ਵੈਸੇ ਤਾਂ ਪੰਜਾਬ ਵਿਚ ਸਾਰਾ ਸਾਲ ਹੀ ਕੋਈ ਨਾ ਕੋਈ ਤਿਉਹਾਰ ਆਉਂਦਾ ਰਹਿੰਦਾ
ਹੈ। ਦੇਸੀ ਮਹੀਨਿਆਂ ਦੀ ਮਹੱਤਤਾ ਸੱਭਿਆਚਾਰ ਨਾਲ ਪੂਰੀ ਤਰਾਂ ਜੁੜੀ ਹੋਈ ਹੈ। ਚੇਤ
ਤੋਂ ਫੱਗਣ ਤੱਕ ਕੋਈ ਨਾ ਕੋਈ ਧਾਰਮਿਕ, ਸਮਾਜਿਕ ਰੀਤ ਜੁੜੀ ਹੋਈ ਹੈ। ਗੁਰਬਾਣੀ
ਵਿਚ ਵੀ ਬਾਰਾ ਮਹੀਨਿਆਂ ਦੀ ਆਪਣੀ ਮਹਾਨਤਾ ਦਰਸਾਈ ਗਈ ਹੈ। ਪਰ ਜੋ ਵਡਿਆਈ ਸਾਉਣ
ਦੇ ਮਹੀਨੇ ਵਿਚ ਹੈ ਉਹ ਕਿਸੇ ਹੋਰ ਨੂੰ ਨਸੀਬ ਨਹੀਂ ਹੋਈ। ਸਾਉਣ ਮਹੀਨੇ ਦਾ ਨਾਮ
ਸੁਣ ਕੇ ਹੀ ਰੰਗੀਨ ਬਹਾਰਾ ਨਜ਼ਰ ਆਉਣ ਲੱਗ ਪੈਂਦੀਆਂ ਹਨ। ਸਾਉਣ ਦੇ ਮਹੀਨੇ ਤੋਂ ਹੀ
ਸਿਆਲਾਂ ਦੇ ਤਿਉਹਾਰ ਦਾ ਆਰੰਭ ਦਿੱਸਣ ਲੱਗ ਪੈਂਦਾ ਹੈ। ਜੇਠ ਹਾੜ ਦੀਆਂ ਕੜਕਦੀਆਂ
ਧੁੱਪਾਂ ਤੋਂ ਬਾਅਦ ਸਾਉਣ ਦੇ ਮਹੀਨੇ ਦੇ ਛਰਾਟੇ ਵੱਖਰਾ ਹੀ ਆਨੰਦ ਦਿੰਦੇ ਹਨ।
ਸਾਡੇ ਗੁਰੂਆਂ-ਪੀਰਾਂ-ਫਕੀਰਾਂ ਵੱਲੋਂ ਵੀ ਸਾਉਣ ਦੀ ਮਹੀਨੇ ਨੂੰ ਵਿਸ਼ੇਸ਼ ਵਡਿਆਈ
ਦਿੱਤੀ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਰਾਗ ਵਡਹੰਸ’ ਵਿਚ ਇਸਤਰੀ ਰੂਪੀ
ਜੀਵ ਆਪਣੇ ਪਤੀ ਰੂਪੀ ਪਰਮਾਤਮਾ ਦੀ ਸਾਉਣ ਮਹੀਨੇ ਦੀ ਤੜਫ ਨੂੰ ਇਉਂ ਫੁਰਮਾਇਆ ਗਿਆ
ਹੈ-
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥
ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ॥
ਬਾਰਾਮਾਹ ਬਾਣੀ ਵਿਚ ਸਾਉਣ ਦੇ ਮਹੀਨੇ ਬਾਰੇ ਫੁਰਮਾਇਆ ਗਿਆ ਹੈ -
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥
ਮੈਂ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥
ਸਾਉਣ ਦੇ ਮਹੀਨੇ ਵਿਚ ਮਿਲਾਪ ਦੀ ਘੜੀ ਨੂੰ ਸਾਡੇ ਮਹਾਨ ਸੂਫ਼ੀ ਫਕੀਰ ਬਾਬਾ
ਬੁੱਲੇ ਸ਼ਾਹ ਜੀ ਨੇ ਇੰਜ ਬਿਆਨ ਕੀਤਾ ਹੈ-
ਸਾਵਣ ਸੋਹੇ ਮੇਘਲਾ ਘਟ ਸੋਹੇ ਕਰਤਾਰ॥
ਠੋਰ ਠੋਰ ਅਨਾਇਤ ਬਸੇ ਪਪੀਹਾ ਕਰੇ ਪੁਕਾਰ॥
ਸਾਉਣ ਦੇ ਮਹੀਨੇ ਦੀਆਂ ਰੰਗੀਨ ਬਹਾਰਾਂ ਵਿਚ ਜਦੋਂ ਮੋਰ ਪੈਲਾ ਪਾਉਂਦੇ ਹਨ,
ਕੋਇਲਾ ਕੂਕਦੀਆਂ ਹਨ, ਘਣਘੋਰ ਘਟਾਵਾਂ ਅਸਮਾਨ ਵਿਚ ਚੜ-ਚੜ ਆਉਂਦੀਆਂ ਹਨ ਤਾਂ ਸਾਰੀ
ਕਾਇਨਾਤ ਝੂੰਮ ਉਠਦੀ ਹੈ। ਬੱਚੇ ਮੀਂਹ ਪਵਾਉਣ ਲਈ ਰੱਬ ਅੱਗੇ ਦੁਆਵਾਂ ਕਰਦੇ ਹਨ।
ਕਾਲੀਆ ਇੱਟਾਂ ਕਾਲੇ ਰੋੜ,
ਮੀਂਹ ਵਰਸਾ ਦੇ ਜੋਰੋ ਜੋਰ।
ਗਰੀਬ ਕਿਸਾਨ ਵੀ ਆਪਣੀਆਂ ਫਸਲਾਂ ਲਈ ਪਾਣੀ ਪ੍ਰਾਪਤ ਕਰਨ ਲਈ ਰੱਬ ਅੱਗੇ
ਅਰਜੋਈਆਂ ਕਰਦਾ ਹੈ -
ਰੱਬਾ-ਰੱਬਾ ਮੀਂਹ ਵਰਸਾ
ਸਾਡੀ ਕੋਠੀ ਦਾਣੇ ਪਾ।
ਖੀਰ, ਕੜਾਹ, ਪੁੜੇ ਤੇ ਗੁਲਗਲੇ ਇਸ ਮਹੀਨੇ ਦੀ ਸੌਗਾਤ ਹਨ। ਪੰਜਾਬ ਦਾ ਸ਼ਾਇਦ
ਹੀ ਕੋਈ ਅਜਿਹਾ ਘਰ ਹੋਵੇਗਾ ਜਿਥੇ ਸਾਉਣ ਦੇ ਮਹੀਨੇ ਵਿਚ ਇਹ ਪਕਵਾਨ ਨਾ ਪਕਾਏ
ਜਾਂਦੇ ਹੋਣ। ਇਸ ਮਹੀਨੇ ਵਿਚ ਜਿਸ ਨੇ ਖੀਰ ਨਹੀਂ ਖਾਧੀ ਉਸ ਨੂੰ ਤਾਂ ਪੰਜਾਬੀ
ਬੰਦਾ ਹੀ ਨਹੀਂ ਸਮਝਦੇ -
ਸਾਉਣ ਖੀਰ ਨਾ ਖਾਧੀਆ
ਕਿਉਂ ਜੰਮਿਆ ਅਪਰਾਧੀਆ।
ਇਸ
ਮਹੀਨੇ ਦਾ ਸਭ ਤੋਂ ਖਾਸ ਤਿਉਹਾਰ ਤੀਆਂ ਦਾ ਤਿਉਹਾਰ ਹੈ ਜੋ ਚਾਨਣ ਪੱਖ ਦੀ ਤੀਜ
ਨੂੰ ਸ਼ੁਰੂ ਹੁੰਦਾ ਹੈ ਤੇ ਪੂਰਨਮਾਸੀ ਨੂੰ ਸੰਪੂਰਨ ਹੋ ਜਾਂਦਾ ਹੈ। ਇਸ ਤਿਉਹਾਰ ਤੇ
ਸੱਜ ਵਿਆਹੀਆਂ ਮੁਟਿਆਰਾਂ ਆਪਣੇ ਸਹੁਰਿਆਂ ਤੋਂ ਪੇਕਿਆਂ ਨੂੰ ਜਾਂਦੀਆਂ ਹਨ। ਕੋਈ
ਮੁਟਿਆਰ ਆਪਣੇ ਮਾਹੀ ਨੂੰ ਕਹਿੰਦੀ ਹੈ-
ਵੇ ਤੀਆਂ ਦਾ ਮਹੀਨਾ ਢੋਲਣਾ,
ਪੇਕੀਂ ਘੱਲਦੇ ਸਵੇਰ ਵਾਲੀ ਲਾਰੀ।
ਪੇਕੇ ਘਰ ਜਾ ਕੇ ਸਾਰੀਆਂ ਪੁਰਾਣੀਆਂ ਸਖੀਆਂ ਸਹੇਲੀਆਂ ਇਕੱਠੀਆਂ ਹੋ ਕੇ
ਦੁੱਖ-ਸੁੱਖ ਫੋਲਦੀਆਂ ਹਨ, ਪੀਂਘਾਂ ਝੂਟਦੀਆਂ ਹਨ, ਗਿੱਧਾ ਪਾਉਂਦੀਆਂ ਹਨ, ਸਾਉਣ
ਦੀਆਂ ਘਟਾਵਾਂ ਦਾ ਆਨੰਦ ਮਾਣਦੀਆਂ ਹਨ -
ਸਾਉਣ ਮਹੀਨਾ ਦਿਨ ਗਿੱਧੇ ਦੇ,
ਸਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ,
ਸ਼ਾਮ ਘਟਾ ਚੜ ਆਈਆਂ।
ਅੱਜ ਤਾਂ ਟੀ.ਵੀ. ਚੈਨਲ ਅਤੇ ਮਾਡਰਨ ਟੈਕਨਾਲਜੀ ਨੇ ਕੁੜੀਆਂ ਚਿੜੀਆਂ ਨੂੰ
ਵਿਰਸੇ ਤੋਂ ਦੂਰ ਕਰ ਦਿੱਤਾ ਹੈ। ਪਰ ਬੀਤੇ ਕੁਝ ਸਮੇਂ ਵਿਚ ਮਨੋਰੰਜਨ ਦੇ ਸਾਧਣਾਂ
ਲਈ ਪੀਂਘ ਝੂਟਣਾ, ਗਿੱਧਾ ਪਾਉਣਾ, ਵੰਗਾਂ ਚੜਾਉਣੀਆਂ, ਨੱਚਣਾ, ਟੱਪਣਾ ਆਦਿ ਹੀ
ਅਹਿਮ ਸਨ। ਇਸ ਮਹੀਨੇ ਕੋਈ ਵੀ ਕੁੜੀ ਆਪਣੇ ਪੇਕਿਉਂ ਨਹੀਂ ਸੀ ਆਉਣਾ ਚਾਹੁੰਦੀ
ਜੇਕਰ ਕੋਈ ਭਾਉਦੂ ਇਸ ਮਹੀਨੇ ਆਪਣੀ ਵਹੁਟੀ ਨੂੰ ਪੇਕਿਉ ਲੈਣ ਚਲਾ ਜਾਂਦਾ ਤਾਂ ਉਹ
ਮੁਟਿਆਰ ਆਪਣੇ ਮਾਹੀ ਨੂੰ ਕਹਿੰਦੀ -
ਤੇਰੀ ਮੱਤ ਕਿਉ ਗੱਭਰੂਆ ਮਾਰੀ,
ਵੇ ਤੀਆਂ ਵਿਚ ਲੈਣ ਆ ਗਿਆ।
ਆਖਿਰ ਮੁਟਿਆਰ ਨੇ ਆਪਣੇ ਸਹੁਰੇ ਘਰ ਤਾਂ ਆਉਣਾ ਹੀ ਹੁੰਦਾ ਹੈ ਪਰ ਆਪਣੀਆਂ ਸਖੀ
ਸਹੇਲੀਆਂ ਨੱਚਣਾ, ਟੱਪਣਾ, ਹੱਸਣਾ, ਖੇਡਣਾ ਛੱਡ ਕੇ ਆਉਣ ਨੂੰ ਦਿਲ ਨਹੀਂ ਕਰਦਾ
ਤਾਂ ਸਾਉਣ ਮਹੀਨੇ ਦੇ ਤਾਰੀਫ਼ ਤੇ ਸਾਉਣ ਦੇ ਬਾਅਦ ਭਾਦੋ ਦੇ ਮਹੀਨੇ ਨੂੰ ਲਾਹਨਤਾ
ਪਾਉਂਦੀਆਂ ਹਨ -
ਸਾਉਣ ਸਖੀਆ ਇਕੱਠੀਆਂ ਕਰੇ,
ਭਾਦੋ ਚੰਦਰੀ ਵਿਛੋੜੇ ਪਾਵੇ।
ਸਾਉਣ ਦਾ ਮਹੀਨਾ ਜਿਥੇ ਸਖੀਆ ਸਹੇਲੀਆਂ ਦੇ ਮਿਲਾਪ ਦੇ ਸਬੱਬ ਬਣਦਾ ਹੈ ਉਹ
ਆਪਣੇ ਮਾਹੀ ਅਤੇ ਆਪਣੇ ਪ੍ਰੇਮੀ ਸੰਗ ਇਹ ਹਸੀਨ ਨਜ਼ਾਰੇ ਵੀ ਵਿਸ਼ੇਸ਼ ਅਹਿਮੀਅਤ ਰੱਖਦੇ
ਹਨ। ਜਿਨਾਂ ਮੁਟਿਆਰਾਂ ਦੇ ਕੰਤ ਬਾਹਰ ਨੌਕਰੀਆਂ ਕਰਦੇ ਹਨ ਉਨਾਂ ਦੀਆਂ ਅੱਖੀਆਂ
ਰੋਜ਼ ਆਪਣੇ ਕੰਤ ਦਾ ਰਸਤਾ ਉਡੀਕਦੀਆਂ ਹਨ।
ਤੇਰਾ ਵਿਛੋੜਾ ਮਹਿਰਮਾ ਵੇ,
ਮੈਨੂੰ ਵੱਢ ਵੱਢ ਖਾਂਦਾ।
ਤੇਰੀ ਦੋ ਟਕਿਆ ਦੀ ਨੌਕਰੀ,
ਮੇਰਾ ਲੱਖਾਂ ਦਾ ਸਾਵਣ ਜਾਂਦਾ।
ਜਿਨਾਂ ਦੇ ਕੰਤ ਪ੍ਰਦੇਸੀ ਹੋ ਗਏ ਹਨ ਜਿਨਾਂ ਦੇ ਮਨ ਵਿਚ ਵਿਛੋੜੇ ਦੀ ਅੱਗ ਬਲ
ਰਹੀ ਹੈ ਉਨਾਂ ਲਈ ਸਾਉਣ ਦੇ ਮਹੀਨੇ ਕੀ ਖੁਸ਼ੀਆਂ ਲੈ ਕੇ ਆਉਣਗੇ। ਆਪਣੇ ਪ੍ਰਦੇਸ਼ ਗਏ
ਮਾਹੀ ਦੇ ਵਿਛੋੜੇ ਵਿਚ ਭਿੱਜਦੀ ਮੁਟਿਆਰ ਨੂੰ ਤਾਰਿਆਂ ਦੀ ਨਿੰਮੀ ਨਿੰਮੀ ਲੋਅ ਵੀ
ਚੰਗੀ ਨਹੀਂ ਲੱਗਦੀ ਤੇ ਉਹ ਕੁਰਲਾ ਉਠਦੀ ਹੈ -
ਤਨ ਮਨ ਸਾੜੀ ਜਾਵੇ ਬ੍ਰਿਹੋ ਦੀ ਅੱਗ ਚੰਨਾ,
ਅੱਖੀਆਂ ’ਚੋਂ ਹੰਝੂ ਰਹੇ ਚੋਅ।
ਸਾਉਣ ਦੇ ਛਰਾਟੇ ਵਾਂਗੂੰ ਆਜਾ ਪ੍ਰਦੇਸੀਆ ਵੇ,
ਤਾਰਿਆਂ ਦੀ ਨਿੰਮੀ ਨਿੰਮੀ ਲੋਅ।
ਪ੍ਰਮਾਤਮਾ ਕਰੇ ਕਦੇ ਵੀ ਕਿਸੇ ਲਈ ਅਜਿਹਾ ਸਾਉਣ ਦਾ ਮਹੀਨਾ ਨਾ ਆਵੇ ਜਿਸ ਵਿਚ
ਕਿਸੇ ਦੇ ਵਿਛੋੜੇ ਦਾ ਦਰਦ ਹੋਵੇ। ਇਸ ਸਾਉਣ ਦਾ ਮਹੀਨਾ ਹਮੇਸ਼ਾ ਸਾਰਿਆਂ ਲਈ ਮੇਲ
ਮਿਲਾਪ ਦਾ ਸਾਧਨ ਬਣਦਾ ਰਹੇ।
ਭਵਨਦੀਪ ਸਿੰਘ ਪੁਰਬਾ
ਮੁੱਖ ਸੰਪਾਦਕ - ‘ਮਹਿਕ ਵਤਨ ਦੀ’
E-Mail : bhawandeep@rediffmail.com
Cell : (+91)-9988-92-9988
|