ਬਹੁਤ
ਹੀ ਘੱਟ ਕੈਨੇਡੀਅਨ ਪੰਜਾਬੀ ਕਵੀਆਂ ਨੇ ਦਾਰਸ਼ਨਿਕ ਸੁਭਾਅ ਦੀ ਕਵਿਤਾ ਦੀ ਰਚਨਾ
ਕੀਤੀ ਹੈ। ਉਨ੍ਹਾਂ ਚੋਣਵੇਂ ਕਵੀਆਂ ਵਿੱਚ ਇੱਕ ਨਾਮ ਹੈ: ਚਰਨ ਸਿੰਘ। ਉਸਦੀ ਕਵਿਤਾ
ਦੇ ਸੁਭਾਅ ਨੂੰ ਸਮਝਣ ਲਈ 2009 ਵਿੱਚ ਪ੍ਰਕਾਸਿ਼ਤ ਹੋਏ ਉਸਦੇ ਕਾਵਿ-ਸੰਗ੍ਰਹਿ
‘ਵਿਪਰੀਤ’ ਵਿਚਲੀਆਂ ਕਵਿਤਾਵਾਂ ਦਾ ਅਧਿਐੱਨ ਕੀਤਾ ਜਾ ਸਕਦਾ ਹੈ। ਇਸ
ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਉਹ ‘ਤੀਸਰੀ ਅੱਖ’ (1982), ‘ਮਿੱਟੀ
‘ਚ ਉੱਕਰੇ ਅੱਖਰ’ (1984), ‘ਸ਼ੁਨਯ-ਬੋਧ’ (1987), ‘ਆਪੇ ਬੋਲ ਸ੍ਰੋਤ’ (1998),
‘ਗਗਨ ਮੇਂ ਥਾਲੁ’ (2008), ‘ਸ਼ੀਸ਼ੇ ਵਿਚਲਾ ਸੂਰਜ’ (2008), ‘ਰੁੱਖ ਤੇ ਜੰਗਲ’
(2008), ‘ਮੁੜਕੋ ਮੁੜਕੀ ਪੌਣ’ (2009) ਅਤੇ ‘ਬਿੰਦੂ ਤੇ ਦਾਇਰੇ’ (2009)
ਕਾਵਿ-ਸੰਗ੍ਰਹਿ ਪ੍ਰਕਾਸਿ਼ਤ ਕਰ ਚੁੱਕਾ ਹੈ। ‘ਵਿਪਰੀਤ’ ਕਾਵਿ-ਸੰਗ੍ਰਹਿ
ਵਿਚਲੀਆਂ ਕਵਿਤਾਵਾਂ ਦਾ ਅਧਿਐੱਨ ‘ਕੁਰਸੀ’ ਨਾਮ ਦੀ ਕਵਿਤਾ ਦੀਆਂ ਹੇਠ ਲਿਖੀਆਂ
ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:
ਸਿਕੰਦਰ ਹਿਟਲਰ ਅਕਬਰ
ਕੌਰਵ ਪਾਂਡਵ ਤੇ ਚੰਗੇਜ਼ ਖ਼ਾਨ
ਕਿਸੇ ਮਨੁੱਖ ਦੇ ਨਾਮ ਨਹੀਂ
ਕੁਰਸੀ ਦੇ ਨਾਮ ਹਨ
ਦੁਨੀਆਂ ਕਿਸੇ ਵੀ ਨਕਸ਼ੇ ਦੀ ਥਾਂ ਨਹੀਂ
ਕੁਰਸੀ ਦੀ ਥਾਂ ਹੈ
ਕੁਰਸੀ ਪਰਜਾ ਨਹੀਂ
ਪਰਜਾ ਕੁਰਸੀ ਦੀ ਪੈਰੋਕਾਰ ਹੈ
ਕੁਰਸੀ ਦੁਨੀਆਂ ਦਾ ਕਾਨੂੰਨ ਹੈ
ਵਿਸ਼ਵ ਦੀ ਸਰਕਾਰ ਹੈ
2।
ਸਰਹੱਦਾਂ ਦਿਆਂ ਚਿਹਰਿਆਂ ਤੇ ਲਹੂ ਦੇ ਛਿੱਟੇ
ਪਰਜਾ ਦੀਆਂ ਟੁੱਕੀਆਂ ਜੀਭਾਂ
ਧਰਤੀ ਤੇ ਵਿੱਛੀਆਂ ਲਾਸ਼ਾਂ
ਅੰਬਰ ਤੋਂ ਬਰਸਦੀਆਂ ਅੱਗਾਂ
ਕੁਰਸੀ ਦੇ ਬੋਲ ਹਨ
ਕੁਰਸੀ ਦੇ ਇਸ਼ਾਰੇ ਹਨ
ਇਹ ਮਨੁੱਖ ਦੀ ਤਾਕਤ ਨਹੀਂ
ਕੁਰਸੀ ਦੇ ਸਹਾਰੇ ਹਨ
‘ਕੁਰਸੀ’ ਆਪਣੇ ਆਪ ਵਿੱਚ, ਮਹਿਜ਼, ਇੱਕ ਛੋਟਾ ਜਿਹਾ ਸ਼ਬਦ ਹੈ। ਪਰ ਇਸ ਸ਼ਬਦ
ਨਾਲ ਜੁੜੀ ਤਾਕਤ ਇਸ ਸ਼ਬਦ ਨੂੰ ਵਿਸ਼ਾਲ ਬਣਾ ਦਿੰਦੀ ਹੈ। ਇਸ ਨਿਰਜਿੰਦ ਕੁਰਸੀ
ਉੱਤੇ ਬਹਿਣ ਵਾਲਾ ਇੱਕ ਵਿਅਕਤੀ ਭਾਵੇਂ ਸਰੀਰਕ ਤੌਰ ਉੱਤੇ ਕਮਜ਼ੋਰ ਹੋਵੇ, ਭਾਵੇਂ
ਮਾਨਸਿਕ ਤੌਰ ਉੱਤੇ ਸਿੱਧ-ਪੱਧਰਾ ਹੋਵੇ, ਨੈਤਿਕਤਾ ਪੱਖੋਂ ਭਾਵੇਂ ਬਹੁਤ ਡਿੱਗਿਆ
ਹੋਇਆ ਹੋਵੇ - ਪਰ ਉਸਦੀ ਕੁਰਸੀ ਨਾਲ ਜੁੜੀ ਤਾਕਤ ਜਾਂ ਉੱਚਤਾ ਕਾਰਨ ਵੱਡੇ ਤੋਂ
ਵੱਡੇ ਲੋਕ ਵੀ ਉਸਨੂੰ ਝੁਕ ਝੁਕ ਕੇ ਸਲਾਮ ਕਰਦੇ ਹਨ। ਤਾਕਤ ਦੀ ਕੁਰਸੀ ਉੱਤੇ ਬੈਠਾ
ਵਿਅਕਤੀ ਹਿਟਲਰ ਜਾਂ ਚੰਗੇਜ਼ ਖ਼ਾਨ ਹੋ ਸਕਦਾ ਹੈ; ਪਰ ਉਸ ਕੁਰਸੀ ਨਾਲੋਂ ਅਲੱਗ ਕਰ
ਦੇਣ ਤੋਂ ਬਾਹਦ ਉਹ ਵਿਅਕਤੀ ਇੱਕ ਭਿੱਜੀ ਬਿੱਲੀ ਤੋਂ ਵੱਧ ਕੁਝ ਨਹੀਂ ਹੁੰਦਾ।
ਤਾਕਤ ਦੀਆਂ ਕੁਰਸੀਆਂ ਉੱਤੇ ਬੈਠੇ ਲੋਕ ਹਰ ਹਾਲਤ ਵਿੱਚ ਆਪਣੀ ਤਾਕਤ ਬਣਾਈ
ਰੱਖਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਵਰਤਦੇ ਹਨ। ਉਹ ਲੋਕਾਂ ਦੇ ਮਨਾਂ ਵਿੱਚ ਇੱਕ
ਦੂਜੇ ਦੇ ਵਿਰੁੱਧ ਨਫਰਤ ਦੀਆਂ ਕੰਧਾਂ ਉਸਾਰਦੇ ਹਨ। ਤਾਂ ਜੁ ਉਹ ਆਪਸ ਵਿੱਚ ਹੀ
ਇੱਕ ਦੂਜੇ ਨਾਲ ਲੜਦੇ ਰਹਿਣ ਅਤੇ ਹਕੂਮਤ ਦੀ ਕੁਰਸੀ ਉੱਤੇ ਬੈਠੇ ਲੋਕਾਂ ਨੂੰ ਕਦੀ
ਚੁਣੌਤੀ ਨ ਦੇ ਸਕਣ, ਉਨ੍ਹਾਂ ਨੂੰ ਕੁਰਸੀ ਤੋਂ ਕਦੀ ਲਾਹ ਨ ਸਕਣ। ‘ਕੰਧਾਂ’ ਨਾਮ
ਦੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਵਿੱਚ ਚਰਨ ਸਿੰਘ ਵੀ ਇਸੇ ਗੱਲ ਦੀ ਹੀ ਪੁਸ਼ਟੀ
ਕਰ ਰਿਹਾ ਜਾਪਦਾ ਹੈ:
ਲੋਕ ਆਪਣੇ ਲਾਲਚ ਲਈ
ਮੇਰੀ ਹੋਂਦ ਕਾਇਮ ਰੱਖਣਾ ਚਾਹੁੰਦੇ ਹਨ
ਜਦ ਮੈਂ ਖੜੀ ਖਲੋਤੀ ਅੱਕ ਗਈ ਹਾਂ
ਥੱਕ ਗਈ ਹਾਂ ਜੜ੍ਹ ਹੋ ਗਈ ਹਾਂ
ਆਪਣੀ ਗਤੀ ਤੋਂ ਵੱਖ ਹੋ ਗਈ ਹਾਂ
ਮੈਂ ਕੰਧ ਜੋ ਸਿਰਜਦੀ ਹਾਂ ਬੀਜਦੀ ਹਾਂ
ਉਹ ਵੰਡੀਆਂ ਹਨ ਸਮਾਜਕ ਭੰਡੀਆਂ ਹਨ
ਫਿਰ ਵੀ ਵੰਡੀਆਂ ਦੇ ਜੋ ਪੁਜਾਰੀ ਨੇ
ਇਨ੍ਹਾਂ ਘਰਾਂ ਦੇ ਲੋਕ ਜੋ ਕਰਤਾਰੀ ਨੇ
ਇਨ੍ਹਾਂ ਕੁਰਸੀਆਂ ਉੱਤੇ ਬੈਠਣ ਵਾਲੇ ਆਪਣੀਆਂ ਨਿੱਜੀ ਲਾਲਸਾਵਾਂ ਖਾਤਿਰ
ਲੋਕ-ਮਨਾਂ ਵਿੱਚ ਧਾਰਮਿਕ ਨਫ਼ਰਤ ਦੀਆਂ ਕੰਧਾਂ ਉਸਾਰਦੇ ਹਨ। ਇੱਕ ਦੂਜੇ ਵਿੱਚ
ਧਾਰਮਿਕ ਟਕਰਾਓ ਪੈਦਾ ਕਰਦੇ ਹਨ। ਇਨ੍ਹਾਂ ਧਰਮਾਂ ਦੀ ਉਸਾਰੀ ਕਰਨ ਵਾਲੇ
ਰਹਿਨੁਮਾਵਾਂ ਨੇ ਤਾਂ ਇਨ੍ਹਾਂ ਧਰਮਾਂ ਨੂੰ ਸੱਚ ਦੇ ਮਾਰਗਾਂ ਵਜੋਂ ਉਸਾਰਿਆ ਸੀ ਪਰ
ਅੱਜ ਧਰਮ ਸਿੱਖ, ਹਿੰਦੂ, ਮੁਸਲਿਮ, ਈਸਾਈ - ਮਹਿਜ਼, ਖੋਖਲੇ ਧਾਰਮਿਕ ਨਾਮ ਬਣਕੇ
ਰਹਿ ਗਏ ਹਨ। ਉਨ੍ਹਾਂ ਅੰਦਰ ਨੈਤਿਕਤਾ ਵਾਲੀ, ਉੱਚੀ-ਸੁੱਚੀ ਸੋਚ ਵਾਲੀ ਕੋਈ ਗੱਲ
ਬਾਕੀ ਨਹੀਂ ਰਹਿ ਗਈ। ‘ਧਰਮ’ ਨਾਮ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਵੀ ਇਸੀ
ਗੱਲ ਦੀ ਗਵਾਹੀ ਦੇ ਰਹੀਆਂ ਹਨ:
ਮੈਂ ਧਰਮ
ਸਿੱਖ, ਮੁਸਲਮਾਨ, ਹਿੰਦੂ, ਈਸਾਈ ਹੋ ਸਕਦਾ ਹਾਂ
ਮੇਰੀ ਮੰਜਿ਼ਲ ‘ਚੋਂ
ਮੇਰੇ ਚਾਰੇ ਰੂਪ ਮਨਫ਼ੀ ਹਨ
ਉਹ ਸੱਚ
ਆਦਿ ਅੰਤ ਰਹਿਤ ਸਿਰਫ ਸੱਚ ਹੈ ਸੱਚਾਈ ਹੈ
ਉਹ ਨਾ ਸਿੱਖ ਮੁਸਲਮਾਨ ਹਿੰਦੂ ਨਾ ਈਸਾਈ ਹੈ
ਮਨੁੱਖੀ ਜ਼ਿੰਦਗੀ ਵਿੱਚ ਸਕੂਲ ਜਾਂ ਮਦਰੱਸੇ ਦਾ ਬਹੁਤ ਮਹੱਤਵ ਹੁੰਦਾ ਹੈ। ਇੱਥੇ
ਆਕੇ ਹੀ ਮਨੁੱਖ ਗੱਲਬਾਤ ਕਰਨ, ਬਹਿਣ- ਉੱਠਣ, ਸੋਚਣ-ਗੱਲ ਕਰਨ, ਲਿਖਣ-ਪੜ੍ਹਣ ਦਾ
ਢੰਗ ਸਿੱਖਦਾ ਹੈ। ਇੱਥੇ ਆ ਕੇ ਹੀ ਮਨੁੱਖ ਨੂੰ ਗਿਆਨ-ਵਿਗਿਆਨ ਦੀ ਸੋਝੀ ਆਉਂਦੀ
ਹੈ। ਇੱਥੇ ਆ ਕੇ ਹੀ ਉਹ ਜਿਉਣ ਦਾ ਢੰਗ ਸਿੱਖਦਾ ਹੈ। ਕੁਝ ਇਹੋ ਜਿਹੀ ਗੱਲ ਹੀ ਚਰਨ
ਸਿੰਘ ‘ਮਦਰੱਸਾ’ ਨਾਮ ਦੀ ਕਵਿਤਾ ਵਿੱਚ ਕਹਿ ਰਿਹਾ ਜਾਪਦਾ ਹੈ:
ਮਦਰੱਸਾ
ਇੱਟਾਂ ਵੱਟਿਆਂ ਦਾ ਬਣਿਆ ਵਜ਼ੂਦ ਨਹੀਂ
ਮਦਰੱਸੇ ਦੀ ਨੀਂਹ ‘ਚ
ਗਿਆਨ, ਵਿਗਿਆਨ ਤੇ ਚਾਨਣ ਦਾ ਭੰਡਾਰ ਹੈ
ਮਦਰੱਸਾ, ਜੀਵਨ ਦਾ ਆਧਾਰ ਹੈ
ਵਿੱਦਿਆ ਦਾ ਦਰਬਾਰ ਹੈ
ਵਿਸ਼ਵ ਦਾ ਚਾਨਣ
ਮਦਰੱਸੇ ਦੇ ਲਹੂ ‘ਚ ਸਮਾਇਆ ਹੈ
ਮਦਰੱਸੇ, ਵੇਦਾਂ ਸ਼ਾਸਤਰਾਂ ਗ੍ਰੰਥਾਂ ਦੀ ਰੂਹ ਹੈ
ਨੱਨੀਆਂ ਨੱਨੀਆਂ ਜੋਤਾਂ ਦਾ ਘਰ ਹੈ
ਸੂਰਜਾਂ ਦੇ ਸੂਰਜ ਦਾ ਦਰ ਹੈ
ਜਿਸ ‘ਚ ਸੱਚ ਖੰਡ ਦਾ ਵਸੇਰਾ ਹੈ ਨੂਰ ਤੇ ਰੱਬਤਾ ਦਾ ਡੇਰਾ ਹੈ
ਪਰ ਸਾਡੇ ਸਮਿਆਂ ਤੱਕ ਪਹੁੰਚ ਕੇ ਚਰਨ ਸਿੰਘ ਵੱਲੋਂ ਮਦਰੱਸੇ ਦੀ ਦਿੱਤੀ ਗਈ
ਪ੍ਰੀਭਾਸ਼ਾ ਬਹੁਤ ਹੱਦ ਤੱਕ ਬਦਲ ਗਈ ਹੈ। ਇਨ੍ਹਾਂ ਮਦਰੱਸਿਆਂ ਵਿੱਚ ਧਰਮ ਦੀ
ਅਜਿਹੀ ਵਿੱਦਿਆ ਦਿੱਤੀ ਜਾਂਦੀ ਹੈ ਜੋ ਮਨੁੱਖੀ ਦਿਮਾਗਾਂ ਵਿੱਚ ਧਾਰਮਿਕ ਨਫ਼ਰਤ ਦੀ
ਜ਼ਹਿਰ ਦੇ ਬੀਜ ਬੀਜਦੀ ਹੈ। ਜੋ ਮਨੁੱਖਾਂ ਨੂੰ ਇੱਕ ਦੂਜੇ ਦੇ ਕਾਤਲ ਬਨਾਉਣ ਵਿੱਚ
ਸਹਾਇਕ ਹੁੰਦੀ ਹੈ। ਇਸ ਤਰ੍ਹਾਂ ਦੀ ਧਾਰਮਿਕ ਵਿੱਦਿਆ ਜੋ ਕਿ ਬਾਲ ਮਨਾਂ ਨੂੰ
ਮਨੁੱਖੀ ਬੰਬ ਬਣਕੇ ਵਿਸਫੋਟ ਕਰਨ ਲਈ ਧਾਰਮਿਕ ਜਨੂੰਨਵਾਦੀ ਦਹਿਸ਼ਤਗਰਦੀ ਦਾ ਹਥਿਆਰ
ਬਨਣ ਵਿੱਚ ਸਹਾਈ ਹੁੰਦੀ ਹੈ। ਮਦਰੱਸਿਆਂ, ਸਕੂਲਾਂ ਦੀ ਬਦਲ ਰਹੀ ਇਹ ਸਥਿਤੀ ਸਾਡੇ
ਸਭ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। ਮਦਰੱਸਿਆਂ ਵਿੱਚ ਦਿੱਤੀ ਜਾ ਰਹੀ ਅਜਿਹੀ
ਧਾਰਮਿਕ ਵਿੱਦਿਆ ਹੀ ਸਾਡੇ ਸਮਿਆਂ ਦੀ ਇੱਕ ਮਹੱਤਵ-ਪੂਰਨ ਸਮੱਸਿਆ ਆਤੰਕਵਾਦ ਦੀ
ਜਨਮਦਾਤੀ ਹੈ।
‘ਚਰਨ ਸਿੰਘ’ ਆਪਣੀ ਕਵਿਤਾ ‘ਪੁਸਤਕ’ ਵਿੱਚ ਪੁਸਤਕਾਂ ਪੜ੍ਹਣ ਨਾਲ ਮਨੁੱਖ ਨੂੰ
ਜੋ ਪ੍ਰਾਪਤੀਆਂ ਹੁੰਦੀਆਂ ਹਨ ਉਨ੍ਹਾਂ ਦਾ ਵਿਸਥਾਰ ਸਹਿਤ ਜਿ਼ਕਰ ਕਰਦਾ ਹੈ:
1
ਮੇਰੇ ਅੰਦਰ ਪੁਸਤਕ ਦਾ ਅੱਖਰ ਅੱਖਰ
ਸਤਰ ਸਤਰ ਜਗਦੀ ਹੈ
ਜ਼ਿੰਦਗੀ ਸੱਚੀ ਸੁੱਚੀ ਤੇ ਸੁੰਦਰ ਲਗਦੀ ਹੈ
ਮੈਂ ਆਪਣੇ ਚਾਨਣ ‘ਚ ਜਦ ਵੀ ਤੁਰਿਆ ਹਾਂ
ਮਾਨਵਤਾ ਦੇ ਨਾਲ ਜੁੜਿਆ ਹਾਂ
ਆਪਣੀ ਹੋਂਦ ਦਾ ਸੱਚ ਪਾਇਆ ਹੈ
ਨਿਮਰਤਾ ਕਲਿਆਣ ਤਿਆਗ ਤੇ
ਸਰਬ-ਸੰਤੋਖ ਦੇ ਫੁੱਲ
ਮੇਰੀ ਦੇਹ ‘ਚ ਖਿੜੇ ਹਨ
2
ਇਹ ਪੁਸਤਕ ਨਿਰਾ ਕਾਗਜ਼ ਸ਼ਬਦ ਅਰਥ ਨਹੀਂ
ਜੀਵਨ ਜਿਉਣ ਦਾ
ਇਸ ‘ਚ ਚਾਨਣ ਸਮਾਇਆ ਹੈ
ਇਹ ਜੀਵਨ ਦਾ ਸੋਮਾ ਹੈ
ਗਿਆਨ ਦਾ ਚਸ਼ਮਾ ਹੈ
ਸਿਆਣਪ ਦਾ ਝਰਨਾ ਹੈ
ਜਿਸਮ ਦਾ ਚਾਨਣ ਹੈ ਰੂਹ ਦਾ ਨਗਮਾ ਹੈ
ਪਰ ਅੱਜ ਮਦਰੱਸਿਆਂ ਵਿੱਚ ਜੋ ਪੁਸਤਕਾਂ ਪੜ੍ਹਾਈਆਂ ਜਾ ਰਹੀਆਂ ਹਨ, ਜੋ ਉਨ੍ਹਾਂ
ਦੇ ਅਰਥ ਕੀਤੇ ਜਾ ਰਹੇ ਹਨ, ਉਹ ਨਿਰਸੰਦੇਹ, ਕਿਸੀ ਵੀ ਤਰ੍ਹਾਂ ਮਾਨਵਤਾ ਦੇ ਕਲਿਆਣ
ਨਾਲ ਨਹੀਂ ਜੁੜੇ ਹੋਏ। ਉਹ ਅਰਥ ਕਿਸੀ ਤਰ੍ਹਾਂ ਵੀ ਨਿਮਰਤਾ, ਕਲਿਆਣ, ਤਿਆਗ ਜਾਂ
ਸਬਰ-ਸੰਤੋਖ ਨਾਲ ਨਹੀਂ ਜੁੜੇ ਹੋਏ। ਉਹ ਤਾਂ ਅੱਤਿਆਚਾਰ, ਜਹਾਲਤ ਅਤੇ ਦਰਿੰਦਗੀ
ਨਾਲ ਜੁੜੇ ਹੋਏ ਹਨ। ਉਹ ਮਨੁੱਖ ਅੰਦਰ ਚਾਨਣ ਦੀ ਥਾਂ ਹਨੇਰੇ ਦਾ ਪਾਸਾਰ ਕਰ ਰਹੇ
ਹਨ। ਉਹ ਮਨੁੱਖ ਅੰਦਰ ਪਿਆਰ ਅਤੇ ਮੋਹ ਦੀਆਂ ਭਾਵਨਾਵਾਂ ਜਗਾਉਣ ਦੀ ਥਾਂ ਉਨ੍ਹਾਂ
ਨੂੰ ਪੱਥਰ ਚਿੱਤ ਬਣਾ ਰਹੇ ਹਨ।
ਇਹ ਮਦਰੱਸੇ ਮਨੁੱਖਾਂ ਨੂੰ ਨ ਸਿਰਫ ਬੇਰਹਿਮ ਹਤਿਆਰਿਆਂ ਵਿੱਚ ਬਦਲ ਰਹੇ ਹਨ;
ਬਲਕਿ, ਉਨ੍ਹਾਂ ਅੰਦਰੋਂ ਹਰ ਤਰ੍ਹਾਂ ਦੀਆਂ ਮਨੁੱਖਵਾਦੀ ਕਦਰਾਂ-ਕੀਮਤਾਂ ਕੱਢ ਕੇ
ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਤੋਂ ਡਿੱਗੇ ਹੋਏ ਪਦਾਰਥਵਾਦੀ ਮਨੁੱਖ ਬਣਾ
ਰਹੇ ਹਨ। ਜਿਨ੍ਹਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਮੰਤਵ ਪਦਾਰਥਵਾਦੀ ਵਸਤਾਂ ਨਾਲ ਘਰ
ਭਰਨੇ ਅਤੇ ਧੰਨ ਦੌਲਤ ਇਕੱਠੇ ਕਰਨ ਵਿੱਚ ਹੀ ਲੀਨ ਰਹਿਣਾ ਹੈ। ਅਜਿਹੇ ਮੰਤਵਾਂ ਦੀ
ਪੂਰਤੀ ਲਈ ਮਨੁੱਖ ਨੂੰ ਭਾਵੇਂ ਸ਼ਹਿਰ ਦੀਆਂ ਸੜਕਾਂ ਉੱਤੇ ਰੰਡੀਆਂ ਬਣਕੇ ਹੀ ਕਿਉਂ
ਨ ਘੁੰਮਣਾ ਪਵੇ। ਅਜਿਹੇ ਮਾਹੌਲ ਵਿੱਚ ਹਰ ਕੋਈ ਡਰਿਆ ਹੋਇਆ ਹੈ। ਅਜਿਹੇ ਮਾਹੌਲ
ਵਿੱਚ ਮਾਫੀਆ ਰੂਪੀ ਕਾਤਲਾਂ ਦੇ ਟੋਲੇ ਬਿਨ੍ਹਾਂ ਕਿਸੀ ਖੌਫ਼ ਦੇ ਸੜਕਾਂ ਉੱਤੇ
ਦਨਦਨਾਂਦੇ ਹਨ। ਜਿਨ੍ਹਾਂ ਨੂੰ, ਅਕਸਰ, ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਕੂਮਤ ਕਰ
ਰਹੀਆਂ ਸ਼ਕਤੀਆਂ ਦੀ ਹੀ ਸ਼ਹਿ ਮਿਲੀ ਹੋਈ ਹੁੰਦੀ ਹੈ। ਜਿਸ ਮਾਹੌਲ ਵਿੱਚ
ਮਰਦ-ਪ੍ਰਧਾਨ ਸਮਾਜ ਔਰਤ ਨੂੰ ਨ ਸਿਰਫ ਪੈਰ ਦੀ ਜੁੱਤੀ ਬਣਾ ਕੇ ਰੱਖਦਾ ਹੈ, ਬਲਕਿ,
ਧੀਆਂ ਨੂੰ ਮਾਵਾਂ ਦੀਆਂ ਕੁੱਖਾਂ ਵਿੱਚ ਹੀ ਕਤਲ ਕਰਨ ਦਾ ਰਿਵਾਜ਼ ਪ੍ਰਚਲਿਤ ਹੁੰਦਾ
ਹੈ। ਕੁਝ ਇਸ ਤਰ੍ਹਾਂ ਦੇ ਮਾਹੌਲ ਦਾ ਹੀ ਜ਼ਿਕਰ ਚਰਨ ਸਿੰਘ ਆਪਣੀ ਕਵਿਤਾ ‘ਤੰਦੂਆ’
ਵਿੱਚ ਕੁਝ ਇਸ ਅੰਦਾਜ਼ ਨਾਲ ਕਰਦਾ ਹੈ:
1
ਇਸ ਸ਼ਹਿਰ ਦੀਆਂ ਮਾਵਾਂ ਨੇ
ਹੁਣ ਧੀਆਂ ਜੰਮਣੀਆਂ ਛੱਡ ਦਿੱਤੀਆਂ ਨੇ
ਆਪਣੇ ਪੇਟ ‘ਚ ਧੀਆਂ ਤੱਕ
ਪੇਟ ਦੇ ਵਿੱਚ ਹੀ ਮਾਰ ਦਿੰਦੀਆਂ
ਤੇ ਮੋਈਆਂ ਧੀਆਂ ਦੀਆਂ ਲਾਸ਼ਾਂ
ਤੰਦੂਏ ਦੀ ਭੇਟਾ ਚਾੜ੍ਹ ਦਿੰਦੀਆਂ
2
ਤੰਦੂਆ ਹੱਸਦਾ ਤੇ ਖੁਸ਼ ਹੁੰਦਾ
ਕਿ ਉਸ ਦੀ ਦਹਿਸ਼ਤ
ਮਾਂ ਦੀ ਦੇਹ ਤੋਂ ਮਾਂ ਦੀ ਕੁੱਖ
ਤੱਕ ਫੈਲ ਗਈ ਹੈ
ਉਸ ਦੀ ਸੂਰਤ
ਸ਼ਹਿਰ ਦੀ ਹਰ ਇੱਕ ਅੱਖ
‘ਚ ਠਹਿਰ ਗਈ ਹੈ
3
ਸੜਕਾਂ ਤੇ ਬਜ਼ਾਰਾਂ ਅੰਦਰ
ਨਗਨ ਯੋਨੀਆਂ ਹੋਕਾ ਦੇਵਣ
ਮਾਂਵਾਂ ਆਪਣੀਆਂ
ਕੁੱਖਾਂ ਨੂੰ ਰੋਵਣ
ਹੈ ਕੋਈ ਮਰਦ
ਇਸ ਸ਼ਹਿਰ ‘ਚ
ਜੋ ਤੰਦੂਏ ਦੀਆਂ ਤੰਦਾਂ ਕੱਟੇ
ਸਾਨੂੰ ਬੇਸ਼ਕ ਗਿਰਵੀ ਰੱਖ ਲਵੇ
ਆਪਣੇ ਸਿਰ ਦਿੱਤੇ ਦੇ ਵੱਟੇ
ਹੈ ਕੋਈ ਮਰਦ
ਇਸ ਸ਼ਹਿਰ ‘ਚ
ਜੋ ਮਾਵਾਂ ਦੀ ਇੱਜ਼ਤ ਬਚਾਵੇ
ਮਾਂ ਦੇ ਦੁੱਧ ਦਾ ਮੁੱਲ ਚੁਕਾਵੇ
ਤੇ ਤੰਦੂਏ ਨੂੰ ਮਾਰ ਮੁਕਾਵੇ
‘ਵਿਪਰੀਤ’ ਕਾਵਿ-ਸੰਗ੍ਰਹਿ ਵਿੱਚ ਚਰਨ ਸਿੰਘ ਹੁਣ ਤੱਕ ਵਿਚਾਰੇ ਗਏ ਵਿਸਿ਼ਆਂ
ਤੋਂ ਬਿਨ੍ਹਾਂ ਹੋਰ ਵੀ ਅਨੇਕਾਂ ਵਿਸਿ਼ਆਂ ਬਾਰੇ ਚਰਚਾ ਛੇੜਦਾ ਹੈ।
‘ਪਾਣੀ’ ਨਾਮ ਦੀ ਕਵਿਤਾ ਵਿੱਚ ਪਾਣੀ ਦੇ ਗੁਣਾਂ ਨੂੰ ਜ਼ਿੰਦਗੀ ਜਿਉਣ ਦੇ ਉਚੇਰੇ
ਢੰਗ ਦੇ ਰੂਪ ਵਿੱਚ ਵੇਖਿਆ ਗਿਆ ਹੈ। ਪਾਣੀ ਕਿਤੇ ਵੀ ਆਪਣੀ ਹਉਮੈ ਨਹੀਂ ਦਿਖਾਂਦਾ।
ਜਿਸ ਨੂੰ ਵੀ ਮਿਲਿਆ, ਉਸ ਨਾਲ ਹੀ ਘੁਲ ਮਿਲ ਗਿਆ। ਉਸ ਨਾਲ ਹੀ ਬਹੁਤ ਨੇੜਤਾ ਵਾਲੇ
ਸੰਬੰਧਾਂ ਵਿੱਚ ਬੱਝ ਗਿਆ। ਦੇਖੋ ਕਿੰਨੀ ਖੂਬਸੂਰਤੀ ਨਾਲ ਇਨ੍ਹਾਂ ਗੱਲਾਂ ਨੂੰ
‘ਪਾਣੀ’ ਨਾਮ ਦੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਵਿੱਚ ਪੇਸ਼ ਕੀਤਾ ਗਿਆ ਹੈ:
ਪਾਣੀ ਕੋਈ ਰੂਪ ਨਹੀਂ ਤੇਰਾ
ਕੋਈ ਰੰਗ ਨਹੀਂ ਤੇਰਾ
ਤੂੰ ਜਿਸ ਵੀ ਬਰਤਨ ‘ਚ ਪੈਂਦਾ ਹੈਂ
ਉਹੀ ਬਰਤਨ ਦਾ ਰੂਪ ਤੇ ਸ਼ਕਲ ਧਾਰ ਲੈਂਦਾ ਹੈਂ
ਤੂੰ ਆਪਣੇ ਆਪ ਨੂੰ
ਦੂਜੇ ਦੀ ਸੋਚਣੀ ਮੁਤਾਬਿਕ ਢਾਲ ਲੈਂਦਾ ਹੈਂ
ਸਮੁੰਦਰ ‘ਚ ਸਮੁੰਦਰ ਦਾ ਰੂਪ ਹੈਂ
ਦਰਿਆਵਾਂ ‘ਚ ਦਰਿਆਵਾਂ ਦਾ ਸਰੂਪ ਹੈਂ
ਬੱਦਲ ‘ਚ ਬੱਦਲ ਹੈਂ
ਬੂੰਦ ‘ਚ ਬੂੰਦ ਦਾ ਅਕਾਰ ਹੈਂ
ਜੀਵਨ ਜਿਉਣ ਦਾ ਇੱਨਾਂ ਉਚੇਰਾ
ਤੇ ਉੱਤਮ ਢੰਗ ਤੂੰ ਕਿੱਥੋਂ ਸਿੱਖਿਆ ਹੈ
ਪ੍ਰਕਿਰਤੀ ‘ਚ ਪ੍ਰਕਿਰਤੀ ਹੈਂ ਤੂੰ
ਜੰਗਲ ‘ਚ ਜੰਗਲ ਹੈਂ ਤੂੰ
ਪਹਾੜ ‘ਚ ਪਹਾੜੀ ਚਸ਼ਮਿਆਂ
ਝਰਨਿਆਂ ਦੀ ਨੁਹਾਰ ਹੈਂ
ਅੱਖਾਂ ‘ਚ ਨਜ਼ਰ ਹੈਂ
ਨਜ਼ਰ ‘ਚ ਦਿਸਹੱਦਿਆਂ ਤੋਂ ਪਾਰ ਹੈਂ
ਕੁਝ ਇਸੀ ਤਰ੍ਹਾਂ ਦੇ ਹੀ ਸੁਭਾਅ ਦੀ ਕਵਿਤਾ ਹੈ ‘ਮੁਰਲੀ’। ਇੱਕ ਛੋਟਾ ਜਿਹਾ
ਬਾਂਸ ਦਾ ਟੁੱਕੜਾ ਜਿਸ ਵਿੱਚ ਸੁਰਾਖ ਕੀਤੇ ਹੁੰਦੇ ਹਨ ਕਿਸ ਤਰ੍ਹਾਂ ਸ਼ਬਦਾਂ,
ਅਰਥਾਂ, ਰਾਗਾਂ, ਰਾਗਨੀਆਂ ਅਤੇ ਸੁਰਾਂ ਦੀ ਸਿਰਜਣਾ ਕਰਦਾ ਜਾਂਦਾ ਹੈ। ਕੇਵਲ ਇੰਨਾ
ਹੀ ਨਹੀਂ ਇਸ ਨਿੱਕੇ ਜਿਹੇ ਬਾਂਸ ਦੇ ਟੁੱਕੜੇ ਵੱਲੋਂ ਪੈਦਾ ਕੀਤੇ ਹੋਏ ਅਜਿਹੇ
ਰਾਗਾਂ, ਰਾਗਨੀਆਂ ਜਾਂ ਸੁਰਾਂ ਵਿੱਚ ਮਨੁੱਖਾਂ ਤੋਂ ਲੈ ਕੇ ਪਸ਼ੂ, ਪੰਛੀਆਂ, ਜੀਵ,
ਜੰਤੂਆਂ ਅਤੇ ਰੁੱਖਾਂ ਤੱਕ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਹੁੰਦੀ ਹੈ। ਪੇਸ਼ ਹਨ
‘ਮੁਰਲੀ’ ਨਾਮ ਦੀ ਕਵਿਤਾ ਦੀਆਂ ਕੁਝ ਸਤਰਾਂ ਜੋ ਮੁਰਲੀ ਦੇ ਅਜਿਹੇ ਗੁਣਾਂ ਬਾਰੇ
ਚਰਚਾ ਕਰ ਰਹੀਆਂ ਹਨ:
1
ਮੁਰਲੀ ਬਾਂਸ ਦੀ ਪੋਰੀ ਨਹੀਂ
ਮੁਰਲੀ ਦੇ ਵਜੂਦ ‘ਚ ਸਰਸਵਤੀ
ਦਾ ਵਸੇਰਾ ਹੈ
ਕਈਆਂ ਰਾਗਾਂ, ਰਾਗਨੀਆਂ ਸੁਰਾਂ ਦਾ ਡੇਰਾ ਹੈ
ਪੌਣ ਦੇ ਪੈਰਾਂ ‘ਚ ਝਾਂਜਰ ਦੇ ਬੋਲ ਹਨ
ਮੌਸਮਾਂ ਬਹਾਰਾਂ ਤੇ ਨਿਰਤ ਦਾ ਵਸੇਰਾ ਹੈ
2
ਮੁਰਲੀ ਪ੍ਰਯੋਗਸ਼ਾਲਾ ਹੈ
ਹਵਾ ਨੂੰ ਸ਼ਬਦਾਂ ਅਰਥਾਂ ਤੇ ਬੋਲਾਂ ‘ਚ ਢਾਲਣ ਦੀ
ਅਦਬ ਤੇ ਪੈਂਤੀ ਅੱਖਰੀ ਸਿੱਖਾਲਣ ਦੀ
ਰਾਗਾਂ ਰਾਗਣੀਆਂ ਤੇ ਸੁਰਾਂ ਦਾ ਵਜੂਦ ਢਾਲਣ ਲਈ
ਸ਼ੋਰ ‘ਚੋਂ ਸੁਰ ਜਗਾਵਣ ਦੀ
ਮੋਰ ਦੇ ਪੈਰਾਂ ’ਚ ਨਾਚ ਬੀਜਣ ਦੀ
ਸੁਰਤੀ ‘ਚ ਹੁਲਾਸ ਤੇ ਸਰੂਰ ਦੇ ਸੂਰਜ ਜਗਾਵਣ ਦੀ
ਰੂਹ ਨੂੰ ਨੂਰ ‘ਚ ਨਹਾਵਣ ਦੀ
ਆਪਣਾ ਵਜੂਦ ਭੁੱਲਣ ਦੀ ਆਪਣੀ ਹੋਂਦ ਪਾਵਣ ਦੀ
‘ਪਿੰਡ’ ਅਤੇ ‘ਖੂਹ’ ਵੀ ਦਿਲਚਸਪ ਕਵਿਤਾਵਾਂ ਹਨ। ਇਹ ਦੋਨੋਂ ਕਵਿਤਾਵਾਂ ਬੜੀ
ਤੇਜ਼ੀ ਨਾਲ ਆ ਰਹੀਆਂ ਵਿਗਿਆਨਕ ਅਤੇ ਤਕਨੀਕੀ ਤਬਦੀਲੀਆਂ ਦੇ ਸਭਿਆਚਾਰ ਉੱਤੇ ਪੈ
ਰਹੇ ਪ੍ਰਭਾਵਾਂ ਦੀ ਗੱਲ ਕਰਦੀਆਂ ਹਨ।
ਖੂਹਾਂ ਤੋਂ ਲੋਕ, ਮਹਿਜ਼, ਪਾਣੀ ਭਰਨ ਹੀ ਨਹੀਂ ਆਉਂਦੇ ਸਨ; ਬਲਕਿ ਇਨ੍ਹਾਂ
ਨਾਲ ਸਭਿਆਚਾਰ ਜੁੜਿਆ ਹੁੰਦਾ ਸੀ। ਇਨ੍ਹਾਂ ਨਾਲ ਲੋਕਾਂ ਦਾ ਖਾਣ, ਪੀਣ, ਬਹਿਣ,
ਉੱਠਣ ਜੁੜਿਆ ਹੁੰਦਾ ਸੀ। ਖੂਹ ਨ ਸਿਰਫ ਮਨੁੱਖਾਂ ਜਾਂ ਪਸ਼ੂ, ਪੰਛੀਆਂ ਦੀ ਹੀ
ਪਿਆਸ ਬੁਝਾਂਦੇ ਸਨ; ਬਲਕਿ ਇਹ ਅੰਨ ਉਗਾਉਣ ਵਾਲੇ ਖੇਤਾਂ ਨੂੰ ਵੀ ਸਿੰਜਦੇ ਸਨ।
ਖੂਹਾਂ ਦੁਆਲੇ ਗੀਤ-ਸੰਗੀਤ ਦੀਆਂ ਮਹਿਫ਼ਲਾਂ ਜੁੜਦੀਆਂ ਸਨ। ‘ਖੂਹ’ ਨਾਮ ਦੀ ਕਵਿਤਾ
ਦੀਆਂ ਇਹ ਸਤਰਾਂ ਵੀ ਇਸੇ ਸੰਦਰਭ ਵਿੱਚ ਪੜ੍ਹਣ ਯੋਗ ਹਨ:
ਮੈਂ ਜਲ ਸਾਂ
ਕੁੜੀਆਂ ਚਿੜੀਆਂ ਦੇ ਪਾਣੀ ਭਰਨ
ਦੇ ਆਉਣ ਦੀ ਉਮੀਦ ਸੀ
ਮੈਂ ਪੰਛੀਆਂ ਪਸ਼ੂਆਂ ਤੇ ਰਾਹੀਆਂ ਦੀ
ਪਿਆਸ ਬੁਝਾਉਂਦਾ ਸਾਂ
ਤਪਦੇ ਪਿੰਡਿਆਂ ‘ਚ ਠੰਡ ਵਰਤਾਉਂਦਾ ਸਾਂ
ਉਨ੍ਹਾਂ ਦਾ ਸੇਕ ਪੀਂਦਾ ਸਾਂ
ਹਰਿਆਵਲ ਬੀਜਦਾ ਸਾਂ
ਖੇਤਾਂ ਨੂੰ ਲਗਦਾ ਸਾਂ ਅੰਨ ਉਗਾਉਂਦਾ ਸਾਂ
ਜਲ ਦਾ ਮੋਹ ਜਿਉਂਦਾ ਸਾਂ
ਜਲ ਦਾ ਪਿੰਡਾ ਹੰਢਾਉਂਦਾ ਸਾਂ ਸਾਡੇ ਸਮਿਆਂ ਦੀ ਇਹ ਵੀ ਇੱਕ ਤਰਾਸਦੀ ਹੈ ਕਿ
ਅਸੀਂ ਪਿੰਡਾਂ ਦੀ ਤਰੱਕੀ ਦੇ ਨਾਮ ਉੱਤੇ ਪਿੰਡਾਂ ਨੂੰ ਸ਼ਹਿਰਾਂ ਦੇ ਰਾਹ ਉੱਤੇ ਪਾ
ਰਹੇ ਹਾਂ। ਪੇਂਡੂ ਜ਼ਿੰਦਗੀ ਦੀ ਸਾਦਗੀ ਅਤੇ ਨਿਰਮਲਤਾ ਨੂੰ ਪਲੀਤ ਕਰਕੇ ਪਿੰਡਾਂ
ਵਿੱਚ ਸ਼ਹਿਰੀ ਜ਼ਿੰਦਗੀ ਨਾਲ ਜੁੜੀਆਂ ਹਰ ਕਿਸਮ ਦੀਆਂ ਭੈੜੀਆਂ ਗੱਲਾਂ ਦੇ
ਅੱਡੇ ਕਾਇਮ ਕਰ ਰਹੇ ਹਾਂ। ਇਸ ਸੰਦਰਭ ਵਿੱਚ ‘ਪਿੰਡ’ ਕਵਿਤਾ ਦੀਆਂ ਹੇਠ ਲਿਖੀਆਂ
ਸਤਰਾਂ ਪੜ੍ਹਣ ਯੋਗ ਹਨ:
ਪਿੰਡ ਦੀਆਂ ਜੜ੍ਹਾਂ ‘ਚ ਪਿੰਡ ਹੈ
ਪਿੰਡ ਦੇ ਮਸਤਕ ‘ਚ ਸ਼ਹਿਰ ਹੈ
ਸ਼ਹਿਰ ਦੀ ਲਿਸ਼ਕ ਪੁਸ਼ਕ ਹਸਲ ਬਸਲ
ਤੇ ਸ਼ਹਿਰ ਦੀਆਂ ਰੰਗੀਨੀਆਂ ਦੀ
ਪਿੰਡ ਨੂੰ ਪਿਆਸ ਹੈ
ਪਿੰਡ ਦੇ ਪਿੰਡੇ ‘ਚ ਸ਼ਹਿਰ ਦਾ ਵਿਕਾਸ ਹੈ
ਸ਼ਹਿਰ ਪਿੰਡ ਦੇ ਚਿਹਰੇ ‘ਚ ਉਤਰੇਗਾ
ਤੇ ਜੜ੍ਹ ਤੱਕ ਅੱਪੜ ਜਾਵੇਗਾ
ਪਿੰਡ ਬਨਵਾਸੀ ਹੋ ਜਾਏਗਾ
ਆਪਣੇ ਘਰ ‘ਚ ਬੈਠਾ ਹੀ ਪ੍ਰਵਾਸੀ ਹੋ ਜਾਏਗਾ
ਬਨਵਾਸ ਤੋਂ ਪਿੰਡ ਨਹੀਂ
ਪਿੰਡ ਦੀ ਲਾਸ਼ ਪਰਤੇਗੀ
‘ਵਿਪਰੀਤ’ ਕਾਵਿ-ਸੰਗ੍ਰਹਿ ਵਿੱਚ ਚਰਨ ਸਿੰਘ ਅਨੇਕਾਂ ਨਿੱਕੀਆਂ ਨਿੱਕੀਆਂ
ਗੱਲਾਂ ਬਾਰੇ ਤਾਂ ਕਵਿਤਾਵਾਂ ਲਿਖਦਾ ਹੈ; ਪਰ ਆਪਣੇ ਆਸ ਪਾਸ ਵਾਪਰ ਰਹੀਆਂ ਅਨੇਕਾਂ
ਵੱਡੀਆਂ ਵੱਡੀਆਂ ਗੱਲਾਂ ਬਾਰੇ ਕੋਈ ਗੱਲ ਨਹੀਂ ਕਰਦਾ। ਨਾ ਹੀ ਉਸਦੀਆਂ ਕਵਿਤਾਵਾਂ
ਵਿੱਚ ਮਹੱਤਵ-ਪੂਰਨ ਰਾਸ਼ਟਰੀ ਜਾਂ ਅੰਤਰ-ਰਾਸ਼ਟਰੀ ਘਟਨਾਵਾਂ ਬਾਰੇ ਹੀ ਕੋਈ ਚਰਚਾ
ਮਿਲਦਾ ਹੈ। ਫਿਰ ਵੀ ‘ਵਿਪਰੀਤ’ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਚਰਨ ਸਿੰਘ
ਕੈਨੇਡੀਅਨ ਪੰਜਾਬੀ ਕਵਿਤਾ ਵਿੱਚ ਅਨੇਕਾਂ ਵਿਸਿ਼ਆਂ ਬਾਰੇ ਦਿਲਚਸਪ ਚਰਚਾ ਛੇੜਣ
ਵਿੱਚ ਕਾਮਿਯਾਬ ਹੁੰਦਾ ਹੈ।
(ਮਾਲਟਨ, ਜਨਵਰੀ 21, 2011) |