ਪੰਜਾਬ ਦੀ ਭਾਸ਼ਾ ਨੀਤੀ ਵਿਚ ਪੰਜਾਬੀ ਅਤੇ ਅੰਗਰੇਜ਼ੀ ਦੀ ਥਾਂ ਦੇ ਸਵਾਲ ’ਤੇ
ਬਹਿਸ ਕੋਈ ਪਿਛਲੇ ਪੰਜਾਹ ਸਾਲਾਂ ਤੋਂ ਲਗਾਤਾਰ ਚਲਦੀ ਆ ਰਹੀ ਹੈ। ਗੁਰੂ ਨਾਨਕ ਦੇਵ
ਯੂਨੀਵਰਸਿਟੀ, ਅੰਮ੍ਰਿਤਸਰ ਦੇ ਮੌਜੂਦਾ ਵਾਈਸ-ਚਾਂਸਲਰ ਵੱਲੋਂ ਉਚੇਰੀ ਸਿੱਖਿਆ ਵਿਚ
ਪੰਜਾਬੀ ਦੇ ਘੰਟੇ ਘਟਾਉਣ ਦੇ ਜ਼ਿਕਰ ਨੇ ਪੰਜਾਬੀ ਬੌਧਿਕ ਹਲਕਿਆਂ ਵਿਚ ਤਿੱਖੀ
ਸਰਗਰਮੀ ਪੈਦਾ ਕੀਤੀ ਹੈ। ਇਸ ਮੁੱਦੇ ’ਤੇ ਲਗਭਗ ਇਕ ਮਤ ਪ੍ਰਤੀਕਰਮ ਇਹ ਆ ਰਹੇ ਹਨ
ਕਿ ਮੌਜੂਦਾ ਹਾਲਾਤ ਵਿਚ ਉਚੇਰੀ ਸਿੱਖਿਆ ਵਿਚ ਪੰਜਾਬੀ ਪੜਾਈ ਜਾਣੀ ਜ਼ਰੂਰੀ ਹੈ। ਪਰ
ਇਹਨਾਂ ਪ੍ਰਤੀਕਰਮਾਂ ਵਿਚ ਅਜਿਹੀਆਂ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨ ਕਿ
ਕਿਉਂਕਿ ਸਾਰੀ ਦੁਨੀਆਂ ਦਾ ਗਿਆਨ ਅੰਗਰੇਜ਼ੀ ਵਿਚ ਹੈ, ਦੁਨੀਆਂ ਨਾਲ ਕਾਰੋਬਾਰ
ਅੰਗਰੇਜ਼ੀ ਵਿਚ ਹੀ ਹੋ ਸਕਦਾ ਹੈ, ਵਿਗਿਆਨ ਅਤੇ ਤਕਨਾਲੋਜੀ ਦੇ ਵਿਸ਼ਿਆਂ ਨੂੰ
ਪੰਜਾਬੀ ਪੜਾਉਣ ਲਈ ਸਮੱਗਰੀ ਨਹੀਂ ਹੈ, ਇਸ ਲਈ ਅੰਗਰੇਜ਼ੀ ਮਾਧਿਅਮ ਵਿਚ ਪੜਾਈ
ਜ਼ਰੂਰੀ ਹੈ।
ਅੰਗਰੇਜ਼ੀ ਪ੍ਰਤੀ ਇਹ ਦਰਿਸ਼ਟੀਕੋਣ ਪੰਜਾਬੀ ਨੂੰ, ਪੰਜਾਬ ਦੀ ਸਿੱਖਿਆ ਨੂੰ ਅਤੇ
ਅੰਗਰੇਜ਼ੀ ਦੀ ਸਿਖਲਾਈ ਨੂੰ ਗੰਭੀਰ ਤੌਰ ’ਤੇ ਪਰਭਾਵਤ ਕਰਨ ਵਾਲਾ ਹੈ। ਇਹ
ਦਰਿਸ਼ਟੀਕੋਣ ਸਿੱਖਿਆ ਅਤੇ ਭਾਸ਼ਾ ਦੇ ਗੈਰ-ਪੇਸ਼ੇਵਰ ਹਲਕਿਆਂ ਵਿਚ ਪਿਛਲੇ ਕੋਈ 30
ਸਾਲਾਂ ਤੋਂ ਲਗਾਤਾਰ ਭਾਰੂ ਹੁੰਦਾ ਜਾ ਰਿਹਾ ਹੈ ਅਤੇ ਇਸ ਨਾਲ ਪੰਜਾਬੀ ਨੂੰ,
ਪੰਜਾਬ ਦੀ ਸਿੱਖਿਆ ਨੂੰ ਅਤੇ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਨੂੰ ਨਾ ਪੂਰਾ ਕੀਤਾ ਜਾ
ਸੱਕਣ ਵਾਲਾ ਘਾਟਾ ਪਏ ਚੁੱਕਾ ਹੈ।
ਪੰਜਾਬੀ ਵਿਚ ਅੰਗਰੇਜ਼ੀ ਭਾਸ਼ਾ ਪ੍ਰਤੀ ਇਸ ਦਰਿਸ਼ਟੀਕੋਣ ਨੂੰ ਵਿਚਾਰਨ ਲਈ ਹੇਠਲੇ
ਮੂਲ ਸਵਾਲਾਂ ਦਾ ਨਬੇੜਾ ਜ਼ਰੂਰੀ ਹੈ:
1. ਅੱਜ ਦੇ ਸਮੇਂ ਵਿਚ ਗਿਆਨ-ਵਿਗਿਆਨ ਅਤੇ ਤਕਨਾਲੋਜੀ ਦੀ ਸਫ਼ਲ ਸਿੱਖਿਆ ਕਿਸ
ਭਾਸ਼ਾ ਵਿਚ ਦਿੱਤੀ ਜਾ ਸਕਦੀ ਹੈ।
2. ਦੁਨੀਆਂ ਵਿੱਚ ਅੰਗਰੇਜ਼ੀ ਦੀ ਕੀ ਸਥਿਤੀ ਹੈ, ਕੀ ਸਥਿਤੀ ਰਹੇਗੀ ਅਤੇ ਦੁਨੀਆਂ
ਨਾਲ ਕਾਰੋਬਾਰ ਕਰਨ ਲਈ ਅੰਗਰੇਜ਼ੀ ਕਿੰਨੀ ਜਰੂਰੀ ਹੈ।
3. ਜੇ ਵਿਗਿਆਨ ਅਤੇ ਤਕਨਾਲੋਜੀ ਆਦਿ ਦੀ ਸਿੱਖਿਆ ਪੰਜਾਬੀ ਵਿਚ ਦੇਣੀ ਹੋਵੇ ਤਾਂ
ਕੀ ਪੰਜਾਬੀ ਭਾਸ਼ਾ ਵਿਚ ਅਜਿਹੀ ਸਮਰੱਥਾ ਅਤੇ ਸਮੱਗਰੀ ਹੈ,
ਅਤੇ
4. ਜੇ ਅੰਗਰੇਜ਼ੀ ਵੱਖ-ਵੱਖ ਖੇਤਰਾਂ ਲਈ ਜ਼ਰੂਰੀ ਸਾਬਤ ਹੋ ਵੀ ਜਾਵੇ ਤਾਂ ਫਿਰ
ਅੰਗਰੇਜ਼ੀ ਭਾਸ਼ਾ ਦੀ ਚੰਗੀ ਮੁਹਾਰਤ ਕਿਵੇਂ ਹਾਸਲ ਕੀਤੀ ਜਾ ਸਕਦੀ ਹੈ।
ਇਹ ਸਵਾਲ ਅਜਿਹੇ ਸਵਾਲ ਹਨ ਜਿਨਾਂ ’ਤੇ ਦੁਨੀਆਂ ਭਰ ਦੇ ਸਿੱਖਿਆ ਅਤੇ ਭਾਸ਼ਾ
ਮਾਹਿਰਾਂ ਵੱਲੋਂ ਪਿਛਲੇ 50 ਸਾਲਾਂ ਵਿਚ ਭਰਪੂਰ ਖੋਜ ਅਤੇ ਬਹਿਸਾਂ ਹੋ ਚੁੱਕੀਆਂ
ਹਨ ਅਤੇ ਇਹਨਾਂ ਦੇ ਨਿਰਣੇ ਲਈ ਭਰਪੂਰ ਅਕਾਦਮਿਕ ਅਤੇ ਵਿਹਾਰਕ ਸਬੂਤ ਹਾਸਲ ਹਨ। ਇਸ
ਲੇਖ ਵਿਚ ਇਹਨਾਂ ਦਾ ਸਾਰ ਹੀ ਪੇਸ਼ ਕੀਤਾ ਜਾ ਰਿਹਾ ਹੈ।
ਦੁਨੀਆਂ ਭਰ ਦੇ ਮਾਹਿਰ ਇਸ ਵਿਸ਼ੇ ’ਤੇ ਇਕ ਮਤ ਹਨ ਅਤੇ ਦੁਨੀਆਂ ਭਰ ਦਾ ਤਜਰਬਾ
ਇਹੀ ਦਰਸਾਉਂਦਾ ਹੈ ਕਿ ਸਫ਼ਲ ਸਿੱਖਿਆ ਕੇਵਲ ਅਤੇ ਕੇਵਲ ਮਾਤ-ਭਾਸ਼ਾ ਰਾਹੀਂ ਹੀ
ਦਿੱਤੀ ਜਾ ਸਕਦੀ ਹੈ। ਜੇ ਬੱਚੇ ਨੂੰ ਭਾਸ਼ਾ ਹੀ ਸਮਝ ਨਹੀਂ ਆਉਂਦੀ ਤਾਂ ਉਸ ਦੇ
ਦਿਮਾਗ ਵਿਚ ਵਿਚਾਰ ਕਿਵੇਂ ਦਾਖਲ ਕੀਤੇ ਜਾ ਸਕਦੇ ਹਨ ? ਮਸ਼ੀਨ ਨਾਲ ਛੇਕ ਮਾਰ ਕੇ
ਸੰਕਲਪ ਬੱਚੇ ਦੇ ਦਿਮਾਗ ਵਿਚ ਪਾਉਣ ਦਾ ਹਾਲੇ ਕੋਈ ਤਰੀਕਾ ਇਜ਼ਾਦ ਨਹੀਂ ਹੋਇਆ। ਜੇ
ਹੋ ਵੀ ਜਾਵੇ ਤਾਂ ਵੀ ਛੇਕ ਵਿਚ ਭਾਸ਼ਾ ਹੀ ਪਾਣੀ ਪਵੇਗੀ ਕਿਉਂਕਿ ਵਿਚਾਰ ਦੀ ਹੋਂਦ
ਭਾਸ਼ਾ ਦੇ ਰੂਪ ਵਿਚ ਹੀ ਹੈ। ਇਸ ਲਈ ਬੱਚੇ ਨੂੰ ਉਸ ਭਾਸ਼ਾ ਦਾ ਅਵੱਸ਼ ਹੀ ਚੰਗਾ ਗਿਆਨ
ਹੋਣਾ ਚਾਹੀਦਾ ਹੈ ਜਿਸ ਵਿਚ ਗਿਆਨ-ਵਿਗਿਆਨ ਅਤੇ ਤਕਨਾਲੋਜੀ ਪੜਾਈ ਜਾਣੀ ਹੈ।
ਦੁਨੀਆਂ ਭਰ ਦੇ ਸਿੱਖਿਆ ਅਤੇ ਭਾਸ਼ਾ ਮਾਹਿਰਾਂ ਦੀ ਰਾਇ ਹੈ ਕਿ ਕੋਈ 5-7 ਸਾਲ ਲਾ
ਕੇ ਹੀ ਕਿਸੇ ਭਾਸ਼ਾ ਦਾ ਇੰਨਾ ਕੁ ਗਿਆਨ ਹੁੰਦਾ ਹੈ ਕਿ ਉਸ ਵਿਚ ਮੁਢਲੀ ਸਿੱਖਿਆ ਵੀ
ਦਿੱਤੀ ਜਾ ਸਕੇ।
ਇਸ ਲਈ ਜੇ ਪੰਜਾਬੀ ਬੱਚਿਆਂ ਨੂੰ ਗਿਆਨ-ਵਿਗਿਆਨ ਦੀ ਚੰਗੇਰੀ ਸਮਝ ਦੇਣੀ ਹੈ
ਤਾਂ ਸਭ ਤੋਂ ਪਹਿਲੀ ਲੋੜ ਹੈ ਕਿ ਪੰਜਾਬ ਵਿਚ ਘੱਟੋ-ਘੱਟ ਸਕੂਲ ਪੱਧਰ ਦੀ ਅੰਗਰੇਜ਼ੀ
ਮਾਧਿਅਮ ਦੀ ਸਿੱਖਿਆ ਦਾ ਤੁਰੰਤ ਭੋਗ ਪਾਇਆ ਜਾਵੇ।
ਤਜਰਬਾ ਵੀ ਦੱਸਦਾ ਹੈ ਕਿ ਅੰਗਰੇਜ਼ੀ ਮਾਧਿਅਮ ਦੀ ਸਿੱਖਿਆ ਪਰਣਾਲੀ ਨੇ ਸਿੱਖਿਆ
ਦੇ ਮਿਆਰ ਨੂੰ ਅਤੇ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਦੇ ਮਿਆਰ ਨੂੰ ਵੱਡੀ ਢਾਹ ਲਾਈ
ਹੈ। ਕੋਈ ਅਜਿਹਾ ਸਬੂਤ ਸਾਹਮਣੇ ਨਹੀਂ ਹੈ ਕਿ ਅੰਗਰੇਜ਼ੀ ਮਾਧਿਅਮ ਵਿਚ ਪੜਾਈ ਹੋਣ
ਨਾਲ ਕੋਈ ਅਜਿਹੇ ਵੱਡੇ ਵਿਗਿਆਨੀ ਅਤੇ ਵਿਦਵਾਨ ਪੈਦਾ ਹੋ ਗਏ ਹਨ ਜੋ ਪੰਜਾਬੀ
ਮਾਧਿਅਮ ਦੀ ਪੜਾਈ ਨਾਲ ਪੈਦਾ ਨਹੀਂ ਸਨ ਹੋ ਰਹੇ। ਬਲਕਿ ਇਸ ’ਤੇ ਪੂਰਨ ਸਹਿਮਤੀ
ਲਗਦੀ ਹੈ ਕਿ ਕੇਵਲ ਸਿੱਖਿਆ ਦਾ ਮਿਆਰ ਹੀ ਪਹਿਲਾਂ ਨਾਲੋਂ ਨਹੀਂ ਡਿੱਗਾ ਅੰਗਰੇਜ਼ੀ
ਦੀ ਮੁਹਾਰਤ ਦਾ ਮਿਆਰ ਵੀ ਪਹਿਲਾਂ ਨਾਲੋਂ ਡਿੱਗ ਗਿਆ ਹੈ।
ਅੰਗਰੇਜ਼ੀ ਮਾਧਿਅਮ ਵਾਲੀ ਸਿੱਖਿਆ ਪਰਣਾਲੀ ਨੇ ਇਕ ਹੋਰ ਤਰਾਂ ਨਾਲ ਪੰਜਾਬ ਦੀ
ਸਿੱਖਿਆ ਦੀ ਤਬਾਹੀ ਕੀਤੀ ਹੈ। ਇਸ ਨੇ ਲਗਭਗ 80 ਫੀਸਦੀ ਅਬਾਦੀ ਨੂੰ ਸਿੱਖਿਆ ਦੀ
ਧਾਰਾ ’ਚੋਂ ਹੀ ਬਾਹਰ ਕੱਢ ਦਿੱਤਾ ਹੈ। ਭਾਰੂ ਵਰਗ ਦੇ ਸਾਰੇ ਬੱਚੇ ਅੰਗਰਜ਼ੀ
ਸਕੂਲਾਂ ਵਿਚ ਚਲੇ ਜਾਣ ਕਰਕੇ ਸਰਕਾਰੀ ਸਿੱਖਿਆ ਪਰਣਾਲੀ ਤਬਾਹ ਹੋ ਗਈ ਹੈ। ਪੰਜਾਬ
ਦੇ ਲਗਭਗ 80 ਫੀਸਦੀ ਬੱਚੇ ਇਸ ਸਿੱਖਿਆ ਪਰਣਾਲੀ ’ਤੇ ਨਿਰਭਰ ਹਨ। ਇਸ ’ਤੇ ਤਾਂ
ਕੋਈ ਅਸਹਿਮਤੀ ਨਹੀਂ ਹੋਣੀ ਚਾਹੀਦੀ ਕਿ ਅਸਿੱਖਿਅਤ ਬੰਦਾ ਵਿਗਿਆਨ ਅਤੇ ਤਕਨਾਲੋਜੀ
ਵਿਚ ਕੋਈ ਵੱਡਾ ਯੋਗਦਾਨ ਨਹੀਂ ਪਾ ਸਕਦਾ। ਸਭ ਜਾਣਦੇ ਹਨ ਕਿ ਤੀਜੀ ਦੁਨੀਆਂ ਦੇ
ਬਹੁਤੇ ਦੇਸ਼ਾਂ ਦੇ ਮੁਕਾਬਲੇ ਵਿਚ ਵੀ ਭਾਰਤ ਵਿਚ ਸਿੱਖਿਆ ਸੁੰਗੜ ਰਹੀ ਹੈ ਫੈਲ
ਨਹੀਂ ਰਹੀ ਅਤੇ ਇਹ ਗਿਆਨ-ਵਿਗਿਆਨ ਦੀ ਸਦੀ ਵਿਚ ਹੋ ਰਿਹਾ ਹੈ। ਇਸ ਦਾ ਸਭ ਤੋਂ
ਵੱਡਾ ਕਾਰਨ ਸਿੱਖਿਆ ਨੂੰ ਅੰਗਰੇਜ਼ੀ ਮਾਧਿਅਮ ਦਾ ਤਪਦਿਕ ਰੋਗ ਲੱਗ ਜਾਣਾ ਹੈ।
ਗਿਆਨ-ਵਿਗਿਆਨ ਦਾ ਪਰਸਾਰ ਕਾਮਯਾਬ ਸਿੱਖਿਆ ਦੇ ਪਰਸਾਰ ਨਾਲ ਹੀ ਹੋ ਸਕਦਾ ਹੈ।
ਇਸ ਪਰਸੰਗ ਵਿਚ ਅੰਤਰਰਾਸ਼ਟਰੀ ਸਥਿਤੀ ’ਤੇ ਝਾਤ ਮਾਰਨੀ ਵੀ ਜ਼ਰੂਰੀ ਹੈ। ਸਿੱਖਿਆ
ਅਤੇ ਗਿਆਨ-ਵਿਗਿਆਨ ਦੇ ਖੇਤਰ ਵਿਚ ਉਹੀ ਦੇਸ਼ ਮੱਲਾਂ ਮਾਰ ਰਹੇ ਹਨ ਜਿਨਾਂ ਦੀ
ਸਿੱਖਿਆ ਮਾਤ-ਭਾਸ਼ਾ ਵਿਚ ਹੈ। ਚੀਨ, ਜਾਪਾਨ, ਕੋਰੀਆ ਵਰਗੇ ਦੇਸ਼ ਬਿਨਾਂ ਅੰਗਰੇਜ਼ੀ
ਮਾਧਿਅਮ ਦੀ ਸਿੱਖਿਆ ਤੋਂ ਸਾਥੋਂ ਕਿਧਰੇ ਅੱਗੇ ਹਨ। ਉਹ ਇਸੇ ਲਈ ਅੱਗੇ ਹਨ ਕਿ
ਉਹਨਾਂ ਆਪਣੀ ਸਿੱਖਿਆ ਨੂੰ ਵਿਦੇਸ਼ੀ ਭਾਸ਼ਾ ਦਾ ਤਪਦਿਕ ਰੋਗ ਨਹੀਂ ਲੱਗਣ ਦਿੱਤਾ।
ਇਥੋਂ ਤੱਕ ਕਿ ਅਮਰੀਕਾ ਅਤੇ ਕੈਨੇਡਾ ਆਦਿ ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿੱਚ ਵੀ ਸਕੂਲੀ
ਸਿੱਖਿਆ ਬੱਚੇ ਦੀ ਮਾਤ ਭਾਸ਼ਾ ਵਿਚ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ
ਇਹਨਾਂ ਦੇਸ਼ਾਂ ਵਿਚ ਵੀ ਹਜ਼ਾਰਾਂ ਸਕੂਲ ਹਨ ਜਿੱਥੇ ਪੜਾਈ ਦਾ ਮਾਧਿਅਮ ਅੰਗਰੇਜ਼ੀ
ਨਹੀਂ।
ਕੈਨੇਡਾ ਦੀ ਗੱਲ ਤਾਂ ਇਕ ਪਾਸੇ, ਅਮਰੀਕਾ ਦੇ ਦੋ ਸੂਬਿਆਂ, ਨਿਊ ਮੈਕਸੀਕੋ ਅਤੇ
ਹਵਾਈ, ਵਿਚ ਸਰਕਾਰੀ ਕੰਮ-ਕਾਜ ਦੀਆਂ ਭਾਸ਼ਾਵਾਂ ਵੀ ਕ੍ਰਮਵਾਰ ਸਪੇਨੀ ਅਤੇ ਹਵਾਈਅਨ
ਹਨ। ਅਮਰੀਕਾ ਦੇ ਸ਼ਹਿਰ ਡੈਨਵਰ ਦੀ ਇਕ ਮਿਸਾਲ ਅੱਖਾਂ ਖੋਲਣ ਵਾਲੀ ਹੈ। ਉਥੇ ਇਕ
ਸਕੂਲ ਵਿਚ ਪੜਾਈ ਦਾ ਮਾਧਿਅਮ ਅੰਗਰੇਜ਼ੀ ਨਾ ਹੋ ਕੇ ਉਸ ਇਲਾਕੇ ਦੇ ਅਫ਼ਰੀਕੀ ਮੂਲ ਦੇ
ਨਿਵਾਸੀਆਂ ਦੀ ਸਥਾਨਕ ਭਾਸ਼ਾ ਸੀ। ਪਰ ਸਾਡੇ ਵਾਂਗ ਅੰਗਰੇਜ਼ੀ ਅੰਧ-ਵਿਸ਼ਵਾਸ਼ ਕਾਰਣ
ਸਕੂਲ ਦੀ ਪੜਾਈ ਅੰਗਰੇਜ਼ੀ ਵਿਚ ਕਰ ਦਿੱਤੀ ਗਈ। ਦੋ-ਤਿੰਨ ਸਾਲਾਂ ਵਿਚ ਹੀ ਇੰਨੇ
ਤਬਾਹਕੁੰਨ ਸਿੱਟੇ ਸਾਹਮਣੇ ਆਏ ਕਿ ਸਕੂਲ ਦੀ ਪੜਾਈ ਮੁੜ ਸਥਾਨਕ ਭਾਸ਼ਾ ਵਿਚ ਕਰ
ਦਿੱਤੀ ਗਈ।
ਇਸ ਗੱਲ ’ਤੇ ਯਕੀਨ ਕਰਨਾ ਔਖਾ ਹੈ ਪਰ ਸੱਚਾਈ ਇਹ ਹੈ ਕਿ ਦੱਖਣੀ ਏਸ਼ੀਆ ਦੇ
ਖਿੱਤੇ ਨੂੰ ਛੱਡ ਕੇ ਗੈਰ-ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿਚ ਅੰਗਰਜ਼ੀ ਸਿੱਖਿਆ ਦੇ
ਮਾਧਿਅਮ ਵਜੋਂ ਖਤਮ ਹੁੰਦੀ ਜਾ ਰਹੀ ਹੈ। ਇਸ ਸੰਬੰਧ ਵਿਚ ਨਾਈਜੀਰੀਆ, ਮਲੇਸ਼ੀਆ ਅਤੇ
ਫਿਲੀਪੀਨ ਵਰਗੇ ਬੜੇ ਦੇਸ਼ਾਂ ਦੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਯੂਨੈਸਕੋ
ਪਿਛਲੇ 50 ਸਾਲਾਂ ਤੋਂ ਬਾਰ-ਬਾਰ ਅਧਿਐਨ ਕਰਕੇ ਕੂਕ-ਕੂਕ ਕੇ ਕਹਿ ਰਹੀ ਹੈ ਕਿ ਸਫ਼ਲ
ਸਿੱਖਿਆ ਮਾਤ-ਭਾਸ਼ਾ ਰਾਹੀਂ ਹੀ ਸੰਭਵ ਹੈ। ਛੇਵੀਂ ਦੇ ਇਕ ਪਾਠ ਵਿਚ ਸਾਨੂੰ ‘ਸੜਕ
ਦੇ ਨਿਯਮ’ ਪੜਾਏ ਜਾਂਦੇ ਸਨ। ਉਸ ਪਾਠ ਦੀਆਂ ਦੋ ਤੁਕਾਂ ਹਾਲੇ ਵੀ ਮੈਨੂੰ ਯਾਦ ਹਨ
- ‘ਕੁਝ ਲੋਕਾਂ ਦੀਆਂ ਅੱਖਾਂ ਹੁੰਦੀਆਂ ਹਨ ਪਰ ਵੇਂਹਦੇ ਨਹੀਂ ਅਤੇ ਕੁਝ ਲੋਕਾਂ ਦੇ
ਕੰਨ ਹੁੰਦੇ ਹਨ ਪਰ ਸੁਣਦੇ ਨਹੀਂ’। ਭਾਰਤ ਵਿਚ ਡਾ ਮਨਮੋਹਨ ਸਿੰਘ ਅਤੇ ਮੋਂਟੇਕ
ਸਿੰਘ ਆਹਲੂਵਾਲੀਆ ਜਿਹੇ ਗੈਰ-ਸਿੱਖਿਆ ਸ਼ਾਸਤਰੀਆਂ ਦੀਆਂ ਸਿੱਖਿਆ ਨੀਤੀਆਂ ਭਾਰੂ
ਹੋਣ ਤੋਂ ਪਹਿਲਾਂ ਹਰ ਭਾਰਤੀ ਸਿੱਖਿਆ ਕਮਿਸ਼ਨ ਕਮੇਟੀ ਨੇ ਵੀ ਇਹੀ ਨਿਰਦੇਸ਼ ਦਿੱਤੇ
ਹਨ ਕਿ ਸਿੱਖਿਆ ਮਾਤ ਭਾਸ਼ਾ ਵਿੱਚ ਦਿੱਤੀ ਜਾਵੇ। ਸੋ, ਸਪਸ਼ਟ ਹੈ ਕਿ ਸਫ਼ਲ ਸਿੱਖਿਆ
ਲਈ ਸਿੱਖਿਆ ਦਾ ਮਾਧਿਅਮ ਮਾਤ-ਭਾਸ਼ਾ ਵਿਚ ਹੋਣਾ ਅਵੱਸ਼ਕ ਹੈ।
ਜੋਗਾ ਸਿੰਘ (ਡਾ.)
099157-09582
-ਚਲਦਾ-
25/06/2012
|