WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ

5_cccccc1.gif (41 bytes)

'ਵਲੈਤ' ਮੁੱਢੋਂ ਤਾਂ ਫਾਰਸੀ ਦਾ ਸ਼ਬਦ ਹੈ ਜਿਸਦੇ ਸਹਿੰਦੇ ਅਰਥ ਹਨ 'ਬੇਗਾਨੀ ਧਰਤੀ' ਜਾਂ 'ਰੁਜ਼ਗਾਰ ਦੀ ਧਰਤੀ'। ਕਈ ਹੋਰ ਫਾਰਸੀ ਸ਼ਬਦਾਂ ਵਾਂਗ ਵਲੈਤ ਸ਼ਬਦ ਵੀ ਪੰਜਾਬੀ ਦਾ ਹੋਕੇ ਰਹਿ ਗਿਆ ਹੈ। ਵਲੈਤ ਨੇ ਜਦੋਂ ਰੰਗ ਦਿਖਾਏ ਤਾਂ ਫੇਰ ਸਾਰਾ ਦੁਆਬਾ ਵਲੈਤੀਆ ਹੋ ਗਿਆ। 1947 ਦੀ ਵੰਡ ਤੋਂ ਬਾਅਦ ਜ਼ਮੀਨਾਂ ਅਲਾਟ ਕਰਨ ਵਿੱਚ ਹੋਈ ਹੇਰਾਫੇਰੀ ਨੇ ਬਾਰੋਂ ਆਏ ਪੰਜਾਬੀਆਂ ਦੀਆਂ ਮੁਹਾਰਾਂ ਵਲੈਤ ਵੱਲ ਮੋੜ ਦਿੱਤੀਆਂ। ਬਾਰ ਵਿਚ ਮੁਰੱਬਿਆਂ ਦੇ ਮਾਲਕ, ਕਨਾਲਾਂ, ਜੋਗੇ ਰਹਿ ਗਏ ਸਨ। ਫੇਰ ਭਲਾ ਇਹ ਕਿਉਂ ਨਾ ਦੂਜੇ ਮੁਲਕਾਂ ਵਲ ਵਹੀਰਾਂ ਘੱਤਦੇ? ਕੋਈ ਫਿਜ਼ੀ, ਕੋਈ ਮਲੇਸ਼ੀਆ, ਕੋਈ ਕੋਈ ਅਫਰੀਕਾ ਤੇ ਬਹੁਤ ਬਰਤਾਨੀਆ ਜਾ ਵਸੇ। ਵਾਊਚਰਾਂ ਤੇ ਗਏ ਇਹ ਲੋਕ ਉਥੋਂ ਦੇ ਪੱਕੇ ਵਸਨੀਕ ਬਣ ਗਏ। 60ਵੇਂਆਂ ਦੇ ਅੱਧੋਂ ਬਾਅਦ ਜੋ ਮੁੜ ਆਏ, ਪੱਕੇ ਜਾਂ ਅਸਥਾਈ, ਆਪਣੇ ਘਰਾਂ ਦੇ ਮੂਹਰੇ ….. ਸਿੰਘ ਵਲੈਤੀਆ ਲਿਖਣ ਲੱਗ ਪਏ। ਦੁਆਬੇ ਦੇ ਹਰ ਪਿੰਡ ਦੇ ਵਿਚ ਕਈ ਦਰਵਾਜੇ ਇੰਜ 'ਵਲੈਤੀਆ' ਨਾਮ ਵਾਲੇ ਲਭ ਪੈਂਦੇ ਸਨ। ਸਮੇਂ ਨਾਲ ਇਹ ਰਿਵਾਜ ਖ਼ਤਮ ਹੁੰਦਾ ਗਿਆ। ਬਜ਼ੁਰਗ ਰਬ ਨੂੰ ਪਿਆਰੇ ਹੁੰਦੇ ਗਏ। ਟੱਬਰਾਂ ਦੇ ਟੱਬਰ ਵਲੈਤ ਪੱਕੇ ਵਸ ਗਏ। ਨਵੀਂ ਪੀੜ੍ਹੀ ਨੇ ਕੰਨੀਂ ਮੁੰਦਰਾਂ ਤੱਕ ਪਾਉਂਦੀਆਂ ਸ਼ੁਰੂ ਕਰ ਦਿੱਤੀਆਂ। ਅੱਜ ਦੇ ਇਹ ਵਲੈਤੀਏ ਤਾਂ ਇਹ ਵੀ ਨਹੀਂ ਜਾਣਦੇ ਕਿ 'ਵਲੈਤ' ਸ਼ਬਦ ਦੀ ਵੀ ਕੋਈ ਹੋਂਦ ਹੈ। ਪਰ ਇਸ ਵਿੱਚ ਇਹਨਾਂ ਦਾ ਵੀ ਕੀ ਕਸੂਰ? ਵੀਜ਼ੇ ਦੀਆਂ ਸਖਤਾਈਆਂ ਤੇ ਪਰਿਵਾਰਾਂ ਦਾ ਧਰੂਵੀਕਰਣ ਨਵੇਂ ਵਲੈਤੀਏ ਪੈਦਾ ਕਰਨ ਦੇ ਵਿਚ ਵੱਡੀਆਂ ਰੁਕਾਵਟਾਂ ਹਨ। ਇਕ ਖੁਸ਼ਕ ਜਿਹਾ ਮਾਹੌਲ ਪੈਦਾ ਹੋ ਗਿਆ ਹੈ। ਨਾ ਤਾਂ ਵਲੈਤ ਜਾਣ ਦਾ ਚਾਅ ਹੈ ਤੇ ਨਾ ਹੀ ਵਲੈਤੋਂ ਆਉਣ ਵਾਲਿਆਂ ਨੂੰ ਵਲੈਤੀਏ ਅਖਵਾਉਣ ਦਾ ਟਸ਼ਨ ਹੈ। ਇਹੋ ਜਿਹੇ ਮਾਹੌਲ ਵਿੱਚ ਜੇ ਕਿਤੇ ਕੋਈ ਬੰਦਾ ਵਲੈਤੀਆ ਬਨਣਾ ਚਾਹੇ ਤਾਂ ਸਮਝੋ ਆਨੰਦ ਦੀ ਨਵੀਂ ਸੀਮਾ ਪੈਦਾ ਹੁੰਦਾ ਹੈ। ਮੇਰਾ ਇਕ ਚੰਗਾ ਜਾਣਕਾਰੀ ਤੇ ਮੈਂ ਘਰੋਂ ਤੁਰ ਪਏ ਇੰਗਲੈਂਡ ਦੇ ਦੌਰੇ ਤੇ। ਮੇਰੀ ਇਹ ਪਿਛਲੇ 36 ਸਾਲਾਂ ਵਿੱਚ ਚੌਥੀ ਵਾਰੀ ਸੀ। ਪਹਿਲੋਂ 1970 ਵਿੱਚ ਫੇਰ 1990 ਵਿੱਚ, ਫੇਰ 1994 ਵਿੱਚ ਤੇ ਹੁਣ 2006 ਵਿੱਚ। 12 ਸਾਲ ਦੇ ਵਕਫੇ ਬਾਅਦ ਇਸਨੂੰ ਪਹਿਲੀ ਵਾਰ ਕਹਿ ਲੈਣਾ ਠੀਕ ਹੋਵੇਗਾ। ਮੇਰਾ ਜਾਣਕਾਰ ਇਕ ਇਹੋ ਜਿਹਾ 'ਸਿੰਘ' ਸੀ ਜੋ ਸਮਾਜਿਕ ਤੌਰ ਤੇ ਤਾਂ 'ਸੁਰਜੀਤ' ਸੀ ਪਰ ਤੁਰਨ ਫਿਰਨ ਜਾਂ ਸੈਰ ਸਪਾਟੇ ਦੇ ਪੱਖੋਂ 'ਭਗਤ' ਹੀ ਸੀ। ਲੁਦੇਹਾਣੇ ਸ਼ਹਿਰੋਂ ਬਾਹਰ ਉਸਨੇ ਕਦੇ ਘੱਟ ਹੀ ਰਾਤ ਕੱਟੀ ਸੀ। 'ਲੁਦੇਹਾਣਾ' 'ਤੇ 'ਲੰਡਨ' ਇੱਕੋ ਰਾਸ਼ੀ ਦੇ ਸ਼ਹਿਰ ਹਨ ਤੇ ਇਹਨਾਂ ਦਾ ਮਿਲਦਾ ਵੀ ਕਈ ਕੁਝ ਹੈ। ਇਹ ਦੋਵੇਂ ਸ਼ਹਿਰ ਬੇਹਿਸਾਬੇ ਫੈਲੇ ਹਨ ਤੇ ਨਿਰਮਲ ਨਹੀਂ ਹਨ। ਦੋਹਾਂ ਸ਼ਹਿਰਾਂ ਵਿੱਚ ਕੋਈ ਕਿਸੇ ਦਾ ਆਪਣਾ ਲੱਭ ਪਏ, ਸਮਝੋ ਲਾਟਰੀ ਨਿਕਲ ਆਈ। ਜਹਾਜ਼ ਦੋ ਘੰਟੇ ਲੇਟ ਸੀ। ਗੁਰੂ ਦੀ ਨਗਰੀ ਤੋਂ ਪਹਿਲੀ ਵਾਰ ਜ਼ਹਾਜ਼ ਚੜ੍ਹ ਰਹੇ ਸਾਂ। ਭਗਤ ਜੀ ਬੜੇ ਹੀ ਘਬਰਾ ਰਹੇ ਸਨ। ਥੋੜ੍ਹੇ ਥੋੜ੍ਹੇ ਸਮੇਂ ਬਾਅਦ ਘਰੇ ਫੋਨ ਕਰ ਰਹੇ ਸਨ। ਉਹਨਾਂ ਦੇ ਅੰਦਰ ਟਿਕਾਅ ਜਿਹਾ ਨਹੀਂ ਸੀ। ਘਰੋਂ ਬਾਹਰ ਰਹਿਣ ਦਾ ਅਹਿਸਾਸ ਪਹਿਲੀ ਵਾਰ ਹੋ ਰਿਹਾ ਸੀ। ਉਹਨਾਂ ਵੱਲੋਂ ਨਿੱਥੇ ਨਿੱਕੇ ਸਵਾਲ ਸਿਰਫ ਦਿਲ ਨੂੰ ਬੰਨਣ ਲਈ ਹੀ ਕੀਤੇ ਜਾ ਰਹੇ ਸਨ। ਮੇਰੇ ਨਾਲ ਛੋਟੇ ਛੋਟੇ ਫਿਕਰਾਂ ਦਾ ਜ਼ਿਕਰ ਸਿਰਫ ਮਨ ਨੂੰ ਧਰਵਾਸਾ ਦੇਣ ਦੀ ਖਾਤਰ ਸਨ।

ਏਅਰਪੋਰਟ ਦੀ ਬਸ ਵਿੱਚੋਂ ਉੱਤਰ ਕੇ ਜਦੋਂ ਜਹਾਜ਼ ਦੀ ਪਹਿਲੀ ਪਾਉੜੀ ਚੜ੍ਹੀ ਤਾਂ ਮੇਰੇ ਮੂੰਹੋਂ ਅਚਾਨਕ ਨਿਕਲ ਗਿਆ, 'ਲੈ ਭਗਤਾ, ਚੁੱਕ ਲਾ ਪੈਰ ਪੰਜਾਬ ਦੀ ਧਰਤੀ ਤੋਂ ਤੇ ਵਧਾ ਲੈ ਕਦਮ ਵਲੈਤ ਵੱਲ' ਸਚ ਮੰਨਿਓ ਇਕ ਵਾਰੀ ਤਾਂ ਉਸ ਦੇ ਕਦਮ ਖਲੋ ਹੀ ਗਏ। ਕੀ ਸੱਚੀ ਮੁੱਚੀਂ ਹੁਣ ਉਸਦੇ ਪੈਰ ਪੰਜਾਬ ਦੀ ਧਰਤੀ ਤੇ ਨਹੀਂ ਹਨ? ਦਿਸਹੱਦਿਆਂ ਨੂੰ ਮੰਜ਼ਲ ਸਮਝ ਜਹਾਜ਼ ਨੇ ਪੜਾਵਾਂ ਨੂੰ ਸਰ ਕੀਤਾ। ਸਾਰੀ ਰਾਤ ਦੀ ਥਕਾਨ, ਘਰ ਦੀ ਯਾਦ ਤੇ ਅਣਦੇਖੀ ਧਰਤੀ ਤੇ ਸਾਰੀ ਦੁਨੀਆਂ ਦੇ ਸਾਂਝੇ ਸੂਰਜ ਦੀ ਰੌਸ਼ਨੀ ਨੇ ਜਦੋਂ ਝਲਕ ਦਿੱਤੀ ਤਾਂ 'ਭਗਤ' ਦਾ ਮਨ ਖਿਲ ਉਠਿਆ। ਜਹਾਜ਼ ਨੇ ਆਪਣਾ ਕਰਮ ਨਿਭਾਅ ਦਿੱਤਾ। ਹੱਥ ਵਿਚ ਸਟੈਂਪ ਲਗਾ ਪਾਸਪੋਰਟ ਫੜੀ, ਗਲ ਵਿਚ ਬੈਗ ਲਮਕਾਈ, ਚਿਹਰੇ ਤੇ ਮੁਸਕਾਨ ਲੈਕੇ ਜਦੋਂ 'ਭਗਤ' ਇਮੀਗਰੇਸ਼ਨ ਦੇ ਕਾਊਂਟਰ ਤੋਂ ਬਾਹਰ ਆਇਆ ਤਾਂ ਮੇਰੇ ਕੋਲੋਂ ਫੇਰ ਸਹਿਜ ਸੁਭਾਅ ਕਹਿ ਹੋ ਗਿਆ,

'ਚਲ ਭਗਤਾ, ਹੋ ਜਾ ਵਲੈਤੀਆ।'

ਮੇਰੇ ਚੇਤਿਆਂ ਵਿਚ ਵਸਿਆ 'ਵਲੈਤੀਆ' ਸ਼ਬਦ ਸ਼ਾਇਦ ਆਪਣਾ ਵਜੂਦ ਲੱਭ ਰਿਹਾ ਸੀ। ਹੁਣ ਜਦ ਮੈਂ ਵਾਪਸ ਆਪਣੇ ਸ਼ਹਿਰ ਪਹੁੰਚਾਂਗਾ ਤਾਂ ਮੈਨੂੰ ਪੂਰੀ ਉਮੀਦ ਹੋਵੇਗੀ ਕਿ ਭਗਤ ਨੇ ਆਪਣੇ ਘਰ ਦੇ ਬਾਹਰ ਫੱਟੀ ਉੱਤੇ 'ਭਗਤ ਵਲੈਤੀਆ' ਜਰੂਰ ਲਿਖਿਆ ਹੋਵੇਗਾ। ਜੇਕਰ ਨਹੀਂ ਵੀ ਲਿਖੇਗਾ ਤਾਂ ਘੱਟੋ ਘੱਟ ਮੇਰੇ ਸੁਪਨੇ ਜਰੂਰ ਇਹ ਫੱਟੀ ਦੇਖ ਲੈਣਗੇ ਇਕ ਰਾਤ।


hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com