ਹਰ
ਮਨੁੱਖ ਜੀਵਨ ਦੇ ਕਿਸੇ ਨਾ ਕਿਸੇ ਪੜ੍ਹਾਅ ਤੇ ਆਕੇ ਕੁਝ ਆਦਤਾਂ ਲਈ ਪੱਕ ਜਾਂਦਾ
ਹੈ। ਭਾਵੇਂ ਉਹ ਠੀਕ ਹੋਣ ਜਾਂ ਨਾ ਹੋਣ। ਇਹ ਹਰ ਮਨੁੱਖ ਦੇ ਵਿਲੱਖਣ ਸੁਭਾਅ ਤੇ
ਵਿਲੱਖਣ ਤੱਤ ਦਾ ਹੀ ਪ੍ਰਗਟਾਵਾ ਹੁੰਦਾ ਹੈ। ਮਨੁੱਖ ਦੀ ਸਿਰਜਨਾ ਤੋਂ ਬਾਅਦ, ਕਿਸੇ
ਵੀ ਹੋਰ ਜੀਵ ਵਾਂਗ, ਸੰਚਾਰ ਇਕ ਲੋੜ ਰਹੀ ਹੈ, ਮੁੱਢ ਕਦੀਮ ਤੋਂ। ਮਨੁੱਖੀ ਹਾਵ
ਭਾਵ, ਨਜ਼ਰ, ਸੁਗੰਧ ਤੇ ਸਪਰਸ਼ ਸੰਚਾਰ ਦੇ ਮੁੱਢਲੇ ਸੋਮੇ ਹਨ। ਕੁਦਰਤ ਨੇ ਬਹੁਤ
ਸਾਰੇ ਜੀਵਾਂ ਨੂੰ ਧੁਨੀ ਦਾ ਤੋਹਫਾ ਵੀ ਦਿੱਤਾ ਹੈ। ਪਰ ਇਸ ਧੁਨੀ ਨੂੰ ਉਸਨੇ
ਭੂਗੌਲਿਕ ਤੇ ਜੀਨ ਦੀ ਹੱਦ ਨਾਲ ਜੋੜ ਕਿ ਸੀਮਤ ਕੀਤਾ ਹੈ। ਭਾਵੇਂ ਹਰ ਜੀਵ ਧੁਨੀ
ਦਾ ਪੂਰਾ ਇਸਤੇਮਾਲ ਨਹੀਂ ਕਰ ਸਕਦਾ, ਪਰ ਮਨੁੱਖ ਨੇ ਇਸ ਧੁਨੀ ਨੂੰ ਨਿਯਮਬੱਧ ਕਰਕੇ
ਇਸਤੇਮਾਲ ਕਰਨਾ ਸਿੱਖ ਲਿਆ ਹੈ ਤੇ ਇਕ ਕਦਮ ਅੱਗੇ ਚੱਲ ਕਿ ਭਾਸ਼ਾਵਾਂ ਤੇ ਲਿੱਪੀਆਂ
ਵੀ ਵਿਕਸਤ ਕਰ ਲਈਆਂ। ਪਰ ਇਹ ਭਾਸ਼ਾਵਾਂ ਤੇ ਇਹਨਾਂ ਦੀ ਲਿੱਪੀ ਵਿਚ ਹਾਲੇ ਕਾਫੀ
ਅੰਤਰ ਹੈ। ਜਿਉਂ ਜਿਉਂ ਸਮਾਂ ਲੰਘਦਾ ਜਾ ਰਿਹਾ ਹੈ, ਲੋਕ ਆਪੋ ਆਪਣੀ ਸੌਖ ਲਈ ਭਾਸ਼ਾ
ਤੇ ਲਿੱਪੀ ਵਿਚ ਬਦਲਾਅ ਕਰੀ ਜਾ ਰਹੇ ਹਨ।
ਮੈਨੂੰ ਵੀ ਥੋੜ੍ਹਾ ਬਹੁਤਾ ਲਿਖਣ ਦਾ ਝੱਸ ਹੈ।
ਪੰਜਾਬੀ ਭਾਸ਼ਾ ਦੇ ਇਸਦੇ ਨਾਲ ਲੱਗਦੇ ਭੂਗੋਲਿਕ ਖਿੱਤੇ ਦੀਆਂ ਹੋਰ ਭਾਸ਼ਾਵਾਂ ਨੂੰ
ਮੈਂ ਇਕ ਟਾਪੂ ਸਮੂਹ ਦੇ ਵਾਗ ਸਮਝਦਾ ਹਾਂ ਤੇ ਇਸ ਸਮੁੱਚੇ ਸਮੂਹ ਨੂੰ ਆਧੁਨਿਕ
ਤਕਨੀਕੀ ਸਮੁੰਦਰ ਵਿਚ ਤਰਨ ਦੇ ਯੋਗ ਬਨਾਉਣ ਲਈ ਕੋਸ਼ਿਸ਼ ਕਰ ਰਿਹਾ ਹਾਂ। ਭਾਵੇਂ ਇਹ
ਕੋਸ਼ਿਸ਼ ਨਿੱਜੀ ਹੈ ਤੇ ਕਿਸੇ ਵੀ ਮਾਲੀ ਸਹਾਇਤਾ ਤੋਂ ਰਹਿਤ ਹੈ, ਪਰ ਇਸ ਕੋਸ਼ਿਸ਼ ਨੂੰ
ਅਥਾਹ ਲੋਕ ਸਮਰਥਨ ਮਿਲ ਰਿਹਾ ਹੈ। ਮੇਰੀ ਇਹ ਕੋਸ਼ਿਸ਼ ਕਦੇ ਕਦੇ ਮੈਨੂੰ ਲਿਖਣ ਲਈ ਵੀ
ਪ੍ਰੇਰ ਦਿੰਦੀ ਹੈ। ਮੇਰੀ ਲੇਖਣੀ ਮੂਲ ਰੂਪ ਵਿਚ ਲੋਕ ਧੁਨੀਆਂ ਦੇ ਆਸ ਪਾਸ ਘੁੰਮਦੀ
ਹੈ। ਮੇਰੇ ਸ਼ਬਦਾਂ ਦੀ ਬਣਤਰ ਇਸ ਰਮਜ਼ ਤੇ ਨਿਰਭਰ ਕਰਦੀ ਹੈ ਕਿ ਸ਼ੁੱਧ ਜਾਂ ਇਲਾਕਾਈ
ਉਚਾਰਣ ਕੀ ਹੋਵੇਗਾ। ਸ਼ਬਦ ਤੇ ਕਿੰਨਾਂ ਜ਼ੋਰ ਪਾਕੇ ਬੋਲਣਾ ਹੈ ਤੇ ਕਿਸ ਲਹਿਜੇ ਨਾਲ
ਪੇਸ਼ ਕਰਨਾ ਹੈ। ਇਹੋ ਕਾਰਨ ਹੈ ਕਿ ਮੇਰੇ ਕਈ ਸ਼ਬਦ ਜੋੜ ਕਈਆਂ ਨੂੰ ਅਖੜਦੇ ਹਨ।
ਮੇਰੀ ਵਾਕ ਬਣਤਰ ਤੋਂ ਆਜੋਕੇ ਪੀ·ਐਚ·ਡੀ·ਆਂ ਵਾਲੇ ਖ਼ਾਰ ਖਾਂਦੇ ਹਨ। ਖਾਸ
ਕਰਕੇ ਜਦੋਂ ਮੈਂ 'ਕਿ' ਸ਼ਬਦ ਲਿਖਾਂ ਹਾਂ।
ਪਿਛਲੇ ਇਕ ਦਹਾਕੇ ਤੋਂ ਬਹੁਤ ਸਾਰੇ ਲੋਕ ਇਹੋ ਜਿਹੇ ਹੋ ਗਏ ਹਨ ਜੋ 'ਕਿ' ਨੂੰ
'ਕੇ' ਲਿਖਦੇ ਹਨ। ਬਹੁਤੇ ਇਹਨਾਂ ਵਿੱਚੋਂ ਬਹੁਤੇ ਪੰਜਾਬੀ ਯੂਨੀਵਰਸਿਟੀ ਜਾਂ
ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਹਨ। ਹੁਣੇ ਜਿਹੇ ਹੀ ਮੇਰੀਆਂ ਬਾਲ ਕਹਾਣੀਆਂ
ਦੇ ਰੀਵੀਊ ਕਰਦਿਆਂ, ਇਕ ਲੇਖਕ ਨੇ ਇਸਨੂੰ ਬਹੁਤ ਵੱਡੀ ਗਲਤੀ ਦੱਸਿਆ। ਪਹਿਲੋਂ ਵੀ
ਇੱਕ ਦੋ ਜਣਿਆਂ ਨੇ ਮੈਨੂੰ ਇਹ ਕਿਹਾ ਸੀ। ਇਸ ਲਈ ਮੇਰੇ ਲਈ ਇਹ ਜ਼ਰੂਰੀ ਹੋ ਗਿਆ ਕਿ
ਮੈਂ ਇਸ ਬਾਰੇ ਖੋਜ ਕਰਾਂ। ਮੇਰੇ ਨਤੀਜੇ ਮੁਤਾਬਕ ਜਿੱਥੇ ਇਹ ਸ਼ਬਦ ਕਿਸੇ ਹੋਰ ਸ਼ਬਦ
ਨਾਲ ਲੱਗਦਾ ਹੈ ਉੱਥੇ 'ਕੇ' ਹੀ ਪੈਣਾ ਚਾਹੀਦਾ ਹੈ ਜਿਵੇਂ ਕਰਕੇ, ਧਰਕੇ ਆਦਿ ਪਰ
'ਕਿਉਂਕਿ' ਇਕ ਵੱਖਰੀ ਪਹਿਚਾਣ ਹੈ ਇਸ ਲਈ ‘ਕ' ਨੂੰ ਸਿਹਾਰੀ ਹੀ ਪਵੇਗੀ। ਇਸਦਾ
ਕਾਰਨ ਸਪੱਸ਼ਟ ਹੈ। ਜਦੋਂ ਅਸੀਂ ਧੁਨੀ ਦੇ ਵਹਾਅ ਨੂੰ ਦੇਖੀਏ ਤਾਂ ਸਾਨੂੰ ਦੋ ਫਰਕ
ਨਜ਼ਰ ਆਉਣਗੇ। ਨਾਲ ਜੁੜਕੇ ਇਹ 'ਲਾਂਵ' ਨਾਲ ਪੂਰਾ ਬੋਲਿਆ ਜਾਂਦਾ ਹੈ। ਪਰ ਜਦੋਂ
ਵਹਾਅ ਤੇਜ਼ ਹੋਵੇ ਤਾਂ ਇਹ 'ਲਾਂਵ' ਪੂਰੀ ਲਈਂ ਬੋਲੀ ਜਾਂਦੀ। ਇਸ ਲਈ ਦੋ ਸ਼ਬਦਾਂ ਦੇ
ਵਿਚਕਾਰ 'ਕਿ' ਹੀ ਠੀਕ ਹੈ। 'ਲਾਂਵ' ਵਾਲਾ 'ਕ' ਲਾਕੇ ਦੇਖ ਲਵੋ ਉਚਾਰਣ ਵਿਚ
ਰੁਕਾਵਟ ਆਵੇਗੀ। ਦੂਸਰਾ ਇਸਦਾ ਰੂਪਕ ਪੱਖ ਹੈ। 'ਲਾਂਵ' ਵਾਲਾ 'ਕ' ਜਦੋਂ ਇਕੱਲਾ
ਹੁੰਦਾ ਹੈ ਤਾਂ ਇੰਜ ਲੱਗਦਾ ਹੈ ਜਿਵੇਂ ਬਾਂਹ ਉੱਤੇ ਤੇ ਲੱਤ ਪਿੱਛੇ ਨੂੰ ਕੀਤੀ
ਹੋਈ ਹੋਵੇ। ਇਹ ਰੂਪਕ ਤੇ ਕਲਾਤਮਿਕ ਪੱਖ ਤੋਂ ਭੈੜੀ ਦਿੱਖ ਹੈ। ਜਦਕਿ 'ਸਿਹਾਰੀ'
ਵਾਲਾ 'ਕ' ਸੋਹਣਾ ਲੱਗਦਾ ਹੇ।
ਤੀਸਰੀ ਗੱਲ, ਮੈਨੂੰ ਲੱਗਦਾ ਸੀ ਕਿ ਮੈਂ ਇਸ ਸਭ ਕਾਸੇ ਦੇ ਬਾਵਜੂਦ ਗਲਤ ਨਾ ਹੋਵੇ,
ਇਸ ਲਈ ਮੈਂ ਪੰਜਾਬੀ ਸਾਹਿਤ ਅਕਾਡਮੀ ਦੇ ਪਿਛਲੇ 20 ਸਾਲਾਂ ਦੇ ਆਲੋਚਨਾ ਰਸਾਲੇ
ਕਢਵਾਏ, ਉਹਨਾਂ ਵਿਚ ਪੰਜਾਬੀ ਦੇ ਤਕਰੀਬਨ ਹਰ ਵਿਦਵਾਨ ਲੇਖਕ ਦਾ ਕੋਈ ਨਾ ਕੋਈ ਲੇਖ
ਹੈ। ਇਹ ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਹਨ। ਇਹਨਾਂ ਦੇ ਸੰਪਾਦਕ ਆਪੋ ਆਪਣੇ
ਸਮੇਂ ਦੇ ਪ੍ਰਸਿੱਧ ਤੇ ਵਿਦਵਾਨ ਲੇਖਕ ਹੋਏ ਹਨ। ਧਿਆਨ ਨਾਲ ਨੋਟ ਕਰਨ ਤੋਂ ਬਾਅਦ
ਹੇਠ ਲਿਖੇ ਲੇਖਕਾਂ ਦੀਆਂ ਰਚਨਾਵਾਂ ਵਿਚ 'ਕਿ' ਹੀ ਵਰਤਿਆ ਗਿਆ ਦੇਖਿਆ ਗਿਆ ਹੈ ;
ਜਸਵੰਤ ਸਿੰਘ ਨੇਕੀ, ਓਮ ਪ੍ਰਕਾਸ ਗਾਸੋ, ਸੁਤਿੰਦਰ ਸਿੰਘ ਨੂਰ, ਧਨੀ ਰਾਮ
ਚਾਤ੍ਰਿਕ, ਪਿਆਰਾ ਸਿੰਘ ਭੋਗਲ, ਬਲਵੰਤ ਗਾਰਗੀ, ਸ· ਰਜਿੰਦਰ ਸਿੰਘ ਭਸੀਨ, ਡਾ·
ਪਿਆਰਾ ਸਿੰਘ, ਇੰਦਰਜੀਤ ਹਸਨਪੁਰੀ, ਅਜਾਇਬ ਚਿਤ੍ਰਕਾਰ, ਡਾ· ਆਤਮਜੀਤ, ਗੁਰਭਜਨ
ਗਿੱਲ, ਰਵਿੰਦਰ ਭੱਠਲ, ਡਾ· ਹਰਸ਼ਿੰਦਰ ਕੌਰ, ਡਾ· ਗੁਰਦਿਆਲ ਸਿੰਘ ਫੁੱਲ, ਪ੍ਰੋ·
ਮਹਿੰਦਰਪਾਲ ਕੋਹਲੀ, ਅਮਰਜੀਤ ਗਰੇਵਾਲ, ਡਾ· ਵਨੀਤਾ, ਡਾ· ਆਈ·ਐਨ· ਗੌੜ ਤੇ ਡਾ·
ਗੁਰਦੇਵ ਸਿੰਘ ਸਿੱਧੂ ਅਤੇ ਹੋਰ ਕਈ।
ਪਰ ਸਿਰਫ ਤਿੰਨ ਹੀ ਅਜਿਹੇ ਲੱਭੇ ਜੋ 'ਕੇ' ਲਿਖਦੇ ਹਨ ਪੁਰਾਣਿਆਂ 'ਚੋਂ ਡਾ· ਅਤਰ
ਸਿੰਘ ਅਤੇ ਨਵਿਆਂ 'ਚੋਂ ਦਰਸ਼ਨ ਆਸ਼ਟ ਤੇ ਯੋਗਰਾਜ।
ਇਹ ਕਿਉਂ ਇਸ ਤਰ੍ਹਾਂ ਲਿਖ ਰਹੇ ਹਨ ਤਾਂ 'ਇਹੋ ਹੀ ਜਾਨਣ ਪਰ 'ਕਿ' ਨੂੰ ਦੋਸ਼ ਦੇਕੇ
ਹਿ ਸਾਡਾ ਸਾਰਾ ਪੁਰਾਤਨ ਭਾਸ਼ਾਈ ਭੰਡਾਰ ਨਿਕਾਰ ਰਹੇ ਹਨ, ਹੁਣ ਤਾਂ ਇਹ ਖੋਜਣ ਦੀ
ਲੋੜ ਹੈ ਕਿ ਇਹ 'ਸਿਹਾਰੀ' ਦੀ 'ਲਾਂਵ' ਬਣਾਈ ਕਿਸਨੇ ਤੇ ਉਸਦੀ ਕੀ ਮਜ਼ਬੂਰੀ ਸੀ?
ਭਾਸ਼ਾਵਾਂ ਤੇ ਲਿੱਪੀ ਦੀਆਂ ਵਿਲਖਣਤਾਵਾਂ ਤੇ ਖੂਬਸੂਰਤੀਆਂ ਨਾਲ ਇਹ ਛੇੜ ਛਾੜ ਭਾਸ਼ਾ
ਦੇ ਪ੍ਰਭਾਵ ਨੂੰ ਘਟਾਉਣ ਵੱਲ ਇਕ ਕਦਮ ਹੋ ਨਿਬੜਦੀ ਹੈ। ਯੂਨੀਵਰਸਿਟੀਆਂ ਨੂੰ ਆਪਣੇ
ਖੋਜ ਕੇਂਦਰਾਂ ਵਿਚ ਇਸ ਤੇ ਭਰਪੂਰ ਬਹਿਸ ਤੇ ਵਿਚਾਰ ਕਰਨ ਦੀ ਲੋੜ ਹੈ ਪਰ ਇਸ ਵਿਚ
ਲੋਕ–ਚੇਤਨ ਤੇ ਧਰਾਤਲੀ ਲੇਖਕ ਵੀ ਸ਼ਾਮਿਲ ਕਰ ਲੈਣ ਨਾਲ ਭਾਸ਼ਾ ਤੇ ਲਿੱਪੀ ਨੂੰ
ਫਾਇਦਾ ਹੀ ਹੋਵੇਗਾ। |