WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ

5_cccccc1.gif (41 bytes)

ਪੰਜਾਬ ਦਾ ਕਿਸਾਨ, ਜਿਸ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਅੱਜ ਅਤਿ ਨਿਰਾਸ਼ਾ ਦੇ ਆਲਮ 'ਚੋਂ ਗੁਜ਼ਰ ਰਿਹਾ ਹੈ ਅਤੇ ਉਹ ਖ਼ੁਦਕੁਸ਼ੀਆਂ ਦੇ ਰਾਹ ਪੈ ਤੁਰਿਆ ਹੇ।

27 ਫਰਵਰੀ 2007 ਦਾ ਉਹ ਦਿਨ ਜਮਹੂਰੀਅਤ ਪਸੰਦ ਲੋਕਾਂ ਦੇ ਸੰਵੇਦਨਸ਼ੀਲ ਮਨਾਂ ਵਿਚ ਅੱਜ ਵੀ ਸਾਂਭਿਆ ਹੋਇਆ ਹੈ ਜਦੋਂ ਇਕ ਪਾਸੇ ਪੰਜਾਬ ਦੀ ਚੌਧਵੀਂ ਵਿਧਾਨ ਸਭਾ ਦੇ ਨਤੀਜੇ ਆਉਣ ਨਾਲ ਸਿਆਸੀ ਲੋਕਾਂ ਦੇ ਵਿਹੜਿਆਂ ਵਿਚ ਧਮਾਲਾਂ ਪੈਂਦੀਆਂ ਸਨ ਤੇ ਦੂਜੇ ਪਾਸੇ ਬਠਿੰਡਾ ਜ਼ਿਲੇ ਦੇ ਪਿੰਡ ਕੱਚੀ ਭੁੱਚੋ ਵਿਚ ਕਰਜ਼ੇ ਦੀ ਮਾਰ ਹੇਠ ਕਿਸਾਨ ਜੋੜੇ ਦਾ ਆਤਮ ਹੱਤਿਆ ਕਰ ਲੈਣ ਕਾਰਨ ਸਿਵਾ ਬਲ ਰਿਹਾ ਸੀ। ਉਹ ਦਿਨ ਤੇ ਅੱਜ ਦਾ ਦਿਨ, ਕੋਈ ਤਾਰੀਖ ਹੋਵੇਗੀ ਜਦੋਂ ਕਰਜ਼ੇ ਵਿੰਨ੍ਹੇ ਕਿਸਾਨ ਵੱਲੋਂ ਆਤਮ ਹੱਤਿਆ ਕਰ ਲੈਣ ਦੀ ਖ਼ਬਰ ਨਾ ਆਈ ਹੋਵੇਗੀ।

ਪੰਜਾਬ ਦਾ ਕਿਸਾਨ ਖ਼ਬਦਕੁਸ਼ੀਆਂ ਦੇ ਰਾਹ ਕਿਉਂ ਪੈ ਤੁਰਿਆ ਹੈ ? ਇਹ ਅੱਜ ਦੀ ਘੜੀ ਅਤਿ ਗੰਭੀਰ ਮੁੱਦਾ ਬਣਿਆ ਹੋਇਆ ਹੇ। ਭਾਵੇਂ ਇਨ੍ਹਾ ਆਤਮ ਹੱਤਿਆਵਾਂ ਦਾ ਇੱਕੋ-ਇੱਕ ਕਾਰਨ ਆਰਥਿਕ ਸੰਕਟ ਨਹੀਂ ਹੈ। ਮਾਹਿਰਾਂ ਦੀ ਰਾਇ ਹੈ ਕਿ ਖੇਤੀ ਆਰਥਿਕ ਸੰਕਟ ਹੁੰਦਾ ਤਾਂ ਘੱਟ ਆਮਦਨ ਵਾਲੇ ਸੂਬਿਆਂ ਜਿਵੇਂ ਰਾਜਸਥਾਨ, ਉੜੀਸਾ, ਬਿਹਾਰ ਆਦਿ ਵਿਚ ਕਿਸਾਨ ਕਿਤੇ ਵੱਧ ਮਾਤਰਾ ਵਿਚ ਖ਼ੁਦਕੁਸ਼ੀਆਂ ਕਰ ਗਏ ਹੁੰਦੇ। ਖੇਤੀ ਮਾਹਿਰਾਂ ਦੇ ਕੀਤੇ ਸਰਵੇਖਣਾਂ ਅਨੁਸਾਰ ਇਨ੍ਹਾਂ ਆਤਮ ਹੱਤਿਆਵਾਂ ਦਾ ਵੱਡਾ ਕਾਰਨ ਘਰੇਲੂ ਮਸਲੇ ਹੁੰਦੇ ਹਨ। ਪਰ ਕਿਸਾਨੀ ਨਾਲ ਸੰਬੰਧਿਤ ਹੋਣ ਕਾਰਨ ਕਿਸਾਨ ਦੇ ਆਰਥਿਕ ਸੰਕਟ ਨਾਲ ਜੋੜ ਦਿੱਤਾ ਜਾਂਦਾ ਹੈ । ਅਸਲ ਵਿਚ ਕਿਸਾਨਾਂ ਵੱਲੋਂ ਖੇਤੀ ਲਈ ਲਏ ਜਾਂਦੇ ਕਰਜ਼ਿਆਂ ਦੀ ਵਰਤੋਂ ਸਹੀ ਮੰਤਵ ਲਈ ਨਹੀਂ ਕੀਤੀ ਜਾਂਦੀ ਸਗੋਂ ਇਨ੍ਹਾ ਕਰਜ਼ਿਆਂ ਨੂੰ ਉਹ ਵਿਆਹਾਂ-ਸ਼ਾਦੀਆਂ ਜਾਂ ਹੋਰ ਮੰਤਵ ਲਈ ਵਰਤ ਲੈਂਦਾ ਹੈ ਜਿਸ ਕਰਕੇ ਉਹ ਕਰਜ਼ਾ ਮੋੜਨ ਤੋਂ ਅਸਮਰਥ ਹੋ ਜਾਂਦਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਬੈਂਕਾਂ ਤੋਂ ਸੌਖੇ ਢੰਗ ਨਾਲ ਹਾਸਲ ਕੀਤਾ ਕਰਜ਼ਾ ਹੀ ਉਨ੍ਹਾਂ ਲਈ ਜੀਅ ਦਾ ਜੰਜਾਲ ਬਣ ਜਾਂਦਾ ਹੈ, ਜਿਸ ਕਰਕੇ ਘਰਾਂ ਵਿਚ ਨਿੱਤ ਦਿਨ ਦਾ ਝਗੜਾ-ਕਲੇਸ਼ ਸ਼ੁਰੂ ਹੋ ਜਾਂਦਾ ਹੇ।

ਪੰਜਾਬ ਦੇ 40 ਫ਼ੀਸਦੀ ਕਿਸਾਨਾਂ ਪਾਸ ਏਨੀ ਕੁ ਜ਼ਮੀਨ ਰਹਿ ਗਈ ਹੈ ਭਾਵੇਂ ਉਹ ਕੁੱਝ ਵੀ ਕਰ ਲੈਣ, ਖੇਤੀਬਾੜੀ ਦੇ ਸਿਰੋਂ ਗੁਜ਼ਾਰਾ ਨਹੀਂ ਕਰ ਸਕਦੇ। ਰੋਜ਼ਮਰਾ ਦੀ ਜ਼ਿੰਦਗੀ ਵਿਚ ਬਿਮਾਰੀਆਂ ਦਾ ਖਰਚਾ, ਬੱਚਿਆਂ ਦੀ ਸਾਂਭ-ਸੰਭਾਲ ਦਾ ਖਰਚਾ, ਬੱਚਿਆਂ ਦੀ ਪੜ੍ਹਾਈ, ਵਿਆਹਾਂ ਸ਼ਾਦੀਆਂ ਦਾ ਖਰਚਾ ਤੇ ਹੋਰ ਸਮਾਜਿਕ ਕੰਮਕਾਜ ਦੇ ਉੱਪਰ ਸਰਮਾਇਆ ਖਰਚਣਾ ਪੈਂਦਾ ਹੈ। ਇਨ੍ਹਾਂ ਲਈ ਪੈਸੇ ਦੀ ਲੋੜ ਹੁੰਦੀ ਹੈ। ਪਹਿਲਾਂ ਪਹਿਲ ਥੋੜ੍ਹਾਂ ਆੜ੍ਹਤੀਆਂ ਤੋਂ ਵਿਆਹ 'ਤੇ ਲੈ ਕੇ ਜਾਂ ਸ਼ਾਹੁਕਾਰਾਂ ਤੋਂ ਲੈ ਕੇ ਇਹ ਖਰਚੇ ਕਰਨੇ ਪੈਂਦੇ ਹਨ। ਫਿਰ ਵਿਆਜ ਸਮੇਤ ਦੇਣਦਾਰੀਆਂ ਚੁਕਾਉਂਦਿਆਂ- ਚੁਕਾਉਂਦਿਆਂ ਬੈਂਕ ਤੋਂ ਵੱਡਾ ਕਰਜ਼ਾ ਆਪਣੇ ਸਿਰ ਚੜ੍ਹਾ ਲੈਂਦੇ ਹਨ। ਫਿਰ ਜਦੋਂ ਬੈਂਕ ਦੇ ਕਰਜ਼ੇ ਦੀ ਕਿਸ਼ਤ ਟੁੱਟ ਜਾਂਦੀ ਹੈ ਤਾਂ ਹੌਲੀ-ਹੌਲੀ ਕਿਸਾਨ ਆਰਥਿਕ ਸੰਕਟ ਦਾ ਸ਼ਿਕਾਰ ਹੋ ਕੇ ਰਹਿ ਜਾਂਦੇ ਹਨ ।

ਇਹ ਦਹਾਕਾ ਪਹਿਲਾਂ ਪੰਜਾਬ ਦੇ ਸਹਿਤਕਾਰਤਾ ਵਿਭਾਗ ਵੱਲੋਂ ਪ੍ਰਸਿੱਧ ਅਰਥ ਸ਼ਾਸਤਰੀ ਡਾ: ਹਰਜਿੰਦਰ ਸਿੰਘ ਸ਼ੇਰਗਿੱਲ ਦੁਆਰਾ ਕਿਸਾਨੀ ਕਰਜ਼ਿਆਂ ਸੰਬੰਧੀ ਸਰਵੇਖਣ ਕਰਵਾਇਆ ਗਿਆ ਸੀ। ਉਸ ਸਮੇਂ ਪੰਜਾਬ ਦੇ ਕਿਸਾਨ ਸਿਰ ਕੁੱਲ 5701 ਕਰੋੜ ਰੁਪਏ ਦਾ ਕਰਜ਼ਾ ਸੀ। ਜਿਸ ਵਿਚ 46 ਫ਼ੀਸਦੀ ਆੜਤੀਆਂ ਦਾ ਤੇ 54 ਫ਼ੀਸਦੀ ਬੈਂਕਾਂ ਦਾ ਕਰਜ਼ਾ ਸੀ। ਇਸ ਸਰਵੇ ਅਨੁਸਾਰ ਇੱਕ ਕਿਸਾਨ ਸਿਰ 58200 ਰੁਪਏ ਕਰਜ਼ਾ ਸੀ। ਪੰਜ ਏਕੜ ਵਾਲੇ ਛੋਟੇ 14 ਫ਼ੀਸਦੀ ਕਿਸਾਨਾਂ ਦੀ ਜ਼ਮੀਨ ਗਹਿਣੇ ਪੈ ਚੁੱਕੀ ਸੀ। ਅੱਜ ਸਥਿਤੀ ਹੋਰ ਵੀ ਬਦਤਰ ਹੋ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੁੱਝ ਸਮਾਂ ਪਹਿਲਾਂ ਕੀਤੇ ਸਰਵੇਖਣ ਮੁਤਾਬਿਕ ਪੰਜਾਬ ਦੇ 89 ਫ਼ੀਸਦੀ ਕਿਸਾਨ ਕਰਜ਼ੇ ਵਿਚ ਫਸੇ ਹੋਏ ਹਨ। ਕੁੱਲ ਕਰਜ਼ੇ ਦੀ ਰਕਮ 21064 ਕਰੋੜ ਰੁਪਏ ਬਣਦੀ ਹੈ। ਇਸ ਸਰਵੇ ਤੋਂ ਉਭਰ ਕੇ ਸਾਹਮਣੇ ਆਈ ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬ ਦੇ 12.8 ਫ਼ੀਸਦੀ ਕਿਸਾਨਾਂ ਦੀ ਆਮਦਨ ਤੋਂ ਵਧ ਕਰਜ਼ੇ ਦਾ ਭਾਰ ਹੈ। ਇਸ ਸਰਵੇ ਮੁਤਾਬਿਕ ਪੰਜਾਬ ਦੇ ਹਰ ਇੱਕ ਕਰਜ਼ਾਈ ਕਿਸਾਨ ਸਿਰ 2 ਲੱਖ ਰੁਪਏ ਤੋਂ ਵਧੇਰੇ ਕਰਜ਼ਾ ਹੈ। ਕਿਸਾਨਾਂ ਦੀ ਕੁੱਲ ਕਮਾਈ ਦਾ 63.5 ਫ਼ੀਸਦੀ ਹਿੱਸਾ ਕਰਜ਼ੇ ਦੀ ਅਦਾਇਗੀ ਦੇ ਰੂਪ ਵਿਚ ਹੀ ਚਲਾ ਜਾਂਦਾ ਹੇ। ਪੰਜਾਬ ਦੀ ਕਪਾਹ ਪੱਟੀ ਦੇ ਕਿਸਾਨਾਂ ਸਿਰ ਕਰਜ਼ੇ ਦਾ ਭਾਰ ਹੋਰ ਵੀ ਜ਼ਿਆਦਾ ਹੈ। ਬਠਿੰਡਾ, ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲਿਆਂ ਦਾ ਏਰੀਆ ਇਸ ਕਪਾਹ ਪੱਟੀ ਅਧੀਨ ਵਧੇਰੇ ਆਉਂਦਾ ਹੈ ਜਿਥੇ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਗਿਣਤੀ ਵਧੇਰੇ ਹੈ।

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਕਿਸਾਨ ਖੇਤੀ ਤੋਂ ਸਿਵਾਏ ਹੋਰ ਕਰ ਵੀ ਕੁੱਝ ਨਹੀਂ ਸਕਦਾ। ਖੇਤੀ ਭਾਵੇਂ ਘਾਟੇ ਵਾਲਾ ਸੌਦਾ ਬਣ ਕੇ ਰਹਿ ਗਈ ਹੈ ਪਰ ਕਿਸਾਨ ਛੱਡ ਵੀ ਨਹੀਂ ਸਕਦਾ ਅਤੇ ਗਲ ਪਿਆ ਢੋਲ ਮਜਬੂਰੀ ਵੱਸ ਵਜਾ ਰਿਹਾ ਹੈ। ਜ਼ਮੀਨਾਂ ਦਿਨ-ਬ-ਦਿਨ ਘਟਦੀਆਂ ਜਾ ਰਹੀਆਂ ਹਨ। ਖੇਤੀ ਲਾਗਤਾਂ ਦੀਆਂ ਕੀਮਤਾਂ ਛੜੱਪੇ ਮਾਰ-ਮਾਰ ਵਧਦੀਆਂ ਹਨ ਜਦ ਕਿ ਖੇਤੀ ਜਿਣਸਾਂ ਦੇ ਬਹੁਤ ਨਿਗੂਣੇ ਭਾਅ ਵਧਾਏ ਜਾਂਦੇ ਹਨ (ਸਿਰਫ਼ ਇਸ ਵਾਰ ਕੇਂਦਰ ਵੱਲੋਂ ਕਣਕ ਦੇ ਵਧਾਏ ਭਾਅ ਤੋਂ ਸਿਵਾਏ)। ਸਰਕਾਰ ਨੂੰ ਖੇਤੀ ਲਾਗਤ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਰੋਕ ਲਗਾਉਣੀ ਚਾਹੀਦੀ ਹੈ। ਕਿਸਾਨ ਦੀਆਂ ਜਿਣਸਾਂ ਦੀਆਂ ਕੀਮਤਾਂ ਪ੍ਰਤੀ ਖੇਤੀ ਲਾਗਤਾਂ ਦੀਆਂ ਕੀਮਤਾਂ ਦੇ ਮੁਕਾਬਲੇ ਬਹੁਤ ਘੱਟ ਹਨ। ਕਿਸਾਨ ਦੇ ਸਾਰੇ ਪਰਿਵਾਰ ਦੀਆਂ ਉਜਰਤਾਂ ਦੀ ਕੀਮਤ ਪਾਈ ਜਾਵੇ ਤਾਂ ਜਿਣਸਾਂ ਦੇ ਭਾਅ ਮੁਲਾਂਕਣ 'ਤੇ ਪੂਰਾ ਨਹੀਂ ਉਤਰਦੇ।

ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਕਈ ਹੋਰ ਗ਼ੈਰ-ਸਰਕਾਰੀ ਸੰਗਠਨਾਂ ਵੱਲੋਂ ਕੀਤੇ ਸਰਵੇਖਣਾਂ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਕਰਜ਼ੇ ਦੀ ਭਾਰੀ ਪੰਡ ਚੁੱਕਣ ਤੋਂ ਅਸਮਰੱਥ ਹੋਏ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਦਾ ਇਹ ਰੁਝਾਨ 1987-88 ਤੋਂ ਸ਼ੁਰੂ ਹੋ ਕੇ ਨਿਰੰਤਰ ਵਧਦਾ ਹੀ ਜਾ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਸਕਰੌਦੀ ਦੇ ਸਰਪੰਚ ਕੁਲਜੀਤ ਸਿੰਘ ਵੱਲੋਂ ਆਪਣੇ ਪਰਿਵਾਰ ਸਮੇਤ ਕੀਤੀ ਆਤਮਹੱਤਿਆ ਇਸ ਰੁਝਾਨ ਦੇ ਮੁਢਲੇ ਦਿਨਾਂ ਦੀ ਯਾਦ ਅੱਜ ਵੀ ਮਨਾਂ 'ਤੇ ਉੱਕਰੀ ਹੋਈ ਹੈ। ਕੀਤੇ ਗਏ ਸਰਵੇਖਣਾਂ ਤੋਂ ਇਹ ਗੱਲ ਸਾਫ਼ ਪਤਾ ਚਲਦੀ ਹੈ ਕਿ ਪਿਛਲੇ ਦਹਾਕੇ ਦੌਰਾਨ ਕਿਸਾਨਾਂ ਵੱਲੋਂ ਕਰਜ਼ੇ ਦੀ ਮਾਰ ਨਾ ਝਲਦਿਆਂ ਤਿੰਨ ਹਜ਼ਾਰ ਦੇ ਲਗਭਗ ਕਿਸਾਨਾਂ ਨੇ ਖ਼ੁਦਕੁਸ਼ੀ ਦਾ ਰਾਹ ਅਪਣਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ । ਵੱਖ-ਵੱਖ ਮਾਹਿਰਾਂ ਵੱਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬ ਦੇ ਪੰਜ ਹਜ਼ਾਰ ਕਿਸਾਨਾਂ ਨੇ ਆਤਮ ਹੱਤਿਆਵਾਂ ਕਰਕੇ ਮੌਤ ਨੂੰ ਗਲੇ ਲਗਾਇਆ ਹੈ। ਪੰਜਾਬ ਦੇ ਸੰਤਾਪ ਭਰੇ ਦਹਾਕੇ ਦੌਰਾਨ ਇਹ ਰੁਝਾਨ ਅੱਤਵਾਦ ਕਾਰਨ ਵਿਚੇ ਹੀ ਦਬ ਕੇ ਰਹਿ ਗਿਆ ਸੀ।

ਦੋ ਦਹਾਕਿਆਂ ਤੋਂ ਕਿਸਾਨਾਂ ਵੱਲੋਂ ਕੀਤੀਆਂ ਜਾਂਦੀਆਂ ਆਤਮ ਹੱਤਿਆਵਾਂ ਨੂੰ ਸਰਕਾਰੀ ਨੇ ਗੰਭੀਰਤਾ ਨਾਲ ਨਹੀਂ ਲਾਅ ਹੈ। ਭਾਵੇਂ ਸਰਕਾਰੀ ਪੱਧਰ 'ਤੇ ਇਹ ਗੱਲ ਸਵੀਕਾਰੀ ਜਾ ਚੁੱਕੀ ਹੈ ਕਿ ਕਰਜ਼ੇ ਦੀ ਮਾਰ ਝੱਲ ਰਹੇ  ਕਿਸਾਨ ਪ੍ਰਤੀ ਦਿਨ ਆਪਣੀਆਂ ਜ਼ਿੰਦਗੀਆਂ ਖ਼ਤਮ ਕਰ ਰਹੇ ਹਨ ਜਦੋਂ ਕਿ ਅਸਲੀਅਤ ਵਿਚ ਇਹ ਅੰਕੜਾ ਕਿਤੇ ਜ਼ਿਆਦਾ ਹੈ। ਪੰਜਾਬ ਦਾ ਕਿਸਾਨ ਕਿਸ ਦੇ ਗਲ ਲਗ ਕੇ ਰੋਵੇ, ਉਸ ਨੂੰ ਕੋਈ ਢਰਾਸ ਵੀ ਕਿਧਰੇ ਨਜ਼ਰ ਨਹੀਂ ਪੈਂਦਾ। 'ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖ਼ੁਦਕੁਸ਼ੀਆਂ ਦੇ ਰਾਹ' ਦੇ ਚਾਰੇ ਪਾਸੇ ਚਰਚੇ ਹਨ ਪਰ ਸਰਕਾਰਾਂ ਘੇਸਲਵੱਟੀ ਇਹ ਸਭ ਕੁੱਝ ਵੇਖੀ ਜਾ ਰਹੀਆਂ ਹਨ। ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਵਿਚ ਵੱਡੀ ਪੱਧਰ 'ਤੇ ਹੋ ਰਹੀਆਂ ਖ਼ੁਦਕੁਸ਼ੀਆਂ ਦੇ ਮਾਮਲੇ 'ਤੇ ਸਰਕਾਰਾਂ ਤਾਂ ਚੁੱਪ ਹੀ ਹਨ, ਵਿਰੋਧੀ ਸਮੇਤ ਕਿਸਾਨ ਜਥੇਬੰਦੀਆਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ।

ਸਾਲ 2006 ਵਿਚ ਪੰਜਾਬ ਫਾਰਮਜ਼ ਕਮਿਸ਼ਨ ਵੱਲੋਂ ਸਰਵੇ ਕਰਵਾਇਆ ਗਿਆ ਸੇ। ਇਸ ਸਰਵੇ ਦੌਰਾਨ ਕਮਿਸ਼ਨ ਦੇ ਸੂਤਰਾਂ ਨੇ ਇਹ ਮੰਨਿਆ ਸੀ ਕਿ ਪੰਜਾਬ ਪਿਛਲੇ ਦਸਾਂ ਸਾਲਾਂ ਦੌਰਾਨ ਢਾਈ-ਤਿੰਨ ਹਜ਼ਾਰ ਕਿਸਾਨ ਖ਼ੁਦਕੁਸ਼ੀਆਂ ਕਰ ਗਏ ਹਨ। ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਮਾਲ ਵਿਭਾਗ ਰਾਹੀਂ ਕਰਵਾਏ ਸਰਵੇ ਵਿਚ ਦਾਅਵਾ ਕੀਤਾ ਹੈ ਕਿ ਪਿਛਲੇ ਪੰਜਾਂ ਸਾਲਾਂ ਦੌਰਾਨ ਸਿਰਫ਼ 132 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਦੋਂ ਕਿ ਚਾਲੂ ਸਾਲ ਦੇ ਮਈ ਮਹੀਨੇ ਦੌਰਾਨ ਹੀ 22 ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ।

ਡੇਢ ਦਹਾਕਾ ਅੱਤਵਾਦ ਦੀ ਭੱਠੀ ਦੇ ਸੇਕ ਝਲ ਕੇ ਪੰਜਾਬ ਅੱਜ ਫਿਰ ਬੜੇ ਹੀ ਖ਼ਤਰਨਾਕ ਮੋੜ 'ਤੇ ਖੜ੍ਹਾ ਹੈ। ਅੱਜ ਹਰ ਸੰਵੇਦਨਸ਼ੀਲ ਮਨੁੱਖ ਦੇ ਮਨ ਵਿਚ ਇਹ ਸਵਾਲ ਭੜਥੂ ਪਾ ਰਿਹਾ ਹੈ ਕਿ ਦੇਸ਼ ਦੇ ਅੰਨਦਾਤੇ ਦਾ ਕੀ ਬਣੇਗਾ ? ਜ਼ਿਲੇ ਸੰਗਰੂਰ ਦੇ ਹਰਿਆਣਾ ਨਾਲ ਲਗਦੇ ਹਿੱਸੇ ਵਿਚ ਪਿੰਡ ਦੇ ਪਿੰਡ ਇੰਜ ਖਾਲੀ ਹੋ ਰਹੇ ਹਨ ਜਿਵੇਂ ਕੋਈ ਖ਼ਤਰਨਾਕ ਬਿਮਾਰੀ ਫੈਲ ਗਈ ਹੋਵੇ। ਇਨ੍ਹਾਂ ਪਿੰਡਾਂ ਵਿਚ ਸ਼ਮਸ਼ਾਨ ਭੂਮੀ ਵਰਗੀ ਚੁੱਪ ਪਸਰੀ ਹੋਈ ਹੈ। ਅਨੇਕਾਂ ਪਰਿਵਾਰਾਂ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ। ਅਨੇਕਾਂ ਅਜਿਹੇ ਹੋਰ ਪਰਿਵਾਰ ਹਨ ਜਿਨ੍ਹਾਂ ਦੇ ਸਿਰਾਂ 'ਤੇ ਮੌਤ ਦੇ ਬੱਦਲ ਮੰਡਰਾ ਰਹੇ ਹਨ। ਪੰਜਾਬ ਦੇ ਲੋਕ ਕਿਸਾਨ ਦੀ ਪਤਲੀ ਪੈ ਚੁੱਕੀ ਆਰਥਿਕ ਹਾਲਤ ਅਤੇ ਕਰਜ਼ਿਆਂ ਦੀ ਪੰਡ ਭਾਰੀ ਹੋਣ ਕਰਕੇ ਔਸਤਨ ਹਰ ਦੂਜੇ ਤੀਜੇ ਦਿਨ ਕਿਸਾਨ ਖ਼ੁਦਕੁਸ਼ੀ ਕਰ ਰਿਹਾ ਹੈ। ਬਹੁਤੀਆਂ ਖ਼ੁਦਕੁਸ਼ੀਆਂ ਕਿਸੇ ਰਿਕਾਰਡ ਵਿਚ ਨਹੀਂ ਆਉਂਦੀਆਂ । ਜੋ ਸਾਹਮਣੇ ਆਉਂਦੀਆਂ ਹਨ, ਉਨ੍ਹਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਕਿਸੇ ਸੂਝਵਾਨ ਨੇ ਕਿਹਾ ਹੈ ਕਿ ਆਪਣੇ-ਆਪ ਨੂੰ ਸੁਧਾਰ ਲਵੋ, ਸਾਰਾ ਮੁਲਕ ਸੁਧਰ ਜਾਵੇਗਾ। ਜੇਕਰ ਕਿਸਾਨ ਵੀਰ ਇਸ ਗੱਲ ਨੂੰ ਆਪਣੇ ਮਨ ਵਿਚ ਵਸਾ ਲੈਣ ਤਾਂ ਪੰਜਾਬ ਵਿਚ ਇਸ ਬਿਮਾਰੀ ਦਾ ਪੱਕਾ ਇਲਾਜ ਹੋ ਜਾਵੇਗਾ ਭਾਵ ਜਾਨਾਂ ਤਾਂ ਉਨ੍ਹਾਂ ਦੀਆਂ ਆਪਣੀਆਂ ਹਨ ਤੇ ਉਨ੍ਹਾਂ ਦੀ ਹਿਫ਼ਾਜ਼ਤ ਲਈ ਉਨ੍ਹਾਂ ਨੂੰ ਕਿਸੇ ਸੰਸਥਾ ਵੱਲ ਜਾਂ ਗੌਰਮਿੰਟ ਵੱਲ ਨਹੀਂ ਝਾਕਣਾ ਚਾਹੀਦਾ।

ਕਦੇ ਸਮਾਂ ਸੀ ਕਿ ਕਿਸਾਨ ਦੀ ਸੁਨਣ ਲਈ ਕੋਈ ਵੀ ਸੰਸਥਾ ਨਹੀਂ ਸੀ। ਅੱਜ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਕਿਸਾਨ ਸਭਾਵਾਂ ਬਹੁਤ ਉਪਰਾਲੇ ਕਰ ਰਹੀਆਂ ਹਨ ਤੇ ਜਿੰਨਾ ਕੁ ਸਰਕਾਰਾਂ ਤੋਂ ਬਣਦਾ ਹੈ ਉਹ ਵੀ ਸਹਿਯੋਗ ਦੇ ਰਹੀਆਂ ਹਨ। ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਦਿਸਦਾ ਹੈ ਕਿਸਾਡੇ ਪੜਦਾਦੇ ਦਿਨ ਚੜਨ ਤੋਂ ਪਹਿਲਾਂ ਖੇਤ ਨੂੰ ਬਲਦਾਂ ਸਮੇਤ ਤੁਰ ਪੈਂਦੇ ਸਨ ਤੇ ਦੇਰ ਰਾਤ ਤਕ ਵਾਹੀ ਕਰਕੇ ਘਰ ਆਉਂਦੇ ਸਨ। ਬਹੁਤ ਘੱਟ ਫਸਲ ਨਿਕਲਦੀ ਸੀ ਕਿਉਂਕਿ ਬਹੁਤ ਸਾਰੀ ਜ਼ਮੀਨ ਬਿਨਾਂ ਬੀਜਿਆਂ ਵੀ ਬੰਜਰ ਪਈ ਰਹਿੰਦੀ ਸੀ। ਜੇਕਰ ਪਰਿਵਾਰ ਵੱਲ ਝਾਤ ਮਾਰੀਏ ਤਾਂ 5 ਕੁ ਬੱਚੇ ਤਾਂ ਹਰ ਇਕ ਦੇ ਘਰ ਵਿਚ ਆਮ ਹੀ ਹੁੰਦੇ ਸਨ, ਜਿਨ੍ਹਾਂ ਦੀ ਦੇਖਭਾਲ ਉਹ ਵੀ ਕਰਦੇ ਸਨ । ਕਰਜ਼ਾ ਉਹ ਵੀ ਲੈਂਦੇ ਸਨ ਪਰ ਕਦੇ ਵੀ ਆਤਮ ਹੱਤਿਆ ਵਾਲਾ ਰਾਹ ਨਹੀਂ ਚੁਣਿਆ।

ਅੱਜ ਦੇ ਸਮੇਂ ਵਿਚ ਵੀ ਬਹੁਤ ਸਾਰੇ ਕਿਸਾਨ ਅਜਿਹੇ ਹਨ ਜੋ ਬਹੁਤ ਘੱਟ ਜ਼ਮੀਨ ਹੁੰਦੇ ਹੋਏ ਵੀ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਹਨ ਤੇ ਕਿਸੇ ਵੀ ਕਿਸਮ ਦੇ ਕਰਜ਼ੇ ਤੋਂ ਬਚੇ ਹੋਏ ਹਨ। ਨਹੀਂ ਯਕੀਨ ਤਾਂ ਮਾਲੇਰਕੋਟਲੇ ਵਿਚ ਉਥੇ ਦੇ ਲੋਕਾਂ ਨੂੰ ਖੇਤ ਵਿਚ ਕੰਮ ਕਰਦਿਆਂ ਦੇਖਿਆ ਜਾ ਸਕਦਾ ਹੈ। ਜੇਕਰ ਉਹ ਲੋਕ ਬਹੁਤ ਥੋੜ੍ਹੀ ਜ਼ਮੀਨ 'ਤੇ ਆਪਣਾ ਵਧੀਆ ਗੁਜ਼ਾਰਾ ਕਰ ਰਹੇ ਹਨ ਤਾਂ ਪੰਜਾਬ ਦੇ ਬਾਕੀ ਕਿਸਾਨ ਕਿਉਂ ਕਰਜ਼ੇ ਦੇ ਕਾਰਨ ਕਰ ਰਹੇ ਹਨ ।

ਦਰਅਸਲ ਅੱਜ ਦਾ ਕਿਸਾਨ ਆਪਣੇ ਖੇਤ ਵਿਚ ਘੱਟ ਹੀ ਰਹਿਣਾ ਚਾਹੁੰਦਾ ਹੈ। ਇਕ ਵਾਰ ਝੋਨਾ ਬੀਜ ਦਿੰਦਾ ਹੈ ਫਿਰ ਉਹ ਉਸ ਦੀ ਕਟਾਈ ਸਮੇਂ ਹੀ ਖੇਤ ਵਿਚ ਜਾਣਾ ਚਾਹੁੰਦਾ ਹੈ। ਬਿਹਾਰੀ ਕਾਮੇ ਨੂੰ ਖੇਤ ਰੱਖ ਛੱਡਦਾ ਹੈ ਕਿ ਕਿਤੇ ਉਸ ਨੂੰ ਮੋਟਰ ਦੀ ਸਵਿੱਚ ਆਨ-ਆਫ ਨਾ ਕਰਨੀ ਪਵੇ।

ਅੱਜਕੱਲ ਅਸੀਂ ਆਪਣੇ  ਬੱਚਿਆਂ ਦਾ ਖਰਚ ਚੁੱਕਣ ਵਿਚ ਅਸਮਰੱਥਾ ਮਹਿਸੂਸ ਕਰਦੇ ਹਾਂ। ਧੰਨ ਸੀ ਸਾਡੇ ਬਜ਼ੁਰਗ ਜੋ 10-10 ਬੱਚਿਆਂ ਦੀ ਫੌਜ ਨੂੰ ਪਾਲਣ ਦੀ ਹਿੰਮਤ ਰੱਖਦੇ ਸੀ। ਕਿਸੇ ਪਰਿਵਾਰ ਦਾ ਬਿਮਾਰੀ ਦੀ ਲਪੇਟ ਵਿਚ ਆ ਜਾਣਾ, ਕਿਸੇ ਫਸਲ ਦਾ ਖਰਾਬ ਹੋ ਜਾਣਾ, ਕਿਸੇ ਪੁਰਾਣੇ ਕੇਸ ਦਾ ਕਚਹਿਰੀਆਂ 'ਚ ਚਲਦੇ ਹੋਣਾ ਆਦਿ ਅਜਿਹੇ ਕਾਰਨ ਹਨ ਜੋ ਕਿਸਾਨ ਨੂੰ ਕਰਜ਼ਾਈ ਬਣਾ ਸਕਦੇ ਹਨ। ਇਨ੍ਹਾਂ ਦਾ ਕੋਈ ਠੋਸ ਹੱਲ ਨਹੀਂ ਹੈ। ਬੱਸ ਇਹੋ ਹੈ ਕਿ ਭਾਈ ਹੀ ਭਾਈ ਦੀ ਅਜਿਹੇ ਸਮੇਂ ਬਾਂਹ ਫੜੋ । ਪਰ ਕੁੱਝ ਕਿਸਾਨ ਵੀਰ ਜਾਣਬੁੱਝ ਕੇ ਬਲਾ ਨੂੰ ਸੱਦਾ ਦਿੰਦੇ ਹਨ। ਲੋਕਾਂ ਦੀ ਦੇਖੋ-ਦੇਖੀ ਵਿਆਹ-ਸ਼ਾਦੀਆਂ 'ਤੇ ਆਪਣੇ ਤੋਂ ਵੱਡੇ ਪਰਿਵਾਰ ਨਾਲ ਰਿਸ਼ਤਾ ਕਰਕੇ ਲੋੜ ਤੋਂ ਵੱਧ ਖਰਚ ਕਰਨਾ ਕੋਈ ਸਮਝਦਾਰੀ ਨਹੀਂ ਹੈ।

ਦੇਖਿਆ ਜਾਵੇ ਤਾਂ ਕਿਸਾਨ ਵੀਰਾਂ ਨੂੰ ਲੋੜ ਹੈ ਕਿ ਉਹ ਆਪਣੇ ਘਰ ਦਾ ਬਜਟ ਬਣਾਉਣ ਦੀ ਜਾਂਚ ਸਿੱਖਣ ਤੇ ਬੇਲੋੜੇ ਖਰਚੇ ਤੋਂ ਬਚਣ ਭਾਵੇਂ ਉਹ ਕਾਲਜ ਵਿਚ ਪੜ੍ਹਦੇ ਪੁੱਤਰ ਦੀ ਦੁੱਗ-ਦੁੱਗ ਦੀ ਮੰਗ ਹੀ ਕਿਉਂ ਨਾ ਹੋਵੇ। ਲੋਕਾਂ ਦੀ ਦੇਖੋ-ਦੇਖ ਖਰਚਾ ਨਾ ਕਰਨ, ਆਪਣੇ ਜੇਬ ਅਨੁਸਾਰ ਹੀ ਆਪਣਾ ਘਰ ਚਲਾਉਣ ਭਾਵ ਆਪਣੇ ਘਰ ਥੋੜਾ ਖਾ ਕੇ ਸਬਰ ਕਰਨ ਪਰ ਪਰਿਵਾਰਾਂ ਦੇ ਪਰਿਵਾਰ ਖਾਓ ਕਰਜ਼ੇ ਨਾਂਅ ਦੇ ਸੱਪ ਤੋਂ ਬਚਣ। ਆਪਣੇ ਖੇਤ ਵਿਚ ਸਬਜ਼ੀਆਂ ਵਗੈਰਾ ਉਗਾਉਣ ਤਾਂ ਜੋ ਉਨ੍ਹਾਂ ਦੀ ਰੋਜ਼ਮਰਾ ਜ਼ਿੰਦਗੀ ਲਈ ਖਰਚ ਨਿਕਲ ਸਕੇ। ਬਿਨਾਂ ਕਿਸੇ ਗਿਆਨ ਤੋਂ ਵੱਡੇ ਪ੍ਰਾਜੈਕਟ ਨਾ ਲਾਉਣ। ਜ਼ਿੰਦਗੀ ਤੋਂ ਨਿਰਾਸ ਨਾ ਹੁੰਦੇ ਹੋਏ ਆਸ਼ਾਵਾਦੀ ਬਣਨ । ਪ੍ਰਮਾਤਮਾ ਕਰੇ ਕਿ ਦੁਨੀਆ ਦਾ ਕੋਈ ਵੀ ਕਿਸਾਨ ਕਿਸੇ ਕਿਸਮ ਦੇ ਕਰਜ਼ੇ ਹੇਠ ਨਾ ਰਹੇ, ਇਹ ਮੇਰੀਆਂ ਉਨ੍ਹਾ ਲਈ ਸ਼ੁਭਕਾਮਨਾਵਾਂ ਹਨ ।

ਰਘਵੀਰ ਸਿੰਘ ਚੰਗਾਲ
ਧਨੌਲਾ -ਬਰਨਾਲਾ
ਮੋਬਾਇਲ 98552-64144


hore-arrow1gif.gif (1195 bytes)


Terms and Conditions
Privacy Policy
© 1999-2010, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2010, 5abi.com