ਲੁਧਿਆਣੇ
ਦੇ ਕਿਸੇ ਕੇਂਦਰ ਵਿਖੇ ਕੋਈ ਪ੍ਰੋਗਰਾਮ ਤੇ ਮੈਂ ਵੀ ਸ਼ੌਕ ਵਜੋਂ ਉਥੇ ਪਹੁੰਚਿਆ
ਹੋਇਆ ਸੀ। ਕਈ ਗੌਣ ਵਾਲੇ ਆਏ ਹੋਏ ਸਨ। ਹਰਭਜਨ ਤੇ ਜਤਿੰਦਰ ਵੀ ਉੱਥੇ ਹਾਜ਼ਰ ਸਨ।
ਕੈਮਰੇ ਦੇ ਕਰਕੇ ਸਟੇਜ ਦੇ ਅੱਗੇ ਪਿੱਛੇ ਹੋਣ ਦਾ ਮੌਕਾ ਮਿਲਦਾ ਸੀ। ਉਹਨਾਂ ਦਿਨਾਂ
ਵਿਚ ਅਮਰ ਨੂਰੀ ਤੇ ਸਰਦੂਲ ਦੀ ਚੜ੍ਹਤ ਸੀ ਪਰ ਉਹ ਹਾਲੇ ਵਿਆਹੇ ਹੋਏ ਨਹੀਂ ਸਨ।
ਸਰਦੂਲ ਵੱਲੋਂ ਨੂਰੀ ਦੀ ਖੁਸ਼ਾਮਦੀ ਤੇ ਤਰਲਾ ਜਿਹਾ ਵਰਤਾਓ ਦੇਖਣਯੋਗ ਸੀ। ਸਰਦੂਲ
ਦੀ ਇਸ ਤਰ੍ਹਾਂ ਦੀ ਹਾਲਤ ਸਾਡੇ ਲਈ ਮਜ਼ਾਕ ਕਰਨ ਦਾ ਵਿਸ਼ਾ ਬਣੀ ਹੋਈ ਸੀ। ਹਰਭਜਨ ਵੀ
ਆਪਣੇ ਟੋਟਕੇ ਜਿਹੇ ਛੱਡੀ ਜਾਂਦਾ ਸੀ। ਸਟੇਜ ਤੇ ਜੱਬਲ ਤੇ ਜਤਿੰਦਰ ਨੇ ਕੀ ਸੁਣਾਇਆ
ਇਹ ਤਾਂ ਯਾਦ ਨਹੀਂ ਪਰ ਦੇਰ ਰਾਤ ਇਹ ਦੋਵੇਂ ਤੇ ਇਕ ਦੋ ਹੋਰ ਕਲਾਕਾਰ ਸਾਡੇ ਘਰ
ਮੇਰੇ ਨਾਲ ਆ ਗਏ। ਸਾਰੇ ਲੋਕ ਇਹਨਾਂ ਦੋਹਾਂ ਨੂੰ ਪਤੀ–ਪਤਨੀ ਸਮਝਦੇ ਸਨ। ਸਾਡੀ
ਮਾਤਾ ਜੀ ਵੀ ਟੀ.ਵੀ. ਦੇਖਦੇ ਸਨ ਇਸ ਲਈ ਉਹਨਾਂ ਦੇ ਖਿਆਲ ਅਨੁਸਾਰ ਇਹੀ ਸੱਚ ਸੀ।
ਪਰ ਜੱਬਲ ਨੂੰ ਮੌਕਾ ਸਾਂਭਣਾ ਆਉਂਦਾ ਸੀ। ਰੋਟੀ ਪਾਣੀ ਦੇ ਬਾਅਦ ਬੈਠੇ ਤਾਂ ਉਹ
ਬੋਲਿਆ। ‘‘ਬੀਜੀ ਇਹ ਮੇਰੀ ਵਹੁਟੀ ਨਹੀਂ', ਅਸਲ ਵਿਚ ਉਹ ਇਸ ਤੋਂ ਸੋਹਣੀ ਹੈ, ਪਰ
ਇਹਨੂੰ ਕੁਝ ਅਕਲ ਉਸ ਤੋਂ ਵੱਧ ਹੈ, ਸਮਝੋ ਨਿਭੀ ਜਾ ਰਹੀ ਹੈ।'' ਪਰ ਇਹ ਤਾਂ ਮੇਰੀ
ਜੱਬਲ ਨਾਲ ਪਹਿਲੀ ਮੁਲਾਕਾਤ ਨਹੀਂ ਲੱਗਦੀ।
ਮੈਨੂੰ ਉਹ ਇਕ ਦਿਨ ਦੂਰਦਰਸ਼ਨ ਦੇ ਗਲਿਆਰੇ ਵਿਚ ਮਿਲ ਗਿਆ। ਸ਼ਾਇਦ ਕਿਸੇ ਨਾਟਕ ਦੇ
ਚੱਕਰਾਂ ਵਿਚ ਸੀ। ਜਿਵੇਂ ਚਾਹ ਮੈਨੂੰ ਕਿਸੇ ਨੇ ਪਿਲਾ ਦਿੱਤੀ ਤੇ ਉਹ ਵੀ ਕਿਸੇ
ਤੋਂ ਪੀ ਬੈਠਾ ਸੀ। ਐਵੇਂ ਗੱਲਾਂ ਵਿਚ ਮੈਂ ਕਹਿ ਬੈਠਾ, ‘ਹੁਣ ਤਾਂ ਤੁਸੀਂ ਅਮੀਰ
ਕਲਾਕਾਰ ਹੋ ਗਏ ਹੋ, ਪੰਜਾਬੀ ਫਿਲਮ ਕਰਨ ਲਗ ਪਏ ਹੋ, ਚਲੋ ਟੀ.ਵੀ. ਤੋਂ ਖਹਿੜਾ
ਛੁੱਟਾ, ਹੁਣ ਕੀ ਤੁਸੀਂ ਬੰਬੇ ਜਾਵੋਗੇ?' ਛੱਡ ਯਾਰ, ਐਥੇ ਤਾਂ ਫਿਲਮ ਦੀ ਸ਼ੂਟਿੰਗ
ਤੇ ਕਿਰਾਇਆ ਵੀ ਆਪਣਾ ਲਾਕੇ ਜਾਈਦਾ। ਤੈਨੂੰ ਨਹੀਂ ਪਤਾ ਇਹ ਫਿਲਮ ਦੂਰਦਰਸ਼ਨ ਦੇ ਇਕ
ਅਧਿਕਾਰੀ ਦੀ ਹੈ। ਜੇ ਬਾਹਲ਼ਾ ਨਖਰਾ ਕਰਦੇ ਤਾਂ ਐਨਾਂ ਦੂਰਦਰਸ਼ਨ ਦੇ ਪ੍ਰੋਗਰਾਮਾਂ
ਤੋਂ ਵੀ ਹੱਥ ਧੋ ਬੈਠਾਂਗਾ। ਮੈਂ ਕੀ ਜਵਾਬ ਦਿੱਤਾ ਇਹ ਵੀ ਯਾਦ ਨਹੀਂ ਤੇ ਇਹ ਵੀ
ਨਹੀਂ ਯਾਦ ਕਿ ਕਿਵੇਂ ਇਹ ਮੁਲਾਕਾਤ ਖ਼ਤਮ ਹੋਈ ਪਰ ਸ਼ਰਤੀਆ ਇਹ ਵੀ ਪਹਿਲੀ ਮੁਲਾਕਾਤ
ਨਹੀਂ ਸੀ।
ਉਹ ਦਿਨ ਮਿੱਠਾ ਜਿਹਾ ਸੀ, ਪਰ ਸੀ ਖੁੱਲ੍ਹਾ। ਲਲਤੋਂ ਪਿੰਡ (ਲੁਧਿਆਣਾ) ਵਿਚ
ਜਸਵਿੰਦਰ ਭੱਲੇ ਜਾਂ ਸ਼ਾਇਦ ਕਿਸੇ ਹੋਰ ਕਲਾਕਾਰ ਦੀ ਸ਼ੂਟਿੰਗ ਚੱਲ ਰਹੀ ਸੀ। ਪਰ ਐਨਾ
ਜ਼ਰੂਰ ਯਾਦ ਹੈ ਕਿ ਉਸ ਵਿਚ ਜੱਗਬਾਣੀ ਵਾਲਾ ਕੁਲਦੀਪ ਬੇਦੀ ਐਕਟਿੰਗ ਕਰ ਰਿਹਾ ਸੀ।
ਕੈਮਰੇ ਵਾਲੇ ਕਦੇ ਇਧਰ ਲਾਇਨ ਜਿਹੀ ਲਾ ਲੈਂਦੇ ਕਦੇ ਓਧਰ। ਕਦੇ ਲਾਇਟਾਂ ਹੀ ਚੈੱਕ
ਕਰੀ ਜਾਂਦੇ। ਕੱਟ, ਓ.ਕੇ, ਵਾਰ ਵਾਰ ਸੁਣਦਾ ਸੀ। ਅਸੀਂ ਇਕ ਕੰਧ ਦੇ ਓਟੇ ਦੇ ਨਾਲ
ਖੜ੍ਹੇ ਗੱਲਾਂ ਕਰਦੇ ਸੀ। ਬਾਹਰ ਖੜ੍ਹੇ ਬੱਚੇ ਸ਼ੋਰ ਮਚਾ ਰਹੇ ਸਨ। ਇਸ ਨਾਲ ਸ਼ੂਟਿੰਗ
ਵਿਚ ਵਿਘਨ ਪੈਂਦਾ ਸੀ। ਉਤੋਂ ‘ਘੁੱਗੀ' ਆ ਗਿਆ, ਮੈਨੂੰ ਘੁੱਗੀ ਦੇ ਚੁਟਕਲਿਆਂ ਨੇ
ਤਾਂ ਸ਼ਾਇਦ ਕਦੇ ਇੰਨਾਂ ਨਾ ਹਸਾਇਆ ਹੋਵੇ, ਜਿੰਨ੍ਹਾਂ ਉਸ ਦਿਨ ਬੱਚਿਆਂ ਦੀਆਂ
ਅਵਾਜ਼ਾਂ ਨੇ ਇਕਸੁਰਤਾ ਵਿਚ ‘ਘੁੱਗੀ ਓਏ ਘੁੱਗੀ ਓਏ' ਦੇ ਕੀਤੇ ਅਲਾਪ ਨੇ। ਅਸੀਂ
ਨਾਲੇ ਬੱਚੇ ਚੁੱਪ ਕਰਾਈ ਜਾਈਏ ਨਾਲੇ ਹੱਸੀ ਜਾਈਏ। ਉਸ ਦਿਨ ਸਲਾਹ ਬਣੀ ਕਿ
ਜੱਬਲ–ਜਤਿੰਦਰ ਦੇ ‘ਹਾਸੇ ਠੁੱਲਿਆਂ' ਦੀ ਇਕ ਕਿਤਾਬ ਪ੍ਰਕਾਸ਼ਤ ਕੀਤੀ ਜਾਏ। ਜੱਬਲ
ਨੇ ਉਸ ਦਿਨ ਵਾਅਦਾ ਕੀਤਾ ਕਿ ਉਹ ਸਾਰਾ ਮੈਟਰ ਇਕੱਠਾ ਕਰਕੇ ਛੇਤੀ ਹੀ ਭੇਜ
ਦੇਵੇਗਾ। ਪਰ ਇਹ ਛੇਤੀ ਉਸਦੀ ਕਿਸੇ ਮਜ਼ਬੂਰੀ ਦੀ ਭੇਟਾ ਚੜ੍ਹ ਗਈ ਤੇ ਮੇਰੀ ਇਹ
ਮੁਲਾਕਾਤ ਵੀ ਤਾਂ ਉਸ ਨਾਲ ਪਹਿਲੀ ਪਹਿਲੀ ਨਹੀਂ ਸੀ।
ਮੈਨੂੰ ਉਸਨੇ ਆਪਣਾ ਅੰਮ੍ਰਿਤਸਰ ਦਾ ਫੋਨ ਨੰਬਰ ਦਿੱਤਾ ਤੇ ਤਾਕੀਦ ਕੀਤੀ ਕਿ ਮੇਰੇ
ਘਰੇ ਜ਼ਰੂਰ ਆਉਣਾ। ਰਸਤਾ ਮੈਨੂੰ ਪਤਾ ਨਹੀਂ ਸੀ। ਲੋਅ ਵਾਲੇ ਅਮਰੀਕ ਅਮਨ ਕੋਲੋਂ
ਫੋਨ ਕੀਤਾ ਕਿ ਘਰ ਦਾ ਰਾਹ ਦੱਸੋ। ਅੰਬਰਸਰ ਦੇ ਕਿਸੇ ਗਲੀ ਮੁਹੱਲੇ ਵਿਚ ਉਸਦੇ
ਸਕੂਟਰ ਮਗਰ ਮੇਰਾ ਮੋਟਰਸਾਇਕਲ ਚੱਲਦਾ ਗਿਆ। ‘ਆਹ ਕੀ!' ਨਾਲ਼ੇ, ਪੋਣੀਆਂ, ਪੱਖੀਆਂ
ਤੇ ਦਰਬਾਰ ਸਾਹਿਬ ਦੇ ਮਾਡਲ। ਭਾਈ ਇਹ ਕੀ ਹੈ? ਇਹ ਮੈਂ ਤਿਆਰ ਕਰਦਾਂ। ਰੋਟੀ ਵੀ
ਖਾਣੀ ਆ। ਕਲਾਕਾਰੀ ਕੀ ਟੱਟੂ ਦੇਂਦੀ ਹੈ। ਫੇਰ ਉਸ ਨੇ ਦਿਖਾਇਆ ਕਿ ਕਿਵੇਂ ਹੱਡੀਆਂ
ਤੋਂ ਇਹ ਸਮਾਨ ਬਣਦਾ। ਜਦੋਂ ਦੀ ਹਾਥੀ ਦੰਦ ਦੀ ਵਿਕਰੀ ਤੇ ਪਬੰਦੀ ਲੱਗੀ ਹੈ, ਉਸਨੇ
ਊਠ ਦੀ ਲੱਤ ਦੀ ਹੇਠਲੀ ਹੱਡੀ (ਜਿਸਨੂੰ ਅੰਗਰੇਜ਼ੀ ਵਿਚ ਫੀਮੁਰ ਕਹਿੰਦੇ ਹਨ) ਤੋਂ
ਇਹ ਸਮਾਨ ਬਨਾਉਣਾ ਸ਼ੁਰੂ ਕਰ ਦਿੱਤਾ ਹੈ। ਮੇਰੇ ਲਈ ਊਠ ਦੀ ਲੱਤ ਦੀ ਹੱਡੀ ਨੂੰ
ਹਾਥੀ ਦੰਦ ਦੇ ਨਾਲ ਇਕਸੁਰਤਾ ਦੇਣੀ ਬੜੀ ਅਜੀਬ ਲੱਗੀ। ਅੱਜ ਵੀ ਇਹ ਮੇਰੇ ਲਈ
ਹਮੇਸ਼ਾ ਨਵੀਂ ਗੱਲ ਵਾਂਗੂ ਰਹਿੰਦੀ ਹੈ। ਹੁਣ ਜਦ ਵੀ ਸੜ੍ਹਕ ਤੇ ਹੱਡੀਆਂ ਦੇ ਭਰੇ
ਟਰੱਕ ਲੰਘਦੇ ਮਿਲਦੇ ਹਨ ਤਾਂ ਮੈਨੂੰ ਜੱਬਲ ਦੇ ਹਾਥੀ ਦੰਦ ਦਿਖਾਈ ਦੇਂਦੇ ਹਨ। ਪਰ
ਇਹ ਮੇਰੀ ਉਸ ਨਾਲ ਪਹਿਲੀ ਮੁਲਾਕਾਤ ਦਾ ਨਤੀਜਾ ਬਿਲਕੁਲ ਨਹੀਂ ਸੀ।
ਵੈਸੇ ਮੋਹਨ ਸਿੰਘ ਮੇਲੇ ਤੇ ਹੋਏ ਮੇਲ ਨੂੰ ਵੀ ਪਹਿਲੀ ਮੁਲਾਕਾਤ ਨਹੀਂ ਕਿਹਾ ਜਾ
ਸਕਦਾ। ‘ਮੇਲੇ ਵਾਲੇ' ਕਿਸੇ ਹਾਸਰਸ ਵਾਲੇ ਕਲਾਕਾਰ ਨੂੰ ਇਨਾਮ ਦੇਣਾ ਚਾਹੁੰਦੇ ਸੀ।
ਇਸ ਇਨਾਮ ਨੂੰ ਉਹਨਾਂ ਖੁਦ ਹੀ ਦੇਣਾ ਸੀ। ਕੁਝ ਪੈਸੇ ਦੇਣ ਲਈ ਮੇਲਾ ਪ੍ਰਬੰਧਕਾਂ
ਨੂੰ ਮੈਂ ਮਨਾ ਲਿਆ ਕਿ, ਜ਼ਿੰਦਗੀ ਦੀ ਹਕੀਕਤ ਨਾਲ ਜੁੜੇ ਤਾਂ ਇਹ ਹੀ ਦੋਵੇਂ
ਕਲਾਕਾਰ ਹਨ। ਬਾਕੀ ਤਾਂ ਲੁੱਟੀ ਜਾ ਰਹੇ ਹਨ, ਇਹ ਹਮਾਤੜ ਤਾਂ ਆਪਣੇ ਹਾਸੇ ਵੀ
ਲੁਟਾਈ ਜਾ ਰਹੇ ਹਨ। ਖੈਰ ਮੇਰੀ ਗੱਲ ਪ੍ਰਬੰਧਕਾਂ ਨੂੰ ਕੀਲ ਕਰ ਗਈ । ਇੱਕੋ ਸੱਦੇ
ਤੇ ਉਹਨਾਂ ਹਾਂ ਕਰ ਦਿੱਤੀ, ਮੇਲੇ ਵਿਚ ਢਿੱਡੀਂ ਪੀੜਾਂ ਵੀ ਪਾਈਆਂ। ਸਭ ਤੋਂ ਵੱਧ
ਹੈਰਾਨੀ ਉਹਨਾਂ ਨੂੰ ਇਨਾਮ ਵਿਚ ਪੈਸੇ ਦੇਖ ਕਿ ਹੋਈ। ‘ਆਹ ਤਾਂ ਯਾਰ ਚੰਗਾ ਹੋਇਆ,
ਆਪਣਾ ਕਿਰਾਇਆ ਬਚ ਗਿਆ।'
ਫੋਨ ਤੇ ਮੈਂ ਉਸਨੂੰ ਸੱਦਾ ਪੱਤਰ ਦਿੱਤਾ ਕਿ ਲੁਧਿਆਣੇ ਆ ਜਾਵੋ, ਕੁਝ ਪ੍ਰੋਗਰਾਮ
ਉਲੀਕਣੇ ਹਨ। ਉਸਨੇ ਝੱਟ ਆਉਣ ਦੀ ਹਾਮੀ ਭਰ ਦਿੱਤੀ। ਉਹ ਬਹੁਤ ਖੁਸ਼ ਸੀ । ਮਿੱਥੇ
ਸਮੇਂ ਤੋਂ ਪਹਿਲੋਂ ਪਹੁੰਚ ਗਿਆ। ਰੋਟੀ ਖਾਂਦਿਆਂ ਉਸ ਦੱਸਿਆ ਕਿ ਅੰਬਰਸਰ ਹੁਣ
ਉਹਨਾਂ ਕੋਲ ਇਕ ਵੱਡੀ ਕਲਾ ਇਮਾਰਤ (ਸ਼ਾਇਦ ਵਿਰਸਾ ਵਿਹਾਰ) ਆ ਗਈ ਤੇ ਮੇਰੀ ਉਹ ਉਥੇ
ਨੁਮਾਇਸ਼ ਲਗਾਉਣਗੇ, ਨਾਲੇ ਨਵੇਂ ਕਲਾਕਾਰਾਂ ਦਾ ਡਰਾਮਾ ਵੀ ਲੈਕੇ ਆਓ। ਭਵਿੱਖ ਦੀਆਂ
ਉਸ ਹੋਰ ਵੀ ਬਹੁਤ ਗੱਲਾਂ ਕੀਤੀਆਂ। ਕਿਤਾਬ ਦੀ ਗੱਲ ਵੀ ਫੇਰ ਛਿੜੀ। ਪਰ ਕੀ ਪਤਾ
ਸੀ ਕਿ ਇਹ ਸਭ ਕੁਝ ਹੋਣ ਤੋਂ ਪਹਿਲੋਂ ਹੀ ਉਸਦੇ ‘ਅਲਵਿਦਾ' ਦੀ ਖਬਰ ਆ ਜਾਣੀ ਹੈ।
ਐਨੀਆਂ ਗੱਲਾਂ ਤੁਹਾਨੂੰ ਦਸ ਦਿੱਤੀਆਂ ਪਰ ਹਾਲੇ ਤੱਕ ਮੈਨੂੰ ਉਸ ਅਛੋਪਲੇ ਜਿਹੇ,
ਸਹਿਜੇ ਜਿਹੇ, ਕਿਸੇ ਸ਼ਾਮ, ਸਵੇਰ ਜਾਂ ਦੁਪਹਿਰ ਦੀ ਯਾਦ ਨਹੀਂ ਆਈ ਜਦੋਂ ਇਸ ਸਟੇਜੀ
ਅਮੀਰ ਪੰਜਾਬੀ ਪੁੱਤਰ ਨੇ ਮੇਰੇ ਦਿਲ ਦੀ ਪਹਿਲੀ ਪੌੜੀ ਚੜ੍ਹੀ ਹੋਵੇ। ਹੋ ਸਕਦਾ
ਕਦੇ ਯਾਦ ਆ ਜਾਵੇ ਪਰ ਕਹਿੰਦੇ ਹਨ ਕਿ ਮੁਹੱਬਤ ਦਾ ਤਾਂ ਪਹਿਲਾ ਰਾਗ ਵੀ ਯਾਦ ਨਹੀਂ
ਰਹਿੰਦਾ। ਫੇਰ ਇਕ ਪੂਰੇ ਦਾ ਪੂਰਾ ਮਨ ਦੀਆਂ ਤੈਹਾਂ 'ਚ ਉੱਤਰ ਜਾਣ ਵਾਲਾ ਇਹ
ਸਮੁੰਦਰ ਜੇਡਾ ਹਾਸਿਆਂ ਦਾ ਬਾਦਸ਼ਾਹ ਮੈਨੂੰ ਕਦੋਂ ਕਿਹੜੇ ਬੋਲ ਦੇ ਰਾਗ ਨਾਲ ਕੀਲ
ਗਿਆ। ਮੈਨੂੰ ਭਲਾ ਕਿਵੇਂ ਯਾਦ ਰਹਿ ਸਕਦਾ ਸੀ।
ਜਨਮੇਜਾ
ਸਿੰਘ ਜੌਹਲ
|