ਮੈਂ
ਆਜ਼ਾਦ ਦੇਸ਼ ਭਾਰਤ ਦਾ ਨਾਗਰਿਕ ਆਪਣੇ ਘਰਦਿਆਂ ਨੂੰ ਗ਼ਰੀਬੀ ਦੀ ਦਲਦਲ ਵਿਚੋਂ ਬਾਹਰ
ਕੱਢਣ ਲਈ ਤੇ ਚੰਗੇ ਭਵਿੱਖ ਦੀ ਭਾਲ ਵਿੱਚ ਹੀ ਅੱਜ ਯੂਰਪ ਦੇ ਇਟਲੀ ਦੇਸ਼ ਵਿਚ 5-6
ਸਾਲ ਤੋਂ ਪਰਵਾਸ ਕਰ ਰਿਹਾ ਹਾਂ। ਪੱਕੇ ਹੋਣ ਤੋਂ ਬਿਨਾਂ ਇੱਥੇ ਚੰਗਾ ਭਵਿੱਖ ਨਹੀਂ
ਬਣ ਸਕਦਾ। ਇਕ ਤਰ੍ਹਾਂ ਨਾਲ ਅਜੇ ਤਾਂ ਗ਼ੁਲਾਮਾਂ ਵਾਲੀ ਜ਼ਿੰਦਗੀ ਹੰਢਾ ਰਿਹਾ ਹਾਂ।
ਭਾਵੇਂ ਇੰਡੀਆਂ ਨਾਲੋਂ ਸਥਿਤੀ ਬਿਹਤਰ ਹੈ, ਪਰ ਮੈਂ ਅਜੇ ਆਪਣੀ ਮਰਜੀ ਨਾਲ ਇੰਡੀਆ
ਜਾਣ ਲਈ ਅਜੇ ਜਹਾਜ਼ ਨਹੀਂ ਝੂਟ ਸਕਦਾ।
ਮੈਂ ਹੀ ਨਹੀਂ ਮੇਰੇ ਹੋਰ ਭਰਾ ਵੀ ਇਟਲੀ ਹੀ ਨਹੀਂ ਸਗੋਂ ਹੋਰ ਦੇਸ਼ਾਂ ਵਿਚ ਇਹੀ
ਗ਼ੁਲਾਮੀ ਹੰਢਾ ਰਹੇ ਹਨ।
ਪਹਿਲਾਂ ਸੰਨ ਸੰਤਾਲੀ ਵਿਚ ਸਾਡੇ ਬਜ਼ੁਰਗ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਤੇ ਹੁਣ
ਮਜਬੂਰੀ ਵੱਸ ਅਸੀਂ ਖ਼ੁਦ ਸਹੇੜੀ ਗ਼ੁਲਾਮੀ ਤੋ ਛੁਟਕਾਰਾ ਪਾਉਣ ਲਈ ਸੰਘਰਸ਼ਸ਼ੀਲ ਹਾਂ,
ਕਿਉਂਕਿ ਅੱਜ ਤੱਕ ਦੀਆਂ ਸਰਕਾਰਾਂ ਤੋਂ ਭਾਰਤ ਦੇਸ਼ ਵਿਚ ਬੇਰੁਜ਼ਗਾਰੀ ਤੇ ਗ਼ਰੀਬੀ
ਦੂਰ ਨਹੀਂ ਹੋਈ। ਸਾਡੇ ਪਿੰਡ ਦੇ ਇਕ ਮੇਰੇ ਕਲਾਸਫ਼ੈਲੋ ਨੇ
ਵਿਦੇਸ਼ ਪੱਕਾ ਹੋਣ ਲਈ ਹੱਦੋਂ ਵੱਧ ਮੋਟੀ ਕੁੜੀ ਨਾਲ ਵਿਆਹ ਕਰਵਾ ਲਿਆ। ਇਕ ਤੇਜ਼
ਦੌੜਾਕ ਮੁੰਡੇ ਨੇ ਕੈਨੇਡਾ ਦੀ ਇਕ ਲੱਤੋਂ ਹੀਣੀ ਕੁੜੀ ਨਾਲ ਵਿਆਹ ਕਰਵਾ ਲਿਆ
- ਪੱਕੇ ਹੋਣ ਲਈ! ਹੁਣ ਪਤਾ ਨਹੀਂ ਉਹ
ਮੌਜਾਂ ਕਰ ਰਹੇ ਨੇ ਕਿ ਨਹੀਂ। ਇਸੇ ਤਰ੍ਹਾਂ ਦੇ ਦੋ-ਤਿੰਨ ਮਾਮਲੇ ਹੋਰ ਹਨ। ਮੈਨੂੰ
ਵੀ ਘਰਦਿਆਂ ਨੇ ਬਥੇਰਾ ਜ਼ੋਰ ਪਾਇਆ ਕਿ ਤੂੰ ਵੀ ਕਿਸੇ ਕੁੜੀ ਨਾਲ ਹਿੱਥੇ ਈ ਵਿਆਹ
ਕਰਵਾ ਲੈ ਪਰ ਮੇਰੀ ਤਾਂ ਜਿਵੇਂ ਜਿੱਦ ਹੈ -
‘ਮੈਂ ਮੋਟੀ ਕਾ ਗ਼ੁਲਾਮ ਕਭੀ ਨਹੀਂ ਬਨੂੰਗਾ।’ ਭਾਵੇਂ ਮੇਰੀ ਅੱਧੀ ਤੋਂ
ਵਧੇਰੇ ਉਮਰ ਬੀਤ ਚੱਲੀ ਹੈ।
ਸੱਤ ਕੁ ਸਾਲ ਹੋ ਚੱਲੇ ਹਨ ਮੈਨੂੰ ਇੰਡੀਆ ਤੋਂ ਇੱਥੇ ਆਏ ਨੂੰ। ਮੇਰੇ ਇੱਥੇ
ਆਉਣ ਤੋਂ ਕੁਝ ਮਹੀਨੇ ਪਹਿਲਾਂ ਹੀ ਇੱਥੇ ਕੱਚੇ ਬੰਦੇ ਪੱਕੇ ਹੋਏ ਸਨ। ਹੁਣ ਸਾਡਾ
ਨੰਬਰ ਪਤਾ ਨਹੀਂ ਕਦੋਂ ਲੱਗੇਗਾ। ਮੇਰੇ ਪਿੱਛੋਂ ਮੇਰਾ ਬਾਪੂ (ਦਾਦਾ) ਗੁਜ਼ਰ ਗਿਆ।
ਕਾਫ਼ੀ ਬਜ਼ੁਰਗ ਸੀ ਉਹ। ਉਸ ਤੋਂ ਬਾਅਦ ਬਿਜਲੀ ਬੋਰਡ ਵਿਚੋਂ 10 ਕੁ ਸਾਲ ਪਹਿਲਾਂ
ਰਿਟਾਇਰਡ ਹੋਇਆ ਮੇਰਾ ਬਾਪ ਵੀ ਗੁਜ਼ਰ
ਗਿਆ। ਮੈਨੂੰ ਇੱਥੋਂ ਪੱਕਾ ਹੋ ਕੇ ਇੰਡੀਆ ਆਉਂਦਾ ਦੇਖਣ ਦੀਆਂ ਉਨ੍ਹਾਂ ਦੀਆਂ
ਰੀਝਾਂ ਮਨਾਂ ਵਿਚ ਰਹਿ ਗਈਆਂ। ਹੁਣ ਉਹ ਮੈਨੂੰ ਕਦੇ ਨਹੀਂ ਲੱਭਣੇ। ਫੌਜ ਤੇ
ਰੋਡਵੇਜ਼ ਵਿਚੋਂ ਰਿਟਾਇਰਡ ਹੋਇਆ ਮੇਰਾ ਤਾਇਆ ਵੀ ਮੁੱਕ ਗਿਐ।.....ਨਹੀਂ ਲੱਭਣੇ
ਮਾਪੇ ਗੁਆਚੇ ਅੱਥਰੂ ਨਾ ਕੇਰ ਬੇਲੀਆ। ਸਾਡੇ ਪਿੰਡ ਦੇ ਕਈ ਹੋਰ ਗੁਜ਼ਰ-ਮੁੱਕ ਗਏ
ਮੈਨੂੰ ਕਦੇ ਨਜ਼ਰ ਨਹੀਂ ਆਉਣਗੇ, ਜਦੋਂ ਮੈਂ ਪੱਕਾ ਹੋ ਕੇ ਇੰਡੀਆ ਜਾਵਾਂਗਾ।
ਪਹਿਲਾਂ
ਪਹਿਲ ਤਾਂ ਬੜੇ ਦੁੱਖ ਝੱਲੇ। ਹੁਣ ਜ਼ਿੰਦਗੀ ਜ਼ਰਾ ਰਵਾਂ ਹੋਈ ਹੈ ਤੇ ਸੌਖੀ ਪੱਕੇ ਹੋ
ਕੇ ਹੀ ਹੋਵੇਗੀ। ਜਦੋਂ ਇੰਡੀਆ ਤੋਂ ਚੱਲਿਆ ਸੀ ਤਾਂ 4 ਮਹੀਨੇ ਮਾਸਕੋ ਹੀ ਬੈਠਾ
ਰਿਹਾ। ਪਤਾਰੇ ਵਾਲਾ ਏਜੰਟ ਮੇਰੀ ਪੇਮੈਂਟ
ਘਰ ਵਾਲਿਆਂ ਤੋਂ ਲੈ ਕੇ ਅੱਗੇ ਪਰਾਗ ਵਾਲੇ ਏਜੰਟ ਨੂੰ ਨਹੀਂ ਦੇ ਰਿਹਾ
ਸੀ। ਉਹ ਕੰਜਰ ਦਾ ਪੁੱਤ ਸਾਡੀ ਕਈ
ਮੁੰਡਿਆਂ ਦੀ ਪੇਮੈਂਟ ਲੈ ਕੇ ਆਪਣੀ ਵਹੁਟੀ ਕੋਲ ਇੰਗਲੈਂਡ ਦੌੜ ਗਿਆ ਸੀ। ਮੈਂ
ਇੰਗਲੈਂਡ ਭੂਆ ਦੀ ਕੁੜੀ ਤੋਂ ਏਜੰਟ ਨੂੰ ਪਰਾਗ ਪਹੁੰਚਾਉਣ ਲਈ 4 ਹਜ਼ਾਰ ਡਾਲਰ ਦੀ
ਪੇਮੈਂਟ ਕਰਵਾਈ। ਉੱਥੋਂ ਅਗਲੇ ਏਜੰਟ ਨੇ ਜਰਮਨੀ ਭੇਜਣ ਦੀ ਬਜਾਏ ਆਸਟਰੀਆ
ਛੱਡ ਦਿੱਤਾ। ਮੇਰੇ ਨਾਲ ਦੋ ਮੁੰਡੇ ਸਨ। ਉੱਥੇ ਸਟੇਅ ਤਾਂ ਜ਼ਰੂਰ
ਮਿਲ ਗਈ ਪਰ ਕੋਈ ਰਿਸ਼ਤੇਦਾਰੀ ਨਹੀਂ ਸੀ। ਰਫਿਊਜ਼ੀ ਕੈਂਪ ਵਾਲਿਆਂ
ਨੇ ਵੀ 15 ਦਿਨ ਸਟੇਅ ਦੇ ਕੇ ਕਿਹਾ ਕਿ ਆਪਣੇ ਰਿਸ਼ਤੇਦਾਰਾਂ ਕੋਲ ਜਾਵੋ। ਤੁਹਾਡਾ
ਕੇਸ ਚਲਦਾ ਰਹੇਗਾ। ਫਿਰ ਮੈਂ ਦੋ ਮੁੰਡਿਆਂ ਨਾਲ ਮਿਲ ਕੇ ਏਜੰਟ ਕੀਤਾ ਜੋ ਬੈਲਜੀਅਮ
ਪਹੁੰਚਾਉਂਦਾ ਸੀ ਪਰ ਪੈਸਾ ਪਹੁੰਚ ਕੇ ਲੈਂਦਾ ਸੀ। ਉਸ ਨੇ ਸਾਨੂੰ ਤਾਂ ਬਾਈ
ਟਰੇਨ ਬੈਲਜ਼ੀਅਮ ਪਹੁੰਚਾ ਕੇ ਆਪਣੇ ਡੇਰੇ ’ਤੇ ਰੱਖਿਆ ਪਰ ਮੈਂ ਘਰ ਫੋਨ
’ਤੇ ਕਾਂਟੈਕਟ ਕਰ ਕੇ ਹਫ਼ਤੇ ਵਿਚ ਪੇਮੈਂਟ ਕੀਤੀ ਉਸ ਦੇ ਸਾਲੇ ਦੇ ਘਰ
ਨਕੋਦਰ।
ਉਸ ਨੇ ਮੈਨੂੰ ਬੈਲਜ਼ੀਅਮ ਤੋਂ ਟਿਕਟ ਲੈ ਦਿੱਤੀ ਹਾਲੈਂਡ ਦੀ ਤੇ ਮੈਂ ਹਾਲੈਂਡ
ਪਹੁੰਚ ਗਿਆ, ਜਿੱਥੇ ਮੇਰੀ ਭੂਆ ਦੀ ਕੁੜੀ ਨੇ ਪਹੁੰਚਣ ਨੂੰ ਕਿਹਾ ਸੀ। ਟੀ.ਸੀ. ਨੇ
ਟਿਕਟ ਚੈਕ ਕੀਤੀ। ਪਾਸਪੋਰਟ ਵਗੈਰਾ ਕੋਈ ਨਹੀਂ ਪੁੱਛਿਆ (ਪਾਸਪੋਰਟ ਤਾਂ ਪਾੜ ਦੇਣਾ
ਪੈਂਦਾ ਹੈ)। ਮੈਂ ਹਾਲੈਂਡ ਪਹੁੰਚ ਕੇ ਇੰਡੀਅਨ ਰੈਸਟੋਰੈਂਟ ਵਾਲੇ
ਤੋਂ ਗੁਰਦੁਆਰੇ ਨੂੰ ਜਾਣ ਵਾਲੀ ਟਰੇਨ ਪੁੱਛੀ। ਉਸ ਵਲੋਂ ਟਰੇਨ ਨੰਬਰ ਦੱਸਣ ਤੇ
ਮੈਂ ਬਿਨਾਂ ਟਿਕਟੋਂ ਟਰੇਨ ਵਿਚ ਚੜ੍ਹ ਗਿਆ ਤੇ ਗੁਰਦੁਆਰੇ ਪਹੁੰਚਾ। ਉੱਥੇ ਮੈਨੂੰ
ਪਿਛਿਓਂ ਰੋਪੜ ਦਾ ਮਨਜੀਤ ਸਿੰਘ ਮਿਲਿਆ। ਮੈਂ ਉਸ ਨਾਲ ਉੱਥੇ ਲੰਗਰ ਵਗੈਰਾ ਦੀ
ਸੇਵਾ ਕਰਵਾਉਂਦਾ ਰਿਹਾ। ਮੈਂ ਜਿਨ੍ਹਾਂ ਕੋਲ ਹਾਲੈਂਡ ਜਾਣਾ ਸੀ ਉਸ ਨੇ ਉਨ੍ਹਾਂ ਦੀ
ਗੱਲ ਛੇੜ ਲਈ। ਮੇਰੀ ਭੂਆ ਦੇ ਭਾਣਜੇ ਭਜਨ ਬਾਰੇ। ਉਹ ਉਨ੍ਹਾਂ ਦੇ ਇਲਾਕੇ
ਬੈਲਗਰੇਡ ਵਿਚ ਰਹਿੰਦਾ ਸੀ ਤੇ ਉਨ੍ਹਾਂ ਦੀ ਸਾਰੀ ਫ਼ੈਮਿਲੀ ਨੂੰ
ਜਾਣਦਾ ਸੀ। ਮੈਂ ਉਨ੍ਹਾਂ ਕੋਲ ਉਸ ਜ਼ਰੀਏ ਹੀ ਪੁੱਜਾ ਸੀ। ਬਰਫ਼ ਪੈਂਦੀ ਹੋਣ ਕਰਕੇ
ਕੰਮਾਂ ਦਾ ਉੱਥੇ ਬੜਾ ਮੰਦਾ ਸੀ। ਮਾਰਚ ਵਿਚ ਕੰਮ ਖੁੱਲ੍ਹਦੇ ਨੇ ਉੱਥੇ।
ਦੋ
ਨੰਬਰ ਵਿਚ ਤਾਂ ਕੋਈ ਵਿਦੇਸ਼ ਨਾ ਆਵੇ ਪਤਾ ਨਹੀਂ ਬੰਦੇ ਨੇ ਕਦੋਂ ਪਹੁੰਚਣਾ ਜਾਂ
ਨਹੀਂ ਪਹੁੰਚਣਾ। ਕਈ ਮੁੰਡੇ ਤਾਂ ਦੋ-ਦੋ ਸਾਲ ਬਾਅਦ ਪਹੁੰਚਦੇ ਹਨ। ਬਾਰਡਰ ’ਤੇ
ਫੜੇ ਜਾਂਦੇ ਹਨ, ਜ਼ੇਲ੍ਹਾਂ ਭੁਗਤਣੀਆਂ ਪੈਂਦੀਆਂ ਹਨ। ਮੇਰਾ ਤਾਂ ਰੱਬ ਨੇ ਸਚਮੁੱਚ
ਬੜਾ ਸਾਥ ਦਿੱਤਾ। ਦੋ ਵਾਰ ਤਾਂ ਅਸੀਂ ਮਰਨੋਂ ਬਚੇ। ਜਿਸ ਵੈਨ ਵਿਚ ਅਸੀਂ 25
ਮੁੰਡੇ ਯੂਕਰੇਨ ਜਾ ਰਹੇ ਸੀ ਉਹ 100 ਦੀ ਸਪੀਡ ’ਤੇ ਸੀ। ਮੂਹਰੇ ਅਚਾਨਕ
ਖੱਡਾ ਆ ਗਿਆ ਤੇ ਡਰਾਈਵਰ ਨੂੰ ਪਤਾ ਨਾ ਲੱਗਾ ਤੇ ਗੱਡੀ ਉਲਟਣੋਂ ਬਚੀ। ਫਿਰ
ਮੁੰਡਿਆਂ ਦੀ ਇਕ ਪਾਸੇ ਦੀ ਖਿੜਕੀ ਖੁੱਲ੍ਹ ਗਈ। ਅਸੀਂ ਮੁੰਡੇ ਖਿਚ ਲਏ ਨਹੀਂ ਤਾਂ
ਮੁੰਡਿਆਂ ਦਾ ਫੱਕਾ ਨਾ ਬਚਦਾ। 22 ਘੰਟੇ ਗੱਡੀ ਚੱਲੀ। ਸਿਰਫ਼ ਪਿਸ਼ਾਬ ਵਗੈਰਾ ਲਈ
ਰੋਕਦੇ ਸਨ (ਮਾਫ਼ੀਆ ਦੇ ਬੰਦੇ ਸਨ, ਰਸ਼ੀਆ ਦੇ)। ਫਿਰ ਦੋ ਬਾਰਡਰਾਂ ਦੇ ਜੰਗਲ ਰਾਤਾਂ
ਨੂੰ ਤੁਰ ਕੇ ਪਾਰ ਕੀਤੇ। ਅੱਗੇ ਫਿਰ ਦੂਜੀ ਗੱਡੀ ਆ ਜਾਂਦੀ ਸੀ। ਜਦੋਂ ਕੋਈ ਖ਼ਤਰਾ
ਹੁੰਦਾ ਸਾਨੂੰ ਗੋਰੇ ਛੱਡ ਕੇ ਚਲੇ ਜਾਂਦੇ। ਅਸੀਂ ਜੰਗਲ ਵਿੱਚ ਸੌਂ ਜਾਂਦੇ ਤੇ ਉਹ
ਫਿਰ ਸ਼ਾਮ 6 ਵਜੇ ਤੋਰ ਲੈਂਦੇ ਸੀ। ਫਿਰ ਆਸਟਰੀਆ ਦੇ ਬਾਰਡਰ ਦੇ ਨਾਲ ਨਹਿਰ ਜਾਂਦੀ
ਹੈ। ਸਾਨੂੰ ਉਹ ਪਾਰ ਕਰਕੇ ਰੇਲਵੇ ਲਾਈਨ ਦੇ ਨਾਲ-ਨਾਲ ਤੁਰੇ ਜਾਣ ਲਈ ਕਿਹਾ ਗਿਆ।
ਅੱਗੇ ਵਿਆਨਾ ਕੈਪੀਟਲ ਆ ਗਈ ਸੀ। ਉੱਥੇ ਸਾਨੂੰ ਪੁਲਸ ਨੇ ਫੜ ਲਿਆ ਤੇ ਫਿੰਗਰ
ਪ੍ਰਿੰਟ ਕਰ ਕੇ ਸਟੇਅ ਦੇ ਦਿੱਤੀ। ਬੱਸ ਉਸ ਦਿਨ ਤੋਂ ਬਾਅਦ ਤਾਂ
ਜ਼ਿੰਦਗੀ ਵਿਚ ਸੰਘਰਸ਼ ਹੀ ਸੰਘਰਸ਼ ਹੈ। ਹਾਲੈਂਡ ਕੋਈ ਬਹੁਤਾ ਕੰਮਕਾਰ ਨਾ ਮਿਲਣ ਕਾਰਨ
ਮੈਨੂੰ ਇਟਲੀ ਵੱਲ ਵਹੀਰਾਂ ਘੱਤਣੀਆਂ ਪਈਆਂ। ਹੁਣ ਤਾਂ ਬੱਸ ਇੱਥੇ ਆਜ਼ਾਦ ਹੋ ਕੇ
ਯਾਨੀ ਪੱਕਾ ਹੋ ਕੇ ਆਪਣੇ ਦੇਸ਼ ਪਰਤ ਕੇ ਆਪਣੇ ਸੋਹਣੇ ਪੰਜਾਬ ਦੇ ਸ਼ਹਿਰ ਜਲੰਧਰ
ਨੇੜਲੇ ਆਪਣੇ ਪਿੰਡ ਨੰਗਲਸ਼ਾਮਾਂ ਦੀ ਮਿੱਟੀ ਦੀ ਖੁਸ਼ਬੋ ਸੁੰਘਣ ਦੀ ਇੱਛਾ ਤੀਬਰ ਹੋ
ਚੁੱਕੀ ਹੈ।
ਮੈਂ ਇਟਲੀ ਵਿਚ ਰਹਿੰਦੇ ਆਪਣੇ ਭਰਾਵਾਂ, ਯੂਰਪ ਦੇ ਹਰੇਕ ਦੇਸ਼ ਵਿਚ ਰਹਿੰਦੇ
ਆਪਣੇ ਭਰਾਵਾਂ ਤੇ ਇਸ ਤੋਂ ਇਲਾਵਾ ਹੋਰਨਾ ਦੇਸ਼ਾਂ ਵਿਚ ਪਰਵਾਸ ਕਰ ਰਹੇ ਆਪਣੇ
ਭਰਾਵਾਂ, ਜੋ ਅਜੇ ‘ਗ਼ੁਲਾਮ’ ਹਨ, ਭਾਵ ਕੱਚੇ ਹਨ, ਨੂੰ ਡਟੇ ਰਹਿਣ ਲਈ ਹੌਸਲਾ
ਦਿੰਦਾ ਹਾਂ। ਸਾਨੂੰ ਵੀ ਆਜ਼ਾਦੀ ਜ਼ਰੂਰ ਮਿਲੇਗੀ ਜਦੋਂ ਅਸੀਂ ਵੀ ਜਦ ਚਾਹਾਂਗੇ ਆਪਣੇ
ਮਾਂ-ਬਾਪ, ਭੈਣ-ਭਰਾਵਾਂ ਤੇ ਭਤੀਜੇ-ਭਤੀਜੀਆਂ ਨੂੰ ਮਿਲ ਕੇ ਪਰਤਿਆਂ
ਕਰਾਂਗੇ.........।
‘ਹਿੰਮਤੇ ਮਰਦਾਂ ਮਦਦੇ ਖ਼ੁਦਾ’ |