WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)

ਨਿਬੰਧ :
ਉਂਕਾਰਪ੍ਰੀਤ : ਜ਼ਿੰਦਗੀ ਦੀਆਂ ਹਕੀਕਤਾਂ ਦਾ ਲੇਖਾ-ਜੋਖਾ ਕਰਦੀ ਕਵਿਤਾ
ਸੁਖਿੰਦਰ

5_cccccc1.gif (41 bytes)

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿੱਚ ਗ਼ਜ਼ਲ ਲਿਖਣ ਦਾ ਰਿਵਾਜ਼ ਕੁਝ ਜਿ਼ਆਦਾ ਹੀ ਵਧ ਗਿਆ ਹੈ; ਪਰ ਇਸਦੇ ਬਾਵਜ਼ੂਦ ਬਹੁਤ ਘੱਟ ਸ਼ਾਇਰ ਹਨ ਜੋ ਚੰਗੀਆਂ ਗ਼ਜ਼ਲਾਂ ਲਿਖ ਰਹੇ ਹਨ। ਚੰਗੀਆਂ ਗ਼ਜ਼ਲਾਂ ਵੱਡੀ ਗਿਣਤੀ ਵਿੱਚ ਨ ਲਿਖੇ ਜਾਣ ਦਾ ਕਾਰਨ ਮੈਂ ਇਹ ਵੀ ਸਮਝਦਾ ਹਾਂ ਕਿ ਬਹੁਤ ਸਾਰੇ ਕਵੀ, ਮਹਿਜ਼, ਸ਼ਬਦਾਂ ਨਾਲ ਸ਼ਬਦ ਜੋੜਕੇ ਸੰਗੀਤਕ ਧੁਨਾਂ ਪੈਦਾ ਕਰਨ ਨੂੰ ਹੀ ਗ਼ਜ਼ਲ ਲਿਖਣੀ ਸਮਝਦੇ ਹਨ। ਭਾਵੇਂ ਅਜਿਹੀ ਗ਼ਜ਼ਲ ਵਿਚਲੇ ਸ਼ਬਦ ਕਿਸੇ ਵਿਸ਼ੇ ਬਾਰੇ ਕੋਈ ਅਰਥ ਭਰਪੂਰ ਗੱਲ ਕਰ ਰਹੇ ਹੋਣ ਜਾਂ ਨ? ਇਸ ਗੱਲ ਬਾਰੇ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੁੰਦੀ। ਕੈਨੇਡੀਅਨ  ਪੰਜਾਬੀ ਸ਼ਾਇਰ ਉਂਕਾਰਪ੍ਰੀਤ ਦੀਆਂ ਗ਼ਜ਼ਲਾਂ ਪੜ੍ਹਕੇ ਪਾਠਕ ਨੂੰ ਅਜਿਹੀ ਕਿਸੀ ਕਿਸਮ ਦੀ ਵੀ ਨਿਰਾਸਤਾ ਦਾ ਸਾਹਮਣਾ ਕਰਨਾ ਨਹੀਂ ਪੈਂਦਾ।

ਉਂਕਾਰਪ੍ਰੀਤ ਨੇ ਆਪਣਾ ਗ਼ਜ਼ਲਾਂ ਦਾ ਪਹਿਲਾ ਸੰਗ੍ਰਹਿ ‘ਮਿੱਪਲ ਦੀ ਕੈਨਵਸ’ 2005 ਵਿੱਚ ਪ੍ਰਕਾਸਿ਼ਤ ਕੀਤਾ ਸੀ। ਉਹ ਇੱਕ ਚੇਤੰਨ ਸ਼ਾਇਰ ਹੈ। ਆਪਣੀ ਸ਼ਾਇਰੀ ਦੀ ਰਚਨਾ ਕਰਨ ਵੇਲੇ ਉਹ ਆਪਣੇ ਚੌਗਿਰਦੇ ਨਾਲ ਖਹਿ ਕੇ ਲੰਘਦਾ ਹੈ। ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਉਹ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਭਰਿਸ਼ਟਾਚਾਰ ਬਾਰੇ ਚਰਚਾ ਛੇੜਦਾ ਹੈ। ਆਪਣੇ ਸ਼ੇਅਰਾਂ ਵਿੱਚ ਬਿਨ੍ਹਾਂ ਲੋੜ ਦੇ ਸ਼ਬਦਾਂ ਦੀ ਭਰਤੀ ਕੀਤੇ ਜਾਣ ਦੀ ਥਾਂ, ਉਸਦਾ ਯਤਨ ਹੁੰਦਾ ਹੈ ਕਿ ਜਿੰਨੇ ਘੱਟ ਤੋਂ ਘੱਟ ਸ਼ਬਦਾਂ ਦੀ ਵਰਤੋਂ ਕਰਕੇ ਸ਼ੇਅਰ ਨੂੰ ਅਰਥ ਭਰਪੂਰ ਬਣਾਇਆ ਜਾ ਸਕੇ, ਬਣਾਉਣ ਦੀ ਕੋਸਿ਼ਸ਼ ਕੀਤੀ ਜਾਵੇ।

‘ਮਿੱਪਲ ਦੀ ਕੈਨਵਸ’ ਗ਼ਜ਼ਲ-ਸੰਗ੍ਰਹਿ ਵਿੱਚ ਸ਼ਾਮਿਲ ਗ਼ਜ਼ਲਾਂ ਬਾਰੇ ਚਰਚਾ ਉਂਕਾਰਪ੍ਰੀਤ ਦੇ ਇਸ ਸ਼ੇਅਰ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਕਿੱਥੇ ‘ਇਹ ਲਾਲ’ ਗੁਰ ਕੇ ਲੁੱਟਣ ਗੁਰੂ ਕੇ ਘਰ ਨੂੰ
ਕਿੱਥੇ ‘ਉਹ ਲਾਲ’ ਗੁਰ ਤੋਂ ਆਪਾ ਲੁਟਾਉਣ ਵਾਲੇ

ਉਂਕਾਰਪ੍ਰੀਤ ਇੱਕ ਕੈਨੇਡੀਅਨ ਪੰਜਾਬੀ ਸ਼ਾਇਰ ਹੈ। ਜ਼ਾਹਿਰ ਹੈ ਕਿ ਇਸ ਸ਼ੇਅਰ ਦੀ ਰਚਨਾ ਕਰਨ ਵੇਲੇ ਉਸ ਦੇ ਸਾਹਮਣੇ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਗੋਲਕ ਉੱਤੇ ਕਬਜ਼ਾ ਕਰਨ ਲਈ ਨਿਤ ਹੁੰਦੇ ਧਰਮ-ਯੁੱਧਾਂ ਦੇ ਅਜਿਹੇ ਦ੍ਰਿਸ਼ ਹੀ ਹੋਣਗੇ, ਜੋ ਕਿ ਸਮੁੱਚਾ ਕੈਨੇਡਾ, ਗਾਹੇ-ਬਗਾਹੇ, ਕੇਨੇਡਾ ਦੀਆਂ ਟੈਲੀਵੀਜ਼ਨ ਚੈਨਲਾਂ ਉੱਤੇ ਦੇਖਦਾ ਰਹਿੰਦਾ ਹੈ। ਨਿਰਸੰਦੇਹ, ਇਸ ਸ਼ੇਅਰ ਦੀ ਰਚਨਾ ਕਰਨ ਵੇਲੇ ਉਸ ਦੀ ਚੇਤਨਾ ਵਿੱਚ ਉਹ ਵਾਕਿਆਤ ਵੀ ਹੋਣਗੇ ਜਦੋਂ ਕੈਨੇਡਾ ਦੇ ਅਨੇਕਾਂ ਗੁਰਦੁਆਰਿਆਂ ਉੱਤੇ ਕਾਬਿਜ਼ ਹੋ ਚੁੱਕੇ ਖਾਲਿਸਤਾਨੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਗਰੁੱਪ ਇਹ ਕਹਿੰਦੇ ਆਮ ਹੀ ਸੁਣਾਈ ਦਿੰਦੇ ਰਹਿੰਦੇ ਸਨ ਕਿ ਜਿਸ ਕਿਸੀ ਨੇ ਵੀ ਸਾਡੇ ਕੋਲੋਂ ਗੁਰਦੁਆਰੇ ਦੀ ਆਮਦਨ ਜਾਂ ਖਰਚੇ ਬਾਰੇ ਪੁੱਛ-ਪੜਤਾਲ ਕਰਨੀ ਹੈ ਉਹ ਪਹਿਲਾਂ ਆਪਣੇ ਘਰਦਿਆਂ ਨੂੰ ‘ਸਤਿ ਸ੍ਰੀ ਅਕਾਲ’ ਬੁਲਾ ਕੇ ਆਵੇ। ਸਿੱਖ ਧਾਰਮਿਕ ਸਥਾਨਾਂ ਉੱਤੇ ਕਾਬਿਜ਼ ਹੋ ਚੁੱਕੇ ਅਜਿਹੇ ਲੁਟੇਰੇ ਰੂਪੀ ਠੱਗ ਲੋਕਾਂ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਹੁੰਦਾ ਕਿ ਇਹ ਧਾਰਮਿਕ ਸਥਾਨ ਤਾਂ ਸਿੱਖ ਗੁਰੁਆਂ ਦੇ ਸੰਦੇਸ਼ ਦਾ ਪਰਚਾਰ ਕਰਨ ਲਈ ਬਣਾਏ ਜਾਂਦੇ ਹਨ; ਨ ਕਿ ਇਨ੍ਹਾਂ ਸੰਸਥਾਵਾਂ ਉੱਤੇ ਕਾਬਿਜ਼ ਹੋਏ ਲੁਟੇਰੇ ਰੂਪੀ ਠੱਗ ਲੋਕਾਂ ਦੀ ਐਸ਼-ਪ੍ਰਸਤੀ ਲਈ।

ਧਾਰਮਿਕ ਸਥਾਨਾਂ ਉੱਤੇ ਕਾਬਿਜ਼ ਹੋ ਚੁੱਕੇ ਲੁਟੇਰੇ ਕਿਸਮ ਦੇ ਲੋਕ ਇਨ੍ਹਾਂ ਧਾਰਮਿਕ ਸਥਾਨਾਂ ਤੋਂ ਹੁੰਦੀ ਆਮਦਨ ਨਾਲ ਨ ਸਿਰਫ ਐਸ਼-ਪ੍ਰਸਤੀ ਹੀ ਕਰ ਰਹੇ ਹਨ; ਬਲਕਿ ਉਨ੍ਹਾਂ ਨੇ ਧਾਰਮਿਕ ਸਥਾਨਾਂ ਦੇ ਉਦੇਸ਼ ਅਤੇ ਧਰਮਾਂ ਦੇ ਅਰਥ ਹੀ ਵਿਗਾੜ ਦਿੱਤੇ ਹਨ। ਧਰਮ ਤਾਂ ਬਣੇ ਸਨ ਮਨੁੱਖ ਨੂੰ ਦੁਨਿਆਵੀ ਅਤੇ ਮਾਨਸਿਕ ਸਮੱਸਿਆਵਾਂ ਦੇ ਸਾਰਥਿਕ ਹੱਲ ਲੱਭਣ ਵਿੱਚ ਮੱਦਦ ਕਰਨ ਲਈ ਤਾਂ ਜੁ ਮਨੁੱਖ ਆਪਣੀ ਜ਼ਿੰਦਗੀ ਖੁਸ਼ੀਆਂ ਭਰਪੂਰ ਬਤੀਤ ਕਰ ਸਕੇ। ਪਰ ਇਸ ਲੁਟੇਰੀ ਜਮਾਤ ਨੇ ਆਪਣੇ ਨਿੱਜੀ ਮੁਫ਼ਾਦਾਂ ਨੂੰ ਅੱਗੇ ਰੱਖਕੇ ਹਰ ਧਰਮ ਦੇ ਅਰਥ ਨਫ਼ਰਤ ਫੈਲਾਉਣ ਵਾਲੇ ਅਤੇ ਹੋਰਨਾਂ ਦੂਜੇ ਧਰਮਾਂ ਨਾਲ ਇੱਕ ਨਿਰੰਤਰ ਯੁੱਧ ਵਾਲੀ ਸਥਿਤੀ ਬਣਾਈ ਰੱਖਣ ਵਾਲੇ ਬਣਾ ਦਿੱਤੇ ਹਨ। ਧਰਮ ਸਥਾਪਿਤ ਕਰਨ ਵੇਲੇ ਜੋ ਮਾਨਵ-ਕਲਿਆਣਕਾਰੀ ਅਰਥ ਸਥਾਪਿਤ ਕੀਤੇ ਗਏ ਸਨ ਹੁਣ ਸਥਿਤੀ ਬਿਲਕੁਲ ਹੀ ਉਸ ਤੋਂ ਉਲਟ ਬਣ ਚੁੱਕੀ ਹੈ। ਉਂਕਾਰਪ੍ਰੀਤ ਦੇ ਇਹ ਕੁਝ ਸ਼ੇਅਰ ਵੀ ਇਸ ਗੱਲ ਦੀ ਹੀ ਪੁਸ਼ਟੀ ਕਰ ਰਹੇ ਹਨ:

ਮਜ਼ਬ੍ਹਾਂ ਦਾ ਤਕ ਕੇ ਚਿਹਰਾ ਭੈਭੀਤ ਹੋ ਉਠਣਗੇ
ਮੁੜਕੇ ਆ ਜਾਣ ਜੇ ਅੱਜ ਮਜ਼ਹਬ ਬਣਾਉਣ ਵਾਲੇ

ਅੱਜ ਨੇ ਜਿਹੜੇ ਕਾਲੇ, ਚਿੱਟੇ, ਕੇਸਰੀ
ਧਰਮ ਸਨ ਇਹ ਸਭ ਕਦੇ ਸ਼ੀਸ਼ੇ ਜਿਹੇ

ਖੁਦ ਨੂੰ ਆਖੇ ਸਿਖ ਈਸਾਈ ਮੁਸਲਮਾਨ
ਹਰ ਕੁਈ ਇੱਕ ਲਾਸ਼ ਜਿਉਂ ਚੁੱਕੀ ਫਿਰੇ

ਧਾਰਮਿਕ ਸਥਾਨਾਂ ਉੱਤੇ ਜਦੋਂ ਲੁਟੇਰੇ ਕਾਬਿਜ਼ ਹੋ ਚੁੱਕੇ ਹਨ, ਧਾਰਮਿਕ ਸਥਾਨਾਂ ਦੇ ਜਦੋਂ ਉਦੇਸ਼ ਬਦਲ ਚੁੱਕੇ ਹਨ, ਧਰਮਾਂ ਦੇ ਜਦੋਂ ਅਰਥ ਬਦਲ ਚੁੱਕੇ ਹਨ, ਤਾਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਧਾਰਮਿਕ ਪੈਰੋਕਾਰਾਂ ਦੇ ਉਦੇਸ਼ ਵੀ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਦੀ ਥਾਂ ਆਰਥਿਕ ਜਾਂ ਦੁਨਿਆਵੀ ਲਾਭ ਪ੍ਰਾਪਤ ਕਰਨ ਤੱਕ ਸੀਮਿਤ ਹੋ ਕੇ ਰਹਿ ਗਏ ਹਨ। ਦੇਖੋ ਇਨ੍ਹਾਂ ਤੱਥਾਂ ਦੀ ਹੀ ਪੁਸ਼ਟੀ ਕਰ ਰਿਹਾ ਉਂਕਾਰਪ੍ਰੀਤ ਦਾ ਇਹ ਖੂਬਸੂਰਤ ਸ਼ੇਅਰ:

ਲੈ ਪਾਨ ਤੇ ਸੁਪਾਰੀ ਨਨਕਾਣੇ ਜਾਣ ਵਾਲੇ
ਕਰਤਾਰਪੁਰ ਨੂੰ ਮੁੜਦੇ ਕਾਜੂ-ਬਦਾਮ ਲੈ ਕੇ

ਅਜੋਕੇ ਮਨੁੱਖ ਦੀ ਵਿਕਸਤ ਹੋ ਰਹੀ ਅਜਿਹੀ ਮਾਨਸਿਕਤਾ, ਮਹਿਜ਼, ਧਰਮ ਤੱਕ ਹੀ ਸੀਮਿਤ ਨਹੀਂ ਰਹੀ, ਬਲਕਿ ਇਹ ਤਾਂ ਜ਼ਿੰਦਗੀ ਦੇ ਹਰ ਪਹਿਲੂ ਨਾਲ ਹੀ ਸਬੰਧਤ ਹੋ ਰਹੀ ਹੈ। ਇਸ ਨਵੇਂ ਵਿਕਸਤ ਹੋ ਰਹੇ ਸਭਿਆਚਾਰ ਨੂੰ ਮੰਡੀ ਸਭਿਆਚਾਰ ਦਾ ਨਾਮ ਦਿੱਤਾ ਜਾ ਰਿਹਾ ਹੈ। ਮਨੁੱਖ ਆਪਣੇ ਹਰ ਉਦੇਸ਼ ਵਿੱਚੋਂ ਕਿਸੀ-ਨ-ਕਿਸੀ ਰੂਪ ਵਿੱਚ ਲਾਭ ਪ੍ਰਾਪਤ ਕਰਨ ਦੀ ਉਮੀਦ ਰੱਖ ਰਿਹਾ ਹੈ। ਇਸ ਮੰਡੀ ਸਭਿਆਚਾਰ ਦਾ ਅਸਰ ਲੇਖਕਾਂ/ਸਾਹਿਤਕਾਰਾਂ/ਬੁੱਧੀਜੀਵੀਆਂ ਉੱਤੇ ਵੀ ਹੋ ਰਿਹਾ ਹੈ। ਉਚਿਤ ਕੀਮਤ ਦੇ ਕੇ ਤੁਸੀਂ ਅਨੇਕਾਂ ਸਾਹਿਤਕਾਰਾਂ/ਲੇਖਕਾਂ/ਬੁੱਧੀਜੀਵੀਆਂ ਕੋਲੋਂ ਕਿਸੀ ਕਿਸਮ ਦੀ ਵੀ ਲਿਖਤ ਲਿਖਵਾ ਸਕਦੇ ਹੋ। ਮਨੁੱਖੀ ਕਦਰਾਂ-ਕੀਮਤਾਂ ਅਤੇ ਨੈਤਿਕਤਾ ਤੋਂ ਡਿੱਗੇ ਹੋਏ ਸੱਜਣ-ਠੱਗ ਵੀ ਲੇਖਕਾਂ ਦੇ ਮੂੰਹ ਡਾਲਰਾਂ ਨਾਲ ਭਰ ਕੇ ਉਨ੍ਹਾਂ ਤੋਂ ਆਪਣੀਆਂ ਸਿਫਤਾਂ ਵਿੱਚ ਮਹਾਂ-ਗਰੰਥ ਲਿਖਵਾ ਰਹੇ ਹਨ। ਪਿਛਲੇ ਕੁਝ ਸਾਲਾਂ ਵਿੱਚ ਅਨੇਕਾਂ ਪੰਜਾਬੀ ਗੀਤਕਾਰਾਂ ਨੇ ਇੰਨੇ ਨੀਂਵੇਂ ਪੱਧਰ ਦੇ ਗੀਤ ਲਿਖਕੇ ਪੰਜਾਬੀ ਗਾਇਕਾਂ ਨੂੰ ਦਿੱਤੇ ਹਨ ਕਿ ਸੁਨਣ ਵਾਲਿਆਂ ਨੂੰ ਵੀ ਸ਼ਰਮ ਆਉਂਦੀ ਹੈ; ਪਰ ਸ਼ਰਾਬੀ ਹੋਏ ਲੋਕ ਅਜਿਹੇ ਗੀਤਾਂ ਉੱਤੇ ਵੀ ਭੰਗੜਾ ਪਾਉਣ ਵਿੱਚ ਮਸਤ ਹੁੰਦੇ ਹਨ। ਅਜਿਹੇ ਗੀਤਕਾਰ ਅਤੇ ਗਾਇਕ ਅਜਿਹੇ ਗੀਤਾਂ ਦੀ ਐਲਬਮ ਮਾਰਕਿਟ  ਵਿੱਚ ਲਿਆਉਣ ਦਾ ਤਰਕ ਇਹ ਦਿੰਦੇ ਹਨ ਕਿ ਮਾਰਕਿਟ ਵਿੱਚ ਇਹੋ ਜਿਹੇ ਗੀਤਾਂ ਦੀ ਹੀ ਮੰਗ ਹੈ, ਇਹੋ ਜਿਹੇ ਗੀਤ ਹੀ ਵਿਕ ਰਹੇ ਹਨ। ਅਜਿਹੇ ਮੰਡੀ ਸਭਿਆਚਾਰ ਨੂੰ ਵਿਕਸਤ ਕਰਨ ਲਈ ਹਰ ਤਰ੍ਹਾਂ ਦਾ ਮਾਫੀਆ ਵਿਕਸਤ ਹੋ ਚੁੱਕਾ ਹੈ। ਪਰ ਅਜੇ ਵੀ ਕੁਝ ਚੇਤੰਨ ਸਾਹਿਤਕਾਰ/ਬੁੱਧੀਜੀਵੀ ਮੌਜੂਦ ਹਨ ਜੋ ਇੱਕ ਲੇਖਕ ਦੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮੰਡੀ ਸਭਿਆਚਾਰ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ; ਉਹ ਕਦੀ ਵੀ ਕੋਈ ਅਜਿਹੀ ਰਚਨਾ ਰਚਨ ਲਈ ਤਿਆਰ ਨਹੀਂ ਜੋ ਮਨੁੱਖੀ ਕਦਰਾਂ-ਕੀਮਤਾਂ ਜਾਂ ਨੈਤਿਕਤਾ ਤੋਂ ਡਿੱਗੀ ਹੋਈ ਹੋਵੇ। ਉਂਕਾਰਪ੍ਰੀਤ ਵੀ ਇਨ੍ਹਾਂ ਵਿਚਾਰਾਂ ਦਾ ਹੀ ਧਾਰਨੀ ਹੈ। ਉਸਦਾ ਇਹ ਖੂਬਸੂਰਤ ਸ਼ੇਅਰ ਵੀ ਉਸਦੇ ਅਜਿਹੇ ਵਿਚਾਰਾਂ ਦੀ ਹੀ ਪੁਸ਼ਟੀ ਕਰ ਰਿਹਾ ਹੈ:

ਬਾਜ਼ਾਰ ਤਾਂ ਉਡੀਕੇ ਮੂੰਹ ਮੰਗੇ ਦਾਮ ਲੈ ਕੇ
ਪਰ ਮੈਥੋਂ ਜਾ ਨਾ ਹੋਵੇ ਆਪਣਾ ਕਲਾਮ ਲੈ ਕੇ

ਦਾਰੂ ਸੀ ਪਾਣੀ-ਪਾਣੀ ਤੇ ਪਿਆਲੇ ਝੂਠੇ ਝੂਠੇ
ਮਹਿਫ਼ਲ ‘ਚ ਪੇਸ਼ ਸੀ ਇਕ ਸ਼ਾਇਰ ਕਲਾਮ ਲੈ ਕੇ

ਮੁੱਢਲੇ ਦੌਰ ਵਿੱਚ ਗ਼ਜ਼ਲ ‘ਸ਼ਰਾਬ’ ਅਤੇ ‘ਹੁਸਨ’ ਦੁਆਲੇ ਹੀ ਘੁੰਮਦੀ ਰਹੀ। ਕੁਝ ਗ਼ਜ਼ਲ ਲੇਖਕ ਸ਼ਬਦਾਂ ਨਾਲ ਸ਼ਬਦ ਜੋੜ ਕੇ ਸੰਗੀਤਕ ਧੁਨਾਂ ਪੈਦਾ ਕਰਨ ਨੂੰ ਹੀ ਗ਼ਜ਼ਲ ਸਮਝਦੇ ਹਨ। ਉਨ੍ਹਾਂ ਦਾ ਸਾਰਾ ਧਿਆਨ ਇਸ ਗੱਲ ਵਿੱਚ ਹੀ ਲੱਗ ਜਾਂਦਾ ਹੈ ਕਿ ਗ਼ਜ਼ਲ ਵਿੱਚ ਲਗਾਂ, ਮਾਤਰਾਂ ਪੂਰੀਆਂ ਹਨ ਕਿ ਨਹੀਂ? ਗ਼ਜ਼ਲ ਵਿੱਚ ਤੋਲ ਤੁਕਾਂਤ ਠੀਕ ਹੈ ਜਾਂ ਨਹੀਂ? ਪਰ ਸਾਡੇ ਸਮਿਆਂ ਦੇ ਵਧੇਰੇ ਚੇਤੰਨ ਪੰਜਾਬੀ ਗ਼ਜ਼ਲ ਲੇਖਕ ਗ਼ਜ਼ਲ ਨੂੰ ਜ਼ਿੰਦਗੀ ਦੀਆਂ ਹਕੀਕਤਾਂ ਦੀ ਪੇਸ਼ਕਾਰੀ ਕਰਨ ਵਾਲੇ ਇੱਕ ਮਾਧਿਅਮ ਵਜੋਂ ਲੈ ਰਹੇ ਹਨ। ਉਂਝ, ਅਜਿਹਾ ਰੁਝਾਨ ਸਮੁੱਚੇ ਪੰਜਾਬੀ ਸਾਹਿਤ ਵਿੱਚ ਹੀ ਦੇਖਿਆ ਜਾ ਸਕਦਾ ਹੈ। ਇੱਕ ਪਾਸੇ ਉਹ ਪੰਜਾਬੀ ਲੇਖਕ ਹਨ ਜੋ ਸਾਹਿਤ ਨੂੰ, ਮਹਿਜ਼, ਆਨੰਦ ਦੇਣ ਵਾਲਾ ਇੱਕ ਮਾਧਿਅਮ ਸਮਝਦੇ ਹਨ; ਪਰ ਦੂਜੇ ਪਾਸੇ ਉਹ ਲੇਖਕ ਹਨ ਜੋ ਸਾਹਿਤ ਨੂੰ ਆਪਣੇ ਚੌਗਿਰਦੇ ਦੇ ਮਸਲਿਆਂ, ਸਮੱਸਿਆਵਾਂ ਦੀ ਪੇਸ਼ਕਾਰੀ ਕਰਨ ਲਈ ਇੱਕ ਯੋਗ ਮਾਧਿਅਮ ਸਮਝਦੇ ਹਨ।

ਪਰ ਇਹ ਵੀ ਇੱਕ ਸਚਾਈ ਹੈ ਕਿ ਹਕੂਮਤਾਂ/ਵਿਉਪਾਰਕ ਅਦਾਰੇ ਵੱਡੇ, ਵੱਡੇ ਲੇਖਕਾਂ/ਬੁੱਧੀਜੀਵੀਆਂ ਨੂੰ ਵੱਡੇ, ਵੱਡੇ ਇਨਾਮ ਦੇ ਕੇ ਜਾਂ ਵੱਡੀਆਂ, ਵੱਡੀਆਂ ਪਦਵੀਆਂ ਦੇ ਕੇ ਉਨ੍ਹਾਂ ਨੂੰ ਆਪਣੇ ਗੁਲਾਮ ਬਣਾ ਲੈਂਦੀਆਂ ਹਨ। ਫਿਰ ਇਹ ਲੇਖਕ/ਬੁੱਧੀਜੀਵੀ ਵੀ ਆਪਣੇ ਮਾਲਕਾਂ ਦੇ ਧੂਤਰੂ ਬਣ ਕੇ ਉਨ੍ਹਾਂ ਦੀ ਹੀ ਬੋਲੀ ਬੋਲਦੇ ਹਨ। ਅਜਿਹੇ ਲੇਖਕ/ਬੁੱਧੀਜੀਵੀ ਫਿਰ ਨ ਸਿਰਫ ਸਾਹਿਤਕ ਭਰਿਸ਼ਟਾਚਾਰ ਹੀ ਫੈਲਾਉਂਦੇ ਹਨ; ਬਲਕਿ ਹੋਰਨਾਂ ਲੇਖਕਾਂ ਬੁੱਧੀਜੀਵੀਆਂ ਨੂੰ ਗਲਤ ਦਿਸ਼ਾ ਵੱਲ ਵੀ ਮੋੜਦੇ ਹਨ। ਉਂਕਾਰਪ੍ਰੀਤ ਵੀ ਆਪਣੇ ਸ਼ੇਅਰਾਂ ਵਿੱਚ ਇਹੀ ਸਚਾਈ ਹੀ ਪੇਸ਼ ਕਰ ਰਿਹਾ ਹੈ:

ਤੜਪਦੀ ਹੈ ਸ਼ਾਇਰੀ ਦੀ ਆਤਮਾਂ
ਕੁਰਸੀਆਂ ਜਦ ਕਰਦੀਆਂ ਨੇ ਸ਼ਾਇਰੀ

ਰੋਣ ਆਉਂਦਾ ਹੈ ਭਟਕਦੇ ਕਾਫ਼ਲੇ ਵੇਖਾਂ ਜਦੋਂ
ਰੋਣ ਆਉਂਦਾ ਹੈ ਅਜੋਕੇ ਰਹਿਬਰਾਂ ਨੂੰ ਵੇਖ ਕੇ

ਸੈਂਟਾਂ ਤੇ ਲਿਪਸਟਿਕਾਂ ਦੇ ਨਗਰ ‘ਚ ਗੁੰਮਿਆਂ
ਮਿੱਟੀ ਦੀ ਮਹਿਕ ਵਰਗਾ “ਪ੍ਰੀਤ” ਦਾ ਤਰਾਨਾ

ਇੱਥੇ ਹੀ ਉਂਕਾਰਪ੍ਰੀਤ ਸੱਚੇ ਸਾਹਿਤ ਦੀ ਗੱਲ ਕਰਦਾ ਹੈ। ਜਿਹੜੇ ਲੋਕਾਂ ਨੂੰ ਹਮੇਸ਼ਾ ਕਿਸੀ-ਨ-ਕਿਸੀ ਲਾਭ ਦੀ ਇਛਾ ਹੁੰਦੀ ਹੈ ਉਹ ਆਪਣੀਆਂ ਲਿਖਤਾਂ ਵਿੱਚ ਕਦੀ ਵੀ ਸੱਚ ਨਹੀਂ ਬੋਲਦੇ। ਅਜਿਹੇ ਲੇਖਕ ਕਿਸੀ ਨੂੰ ਵੀ ਨਰਾਜ਼ ਨਹੀਂ ਕਰਦੇ। ਅਜਿਹੇ ਲੇਖਕ ਸਿੱਧੇ ਜਾਂ ਅਸਿੱਧੇ ਢੰਗ ਨਾਲ ਚਾਪਲੂਸੀ ਹੀ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਹੁੰਦਾ ਹੈ ਕਿ ਕੀ ਪਤਾ ਕਦੋਂ ਕਿਸੇ ਬੰਦੇ ਦੀ ਲੋੜ ਪੈ ਜਾਵੇ? ਪਰ ਇਸਦੇ ਮੁਕਾਬਲੇ ਵਿੱਚ ਸੱਚੇ ਲੇਖਕ, ਬਿਨ੍ਹਾਂ ਕਿਸੀ ਲੁਕਾ-ਛਿਪਾ ਦੇ, ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿ ਦਿੰਦੇ ਹਨ। ਉਂਕਾਰਪ੍ਰੀਤ ਵੀ ਆਪਣੇ ਆਪ ਨੂੰ ਸੱਚੇ ਲੇਖਕਾਂ ਦੀ ਧਿਰ ਵਿੱਚ ਹੀ ਸ਼ਾਮਿਲ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ। ਉਸਦੇ ਇਹ ਸ਼ੇਅਰ ਵੀ ਇਨ੍ਹਾਂ ਤੱਥਾਂ ਦੀ ਹੀ ਪੁਸ਼ਟੀ ਕਰਦੇ ਹਨ:

“ਪ੍ਰੀਤ”, ਸ਼ੀਸ਼ੇ, ਸ਼ਾਇਰਾਂ, ਇਹ ਕਦੀ ਨਹੀਂ ਸੋਚਿਆ
ਕੀ ਕਹਾਂ ਕੀ ਨਾ ਕਹਾਂ, ਕਹਿ ਦਿਆਂ ਜਾਂ ਨਾ ਕਹਾਂ

ਸ਼ਾਇਰ ਹਾਂ ਸੱਚ ਕਹਿੰਦੇ ਹਾਂ
ਕੌਣ ਅਸਾਨੂੰ ਪੁਛਦਾ ਹੈ

ਅੰਬਰ ਤੋਂ ਟੁੱਟ ਕੇ ਜਿਉਂ ਤਾਰੇ ਖਲਾ ‘ਚ ਗੁੰਮਣ
ਬੁਝਦੇ ਨੇ ਲੋਕ ਏਦਾਂ ਭੁੱਖ ਤੋਂ ਇਨਾਮ ਲੈ ਕੇ

ਜ਼ਮਾਨੇ ਦੀ ਨਾ ਰਗ ਰਗ ਫੜਕਦੀ ਕਿਉਂ
ਲਹੂ ਸ਼ਾਇਰ ਦਾ ਸੀ, ਪਾਣੀ ਨਹੀਂ ਸੀ

ਹੁਣ ਤੱਕ ਵਿਚਾਰੇ ਗਏ ਵਿਸਿ਼ਆਂ ਤੋਂ ਇਲਾਵਾ ਉਂਕਾਰਪ੍ਰੀਤ ਇਨ੍ਹਾਂ ਗ਼ਜ਼ਲਾਂ ਵਿੱਚ ਹੋਰ ਵੀ ਅਨੇਕਾਂ ਮਹੱਤਵ-ਪੂਰਨ ਵਿਸਿ਼ਆਂ ਬਾਰੇ ਚਰਚਾ ਛੇੜਦਾ ਹੈ। ਇਸ ਗ਼ਜ਼ਲ-ਸੰਗ੍ਰਹਿ ਬਾਰੇ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਮੈਂ ਕੁਝ ਕੁ ਹੋਰ ਵਿਸਿ਼ਆਂ ਬਾਰੇ ਵੀ ਚਰਚਾ ਕਰਨੀ ਜ਼ਰੂਰੀ ਸਮਝਦਾ ਹਾਂ।

ਧਰਮ ਬਾਰੇ ਆਪਣੀ ਗੱਲ ਨੂੰ ਹੋਰ ਵਿਸਥਾਰ ਦਿੰਦਾ ਹੋਇਆ ਉਂਕਾਰਪ੍ਰੀਤ ਕਹਿੰਦਾ ਹੈ ਕਿ ਥਾਂ ਥਾਂ ਧਾਰਮਿਕ ਅਸਥਾਨਾਂ ਦੀਆਂ ਇੱਟਾਂ-ਸੀਮੈਂਟ ਨਾਲ ਬਣੀਆਂ ਵੱਡੀਆਂ ਵੱਡੀਆਂ ਇਮਾਰਤਾਂ ਉਸਾਰੀ ਜਾਣ ਦਾ ਕੀ ਲਾਭ ਜੇਕਰ ਤੁਸੀਂ ਉਨ੍ਹਾਂ ਧਾਰਮਿਕ ਅਸਥਾਨਾਂ ਵਿੱਚ ਆਉਣ ਵਾਲੇ ਲੋਕਾਂ ਦੇ ਦਿਲਾਂ ਵਿੱਚ ਧਰਮਾਂ ਵੱਲੋਂ ਪ੍ਰਚਾਰੀਆਂ ਜਾਂਦੀਆਂ ਉੱਚੀਆਂ-ਸੁੱਚੀਆਂ ਮਨੁੱਖੀ ਕਦਰਾਂ-ਕੀਮਤਾਂ ਪੈਦਾ ਨਹੀਂ ਕਰ ਸਕੇ। ਸਾਡੇ ਸਮਿਆਂ ਵਿੱਚ ਇਸੇ ਕਰਕੇ ਹੀ ਧਰਮ ਇੱਕ ਦਿਖਾਵਾ ਬਣਕੇ ਰਹਿ ਗਿਆ ਹੈ। ਉਂਕਾਰਪ੍ਰੀਤ ਦਾ ਇਹ ਸ਼ੇਅਰ ਵੀ ਅਜਿਹੀ ਚੇਤਨਾ ਹੀ ਪੈਦਾ ਕਰ ਰਿਹਾ ਹੈ:

ਬਣਾ ਮਸਜਿਦ ਤੂੰ ਦਿਲ ਅੰਦਰ ਬਣਾ ਮੰਦਰ ਤੂੰ ਦਿਲ ਅੰਦਰ
ਕੋਈ ਝਗੜਾ ਹੀ ਪਾਏਂਗਾ ਬਣਾਏਂਗਾ ਜੇ ਧਰਤੀ ਤੇ

ਧਰਮ ਆਪਣੇ ਅਸਲੀ ਅਰਥਾਂ ਅਤੇ ਉਦੇਸ਼ਾਂ ਤੋਂ ਭਟਕ ਜਾਣ ਕਾਰਨ ਹੁਣ ਧਾਰਮਿਕ ਆਗੂਆਂ ਵੱਲੋਂ ਵੱਖੋ ਵੱਖ ਧਰਮਾਂ ਨਾਲ ਜੁੜੀਆਂ ਕਦਰਾਂ-ਕੀਮਤਾਂ ਦੀ ਕੀਤੀ ਜਾ ਰਹੀ ਵਿਆਖਿਆ ਇੱਕ ਦੂਜੇ ਦੇ ਖਿਲਾਫ ਨਫ਼ਰਤ ਪੈਦਾ ਕਰ ਰਹੀ ਹੈ ਅਤੇ ਇੱਕ ਨਿਰੰਤਰ ਯੁੱਧ ਵਾਲੀ ਸਥਿਤੀ ਅਖਤਿਆਰ ਕਰ ਚੁੱਕੀ ਹੈ। ਜਿਸ ਕਾਰਨ ਧਰਮ ਦੇ ਨਾਮ ਉੱਤੇ ਥਾਂ ਥਾਂ ਕਤਲੇਆਮ ਹੋ ਰਹੇ ਹਨ।

ਉਂਕਾਰਪ੍ਰੀਤ ਐਸੇ ਕਿਸੇ ਨਿਜ਼ਾਮ ਦੀ ਵੀ ਹਿਮਾਇਤ ਨਹੀਂ ਕਰਦਾ ਜਿਸ ਵਿੱਚ ਸਾਡੇ ਸਮਾਜ ਦੇ ਪਹਿਲਾਂ ਹੀ ਦੱਬੇ-ਕੁਚਲੇ ਲੋਕਾਂ ਨੂੰ ਹੋਰ ਦਬਾਇਆ ਜਾਂਦਾ ਹੈ। ਉਹ ਇਸ ਗੱਲ ਨੂੰ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਜਿਸ ਦੇਸ਼ ਵਿੱਚ ਪਹਿਲਾਂ ਹੀ ਅਮੀਰ ਲੋਕ ਜੇਕਰ ਹੋਰ ਅਮੀਰ ਹੋ ਰਹੇ ਹਨ ਤਾਂ, ਨਿਰਸੰਦੇਹ, ਉਨ੍ਹਾਂ ਦੀ ਅਮੀਰੀ ਦਾ ਕਾਰਨ ਪਹਿਲਾਂ ਹੀ ਗਰੀਬ ਲੋਕਾਂ ਦਾ ਹੋਰ ਗਰੀਬ ਹੋਣਾ ਹੈ। ਮਨੁੱਖੀ ਜ਼ਿੰਦਗੀ  ਨਾਲ ਸਬੰਧਤ ਇਨ੍ਹਾਂ ਤੱਥਾਂ ਨੂੰ ਆਪਣੇ ਸ਼ੇਅਰਾਂ ਵਿੱਚ ਢਾਲ ਕੇ ਉਂਕਾਰਪ੍ਰੀਤ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਜਿਸ ਮਹਿਲ ‘ਚ ਚਿਣ ਹੋਏ ਇੱਟਾਂ ਦੀ ਜਗ੍ਹਾ ਲਾਲੋ
ਉਹ ਮਹਿਲ ਗਿਰਾਕੇ ਰੱਖ ਉਹ ਮਹਿਲ ਮਿਟਾਕੇ ਰੱਖ

ਵਧ ਰਹੀ ਹੈ ਜਿਉਂ ਹੀ ਮਹਿਲਾਂ ਦੀ ਤਦਾਦ
ਤਿਉਂ ਹੀ ਵਧਦੇ ਜਾ ਰਹੇ ਨੇ ਬੇਘਰੇ

ਸ਼ਾਇਰ ਸਾਡੇ ਸਮਿਆਂ ਦੀ ਇੱਕ ਵੱਡੀ ਸਮੱਸਿਆ ਹਵਾ-ਪਾਣੀ ਵਿੱਚ ਵੱਧ ਰਹੀ ਪ੍ਰਦੂਸ਼ਨ ਬਾਰੇ ਵੀ ਫਿਕਰਮੰਦ ਹੈ। ਇਸ ਸਮੱਸਿਆ ਬਾਰੇ ਚਿੰਤਾ ਪ੍ਰਗਟ ਕਰਦੇ ਸ਼ੇਅਰ ਪਾਠਕ ਦੇ ਮਨ ਵਿੱਚ ਇਹ ਅਹਿਸਾਸ ਪੈਦਾ ਕਰਦੇ ਹਨ ਕਿ ਸ਼ਾਇਰ ਆਪਣੇ ਚੌਗਿਰਦੇ ਦੀਆਂ ਸਮੱਸਿਆਵਾਂ ਬਾਰੇ ਚਿੰਤਤ ਹੈ ਅਤੇ ਉਹ ਇਨ੍ਹਾਂ ਸਮੱਸਿਆਵਾਂ ਬਾਰੇ ਹੋਰਨਾਂ ਲੋਕਾਂ ਨੂੰ ਜਾਗਰਿਤ ਕਰਨ ਲਈ ਆਪਣੀਆਂ ਗ਼ਜ਼ਲਾਂ ਨੂੰ ਇੱਕ ਮਾਧਿਅਮ ਵਜੋਂ ਵਰਤਦਾ ਹੈ। ਅਜਿਹੀਆਂ ਸਮੱਸਿਆਵਾਂ ਬਾਰੇ ਆਪਣੀ ਚਿੰਤਾ ਪ੍ਰਗਟ ਕਰਕੇ ਉਂਕਾਰਪ੍ਰੀਤ ਆਪਣੇ ਆਪਂਨੂੰ ਸਮੂਹ ਮਾਨਵਜਾਤੀ ਦਾ ਅੰਗ ਬਣਾ ਲੈਂਦਾ ਹੈ। ਇਨ੍ਹਾਂ ਸਮੱਸਿਆਵਾਂ ਬਾਰੇ ਲਿਖੇ ਆਪਣੇ ਸ਼ੇਅਰਾਂ ਵਿੱਚ ਉਹ ਕੁਝ ਇਸ ਤਰ੍ਹਾਂ ਦੇ ਕਾਵਿਕ ਅੰਦਾਜ਼ ਵਿੱਚ ਗੱਲ ਕਰਦਾ ਹੈ:

ਹੁਣ ਦਰਿਆਵਾਂ ਨਦੀਆਂ ਵਿੱਚੋਂ ਜ਼ਹਿਰੀ ਬੱਦਲ ਉੱਠਦੇ
ਹੁਣ ਵਰਖਾ ‘ਚੋਂ ਬੂੰਦ ਸਵਾਂਤੀ ਕੌਣ ਸਕੇਗਾ ਭਾਲ

ਧੁੱਪਾਂ ਛਾਵਾਂ ਪੌਣਾਂ ਉੱਤੇ ਹਮਲਾ ਕਰਕੇ ਆਪੇ
“ਧਰਤੀ ਦੇ ਰਾਜੇ” ਨੇ ਕੀਤਾ ਅਪਣਾ “ਰਾਜ” ਮੁਹਾਲ

ਕੈਨੇਡੀਅਨ  ਪੰਜਾਬੀ ਸਾਹਿਤਕਾਰ ਉਂਕਾਰਪ੍ਰੀਤ ਆਪਣੇ ਗ਼ਜ਼ਲ-ਸੰਗ੍ਰਹਿ ‘ਮਿੱਪਲ ਦੀ ਕੈਨਵਸ’ ਦੀਆਂ ਗ਼ਜ਼ਲਾਂ ਰਾਹੀਂ ਸਾਹਿਤਕ, ਸਭਿਆਚਾਰਕ, ਰਾਜਨੀਤਿਕ, ਸਮਾਜਿਕ, ਧਾਰਮਿਕ ਪਹਿਲੂਆਂ ਦੇ ਨਾਲ ਨਾਲ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਬਾਰੇ ਵੀ ਚਰਚਾ ਛੇੜਦਾ ਹੈ।

ਇਸ ਗ਼ਜ਼ਲ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਉਂਕਾਰਪ੍ਰੀਤ ਕੈਨੇਡਾ ਦੇ ਚੇਤੰਨ ਪੰਜਾਬੀ ਸਾਹਿਤਕਾਰਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੋ ਜਾਂਦਾ ਹੈ। ਇਨ੍ਹਾਂ ਗ਼ਜ਼ਲਾਂ ਦੀ ਪੇਸ਼ਕਾਰੀ ਰਾਹੀਂ ਉਹ ਇਹ ਗੱਲ ਪ੍ਰਮਾਣਿਤ ਕਰ ਜਾਂਦਾ ਹੈ ਕਿ ਉਹ ਸਾਹਿਤ ਰਚਨਾ ਕਾਰਜ ਨੂੰ ਇੱਕ ਬਹੁਤ ਹੀ ਜ਼ਿੰਮੇਵਾਰੀ ਵਾਲਾ ਕਾਰਜ ਮੰਨਦਾ ਹੈ ਅਤੇ ਉਸ ਦੀ ਪ੍ਰਤੀਬੱਧਤਾ ਆਮ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਨਾਉਣ ਨਾਲ ਜੁੜੀ ਹੋਈ ਹੈ।

ਇਸ ਨਿਬੰਧ ਨੂੰ ਮੈਂ ਉਂਕਾਰਪ੍ਰੀਤ ਦੇ ਹੀ ਇਨ੍ਹਾਂ ਦੋ ਖੂਬਸੂਰਤ ਸ਼ੇਅਰਾਂ ਨਾਲ ਇੱਥੇ ਹੀ ਖਤਮ ਕਰਨਾ ਚਾਹਾਂਗਾ:

ਖਬਰ ਅਪਣੀ ਵੀ ਰੱਖ ਪਿਆਰੇ
ਚੰਨ ਦੀਆਂ ਖਬਰਾਂ ਰੱਖਣ ਵਾਲੇ

ਚੁਪ-ਚੁਪੀਤੀ ਬੁੱਲੀਂ ਪਿਸਦੀ
ਚੁੱਪ ਖਾਤਰ ਬੋਲਿਆ ਕਰ

ਮਾਲਟਨ, ਜਨਵਰੀ 9, 2011


hore-arrow1gif.gif (1195 bytes)


Terms and Conditions
Privacy Policy
© 1999-2011, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2011, 5abi।com