WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਚਲ ਜਨਮੇਜੇ ਕਸ਼ਮੀਰ ਵਿਖਾ - 3
ਜਨਮੇਜਾ ਸਿੰਘ ਜੌਹਲ

5_cccccc1.gif (41 bytes)

ਗੁਲਮਰਗ ਵਿਚ ਦਾਖਲਾ ਵੀ ਭਾਰਤ ਦੇ ਹੋਰਨਾਂ ਯਾਤਰੂ ਸਥਾਨਾਂ ਤੋਂ ਵੱਖਰਾ ਨਹੀਂ। ਇੱਥੇ ਵੀ ਯਾਤਰੂਆਂ ਨੂੰ ਲੁੱਟਣ ਦੀ ਬਿਰਤੀ, ਬਾਕੀ ਸਥਾਨਾਂ ਵਾਂਗ ਹੀ ਹੈ। ਪਹਿਲੋਂ ਠੱਗ ਪਾਰਕਿੰਗ ਦੀ ਪਰਚੀ ਕੱਟਣ ਲਈ ਕਹਿੰਦੇ ਹਨ, ਜਿਸਦੀ ਅਸਲੋਂ ਲੋੜ ਹੀ ਨਹੀਂ। ਅੰਦਰ ਕੋਈ ਗੱਡੀ ਪਾਰਕ ਨਹੀਂ ਕਰਵਾਉਂਦਾ, ਆਪੇ ਜਿੱਥੇ ਮਰਜੀ ਕਰ ਲਵੋ। ਵਾਪਸ ਜਾਣ ਲੱਗੇ ਕੋਈ ਪਰਚੀ ਚੈਕ ਨਹੀਂ ਕਰਦਾ, ਇਸਦਾ ਮਤਲਬ ਗੱਡੀ ਦੀ ਕੋਈ ਸੁਰੱਖਿਆ ਨਹੀਂ। ਅਸੀਂ ਜਾਣੂ ਹੋਣ ਕਰਕੇ ਹਰ ਪਰਚੀ ਵਾਲੇ ਨੂੰ ਜਵਾਬ ਦੇ ਦਿੱਤਾ ਤੇ ਗੁਲਮਰਗ ਦੇ ਵਿਸ਼ਾਲ ਮੈਦਾਨ ਵਿਚ ਦਾਖਲ ਹੋ ਗਏ। ਅੰਦਰ ਵੜ ਕਿ ਸੜਕ ਦੋਨੋਂ ਪਾਸੇ ਜਾਂਦੀ ਹੈ। ਅਸੀਂ ਇੱਥੋਂ ਸੱਜੇ ਪਾਸੇ ਮੁੜ ਗਏ। ਖੱਬੇ ਪਾਸੇ ਬਰਫ ਢੱਕਿਆ ਵਿਸ਼ਾਲ ਪਹਾੜ ਦਿਖਦਾ ਹੈ । ਸੱਜੇ ਪਾਸੇ ਬਜ਼ਾਰ ਹੈ। ਇੱਥੇ ਇੱਕ ਗੁਰਦੁਆਰਾ ਵੀ ਹੈ ਜਿੱਥੇ ਅਸੀਂ 30/35 ਸਾਲ ਪਹਿਲੋਂ ਰਾਤ ਵੀ ਕੱਟੀ ਸੀ। ਹੁਣ ਇਹ ਦੁਕਾਨਾਂ ਦੀ ਭੀੜ ਵਿੱਚੋਂ ਲੱਭਣਾ ਔਖਾ ਹੋ ਗਿਆ ਹੈ। ਇਹ ਵਿਸ਼ਾਲ ਮੈਦਾਨ ਸੁੱਕੇ ਛੱਪੜ ਦੇ ਥੱਲੇ ਵਾਂਗ ਉੱਚਾ ਨੀਵਾਂ ਹੈ। ਇੱਥੇ ਇਕ ਹੋਰ ਠੱਗੀ ਲੱਗਦੀ ਹੈ। ਦੂਰੋਂ ਆਏ ਸੈਲਾਨੀ ਨੂੰ ਦੁਕਾਨਦਾਰ ਦੱਸਦੇ ਹਨ ਕਿ ਅੱਗੇ ਠੰਡ ਬਹੁਤ ਹੈ। ਸੈਲਾਨੀ ਡਰ ਜਾਂਦੇ ਹਨ ਤੇ ਦੁਕਾਨਦਾਰ ਉਸਨੂੰ ਫਰ ਵਾਲਾ ਕੋਟ, ਗਰਮ ਜੁਰਾਬਾਂ, ਗਰਮ ਬੂਟ ਤੇ ਗਰਮ ਟੋਪੀ ਪੈਸੇ ਲੈ ਪਹਿਨਾ ਦੇਂਦੇ ਹਨ। ਫੇਰ ਉਸਨੂੰ ਖੱਚਰ ਉੱਤੇ ਸਵਾਰ ਕਰ ਦੇਂਦੇ ਹਨ। ਠੰਡ ਤੋਂ ਡਰਦਾ ਸੈਲਾਨੀ, ਠੰਡ ਦੀ ਆਸ ਵਿਚ ਪੈਸੇ ਖਰਚ ਕਿ ਖੱਚਰ ਤੇ ਬੈਠਾ ਮੁੱੜਕੋ ਮੁੱੜਕੀ ਹੋਈ ਜਾਂਦਾ ਹੈ। ਘੰਟੇ ਕੁ ਬਾਅਦ ਇਹ ਸੈਲਾਨੀ ਕੱਪੜੇ ਹੱਥ ਵਿਚ ਫੜੀ ਵੇਖੇ ਜਾ ਸਕਦੇ ਹਨ। ਬੱਚੇ ਤਾਂ ਔਖੇ ਹੋ ਜਾਂਦੇ ਹਨ। ਉਹਨਾਂ ਦੇ ਕੋਟ ਵੀ ਮਾਪਿਆਂ ਨੂੰ ਚੁੱਕਣੇ ਪੈਂਦੇ ਹਨ।

ਅਸੀਂ ਇਹ ਨਜ਼ਾਰਾ ਦੇਖਦੇ ਸੱਜੇ ਪਾਸੇ ਥੋੜੀ ਹੀ ਦੂਰ ਗਏ ਸੀ ਕਿ ਇਕ ਹੋਟਲ ਵਾਲਿਆਂ ਦਾ ਨਾਕਾ ਆ ਗਿਆ। ਅਖੇ ਅਗੇ ਪ੍ਰਾਈਵੇਟ ਰੋਡ ਹੈ। ਇੱਥੇ 50 ਰੁਪਏ ਟੈਕਸ ਹੈ। ਇੱਥੇ ਪਰਚੀ ਕਟਾਉਣੀ ਹੀ ਪਈ। ਇਹ ਅਖੌਤੀ ਪ੍ਰਾਈਵੇਟ ਸੜਕ ਘੁੰਮ ਕਿ ਵਾਪਸ ਆ ਜਾਂਦੀ ਹੈ ਸ਼ੁਰੂ ਵਾਲੀ ਥਾਂ ਦੇ। ਇਹ ਟੈਕਸ ਵੀ ਨਿਰਾ ਧੱਕਾ ਹੈ। ਇੱਥੋਂ ਖੱਬੇ ਪਾਸੇ ਗੁਲਮਰਗ ਦੇ ਪਹਾੜ ਦਿਖਦੇ ਹਨ। ਸੁੰਦਰਤਾ ਕਮਾਲ ਦੀ ਹੈ। ਮੌਸਮ ਮਿੱਠਾ ਸੀ। ਸੱਚੇ ਪਾਸੇ ਜੰਗਲ ਹੈ ਤੇ ਇੱਥੇ ਹੀ ਖੇਤੀਬਾੜੀ ਮਹਿਕਮੇ ਦਾ ਰਿਸਰਚ ਸਥਾਨ ਵੀ ਹੈ। ਜੋ ਸੈਲਾਨੀ ਖੱਚਰਾਂ ਉਤੇ ਸਨ ਉਹ ਮੈਦਾਨ ਦੇ ਵਿਚ ਦੀ ਹੋਕੇ ਦੂਜੇ ਪਾਸੇ ਆ ਰਹੇ ਹਨ। ਰਾਹ ਵਿਚ ਫੋਟੋਬਾਜ਼ੀ ਵੀ ਕਰ ਰਹੇ ਸਨ। ਇੱਥੋਂ ਅਸੀਂ ਪਾਰਕ ਦੇ ਅੰਦਰ ਪੁਰਾਣਾ ਗੋਲਫ ਕਲੱਬ ਦੇਖਣ ਆ ਗਏ। ਇੱਥੇ ਪ੍ਰਤੀ ਵਿਅਕਤੀ 5 ਰੁਪਏ ਦੇਖਣ ਦੀ ਫੀਸ ਹੈ। ਇਸਦੇ ਅੰਦਰ ਇੱਕ ਮੀਟਿੰਗ ਹਾਲ ਤੇ ਪੁਰਾਣੇ ਅਹੁਦੇਦਾਰਾਂ ਦੀਆਂ ਫੋਟੋਆਂ ਲੱਗੀਆਂ ਹੋਈਆ ਹਨ। ਅੰਦਰ ਇੱਕ ਰੈਸਟੋਰੈਂਟ ਹੈ ਜੋ ਬੇਹੱਦ ਮਹਿੰਗਾ ਹੈ। ਬਸ ਇਹੋ ਸਮਝੋ ਕਿ 5 ਰੁਪਏ ਵਿਚ ਇਹਨਾਂ ਦਾ ਬਾਥਰੂਮ ਹੀ ਵਰਤਿਆ ਜਾ ਸਕਦਾ ਹੈ, ਜੋ ਅਸੀਂ ਬਾਖੂਬੀ ਵਰਤਿਆ। ਇੱਥੋਂ ਨਿਕਲ ਅਸੀਂ ਇੱਕ ਉੱਚੀ ਟਿੱਬੀ ਚੜ੍ਹ ਕਿ ਬਹੁਤ ਰਮਣੀਕ ਥਾਂ ਤੇ ਆ ਗਏ। ਇੱਥੋਂ ਚਾਰੇ ਪਾਸੇ ਦਾ ਨਜ਼ਾਰਾ ਦਿਖਦਾ ਹੈ। ਇੱਥੇ ਇੱਕ ਦੁਕਾਨ ਹੈ। ਇਹ ਲਗਭਗ ਖਾਲੀ ਪਈ ਸੀ। ਗਾਹਕ ਨਾ ਹੋਣ ਦੀ ਵਜ੍ਹਾ, ਇਸਦਾ ਮੁੱਖ ਮਾਰਗ ਤੇ ਨਾ ਹੋਣਾ ਸੀ। ਸੁਆਦੀ ਚਾਹ ਤੇ ਵਧੀਆ ਮੌਸਮ ਦਾ ਸੁਮੇਲ ਚੰਗਾ ਰਿਹਾ। ਸਾਡਾ ਵਿਚਾਰ ਬਣਿਆ ਕਿ ਤਾਰ ਵਾਲਾ ਝੂਲਾ ਲੈਕੇ ਪਹਾੜ, ਦੇ ਉੱਤੇ ਜਾਇਆ ਜਾਵੇ। ਜਦੋਂ ਅਸੀਂ ਟਿੱਕਟਾਂ ਵਾਲੀ ਥਾਂ 'ਤੇ ਆਏ ਤਾਂ ਪਤਾ ਲੱਗਾ ਕਿ ਢਾਈ ਘੰਟੇ ਇੰਤਜ਼ਾਰ ਕਰਨਾ ਪਵੇਗਾ। ਇੰਨਾਂ ਸਮਾਂ ਇੰਤਜ਼ਾਰ ਕਰਨਾ ਮੁਸ਼ਕਲ ਸੀ। ਇਸ ਲਈ ਅਸੀਂ ਵਾਪਸ ਚਾਲੇ ਪਾ ਦਿੱਤੇ। ਇੱਥੋਂ ਅਸੀਂ ਘੁੰਮ ਕਿ ਪਰਚੀ ਵਾਲੀ ਥਾਂ ਤੇ ਆ ਗਏ। ਕਿਸੇ ਨੇ ਵੀ ਸਾਨੂੰ ਨਾ ਰੋਕਿਆ, ਨਾ ਪਰਚੀ ਹੀ ਪੁੱਛੀ, ਅਸੀਂ ਥੋੜੀ ਖੁਸ਼ੀ ਤੇ ਥੋੜੀ ਨਿਰਾਸ਼ਾ ਨਾਲ ਗੁਲਮਰਗ ਤੋਂ ਬਾਹਰ ਨਿਕਲ ਆਏ। ਸੜਕ ਦੀ ਉਤਰਾਈ ਕਾਫੀ ਸੀ। ਪਹਾੜੀ ਕਿੱਕਰਾਂ ਨੂੰ ਫੁੱਲ ਖਿੜੇ ਹੋਏ ਸਨ। ਗੱਲਾਂ ਕਰਦੇ ਕਰਦੇ ਅਸੀਂ ਟੰਗ ਮਰਗ ਪਹੁੰਚ ਗਏ। ਸਾਡੀ ਗੱਡੀ ਦਾ ਟਾਇਰ ਘੱਟ ਹਵਾ ਦੱਸ ਰਿਹਾ ਸੀ। ਟਾਇਰਾਂ ਦੀ ਦੁਕਾਨ ਲੱਭਦੇ ਲੱਭਦੇ ਅਸੀਂ ਕਾਫੀ ਦੂਰ ਆ ਗਏ। ਇੱਥੇ ਇਕ ਦੁਕਾਨ ਮਿਲੀ। ਇਹ ਦੁਕਾਨ ਇੱਕ ਬਿਹਾਰੀ ਦੀ ਸੀ ਜੋ ਪਿਛਲੇ ਦੋ ਦਹਾਕੇ ਤੋਂ ਇੱਥੇ ਸੀ। ਉਹ ਪੈਂਚਰ ਨਹੀਂ ਸੀ ਲਾਉਂਦਾ, ਬਸ ਟਾਇਰਾਂ ਵਿਚ ਹਵਾ ਹੀ ਭਰਦਾ ਸੀ। ਇੱਥੇ ਸਾਨੂੰ ਪਹਿਲੀ ਵਾਰ ਫੌਜੀ ਗਸ਼ਤ ਕਰਦੇ ਮਿਲੇ। ਇਹਨਾਂ ਵਿਚ ਕਾਫੀ ਸਿੱਖ ਸਨ। ਇਹ ਹੌਲੀ ਹੌਲੀ ਪੈਦਲ ਹੀ ਚਲ ਰਹੇ ਸਨ। ਇੱਥੋਂ ਅਸੀਂ ਮੁੱਖ ਸੜਕ ਛੱਡ ਦਿੱਤੀ ਤੇ ਪਿੰਡਾਂ ਵਿਚ ਦੀ ਹੁੰਦੇ ਹੋਏ ਬਾਰਮੂਲਾ ਸੜਕ ਦੀ ਤਲਾਸ਼ ਕਰਨ ਲੱਗ ਪਏ।ਕਈ ਪਿੰਡਾਂ ਬਾਰੇ ਨਿੰਮੀ ਨੇ ਦੱਸਿਆ ਕਿ ਇਹ ਪੰਡਤਾਂ ਦੇ ਪਿੰਡ ਹਨ। ਇਹ ਪਹਿਲੋਂ ਇੱਥੇ ਚਲੇ ਗਏ ਸਨ। ਸਰਕਾਰ ਨੇ ਇਹਨਾਂ ਨੂੰ ਜੰਮੂ ਵਸਾ ਦਿੱਤਾ ਸੀ ਪਰ ਹੁਣ ਇਹ ਵੱਡੀ ਗਿਣਤੀ ਵਿਚ ਵਾਪਸ ਆ ਚੁੱਕੇ ਹਨ। ਇਹਨਾਂ ਦਾ ਨੁਕਸਾਨ ਜਰੂਰ ਹੋਇਆ ਪਰ ਹੁਣ ਹਰੇਕ ਕੋਲ ਵਾਧੂ ਜਾਇਦਾਦ ਬਣ ਗਈ ਹੈ। ਇਹ ਵਾਦੀ ਵਿਚ ਪਰਤੀ ਸ਼ਾਂਤੀ ਦੀ ਗੱਲ ਸੁਣ ਕਿ ਸਾਨੂੰ ਤਿੰਨਾਂ ਨੂੰ ਬਹੁਤ ਖੁਸ਼ੀ ਮਿਲੀ। ਇੱਥੇ ਜੀਵਨ ਆਪਣੀ ਚਾਲੇ ਪੈ ਚੁੱਕਾ ਸੀ। ਖੇਤਾਂ ਤੇ ਜੰਗਲਾਂ ਦੀ ਹਰਿਆਲੀ, ਮਨਾਂ ਵਿੱਚ ਉਤਰ ਗਈ ਲਗ ਰਹੀ ਸੀ। ਇੱਕ ਪੱਕੀ ਨਹਿਰ ਦੇ ਕੰਢੇ ਚਲਦੇ ਅਸੀਂ ਸ੍ਰੀਨਗਰ, ਬਾਰਾਮੂਲਾ ਸੜਕ ਤੇ ਪਹੁੰਚ ਗਏ। ਇੱਥੇ ਟਰੈਫਿਕ ਬਹੁਤ ਸੀ। ਥੋੜੀ ਦੂਰ ਜਾਕੇ ਪਟਨ ਕਸਬਾ ਆ ਗਿਆ, ਅਸੀਂ ਸੱਜੇ ਪਾਸੇ ਇੱਕ ਵੱਡੇ ਚਿਨਾਰ ਹੇਠਾਂ ਗੱਡੀ ਖੜ੍ਹੀ ਕਰ ਦਿੱਤੀ। ਇੱਥੇ ਹਾਲੇ ਵੀ ਘੋੜੇ ਵਾਲੇ ਟਾਂਗੇ ਚਲਦੇ ਹਨ। ਟਾਂਗੇ ਵਾਲਿਆਂ ਦੀਆਂ ਸੁਆਰੀਆਂ ਨੂੰ ਪੈਂਦੀਆਂ ਅਵਾਜ਼ਾਂ ਨੇ ਪੁਰਾਣਾਂ ਪਿੰਡਾ ਦੇ ਅੱਡਿਆਂ ਵਾਲਾ ਪੰਜਾਬ ਯਾਦ ਕਰਵਾ ਦਿੱਤਾ। ਦਲਜੀਤ ਸਰਪੰਚ ਦੇ ਕਹਿਣ ਤੇ ਅਸੀਂ ਇੱਥੇ ਰੁਕੇ ਸਾਂ। ਉਹਨਾਂ ਦੇ ਦੱਸੇ ਅੰਦਾਜੇ ਅਨੁਸਾਰ ਨਾਲ ਹੀ ਮਾਰਤੰਡ ਦੇ ਮੰਦਰ ਦਾ ਪੁਰਾਣਾ ਖੰਡਰ ਸੀ। ਇਹ ਪੁਰਾਣਾ ਖੰਡਰ ਤੇ ਪਾਰਕ ਬਹੁਤ ਅੱਛੀ ਤਰ੍ਹਾਂ ਸਾਂਭ ਕੇ ਰੱਖੇ ਹੋਏ ਹਨ। ਵੱਡੇ ਵੱਡੇ ਘੜੇ ਹੋਏ ਪੱਥਰਾਂ ਦਾ ਇਹ ਘੱਟੋ ਘੱਟ 25/30 ਫੁੱਟ ਉੱਚਾ ਖੰਡਰ, ਇਤਿਹਾਸ ਦਾ ਗਵਾਹ ਸੀ ਅਤੇ ਉਸ ਸਮੇਂ ਦੀ ਭਵਨ ਨਿਰਮਾਣ ਕਲਾ ਦਾ ਅਦਭੁੱਤ ਨਮੂਨਾ ਸੀ।ਹੇਠਾਂ ਗੱਡੀ ਖੜ੍ਹੀ ਕਰ ਦਿੱਤੀ। ਜੇ ਸੀ ਬੀ ਰਹਿਤ ਸਮੇਂ ਵਿਚ ਇਹ ਪੱਥਰ, ਲੱਭਣੇ, ਘੜਨੇ, ਢੋਣੇ ਤੇ ਚਿਨਣੇ ਸ਼ਾਇਦ ਅੱਜ ਜ਼ਿਆਦਾ ਮੁਸ਼ਕਲ ਹੈ। ਇੱਥੇ ਬੈਠ ਕਿ ਅਸੀਂ ਪੰਜਾਬੋਂ ਲਿਆਂਦੇ ਖਰਬੂਜੇ ਰਜ ਕਿ ਖਾਧੇ। ਇਹੋ ਹੀ ਸਾਡਾ ਦੁਪਹਿਰ ਦਾ ਖਾਣਾ ਬਣੇ। ਕੁਝ ਸਮਾਂ ਬਤੀਤ ਕਰਕੇ ਅਸੀਂ ਪਿੰਡ ਵੱਲ ਨੂੰ ਚਾਲੇ ਪਾ ਦਿੱਤੇ।

ਕਲਮਪੁਰੇ ਤੋਂ ਸੜਕ ਪਹਾੜ ਵੱਲ ਨੂੰ ਚੜ੍ਹਦੀ ਹੈ। ਕੋਈ ਸਮਾਂ ਸੀ ਕਿ ਇੱਥੇ ਬਸ ਵੀ ਨਹੀਂ ਸੀ ਖੜ੍ਹਦੀ ਹੁੰਦੀ ਤੇ ਅਸੀਂ 22 ਘੰਟੇ ਇੰਤਜ਼ਾਰ ਕਰੀ ਜਾਣਾ ਜਾਂ ਫੇਰ 6 ਕਿਲੋਮੀਟਰ ਤੁਰ ਕਿ ਬਾਰਾਮੂਲਾ ਪਹੁੰਚਦੇ ਸੀ। ਹੁਣ ਇੱਥੋਂ ਚਹਿਲ ਪਹਿਲ ਹੋ ਗਈ ਹੈ, ਸਾਰਾ ਇਲਾਕਾ ਕਮਰਸ਼ੀਅਲ ਬਣ ਗਿਆ ਹੈ। ਦੁਕਾਨਾਂ, ਫੈਕਟਰੀਆਂ ਵਿਚ ਕੁਦਰਤ ਗੁਆਚ ਗਈ ਹੈ।

ਦਿਨ ਰਹਿੰਦੇ ਹੀ ਕੰਵਲ ਕਸ਼ਮੀਰੀ' ਜੀ ਆ ਗਏ। ਉਹਨਾਂ ਦੇ ਆਉਣ ਤੋਂ ਪਹਿਲੋਂ ਅਸੀਂ ਪਿਛਵਾੜੇ ਦੇ 1012 ਏਕੜ ਵਿਚ ਲੱਗੇ ਬਾਗ ਵਿਚ ਗੇੜਾ ਮਾਰਿਆ। ਇਹ ਬਹੁਤ ਖੂਬਸੂਰਤ ਥਾਂ ਹੈ। ਇੱਥੇ ਇੱਕ ਦੋ ਘਰ ਬਣ ਗਏ ਹਨ। ਜ਼ਮੀਨਾਂ ਪਰਿਵਾਰਾਂ ਵਿਚ ਵੰਡੀਆਂ ਗਈਆਂ ਹਨ। ਵਾੜਾਂ ਦੀਆਂ ਸਰਹੱਦਾਂ ਬਣ ਗਈਆਂ ਹਨ। ਪਰ ਮੂਲ ਖੂਬਸੂਰਤੀ ਹਾਲੇ ਕਾਇਮ ਹੈ। ਸੇਬ, ਅਖਰੋਟ, ਬਦਾਮ, ਪੱਥਰ ਨਾਖ, ਬੱਗੂਗੋਸ਼ਾ, ਚੈਰੀ ਆਦਿ ਮੁੱਖ ਦਰਖਤ ਹਾਲੇ ਫਲ ਰਹੇ ਹਨ।

ਕੰਵਲ ਕਸ਼ਮੀਰੀ ਜੀ ਨਾਲ ਕਾਫੀ ਲੰਮੀ ਚੌੜੀ ਗੱਲਬਾਤ ਹੋਈ। ਉਹਨਾਂ ਦੀ ਇੱਕ ਬੇਟੀ ਕਿਸੇ ਪਿੰਡ ਵਿਆਹੀ ਹੈ। ਕਸ਼ਮੀਰੀ ਸਾਹਿਤ ਬਾਰੇ ਉਹ ਕਾਫੀ ਜਾਣਕਾਰੀ ਰੱਖਦੇ ਹਨ। ਅਸੀਂ ਕਸ਼ਮੀਰ ਦੇ ਨਵੇਂ ਲੇਖਕਾਂ ਬਾਰੇ ਜਾਣਿਆ। ਲਿਖਣ ਦੇ ਵਿਸ਼ਿਆਂ ਬਾਰੇ ਗੱਲ ਕੀਤੀ। ਲੇਖਕਾਂ ਦੇ ਗੁੱਟਾਂ ਦਾ ਜ਼ਿਕਰ ਹੋਇਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਈਆਂ ਤੇ ਅੰਤ ਆਉਣ ਵਾਲੇ 1 ਦਿਨ ਬਾਅਦ ਸਾਡੇ ਲਈ ਹੋ ਰਹੀ ਸਾਹਿਤ ਸਭਾ ਦੀ ਮੀਟਿੰਗ ਦਾ ਫੈਸਲਾ ਲੈਕੇ, ਰਾਤ ਕੱਟਣ ਦੀ ਤਿਆਰੀ ਸ਼ੁਰੂ ਕਰ ਦਿੱਤੀ।

=ਜਨਮੇਜਾ ਸਿੰਘ ਜੌਹਲ

ਚੱਲ ਜਨਮੇਜੇ ਕਸ਼ਮੀਰ ਵਿਖਾਅ-2

ਕਿਸੇ ਵੀ ਸਫਰ ਦਾ ਆਨੰਦ ਤਾਂ ਹੀ ਦੁੱਗਣਾ ਹੁੰਦਾ ਹੈ ਜੇਕਰ ਸਾਥੀ ਆਪਸ ਵਿਚ ਮੂਲ ਸੋਚ ਦੀ ਸਾਂਝ ਰੱਖਦੇ ਹੋਣ ਤੇ ਖਾਣ ਪੀਣ ਦੇ ਸੁਭਾਅ ਵਿਚ ਸਹਿਮਤੀ ਹੋਵੇ। ਸਾਡੇ ਤਿੰਨਾਂ ਦਾ ਸੁਭਾਅ ਤੇ ਆਦਤਾਂ ਇਸ ਮਾਮਲੇ ਵਿਚ ਕਾਫੀ ਮੇਲ ਖਾਂਦੀਆਂ ਸਨ। ਅਸੀਂ ਰਾਤ ਨੂੰ ਪਿੰਡ ਸਿੰਘਪੁਰਾ ਕਲਾਂ ਵਿਖੇ ਪੁੱਜ ਗਏ। ਇੱਥੇ ਮੇਰਾ ਜਮਾਤੀ ਨਿੰਮੀ ਤੇ ਉਸਦੀ ਪਤਨੀ ਗੁੱਡੀ ਸਾਨੂੰ ਉਡੀਕ ਰਹੇ ਸਨ। ਸਾਨੂੰ 7 ਸਾਲ ਬਾਅਦ ਮਿਲ ਕਿ ਬੜੀ ਖੁਸ਼ੀ ਹੋਈ। ਹਨੇਰਾ ਹੋ ਚੁੱਕਾ ਸੀ। ਉਹਨਾਂ ਨੇ ਸਾਡੀ ਖਾਤਰਦਾਰੀ ਕਰਨ ਦੀ ਠਾਣੀ ਹੋਈ ਸੀ ਪਰ ਅਸੀਂ ਸਿਰਫ ਸਾਦਾ ਖਾਣਾ ਹੀ ਖਾਧਾ ਤੇ ਨਾਲ ਹੀ ਕਹਿ ਦਿੱਤਾ ਕਿ ਅਸੀਂ ਕਿਸੇ ਵੀ ਕਿਸਮ ਦਾ ਖਾਸ ਪਕਵਾਨ ਖਾਂਦੇ ਹੀ ਨਹੀਂ। ਨਿੰਮੀ ਨੇ ਖੇਤੀਬਾੜੀ ਯੂਨੀਵਰਸਿਟੀ ਤੋਂ ਐਗਰੀਕਲਚਰਲ ਇੰਜੀਨੀਅਰਿੰਗ ਮੇਰੇ ਨਾਲ ਕੀਤੀ ਸੀ। ਬਹੁਤ ਹੀ ਮਨਮੋਹਕ ਕਿਸਮ ਦਾ ਸਖ਼ਸ ਹੈ। ਝੱਟ ਦੋਸਤੀ ਗੰਢ ਲੈਂਦਾ ਹੈ ਜਾਂ ਇਉਂ ਕਹਿ ਲਵੋ ਕਿ ਅਗਲੇ ਦੇ ਦਿਲ ਵਿਚ ਘਰ ਕਰ ਲੈਂਦਾ ਹੈ। ਜਦਕਿ ਮੇਰੇ ਵਰਗੇ ਨੂੰ ਇਹ ਕੰਮ ਕਰਨ ਵਿਚ ਬਹੁਤ ਸਮਾਂ ਲੱਗਦਾ ਹੈ। ਇਸੇ ਕਰਕੇ ਨਿੰਮੀ ਦੇ ਸਹੁਰੇ ਵੀ ਪਿੰਡ ਵਿਚ ਹੀ ਹਨ। ਹੁਣ ਨਿੰਮੀ ਕਿਸੇ ਮਹਿਕਮੇ ਤੋਂ ਰਿਟਾਇਰ ਹੋ ਚੁੱਕਾ ਹੈ ਤੇ ਗੁੱਡੀ ਵੀ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਤੋਂ ਰਿਟਾਇਰ ਹੋ ਚੁੱਕੀ ਹੈ। ਉਹਨਾਂ ਦੀ ਧੀ ਵਿਆਹੀ ਜਾ ਚੁੱਕੀ ਹੈ ਤੇ ਬੇਟਾ ਐਮ.ਬੀ.ਏ. ਆਦਿ ਕਰਕੇ ਤਾਜ ਹੋਟਲ ਵਿਚ ਨੌਕਰੀ ਕਰਨ ਜਾ ਰਿਹਾ ਸੀ। ਅਸੀਂ ਪੁਰਾਣੀਆਂ ਯਾਦਾਂ ਦੀਆਂ ਝੜੀਆਂ ਲਗਾ ਦਿੱਤੀਆਂ। ਨਿੰਮੀ ਹੁਰੀਂ ਸੱਤ (7) ਭਰਾ ਸਨ। ਇਹਨਾਂ ਦੇ ਇਸ ਵਿਹੜੇ ਵਿਚ ਰੌਣਕਾਂ ਹੀ ਰੌਣਕਾਂ ਹੁੰਦੀਆਂ ਸਨ। ਘਰ ਵਿਚ ਘੋੜੀਆਂ ਰੱਖੀਆਂ ਸਨ। ਆਟੇ ਦੀ ਚੱਕੀ ਸੀ। ਕੋਹਲੂ ਸੀ ਤੇ ਝੋਨਾ ਛੱਟਣ ਵਾਲੀ ਮਸ਼ੀਨ ਵੀ। ਉਸਦੇ ਪਿਤਾ ਜੀ ਡਿਪਟੀ ਸੈਕਟਰੀ ਵਰਗੀ ਨੌਕਰੀ ਤੇ ਸਨ। ਇਹ ਪਰਿਵਾਰ 150 ਸਾਲ ਤੋਂ ਇੱਥੇ ਵਸਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਹੋਈਆਂ ਸਨ। ਸੱਤਾਂ ਵਿਚੋਂ ਅਜ ਕਲ ਵੱਡਾ ਭਰਾ ਰਿਟਾਇਰ ਹੋਕੇ ਆਪਣੇ ਨਵੇਂ ਘਰ ਵਿਚ ਰਹਿ ਰਿਹਾ ਹੈ। 4 ਭਰਾ ਕੈਨੇਡਾ ਜਾਕੇ ਵਸ ਗਏ ਹਨ। ਇਕ ਭਰਾ ਵਿੱਕੀ ਦੀ ਕਸ਼ਮੀਰ ਅਸੈਂਬਲੀ ਵਿਚ ਚੱਲੇ ਬੰਬ ਦੌਰਾਨ ਮੌਤ ਹੋ ਗਈ ਸੀ। ਉਸਦੀ ਪਤਨੀ ਹੁਣ ਸ੍ਰੀਨਗਰ ਰਹਿੰਦੀ ਹੈ ਤੇ ਨੌਕਰੀ ਕਰਦੀ ਹੈ।

ਸਵੇਰੇ ਉੱਠ ਕਿ ਅਸੀਂ ਖੁਲੇ ਪਾਰਕ ਵਿਚ ਬੈਠੇ। ਮੌਸਮ ਕਮਾਲ ਦਾ ਸੀ। ਚਿੜੀਆਂ ਤੇ ਪੰਛੀ ਚਹਿਕ ਰਹੇ ਸਨ। ਗੁਲਾਬ ਦੇ ਫੁੱਲਾਂ ਨੂੰ ਪੰਜਾਬ ਨਾਲੋਂ ਪੰਜ ਗੁਣਾਂ ਫੁਟਾਰਾ ਸੀ। ਰੰਗ ਗੂੜੇ ਸਨ। ਇਹ ਸਭ ਠੰਡੇ ਮੌਸਮ ਕਰਕੇ ਸੀ। ਸਾਡੇ ਫੋਨ ਤਾਂ ਬੰਦ ਸਨ ਇਸ ਲਈ ਅਸੀਂ ਨਿੰਮੀ ਦੇ ਫੋਨ ਤੋਂ ਹੀ ਸਾਰੇ ਫੋਨ ਕੀਤੇ। ਸਾਨੂੰ ਸ਼੍ਰੋਮਣੀ ਲੇਖਕ ਕੰਵਲ ਕਸ਼ਮੀਰੀ ਹੁਰਾਂ ਦਾ ਫੋਨ ਆਇਆ ਕਿ ਉਹ ਅੱਜ ਪਿੰਡ ਆਉਣਗੇ ਤੇ ਸਾਨੂੰ ਮਿਲ ਕਿ ਲਿਖਾਰੀ ਸਭਾ ਦੀ ਵਿਸ਼ੇਸ਼ ਇਕੱਤਰਤਾ ਕਰਨ ਦਾ ਉਪਰਾਲਾ ਕਰਨਗੇ। ਨਾਸ਼ਤਾ ਕਰਦਿਆਂ ਹੀ ਅਸੀਂ ਅੱਜ ਗੁਲਮਰਗ ਜਾਣ ਦਾ ਪ੍ਰੋਗਰਾਮ ਤਹਿ ਕਰ ਦਿੱਤਾ। ਕਾਰ ਵਿਚ ਅਸੀਂ ਤਿੰਨੋਂ, ਨਿੰਮੀ, ਗੁੱਡੀ ਤੇ ਉਹਨਾਂ ਦੀ ਨਿੱਕੀ ਦੋਹਤੀ ਯਾਨਾ ਫਿੱਟ ਹੋ ਗਏ। ਯਾਨਾ ਪੰਜ ਸਾਲ ਦੀ ਹੈ ਤੇ ਨਾਨਕੇ ਛੁੱਟੀਆਂ ਕੱਟਣ ਆਈ ਹੋਈ ਸੀ। ਉਸਨੂੰ ਸਾਡੇ ਆਉਣ ਦੀ ਜ਼ਿਆਦਾ ਖੁਸ਼ੀ ਸੀ। ਇੰਝ ਲੱਗਦਾ ਸੀ ਕਿ ਉਸਨੂੰ ਤਿੰਨ ਖਿਡੌਣੇ ਲੱਭ ਗਏ ਹੋਣ। ਕਦੇ ਕਵਿਤਾ ਸੁਣਾਉਂਦੀ ਸੀ ਤੇ ਕਦੇ ਡਾਂਸ ਕਰਦੀ ਸੀ ਜਾਂ ਫੇਰ ਕੋਈ ਨਾ ਕੋਈ ਸਵਾਲ ਦਾਗੀ ਜਾਂਦੀ ਸੀ।

ਪਿੰਡ ਭਾਵੇਂ ਪੱਧਰੀ ਥਾਂ ਤੇ ਹੈ ਪਰ ਆਸੇ ਪਾਸੇ ਕਾਫੀ ਨੀਵੀਂ ਘਾਟੀ ਹੈ ਤੇ ਪੱਛਮ ਵੱਲ ਪਹਾੜ ਹੈ। ਨੀਵੀਂ ਥਾਂ ਨੂੰ ਖੁਰਸੀ ਕਹਿੰਦੇ ਹਨ। ਇੱਥੇ ਪਹਿਲੋਂ ਡੰਡੀ ਹੁੰਦੀ ਸੀ। ਹੁਣ ਸੜਕ ਬਣ ਗਈ ਹੈ ਕਿਉਂਕਿ ਇਸ ਸੜਕ ਦੀ ਮੁਰੰਮਤ ਹੋ ਰਹੀ ਸੀ ਇਸ ਲਈ ਅਸੀਂ ਵਲੇਵਾਂ ਪਾਕੇ ਪੂਰਬ ਵਾਲੇ ਪਾਸਿਉਂ ਖੁਰਸੀ ਦੀ ਲਿੰਕ ਸੜਕ ਤੇ ਉੱਤਰੇ। ਸਾਡਾ ਫੈਸਲਾ ਸੀ ਕਿ ਗੁਲਮਰਗ ਨੂੰ ਸਥਾਨਕ ਪਿੰਡਾਂ ਦੇ ਰੂਟ ਰਾਹੀਂ ਜਾਇਆ ਜਾਵੇ ਤੇ ਖੂਬਸੂਰਤੀ ਦਾ ਆਨੰਦ ਮਾਣਿਆ ਜਾਵੇ।ਇਹ ਬੇਹੱਦ ਸੋਹਣਾ ਇਲਾਕਾ ਹੈ। ਸੜਕ ਵਲ ਖਾਂਦੀ ਜਾਂਦੀ ਹੈ। ਹਰ 3-5 ਕਿਲੋਮੀਟਰ ਬਾਅਦ ਪਿੰਡ ਆ ਜਾਂਦਾ ਹੈ। ਰਾਹ ਵਿਚ ਅਖਰੋਟਾਂ ਦੇ ਵੱਡੇ ਵੱਡੇ ਦਰਖਤ, ਸੇਬਾਂ ਦੇ ਬਾਗ, ਚੈਰੀ ਦੇ ਬਾਗ, ਖੁਰਮਾਨੀਆਂ ਦੇ ਬਾਗ ਤੋਂ ਇਲਾਵਾ ਝੋਨੇ ਦੀ ਖੇਤੀ ਹੋ ਰਹੀ ਸੀ। ਭੇਡਾਂ ਦੇ ਆਜੜੀ ਵੀ ਕਾਫੀ ਮਿਲੇ। ਛੋਟੇ ਛੋਟੇ ਝਰਨੇ ਤੇ ਦਰਿਆ ਵੀ ਕਾਫੀ ਸਨ। ਇਹ ਪੱਕੀਆਂ ਸੜਕਾਂ ਮੇਰੇ ਲਈ ਅਜੀਬ ਸਨ ਕਿਉਂਕਿ ਅੱਜ ਤੋਂ 35 ਸਾਲ ਪਹਿਲੋਂ ਇਹ 50 ਕਿਲੋਮੀਟਰ  ਦਾ ਰਸਤਾ ਅਸੀਂ ਪੈਦਲ ਸਰ ਕੀਤਾ ਸੀ। ਉਸ ਵਕਤ ਇੱਥੇ ਡੰਡੀ ਵੀ ਨਹੀਂ ਸੀ ਹੁੰਦੀ । ਪਿੰਡ ਕੱਚੇ ਤੇ ਪੁਰਾਤਨ ਸਨ। ਕਿਤੇ ਹੀ ਕੋਈ ਸਕੂਲ ਸੀ। ਅਸੀਂ ਰਾਹ ਵਿਚ ਆਪ ਹੀ ਰੋਟੀ ਪਕਾਉਂਦੇ ਤੇ ਖਾਂਦੇ ਸੀ। ਹੁਣ ਅਧੁਨਿਕਤਾ ਦਾ ਦੌਰ ਆ ਚੁੱਕਾ ਸੀ। ਲਗਭਗ ਹਰ ਪਿੰਡ ਸਕੂਲ ਹੈ। ਦੁਕਾਨਾਂ ਦਾ ਬਾਜ਼ਾਰ ਹੈ। ਪਰ ਇਹਨਾਂ ਲੋਕਾਂ ਨੇ ਹਾਲੇ ਦਹਾਕਿਆਂ ਪੁਰਾਣਾ ਸਲੀਕਾ ਨਹੀਂ ਭੁਲਿਆ । ਜੋ ਵੀ ਸੜਕ ਤੇ ਮਿਲਦਾ ਦੁਆ ਸਲਾਮ ਜ਼ਰੂਰ ਕਰਦਾ। ਇਸ ਇਲਾਕੇ ਵਿਚ ਵੀ ਕਾਫੀ ਸਿੱਖ ਆਬਾਦੀ ਹੈ। ਨਿੰਮੀ ਨੇ ਸਾਨੂੰ ਕਈ ਪਿੰਡਾਂ ਬਾਰੇ ਦੱਸਿਆ ਜਿਹਨਾਂ ਨੂੰ ਸਿੱਖਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਸਭ ਤੋਂ ਵੱਡੀ ਗੱਲ ਕਿ ਇੱਥੇ ਜੋ ਵੀ ਸਿੱਖ ਮਿਲੇ, ਵੱਡੇ ਜਾਂ ਛੋਟੇ ਸਭ ਪੂਰਨ ਗੁਰਸਿੱਖ ਹੀ ਮਿਲੇ। ਕਿਸੇ ਦੀ ਦਾੜੀ ਕੱਟੀ ਹੋਈ ਨਹੀਂ ਮਿਲੀ। ਪੰਜਾਬ ਵਿਚ ਚਲਦੀ ਹਵਾ ਦਾ ਇੱਥੇ ਕੋਈ ਅਸਰ ਨਹੀਂ ਸੀ। ਇਹਨਾਂ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਦੇ ਅਸੀਂ ਹਜ਼ਰਤ ਬਲੀ ਪਹੁੰਚ ਗਏ। ਇਹ ਗੁਲਮਰਗ ਦੇ ਨੇੜੇ ਇੱਕ ਧਾਰਮਿਕ ਸਥਾਨ ਹੈ ਜਿੱਥੇ ਭਾਰੀ ਮੇਲੇ ਲੱਗਦੇ ਹਨ। ਸਾਡੀ ਪਿਛਲੀ ਪੈਦਲ ਯਾਤਰਾ ਦੌਰਾਨ ਅਸੀਂ ਇੱਥੇ ਵੀ ਟੈਂਟ ਵਿਚ ਇਕ ਰਾਤ ਕੱਟੀ ਸੀ।  ਹਾਂ ਇਹ ਤਾਂ ਦੱਸਣਾ ਭੁੱਲ ਗਿਆ ਕਿ ਕੈਮਰਾ ਆਪਣਾ ਸਮਾਂ ਝੱਟ ਮੰਗ ਲੈਂਦਾ ਸੀ ਤੇ ਕਾਰ ਥਾਂ ਥਾਂ ਤੇ ਰੁਕਵਾ ਲੈਂਦਾ ਸੀ। ਸਰਪੰਚ ਸਾਹਿਬ ਬੜੇ ਠਰਮੇ ਨਾਲ ਗੱਡੀ ਚਲਾਉਂਦੇ ਸਨ ਤੇ ਜਦੋਂ ਰੁਕਣ ਲਈ ਕਹਿੰਦੇ ਤਾਂ ਉਹ ਉਤਸ਼ਾਹਿਤ ਹੋਕੇ ਉਸ ਨਜਾਰੇ ਦਾ ਆਨੰਦ ਮਾਣਦੇ ਤੇ ਗੁਰਬਾਣੀ ਦੀ ਕੋਈ ਨਾ ਕੋਈ ਤੁੱਕ ਉਚਾਰਣ ਕਰ ਦੇਂਦੇ। ਸੁੱਚਾ ਇਸ ਗੱਲੋਂ ਹੈਰਾਨ ਸੀ ਕਿ ਏਨੇ ਉੱਚੇ ਤੇ ਸੁੰਦਰ ਪਹਾੜ ਹਨ ਤੇ ਵਿਚ ਲੋਕ ਰਹਿ ਰਹੇ ਹਨ। ਉਸ ਅਨੁਸਾਰ ਕੈਨੇਡਾ ਵਿਚ ਵੀ ਉੱਚੇ ਪਹਾੜ ਹਨ ਪਰ ਸਭ ਵਸੋਂ ਤੋਂ ਰਹਿਤ। ਉਸਨੂੰ ਇਹ ਅਚੰਭਾ ਲੱਗਦਾ ਸੀ। ਯਾਰ ਇਹ ਇੱਥੇ ਪਹੁੰਚਦੇ ਕਿਵੇਂ?' ਇਹ ਸੁਆਲ ਉਸਦੇ ਅੰਦਰੋਂ ਵਾਰ ਵਾਰ ਉੱਠਦਾ ਤੇ ਉਸਨੂੰ ਲੋਕਾਂ ਨਾਲ ਵਸਦੇ ਪਹਾੜਾਂ ਨਾਲ ਮੋਹ ਵਿਚ ਡੁਬੋਈ ਜਾਂਦਾ। ਹਰਿਆਵਲ ਦਾ ਇਹ ਗੁਲਦਸਤਾ, ਕੁਦਰਤ ਦੀ ਅਸੀਮਤਾ ਦਾ ਅਹਿਸਾਸ ਕਰਵਾ ਰਿਹਾ ਸੀ।

ਘੁੰਮਣ ਘੇਰੀਆਂ ਖਾਂਦੀ ਸੜਕ ਗੁਲਮਰਗ ਦੀ ਮੁੱਖ ਸੜਕ ਨਾਲ ਆ ਰਲੀ। ਇੱਥੇ ਫੇਰ ਨਾਕਾ ਲੱਗਿਆ ਹੋਇਆ ਸੀ। 25-50 ਰੁਪਏ ਦਾ ਜੁਰਮਾਨਾ ਭਰ ਕਿ ਅਸੀਂ ਗੁਲਮਰਗ ਦੀ ਚੜ੍ਹਾਈ ਚੜ੍ਹਨ ਲੱਗ ਪਏ। ਇੱਥੇ ਦਿਉਦਾਰ ਦੇ ਦਰਖਤ ਬਹੁਤ ਹਨ। ਸੜਕ ਤੇ ਟਰੈਫਿਕ ਵੱਧ ਗਈ ਸੀ। ਇਕ ਮੋੜ ਉੱਤੇ ਭੂਦ੍ਰਿਸ਼ ਦੇਖਣ ਲਈ ਥਾਂ ਬਣੀ ਹੋਈ ਸੀ। ਅਸੀਂ ਵੀ ਕੁਝ ਸਮਾਂ ਰੁਕੇ ਪਰ ਇਹ ਦ੍ਰਿਸ਼ ਪਹਿਲੋਂ ਦੇਖੇ ਦ੍ਰਿਸ਼ਾਂ ਨਾਲੋਂ ਸੋਹਣਾ ਨਹੀਂ ਸੀ। ਕੁਝ ਸਮੇਂ ਬਾਅਦ ਅਸੀਂ ਉਸ ਮੋੜ 'ਤੇ ਪਹੁੰਚ ਗਏ ਜਿੱਥੇ ਗੁਲਮਰਗ ਦਾ ਪਾਰਕ ਸ਼ੁਰੂ ਹੁੰਦਾ ਹੈ। ਇੱਥੇ ਸਾਨੂੰ ਪਾਰਕਿੰਗ ਦੀ ਪਰਚੀ ਵਾਲੇ ਮਿਲੇ। ਪਰਚੀ ਦਾ ਕੀ ਬਣਿਆ, ਇਹ ਗੱਲ ਕਦੇ ਆਪਾਂ ਆਉਣ ਵਾਲੇ ਸਮੇਂ ਵਿਚ ਸਾਂਝੀ ਕਰਾਂਗੇ।

-ਜਨਮੇਜਾ ਸਿੰਘ ਜੌਹਲ

ਚੱਲ ਜਨਮੇਜੇ, ਕਸ਼ਮੀਰ ਵਿਖਾਅ - 1
- ਜਨਮੇਜਾ ਸਿੰਘ ਜੌਹਲ

ਕੈਨੇਡਾ ਤੋਂ ਸੁੱਚੇ ਦੀਪਕ ਨਾਲ ਗੱਲਬਾਤ ਚੱਲ ਰਹੀ ਸੀ। ਗੱਲਾਂ ਵਿੱਚ ਪਤਾ ਲੱਗਾ ਕਿ ਉਸਨੇ ਦੁਨੀਆਂ ਤਾਂ ਬਹੁਤ ਸਾਰੀ ਦੇਖ ਲਈ ਹੈ ਪਰ ਕਸ਼ਮੀਰ ਨਹੀਂ ਵੇਖਿਆ। ਮੇਰੇ ਇਹ ਦੱਸਣ 'ਤੇ ਕਿ ਮੈਂ ਤਾਂ 1973 ਤੋਂ ਕਸ਼ਮੀਰ ਜਾਂਦਾ ਹਾਂ ਤੇ ਉਥੇ ਦੀ ਖੂਬਸੂਰਤੀ ਤੇ ਮੌਸਮ ਦਾ ਦੀਵਾਨਾ ਹਾਂ। ਉਸਦੀ ਉਤਸੁਕਤਾ ਹੋਰ ਵੱਧ ਗਈ। ਪਿਛਲੇ ਮਹੀਨੇ ਫੇਰ ਸੁੱਚੇ ਦਾ ਫੋਨ ਆਇਆ, ‘ਚੱਲ ਜਨਮੇਜਾ ਕਸ਼ਮੀਰ ਵਿਖਾਅ', ਮੈਂ ਪਿੰਡ ਪਹੁੰਚ ਗਿਆ ਹਾਂ। ਕੁਝ ਦਿਨਾਂ ਦੀ ਰਾਹਤ ਮੰਗ ਕਿ ਮੈਂ ਉਸਨੂੰ ਦੱਸਿਆ ਕਿ ਮੇਰੇ ਨਾਲ ਮੇਰੇ ਦੋਸਤ ਸਰਪੰਚ ਸਾਹਿਬ ਵੀ ਹੋਣਗੇ ਜੋ ਤਰਕਸ਼ੀਲ ਹਨ। ਸੁੱਚਾ ਥੋੜਾ ਜਿਹਾ ਤਰਕਸ਼ੀਲ' ਸ਼ਬਦ ਤੋਂ ਝੇਂਪਿਆ ਤੇ ਫੇਰ ਉਸਨੇ ਮਿੱਥੀ ਤਰੀਕ ਨੂੰ ਤਿਆਰ ਰਹਾਂਗਾ' ਆਖ ਦਿੱਤਾ।

ਸ਼ਨੀਵਾਰ ਨੂੰ ਮੈਂ ਸਵੇਰੇ 6 ਵਜੇ ਲੁਧਿਆਣੇ ਦੀ ਸਬਜ਼ੀ ਮੰਡੀ ਪਹੁੰਚ ਗਿਆ। ਉਥੋਂ 60 ਕਿਲੋ ਖਰਬੂਜੇ, 2 ਰੁਪਏ ਕਿਲੋ ਦੇ ਹਿਸਾਬ, 25 ਕਿਲੋ ਤਰਬੂਜ਼ ਵੀ 2 ਰੁਪਏ ਕਿਲੋ ਦੇ ਹਿਸਾਬ, 25 ਕਿਲੋ ਅੰਬ 20 ਰੁਪਏ ਕਿੱਲੋ ਦੇ ਹਿਸਾਬ ਖ੍ਰੀਦ ਲਏ। ਸ਼ਾਮ ਨੂੰ ਇਹਨਾਂ ਵਿੱਚੋਂ 25 ਕਿਲੋ ਖਰਬੂਜ਼ੇ, 15 ਕਿਲੋ ਤਰਬੂਜ ਤੇ 10 ਕਿਲੋ ਅੰਬ ਅਲੱਗ ਕਰ ਲਏ। ਰਾਤ ਨੂੰ ਮੈਂ ਆਪਣੇ ਕੈਮਰੇ ਦੀਆਂ ਬੈਟਰੀਆਂ ਚਾਰਜ ਕਰ ਲੀਆਂ ਤੇ ਚਾਰਜਰ ਵਗੈਰਾ ਵੀ ਬੈਗ ਵਿਚ ਸੁੱਟ ਲਏ। ਫੋਨ ਵੀ ਕਾਇਮ ਕਰ ਲਿਆ।

ਸਫਰ ਟਰੈਕਰ' ਦੇ ਸੈਲ ਵੀ ਚਾਰਜ ਕਰ ਲਏ। ਫੋਨ ਦੇ ਨੈਵੀਗੇਟਰ ਉਤੇ ਸਥਾਨ ਮਿੱਥ ਲਏ, ਗੂਗਲ ਤੋਂ ਰੂਟ ਮੈਪ ਵੀ ਲਾਹ ਕਿ ਪ੍ਰਿੰਟ ਕਰ ਲਿਆ। ਇਸੇ ਤਰ੍ਹਾਂ 6 ਕਮੀਜ਼ਾਂ, ਦੋ ਪੈਂਟਾਂ ਤੇ ਦੋ ਪਗੜੀਆਂ, ਟੋਪੀ, ਪਰਨਾ ਤੇ ਆਮ ਦਵਾਈਆਂ (ਪੇਟ ਖਰਾਬ ਤੋਂ, ਸਿਰ ਦਰਦ, ਡਿਸਪਰਿਨ, ਬੈਂਡੇਜ਼, ਮਾਊਥਵਾਸ਼, ਬੈਟਨੋਵੇਟ ਆਦਿ) ਵੀ ਰੱਖ ਲਈਆਂ। ਕੈਮਰੇ ਦਾ ਮੁੱਖ ਸਟੈਂਡ ਤੇ ਟਾਹਣੀ' ਸਟੈਂਡ ਵੀ ਲੈ ਲਿਆ। ਇਹੋ ਜਿਹੇ ਟੂਰ ਵਾਸਤੇ ਮੈਂ ਦੋ ਕੈਮਰੇ ਵਰਤਦਾ ਹਾਂ, ਸੋਨੀ ਐਚ ਐਕਸ1 ਜੋ 40 ਗੁਣਾ ਜੂਮ ਕਰਦਾ ਹੈ ਤੇ 9 ਮੈਗਾ ਪਿਕਸਲ ਦਾ ਹੈ ਤੇ ਸੋਨੀ ਏ 55 ਜੋ ਵੱਡੇ ਫਰੇਮ ਦਾ ਪ੍ਰੋਫੈਸ਼ਨਲ ਕੈਮਰਾ ਹੈ। ਇਹ 16 ਮੈਗਾ ਪਿਕਸਲ ਦਾ ਕੈਮਰਾ ਹੈ ਜਿਸ ਨਾਲ ਅਲੱਗ ਅਲੱਗ ਲੈਨਜ ਲੱਗਦੇ ਹਨ। ਇਹ ਕੈਮਰਾ ਹਾਲੇ ਭਾਰਤ ਸਣੇ ਏਸ਼ੀਆ ਦੀ ਮਾਰਕੀਟ ਵਿਚ ਨਹੀਂ ਆਇਆ ਹੈ। ਇਸਦੇ ਗੁਣ ਅਸੀਮ ਹਨ। ਇਹ ਤਿੰਨ ਦਿਸ਼ਾਵੀਂ 3 ਡੀ' ਫੋਟੋਆਂ ਖਿੱਚਦਾ ਹੈ ਤੇ ਇਹ 224 ਡਿਗਰੀ ਤੱਕ ਦ੍ਰਿਸ਼ ਕੈਦ ਕਰ ਲੈਂਦਾ ਹੈ। ਇਹ ਕੈਮਰਾ ਵਰਤਣਾ ਥੋੜ੍ਹਾ ਔਖਾ ਹੈ, ਇਸ ਲਈ ਮੈਂ ਜਿਆਦਾਤਰ ਐਚ ਐਕਸ 1 ਹੀ ਵਰਤਦਾ ਹਾਂ।

ਸਵੇਰੇ 4 ਵਜੇ ਮੈਂ ਸਰਪੰਚ ਦਲਜੀਤ ਸਿੰਘ ਦੇ ਘਰ ਪਹੁੰਚ ਗਿਆ। ਦਲਜੀਤ ਸਿੰਘ, ਪਿੰਡ ਫੁੱਲਾਂਵਾਲ ਦੇ 9-10 ਸਾਲ ਖਾੜਕੂਵਾਦ ਵੇਲੇ ਸਰਪੰਚ ਰਹੇ ਸਨ। ਬੜੇ ਹੀ ਧੜੱਲੇਦਾਰ ਮਨੁੱਖ ਹਨ। ਕਾਲੇ ਦਿਨਾਂ ਵਿਚ ਉਹਨਾਂ ਆਪਣੇ ਪਿੰਡ ਦੇ ਵਿੱਚ ਕੋਈ ਵਾਰਦਾਤ ਨਹੀਂ ਹੋਣ ਦਿੱਤੀ। ਇਸ ਲਈ ਭਾਵੇਂ ਉਨ੍ਹਾਂ ਨੇ ਕਈ ਤਕਲੀਫਾਂ ਝੱਲੀਆਂ, ਖਾੜਕੂਆਂ ਤੇ ਪੁਲੀਸ ਦੋਵਾਂ ਦਾ ਗੁੱਸਾ ਵੀ ਝੱਲਣਾ ਪਿਆ। ਉਹ ਤਰਕ ਦੇ ਹਾਮੀ ਹਨ ਤੇ ਹਰ ਗੱਲ ਬਾ-ਦਲੀਲ ਕਰਦੇ ਹਨ। 8 ਸਾਲ ਦੀ ਉਮਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਆ ਰਹੇ ਹਨ। ਉਨ੍ਹਾਂ ਨੂੰ ਤਕਰੀਬਨ ਪੂਰੀ ਬਾਣੀ ਹੀ ਕੰਠ ਹੈ। ਉਹ ਗੁਰਸਿੱਖ ਹਨ ਪਰ ਅੰਨੀ ਸ਼ਰਧਾ ਵਾਲੇ ਨਹੀਂ।

ਇੱਥੇ ਅਸੀਂ ਮੇਰੀ ਗੱਡੀ ਖੜੀ ਕਰ ਦਿੱਤੀ ਤੇ ਉਹਨਾਂ ਦੀ ਨਵੀਂ ਇੰਡੀਕਾ ਕਾਰ ਵਿੱਚ ਸਾਰਾ ਸਮਾਨ ਧਰ ਦਿੱਤਾ। ਛੋਟਾ ਛੋਟਾ ਸਮਾਨ ਹੀ ਐਨਾ ਹੋ ਗਿਆ ਕਿ ਸੁੱਚੇ ਨੂੰ ਬਿਠਾਉਣ ਜੋਗੀ ਹੀ ਜਗ੍ਹਾ ਬਚੀ ਸੀ। ਤਕਰੀਬਨ 4-30 ਵਜੇ ਅਸੀਂ ਘਰੋਂ ਤੁਰ ਪਏ। ਸਾਨੂੰ ਉਮੀਦ ਸੀ ਕਿ ਅਸੀਂ ਜਲੰਧਰ ਦੇ ਲਾਗੇ ਪਿੰਡ ਰਾਏਪੁਰ ਬੱਲਾਂ  (ਇਹ ਉਹੋ ਪਿੰਡ ਹੈ ਜਿੱਥੇ ਦੇ ਸੰਤ ਬੱਲਾਂ ਵਾਲਿਆਂ ਦਾ ਯੂਰਪ ਵਿਚ ਕਤਲ ਹੋ ਗਿਆ ਸੀ) ਵਿਖੇ ਘੰਟੇ ਵਿਚ ਪਹੁੰਚ ਜਾਵਾਂਗੇ। ਪਰ ਅੱਜ ਸਵੇਰੇ ਸਵੇਰੇ ਟ੍ਰੈਫਿਕ ਬੇਸ਼ੁਮਾਰ ਸੀ। ਅਸੀਂ 6 ਵਜੇ ਸੁੱਚੇ ਦੇ ਪਿੰਡ ਪਹੁੰਚੇ। ਸੁੱਚਾ ਸਾਡੀ ਉਡੀਕ ਕਰ ਰਿਹਾ ਸੀ। ਉਸਨੇ ਆਂਡੇ ਅਤੇ ਚਾਹ ਬਣਵਾ ਕਿ ਰੱਖੀ ਹੋਈ ਸੀ। ਸੁੱਚਾ ਕਿਉਂਕਿ ਰੋਟੀ ਨਹੀਂ ਖਾਂਦਾ ਇਸ ਲਈ ਉਹ ਇਹੋ ਜਿਹਾ ਕਈ ਕੁਝ ਤੇ ਸਲਾਦ ਵਗੈਰਾ ਹੀ ਖਾਂਦਾ ਹੈ। ਸੁੱਚਾ ਕੈਨੇਡਾ ਵੱਸਦਾ ਹੈ ਤੇ ਉੱਥੇ 1972 ਵਿਚ ਗਿਆ ਸੀ। ਕਈ ਸਾਲ ਉਥੇ ਮਜ਼ਦੂਰੀ ਕੀਤੀ ਤੇ ਫੇਰ ਮਜ਼ਦੂਰਾਂ ਦਾ ਲੀਡਰ ਬਣ ਕਿ ਕੁਲ ਵਕਤੀ ਸੇਵਾ ਕੀਤੀ। ਉਹ ਪੰਜਾਬੀ ਕੌਮ ਦੇ ਮੁੱਦੇ 'ਤੇ ਤਿੰਨ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਵਾ ਚੁੱਕਾ ਹੈ। ਦੋ ਕੈਨੇਡਾ ਵਿਚ ਤੇ ਇੱਕ ਜਲੰਧਰ ਵਿਚ। ਸੁੱਚੇ ਦਾ ਭਾਰ ਬਹੁਤ ਸੀ। ਸ਼ਾਇਦ ਲਗਭਗ ਪੌਣੇ ਦੋ ਕੁਇੰਟਲ। ਉਸਨੇ ਭਾਰ ਘਟਾਉਣ ਦੇ ਕਈ ਉਪਰਾਲੇ ਕੀਤੇ ਪਰ ਸਭ ਵਿਚ ਫੇਲ੍ਹ ਹੋ ਗਿਆ। ਆਖਿਰ ਉਸਨੇ ਮਿੱਠਾ, ਕਣਕ ਦਾ ਆਟਾ ਤੇ ਚਾਵਲ ਖਾਣੇ ਛੱਡ ਦਿੱਤੇ। ਹਰੀਆਂ ਸਬਜ਼ੀਆਂ, ਸਲਾਦ ਤੇ ਪ੍ਰੋਟੀਨ ਹੀ ਖੁਰਾਕ ਵਿਚ ਲਏ। ਸਿਰਫ 8 ਮਹੀਨਿਆਂ ਵਿਚ ਉਸਨੇ 55 ਕਿਲੋ ਭਾਰ ਘਟਾ ਲਿਆ।ਹੁਣ ਉਹ ਦੇਖਣ ਨੂੰ ਸਮਾਰਟ' ਲੱਗ ਰਿਹਾ ਸੀ।

ਅਸੀਂ ਥੋੜ੍ਹਾ ਥੋੜ੍ਹਾ ਖਾਧਾ ਤੇ ਬਾਕੀ ਪੱਲੇ ਬੰਨ੍ਹ ਲਿਆ।ਚਾਹ ਦੀ ਧਰਮੋਸ ਵੀ ਰੱਖ ਲਈ। ਕਰੀਬ ਸੱਤ ਵਜੇ ਸਰਪੰਚ ਸਾਹਿਬ ਨੇ ਕਾਰ ਦੀ ਕਿੱਲੀ ਪਠਾਨਕੋਟ ਵਾਲੀ ਸੜਕ ਵਲ ਨੂੰ ਨੱਪ ਦਿੱਤੀ। ਪਿੰਡੋਂ ਨਿਕਲ ਕਾਰ ਸੜਕ ਨੂੰ ਤੇਜ਼ੀ ਨਾਲ ਪਿੱਛੇ ਛੱਡਣ ਲੱਗੀ। ਸੁੱਚਾ ਮੇਰੇ ਦੱਸੇ ਹੋਏ ਵੇਰਵੇ ਕਰਕੇ ਤਰਕਸ਼ੀਲ' ਸਰਪੰਚ ਨਾਲ ਖੁੱਲ ਕਿ ਗੱਲ ਨਹੀਂ ਸੀ ਕਰ ਰਿਹਾ। ਉਸਨੂੰ ਡਰ ਸੀ ਕਿ ਇਹ ਤਰਕਸ਼ੀਲ ਕੁਝ ਹੋਰ ਕਿਸਮ ਦੇ ਹੁੰਦੇ ਹਨ। ਪਰ ਛੇਤੀ ਹੀ ਸਰਪੰਚ ਦੀਆਂ ਗੱਲਾਂ ਨੇ ਸੁੱਚੇ ਨੂੰ ਅਸਲੀ ਤਰਕ-ਸ਼ੀਲਤਾ ਦੀ ਝਲਕ ਦਿਖਾ ਦਿੱਤੀ। ਹੁਣ ਦੋਵੇਂ ਖੁੱਲ ਕਿ ਸਿਆਸਤ, ਧਰਮ, ਸਮਾਜ ਤੇ ਸਭਿਆਚਾਰ ਦੀਆਂ ਪਰਤਾਂ ਖੋਲ ਰਹੇ ਸਨ। ਦੋਨੇ ਇੱਕ ਦੂਜੇ ਦੇ ਪੂਰਕ ਲੱਗ ਰਹੇ ਸਨ। ਮੈਂ ਕਿਤੇ ਹੀ ਹੁੰਗਾਰਾ ਭਰਦਾ ਜਾਂ ਇਹ ਕਹਿ ਲਵੋ ਕਿ ਦੋਨੋਂ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦੇਂਦੇ ਸਨ। ਏਸੇ ਲਈ ਮੈਂ ਵਿਚੇ ਵਿਚ ਨੀਂਦ ਦਾ ਨਜ਼ਾਰਾ ਵੀ ਲੈ ਲੈਂਦਾ। ਜਲੰਧਰ ਪਠਾਨਕੋਟ ਦੀ ਸੜਕ ਬਣ ਰਹੀ ਹੈ। ਲੋਕ ਬਿੰਨਾਂ ਖਿਆਲ ਕੀਤਿਆਂ ਹੀ ਗੱਡੀਆਂ ਤੇਜ ਭਜਾਉਂਦੇ ਹਨ। ਸਭ ਤੋਂ ਮਾੜੀ ਘਟਨਾ ਇਕ ਐਂਬੂਲੈਂਸ ਦੀ ਦੇਖੀ ਜੋ ਤੇਜ ਰਫਤਾਰ ਕਰਕੇ ਸੜਕ ਤੋਂ 12 ਫੁੱਟ ਨੀਚੇ ਉੱਲਟੀ ਪਈ ਸੀ। ਹੁਣ ਇਹ ਤਾਂ ਪਤਾ ਨਹੀਂ ਕਿ ਕੌਣ ਕੌਣ ਹਸਪਤਾਲ ਪਹੁੰਚਿਆ ਤੇ ਕੌਣ ਕੌਣ ਰੱਬ ਕੋਲ। ਖੈਰ ਅਸੀਂ ਚਲਦੇ ਗਏ। ਇਹ ਸਫਰ ਅਸੀਂ ਗੱਲਾਂ ਗੱਲਾਂ ਵਿਚ ਹੀ ਨਬੇੜ ਲਿਆ। ਪਠਾਨਕੋਟ ਤੋਂ ਬਾਅਦ ਸਾਨੂੰ ਪਤਾ ਲੱਗਾ ਸੀ ਕਿ ਇਕ ਬਾਈਪਾਸ ਊਧਮਪੁਰ ਨੂੰ ਨਵਾਂ ਨਿਕਲਿਆ ਹੈ। ਇਹ ਬਾਈਪਾਸ ਸਾਡੇ ਨਕਸ਼ੇ ਵਿਖਾ ਰਹੇ ਸਨ ਪਰ ਕਿਤੇ ਕੋਈ ਨਿਸ਼ਾਨੀ ਨਹੀਂ ਸੀ। ਉਥੋਂ ਜਦੋਂ ਅਸੀਂ ਲਖਨਪੁਰ ਪਹੁੰਚੇ ਤਾਂ ਸਾਡੇ ਫੋਨ ਵੀ ਸਰਕਾਰੀ ਕਾਨੂੰਨ ਅਨੁਸਾਰ ਬੰਦ ਹੋ ਗਏ। ਜੰਮੂ-ਕਸ਼ਮੀਰ ਵਿਚ ਸਿਰਫ ਬਿੱਲ ਵਾਲੇ ਫੋਨ ਹੀ ਚਲਦੇ ਹਨ। ਪ੍ਰੀਪੇਡ ਫੋਨ ਬੰਦ ਹੋ ਜਾਂਦੇ ਹਨ। ਫੋਨ ਦੇ ਨੇਵੀਗੇਟਰ ਉਤੇ ਕਸ਼ਮੀਰ ਦਾ ਨਕਸ਼ਾ ਵੀ ਨਹੀਂ ਬਣਿਆ ਹੋਇਆ ਸੀ। ਅਸੀਂ ਕਿਸੇ ਨੂੰ ਫੋਨ ਕਰਕੇ ਵੀ ਪੁੱਛ ਨਹੀਂ ਸਕਦੇ ਸਾਂ। ਇੱਕ ਦੋ ਜਣਿਆਂ ਨੂੰ ਅਸੀਂ ਕਾਰ ਰੋਕ ਕਿ ਰਾਹ ਪੁੱਛਿਆ ਪਰ ਉਹ ਵੀ ਅਣਜਾਣ ਨਿਕਲੇ। ਖੈਰ ਅਸੀਂ ਚਲਦੇ ਗਏ। ਥੋੜ੍ਹੀ ਦੂਰ ਤੇ ਕਿਸੇ ਦੱਸਿਆ ਕਿ ਅੱਗੇ ਜੰਮੂ ਬਾਈਪਾਸ ਹੈ। ਅਸੀਂ 12 ਕਿਲੋਮੀਟਰ ਬਾਅਦ ਬਾਈਪਾਸ 'ਤੇ ਪਹੁੰਚੇ। ਨਿਸ਼ਾਨੀ ਇੱਥੇ ਵੀ ਕੋਈ ਨਹੀਂ ਸੀ। ਅਸੀਂ ਪੁੱਛ ਪੁੱਛਾ ਇੱਥੋਂ ਸੱਜੇ ਨੂੰ ਮੁੜ ਗਏ। ਜੰਮੂ ਨੂੰ ਕੱਟਦਾ ਇਹ ਬਾਈਪਾਸ ਸਾਨੂੰ ਨਗਰੋਟੇ ਦੇ ਕੋਲ ਲੈ ਗਿਆ।

ਇੱਥੋਂ ਕਸ਼ਮੀਰ ਦਾ ਅਸਲੀ ਸਫਰ ਸ਼ੁਰੂ ਹੋਇਆ। ਹਾਲੇ ਗਰਮੀ ਤੋਂ ਰਾਹਤ ਨਹੀਂ ਸੀ। ਪਰ ਕਾਰ ਦੇ ਏ ਸੀ ਨੇ ਪਤਾ ਹੀ ਨਹੀਂ ਲੱਗਣ ਦਿੱਤਾ। ਬਜ਼ਾਰੀਕਰਣ ਦੇ ਯੁੱਗ ਨੇ ਕੋਈ ਥਾਂ ਇਹੋ ਜਿਹੀ ਨਹੀਂ ਛੱਡੀ ਸੀ ਜਿੱਥੇ ਦੁਕਾਨ ਨਾ ਖੁੱਲੀ ਹੋਈ ਹੋਵੇ। ਕੁਦਰਤੀ ਨਜ਼ਾਰਿਆਂ ਨੂੰ ਇਹ ਦੁਕਾਨਾਂ ਤੇ ਬਿਜਲੀ ਦੀਆਂ ਤਾਰਾਂ, ਗ੍ਰਹਿਣ ਵਾਂਗ ਲੱਗੀਆਂ ਹੋਈਆਂ ਸਨ। ਸੁੱਚੇ ਤੇ ਸਰਪੰਚ ਦੀ ਸ਼ਬਦੀ ਗੱਡੀ ਕਰਕੇ ਵੀ ਕਈ ਵਾਰੀ ਚੰਗੇ ਚੰਗੇ ਦ੍ਰਿਸ਼ ਦੇਖਣੋ ਰਹਿ ਜਾਂਦੇ। ਪਰ ਮੇਰਾ ਧਿਆਨ ਗੱਲਾਂ ਵੱਲ ਘੱਟ ਤੇ ਦ੍ਰਿਸ਼ਾਂ ਵੱਲ ਵੱਧ ਸੀ। ਨਾਲੇ ਮੈਂ ਹਮੇਸ਼ਾ ਚਾਹ ਪਾਣੀ ਪੀਣ ਲਈ ਕਿਸੇ ਚੰਗੀ ਰਮਣੀਕ ਥਾਂ ਦੀ ਤਲਾਸ਼ ਵਿਚ ਸੀ। ਮੈਨੂੰ ਲੱਗ ਰਿਹਾ ਸੀ ਕਿ ਜੇਕਰ ਥਰਮੋਸ ਵਾਲੀ ਚਾਹ ਸਮੇਂ ਸਿਰ ਨਾ ਪੀਤੀ ਤਾਂ ਕਿਤੇ ਇਹ ਖਰਾਬ ਹੀ ਨਾ ਹੋ ਜਾਵੇ। ਇਸ ਲਈ ਮੈਂ ਜਦੋਂ ਮੌਕਾ ਲੱਗਦਾ ਤਾਂ ਗੱਡੀ ਰੁਕਵਾ ਲੈਂਦਾ ਜਾਂ ਹੌਲੀ ਕਰਵਾ ਲੈਂਦਾ। ਇਸ ਤਰ੍ਹਾਂ ਇਹ ਸਫਰ ਨਿਰੰਤਰ ਚਲਦਾ ਰਿਹਾ। ਸੜਕ ਉੱਤੇ ਟਰੱਕਾਂ ਦੀ ਟਰੈਫਿਕ ਕਾਫੀ ਸੀ। ਕਈ ਵਾਰੀ ਦੋ ਦੋ ਜਾਂ ਤਿੰਨ-ਤਿੰਨ, ਲੰਮੇ ਟਰੱਕ ਅੱਗੜ ਪਿੱਛੜ ਨਾਲ ਲੱਗਦੇ ਚਲਦੇ ਸਨ। ਇਸ ਕਰਕੇ ਇਹਨਾਂ ਤੋਂ ਅੱਗੇ ਨਿਕਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਸੀ। ਟਰੈਫਿਕ ਨਿਯਮ ਨਾਂ ਕੋਈ ਸਿਖਾਉਂਦਾ ਹੈ ਤੇ ਨਾ ਹੀ ਕੋਈ ਸਿੱਖਦਾ ਹੈ। ਰੱਬ ਦੀ ਭਾਰਤ ਵਿਚ ਮੌਜੂਦਗੀ ਦਾ ਇੱਥੋਂ ਹੀ ਪਤਾ ਚਲਦਾ ਹੈ ਕਿ ਕਿਵੇਂ ਉਹ ਇਸ ਦੇਸ਼ ਨੂੰ ਚਲਾ ਰਿਹਾ ਹੈ। ਰਾਹ ਵਿਚ ਇੱਕ ਥਾਂ ਅਸੀਂ ਰੋਟੀ ਖਾਧੀ, ਸੁੱਚੇ ਨੇ ਦਾਲ ਹੀ ਲਈ ਤੇ ਨਾਲ ਸਲਾਦ ਪਰ ਅਸੀਂ ਦੋਵਾਂ ਰੋਟੀ ਤੇ ਹੀ ਟੇਕ ਰੱਖੀ ਕਿਉਂਕਿ ਸਾਡਾ ਸਰੀਰਕ ਭਾਰ ਪਹਿਲੋਂ ਹੀ ਠੀਕ ਹੈ ਇਸ ਲਈ ਅਸੀਂ ਸੁੱਚੇ ਦਾ ਫਾਰਮੂਲਾ ਨਹੀਂ ਸੀ ਅਪਨਾਉਣਾ ਚਾਹੁੰਦੇ।

ਕੁੱਝ ਦਿਨਾਂ ਤੱਕ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਵਾਲੀ ਸੀ, ਇਸ ਲਈ ਟਰੱਕਾਂ ਵਿਚ ਸਪਲਾਈ ਜ਼ੋਰਾਂ 'ਤੇ ਸੀ। ਇਹ ਵੇਖ ਕਿ ਹੈਰਾਨੀ ਹੋ ਰਹੀ ਸੀ ਕਿ ਦਿੱਲੀ ਦੀਆਂ ਟੈਕਸੀਆਂ ਦੀ ਭਰਮਾਰ ਸੀ। ਇਸੇ ਤਰ੍ਹਾਂ ਦੱਖਣੀ ਭਾਰਤ ਦੀਆਂ ਟੂਰਿਸਟ ਬੱਸਾਂ ਵੀ ਲੱਦੀਆਂ ਜਾ ਰਹੀਆਂ ਸਨ। ਊਧਮਪੁਰ ਜਾਕੇ ਅਸੀਂ ਫੇਰ ਬਾਈਪਾਸ ਲੈ ਲਿਆ। ਇਹ ਬੜੇ ਹੀ ਰਮਣੀਕ ਇਲਾਕੇ ਵਿੱਚੋਂ ਲੰਘਦਾ ਹੈ ਪਰ ਲੰਮਾ ਬਹੁਤ ਹੈ। ਕਈ ਥਾਵਾਂ ਤੋਂ ਇਹ ਬਣ ਹੀ ਰਿਹਾ ਹੈ। ਇਹ ਪਹਾੜੀ ਤੇ ਪੱਥਰਾਂ ਦਾ ਰਲਵਾਂ ਮਿਲਵਾਂ ਜਿਹਾ ਇਲਾਕਾ ਹੈ।ਸੜਕ ਇੱਥੇ ਲਗਭਗ ਖਾਲੀ ਹੀ ਮਿਲੀ। ਅਸੀਂ ਊਧਮਪੁਰ ਤੋਂ ਕਾਫੀ ਅੱਗੇ ਨਿਕਲ ਗਏ। ਸਾਡਾ ਚਾਹ ਪੀਣ ਨੂੰ ਦਿਲ ਕੀਤਾ। ਇਕ ਪੁੱਲ ਦੇ ਕੋਲ ਕੁਝ ਦੁਕਾਨਾਂ ਸਨ। ਇੱਥੇ ਅਸੀਂ ਚਾਹ ਪੀਤੀ। ਇਹ ਕੋਈ ਚੰਗੀ ਚਾਹ ਨਹੀਂ ਸੀ। ਜਦ ਅਸੀਂ ਤੁਰਨ ਲੱਗੇ ਤਾਂ ਪਤਾ ਲੱਗਾ ਕਿ ਇਕ ਟਾਇਰ ਹਵਾ ਰਹਿਤ ਹੋ ਚੁੱਕਾ ਹੈ। ਗੱਡੀ ਨੂੰ ਹੌਲੀ ਹੌਲੀ ਪਿੱਛੇ ਲੈ ਗਏ। ਕੁਝ ਆਪਣੇ ਔਜ਼ਾਰਾਂ ਨਾਲ ਤੇ ਕੁਝ ਇੱਕ ਦੁਕਾਨਦਾਰ ਦੇ ਔਜ਼ਾਰਾਂ ਨਾਲ ਟਾਇਰ ਬਦਲੀ ਕੀਤਾ। ਇੱਥੇ ਪੈਂਚਰ ਦਾ ਇੰਤਜ਼ਾਮ ਨਹੀਂ ਸੀ। ਇੰਨੀ ਗੱਲ ਦੇ ਦੁਕਾਨਦਾਰ ਨੇ 100 ਰੁਪਏ ਮੰਗ ਲਏ। ਅਸੀਂ ਉਸਨੂੰ ਚੰਗੀ ਫਟਕਾਰ ਪਾਈ ਕਿ ਉਹ ਕਿਉਂ ਕਿਸੇ ਦੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਉਠਾ ਰਿਹਾ ਹੈ। ਪਰ ਉਸਨੂੰ 100 ਹੀ ਦੇ ਦਿੱਤਾ। ਜਦ ਤੁਰਨ ਲੱਗੇ ਤਾਂ ਦੁਕਾਨਦਾਰ ਨੇ ਆਪੇ ਹੀ 50 ਰੁਪਏ ਵਾਪਸ ਕਰ ਦਿੱਤੇ। ਉਂਜ ਇਹ ਭਾਰਤ ਕੀ, ਸਾਰੇ ਦੇਸ਼ਾਂ ਵਿਚ ਯਾਤਰੀਆਂ' ਨੂੰ ਲੁੱਟਣ ਦੀ ਇੱਛਾ ਰੱਖਦੇ ਹਨ, ਇਹੋ ਜਿਹੇ ਦੁਕਾਨਦਾਰ। ਅਸੀਂ ਚਲਦੇ ਗਏ। ਵਿੱਚ ਵਿੱਚ ਕੁਦਰਤ ਦੇ ਨਜ਼ਾਰੇ ਵੀ ਲਏ। 2 ਥਾਵਾਂ 'ਤੇ ਝਰਨੇ ਵੀ ਆਏ ਪਰ ਇਹ ਬਹੁਤ ਦੂਰੋਂ ਦਿਸਦੇ ਹਨ। ਸੁੱਚਾ ਇਸ ਗੱਲੋਂ ਹੈਰਾਨ ਸੀ ਕਿ ਇੰਨੀਆਂ ਉੱਚੀਆਂ ਪਹਾੜੀਆਂ ਤੇ ਲੋਕ ਕਿਵੇਂ ਰਹਿੰਦੇ ਹਨ। ਪਰ ਦੋਨਾਂ ਦੀ ਆਪਣੀ ਗੱਲਬਾਤ ਵਿਚ ਇਹ ਮੁੱਦਾ ਅਕਸਰ ਗੁਆਚ ਜਾਂਦਾ। ਮੈਂ ਮਹਿਸੂਸ ਕਰ ਰਿਹਾ ਸੀ ਕਿ ਇਹ ਸਾਰੀ ਗੱਲਬਾਤ ਰਿਕਾਰਡ ਹੋਣੀ ਚਾਹੀਦੀ ਹੈ। ਪੰਜਾਬੀ ਕੌਮ ਦੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਹੋ ਰਹੀ ਸੀ। ਇਸਦੇ ਕਾਰਨ ਤੇ ਜ਼ੁਮੇਵਾਰ ਲੋਕਾਂ ਦੀ ਸ਼ਨਾਖਤ ਹੋ ਰਹੀ ਸੀ।ਸਮੇਂ ਦੇ ਪ੍ਰੀਪੇਖ ਵਿਚ ਕੌਮ ਦੀਆਂ ਮੁਸ਼ਕਲਾਂ ਦੀ ਜੜ੍ਹ ਲੱਭੀ ਜਾ ਰਹੀ ਸੀ। ਮੇਰੇ ਆਪਣੇ ਵਿਚਾਰਾਂ ਵਿਚ ਸ਼ੁੱਧਤਾ ਆ ਰਹੀ ਸੀ ਜਾਂ ਇਹ ਕਹਿ ਲਵੋ ਕਿ ਮੇਰੀ ਸਪੱਸ਼ਟਤਾ ਵਧ ਰਹੀ ਸੀ। ਰਾਹ ਵਿਚ ਝਨਾਂ ਦਰਿਆ ਆ ਗਿਆ। ਇਹ ਚੌਥਾ ਪੰਜਾਬੀ ਦਰਿਆ ਸੀ। ਸਤਲੁਜ, ਬਿਆਸ, ਰਾਵੀ ਅਤੇ ਅੱਜ ਹੀ ਪਹਿਲੋਂ ਦੇਖ ਕਿ ਪਾਰ ਕਰ ਆਏ ਸੀ। ਮੇਰੇ ਮਨ ਦੀ ਇੱਛਾ ਸੀ ਕਿ ਦਿਨ ਰਹਿੰਦੇ ਸ੍ਰੀਨਗਰ ਪਹੁੰਚ ਹੋ ਜਾਵੇ ਤਾਂ ਜੋ ਉੱਥੇ ਵਗਦੇ ਜਿਹਲਮ ਨੂੰ ਦੇਖ ਕਿ ਇੱਕੋ ਦਿਨ 'ਚ ਪੰਜਾਬ ਦੇ ਪੰਜਾਂ ਪਾਣੀਆਂ ਨੂੰ ਨਮਸਕਾਰ ਕਰ ਸਕਾਂ। ਇੱਕ ਉੱਚੀ ਥਾਂ ਖੜ੍ਹ ਕਿ ਅਸੀਂ ਝਨਾਂ ਨੂੰ ਨਿਹਾਰਿਆ ਤੇ ਪੰਜਾਬੀ ਸਾਹਿਤ ਵਿਚ ਝਨਾਂ ਦੇ ਜ਼ਿਕਰ ਨੂੰ ਸਾਖਸ਼ਾਤ ਕੀਤਾ। ਇੱਥੇ ਸਾਨੂੰ ਲੋਕ ਕਹਾਣੀਆਂ, ਲੋਕ ਸਾਹਿਤ ਨੂੰ ਯਾਦ ਕਰਨ ਦਾ ਮੌਕਾ ਮਿਲਿਆ। ਬਨਹਾਲ ਸੁਰੰਗ ਕੋਲ ਦਿਨ ਰਹਿੰਦੇ ਹੀ ਪਹੁੰਚ ਗਏ। ਇਹ 1962 ਦੇ ਲਗਭਗ ਬਣੀ ਸੀ। ਇਹ 2547 ਮੀਟਰ ਲੰਬੀ ਹੈ। ਇਸ ਵਿਚ ਦੋ ਸੁਰੰਗਾਂ ਹਨ। ਇਕ ਆਉਣ ਲਈ ਤੇ ਇੱਕ ਜਾਣ ਲਈ। ਇਹ ਅੰਦਰੋਂ ਕਾਫੀ ਠੀਕ ਕਰ ਦਿੱਤੀ ਹੈ। ਹਰ 100 ਮੀਟਰ ਬਾਅਦ ਸਫਰ ਦੀ ਨਿਸ਼ਾਨੀ ਆ ਜਾਂਦੀ ਹੈ। ਅੰਦਰ ਇਲੈਕਟਰੋਨਿਕ ਜਾਂ ਡਿਜ਼ਟਲ ਸੁਨੇਹੇ ਵਾਲੇ ਯੰਤਰ ਲੱਗੇ ਹੋਏ ਹਨ। ਇਸਦੇ ਮੁੱਕਣ ਤੇ ਕਸ਼ਮੀਰ ਵਾਦੀ ਸ਼ੁਰੂ ਹੋ ਜਾਂਦੀ ਹੈ। ਦੂਰ ਤੱਕ ਵਾਦੀ ਦਾ ਪੱਧਰਾ ਇਲਾਕਾ ਦਿਸਦਾ ਹੈ। ਜਦੋਂ ਉਤਰਾਈ ਖਤਮ ਹੁੰਦੀ ਹੈ ਤਾਂ ਟੋਲ ਬੈਰੀਅਰ ਆ ਜਾਂਦਾ ਹੈ। ਇੱਥੇ ਗੱਡੀ ਖੜ੍ਹੀ ਕਰਕੇ ਉੱਤਰ ਕਿ ਜਾਣਾ ਪੈਂਦਾ ਹੈ। ਖਿੜਕੀ ਤੇ ਲੰਮੀ ਲਾਇਨ ਲੱਗਦੀ ਹੈ। 70 ਰੁਪਏ ਦੀ ਪੂਜਾ ਕਰਨੀ ਪੈਂਦੀ ਹੈ। ਯਾਨੀ 70 ਰੁਪਏ ਜੰਮੂ ਦੇ ਤੇ 70 ਰੁਪਏ ਕਸ਼ਮੀਰ ਵਾਦੀ ਦੇ। ਇੱਥੋਂ ਵਾਦੀ ਦਾ ਸਫਰ ਸ਼ੁਰੂ ਹੁੰਦਾ ਹੈ। ਰਾਸਤਾ ਪੰਜਾਬ ਵਾਂਗ ਪੱਧਰਾ ਹੈ।ਸੜਕ ਦੇ ਨਾਲ ਵਿਲੋ ਤੇ ਪਹਾੜੀ ਕਿੱਕਰ ਦੇ ਬੇਸ਼ੁਮਾਰ ਦਰਖਤ ਹਨ। ਇਸ ਇਲਾਕੇ ਵਿਚ ਕ੍ਰਿਕਟ ਦੇ ਬੈਟ ਬਣਦੇ ਹਨ। ਇੱਥੇ ਪਏ ਲੱਖਾਂ ਬੈਟ ਦੇਖ ਕਿ ਲੱਗਦਾ ਹੈ ਸ਼ਾਇਦ ਹਰ ਭਾਰਤੀ ਕ੍ਰਿਕਟ ਹੀ ਖੇਡਣ ਲੱਗ ਪਿਆ ਹੈ। ਖੇਤਾਂ ਵਿਚ ਲੋਕ ਫਸਲ ਦੇ ਨਾੜ ਆਦਿ ਨੂੰ ਪੰਜਾਬ ਵਾਂਗ ਹੀ ਅੱਗ ਲਾਕੇ ਸਾੜ ਰਹੇ ਸਨ।

ਕਸ਼ਮੀਰ ਦੀ ਸੁੰਦਰਤਾ ਨੂੰ ਗੰਧਲਾ ਕਰਨ ਵਿਚ ਮਨੁੱਖੀ ਸੋਚ ਤੇ ਲਾਲਚ ਦਾ ਸੁਮੇਲ ਇੱਥੇ ਵੀ ਦੇਖਣ ਨੂੰ ਮਿਲਿਆ।ਇਸ ਗੱਲ ਨੇ ਸਾਨੂੰ ਝੰਜੋੜ ਕਿ ਰੱਖ ਦਿੱਤਾ ਕਿ ਆਖਰ ਮਨੁੱਖ ਕਿਉਂ ਕੁਦਰਤ ਦਾ ਦੁਸ਼ਮਣ ਬਣਿਆ ਹੋਇਆ ਹੈ। ਸ਼ਾਮ ਪੈਂਦੀ ਜਾ ਰਹੀ ਸੀ। ਅੱਗੇ ਇੱਕ ਚੌਂਕ 'ਚੋਂ ਅਸੀਂ ਠੰਡਾ ਪੀਣ ਲਈ ਲਿਆ ਤੇ ਰਾਹ ਪੁੱਛਿਆ। ਤਕਰੀਬਨ 100 ਕਿਲੋਮੀਟਰ ਬਾਅਦ ਸ੍ਰੀਨਗਰ ਆ ਗਿਆ। ਇੱਥੋਂ ਖੱਬੇ ਪਾਸੇ ਬਾਰਾਮੂਲੇ ਨੂੰ ਰਾਹ ਮੁੜਦਾ ਹੈ। ਨਵਾਂ ਬਾਈਪਾਸ ਬਣਿਆ ਸੀ। ਬਾਈਪਾਸ ਤੇ ਗੱਡੀ ਜਾ ਰਹੀ ਸੀ। ਇਕਦਮ ਬਹੁਤ ਜ਼ੋਰ ਦੀ ਬਰੇਕ ਲਗਾ ਕਿ ਗੱਡੀ ਸੱਜੇ ਪਾਸੇ ਮੋੜੀ। ਇੱਥੇ ਸੜਕ ਇਕ ਦਮ ਬੰਦ ਸੀ ਤੇ ਸੱਜੇ ਨੂੰ ਮੁੜਨ ਲਈ ਕੋਈ ਨਿਸ਼ਾਨੀ ਨਹੀਂ ਸੀ। ਇੱਥੇ ਵੀ ਬਾਕੀ ਦੇਸ਼ ਵਾਂਗ ਯਾਤਰੂਆਂ ਲਈ ਸੜਕਾਂ ਤੇ ਨਿਸ਼ਾਨੀਆਂ ਜਾਂ ਚਿਤਾਵਨੀਆਂ ਦੇਣ ਦੀ ਲੋੜ ਨਹੀਂ ਸਮਝੀ ਜਾਂਦੀ। ਥੋੜਾ ਅੱਗੇ ਜਾਕੇ ਸਾਨੂੰ ਪੰਜਵੇਂ ਦਰਿਆ ਜਿਹਲਮ ਦੇ ਦਰਸ਼ਨ ਹੋਏ। ਪੰਜੇ ਦਰਿਆ ਇੱਕੋ ਦਿਨ ਵੇਖਣ ਦਾ ਸੁਪਨਾ ਪੂਰਾ ਹੋਇਆ। ਪੁੱਛਦੇ ਪੁਛਾਂਦੇ ਆਖਰ ਅਸੀਂ ਕਸ਼ਮੀਰ ਦੇ ਦਿਲ, ਪਿੰਡ ਸਿੰਘਪੁਰਾ ਕਲਾਂ, ਜ਼ਿਲ੍ਹਾ ਬਾਰਾਮੂਲਾ ਦੇ ਖੂਬਸੂਰਤ ਘਰ ਵਿਚ ਪਹੁੰਚ ਗਏ। ਸੁੱਚੇ ਨੂੰ ਚਾਅ ਚੜ੍ਹਿਆ ਹੋਇਆ ਸੀ ਉਹ ਕਸ਼ਮੀਰ ਵਿਚ ਹੈ। ਉਹ ਮੇਰਾ ਕਈ ਵਾਰ ਧੰਨਵਾਦ ਕਰ ਚੁੱਕਿਆ ਸੀ। ਵੈਸੇ ਅਸੀਂ ਹਾਲੇ ਕਸ਼ਮੀਰ ਪਹੁੰਚੇ ਹੀ ਸੀ, ਕਸ਼ਮੀਰ ਵੇਖਿਆ ਨਹੀਂ ਸੀ।

ਆਉਣ ਵਾਲੇ ਦਿਨਾਂ ਵਿਚ ਕਿਵੇਂ ਮੈਂ ਵਿਖਾਇਆ ਕਸ਼ਮੀਰ ਇਹ ਇੱਕ ਵੱਖਰੀ ਵਾਰਤਾ ਹੈ।


ਚਲ ਜਨਮੇਜੇ ਕਸ਼ਮੀਰ ਵਿਖਾ
ਜਨਮੇਜਾ ਸਿੰਘ ਜੌਹਲ
ਆਤੰਕ ਦਾ ਅੰਤ
ਪਾਕਿਸਤਾਨ ਨੇ ਅਮਰੀਕਾ ਦੀ ਮੱਦਦ ਕੀਤੀ ਜਾਂ ਲਾਦੇਨ ਦੀ?

ਭਵਨਦੀਪ ਸਿੰਘ ਪੁਰਬਾ (ਚੀਫ਼ ਐਡੀਟਰ ‘ਮਹਿਕ ਵਤਨ ਦੀ’)
ਕੁਦਰਤੀ ਆਫਤਾਂ, ਭੂਚਾਲ, ਵਿਗਿਆਨ ਅਤੇ ਠੱਗ
ਅਵਤਾਰ ਸਿੰਘ ਮਿਸ਼ਨਰੀ
ਹੋਲੀ ਤੇ ਵਿਸ਼ੇਸ਼ ਸੇਲ
ਸੰਜੀਵ ਸ਼ਰਮਾ, ਫਿਰੋਜਪੁਰ
ਮਿਤੀ: ੨੦/੦੩/੨੦੧੧
ਹਲ਼
ਬਲਵਿੰਦਰ ਸਿੰਘ ਚਾਹਲ “ਮਾਧੋ ਝੰਡਾ”
ਨਿਬੰਧ :
ਅਜਮੇਰ ਰੋਡੇ : ਸ਼ੁਭਚਿੰਤਨ ਦਾ ਵੇਲਾ
ਸੁਖਿੰਦਰ
ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ
ਗਿ। ਸੰਤੋਖ ਸਿੰਘ
ਬਦੇਸ਼ਾਂ ‘ਚ ਕਰੂਪ ਹੋ ਰਹੀ ਪੰਜਾਬੀ ਬੋਲੀ: ਜ਼ਿੰਮੇਵਾਰ ਕੌਣ?
ਇਕਬਾਲ ਰਾਮੂਵਾਲੀਆ, ਕੈਨਡਾ
ਸੰਪਾਦਨਾ ਬਨਾਮ ਵਿਆਕਰਣਿਕ ਦਰੁੱਸਤੀਆਂ
ਡਾ।ਗੁਰਮੀਤ ਸਿੰਘ ਬਰਸਾਲ ਕੈਲੇਫੋਰਨੀਆਂ
ਚਰਨ ਸਿੰਘ : ਦਾਰਸ਼ਨਿਕ ਸੁਭਾਅ ਦੀ ਕਵਿਤਾ
ਸੁਖਿੰਦਰ
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ
ਵਿਦਵਾਨਾਂ ਨੇ ਸਮੇ ਦੀ ਵੰਡ ਕਿਵੇਂ ਕੀਤੀ? ਅਤੇ ਨਵਾਂ ਸਾਲ
ਅਵਤਾਰ ਸਿੰਘ ਮਿਸ਼ਨਰੀ
ਸੁਰਜੀਤ ਕਲਸੀ : ਔਰਤ ਦੇ ਸਰੋਕਾਰਾਂ ਦੀ ਕਥਾ
ਸੁਖਿੰਦਰ
ਪਹਿਲੀ ਮੁਲਾਕਾਤ
ਜਨਮੇਜਾ ਸਿੰਘ ਜੌਹਲ
ਮਰਦ ਨੂੰ ਸਮਾਜ ਦਾ ਪ੍ਰਧਾਨ, ਕਰਤਾ, ਧਰਤਾ ਸਿਰਜਨਹਾਰ ਸਮਝਇਆਂ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ)
ਕਿ–ਕ–ਕੇ
ਜਨਮੇਜਾ ਸਿੰਘ ਜੌਹਲ
ਬੱਸ ਸਟਾਪ ਦੀ ਤਲਾਸ਼
ਜਨਮੇਜਾ ਸਿੰਘ ਜੌਹਲ
ਦੇਸ ਦਾ ਅੰਨਦਾਤਾ ਪੰਜਾਬ ਦਾ ਕਿਸਾਨ ਖੁਦਕੁਸੀਆਂ ਦੇ ਰਾਹ ਕਿਉਂ ?
ਰਘਵੀਰ ਸਿੰਘ ਚੰਗਾਲ
ਕਲਮਾਂ ਦਾ ਕਲਮਾਂ ਨਾਲ ਟਕਰਾਅ, ਪੰਜਾਬੀ ਸਾਹਿਤ ਲਈ ਵਿਕਾਸਕਾਰੀ ਜਾਂ ਵਿਨਾਸ਼ਕਾਰੀ ?
ਜਰਨੈਲ ਘੁਮਾਣ
ਹਉਮੈਂ ਕਿਥੌਂ ਉਪਜੇ ਕਿਤ ਸੰਜਮ ਇਹ ਜਾਇ॥
ਡਾ: ਮਹਾਂਬੀਰ ਸਿੰਘ
ਇਕ ਯਮਲਾ ਜੱਟ ਸੀ।।।!
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਪਣੇ ਬੱਚੇ ਨੂੰ ਆਤਮ-ਵਿਸ਼ਵਾਸੀ ਬਣਾਓ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਚਲ ਭਗਤਾ ਹੋ ਜਾ ਵਲੈਤੀਆ
ਜਨਮੇਜਾ ਸਿੰਘ ਜੌਹਲ
ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਦੋਸਤੀਆਂ ਦਾ ਮੇਰਾ ਅਨੁਭਵ
ਜਤਿੰਦਰ ਸਿੰਘ ਔਲ਼ਖ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 1
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 2
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 3
ਸ਼ਿਵਚਰਨ ਜੱਗੀ ਕੁੱਸਾ
ਮੇਰੀ ਕੈਨੇਡਾ ਫ਼ੇਰੀ - ਕਿਸ਼ਤ 4
ਸ਼ਿਵਚਰਨ ਜੱਗੀ ਕੁੱਸਾ
ਮੰਗਣ ਨਾਲੋਂ ਮਰਨਾ ਚੰਗਾ ਨਿਸ਼ਾਨ
ਰਾਠੌਰ ‘ਮਲਿਕਪੁਰੀ’
ਜੱਜੇ ਦੇ ਪੈਰ ’ਚ ਬਿੰਦੀ
ਰਵਿੰਦਰ ਸਿੰਘ ਕੁੰਦਰਾ
ਕਿੱਥੇ ਉਡ ਗਈ ਮੇਰੇ ਵਤਨ ਦੀ ਉਹ ਸੋਨੇ ਦੀ ਚਿੜ੍ਹੀ
ਰਵੀ ਸਚਦੇਵਾ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’
…ਜਦੋਂ ਮੈਂ ਪਹਿਲੀ ਵਾਰ ਦਿੱਲੀ ਗਿਆ
ਨਿਸ਼ਾਨ ਰਾਠੌਰ ‘ਮਲਿਕਪੁਰੀ’
ਆਜ਼ਾਦ ਦੇਸ਼ ਦੇ ‘ਗ਼ੁਲਾਮ’
ਹਰਪ੍ਰੀਤ ਲਾਲ ‘ਹੈਰੀ’
ਇੰਝ ਰਿਹਾ ਮੇਰਾ ਜਹਾਜ਼ ਦਾ ਪਹਿਲਾ 'ਹੂਟਾ'.... !
ਮਨਦੀਪ ਖੁਰਮੀ ਹਿੰਮਤਪੁਰਾ(ਇੰਗਲੈਂਡ)

hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com