ਇਹ
ਲੇਖ ਮੈਂ ਦੋਸਤੀਆਂ ਦੇ ਵਿਸ਼ੇ ‘ਤੇ ਕੋਈ ਉਪਦੇਸ਼ਆਤਿਮਿਕ ਤਰੀਕੇ ਜਾਂ ਵਿਆਖਿਆਤਿਮਿਕ
ਤਰੀਕੇ ਨਾਲ਼ ਨਹੀਂ ਸਗੋਂ ਨਿੱਜੀ ਅਨੁਭਵਾਂ ਦੇ ਅਧਾਰ ‘ਤੇ ਲਿਖਿਆ ਹੈ। ਮੈਂ ਜਦੋਂ
ਦਾ ਦੁਨੀਆਂ ‘ਚ ਵਿਚਰਨਾ ਸ਼ੁਰੂ ਕੀਤਾ ਹੈ ਤਾਂ ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ਼
ਵਾਹ ਪਿਆ ਹੈ। ਪਹਿਲੀ ਵਾਰ ਪਤਾ ਲੱਗਾ ਹੈ ਕਿ ਦੋਸਤੀ ਬੇਗਰਜ ਅਹਿਸਾਸ ਦਾ ਨਾਮ
ਨਹੀਂ ਬਲਕਿ ਇਸ ਵਿਚ ਦੁਨੀਆਂਦਾਰੀ ਵੀ ਹੁੰਦੀ ਹੈ।
ਆਹਲਿਣਿਉਂ ਡਿੱਗੇ ਬੋਟ ਵਾਂਗ ਤੜਪਿਆ ਹਾਂ। ਮੈਂਨੂੰ ਪੱਕਾ ਯਕੀਨ ਹੈ ਕਿ ਪਿਛਲੇ
ਜਨਮ ‘ਚ ਮੈਂ ਕਿਸੇ ਵੀਰਾਨ ਜੰਗਲ ‘ਚ ਪਾਇਆ ਜਾਣ ਵਾਲ਼ਾ ਜਾਨਵਰ ਹੋਵਾਂਗਾ ਜਾਂ ਉਜਾੜ
ਬੀਆਬਾਨਾਂ ਦੀਆਂ ਮਸਤੀਆਂ ਸੰਗ ਨਿਭਿਆ ਫਕੀਰ।
ਦੋਹਾਂ ਦੀਆਂ ਤਰਜੀਹਾਂ ਲਗਭਗ ਇੱਕੋ ਜਿਹੀਆਂ ਹੁੰਦੀਆਂ ਹਨ। ‘ਰਾਹ ਫੱਕਰ ਦਾ
ਪਰੇ-ਪਰੇਰੇ, ਸਭ ਹਿਰਸ ਦੁਨੀਆਂ ਦੇ ਤੁੱਠੇ ਹੂ’। ਸ਼ਾਇਦ ਮੇਰੀ ਜਿੰਦਗੀ ਦੀਆਂ
ਸਰਦਲਾਂ ‘ਤੇ ਦੋਸਤੀ ਨਾਮ ਦੀ ਸ਼ੈਅ ਨੇ ਬਹੁਤ ਘੱਟ ਆਹਟ ਕੀਤੀ ਹੈ।
ਪਰ ਜਦੋਂ ਕੀਤੀ ਹੈ ਤਾਂ ਅਸਾਂ ਦਿਲ ਦੇ ਸਾਰੇ ਬੂਹੇ ਖੋਲ ਕੇ ਮੰਦਰ ‘ਚ
ਜਗਦੀ ਜੋਤ ਵਾਂਗ ਜਾਂ ਪਵਿੱਤਰ ਮੂਰਤੀ ਵਾਂਗ ਇਹ ਆਹਟ ਸੁੱਚੇ ਆਸਣ ‘ਤੇ ਸਜਾ ਲਈ।
ਪਤਾ ਨਹੀਂ ਮੱਥੇ ‘ਚ ਕਿਹੜੇ ਔਗੁਣਾ ਦਾ ਵਾਸ ਹੈ ਕਿ ਬੇਪਰਤੀਤ ਸਰਾਪਿਆ ਜਿਹਾ
ਤੁਰਿਆ ਫਿਰਦਾ ਹਾਂ। ਮੇਰੀ ਮਿੱਤਰਤਾ ਸਾਲ-ਛੇ
ਮਹੀਨੇ ਤੋਂ ਵੱਧ ਨਹੀਂ ਚੱਲਦੀ। ਇਕ ਸੱਜਣ ਨਾਲ਼
ਮੇਰੀ ਦੋਸਤੀ ਦੋ ਸਾਲ ਚਲ ਗਈ ਮੈਂ ਮਜਾਕ ਕਰਨਾ ਕਿ ਆਖਿਰ ਸਾਡੀ ਤਿੜਕਦੀ ਕਿਉਂ
ਨਹੀਂ। ਜਦੋਂ ਉਹ ਰੁੱਤ ਗੁਜਰ ਗਈ ਤਾਂ ਪਿੱਛੇ
ਭੁਚਾਲ਼ ਵਾਂਗ ਮਿਹਣਿਆਂ ਦਾ ਮਲਬਾ ਅਤੇ ਇਲਜ਼ਾਮਾਂ ਦੀਆਂ ਤਰੇੜਾਂ ਪਿੱਛੇ ਛੱਡ ਗਈ।
ਜਦੋਂ ਉਸ ਕੁੜੀ ਨੇ ਕਿਹਾ ਕਿ ”ਮੈਂ ਤੇਰੇ ਨਾਲ਼ ਦੋਸਤੀ ਕਰਨੀ ਚਹੁੰਦੀ ਹਾਂ।“
ਤਾਂ ਮੈਂ ਕਿਹਾ ,“ਕਰ ਲੈ ਛੇ ਮਹੀਨਿਆਂ ਤੋਂ ਵੱਧ ਨਹੀਂ ਚੱਲਣੀ”
ਕਹਿੰਦੀ “ਐਕਸਪੈਰੀਮੈਂਟ ਕਰ ਦੇਖ ਲੈਂਦੇ ਹਾਂ”
ਮੇਰਾ ਕਾਹਦਾ ਅਨੁਭਵ, ਮੇਰੇ ਲਈ ਤਾਂ ਦੋਸਤੀ ਵਿਸ਼ਵਾਸ਼ ਤੇ ਆਸ ਦਾ ਮਰਕਜ਼ ਬਣ
ਰੇਤਲੇ ਰਾਹਵਾਂ ‘ਤੇ ਤੂਫਾਨਾਂ ਦੀ ਰੁੱਤ ਵਿਚ ਨਿਕਲ਼ ਤੁਰਨਾ ਹੈ।
ਪਤਾ ਹੀ ਨਹੀਂ ਲੱਗਦਾ ਕਦੋਂ ਰਾਹ ਡੂੰਘੀਆਂ ਖੱਡਾਂ ਵਿਚ ਜਾ ਡਿੱਗਦੇ ਹਨ।
ਮੈਂ ਖੁਦ ਨੂੰ ਪੱਤਣਾ ਤੋਂ ਪਾਰ ਚਲੇ ਗਏ ਕਾਫਲਿਆਂ ਦਾ ਉਰਲੇ ਪਾਰ ਰਹਿ
ਗਿਆ ਪਾਲਤੂ ਜਾਨਵਰ ਖਿਆਲਦਾ ਰਹਿ ਜਾਨਾਂ। ਕਿਸੇ
ਦੀਆਂ ਨਜ਼ਰਾਂ ‘ਚ ਮੈਂ ਧਰਮਾਤਮਾ ਦਾ ਅਕਸ ਬਣਾ ਉੱਚਾ ਉੱਠਣਾ ਹੀ ਨਹੀਂ ਚਹੁੰਦਾ
,ਡਿੱਗਣ ਦੇ ਖਤਰੇ ਬਹੁਤ ਨੇ ਅਤੇ ਮੈਂ ਡਿੱਗਣਾ ਨਹੀਂ ਚਹੁੰਦਾ। ਪਰ ਫਿਰ ਵੀ ਡਿੱਗ
ਜਾਨਾਂ।
ਫਿਰ ਸੋਚਦਾਂ ਹਾਂ ਕਿ ਕੋਈ ਮੇਰੇ ਨਾਲ਼ ਦੋਸਤੀ ਕਿਉਂ ਕਰੇਗਾ? ਦੋਸਤੀ ਪੈਸੇ
ਵਾਲ਼ੇ ਜਾਂ ਰੁੱਤਬੇ ਵਾਲ਼ੇ ਨਾਲ਼ ਹੁੰਦੀ ਹੈ। ਤੇ ਇਹਨਾਂ ਦੋਹਾਂ ਚੀਜਾਂ ਵੱਲੋਂ
ਵੱਲੋਂ ਯਾਰ ਹੋਰੀਂ ਸੱਖਣੇ ਹਨ। ਜਦੋਂ ਇਹ ਦੋਵੇਂ ਚੀਜਾਂ ਮੇਰੇ ਕੋਲ਼ ਆਈਆਂ ਤਾਂ
ਖੁੱਲੇ ਦਿਲ ਨਾਲ਼ ਦੋਸਤੀਆਂ ਲਾਵਾਂਗਾ ਵੀ ਤੇ ਨਿਭਾਵਾਂਗਾ ਵੀ। ਹੁਣ ਇਹ ਨਿਰੇ ਸਿਰ
ਨਾਲ਼ ਨਹੀਂ ਨਿਭਦੀਆਂ। ਪਰ ਫਿਲਹਾਲ….. ਜੰਗਲ ਦੀ
ਦਲਦਲੀ ਨੁੱਕਰੇ ਖਿੜੇ ਕਮਲ ਫੁੱਲ ਨੂੰ ਨਰਮ ਪੰਖਾਂ ਦੀ ਫੜਫੜਾਹਟ ਵੇਖਣ ਦਾ ਕੀ ਹੱਕ
ਹੈ। ਕਿਸੇ ਉਦਾਸ ਘਰ ਦੀਆਂ ਕਿਰ ਰਹੀਆਂ ਕੰਧਾਂ ‘ਚ
ਬਣੇ ਧੁਆਂਖੇ ਆਲ਼ੇ ‘ਚ ਧਰੇ ਚਿਰਾਗ ਦੀ ਲੋਅ ਵੀ ਕੀ ਕਰ ਸਕਦੀ ਹੈ ਚਕਾਚੌਂਧ
ਰੌਸ਼ਨੀਆਂ ਦੇ ਦੌਰ ‘ਚ। ਇਸ ਜੀਵਨ ਨਾਲ਼ ਨੱਕੋ-ਨੱਕ
ਭਰੇ ਗ੍ਰਹਿ ‘ਤੇ ਲੱਗਦਾ ਹੈ ਪਲ-ਪਲ ਮਨ ਲਈ ਛੱਡ ਦਿੱਤਾ ਗਿਆ ਹਾਂ। ਤੇ ਅਕਸਰ ਦੁਖੀ
ਕਰਦੀ ਇਕੱਲ ਵਿਚ ਰੋਣਾ ਵੀ ਪਹਾੜੀ ਦੇਸ਼ ਦੀ ਰੁਮਾਂਟਿਕ ਯਾਤਰਾ ਵਾਂਗ ਲੱਗਦਾ ਹੈ।
ਜਦੋਂ ਬਹਾਰ ਵੀ ਪਤਝੜੀ ਮੌਸਮ ਲਈ ਹਟਕੋਰੇ ਲੈਂਦੀ ਹੈ ਤਾਂ ਮੈਂ ਇਕ ਕਵਿਤਾ
ਲਿਖਦਾ ਹਾਂ ਜਾਂ ਮੈਥੋਂ ਲਿਖ ਹੋ ਜਾਂਦੀ ਹੈ:
ਫੁੱਲਾਂ ਦੇ ਵਿਚ ਵੀ ਮਹਿਕ ਨਹੀਂ
ਪੰਛੀਆਂ ਦੀ ਚਹਿਕ ਨਹੀਂ
ਮਰੀਆਲ ਜਿਹੀ ਬਹਾਰ ਹੈ
ਕਿ ਪਤਝੜ ਦਾ ਸੋਗ ਹੈ
ਪੱਤਿਆਂ ਦਾ ਕੋਈ ਸ਼ੋਰ ਨਹੀਂ
ਹਵਾਵਾਂ ਦੀ ਮਸਤ ਤੋਰ ਨਹੀਂ
ਕਾਵਿਕ ਸਤਰ ‘ਚੋਂ ਝਲਕਦਾ
ਹਿਰਦੇ ਦਾ ਰੋਗ ਹੈ
ਰੋੜਾਂ ‘ਤੇ ਜਖਮੀ ਪੈਰ ਲੈ ਨੱਚ ਰਿਹਾ ਫਕੀਰ ਠੰਡੀ ਆਹ ਲੈ ਡਿੱਗਦਾ ਹੈ। ਜਦੋਂ
ਸੀਨਿਆਂ ‘ਚੋਂ ਧੜਕਣਾ ਬਨਵਾਸ ਲੈ ਜਾਣ ਤਾਂ ਸੀਨੇ ਸੰਦਲੀ ਸੁਫਨਿਆਂ ਦੇ ਨਿਰਤ ਲਈ
ਮੰਚ ਨਹੀਂ ਬਲਕਿ ਜਹਿਰੀਲੇ ਨਾਗਾਂ ਦੀ ਵਹਿਸ਼ੀ ਸ਼ੂਕਰ ਲਈ ਵਰਮੀ ਵਾਂਗ ਵੀ ਉਪਯੋਗ
ਹੁੰਦਾ ਹੈ ਸੀਨਾ। ਮੈਨੂੰ ਲੱਗਦਾ ਹੈ ਕਿ ਮੇਰਾ ਜੀਵਨ ਹਾਦਸਾਗ੍ਰਸ਼ਤ ਪਲਾਂ ਦਾ ਦੁਖਦ
ਕੁਹਰਾਮ ਹੈ।
ਇੰਦਰਜੀਤ ਪੁਰੇਵਾਲ ਮੇਰਾ ਸ਼ਇਰ ਮਿੱਤਰ ‘ਤੇ ਮੇਰਾ ਗਰਾਂਈਂ ਵੀ ਹੈ। ਨਿਯੂਯਾਰਕ
ਵੱਸਦੇ ਇਸ ਕਵੀ ਮਿੱਤਰ ਨਾਲ਼ ਰੋਜ਼ਾਨਾਂ ਗੱਲ ਹੁੰਦੀ ਹੈ। ਰਚਨਾਵਾਂ ਸੁਣਨ –ਸੁਣਾਉਣ
ਦਾ ਦੌਰ ਚੱਲਦਾ ਹੈ। ਉਸਦੀਆਂ ਗ਼ਜ਼ਲਾਂ ਦੀ ਪਕਿਆਈ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ।
ਪਰ ਉਸਦੇ ਸ਼ਿਅਰਾਂ ਵਿਚ ਮਤਲਬੀ ਦੋਸਤੀ, ਗਰਜਾਂ ਨਾਲ਼ ਬੱਝਿਆ ਦਿਖਾਵੇ ਦਾ ਤੇਹ-ਮੋਹ
ਜਦੋਂ ਵਿਸ਼ਾ ਬਣਦਾ ਹੈ ਤਾਂ ਮੈਨੂੰ ਬਹੁਤ ਅੱਚਵੀਂ ਹੁੰਦੀ ਹੈ। ਮੈਂ ਉਸਨੂੰ ਕਹਿਣਾ
ਚਹੁੰਦਾ ਹੋਇਆ ਵੀ ਕਹਿ ਨਹੀਂ ਸਕਿਆ ਕਿ ਦੋਸਤੀਆਂ ਲਈ ਆਸਵੰਦ ਜਿਹੇ ਸ਼ਿਅਰ ਲਿਖਿਆ
ਕਰ। ਖੂਨ ਅਜੇ ਏਨੇ ਵੀ ਸਫੈਦ ਨਹੀਂ ਹੋਏ। ਮਨੁੱਖੀ ਲਹੂ ‘ਚ ਅਜੇ ਕੁਝ ਤਾਂ ਲਾਲੀ
ਬਾਕੀ ਹੈ। ਕਦੀ ਖੁਦਗਰਜੀ ਦੀ ਭੇਟ ਚੜੀਆਂ ਮਾਰਮਿਕ ਦੋਸਤੀਆਂ ਲਈ ਇਲਜ਼ਾਮ ਨਹੀਂ
ਤਰਾਸ਼ੀਦੇ। ਮੈਂ ਤਾਂ ਯਾਰਾਂ ਦੇ ਉਲਾਹਮੇ ਤੇ ਇਲਜ਼ਾਮ ਤਾਂ ਕੀ ਗੁਨਾਹ ਵੀ ਆਪਣੇ ਸਿਰ
ਲੈ ਲਵਾਂ:
ਇਸ਼ਕ ਮਾਸੂਮ ਹੈ ਇਲਜ਼ਾਮ ਲਗਾਨੇ ਪੇ ਨਾ ਜਾ
ਮੇਰੀ ਨਜ਼ਰੋਂ ਕੀ ਤਰਫ ਦੇਖ ਜ਼ਮਾਨੇ ਪੇ ਨਾ ਜਾ
ਹਵਾ ਜਦੋਂ ਪਹਾੜੀ ਢਲਾਨਾ ਤੋਂ ਸਮਤਲ ਮੈਦਾਨਾਂ ਵੱਲ ਸਰਕਦੀ ਹੈ ਤਾਂ ਫੁੱਲਾਂ
‘ਤੇ ਤਰੋਤਾਜ਼ਾ ਨਿਖਾਰ ਆਉਂਦੇ ਹਨ। ਪਰਛਾਇਆਂ ਨੂੰ ਉਹਨਾਂ ਦੀ ਨੀਚਾਤਾਈ ਦੇ ਅਹਿਸਾਸ
ਨਹੀਂ ਕਰਾਈਦੇ। ਉਹਨਾਂ ਤਾਂ ਢਲਦੇ ਸੂਰਜ ਸੰਗ ਬੁਝ ਜਾਣਾ ਹੁੰਦਾ ਹੈ। ਦੋਸਤੀ ਲਈ
ਜੋ ਗੁਫਾਵਾਂ ਲੰਘਣੀਆਂ ਪੈਂਦੀਆਂ ਹਨ ਉਹਨਾਂ ‘ਚ ਅਦਮਖੋਰ ਦੈਂਤ ਵੀ ਹੋ ਸਕਦੇ ਹਨ
ਤੇ ਮੋਮੋਠੱਗਣੇ ਵੀ। ਮੈਂ ਪਤਾ ਨਹੀਂ ਕੀ ਹਾਂ। ਪਰ ਹੁਣ ਤੱਕ ਦੋਸਤੀਆਂ ਦੀਆਂ
ਵਲਗਣਾ ‘ਚ ਹੋਏ ਵਾਧਿਆਂ-ਘਾਟਿਆਂ ਦਾ ਸਾਰੇ ਇਲਜ਼ਾਮ ਆਪਣੇ ਸਿਰ ਲੈਂਦਾ ਹਾਂ। ਆਉ!
ਤਲਾਸ਼ ਲਈ ਨਿਕਲ਼ੀਏ ਖੁਨ ਵਿਚ ਅਜੇ ਬਹੁਤ ਲਾਲਿਮਾ ਬਾਕੀ ਹੈ।
ਬੇਸ਼ੱਕ ਤੂ ਚਰਾਗ ਨਾ ਦੇ, ਹੌਸਲਾ ਨਾ ਦੇ
ਇਤਨਾ ਤੋ ਕਰ ਯਾਰ ਕਿ ਬਦਦੁਆ ਨਾ ਦੇ
ਜਤਿੰਦਰ ਸਿੰਘ ਔਲ਼ਖ, ਪਿੰਡ ਤੇ ਡਾਕ ਕੋਹਾਲ਼ੀ, ਤਹਿ:
ਅਜਨਾਲ਼ਾ, ਜਿਲਾ ਅੰਮ੍ਰਿਤਸਰ।
|