ਤੇ ਫਿਲਮਾਏ ਜਾਂਦੇ ਹਨ ਕੀ ਇਹ ਗੀਤ ਸੁਣ ਕੇ ਜਾ ਇਨਾਂ ਗੀਤਾਂ
ਦਾ ਵੀਡੀਓਜ਼ ਦੇਖ ਕੇ ਨੋਜ਼ਵਾਨ ਪੀੜੀ ਸੱਚ-ਮੁੱਚ ਹੀ ਨੇਕ ਬਣ ਪਾਏਗੀ? ਗੀਤ ਦੀ ਇੱਕ
ਇਹ ਹੀ ਉਦਾਹਰਨ ਲੈ ਲਓ:
‘‘ ਜੇ ਨਾ ਘਰ ਦਿਆਂ ਨੇ ਤੋਰੀ ਯਾਰ ਤੇਰਾ ਕੱਢ ਕੇ ਲੈ
ਜਾਊਗਾ। ’’
ਇੱਜ਼ਤ ਨਾਲ ਲਿਜਾਣ ਨਾਲ ਕੱਢ ਕੇ ਲਿਜਾਣਾ ਵੀ ਹੁਣ ਨੇਕੀ ਦਾ
ਕੰਮ ਹੀ ਹੋ ਗਿਆ ਹੈ। ਬਾਕੀ ਜੋ ਕੁਝ ਸਭਿਆਚਾਰ ਦੇ ਨਾਂ ’ਤੇ ਪਰੋਸਿਆ ਜਾ ਰਿਹਾ ਹੈ
ਕੀ ਉਸ ਨੂੰ ਅਸੀਂ ਪੂਰੀ ਫੈਮਲੀ ਜਾਂ ਪਰਿਵਾਰ ਵਿੱਚ ਆਪਣੀਆਂ ਧੀਆਂ-ਭੈਣਾਂ
ਵਿੱਚ ਬੈਠ ਕੇ ਦੇਖ ਸਕਦੇ ਹਾਂ? ਇਸ ਸਭਿਆਚਾਰ ਦੀ ਨੇਕਦਿਲੀ ਨੂੰ ਅਸੀਂ ਕਿਸ ਤਰਾਂ
ਮਾਣਦੇ ਹਾਂ?
ਹੁਣ ਨੌਕਰੀਆਂ ਦੇ ਮਾਮਲੇ ਵਿੱਚ ਹੀ ਲੈ ਲਓ, ਇਸ ਦੇ ਮਾਮਲੇ
ਵਿੱਚ ਰਿਸ਼ਵਤਖੋਰੀ ਦਾ ਹੀ ਬੋਲਵਾਲਾ ਰਿਹਾ ਹੈ। ਜ਼ਿਆਦਾਤਰ ਇਹ ਦੇਖਿਆ ਗਿਆ ਹੈ ਕਿ
ਇੱਕ ਨੌਕਰੀ ਹਾਸਲ ਕਰਨ ਲਈ ਇਨਾ ਰਾਜਨੀਤੀਵਾਨਾਂ ਦੀ ਚਮਚਾਗਿਰੀ ਜਾਂ ਵਾਕਫ਼ੀਅਤ ਨੂੰ
ਮਾਨਤਾ ਮਿਲ ਰਹੀ ਹੈ। ਜਦ ਕਿ ਅਸਲ ਵਿੱਚ ਰੱਬ ਦੇ ਬਣਾਏ ਗਏ ਸਾਰੇ ਇਨਸ਼ਾਨ ਇੱਕ
ਬਰਾਬਰ ਹਨ। ਫਿਰ ਰੱਬ ਨਾਲ ਇਹ ਕਪਟਪੁਣਾ ਕਰਨ ਨਾਲ ਕੀ ਨੇਕੀ ਜਿੱਤ ਸਕਦੀ ਹੈ? ਕੀ
ਸਮੁੱਚਾ ਸਮਾਜ ਨੇਕੀ ਦੇ ਰਾਸਤੇ ਵੱਲ ਜਾ ਰਿਹਾ ਹੈ।
ਹਰ ਸਾਲ ਬਦੀ ਉੱਤੇ ਨੇਕੀ ਦੀ ਜਿੱਤ ਨੂੰ ਦਰਸਾਉਣ ਲਈ ਸਾਡੇ
ਸਮਾਜ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਰਾਵਣ ਨੂੰ ਬਦੀ ਦਾ ਪ੍ਰਤੀਕ
ਤੇ ਰਾਮ ਨੂੰ ਨੇਕੀ ਦਾ ਪ੍ਰਤੀਕ ਬਣਾ ਕੇ ਬਦੀ ਭਾਵ ਰਾਵਣ ਨੂੰ ਜਲਾਇਆ ਜਾਂਦਾ ਹੈ।
ਕੀ ਅਸੀਂ ਸੱਚ-ਮੁੱਚ ਹੀ ਬਦੀ ਨੂੰ ਜਲਾ ਰਹੇ ਹਾਂ। ਕੀ ਨੇਕੀ ਦੀ ਸਾਡੇ ਸਮਾਜ ਵਿੱਚ
ਜਿੱਤ ਹੁੰਦੀ ਹੈ। ਜਰਾ ਧਿਆਨ ਨਾਲ ਨਜ਼ਰ ਮਾਰ ਕੇ ਦੇਖੋ ਕਿ ਸੱਚ-ਮੁੱਚ ਹੀ ਨੇਕੀ ਦੀ
ਬਦੀ ਉੱਤੇ ਜਿੱਤ ਹੁੰਦੀ ਹੈ ਤਾਂ ਨੇਕ ਤੇ ਸੱਚੇ-ਸੁੱਚੇ ਜੀਵ ਨਰਕ ਰੂਪੀ ਜੀਵਨ
ਕਿਉਂ ਜੀਅ ਰਹੇ ਹਨ?
ਪਰਸ਼ੋਤਮ ਲਾਲ ਸਰੋਏ
ਪਿੰਡ-ਧਾਲੀਵਾਲ-ਕਾਦੀਆਂ,
ਡਾਕਘਰ- ਬਸਤੀ-ਗੁਜ਼ਾਂ, ਜਲੰਧਰ।
ਮੋਬਾਇਲ ਨੰਬਰ:- 91-92175-44348 |