WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ

5_cccccc1.gif (41 bytes)

ਸਾਡੇ ਸਮਿਆਂ ਵਿੱਚ ਮਨੁੱਖ ਨੂੰ ਚਿੰਤਨ ਦੀ ਨਹੀਂ, ਸ਼ੁਭਚਿੰਤਨ ਦੀ ਲੋੜ ਹੈ। ਚਿੰਤਨ ਜੋ ਮਨੁੱਖ ਦੇ ਅਹਿਸਾਸਾਂ, ਭਾਵਨਾਵਾਂ, ਦੁੱਖਾਂ, ਦਰਦਾਂ, ਉਮੰਗਾਂ, ਇਛਾਵਾਂ, ਆਸ਼ਾਵਾਂ, ਨਿਰਾਸ਼ਾਵਾਂ ਨੂੰ ਵੀ ਸਮਝਦਾ ਹੋਵੇ। ਚਿੰਤਨ ਜੋ ਸ਼ੁਭ ਨਹੀਂ, ਉਹ ਲਾਲਚ ਨਾਲ ਭਰਿਆ ਹੁੰਦਾ ਹੈ। ਅਜਿਹਾ ਚਿੰਤਨ ਮਨੁੱਖੀ ਤਬਾਹੀ ਲਈ ਜ਼ਿੰਮੇਵਾਰ ਹੁੰਦਾ ਹੈ। ਅਜਿਹਾ ਚਿੰਤਨ ਹੀ ਧਰਤੀ ਦੇ ਕੋਨੇ ਕੋਨੇ ਵਿੱਚ ਛਿੜੀਆਂ ਜੰਗਾਂ ਨਾਲ ਹੋ ਰਹੀ ਤਬਾਹੀ ਲਈ ਜ਼ਿੰਮੇਵਾਰ ਹੈ। ਅਜਿਹਾ ਚਿੰਤਨ ਹੀ ਦੁਨੀਆਂ ਦੇ ਅਨੇਕਾਂ ਹਿੱਸਿਆਂ ਵਿਚਲੀ ਭੁੱਖਮਰੀ ਅਤੇ ਗਰੀਬੀ ਲਈ ਜ਼ਿੰਮੇਵਾਰ ਹੈ।

ਕੈਨੇਡੀਅਨ ਪੰਜਾਬੀ ਸ਼ਾਇਰ ਅਜਮੇਰ ਰੋਡੇ ਨੇ ਸ਼ੁਭਚਿੰਤਨ ਦੀ ਲੋੜ ਬਾਰੇ ਅਹਿਸਾਸ ਜਗਾਉਣ ਵਾਲਾ ਕਾਵਿ-ਸੰਗ੍ਰਹਿ ‘ਸ਼ੁਭਚਿੰਤਨ’ 1993 ਵਿੱਚ ਪ੍ਰਕਾਸਿ਼ਤ ਕੀਤਾ ਸੀ। ਇਸ ਤੋਂ ਪਹਿਲਾਂ ਅਜਮੇਰ ਰੋਡੇ ‘ਵਿਸ਼ਵ ਦੀ ਨੁਹਾਰ’ (ਵਿਗਿਆਨ), ‘ਸੁਰਤੀ’ (ਕਵਿਤਾ), ‘ਦੂਜਾ ਪਾਸਾ’ (ਇਕਾਂਗੀ ਸੰਗ੍ਰਹਿ), ਅਤੇ ‘ਕਾਮਾਗਾਟਾਮਾਰੂ’ (ਨਾਟਕ) ਪ੍ਰਕਾਸਿ਼ਤ ਕਰ ਚੁੱਕਾ ਸੀ।

‘ਚਿੰਤਨ’ ਅਤੇ ‘ਸ਼ੁਭਚਿੰਤਨ’ ਦਾ ਅੰਤਰ ਸਮਝਾਉਣ ਲਈ ਅਜਮੇਰ ਰੋਡੇ ਆਪਣੇ ਕਾਵਿ-ਸੰਗ੍ਰਹਿ ‘ਸ਼ੁਭਚਿੰਤਨ’ ਵਿੱਚ ਇਤਿਹਾਸ ਅਤੇ ਮਿਥਿਹਾਸ ਦੀ ਵਰਤੋਂ ਕਰਦਿਆਂ ਹੋਇਆਂ ਦਾਰਸ਼ਨਿਕ ਪੱਧਰ ਉੱਤੇ ਚਰਚਾ ਛੇੜਦਾ ਹੈ। ਕਾਵਿ-ਰੂਪ ਵਿੱਚ ਚਰਚਾ ਛੇੜਨ ਤੋਂ ਪਹਿਲਾਂ ਅਜਮੇਰ ਰੋਡੇ ਕੁਝ ਗੱਲਾਂ ਵਾਰਤਕ ਵਿੱਚ ਵੀ ਕਰਦਾ ਹੈ। ਇਨ੍ਹਾਂ ਗੱਲਾਂ ਵਿੱਚ ਉਹ ਇਸ ਗੱਲ ਦੇ ਸੰਕੇਤ ਦਿੰਦਾ ਹੈ ਕਿ ਉਹ ਆਪਣੀਆਂ ਕਵਿਤਾਵਾਂ ਰਾਹੀਂ ‘ਚਿੰਤਨ’ ਅਤੇ ‘ਸ਼ੁਭਚਿੰਤਨ’ ਵਿੱਚ ਵੱਖਰੇਂਵਾਂ ਪੈਦਾ ਕਰਨ ਲਈ ਕਿਹੜੀਆਂ ਗੱਲਾਂ ਨੂੰ ਆਪਣੀ ਸੋਚ ਦਾ ਆਧਾਰ ਬਣਾਵੇਗਾ:

ਮਨੁੱਖੀ ਸੱਭਿਆਚਾਰ ਮਨੁੱਖੀ ਮਨਾਂ ਦਾ ਹੀ ਸਮੂਹਕ ਪ੍ਰਤੀਬਿੰਬ ਹੈ। ਚਿੰਤਨ ਅਤੇ ਭਾਵਾਂ ਦਾ ਸੰਤੁਲਨ ਜਾਂ ਅਸੰਤੁਲਨ ਹੀ ਮੁੱਖ ਤੌਰ ‘ਤੇ ਕਿਸੇ ਸੱਭਿਆਚਾਰ ਦੇ ਸੁਭਾਓ ਨੂੰ ਪ੍ਰਗਟਾਉਂਦਾ ਹੈ।
ਅਵਿਕਸਤ ਚਿੰਤਨ ਸਦਕਾ ਹੀ ਪੰਜਾਬ ਵਿੱਚ ਅੱਜ ਲਹੂ ਦੀਆਂ ਨਦੀਆਂ ਵਗ ਰਹੀਆਂ ਹਨ। ਉਂਜ ਕਿਸੇ ਸੱਭਿਆਚਾਰ ਵਿਚ ਚਿੰਤਨ ਦਾ ਪ੍ਰਫੁੱਲਿਤ ਹੋਣਾ ਵੀ ਉੱਤਮ ਸੱਭਿਆਚਾਰ ਦੀ ਗਰੰਟੀ ਨਹੀਂ। ਅਮਰੀਕਾ ਵਿਚ ਚਿੰਤਨ-ਪ੍ਰਕ੍ਰਿਆ ਦੀ ਘਾਟ ਨਹੀਂ; ਪਰ ਅਮਰੀਕਾ ਨੇ ਹੀ ਅੱਜ ਇਤਿਹਾਸ ਦੀ ਸਭ ਤੋਂ ਵੱਧ ਹਉਮੈਵਾਦੀ, ਲਾਲਚੀ ਅਤੇ ਵਿਰਾਟ ਸਲਤਨਤ ਨੂੰ ਜਨਮ ਦਿੱਤਾ ਹੈ।
ਵਾਸਤਵ ਵਿੱਚ ਲੋੜ ਅੱਜ ਸ਼ੁਭਚਿੰਤਨ ਦੀ ਹੈ, ਕੇਵਲ ਚਿੰਤਨ ਦੀ ਨਹੀਂ। ਜਿਸ ਚਿੰਤਨ ਪਿੱਛੇ ਸ਼ੁਭ-ਭਾਵਨਾ ਨਹੀਂ, ਉਸ ਦੀ ਅੱਖ ਵਿਚ ਕਦੇ ਵੀ ਸਵਾਰਥ ਦੀ ਮੈਲ ਭਰ ਸਕਦੀ ਹੈ ਅਤੇ ਉਸ ਅੱਖ ਵਿਚੋਂ ਕਦੇ ਵੀ ਲਹੂ ਟਪਕ ਸਕਦਾ ਹੈ।

ਸਾਡੇ ਸਮਿਆਂ ਦਾ ਸੰਕਟ ਇਹ ਹੈ ਕਿ ਮਨੁੱਖ ਨੂੰ ਨੇਕੀ ਦੇ ਰਾਹ ਵੱਲ ਤੋਰਨ ਵਾਲਾ ਧਰਮ ਵੀ ਭ੍ਰਿਸ਼ਟ ਹੋ ਚੁੱਕਿਆ ਹੈ ਅਤੇ ਉਸ ਉੱਤੇ ਅਮਲ ਕਰਨ ਵਾਲਾ ਮਨੁੱਖ ਵੀ। ਇਸ ਸੰਕਟ ਨੂੰ ਅਜਮੇਰ ਰੋਡੇ ਕੁਝ ਇਸ ਤਰ੍ਹਾਂ ਕਾਵਿ-ਰੂਪ ਦਿੰਦਾ ਹੈ:

ਪਿਆਰੇ ਸ਼ੁਭਚਿੰਤਨ
ਜੀ ਆਇਆਂ ਨੂੰ ਲੰਘ ਆਵੋ
ਧਰਮ ਕਰਮ ਤੋਂ ਦੀਵਾ ਬੁਝਿਆ
ਜਗਦੇ ਅੱਖਰ ਪਾਵੋ

ਇਸ ਸੰਕਟ ਦੀ ਗੰਭੀਰਤਾ ਨੂੰ ਉਹ ਕੁਝ ਅੱਗੇ ਜਾ ਕੇ ਹੋਰ ਵਿਸਥਾਰ ਦਿੰਦਾ ਹੈ:

1.
ਹਰ ਅਸਥਾਨ ਓਪਰਾ ਹੋਇਆ
ਆਪਣੇ ਘਰ ਤੋਂ ਡਰੀਏ
ਦਿਲ ‘ਤੇ ਨੰਗੀ ਲੋਥ ਉਠਾਈ
ਚੁੱਪ-ਚੁਪੀਤੇ ਤੁਰੀਏ

2.
ਪਰਮ ਪਿਆਰੇ ਆਪਣੇ ਵੈਰੀ ਬਣ ਬਣ ਦਿੱਸਦੇ
ਰੱਸੀਆਂ ਦੇ ਸੱਪ ਬਣ ਬਣ ਤੁਰਦੇ।
ਸਾਡੇ ਪੁਰਖਿਆਂ
ਪਲੀ ਪਲੀ ਵਿਸ਼ਵਾਸ ਜੋੜਿਆ
ਅਸੀਂ ਨਿਕਦਰਾਂ ਪਲਾਂ ਛਿਣਾਂ ਵਿਚ
ਉਲਟੇ ਘੜਿਆਂ ਵਾਂਗ ਰੋੜ੍ਹਿਆ

ਧਰਮ ਦੇ ਭ੍ਰਿਸ਼ਟ ਹੋ ਜਾਣ ਦੇ ਨਾਲ ਵੱਖੋ ਵੱਖ ਧਰਮ ਇੱਕ ਦੂਜੇ ਦੇ ਸਮਾਨਾਂਤਰ ਹੋਣ ਦੀ ਥਾਂ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹੋਣ ਲੱਗ ਪਏ। ਇੱਕੋ ਹੀ ਧਰਮ ਵਿੱਚ ਕੁਝ ਲੋਕ ਧਾਰਮਿਕ ਕੱਟੜਵਾਦੀ ਬਣ ਗਏ ਅਤੇ ਬਾਕੀ ਲੋਕ ਉਸ ਧਰਮ ਦੇ ਸਾਧਾਰਨ ਪੈਰੋਕਾਰ ਬਣ ਗਏ। ਮੁੱਠੀ ਕੁ ਭਰ ਧਾਰਮਿਕ ਕੱਟੜਵਾਦੀ ਧਾਰਮਿਕ ਸਥਾਨਾਂ ਵਿੱਚ ਜ਼ਹਿਰੀ ਫਨੀਅਰ ਸੱਪਾਂ ਵਾਂਗ ਫਨ ਫੈਲਾਅ ਕੇ ਬੈਠ ਗਏ। ਆਮ ਸ਼ਰਧਾਲੂ ਇਨ੍ਹਾਂ ਸੱਪਾਂ ਤੋਂ ਡਰੇ ਹੋਏ ਧਾਰਮਿਕ ਸਥਾਨਾਂ ਵਿੱਚ ਆਉਣ ਤੋਂ ਵੀ ਡਰਨ ਲੱਗੇ। ਭ੍ਰਿਸ਼ਟ ਹੋ ਚੁੱਕੇ ਧਰਮਾਂ ਦੇ ਭ੍ਰਿਸ਼ਟ ਹੋ ਚੁੱਕੇ ਪੈਰੋਕਾਰਾਂ ਨੇ ਹੌਲੀ ਹੌਲੀ ਧਾਰਮਿਕ ਸਥਾਨਾਂ ‘ਚੋਂ ਨਿਕਲ ਕੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਵੀ ਫੈਲਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਭ੍ਰਿਸ਼ਟ ਹੋ ਚੁੱਕੇ ਧਾਰਮਿਕ ਕੱਟੜਵਾਦੀ ਜ਼ਹਿਰੀਲੇ ਸੱਪ-ਨੁਮਾ ਲੋਕਾਂ ਨੇ ਨ ਸਿਰਫ ਆਮ ਲੋਕਾਂ ਦਾ ਜਿਉਣਾ ਹੀ ਮੁਸ਼ਕਿਲ ਕਰ ਦਿੱਤਾ, ਇਨ੍ਹਾਂ ਭ੍ਰਿਸ਼ਟ ਲੋਕਾਂ ਨੇ ਸਾਡੇ ਮਹਾਂ-ਪੁਰਖਾਂ ਵੱਲੋਂ ਸਦੀਆਂ ਦੀ ਮਿਹਨਤ ਸਦਕਾ ਸਥਾਪਿਤ ਕੀਤੀਆਂ ਪਿਆਰ, ਅਮਨ ਅਤੇ ਸਾਂਝੀਵਾਲਤਾ ਦੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਕੁਝ ਦਿਨਾਂ ਵਿੱਚ ਦਿਖਾਈ ਦਰਿੰਦਗੀ ਸਦਕਾ ਹੀ ਲੀਰੋ ਲੀਰ ਕਰਕੇ ਰੱਖ ਦਿੱਤਾ।

ਇਸ ਸਾਰੀ ਦਰਿੰਦਗੀ ਦਾ ਮੂਲ ਕਾਰਨ ਜ਼ਿੰਦਗੀ ਵਿੱਚ ਪ੍ਰਾਪਤ ਕੀਤੀ ਹਰ ਜਿੱਤ ਤੋਂ ਬਾਹਦ ਮਨ ਵਿੱਚ ਪੈਦਾ ਹੋਣ ਵਾਲੀ ਹਉਮੈ ਬਣ ਗਈ। ਹੋਰਨਾਂ ਨਾਲੋਂ ਆਪਣੇ ਆਪ ਨੂੰ ਉੱਤਮ ਸਿੱਧ ਕਰਨ ਦੀ ਭਾਵਨਾ ਬਣ ਗਈ। ਇਹ ਹਉਮੈ ਅਮਨ ਅਤੇ ਸਾਂਝੀਵਾਲਤਾ ਦੀ ਲੋਕ-ਭਾਵਨਾ ਦੇ ਵਿਰੋਧ ਵਿੱਚ ਖੜ੍ਹੋ ਗਈ। ਇਹੀ ਜਿੱਤ ਨਾਲ ਜੁੜੀ ਹਉਮੈਂ ਇੱਕ ਦੂਜੇ ਲਈ ਨਫ਼ਰਤ ਦੀ ਭਾਵਨਾ ਦੇ ਭਾਂਬੜ ਬਾਲਣ ਲੱਗ ਪਈ। ਦੂਜਿਆਂ ਨੂੰ ਆਪਣੇ ਤੋਂ ਨੀਂਵੇਂ ਦਿਖਾਉਣ ਦੀ ਭਾਵਨਾ ਨਾਲ ਭਰ ਗਈ।

ਭਾਰਤ ਦੇ ਪੰਜਾਬ ਸੂਬੇ ਵਿੱਚ 1978 ਤੋਂ ਲੈ ਕੇ 1993 ਤੱਕ ਕੁਝ ਅਜਿਹਾ ਹੀ ਮਾਹੌਲ ਪੈਦਾ ਹੋ ਜਾਣ ਕਾਰਨ ਸਮਾਜਿਕ, ਸਭਿਆਚਾਰਕ, ਧਾਰਮਿਕ, ਵਿੱਦਿਅਕ - ਹਰ ਖੇਤਰ ਵਿੱਚ ਹੀ ਭੈਅ ਵਾਲੀ ਸਥਿਤੀ ਪੈਦਾ ਹੋ ਗਈ। ਲੋਕ-ਮਾਨਸਿਕਤਾ ਦਾ ਟਿਕਾਓ ਬੁਰੀ ਤਰ੍ਹਾਂ ਬਿਖਰ ਗਿਆ। ਅਜਿਹੀ ਸਥਿਤੀ ਨੂੰ ਜਨਮ ਦੇਣ ਲਈ ਉਸ ਸਮੇਂ ਭਾਰਤ ਅਤੇ ਪੰਜਾਬ ਵਿੱਚ ਹਕੂਮਤ ਕਰ ਰਹੀਆਂ ਰਾਜਨੀਤਕ ਸ਼ਕਤੀਆਂ ਨੂੰ ਵੀ ਕਿਸੀ ਤਰ੍ਹਾਂ ਵੀ ਜ਼ਿੰਮੇਵਾਰੀ ਤੋਂ ਬਰੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਮਿਆਂ ਵਿੱਚ ਚੌਗਿਰਦੇ ਵਿੱਚ ਪੱਸਰੇ ਭੈਅ ਭਰਪੂਰ ਮਾਹੌਲ ਨੂੰ ਅਜਮੇਰ ਰੋਡੇ ਕਾਵਿ-ਰੂਪ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਵਿਹੜੇ ਦੀ ਮਿੱਟੀ ਵਿਚ ਓਵੇਂ ਨਿੱਕਸੁਕ
ਟੁੱਟੇ ਦਾਣੇ, ਚੌਲ ਖਿੱਲਰੇ, ਨਿੱਕੇ ਕੀਟ ਸਰਕਦੇ
ਇੱਕ ਪੰਛੀ ਵੀ ਚੋਗ ਚੁਗਣ ਨ ਉੱਤਰੇ
ਘੁੱਗੀਆਂ ਸਿਖਰ ਦੁਪਹਿਰੇ ਘਰ ਵਿੱਚ ਪੱਸਰੇ
ਭੈ ਤੋਂ ਲੁਕੀਆਂ
ਭੁੱਖੇ ਬੋਟਾਂ ਅੱਗੇ ਰੁਦਨ ਕਰਦੀਆਂ
ਕੱਲਮ-ਕੱਲੀਆਂ ਪਿੱਛੇ ਬਚੀਆਂ
ਮਾਵਾਂ ਧੀਆਂ ਵਾਂਗਰ

ਅਜਿਹੀ ਸਮਾਜਿਕ-ਸਭਿਆਚਾਰਕ-ਰਾਜਨੀਤਿਕ ਸਥਿਤੀ ਵਿੱਚ ਸਾਹਿਤਕਾਰ ਦੀ ਇੱਕ ਵੱਡੀ ਨੈਤਿਕ ਜ਼ਿੰਮੇਵਾਰੀ ਹੁੰਦੀ ਹੈ। ਸਾਹਿਤਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਇਸ ਸਥਿਤੀ ਨੂੰ ਜਨਮ ਦੇਣ ਵਾਲੀਆਂ ਸ਼ਕਤੀਆਂ ਵੱਲ ਸਪੱਸ਼ਟ ਰੂਪ ਵਿੱਚ ਉਂਗਲ ਕਰਦਿਆਂ ਜਿੱਥੇ ਕਿ ਉਨ੍ਹਾਂ ਵੱਲੋਂ ਨਿਭਾਏ ਗਏ ਮਾੜੇ ਕਿਰਦਾਰ ਦੀ ਸਖਤ ਆਲੋਚਨਾ ਕਰੇ ਉੱਥੇ ਹੀ ਉਹ ਅਜਿਹੀ ਸਥਿਤੀ ਨੂੰ ਬਦਲਣ ਲਈ ਸ਼ੁਭਚਿੰਤਨ ਦੇ ਵਿਕਾਸ ਅਤੇ ਪਾਸਾਰ ਬਾਰੇ ਵੀ ਚਰਚਾ ਕਰੇ। ਪਰ ਪੰਜਾਬ ਦੀ ਤ੍ਰਾਸਦੀ ਇਹ ਰਹੀ ਕਿ ਵਧੇਰੇ ਸਾਹਿਤਕਾਰ ਅਜਿਹੀ ਸਥਿਤੀ ਦੀ ਪੇਸ਼ਕਾਰੀ ਕਰਨ ਲਈ ਗੋਲਮੋਲ ਗੱਲਾਂ ਹੀ ਕਰਦੇ ਰਹੇ। ਜਿਹੜੇ ਸਾਹਿਤਕਾਰਾਂ ਨੇ ਇਸ ਸਥਿਤੀ ਨੂੰ ਜਨਮ ਦੇਣ ਵਾਲੀਆਂ ਸ਼ਕਤੀਆਂ ਵੱਲ ਸਿੱਧੀ ਉਂਗਲ ਕੀਤੀ ਅਤੇ ਅਜਿਹੇ ਲੋਕਾਂ ਦੇ ਕੰਮਾਂ ਦੀ ਸਿੱਧੀ ਆਲੋਚਨਾਂ ਕੀਤੀ ਉਨ੍ਹਾਂ ਦੀ ਕੁਰਾਹੇ ਪਈਆਂ ਧਿਰਾਂ ਨਾਲ ਸਿੱਧੀ ਟੱਕਰ ਹੋ ਗਈ। ਏਕੇ-47 ਵਾਲੀਆਂ ਧਿਰਾਂ ਨੇ ਇਨ੍ਹਾਂ ਸਾਹਿਤਕਾਰਾਂ/ਚਿੰਤਕਾਂ/ਬੁੱਧੀਜੀਵੀਆਂ ਨਾਲ ਕਿਸੀ ਕਿਸਮ ਦਾ ਸ਼ਾਬਦਿਕ ਸੰਵਾਦ ਰਚਾਉਣ ਦੀ ਥਾਂ ਉਨ੍ਹਾਂ ਦਾ ਕਤਲ ਕਰਨਾ ਹੀ ਠੀਕ ਸਮਝਿਆ। ਅਜਮੇਰ ਰੋਡੇ ਇਸ ਸਾਰੀ ਸਾਹਿਤਕ / ਸਭਿਆਚਾਰਕ ਸਥਿਤੀ ਨੂੰ ਕਵਿਤਾ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

1.
ਸ਼ਾਇਰ ਚੁੱਪ ਦੀ ਬੁੱਕਲ ਮਾਰੀ
ਫੰਭਿਆਂ ਪਿੱਛੇ ਫਿਰਦੇ, ਲੀਰਾਂ ‘ਕੱਠੀਆਂ ਕਰਦੇ
ਅੰਦਰੇ ਅੰਦਰ ਰੋਹ ਦੀਆਂ ਸਤਰਾਂ ਲਿਖ ਲਿਖ
ਭਰਦੇ ਜਾਂਦੇ।
ਕਦੇ ਕਦੇ ਬੱਸ ਮੰਚ ‘ਤੇ ਚੜ੍ਹਦੇ, ਮਾਈਕ ਫੜ੍ਹਦੇ
ਸ਼ਬਦਾਂ ਤੋਂ ਅਰਥਾਂ ਤੱਕ ਲੱਖਾਂ ਵਲ ਵਿੰਗ ਪਾਉਂਦੇ

2.
ਕਲਾਕਾਰ ਕੁਝ ਐਸੇ ਵੀ ਹਨ
ਜੋ ਕੁਝ ਕਹਿੰਦੇ ਫ਼ਤਵੇ ਵਾਂਗ ਸੁਣਾਉਂਦੇ
ਜੋ ਕੁਝ ਵਾਹੁੰਦੇ ਤਿੱਖੀ ਨੋਕ ਨਾਲ ਹੀ ਵਾਹੁੰਦੇ
ਪੰਨੇ ਪਾੜ ਪਾੜ ਕੇ ਪੈਰਾਂ ਥੱਲੇ ਸੁੱਟੀ ਜਾਂਦੇ
ਕਲਮਾਂ ਬੁਰਸ਼ਾਂ ਹੱਥਾਂ ਉੱਤੇ ਭੁੱਬਲਾਂ ਪਾਉਂਦੇ
ਜੀਭਾਂ ਕਟ ਕਟ ਬਰਫ਼ਾਂ ਥੱਲੇ ਰੱਖੀ ਜਾਂਦੇ
ਬਹੁਤ ਬਿਸ਼ਰਮੀ ਦੇ ਸੰਗ
ਹਸਦੇ ਹਸਦੇ
ਹੌਕੇ ਚੀਕਾਂ ਸਿਰਜੀ ਜਾਂਦੇ।

ਅਜਮੇਰ ਰੋਡੇ ਇੱਥੇ ਤੱਕ ਪਹੁੰਚਕੇ ਇੱਕ ਦੰਮ ਜੋ ਆਪਣਾ ਬਿਆਨ ਅੰਕਿਤ ਕਰਦਾ ਹੈ ਉਹ ਦੋਗਲੀ ਸੋਚ ਦਾ ਪ੍ਰਗਟਾ ਕਰਦਾ ਜਾਪਦਾ ਹੈ। ਇੱਕ ਪਾਸੇ ਤਾਂ ਉਹ ਉਨ੍ਹਾਂ ਕਵੀਆਂ ਦੀ ਸਪੱਸ਼ਟ ਸ਼ਬਦਾਂ ਵਿੱਚ ਆਲੋਚਨਾ ਕਰਦਾ ਹੈ ਜੋ ਆਪਣੀਆਂ ਕਵਿਤਾਵਾਂ ਵਿੱਚ ਸਪੱਸ਼ਟ ਸ਼ਬਦਾਂ ਵਿੱਚ ਗੱਲ ਕਰਨ ਦੀ ਥਾਂ ਗੋਲਮੋਲ ਗੱਲਾਂ ਕਰਦੇ ਹਨ; ਪਰ ਦੂਜੇ ਪਾਸੇ ਉਹ ਸਪੱਸ਼ਟ ਸ਼ਬਦਾਂ ਵਿੱਚ ਗੱਲ ਕਰਨ ਵਾਲੇ ਕਵੀਆਂ ਦੀ ਹੀ ਆਲੋਚਨਾ ਕਰਦਾ ਹੈ ਕਿ ਉਨ੍ਹਾਂ ਦੀਆਂ ਅਜਿਹੀਆਂ ਸਪੱਸ਼ਟ ਆਲੋਚਨਾ ਕਰਦੀਆਂ ਕਵਿਤਾਵਾਂ ਏਕੇ-47 ਵਾਲਿਆਂ ਦੇ ਦਿਮਾਗ਼ਾਂ ਵਿੱਚ ਨਫਰਤ ਅਤੇ ਗੁੱਸਾ ਭਰ ਰਹੀਆਂ ਹਨ। ਅਜਮੇਰ ਰੋਡੇ ਅਜਿਹੇ ਕਵੀਆਂ ਨੂੰ ਸਲਾਹ ਦੇ ਰਿਹਾ ਹੈ ਕਿ ਉਹ ਪਿਆਰ-ਮੁਹੱਬਤ ਦਾ ਪ੍ਰਚਾਰ ਕਰਨ ਵਾਲੀਆਂ ਰਚਨਾਵਾਂ ਰਚਣ ਤਾਂ ਕਿ ਅਜਿਹੀਆਂ ਰਚਨਾਵਾਂ ਪੜ੍ਹ ਕੇ ਏਕੇ-47 ਹੱਥਾਂ ਵਿੱਚ ਫੜਣ ਵਾਲਿਆਂ ਦੇ ਦਿਲਾਂ ਵਿੱਚ ਵੀ ਪਿਆਰ ਦੀਆਂ ਭਾਵਨਾਵਾਂ ਪੈਦਾ ਹੋ ਜਾਣ। ਪੇਸ਼ ਹਨ ਅਜਮੇਰ ਰੋਡੇ ਦੇ ਅਜਿਹੇ ਵਿਚਾਰ ਕਾਵਿ-ਰੂਪ ਵਿੱਚ:

ਨਫ਼ਰਤ ਨਫ਼ਰਤ ਨਾਲ ਨਾ ਕਟਦੀ
ਮੁਮਕਿਨ ਹੈ ਔਹ ਬੰਦਾ, ਏਕੇ ਫ਼ੋਟੀਸੈਵਨ ਵਾਲਾ
ਤੇਰੀ ਕਵਿਤਾ ਸੁਣਨ ਖੁਣੋਂ ਹੀ
ਬਹੁਤ ਕ੍ਰੋਧੀ ਹੋਇਆ ਫਿਰਦਾ
ਖ਼ਬਰੇ ਘੂਰ ਕੇ ਦੱਸ ਰਿਹਾ ਹੈ
ਕਵੀਆ ਤੂੰ ਤਾਂ ਸਿੱਧੇ ਰਾਹ ‘ਤੇ ਆ
ਅੱਜ ਕੋਈ ਪਿਆਰ ਦੀ ਨਜ਼ਮ ਬਣਾ

ਪੰਜਾਬ ਦੀ ਤ੍ਰਾਸਦੀ, ਪੰਜਾਬ ਵਿੱਚ ਇੰਨੀ ਵੱਡੀ ਪੱਧਰ ਉੱਤੇ ਹੋਏ ਖ਼ੂਨ-ਖਰਾਬੇ, ਲਈ ਅਜਮੇਰ ਰੋਡੇ ਮਰ ਮਿਟਣ ਦੀ ਉਸ ਭਾਵਨਾ ਨੂੰ ਜ਼ਿੰਮੇਵਾਰ  ਠਹਿਰਾਉਂਦਾ ਹੈ ਜਿਸ ਦੀ ਗੁੜਤੀ ਸਾਨੂੰ ਸੂਰਮਿਆਂ ਵੱਲੋਂ ਪ੍ਰਾਪਤ ਕੀਤੀ ਗਈ ਸ਼ਹੀਦੀ ਦੀ ਗਾਥਾ ਬਚਪਨ ਵਿੱਚ ਸੁਣਾ ਸੁਣਾ ਕੇ ਦਿੱਤੀ ਜਾਂਦੀ ਹੈ। ਦੇਸ਼-ਭਗਤੀ ਦੇ ਨਾਮ ਉੱਤੇ ਦੇਸ਼ ਲਈ ਕੁਰਬਾਨ ਹੋਣ ਦੀ ਭਾਵਨਾ ਸਾਡੇ ਅੰਦਰ ਪੈਦਾ ਕੀਤੀ ਜਾਂਦੀ ਹੈ। ਪਰ ਅਜਮੇਰ ਰੋਡੇ ਦੀ ਧਾਰਨਾ ਹੈ ਕਿ ਜਾਨ ਦੇਣ ਨਾਲੋਂ ਜਿਉਂਦਿਆਂ ਰਹਿ ਕੇ ਹੋਰਨਾਂ ਲੋਕਾਂ ਦੇ ਭਲੇ ਲਈ ਕੰਮ ਕਰਨੇ ਹੋਰ ਵੀ ਵੱਡੀ ਗੱਲ ਹੈ। ਇਹ ਤਰਕ ਅਜਮੇਰ ਰੋਡੇ ਆਪਣੀ ਕਵਿਤਾ ਵਿੱਚ ਕੁਝ ਇਸ ਤਰ੍ਹਾਂ ਉਸਾਰਦਾ ਹੈ:

ਭਲੇ ਮਨੁੱਖ ਨੇ ਉਹ ਵੀ
ਜੋ ਦੂਜਿਆਂ ਲਈ ਮਰਦੇ
ਪਰਮ ਮਨੁੱਖ ਨੇ ਓਹੋ
ਜੋ ਦੂਜਿਆਂ ਲਈ ਜਿਉਂਦੇ

ਅਜਮੇਰ ਰੋਡੇ ਆਪਣੀ ਗੱਲ ਨੂੰ ਵਿਸਥਾਰ ਦੇਣ ਲਈ ਭਾਰਤੀ ਮਿੱਥ ਦਾ ਸਹਾਰਾ ਲੈਂਦਾ ਹੈ। ਇਹ ਮਿੱਥ ਹੈ ‘ਦ੍ਰੋਪਦੀ ਦਾ ਸਵੰਬਰ’। ਦ੍ਰੋਪਦੀ ਦੇ ਪਿਤਾ ਨੇ ਇਹ ਸ਼ਰਤ ਰੱਖੀ ਹੈ ਕਿ ਜੋ ਸੂਰਮਾ ਘੁੰਮ ਰਹੀ ਮੱਛੀ ਦੀ ਅੱਖ ਵਿੱਚ ਤੀਰ ਮਾਰ ਦੇਵੇਗਾ ਉਹੀ ਦ੍ਰੋਪਦੀ ਨੂੰ ਵਿਆਹ ਕੇ ਲੈ ਜਾਵੇਗਾ। ਦ੍ਰੋਪਦੀ ਦੇ ਸਵੰਬਰ ਵਿੱਚ ਆਪਣੀ ਤੀਰ ਅੰਦਾਜ਼ੀ ਦੀ ਕਲਾ ਦਾ ਕਮਾਲ ਦਿਖਾਉਣ ਲਈ ਪਹੁੰਚੇ ਵੱਡੇ ਵੱਡੇ ਸੂਰਮੇ, ਦਰਅਸਲ, ਇਹ ਮੁਕਾਬਲਾ ਜਿੱਤ ਕੇ ਆਪਣੀ ਹਉਮੈਂ ਹੀ ਦਿਖਾਣੀ ਚਾਹੁੰਦੇ ਹਨ ਕਿ ਉਹ ਕਿੰਨੇ ਵੱਡੇ ਸੂਰਮੇ ਹਨ। ਉਨ੍ਹਾਂ ਨੂੰ ਇਸ ਸਵੰਬਰ ਵਿੱਚ ਜਿੱਤ ਦੀ ਟਰਾਫੀ ਬਣੀ ਦ੍ਰੋਪਦੀ ਦੀਆਂ ਇੱਕ ਔਰਤ ਹੋਣ ਦੇ ਨਾਤੇ ਉਮੰਗਾਂ, ਇਛਾਵਾਂ, ਰੀਝਾਂ, ਪਸੰਦ, ਨਾ-ਪਸੰਦ ਨਾਲ ਕੋਈ ਸਰੋਕਾਰ ਨਹੀਂ। ਦ੍ਰੋਪਦੀ ਸੋਚਦੀ ਹੈ ਕਿਸੀ ਮਰਦ ਦੀ ਪਤਨੀ ਬਨਣ ਦਾ ਇਹ ਕਿਹੋ ਜਿਹਾ ਢੰਗ ਹੈ? ਇਸ ਸਥਿਤੀ ਨੂੰ ਅਜਮੇਰ ਰੋਡੇ ਕਾਵਿ-ਰੂਪ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

1.
ਭੋਰਾ ਭੋਰਾ ਤਿੜਕਾਂ
ਟੁੱਟਦੀ ਭੱਜਦੀ ਸੋਚੀ ਜਾਵਾਂ
ਕਿਸੇ ਨਾ ਬਹਿ ਕੇ ਪੁੱਛਿਆ
ਪਿਆਰੀ ਰਾਜਕੁਮਾਰੀ
ਦੱਸ ਕੀ ਤੇਰੀ ਇੱਛਾ?
ਕੀ ਤੈਨੂੰ ਮਨਜ਼ੂਰ।
ਹਰ ਕੋਈ ਜਾਣੇ ਮੈਂ ਮਹਿਲਾਂ ਵਿਚ
ਅਗਨ ਕੁੰਡ ‘ਚੋਂ
ਰਾਜਕੁਮਾਰੀ ਬਣ ਕੇ ਜਨਮੀ
ਕ੍ਰਿਸ਼ਨ ਪ੍ਰਭੂ ਦੀ ਆਪਣੀ ਭੈਣ
ਮਰਯਾਦਾ ਦੀ ਪਾਲਣਹਾਰੀ
ਕੋਈ ਨਾ ਵੇਖੇ ਮੇਰੇ ਅੰਦਰ ਅੱਖਾਂ ਖੋਲ੍ਹੀ ਬੈਠੀ
ਇਸ ਧਰਤੀ ਦੀ ਨਾਰੀ

2.
ਵਿਦਾ ਹੋਣ ਦਾ ਇਹ ਕੈਸਾ ਦਸਤੂਰ
ਭਰੇ ਸਵੰਬਰ ਮੈਂ ਮਛਲੀ ਬਣ ਲਟਕੀ
ਮਰਦ ਸੂਰਮੇ ਦੇਵ ਦੇਵਤੇ ਆਪਣੀ
ਤੀਰ-ਵਿੱਦਿਆ ਪਰਖਣ
ਮੋਹ ਦੇ ਚਾਨਣ ਲਈ ਅੱਖ ਖੁੱਲ੍ਹੀ
ਜੋ ਕੋਈ ਵਿੰਨ੍ਹੇ ਪਹਿਲਾਂ
ਉਸ ਦੇ ਪਿੱਛੇ ਤੁਰ ਪਾਂ ਹੋ ਬੇ-ਨੂਰ
ਵਿਦਾ ਹੋਣ ਦਾ ਇਹ ਕੈਸਾ ਦਸਤੂਰ

ਦ੍ਰੋਪਦੀ ਅਰਜਨ ਨੂੰ ਮੁਖਾਤਿਬ ਹੋ ਕੇ ਕਹਿੰਦੀ ਹੈ ਕਿ ਹੇ ਅਰਜਨ! ਮੈਂ ਤਾਂ ਤੈਨੂੰ ਦੇਖਦਿਆਂ ਹੀ ਤੇਰੇ ਉੱਤੇ ਮੋਹਿਤ ਹੋ ਗਈ ਹਾਂ। ਮੈਂ ਤੇਰੇ ਨਾਲ ਸਵੰਬਰ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਿਨ੍ਹਾਂ ਹੀ ਤੁਰਨ ਲਈ ਤਿਆਰ ਹਾਂ। ਪਰ ਅਰਜਨ ਤਾਂ ਭਰੀ ਸਭਾ ਵਿੱਚ ਆਪਣੀ ਜਿੱਤ ਦੇ ਡੰਕੇ ਵਜਾ ਕੇ ਦ੍ਰੋਪਦੀ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਹੈ। ਉਸ ਦੀ ਹਉਮੈਂ ਤਾਂ ਭਰੀ ਮਹਿਫ਼ਲ ਵਿੱਚ ਇਹ ਸਿੱਧ ਕਰਨਾ ਹੈ ਕਿ ਉਹ ਮਹਾਂ-ਸੂਰਬੀਰ ਹੈ ਅਤੇ ਤੀਰ ਅੰਦਾਜ਼ੀ ਦੀ ਕਲਾ ਵਿੱਚ ਕੋਈ ਉਸਦਾ ਮੁਕਾਬਲਾ ਨਹੀਂ ਕਰ ਸਕਦਾ। ਅਰਜਨ ਦੀ ਅਜਿਹੀ ਸੋਚ ਨੂੰ ਅਜਮੇਰ ਰੋਡੇ ਬੜੀ ਹੀ ਖੂਬਸੂਰਤੀ ਨਾਲ ਕੁਝ ਇਸ ਅੰਦਾਜ਼ ਵਿੱਚ ਪੇਸ਼ ਕਰਦਾ ਹੈ:

1.
ਸ਼ੁਭ ਕਰਮਾਂ ਦੀ ਖੇਡ ਇਸ ਤਰ੍ਹਾਂ ਤੇਰਾ ਆਉਣਾ
ਪਰ ਹਾਲੀਂ ਨਾ ਅੱਖ ਮੇਰੀ ਨੇ ਚਾਨਣ ਤੇਰਾ ਛੋਹਣਾ
ਪਹਿਲਾਂ ਅਰਜਨ ਨੇ ਇਸ ਮਹਾਂ ਸਵੰਬਰ ਨੂੰ
ਸਰ ਕਰਨਾ
ਇਸ ਪਛਚਾਤ ਹੀ ਤੇਰੇ ਅੰਗ ਦਾ
ਸੰਗ ਹੈ ਕਰਨਾ

2.
ਮੈਂ ਤਾਂ ਕੇਵਲ
ਪ੍ਰਕਿਰਤੀ ਦੇ ਨਿਯਮਾਂ ਅੱਗੇ ਸੀਸ ਝੁਕਾਵਾਂ।
ਪ੍ਰਕਿਰਤੀ ਦੀ ਮਹਾਂ ਖੇਡ ਵਿੱਚ
ਸ਼ਤਰੂਆਂ ‘ਤੇ ਵਿਜੈ ਪਾਵਣਾ
ਸੰਗ ਵੀਰਤਾ ਕੋਈ ਪਦਾਰਥ ਬੇ-ਮੋਖਾ ਲੈ ਜਾਣਾ
ਉੱਚਾ ਹੋ ਕੇ ਤੁਰਨਾ
ਅੱਗਿਓਂ ਅੱਗੇ ਵਧਣਾ
ਮਹਾਂ ਸੱਚ ਹੈ।
ਜੇ ਮੈਂ ਘੁੰਮਦੀ ਮੱਛੀ ਦੀ ਅੱਖ ਵਿੰਨ੍ਹ ਕੇ
ਵਿਜੈ ਦੇ ਡੰਕ ਵਜਾਵਾਂ, ਤੈਨੂੰ ਕੰਠ ਲਗਾਵਾਂ
ਅਰਜਨ ਵੀਰ ਕਹਾਵਾਂ
ਇਸ ਵਿੱਚ ਕੇਹੀ ਕਰਾਂ ਅਵੱਗਿਆ
ਕੇਹਾ ਦੋਸ਼ ਕਮਾਵਾਂ।
ਮੇਰੀ ਵਿਜੈ ਦੀ ਲੋਚਾ, ਪਿਆਰੀ
ਹਉਂ ਦੇ ਨਾਲ ਨਾ ਤੋਲ
ਇਸ ਖਿਣ ਮੇਰੀ ਸੁਰਤ ਨਾ ਬਿਖਰੇ
ਬਾਣ ਨਾ ਜਾਏ ਡੋਲ

ਅਰਜਨ ਦੀ ਮਾਨਸਿਕ ਸਥਿਤੀ ਨੂੰ ਜਾਣ ਕੇ ਦ੍ਰੋਪਦੀ ਉਸਨੂੰ ਵਿਚਾਰਧਾਰਕ ਚੁਣੌਤੀ ਦਿੰਦੀ ਹੈ। ਜ਼ਿੰਦਗੀ ਜਿਉਣ ਦੇ ਨਵੇਂ ਅਰਥ ਸਮਝਾਉਂਦੀ ਹੈ। ਉਹ ਸਮਝਾਉਂਦੀ ਹੈ ਕਿ ਹਥਿਆਰਾਂ ਦੀ ਵਰਤੋਂ ਕਰਕੇ ਜਿੱਤ ਪ੍ਰਾਪਤੀ ਕਰਨ ਨਾਲੋਂ ਪਿਆਰ ਸਦਕਾ ਲੋਕਾਂ ਦੇ ਦਿਲਾਂ ਉੱਤੇ ਜਿੱਤ ਪ੍ਰਾਪਤ ਕਰਨੀ ਵਧੇਰੇ ਮਹੱਤਤਾ ਰੱਖਦੀ ਹੈ। ਅਜਮੇਰ ਰੋਡੇ ਜ਼ਿੰਦਗੀ ਦੇ ਇਸ ਮਹਾਂ-ਸੱਚ ਨੂੰ ਕੁਝ ਇਸ ਅੰਦਾਜ਼ ਵਿੱਚ ਕਾਵਿਕ-ਰੂਪ ਦਿੰਦਾ ਹੈ:

ਮਹਾਂ ਨਿਯਮ ਜੇ ਪਰ ਨੂੰ ਜਿੱਤਣਾ
ਜਿੱਤ ਦੇ ਅਰਥ ਬਦਲ ਦੇ
ਧਣੁਖ ਟਿਕਾ ਦੇ ਧਰਤੀ ਉੱਤੇ
ਉੱਚੀ ਸੁਰ ਵਿੱਚ ਕਹਿ ਦੇ
ਮੋਹ ਦਾ ਸੱਚ
ਵਿਜੈ ਦੇ ਕੱਚ ਤੋਂ ਉੱਚਾ
ਮੋਹ ਦਾ ਨਿਯਮ,
ਪ੍ਰਥਮ, ਪਰਮ ਤੇ ਸੁੱਚਾ।

ਧਰਤੀ ਦੇ ਜਿਸ ਹਿੱਸੇ ਉੱਤੇ ਅਸੀਂ ਜਨਮ ਲਿਆ ਹੁੰਦਾ ਹੈ, ਸਾਡਾ ਪਾਲਣ ਪੋਸਣ ਹੋਇਆ ਹੁੰਦਾ ਹੈ- ਧਰਤੀ ਦਾ ਉਹੀ ਹਿੱਸਾ ਹੀ ਸਾਨੂੰ ਸਭ ਤੋਂ ਵੱਧ ਚੰਗਾ ਲੱਗਦਾ ਹੈ। ਅਸੀਂ ਧਰਤੀ ਦੇ ਉਸ ਹਿੱਸੇ ਖਾਤਰ ਹੀ ਆਪਣੀ ਜਾਨ ਕਰਬਾਨ ਕਰਨ ਲਈ ਵੀ ਤਿਆਰ ਹੋ ਜਾਂਦੇ ਹਾਂ। ਸਾਡੇ ਮਨਾਂ ਅੰਦਰ ਧਰਤੀ ਦੇ ਇਸ ਵਿਸ਼ੇਸ਼ ਖਿੱਤੇ ਲਈ ਪੈਦਾ ਹੋਈ ਅਜਿਹੀ ਮੋਹ ਭਰੀ ਭਾਵਨਾ ਨੂੰ ਅਸੀਂ ‘ਦੇਸ਼ ਭਗਤੀ ਦੀ ਭਾਵਨਾ’ ਵੀ ਕਹਿ ਦਿੰਦੇ ਹਾਂ।

ਅਜੋਕੇ ਸਮਿਆਂ ਵਿੱਚ ਅਜੇਹੇ ਮੋਹ ਦੇ ਅਰਥ ਬਦਲ ਚੁੱਕੇ ਹਨ। ਮਨੁੱਖ ਚੰਗੇ ਭਵਿੱਖ ਖਾਤਿਰ ਅਤੇ ਚੰਗੇ ਆਰਥਿਕ ਲਾਭ ਪ੍ਰਾਪਤ ਕਰਨ ਲਈ ਧਰਤੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਘੁੰਮ ਰਿਹਾ ਹੈ। ਜਿਸ ਨਵੇਂ ਦੇਸ਼ ਵਿੱਚ ਮਨੁੱਖ ਸ਼ਹਿਰੀ ਬਣਕੇ ਰਹਿਣ ਲੱਗ ਪਵੇਗਾ, ਉਸਦੀ ਦਿਲਚਸਪੀ ਵੀ ਉਸ ਦੇਸ਼ ਦੇ ਸਮਾਜਿਕ / ਸਭਿਆਚਾਰਕ / ਰਾਜਨੀਤਕ ਤਾਣੇ ਬਾਣੇ ਵਿੱਚ ਹੋ ਜਾਵੇਗੀ। ਉਸ ਦੀਆਂ ਜ਼ਿੰਮੇਵਾਰੀਆਂ ਵੀ ਉਸ ਦੇਸ਼ ਪ੍ਰਤੀ ਹੋ ਜਾਣਗੀਆਂ। ਧਰਤੀ ਦਾ ਉਹੀ ਹਿੱਸਾ ਉਸ ਨੂੰ ਪਿਆਰਾ ਹੋ ਜਾਵੇਗਾ। ਪਰ ਕਈ ਵਾਰ ਮਨੁੱਖ ਦੋਚਿੱਤੀ ਹਾਲਤ ਵਿੱਚ ਜ਼ਿੰਦਗੀ ਜਿਉਣ ਲੱਗ ਜਾਂਦਾ ਹੈ। ਧਰਤੀ ਦੇ ਜਿਸ ਹਿੱਸੇ ਵਿੱਚ ਉਸ ਨੇ ਜਨਮ ਲਿਆ ਹੁੰਦਾ ਹੈ ਅਤੇ ਬਚਪਨ ਬਿਤਾਇਆ ਹੁੰਦਾ ਹੈ, ਉਸਦੀ ਹੀ ਯਾਦ ਉਸਨੂੰ ਸਤਾਉਣ ਲੱਗਦੀ ਹੈ। ਜਿਸ ਕਾਰਨ ਉਸ ਨੂੰ ਮਾਨਸਿਕ ਤਨਾਓ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੋਚਿੱਤੀ ਨੂੰ ਅਜਮੇਰ ਰੋਡੇ ਕੁਝ ਇਸ ਅੰਦਾਜ਼ ਵਿੱਚ ਪੇਸ਼ ਕਰਦਾ ਹੈ:

ਦੱਸ ਸਖੀ ਤੁਰ ਜਾਵਾਂ ਜਾਂ ਨਾ ਜਾਵਾਂ
ਪਰਤ ਆਪਣੇ ਦੇਸ
ਦੋਚਿੱਤੀ ਵਿੱਚ ਚਿੱਤ ਨਾ ਲਗਦਾ
ਦੋਚਿੱਤੀਆਂ ਪਰਦੇਸ
ਕਿੰਨੇ ਕੁ ਚਾਅ ਏਥੇ ਕਰ ਲੇ ਪੂਰੇ
ਕਿੰਨੇ ਕੁ ਦਿੱਤੇ ਅਸੀਂ ਮੇਸ
ਕਿੰਨੇ ਤਾਂ ਸੁਪਨੇ ਸੱਚ ਸੱਚ ਉਤਰੇ
ਕਿੰਨੇ ਹੋਏ ਮਲੀਆ ਮੇਟ
ਦਿਲ ਚੰਦਰਾ ਭੋਰਾ ਨਾ ਸੰਗਦਾ,
ਲੇਖਾ ਮੰਗਦਾ ਸੂਲੀ ਟੰਗਦਾ
ਕਰਦਾ ਨਿਤ ਕਲੇਸ਼

ਪਿੱਛੇ ਛੱਡ ਕੇ ਆਏ ਮੁਲਕ ਅਤੇ ਨਵੇਂ ਅਪਣਾਏ ਮੁਲਕ ਦੀ ਤੁਲਨਾ ਉਹ ਕੁਝ ਇਸ ਤਰ੍ਹਾਂ ਕਰਦਾ ਹੈ:

1.
ਆਪਾਂ ਸਰਲ ਸਰਲ ਜਿਹੇ ਲੋਕੀਂ
ਸਹਿਜੇ ਸਹਿਜੇ ਤੁਰਨਾ ਸਿੱਖਿਆ
ਸਹਿਜੇ ਸਹਿਜੇ ਦਿਨ ਤੁਰਦਾ ਸੀ
ਸੁਪਨੇ ਚਾਨਣੀ ਵਾਂਗ ਉਜਾਗਰ ਹੁੰਦੇ

2.
ਏਸ ਮੁਲਕ ਦਾ ਪਹਿਲਾ ਲੱਛਣ
ਕਾਹਲੀ ਕਾਹਲੀ ਲੁਛ ਲੁਛ ਕਰਨਾ
ਗੋਲੀ ਲੈ ਕੇ ਸੌਣਾ, ਕਾਹਲੀ ਕਾਹਲੀ ਸੁਪਨਾ ਲੈਣਾ
ਉੱਠਣਾ ਤੇ ਤੁਰ ਜਾਣਾ
ਸੜਕਾਂ ਉੱਤੇ ਕਾਰ ਭਜਾਉਂਦੇ ਇਸ਼ਕ ਰਚਾਉਣਾ
ਭੁੱਖ ਲੱਗੇ ਤਾਂ ਸੜਕ ਕਿਨਾਰੇ ਕਾਰ ਖੜੀ ਕਰ
ਵਿੱਚੇ ਬੈਠੇ ਖਾਣਾ ਆਡਰ ਕਰਨਾ
ਮਿੰਟ ਸਕਿੰਟੀਂ ਖਾਣਾ ਤੇ ਤੁਰ ਜਾਣਾ
ਵੱਡੇ ਮੁਰਗ਼ੀਖਾਨੇ ਅੰਦਰ
ਚਿੱਟੀ ਕੁੱਕੜੀ ਦਿਨੇ ਰਾਤ ਜਾਲੀ ਵਿੱਚ ਬੈਠੀ
ਇੱਕੋ ਥਾਵੇਂ ਧੌਣ ਉਤਾਂਹ ਨੂੰ ਕੀਤੀ
ਨਾਲੀ ਵਿੱਚੋਂ ਆਉਂਦੇ ਦਾਣੇ ਕਾਹਲੀ ਕਾਹਲੀ ਅੰਦਰ ਕਰਦੀ
ਬਹੁਤ ਵਿਚਾਰੀ ਸਾਡੇ ਵਰਗੀ

ਅਜੋਕੇ ਸਮਿਆਂ ਵਿੱਚ ਮਨੁੱਖ ਨੇ ਗਿਆਨ-ਵਿਗਿਆਨ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਹਨ। ਅੱਜ ਮਨੁੱਖ ਮਿੰਟਾਂ-ਸਕਿੰਟਾਂ ਵਿੱਚ ਦੁਨੀਆਂ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਆਪਣਾ ਖ਼ਤ ਆਪਣੀ ਤਸਵੀਰ ਸਮੇਤ ਭੇਜ ਸਕਦਾ ਹੈ। ਅੱਜ ਮਨੁੱਖ ਲੱਖਾਂ-ਕਰੋੜਾਂ ਮੀਲਾਂ ਦਾ ਫਾਸਲਾ ਤਹਿ ਕਰਕੇ ਪੁਲਾੜ ਯਾਤਰਾ ਰਾਹੀਂ ਹੋਰਨਾਂ ਧਰਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਸੈਟੇਲਾਈਟਸ ਦੀ ਮੱਦਦ ਰਾਹੀਂ ਅਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰ ਰਹੀ ਕਿਸੀ ਵੀ ਘਟਨਾ ਬਾਰੇ ਟੈਲੀਵੀਜ਼ਨ ਦੇ ਸਕਰੀਨਾਂ ਰਾਹੀਂ ਪਲ ਪਲ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇੰਟਰਨੈੱਟ ਦੀ ਮੱਦਦ ਰਾਹੀਂ ਅਸੀਂ ਦੁਨੀਆਂ ਭਰ ਦੀਆਂ ਅਖਬਾਰਾਂ / ਮੈਗਜ਼ੀਨਾਂ ਘਰ ਬੈਠੇ ਹੋਏ ਹੀ ਪੜ੍ਹ ਸਕਦੇ ਹਾਂ। ਪਰ ਦੂਜੇ ਪਾਸੇ ਦੁਨੀਆਂ ਵਿੱਚ ਅਜੇ ਵੀ ਰੰਗ, ਧਰਮ, ਨਸਲ, ਜ਼ਾਤ-ਪਾਤ ਦੇ ਨਾਮ ਉੱਤੇ ਮਨੁੱਖ ਵੱਲੋਂ ਮਨੁੱਖ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇੰਟਰਨੈੱਟ ਦੀਆਂ ਵੈੱਬਸਾਈਟਾਂ ਉੱਤੇ ਬੱਚਿਆਂ ਨਾਲ ਹੋ ਰਹੇ ਬਲਾਤਕਾਰ ਦਿਖਾਏ ਜਾਂਦੇ ਹਨ। ਵੱਡੇ ਵੱਡੇ ਸ਼ਹਿਰਾਂ ਨੂੰ ਬਦੇਸ਼ੀ ਯਾਤਰੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਇਨ੍ਹਾਂ ਸ਼ਹਿਰਾਂ ਵਿੱਚ ਰੰਡੀ ਬਜ਼ਾਰ ਖੋਲ੍ਹੇ ਜਾਂਦੇ ਹਨ। ਮਨੁੱਖ ਵੱਲੋਂ ਇੰਨੀ ਜਿ਼ਆਦਾ ਗਿਆਨ-ਵਿਗਿਆਨ ਦੇ ਖੇਤਰ ਵਿੱਚ ਤਰੱਕੀ ਕਰ ਲੈਣ ਦੇ ਬਾਵਜ਼ੂਦ ਦੁਨੀਆਂ ਦੇ ਅਨੇਕਾਂ ਹਿੱਸੇ ਅਜੇ ਵੀ ਅੰਤਾਂ ਦੀ ਗਰੀਬੀ ਦੀ ਹਾਲਤ ਵਿੱਚ ਹਨ। ਇਨ੍ਹਾਂ ਤੱਥਾਂ ਨੂੰ ਵੀ ਅਜਮੇਰ ਰੋਡੇ ਕਾਵਿ-ਰੂਪ ਵਿੱਚ ਪੇਸ਼ ਕਰਦਾ ਹੈ:

1.
ਪਾਕ ਪਵਿੱਤਰ ਨਗਰ ਦੇ ਮੱਥੇ
ਦਾਗ਼ ਕਲੰਕ ਕੁਲਹਿਣਾ
ਸਦਾਚਾਰ ਦੇ ਮੂੰਹ ‘ਤੇ ਮੈਲੇ
ਛਿੱਟੇ ਕਿਸ ਨੇ ਪਾਏ
ਗਲੀ ਗਲੀ ਦੇ ਮੋੜ ਤੋਂ ਹੂੰਝੋ
ਕੰਜਰੀਆਂ ਦੇ ਸਾਏ

ਪੰਜਾਬੀ ਸਭਿਆਚਾਰ ਵਿੱਚ ਸ਼ਾਇਰ, ਦਾਰਸ਼ਨਿਕ, ਬਾਬਾ ਨਾਨਕ ਦਾ ਨਾਮ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਉਸ ਨੇ ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਦੁਨੀਆਂ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾ ਕੇ ਉਸ ਸਮੇਂ ਦੇ ਬੁੱਧੀਜੀਵੀਆਂ ਨਾਲ ਸੰਵਾਦ ਰਚਾਇਆ। ਜ਼ਿੰਦਗੀ ਦੀਆਂ ਹਕੀਕਤਾਂ ਨਾਲ ਜੁੜੇ ਮਹੱਤਵ-ਪੂਰਨ ਪ੍ਰਸ਼ਨਾਂ ਬਾਰੇ ਉਸ ਨੇ ਤਰਕਸ਼ੀਲ ਵਿਚਾਰਾਂ ਦੀ ਉਸਾਰੀ ਕੀਤੀ ਅਤੇ ਉਸ ਨੂੰ ਸੌਖੇ ਤੋਂ ਸੌਖੇ ਸ਼ਬਦਾਂ ਰਾਹੀਂ ਆਮ ਲੋਕਾਂ ਤੱਕ ਪਹੁੰਚਾਇਆ। ਉਸ ਨੇ ਬੇਖੌਫ਼ ਹੋ ਕੇ ਜਬਰ ਅਤੇ ਜ਼ੁਲਮ ਕਰਨ ਵਾਲੀਆਂ ਸ਼ਕਤੀਆਂ ਵਿਰੁੱਧ ਵੀ ਆਪਣੀ ਆਵਾਜ਼ ਉਠਾਈ। ਪਿਛਲੀਆਂ ਅਨੇਕਾਂ ਸਦੀਆਂ ਤੋਂ ਬਾਬਾ ਨਾਨਕ ਵਾਂਗ ਹੀ ਹੋਰ ਵੀ ਅਨੇਕਾਂ ਮਹਾਂ-ਪੁਰਖ ਮਨੁੱਖਤਾ ਦਰ ਪੇਸ਼ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕਰ ਰਹੇ ਹਨ ਅਤੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਪਰ ਇਸ ਦੇ ਬਾਵਜ਼ੂਦ ਸਮਾਜਿਕ / ਸਭਿਆਚਾਰਕ ਹਾਲਤਾਂ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਵਾਪਰ ਸਕੀ। ਅਜੇ ਵੀ ਦੱਬੇ-ਕੁਚਲੇ ਲੋਕ ਓਵੇਂ ਹੀ ਭੁੱਖ-ਨੰਗ ਨਾਲ ਲੜ ਰਹੇ ਹਨ ਅਤੇ ਅਮੀਰ ਲੋਕ ਅਜੇ ਵੀ ਮਹੱਲਾਂ ਵਰਗੇ ਘਰਾਂ ਵਿੱਚ ਬੈਠੇ ਐਸ਼-ਪ੍ਰਸਤੀ ਭਰੇ ਦਿਨ ਬਤੀਤ ਕਰ ਰਹੇ ਹਨ। ਅਜਿਹੀ ਸਮਾਜਿਕ / ਸਭਿਆਚਾਰਕ ਸਥਿਤੀ ਨੂੰ ਅਜਮੇਰ ਰੋਡੇ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

1.
ਨਾਨਕ ਨੰਗੇ ਪੈਰੀਂ ਬਹੁਤ ਤੁਰਿਆ
ਕਾਬਲ ਪਹੁੰਚਿਆ ਅਰਬ ਹੋ ਮੁੜਿਆ
ਦੁਨੀਆਂ ਨੇ ਕੀ ਸਿੱਖਿਆ?
ਕਾਰੂੰ ਉਸੇ ਤਰ੍ਹਾਂ ਮਹਿਲਾਂ ‘ਚ ਸੌਂ ਰਹੇ
ਬੇ-ਘਰੇ ਸੜਕਾਂ ‘ਤੇ ਭੌਂ ਰਹੇ

2.
ਜੰਤਰ ਮੰਤਰ ਲੈਸ, ਦੁਨੀਆਂ ਦੇ ਸਭ ਰਾਕਟ
ਚੰਨ ਵੀਨਸ ਵੱਲ ਉੱਡੇ
ਵਾਧੂ ਅੰਨ ਮੱਖਣ ਦੇ ਭਰੇ ਜਹਾਜ਼
ਸਾਗਰ ਅੰਦਰ ਡੁੱਬੇ

3.
ਪੁਲਸ ਉਸ ਨੂੰ ਬੇ-ਟਿਕਾਣਾ ਬੇ-ਹਯਾ ਹੱਲਿਆ
‘ਨਿੱਗਰ’ ਕਹੇ
ਡਾਕ ਉਸਨੂੰ ‘ਮੈਂਟਲ’ ਕਹੇ, ‘ਸਾਈਕੋ’ ਕਹੇ
ਕਦੇ ‘ਇਲੂਯਨ’ ਵੇਖਦਾ ਕਦੇ ‘ਡਿਲੂਯਨ’ ਭੋਗਦਾ
ਮਾਈਕਲ ਦੇ ‘ਜੀਨ’ ਮਾੜੇ ਕਹੇ
ਗੋਲੀਆਂ ਦੀ ਲੱਪ ਅੰਦਰ ਧੱਕ ਦਏ

‘ਸ਼ੁਭਚਿੰਤਨ’ ਕਾਵਿ-ਸੰਗ੍ਰਹਿ ਵਿੱਚ ਇਤਿਹਾਸ / ਮਿਥਿਹਾਸ ਦੀ ਵਰਤੋਂ ਕਰਦਿਆਂ ਅਜਮੇਰ ਰੋਡੇ ਅਨੇਕਾਂ ਪਹਿਲੂਆਂ ਤੋਂ ‘ਚਿੰਤਨ’ ਅਤੇ ‘ਸ਼ੁਭਚਿੰਤਨ’ ਦੁਆਲੇ ਸੰਵਾਦ ਰਚਾਉਂਦਾ ਹੈ। ਉਹ ਇਸ ਗੱਲ ਉੱਤੇ ਵੀ ਜ਼ੋਰ ਦਿੰਦਾ ਹੈ ਕਿ ਜੋ ‘ਚਿੰਤਨ’ ਮਨੁੱਖੀ ਭਾਵਨਾਵਾਂ, ਅਹਿਸਾਸਾਂ ਨਾਲ ਜੁੜਿਆ ਹੋਇਆ ਨਹੀਂ, ਉਹ ਵਿਨਾਸ਼ਕਾਰੀ ਬਣ ਜਾਂਦਾ ਹੈ। ਜੋ ‘ਚਿੰਤਨ’ ਮਨੁੱਖੀ ਭਾਵਨਾਵਾਂ, ਅਹਿਸਾਸਾਂ ਨਾਲ ਜੁੜਿਆ ਹੁੰਦਾ ਹੈ ਉਹ ‘ਚਿੰਤਨ’ ‘ਸ਼ੁਭਚਿੰਤਨ’ ਬਣ ਜਾਂਦਾ ਹੈ। ਧਰਤੀ ਦੇ ਕੋਨੇ ਕੋਨੇ ਵਿੱਚ ਜੋ ਮਨੁੱਖੀ ਤਬਾਹੀ ਹੋ ਰਹੀ ਹੈ, ਉਹ ਭਾਵਨਾ ਰਹਿਤ ਗਿਆਨ-ਵਿਗਿਆਨ ਦੀ ਕੀਤੀ ਗਈ ਵਰਤੋਂ ਦੀ ਹੀ ਦੇਣ ਹੈ। ਅੱਜ ਲੋੜ ਹੈ ਕਿ ‘ਚਿੰਤਨ’ ਨੂੰ ਮਨੁੱਖੀ ਕਲਿਆਣ ਹਿਤ ਵਰਤਿਆ ਜਾਵੇ।

‘ਸ਼ੁਭਚਿੰਤਨ’ ਦੀ ਪ੍ਰਕਾਸ਼ਨਾ ਨਾਲ ਅਜਮੇਰ ਰੋਡੇ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜਿ਼ਕਰਯੋਗ ਵਾਧਾ ਕੀਤਾ ਹੈ।

(ਮਾਲਟਨ, ਮਾਰਚ 3, 2011)


  ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com