WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’

5_cccccc1.gif (41 bytes)

ਭਾਰਤੀ ਸਮਾਜ ਵਿਚ ਫ਼ੈਲੇ ਅੰਧਵਿਸ਼ਵਾਸਾਂ ਦੀ ਗੱਲ ਕਰਦਿਆਂ 3 ਨਿੱਕੀਆਂ-ਨਿੱਕੀਆਂ ਕਹਾਣੀਆਂ ਮੇਰੇ ਜਿਹਨ ਵਿਚ ਆ ਰਹੀਆਂ ਹਨ। ਪਹਿਲਾਂ ਇਹ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨਾ ਜ਼ਰੂਰੀ ਸਮਝਦਾ ਹਾਂ ਬਾਕੀ ਲੇਖ ਬਾਰੇ ਬਾਅਦ ਵਿਚ ਵਿਚਾਰ-ਚਰਚਾ ਕਰਾਂਗਾ। ਪਹਿਲੀ ਕਹਾਣੀ ਮੇਰੇ ਦਾਦਾ ਜੀ ਸ੍ਰ: ਸ਼ਬੇਗ ਸਿੰਘ ਨੇ ਮੈਨੂੰ ਤਕਰੀਬਨ 20 ਕੂ ਸਾਲ ਪਹਿਲਾਂ ਸੁਣਾਈ ਸੀ ਜਦੋਂ ਮੈਂ 9 ਸਾਲ ਦਾ ਸਾਂ ਤੇ ਚੋਥੀ ਜਮਾਤ ਵਿਚ ਪਿੰਡ ਦੇ ਸਕੂਲ ਵਿਚ ਹੀ ਪੜਦਾ ਸੀ।

ਬਾਪੂ ਜੀ ਨੇ ਦੱਸਿਆ ਕਿ ਨਾਲ ਦੇ ਪਿੰਡ ਸਿੰਘਪੁਰਾ ਦੇ ਸਰਪੰਚ ਗੁਰਨਾਮ ਸਿੰਘ ਦੇ ਬਾਪੂ ਦੇ ਰੋਟੀ ਖਾਣ ਤੋਂ ਬਾਅਦ ਦੰਦਾਂ ਵਿਚ ਦਰਦ ਹੋਣ ਲੱਗ ਜਾਇਆ ਕਰੇ। ਇਸ ਲਈ ਉਹ ਹਰ ਰੋਜ ਰੋਟੀ ਖਾਣ ਤੋਂ ਬਾਅਦ ਆਪਣੀ ਨੂੰਹ ਤੋਂ ਝਾੜੂ ਦੇ (ਡੱਕੇ) ਤੀਲੇ ਦੀ ਮੰਗ ਕਰਿਆ ਕਰੇ। ਬਾਪੂ ਦੀ ਨੂੰਹ ਰੋਟੀ ਤੋਂ ਬਾਅਦ ਦੂਜੀ ਵਾਰ ਤੀਲਾ ਦੇਣ ਜਾਇਆ ਕਰੇ। ਇਸ ਤਰ੍ਹਾਂ ਕਈ ਦਿਨ ਬੀਤ ਗਏ ਤੇ ਨੂੰਹ ਨੇ ਥਾਲੀ ਦੇ ਵਿਚ ਰੋਟੀ ਦੇ ਨਾਲ ਹੀ ਇੱਕ ਤੀਲਾ ਰੱਖਣਾ ਸ਼ੁਰੂ ਕਰ ਦਿੱਤਾ। ਹੁਣ ਬਾਪੂ ਜੀ ਰੋਟੀ ਖਾ ਕੇ ਤੀਲੇ ਨਾਲ ਆਪਣੇ ਦੰਦ ਸਾਫ਼ ਕਰ ਲਿਆ ਕਰੇ। ਕਈ ਸਾਲ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇੱਕ ਦਿਨ ਬਾਪੂ ਜੀ ਚਲਾਣਾ ਕਰ ਗਏ।

ਬਾਪੂ ਦੀ ਮੌਤ ਤੋਂ ਬਾਅਦ ਵੀ ਨੂੰਹ ਨੇ ਘਰ ਵਿਚ ਸਭ ਤੋਂ ਵੱਡੇ ਵਿਅਕਤੀ (ਆਪਣੇ ਪਤੀ) ਦੀ ਥਾਲੀ ਵਿਚ ਤੀਲਾ ਰੱਖਣਾ ਜਾਰੀ ਰੱਖਿਆ। ਜਦੋਂ ਉਸ ਦੇ ਪਤੀ ਨੇ ਪੁੱਛਿਆ ਤਾਂ ਨੂੰਹ ਨੇ ਕਿਹਾ ਕਿ, “ ਬਾਪੂ ਜੀ ਦੇ ਨਮਿੱਤ ਇਹ ਤੀਲਾ ਰੱਖਿਆ ਹੈ ਤਾਂ ਪਤੀਦੇਵ ਚੁੱਪ ਕਰ ਗਏ।” ਇਸ ਤਰ੍ਹਾਂ ਕਈ ਸਾਲ ਬੀਤ ਗਏ।

ਜਦੋਂ ਉਹਨਾਂ ਦਾ ਮੁੰਡਾ ਵਿਆਹਿਆ ਗਿਆ ਤਾਂ ਨਵੀਂ ਆਈ ਨੂੰਹ ਨੂੰ ਵੀ ਇਹੀ ਸਮਝਾਇਆ ਗਿਆ ਕਿ ਥਾਲੀ ਵਿਚ ਰੋਟੀ ਦੇ ਨਾਲ ਤੀਲਾ ਰੱਖਣ ਦਾ ਆਪਣੇ ਘਰ ਵਿਚ ਰਿਵਾਜ ਹੈ। ਉਹ ਵਿਚਾਰੀ ਵੀ ਇਸੇ ਤਰ੍ਹਾਂ ਕਰਨ ਲੱਗੀ। ਹਰ ਰੋਜ ਨਵੇਂ ਤੀਲੇ ਰੱਖ ਰੱਖਕੇ ਹਫ਼ਤੇ ਦੋ ਹਫ਼ਤੇ ਬਾਅਦ ਹੀ ਝਾੜੂ ਖਤਮ ਹੋ ਜਾਇਆ ਕਰੇ। ਘਰਵਾਲੇ ਬੜੇ ਪ੍ਰੇਸ਼ਾਨ ਸਨ।

ਨਵੀਂ ਆਈ ਨੂੰਹ ਨੇ ਇਸ ਦਾ ਵੀ ਹੱਲ ਲੱਭ ਲਿਆ। ਉਸ ਨੇ ਆਪਣੇ ਪਤੀ ਨੂੰ ਆਖਿਆ ਕਿ, “ ਕਿਉਂ ਨਾ ਆਪਾਂ ਬਾਪੂ ਜੀ ਦੇ ਨਮਿੱਤ ਵਿਹੜੇ ਵਿਚ ਇੱਕ ਵੱਡਾ ਕਿੱਲਾ (ਤੀਲਾ) ਠੋਕ ਦਈਏ।” ਸਾਰੇ ਪਰਿਵਾਰ ਨੇ ਸਹਿਮਤੀ ਬਣਾ ਕੇ ਪਿੰਡ ਦੇ ਲੋਕਾਂ ਦੀ ਹਾਜਰੀ ਵਿਚ ਇੱਕ ਮੋਟਾ ਸਾਰਾ ਕਿੱਲਾ (ਤੀਲਾ) ਵਿਹੜੇ ਦੇ ਐਨ ਵਿੱਚਕਾਰ ਠੋਕ ਦਿੱਤਾ। ਨੂੰਹਾਂ ਨੇ ਇਸ ਤੀਲੇ ਨੂੰ ਲਾਲ ਰੰਗ ਦਾ ਧਾਗਾ ਬੰਨ ਦਿੱਤਾ।

ਕੋਈ ਸਾਲ ਕੂ ਬਾਅਦ ਹੀ ਇਸ ਤੀਲੇ ਨੂੰ ‘ਤੀਲਾ ਸਾਹਿਬ’ ਕਿਹਾ ਜਾਣ ਲੱਗਾ ਤੇ ਪਿੰਡ ਵਿਚ ਕੋਈ ਵਿਆਹ ਜਾਂ ਮੌਤ ਹੋ ਜਾਵੇ ਤਾਂ ਪਹਿਲਾਂ ਮੱਥਾ ਇਸੇ ਤੀਲੇ ਸਾਹਿਬ ਨੂੰ ਟੇਕਿਆ ਜਾਣ ਲੱਗਾ। ਇਸ ‘ਪਵਿੱਤਰ ਸਥਾਨ’ ਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਲੱਗੀਆਂ ਤੇ ਹਜਾਰਾਂ ਰੁਪੱਈਆ ਭੇਟਾ ਵੱਜੋਂ ਇੱਕਠਾ ਹੋਣ ਲੱਗ ਪਿਆ। ਬਾਪੂ ਜੀ ਦਾ ਵੱਡਾ ਪੁੱਤਰ ਗੁਰਬਚਨ ਸਿੰਘ ਤੋਂ ਮਹੰਤ ਬਚਨ ਦਾਸ ਬਣ ਗਿਆ ਤੇ ਉਹਨਾਂ ਨਾਲ ਦੇ ਪਿੰਡ ਵਿਚ 10 ਕਿੱਲੇ ਜ਼ਮੀਨ ਵੀ ਖਰੀਦ ਲਈ। ਸੋ ਇਹ ਸੀ ਬਾਪੂ ਦੇ ਦੰਦਾਂ ਦੀ ਸਫ਼ਾਈ ਦੇ ਤੀਲੇ ਤੋਂ ਤੀਲਾ ਸਾਹਿਬ ਬਣਨ ਤੱਕ ਦਾ ਸਫ਼ਰ।

ਦੂਜੀ ਕਹਾਣੀ ਪੜੇ-ਲਿਖੇ ਇਤਿਹਾਸ ਦੇ ਮਾਸਟਰ ਜੀ ਦੀ ਹੈ। ਮਾਸਟਰ ਕਰਨੈਲ ਸਿੰਘ ਮੇਰਾ ਚੰਗਾ ਦੋਸਤ ਤੇ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਹੈ। ਇੱਕ ਦਿਨ ਸਵੇਰੇ ਹੀ ਉੱਠ ਕੇ, ਨਾ ਮੂੰਹ ਧੋਤਾ ਨਾ ਹੱਥ, ਮੇਰੇ ਘਰ ਆ ਗਿਆ। ਉਹ ਕੁੱਝ ਡਰਿਆ ਹੋਇਆ ਸੀ। ਆਉਂਦਿਆਂ ਹੀ ਕਹਿਣ ਲੱਗਾ, “ਨਾ ਨਿਸ਼ਾਨ, ਇੱਕ ਗੱਲ ਤਾਂ ਦੱਸ ਕਿ ਸੁਪਨੇ ਵਿਚ ਦੇਖਿਆ ਸੱਪ ਚੰਗਾ ਹੁੰਦਾ ਏ ਕਿ ਮਾੜਾ?”

ਮੈਂ ਸਮਝ ਗਿਆ ਕਿ ਭਾਈ ਸਾਹਿਬ ਦੇ ਸੁਪਨੇ ਵਿਚ ਰਾਤ ਨੂੰ ਕਿਸੇ ਸੱਪ ਨੇ ‘ਦਰਸ਼ਨ’ ਦਿੱਤੇ ਹਨ। ਸੋ ਮੈਂ ਕਿਹਾ “ਇਹ ਤਾਂ ਬੜਾ ਮਾੜਾ ਹੁੰਦਾ ਹੈ।” ਉਹ ਵਿਚਾਰਾ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਮੇਰੇ ਇੰਜ ਕਹਿਣ ਤੇ ਹੋਰ ਡਰ ਗਿਆ।

“ਭਲਾ ਜੇ ਸਾਡੇ ਦੇਸ਼ ਦੇ ਅਧਿਆਪਕ ਅਜਿਹੇ ਅੰਧਵਿਸ਼ਵਾਸੀ ਹੋਣਗੇ ਤਾਂ ਫਿਰ ਇਹਨਾਂ ਨੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਹੈ।” ਮੈਂ ਅਜੇ ਇਹਨਾਂ ਖਿਆਲਾਂ ਵਿਚ ਹੀ ਗੁਆਚਾ ਸਾਂ ਕਿ ਮਾਸਟਰ ਜੀ ਨੇ ਮੈਥੋਂ ਪੁੱਛਿਆ, “ਫਿਰ ਹੁਣ ਕੀ ਕਰੀਏ?”

ਉਹ ਮੈਨੂੰ ਇੰਜ ਪੁੱਛ ਰਿਹਾ ਸੀ ਜਿਵੇਂ ਮੈਂ ਸੁਪਨਿਆਂ ਵਿਚ ਆਉਂਦੇ ਸੱਪਾਂ ਦਾ ‘ਕੰਟਰੈਕਟਰ’ ਹੋਵਾਂ। ਮੈਂ ਫਿਰ ਸੋਚਿਆ ਕਿ ਗੁਰਦੁਆਰੇ ਵਾਲੇ ਭਾਈ ਜੀ ਦਾ ਮੁੰਡਾ ਬੀਮਾਰ ਏ ਕਿਉਂ ਨਾ ਚਾਰ ਦਿਨ ਉਸ ਬੱਚੇ ਨੂੰ ਦੁੱਧ ਛਕਾਇਆ ਜਾਏ। ਮੈਂ ਕਿਹਾ, “ ਇਸ ਦਾ ਹੱਲ ਇਹ ਹੈ ਕਿ ‘ਸੱਪ ਮਹਾਰਾਜ’ ਨੂੰ ਸ਼ਾਤ ਕਰਨ ਲਈ ਇੱਕ ਹਫ਼ਤਾ ਦੁੱਧ ਦਾ ‘ਪ੍ਰਸ਼ਾਦ’ ਕਿਸੇ ਧਾਰਮਕ ਸਥਾਨ ਤੇ ਜਾ ਕੇ ਦਾਨ ਕਰੋ ਤਾਂ ਹੀ ਉਹ ਸ਼ਾਤ ਹੋ ਸਕਦੇ ਹਨ।” ਉਹ ਝੱਟ ਰਾਜੀ ਹੋ ਗਿਆ ਤੇ ਭਾਈ ਜੀ ਦੇ ਮੁੰਡੇ ਨੇ ਮੈਨੂੰ ਇੱਕ ਹਫ਼ਤਾ ਚੰਗੀਆਂ ਦੁਆਵਾਂ ਦਿੱਤੀਆਂ ਹੋਣੀਆਂ ਨੇ।

ਤੀਜੀ ਘਟਨਾ ਮੇਰੇ ਘਰ ਦੀ ਹੈ ਜੋ ਇਸ ਤਰ੍ਹਾਂ ਹੈ। ਮੇਰੇ ਦਾਦਾ ਜੀ ਧਾਰਮਕ ਖਿਆਲਾਂ ਵਾਲਾ ਵਿਅਕਤੀ ਸਨ। ਉਹ ਸਵੇਰੇ 4 ਵਜੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਸਨ। ਇੱਕ ਦਿਨ ਸਾਡੇ ਘਰ ਦੇ ਨਾਲ ਰਹਿੰਦੇ ਬਿਸ਼ਨ ਸਿੰਘ ਦੀ ਮੱਝ ਨੇ ਲੱਤ ਮਾਰ ਕੇ ਦੁੱਧ ਵਾਲੀ ਬਾਲਟੀ ਪਰਾਂ ਦੂਰ ਸੁੱਟ ਦਿੱਤੀ। ਸਾਰਾ ਟੱਬਰ ਪ੍ਰੇਸ਼ਾਨ ਹੋ ਗਿਆ। ਬਿਸ਼ਨ ਸਿੰਘ ਇੱਕ ਆਟੇ ਦਾ ਪੇੜਾ ਮੇਰੇ ਬਾਪੂ ਜੀ ਕੋਲ ਲੈ ਆਇਆ ਤੇ ਬਾਪੂ ਜੀ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਤੇ ਕਿਹਾ, “ ਸਰਦਾਰ ਜੀ 20 ਹਜਾਰ ਦੀ ਮੱਝ ਲਿਆਂਦੀ ਸੀ ਪਰ ਪਤਾ ਨਹੀਂ ਕਿਸ ਦੀ ‘ਨਜ਼ਰ’ ਲੱਗ ਗਈ ਦੇ, ਮਿਲਦੀ ਈ ਨਹੀਂ ਪਈ।”

“ਤੁਸੀਂ ਫਾਂਡਾ (ਮੰਤਰ) ਕਰ ਦਿਓ ਸ਼ਾਇਦ ਮੱਝ ਮਿਲ ਪਵੇ।” ਉਸ ਨੇ ਤਰਲਾ ਜਿਹਾ ਕਰਦਿਆਂ ਮੇਰੇ ਬਾਪੂ ਜੀ ਨੂੰ ਕਿਹਾ।

ਬਾਪੂ ਜੀ ਨੇ ਓਪਰਾ ਜਿਹਾ ਹਾਸਾ ਹੱਸਦਿਆਂ ਪੇੜਾ ਆਪਣੇ ਹੱਥ ਵਿਚ ਲੈ ਕੇ ਕੋਈ ‘ਮੰਤਰ’ ਪੜਿਆ ਤੇ ਬਿਸ਼ਨ ਸਿੰਘ ਨੂੰ ਫੜਾਉਂਦਿਆਂ ਕਿਹਾ, “ ਕੱਲ ਨੂੰ ਮੱਝ ਨੂੰ ਪਹਿਲਾਂ ਪਾਣੀ ਅਤੇ ਬਰਸੀਨ (ਘਾਹ) ਪਾ ਕੇ ਦੁੱਧ ਕੱਢਣਾ, ਮੱਝ ਮਿਲ ਪਵੇਗੀ।”

ਮੰਤਰ ਦਾ ਅਸਰ ਹੋ ਗਿਆ ਤੇ ਅਗਲੇ ਦਿਨ ਮੱਝ ਨੇ 10 ਕਿੱਲੋ ਦੁੱਧ ਦਿੱਤਾ। ਉਹ ਬਾਲਟੀ ਭਰ ਕੇ ਸਾਡੇ ਘਰ ਦੇ ਗਿਆ। ਬਾਪੂ ਜੀ ਨੇ ਮੈਨੂੰ ਸੱਦਿਆ ਤੇ ਕਿਹਾ, “ਕਾਕਾ ਕੱਲ ਮੈਂ ਕੋਈ ਮੰਤਰ-ਮੂੰਤਰ ਨਹੀਂ ਸੀ ਪੜਿਆ, ਬਲਕਿ ਮੈਂ ਸਮਝ ਗਿਆ ਸਾਂ ਕਿ ਬਿਸ਼ਨ ਸਿੰਘ ਹੁਰੀਂ ਭੁੱਖੀ ਮੱਝ ਤੋਂ ਦੁੱਧ ਦੀ ਆਸ ਕਰ ਰਹੇ ਹਨ। ਅੱਜ ਉਸ ਵਿਚਾਰੀ ਨੂੰ ਬਰਸੀਨ ਖਾਣ ਨੂੰ ਮਿਲ ਗਈ ਹੋਣੀ ਏ ਤੇ ਪੀਣ ਨੂੰ ਪਾਣੀ। ਸੋ ਆਹ ਆ ਗਿਆ ਦੁੱਧ ਦਾ ਪ੍ਰਸ਼ਾਦ।” ਉਹ ਉੱਚੀ ਆਵਾਜ ਵਿਚ ਜ਼ੋਰ ਨਾਲ ਹੱਸ ਪਏ।

ਇਸ ਤਰ੍ਹਾਂ ਉੱਪਰ ਪੇਸ਼ ਕੀਤੀਆਂ ਗਈਆਂ ਕਹਾਣੀਆਂ ਵਿਚ ਅੰਧਵਿਸ਼ਵਾਸ ਕਿਵੇ ਫ਼ੈਲਦਾ ਹੈ ਤੇ ਲੋਕ ਕਿਸ ਤਰ੍ਹਾਂ ਇਹਨਾਂ ਦੀ ਪਕੜ ਵਿਚ ਆਉਂਦੇ ਹਨ ਇਹ ਦੱਸਿਆ ਗਿਆ ਹੈ। ਜੇਕਰ ਕਿਸੇ ਪਿੰਡ/ਸ਼ਹਿਰ ਵਿਚ ਪ੍ਰਚਲਤ ਅੰਧਵਿਸ਼ਵਾਸਾਂ ਦੀ ਤਹਿ ਵਿਚ ਜਾਇਆ ਜਾਏ ਤਾਂ ਜਿਹੜੀ ਸੱਚਾਈ ਸਾਹਮਣੇ ਆਉਂਦੀ ਹੈ ਉਹ ਬੜੀ ਹਾਸੋਹੀਣੀ ਤੇ ਮਨੋਕਲਪਿਤ ਹੁੰਦੀ ਹੈ। ਪਰ ਭੋਲੀ ਜਨਤਾ ਅੱਖਾਂ ਬੰਦ ਕਰਕੇ ਇਹਨਾਂ ਤੇ ਵਿਸ਼ਵਾਸ ਕਰੀ ਜਾਂਦੀ ਹੈ।

ਅੱਜ ਤੋਂ 20 ਕੂ ਸਾਲ ਪਹਿਲਾਂ ਜਦੋਂ ਟੀ: ਵੀ: ਦਾ ਜਿਆਦਾ ਪ੍ਰਭਾਵ ਨਹੀਂ ਸੀ ਤਾਂ ਲੋਕ ਰਾਸ਼ੀਫੱਲ ਦੇ ਚੱਕਰਾਂ ਵਿਚ ਘੱਟ ਹੀ ਪੈਂਦੇ ਸਨ ਪਰ ਅਜੋਕੇ ਸਮੇਂ ਜਦੋਂ ਵੀ ਟੀ: ਵੀ: ਚਲਾ ਕੇ ਦੇਖ ਲਵੋ ਹਰ ਚੈਨਲ ਤੇ ਰਾਸ਼ੀਫੱਲ ਨੇ ਲੋਕਾਂ ਨੂੰ ਪਹਿਲਾਂ ਨਾਲੋਂ ਜਿਆਦਾ ਅੰਧਵਿਸ਼ਵਾਸੀ ਬਣਾ ਦਿੱਤਾ ਹੈ।

ਲੋਕ ਸਭਾ ਦੀਆਂ ਵੋਟਾਂ ਵੇਲੇ ਇੱਕ ਚੈਨਲ ਦੇ ਇੱਕ ਔਰਤ ਤਾਸ਼ ਦੇ ਪੱਤਿਆਂ ਜਿਹੀ ਕਿਸੇ ਖੇਡ ਨਾਲ ਚੋਣਾਂ ਦੇ ਨਤੀਜੇ ਕੱਢ ਕਰ ਰਹੀ। ਉਹ ਨੇ ਬੜੇ ਦਾਵੇ ਨਾਲ ਕਿਹਾ ਕਿ ਇਸ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਭਾਰਤੀ ਜਨਤਾ ਪਾਰਟੀ ਦੇ ਅਟਲ ਬਿਹਾਰੀ ਵਾਜਪਾਈ ਹੀ ਬੈਠਣਗੇ। ਮੈਨੂੰ ਜਾਪਿਆ ਇਹ ਔਰਤ ਬੜੀ ਚਲਾਕ ਹੈ ਕਿਉਂਕਿ ਅੱਜ ਤੱਕ ਦੇ ਇਤਿਹਾਸ ਵਿਚ ਇਹ ਗੱਲ ਬੜੀ ਮਹਤੱਵਪੂਰਨ ਹੈ ਕਿ ਭਾਰਤ ਦੇਸ਼ ਦੀ ਜਨਤਾ ਨੇ ਕਿਸੇ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਸੱਤਾ ਤੇ ਬਿਰਾਜਮਾਨ ਨਹੀਂ ਸੀ ਕੀਤਾ।

ਉਹ ਜਾਣਦੀ ਸੀ ਕਿ ਹੁਣ ਕਾਂਗਰਸ ਦੇ ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹਨ ਤੇ ਜਿਵੇਂ ਕਿ ਪਿਛਲੇ 50 ਸਾਲਾਂ ਤੋਂ ਹੁੰਦਾ ਆ ਰਿਹਾ ਹੈ ਇਸ ਵਾਰ ਬੀ: ਜੇ: ਪੀ: ਦੇ ਅਟਲ ਬਿਹਾਰੀ ਵਾਜਪਈ ਪ੍ਰਧਾਨ ਮੰਤਰੀ ਬਣ ਜਾਣਗੇ ਪਰ ਹੋਇਆ ਇਸ ਤੋਂ ਉਲਟ ਡਾ: ਮਨਮੋਹਨ ਸਿੰਘ ਫਿਰ ਦੂਜੀ ਵਾਰੀਂ ਪ੍ਰਧਾਨ ਮੰਤਰੀ ਬਣ ਗਏ। ਹੁਣ ਉਸ ਜੋਤਸ਼ੀ ਔਰਤ ਨੇ ਵਿਚਾਰੇ ਅਟਲ ਬਿਹਾਰੀ ਵਾਜਪਈ ਦੀ ‘ਕੁੰਡਲੀ’ ਨੂੰ ਦੋਸ਼ ਦੇ ਦਿੱਤਾ।

ਮਸ਼ਹੂਰ ਡਾਕੂ ਵੀਰੱਪਨ ਕਈ ਸਾਲ ਪੁਲਿਸ ਅਤੇ ਫੋਜ਼ ਦੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਦਾ ਰਿਹਾ। ਲੋਕਾਂ ਨੂੰ ਲੁੱਟਦਾ ਰਿਹਾ ਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦਾ ਰਿਹਾ। ਸਰਕਾਰ ਨੇ ਉਸ ਦੇ ਸਿਰ ਤੇ ਕਰੋੜਾਂ ਰੁਪੱਈਏ ਦਾ ਇਨਾਮ ਰੱਖਿਆ ਹੋਇਆ ਸੀ ਪਰ ਕੋਈ ਅਜਿਹਾ ਜੋਤਸ਼ੀ ਸਾਹਮਣੇ ਨਾ ਆਇਆ ਜਿਹੜਾ ਦੱਸ ਸਕਦਾ ਕਿ ਵੀਰੱਪਨ ਕਿਸ ਜਗ੍ਹਾਂ ਤੇ ਲੁਕਿਆ ਬੈਠਾ ਹੈ?

ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਿਸੇ ਜੋਤਸ਼ੀ ਨੇ ਨਾ ਦੱਸਿਆ ਕਿ ਅੱਜ ਉਹਨਾਂ ਦੇ ਅੰਗਰੱਖਿਅਕ ਉਹਨਾਂ ਦਾ ਕਤਲ ਕਰ ਦੇਣਗੇ। ਕੀ ਜੋਤਸ਼ੀ ਇੱਕ ਪ੍ਰਧਾਨ ਮੰਤਰੀ ਦੀ ਰੱਖਿਆ ਨਹੀਂ ਸਨ ਕਰ ਸਕਦੇ? ਅੰਤਰਰਾਸ਼ਟਰੀ ਖਾੜਕੂ ਲਾਦੇਨ ਦਾ ਪਤਾ ਕਰਨਾ, ਕੀ ਉਹ ਕਿੱਥੇ ਹੈ ਜੋਤਸ਼ੀਆਂ ਲਈ ਕੋਈ ਔਖਾ ਕੰਮ ਨਹੀਂ ਹੈ। ਜੇ ਉਹ ਆਉਣ ਵਾਲੇ 50 ਸਾਲਾਂ ਦੀਆਂ ਗੱਲਾਂ ਹੱਥ ਦੀਆਂ ਰੇਖਾਵਾਂ ਦੇਖ ਕੇ ਆਸਾਨੀ ਨਾਲ ਦੱਸ ਸਕਦੇ ਹਨ ਤਾਂ ਉਹਨਾਂ ਨੂੰ ਇਹ ਦੱਸਣ ਵਿਚ ਕੀ ਇਤਰਾਜ਼ ਹੈ ਕਿ ਲਾਦੇਨ ਕਿੱਥੇ ਲੁਕਿਆ ਬੈਠਾ ਹੈ?

ਅਮਰੀਕਾ ਵਿਚ ਵਰਲਡ ਟ੍ਰੇਡ ਸੈਂਟਰ  ਤੇ ਅੱਤਵਾਦੀ ਹਮਲੇ ਵਿਚ ਮਰਨ ਵਾਲੇ ਕਿਸੇ ਵੀ ਵਿਅਕਤੀ ਦੇ ਹੱਥ ਦੀਆਂ ਰੇਖਾਵਾਂ ਵਿਚ ਇਹ ਨਹੀਂ ਸੀ ਲਿਖਿਆ ਕਿ ਉਹਨਾਂ ਇਸ ਹਮਲੇ ਵਿਚ ਆਪਣੀ ਜਾਨ ਗੁਆਣੀ ਹੈ। ਬੰਬਈ ਤੇ ਹੋਏ ਅੱਤਵਾਦੀ ਹਮਲੇ ਵਿਚ ਮਰਨ ਵਾਲੇ ਕਿਸੇ ਵਿਅਕਤੀ ਦੇ ਹੱਥ ਦੀਆਂ ਲਕੀਰਾਂ ਵੀ ਸ਼ਾਇਦ ਸਾਫ਼ ਸਨ, ਨਹੀਂ ਤਾਂ ਜੋਤਸ਼ੀ ਸ਼ਾਇਦ ਪੜ ਹੀ ਲੈਂਦੇ।

ਪਰ ਅਸਲ ਵਿਚ ਜੋਤਿਸ਼, ਰਾਸ਼ੀਫੱਲ ਕੇਵਲ ਤੇ ਕੇਵਲ ਵਹਿਮ ਤੇ ਅੰਧਵਿਸ਼ਵਾਸ ਦੀ ਬੁਨਿਆਦ ਤੇ ਟਿਕਿਆ ਹੋਇਆ ਹੈ। ਇਹਨਾਂ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ। ਜਿਸ ਨੂੰ ਕੋਈ ਕੰਮ ਨਾ ਮਿਲੇ ਉਹ ਬਾਬਾ, ਸੰਤ, ਜੋਤਸ਼ੀ ਜਾਂ ਧਾਰਮਕ ਪਾਖੰਡ ਕਰਨ ਵਾਲਾ ਆਗੂ ਬਣ ਜਾਵੇ ਤੋਰੀ-ਫੁਲਕਾ ਆਪਣੇ ਆਪ ਚੱਲ ਪੈਂਦਾ ਹੈ।

ਮੇਰੇ ਪਿੰਡ ਦੇ ਪੰਡਤਾਂ ਦਾ ਮੁੰਡਾ ਗੌਰਵ ਮੇਰੇ ਨਾਲ ਪੜਦਾ ਹੁੰਦਾ ਸੀ। ਪੜਾਈ ਖਤਮ ਹੋਣ ਤੇ ਮੈਂ ਤਾਂ ‘ਚੰਗੀ ਕਿਸਮਤ’ ਨਾਲ ਸਰਕਾਰੀ ਨੌਕਰੀ ਤੇ ਲੱਗ ਗਿਆ ਪਰ ਉਹ ਬੇਰੁਜ਼ਗਾਰ ਰਿਹਾ। ਉਸ ਦੇ ਮਾਤਾ-ਪਿਤਾ ਬੜੇ ਪ੍ਰੇਸ਼ਾਨ ਸਨ ਕਿ ਗੌਰਵ ਨੂੰ ਕਿਸ ਕੰਮ ਵਿਚ ਪਾਇਆ ਜਾਏ। ਇੱਕ ਦਿਨ ਉਹ ਮੈਨੂੰ ਗਲੀ ਵਿਚ ਘੁੰਮਦਾ ਮਿਲ ਪਿਆ। ਮੈਂ ਪੁੱਛਿਆ, “ਹੋਰ ਬਈ ਗੌਰਵ, ਕੀ ਚੱਲ ਰਿਹਾ ਹੈ ਅੱਜਕੱਲ?”

“ਬੱਸ ਚੱਲਣਾ ਕੀ ਹੈ ਯਾਰ, ਬੇਰੁਜ਼ਗਾਰ ਘੁੰਮ ਰਿਹਾ ਹਾਂ। ਤੂੰ ਹੀ ਦੱਸ ਮੈਂ ਕੀ ਕੰਮ ਕਰਾਂ?” ਉਹ ਬੇਰੁਜ਼ਗਾਰੀ ਤੋਂ ਸੱਚਮੁੱਚ ਪ੍ਰੇਸ਼ਾਨ ਸੀ।

ਮੈਨੂੰ ਯਾਦ ਆਇਆ ਕੀ ਇਸ ਮਹੀਨੇ’ਤੇ ਕੁਰੂਕਸ਼ੇਤਰ ਬ੍ਰਹਮ ਸਰੋਵਰ ਤੇ ਸੂਰਜ ਗ੍ਰਹਿਣ ਦਾ ਮੇਲਾ ਲੱਗਣ ਵਾਲਾ ਹੈ। ਮੈਂ ਉਸ ਨੂੰ ਕਿਹਾ ਕਿ, “ ਸੂਰਜ ਗ੍ਰਹਿਣ ਵਾਲੇ ਦਿਨ ਤੂੰ ਬ੍ਰਹਮ ਸਰੋਵਰ ਤੇ ਬੈਠ ਕੇ ਲੋਕਾਂ ਦੇ ਪਿੱਤਰਾਂ ਦੇ ਨਮਿੱਤ ਪੂਜਾ ਕਰਵਾਉਣੀ ਸ਼ੁਰੂ ਕਰ ਦੇਵੀਂ, ਫਿਰ ਦੇਖੀਂ ਨਜਾਰਾ।”

“ਛੱਡ ਯਾਰ ਕਿਉਂ ਮਖੌਲ ਕਰਦਾ ਏਂ ਮੇਰੇ ਨਾਲ, ਮੈਨੂੰ ਤਾਂ ਇੱਲ ਦਾ ਕੁੱਕੜ ਵੀ ਨਹੀਂ ਆਉਂਦਾ ਪੰਡਤਾਂ ਵਾਲਾ।”

“ਕੋਈ ਗੱਲ ਨਹੀਂ, ਲੋਕਾਂ ਨੇ ਕਿਹੜਾ ਤੇਰੇ ਕੋਲੋਂ ਰਾਮਾਇਣ ਦਾ ਪਾਠ ਸੁਣਨਾ ਹੈ, ਤੂੰ ਬੱਸ ਧੋਤੀ ਕੁਰਤਾ ਪਾ ਕੇ ਅਤੇ ਮੱਥੇ ਤੇ ਵੱਡਾ ਸਾਰਾ ਤਿਲਕ ਲਾ ਕੇ ਬੈਠ ਜਾਵੀਂ, ਅੱਗੇ ਰੱਬ ਰਾਖਾ।”

‘ਮਰਦਾ ਕੀ ਨਾ ਕਰਦਾ’ ਵਾਲੀ ਕਹਾਵਤ ਮੁਤਾਬਕ ਗੌਰਵ ਨੇ ਇਸੇ ਤਰ੍ਹਾਂ ਕੀਤਾ। ਸੂਰਜ ਗ੍ਰਹਿਣ ਤੋਂ ਇੱਕ ਦਿਨ ਬਾਅਦ ਉਹ ਮੇਰੇ ਘਰ ਆਇਆ ਤੇ ਕਹਿਣ ਲੱਗਾ, “ਯਾਰ ਕਮਾਲ ਹੋ ਗਈ, ਕੱਲ ਇੱਕ ਦਿਨ ਵਿਚ ਹੀ ਮੈਂ 6 ਹਜ਼ਾਰ ਰੁਪੱਈਏ ਤੇ ਸਾਰੇ ਟੱਬਰ ਦੇ ਕਪੜੇ ਕਮਾ ਲਏ ਹਨ।”

ਹੁਣ ਗੌਰਵ ਬੇਰੁਜ਼ਗਾਰ ਨਹੀਂ ਰਿਹਾ ਉਹ ਹਰ ਮੱਸਿਆ, ਪੂਰਨਮਾਸ਼ੀ, ਸੰਗ੍ਰਾਂਦ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਸਰਾਧ ਅਤੇ ਨਵਰਾਤਿਆਂ ਵਿਚ ਬ੍ਰਹਮ ਸਰੋਵਰ ਤੇ ਚੰਗੀ ਦਿਹਾੜੀ ਕੁੱਟ ਲੈਂਦਾ ਹੈ।

ਭਾਰਤ ਦੇ ਲੋਕ ਪੜ-ਲਿਖ ਕੇ ਵੀ ਇਹਨਾਂ ਪਾਖੰਡਾਂ ਵਿਚ ਫ਼ਸੇ ਹੋਏ ਹਨ। ਬੰਦਾ ਘਰੋਂ ਦਫ਼ਤਰ ਵੱਲ ਨੂੰ ਚੱਲਣ ਤੋਂ ਪਹਿਲਾਂ ਟੀ: ਵੀ: ਲਾ ਕੇ ਆਪਣਾ ਰਾਸ਼ੀਫੱਲ ਸੁਣਨਾ ਚਾਹੁੰਦਾ ਹੈ ਕਿ ਅੱਜ ਉਸ ਨਾਲ ਕੋਈ ਅਣਹੋਣੀ ਘਟਨਾ ਤਾਂ ਨਹੀਂ ਵਾਪਰਨ ਵਾਲੀ। ਦੇਖਣ ਵਾਲੀ ਗੱਲ ਹੈ ਕਿ ਰਾਸ਼ੀਆਂ ਦੀ ਗਿਣਤੀ 12 ਹੈ ਤੇ ਭਾਰਤ ਦੀ ਆਬਾਦੀ 1 ਅਰਬ 10 ਕਰੋੜ। ਫਿਰ ਇਸ ਦਾ ਮਤਲਬ ਇਹ ਹੈ ਕਿ ਭਾਰਤ ਵਿੱਚ ਹਰ 13ਵੇਂ ਵਿਅਕਤੀ ਨਾਲ ਇੱਕੋ ਜਿਹੀਆਂ ਘਟਨਾਵਾਂ ਘਟਿਤ ਹੋਣਗੀਆਂ। ਪਰ ਅਜਿਹਾ ਨਹੀਂ ਹੁੰਦਾ। ਇਹ ਕੇਵਲ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀਆਂ ਚਾਲਾਂ ਹਨ ਤੇ ਲੋਕਾਂ ਦਾ ਆਰਥਕ ਸ਼ੋਸ਼ਣ ਕਰਨ ਦਾ ਵਧੀਆ ਢੰਗ ਹੈ ਤੇ ਮੀਡੀਆ ਇਸ ਵਿਚ ਇਹਨਾਂ ਲੋਕਾਂ ਦਾ ਸਾਥ ਦੇ ਰਿਹਾ ਹੈ।

ਅੰਧਵਿਸ਼ਵਾਸੀ ਮਾਂ ਵੱਲੋਂ ਆਪਣੇ ਬੱਚੇ ਨੂੰ ਪੇਪਰ ਦੇਣ ਜਾਣ ਤੋਂ ਪਹਿਲਾਂ ਦਹੀ ਤੇ ਖੰਡ ਖੁਆਈ ਜਾਂਦੀ ਹੈ ਜਿਵੇਂ ਪੇਪਰ ਦਹੀ ਤੇ ਖੰਡ ਦੇ ਦੇਣਾ ਹੋਵੇ। ਭਲਾ ਜਿਹੜਾ ਬੱਚਾ ਸਾਰਾ ਸਾਲ ਨਹੀਂ ਪੜਿਆ ਹੁਣ ਦਹੀ ਵਿਚਾਰੀ ਕੀ ਕਰੂ…! ਬਿੱਲੀ ਰਸਤਾ ਕੱਟ ਜਾਵੇ ਤਾਂ ਆਦਮੀ ਕੰਮ ਤੇ ਹੀ ਨਹੀਂ ਜਾਂਦਾ ਜਿਵੇਂ ਬਿੱਲੀ ਛੁੱਟੀ ਅਨਾਊਂਸ ਕਰਨ ਆਈ ਹੋਵੇ।

ਅਜੋਕੇ ਸਮੇਂ ਜੇਕਰ ਧਿਆਨ ਨਾਲ ਪੂਰੀ ਸਥਿਤੀ ਨੂੰ ਵਾਚਿਆ ਜਾਵੇ ਤਾਂ ਇਹ ਅਹਿਸਾਸ ਹੁੰਦਾ ਹੈ ਕਿ ਅੰਧਵਿਸ਼ਵਾਸਾਂ ਨੂੰ ਫੈਲਾਉਣ ਵਿਚ ਮੀਡੀਆ ਅਹਿਮ ਰੋਲ ਅਦਾ ਕਰ ਰਿਹਾ ਹੈ। ਅੱਜ ਜੇਕਰ ਸਵੇਰੇ ਟੀ: ਵੀ: ਲਗਾਇਆ ਜਾਏ ਤਾਂ 30/40 ਚੈਨਲਾਂ ਤੇ ਬਾਬੇ ਅਧਿਆਤਮਕ ਪ੍ਰਵਚਨ ਕਰ ਰਹੇ ਹੁੰਦੇ ਨੇ ਕਿ, “ ਭਗਤੋ ਇਹ ਸੰਸਾਰ ਨਾਸ਼ਵਾਨ ਹੈ ਵਿਅਕਤੀ ਨਾਲ ਕੁੱਝ ਵੀ ਨਹੀਂ ਜਾਣਾ।” ਪਰ ਆਪ ਉਹੀ ਬਾਬਾ ਜੀ 20 ਲੱਖ ਦੀ ਗੱਡੀ ਤੇ ਪਰੀਆਂ ਵਰਗੀ ਸੋਹਣੀ ਗੁੱਡੀ ਨਾਲ ਐਸ਼ਾਂ ਕਰਦੇ ਹਨ। (ਮੁਆਫ਼ ਕਰਨਾ)

ਜਾਂਦਿਆਂ-ਜਾਂਦਿਆਂ ਇੱਕ ਹੋਰ ਨਿੱਕੀ ਜਿਹੀ ਕਹਾਣੀ ਚੇਤੇ ਆ ਗਈ ਉਹ ਵੀ ਸੁਣਦੇ ਜਾਓ। ਕਹਿੰਦੇ ਨੇ ਕਿ ਇੱਕ ਬੜਾ ਵਿਦਵਾਨ ਜੋਤਸ਼ੀ ਇੱਕ ਬੇਰੁਜ਼ਗਾਰ ਮੁੰਡੇ ਦਾ ਹੱਥ ਦੇਖ ਰਿਹਾ ਸੀ। ਜੋਤਸ਼ੀ ਕਹਿ ਰਿਹਾ ਸੀ ਕਿ, “ਕਾਕਾ ਤੂੰ ਵੱਡਾ ਅਫ਼ਸਰ ਲੱਗ ਜਾਏਂਗਾ। ਤੇਰੇ ਕੋਲ ਕਾਰਾਂ ਹੋਣਗੀਆਂ, ਤੇਰੇ ਕੋਲ ਮਹਿਲ-ਮਾੜੀਆਂ ਹੋਣ ਗਈਆਂ। ਲੋਕ ਤੇਰੀ ਜੈ-ਜੈਕਾਰ ਕਰਨਗੇ।” ਕੁੱਝ ਦੇਰ ਤਾਂ ਮੁੰਡਾ ਸੁਣਦਾ ਰਿਹਾ ਫਿਰ ਉਸ ਨੇ ਗੁੱਸੇ ਹੁੰਦਿਆਂ ਕਿਹਾ, “ਨਾ ਮੇਰੇ ਕੋਲ ਤਾਂ ਘਰ ਜਾਣ ਲਈ ਬੱਸ ਦੇ ਕਿਰਾਏ ਦੇ ਪੈਸੇ ਵੀ ਨਹੀਂ ਹਨ ਤੇ ਤੂੰ ਲੱਖਾਂ ਰੁਪੱਈਆਂ ਦੀ ਗੱਲ ਪਿਆ ਕਰਦਾ ਏਂ।” ਇਤਨਾ ਕਹਿ ਕੇ ਉਸ ਮੁੰਡੇ ਨੇ ਇੱਕ ਜ਼ੋਰਦਾਰ ਥੱਪੜ ਉਸ ਜੋਤਸ਼ੀ ਦੀ ਸੱਜੀ ਗੱਲ੍ਹ ਤੇ ਜੜ ਦਿੱਤਾ।

ਇੱਕ ਪਲ ਲਈ ਤਾਂ ਜੋਤਸ਼ੀ ਮਹਾਰਾਜ ਨੂੰ ਆਪਣੀਆਂ ਅੱਖਾਂ ਅੱਗੇ ਹਨੇਰਾ-ਹਨੇਰਾ ਜਾਪਿਆ ਤੇ ਉਸ ਦਾ ਸਿਰ ਚਕਰਾ ਗਿਆ ਪਰ ਝੱਟ ਹੀ ਸੰਭਲ ਕੇ ਉਹ ਬੋਲਿਆ, “ ਤੂੰ ਮੈਨੂੰ ਕਿਉਂ ਮਾਰਿਆ?”

“ਨਾ ਮੇਰੇ ਤੇ ਆਉਣ ਵਾਲੇ 50 ਸਾਲਾਂ ਦੀਆਂ ਗੱਲਾ ਪਿਆ ਦੱਸਦਾ ਸੈਂ। ਤੈਨੂੰ ਆਪਣੇ 3 ਮਿਨਟਾਂ ਦਾ ਨਹੀਂ ਸੀ ਪਤਾ ਕਿ ਹੁਣ ਮੇਰੇ ਥੱਪੜ ਪੈਣ ਵਾਲਾ ਹੈ।” ਮੁੰਡਾ ਜ਼ੋਰ ਲਾ ਕੇ ਹੱਸਿਆ ਤੇ ਉਠ ਕੇ ਬੱਸ ਅੱਡੇ ਵੱਲ ਨੂੰ ਚੱਲ ਪਿਆ। ਜੋਤਸ਼ੀ ਮਹਾਰਾਜ ਕਦੇ ਜਾਂਦੇ ਮੁੰਡੇ ਵੱਲ ਦੇਖਦੇ ਤੇ ਕਦੇ ਆਪਣੇ ਹੱਥ ਦੀਆਂ ਰੇਖਾਵਾਂ ਨੂੰ। ਪਰ ਹੁਣ ਕਾਫ਼ੀ ਦੇਰ ਹੋ ਚੁੱਕੀ ਸੀ।


hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com